ਚੰਡੀਗੜ੍ਹ: ਬਲਾਤਕਾਰ ਪੀੜਤ ਦੇ ਬੱਚੇ ਦਾ ਡੀਐਨਏ ਮਾਮੇ ਨਾਲ ਮੈਚ

symbolic image of Victim

ਤਸਵੀਰ ਸਰੋਤ, iStock

    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਨਿਊਜ਼ ਪੰਜਾਬੀ

ਚੰਡੀਗੜ੍ਹ ਦੀ 10 ਸਾਲਾ ਬਲਾਤਕਾਰ ਪੀੜਤ ਦੇ ਬੱਚੇ ਦਾ ਡੀਐਨਏ ਪੀੜਤ ਦੇ ਛੋਟੇ ਮਾਮੇ ਨਾਲ ਮਿਲ ਗਿਆ ਹੈ। ਇਹ ਦਾਅਵਾ ਪੁਲਿਸ ