#Nirbhaya : 'ਮੇਰੀ ਨਿਰਭਿਆ ਦੀ ਕਹਾਣੀ ਅੱਜ ਵੀ ਮੈਨੂੰ ਕੰਬਣੀ ਛੇੜ ਜਾਂਦੀ ਹੈ'

India woman protester

ਤਸਵੀਰ ਸਰੋਤ, Getty Images

ਦਿੱਲੀ ਵਿੱਚ ਇੱਕ ਬੱਸ 'ਚ 23 ਸਾਲਾ ਫਿਜ਼ੀਓਥੈਰੇਪੀ ਦੀ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਅਤੇ ਕਤਲ ਤੋਂ ਪੰਜ ਸਾਲ ਬਾਅਦ ਬੀਬੀਸੀ ਦੀ ਗੀਤਾ ਪਾਂਡੇ ਸਵਾਲ ਕਰ ਰਹੀ ਹੈ ਕਿ ਕੀ ਭਾਰਤ ਅੱਜ ਔਰਤਾਂ ਲਈ ਬਿਹਤਰ ਥਾਂ ਹੈ?

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਉਸ ਭਿਆਨਕ ਅਪਰਾਧ ਦੀ-ਆਖਰ ਕੀ ਹੋਇਆ ਸੀ?

16 ਦਸੰਬਰ, 2012 ਦੀ ਰਾਤ

  • 16 ਦਸੰਬਰ 2012 ਨੂੰ ਰਾਤ 9 ਵਜੇ ਫਿਜ਼ੀਓਥੈਰੇਪੀ ਦੀ ਵਿਦਿਆਰਥਣ ਅਤੇ ਉਸ ਦੇ ਪੁਰਸ਼ ਦੋਸਤ ਬੱਸ ਉੱਤੇ ਚੜ੍ਹੇ।
  • ਬੱਸ ਵਿੱਚ ਡਰਾਈਵਰ ਅਤੇ ਉਸ ਦੇ ਪੰਜ ਹੋਰ ਸਾਥੀਆਂ ਨੇ ਸਮੂਹਿਕ ਬਲਾਤਕਾਰ ਕੀਤਾ, ਜਦੋਂਕਿ ਉਸ ਦੇ ਦੋਸਤ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ।
  • ਖੂਨ ਨਾਲ ਲੱਥਪਥ ਜੋੜੇ ਨੂੰ ਨਗਨ ਹਾਲਤ ਵਿੱਚ ਸੜਕ ਦੇ ਕਿਨਾਰੇ 'ਤੇ ਸੁੱਟ ਦਿੱਤਾ ਗਿਆ।
  • ਉੱਥੋਂ ਲੰਘ ਰਹੇ ਕੁਝ ਲੋਕਾਂ ਨੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਅਤੇ ਪੁਲਿਸ ਨੂੰ ਜਾਣਕਾਰੀ ਦਿੱਤੀ।
  • ਉਹ 15 ਦਿਨ ਜ਼ਿੰਦਗੀ ਅਤੇ ਮੌਤ ਦੀ ਜੰਗ ਲੜਦੀ ਰਹੀ, ਪਰ ਆਖਰ ਹਾਰ ਗਈ। ਉਸ ਦਾ ਦੋਸਤ ਜਿਉਂਦਾ ਹੈ।

ਹਮਲੇ ਦੀ ਕਰੂਰਤਾ ਨੇ ਭਾਰਤ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਮੀਡੀਆ ਨੇ ਉਸ ਨੂੰ ਨਾਮ ਦੇ ਦਿੱਤਾ 'ਨਿਰਭਿਆ - ਨਿਡਰ ਕੁੜੀ'।

ਦਹਾਕੇ ਪਹਿਲਾਂ ਦੀ ਨਿਰਭਿਆ

ਮੈਂ ਆਪਣੀ ਨਿਰਭਿਆ ਨੂੰ ਇਸ ਘਟਨਾ ਦੇ ਦਹਾਕੇ ਪਹਿਲਾਂ ਮਿਲੀ, ਜਦੋਂ ਮੈਂ ਬੀਬੀਸੀ ਰੇਡਿਓ ਲਈ ਬਲਾਤਕਾਰ ਦੇ ਮੁੱਦੇ ਉੱਤੇ ਇੱਕ ਪ੍ਰੋਗਰਾਮ ਬਣਾ ਰਹੀ ਸੀ।

ਮੈਂ ਉਸ ਨੂੰ ਕੇਂਦਰੀ ਦਿੱਲੀ ਵਿੱਚ ਇੱਕ ਗੈਰ ਸਰਕਾਰੀ ਸੰਸਥਾ ਵੱਲੋਂ ਔਰਤਾਂ ਲਈ ਚਲਾਏ ਜਾ ਰਹੇ ਰੈਣ-ਬਸੇਰਾ ਵਿੱਚ ਮਿਲੀ।

India women's protest

ਤਸਵੀਰ ਸਰੋਤ, Getty Images

ਉਹ ਗੁਜਰਾਤ ਦੇ ਇੱਕ ਗਰੀਬ ਪਰਿਵਾਰ ਦੀ ਧੀ ਸੀ, ਇੱਕ ਟੱਪਰੀ-ਵਾਸ ਪਰਿਵਾਰ, ਜਿਸ ਦਾ ਇੱਕ ਥਾਂ ਉੱਤੇ ਕੋਈ ਪੱਕਾ ਘਰ ਨਹੀਂ ਹੁੰਦਾ।

ਇਹ ਔਰਤ ਆਪਣੇ ਪਤੀ ਅਤੇ ਬੱਚੇ ਸਣੇ ਰਾਜਧਾਨੀ ਵਿੱਚ ਆਈ ਸੀ।

ਕੁਝ ਮਹੀਨਿਆਂ ਲਈ ਜੋੜੇ ਨੇ ਦਿਹਾੜੀ ਮਜ਼ਦੂਰਾਂ ਵਜੋਂ ਕੰਮ ਕੀਤਾ ਅਤੇ ਗੁਜਰਾਤ ਇੱਕ ਵਾਰ ਚੱਕਰ ਲਾਉਣ ਜਾ ਰਹੇ ਸਨ।

ਰੇਲਵੇ ਸਟੇਸ਼ਨ 'ਤੇ ਭੀੜ ਵਿੱਚ ਉਹ ਪਰਿਵਾਰ ਤੋਂ ਵੱਖ ਹੋ ਗਈ। ਸਭ ਰੇਲ ਗੱਡੀ 'ਤੇ ਚੜ੍ਹ ਗਏ, ਪਰ ਉਹ ਰਹਿ ਗਈ।

India women's protest

ਤਸਵੀਰ ਸਰੋਤ, Getty Images

ਪਲੇਟਫਾਰਮ 'ਤੇ ਰੌਂਦਾ ਹੋਇਆ ਦੇਖ ਕੇ ਇੱਕ ਵਿਅਕਤੀ ਨੇ ਮਦਦ ਦਾ ਹੱਥ ਵਧਾਇਆ। ਉਸ ਨੇ ਦੱਸਿਆ ਕਿ ਉਹ ਟਰੱਕ ਡਰਾਈਵਰ ਹੈ ਤੇ ਉਸ ਨੂੰ ਘਰ ਛੱਡ ਦੇਵੇਗਾ।

ਉਸ ਕੋਲ ਪੈਸੇ ਵੀ ਨਹੀਂ ਸੀ ਤੇ ਉਹ ਰਾਜ਼ੀ ਹੋ ਗਈ।

ਅਗਲੇ ਚਾਰ ਦਿਨ ਤੱਕ ਉਸ ਨੂੰ ਟਰੱਕ ਵਿੱਚ ਹੀ ਘੁੰਮਾਉਂਦੇ ਰਹੇ। ਡਰਾਈਵਰ ਅਤੇ ਉਸ ਦੇ ਤਿੰਨ ਹੋਰ ਸਾਥੀਆਂ ਨੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ।

ਜਦੋਂ ਉਨ੍ਹਾਂ ਨੂੰ ਲੱਗਿਆ ਕਿ ਉਹ ਮਰਨ ਵਾਲੀ ਹੈ ਤਾਂ ਉਸ ਨੂੰ ਸੜਕ ਕੰਢੇ ਸੁੱਟ ਗਏ, ਜਿੱਥੋਂ ਉਸ ਨੂੰ ਕਿਸੇ ਨੇ ਹਸਪਤਾਲ ਪਹੁੰਚਾਇਆ।

'ਛਾਤੀ 'ਤੇ ਸਿਗਰੇਟ ਨਾਲ ਸਾੜਨ ਦੇ ਨਿਸ਼ਾਨ ਸਨ'

ਜਦੋਂ ਮੈਂ ਉਸ ਨੂੰ ਮਿਲੀ ਉਸ ਨੂੰ ਕਈ ਮਹੀਨੇ ਇਲਾਜ ਤੋਂ ਬਾਅਦ ਹਸਪਤਾਲ ਤੋਂ ਲਿਆਂਦਾ ਹੀ ਗਿਆ ਸੀ।

a protest to mark the second anniversary of the fatal gang-rape of a student in the Indian capital

ਤਸਵੀਰ ਸਰੋਤ, SAJJAD HUSSAIN/GETTY IMAGES

ਉਸ ਦੇ ਅੰਦਰੂਨੀ ਅੰਗ ਇੰਨੇ ਬੁਰੀ ਤਰ੍ਹਾਂ ਨੁਕਸਾਨੇ ਗਏ ਸਨ ਕਿ ਉਸ ਨੂੰ ਢਿੱਡ ਉੱਤੇ ਲੱਗੀ ਇੱਕ ਪਾਈਪ ਦੇ ਸਹਾਰੇ ਚੱਲਣਾ ਪੈ ਰਿਹਾ ਸੀ। ਇਹ ਪਾਈਪ ਇੱਕ ਬੈਗ ਨਾਲ ਜੁੜੀ ਹੋਈ ਸੀ।

ਉਸ ਦੀ ਛਾਤੀ 'ਤੇ ਸਿਗਰੇਟ ਨਾਲ ਸਾੜੇ ਜਾਣ ਦੇ ਨਿਸ਼ਾਨ ਸਨ।

ਉਸ ਨੂੰ ਨਹੀਂ ਪਤਾ ਪਰਿਵਾਰ ਕਿੱਥੇ ਹੈ। ਹਾਲਾਂਕਿ ਐੱਨਜੀਓ ਨੇ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ।

ਮੈਂ ਉਸ ਨਾਲ ਇੱਕ ਘੰਟੇ ਤੋਂ ਜ਼ਿਆਦਾ ਗੱਲ ਕਰਦੀ ਰਹੀ।

ਮੈਂ ਅੰਦਰ ਤੱਕ ਹਿੱਲ ਗਈ ਸੀ ਅਤੇ ਜ਼ਿੰਦਗੀ ਵਿੱਚ ਪਹਿਲੀ ਵਾਰ ਮੈਨੂੰ ਡਰ ਲੱਗ ਰਿਹਾ ਸੀ। ਮੈਂ ਆਪਣਾ ਇਹ ਡਰ ਮੇਰੀਆਂ ਦੋ ਨਜ਼ਦੀਕੀ ਸਹੇਲੀਆਂ ਨੂੰ ਦੱਸਿਆ- ਮੇਰੀ ਭੈਣ ਅਤੇ ਮੇਰੀ ਸਭ ਤੋਂ ਚੰਗੀ ਦੋਸਤ, ਜੋ ਕਿ ਬੀਬੀਸੀ ਵਿੱਚ ਹੀ ਕੰਮ ਕਰਦੀ ਸੀ।

candle-light vigil commemorating the December 2012 fatal gang-rape of an Indian woman, in New Delhi on December 16

ਤਸਵੀਰ ਸਰੋਤ, MANAN VATSYAYANA/GETTY IMAGES

ਜਦੋਂ ਵੀ ਉਹ ਮੈਨੂੰ ਮਿਲਣ ਤੋਂ ਬਾਅਦ ਜਾਣ ਲੱਗਦੀਆਂ ਤਾਂ ਮੈਂ ਕਹਿੰਦੀ ਘਰ ਪਹੁੰਚ ਕੇ ਮੈਸੈਜ ਜ਼ਰੂਰ ਕਰ ਦਿਓ।

ਉਹ ਸ਼ੁਰੂ ਵਿੱਚ ਮਜ਼ਾਕ ਬਣਾਉਂਦੀਆਂ ਸਨ ਤੇ ਕਦੇ-ਕਦੇ ਚਿੜ ਵੀ ਜਾਂਦੀਆਂ ਸਨ। ਕਿਉਂਕਿ ਜੇ ਮੈਸੇਜ ਨਾ ਆਉਂਦਾ ਤਾਂ ਮੈਂ ਡਰ ਜਾਂਦੀ।

ਜਦੋਂ ਦੇਸ ਹਿੱਲ ਗਿਆ

ਫਿਰ 16 ਦਿਸੰਬਰ, 2012 ਦੀ ਘਟਨਾ ਵਾਪਰੀ।

ਭਾਰਤੀ ਮੀਡੀਆ ਨੇ ਕਰੂਰ ਬਲਾਤਕਾਰ ਦੇ ਵਾਕਿਆ ਦਾ ਬੇਹੱਦ ਦਰਦਨਾਕ ਵਿਸਥਾਰ ਵੀ ਬਿਆਨ ਕੀਤਾ, ਜਿਸ ਨਾਲ ਪੂਰਾ ਦੇਸ ਹਿੱਲ ਗਿਆ।

ਮੇਰੀ ਭੈਣ ਤੇ ਦੋਸਤ ਨੇ ਮੇਰਾ ਮਜ਼ਾਕ ਬਣਾਉਣਾ ਛੱਡ ਦਿੱਤਾ।

India women's protest

ਤਸਵੀਰ ਸਰੋਤ, Getty Images

ਪ੍ਰਦਰਸ਼ਨਕਾਰੀਆਂ ਦੀ ਮੰਗ 'ਤੇ ਸਰਕਾਰ ਨੇ ਔਰਤਾਂ ਖਿਲਾਫ਼ ਹੁੰਦੇ ਅਪਰਾਧਾਂ 'ਤੇ ਇੱਕ ਨਵਾਂ ਜ਼ਿਆਦਾ ਸਖ਼ਤ ਕਾਨੂੰਨ ਬਣਾ ਦਿੱਤਾ।

ਸਭ ਤੋਂ ਵੱਡੇ ਬਦਲਾਅ ਰਵੱਈਏ ਵਿੱਚ ਆਏ। ਜਿਣਸੀ ਹਮਲੇ ਅਤੇ ਬਲਾਤਕਾਰ ਲਾਈਵ ਰੂਮ ਗੱਲਬਾਤ ਦੇ ਵਿਸ਼ੇ ਬਣ ਗਏ ਹਨ। ਅਜਿਹੇ ਦੇਸ ਵਿੱਚ ਜਿੱਥੇ ਸੈਕਸ ਅਤੇ ਸੈਕਸ ਗੁਨਾਹ ਦੀ ਮਨਾਹੀ ਹੈ, ਜਿਸ 'ਤੇ ਜ਼ਿਆਦਾ ਖੁੱਲ਼੍ਹ ਕੇ ਗੱਲਬਾਤ ਨਹੀਂ ਕੀਤੀ ਜਾਂਦੀ।

ਮਹਿਲਾ ਸੁਰੱਖਿਆ ਨਾਲ ਜੁੜੇ ਹਰ ਮਾਮਲੇ 'ਤੇ ਲਿਖਿਆ ਜਾ ਰਿਹੀ ਸੀ ਤੇ ਚਰਚਾ ਹੋ ਰਹੀ ਸੀ।

ਇਹ ਨਹੀਂ ਹੈ ਕਿ ਔਰਤਾਂ ਪਹਿਲਾਂ ਬੋਲ ਨਹੀਂ ਰਹੀਆਂ ਸਨ। ਕਈ ਔਰਤਾਂ ਜੰਗ ਲੜਦੀਆਂ ਰਹੀਆਂ ਹਨ, ਜਿੰਨ੍ਹਾਂ ਨੇ ਹਰ ਸੋਚ ਅਤੇ ਵਿਚਾਰਾਂ ਨੂੰ ਚੁਣੌਤੀ ਦਿਤੀ ਸੀ।

ਅੰਕੜੇ ਕੀ ਕਹਿੰਦੇ ਹਨ?

ਹਾਲ ਹੀ ਵਿੱਚ ਜਾਰੀ ਕੀਤੇ ਗਏ ਨੈਸ਼ਨਲ ਕ੍ਰਾਇਮ ਰਿਕਾਰਡ ਬਿਊਰੋ ਦੇ ਅੰਕੜਿਆਂ ਮੁਤਾਬਕ ਸਾਲ 2016 ਦੀ ਇੱਕ ਖਰਾਬ ਤਸਵੀਰ ਛਾਪੀ ਗਈ-ਔਰਤਾਂ ਵਿਰੁੱਧ ਅਪਰਾਧਾਂ ਵਿੱਚ ਲਗਾਤਾਰ ਵਾਧਾ ਹੋਇਆ ਹੈ।

STUDENTS shout-slogans against Nirbhya Rape in Amritsar on December 20, 2012.

ਤਸਵੀਰ ਸਰੋਤ, NARINDER NANU/GETTY IMAGES

ਹਾਲੇ ਵੀ ਹਜ਼ਾਰਾਂ ਔਰਤਾਂ ਦਾਜ ਦੀ ਮੰਗ ਕਰਕੇ ਕਤਲ ਕਰ ਦਿੱਤੀਆਂ ਜਾਂਦੀਆਂ ਹਨ। ਹਜ਼ਾਰਾਂ ਔਰਤਾਂ ਤੇ ਕੁੜੀਆਂ ਨਾਲ ਬਲਾਤਕਾਰ ਕੀਤਾ ਜਾਂਦਾ ਹੈ, ਘਰੇਲੂ ਹਿੰਸਾ ਤੇ ਗਰਭਪਾਤ ਦੇ ਹਜ਼ਾਰਾਂ ਮਾਮਲੇ ਸਾਹਮਣੇ ਆਉਂਦੇ ਹਨ।

ਖੁਸ਼ੀ ਦੀ ਗੱਲ ਇਹ ਹੈ ਕਿ ਹੁਣ ਔਰਤਾਂ ਜੰਗ ਲੜਦੀਆਂ ਹਨ ਤੇ ਹਾਰ ਨਹੀਂ ਮੰਨਦੀਆਂ। ਇੱਥੋਂ ਹੀ ਉਮੀਦ ਦੀ ਕਿਰਨ ਜੱਗਦੀ ਹੈ ਕਿ ਭਾਰਤ ਔਰਤਾਂ ਦੇ ਭਵਿੱਖ ਲਈ ਚੰਗੀ ਥਾਂ ਬਣੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)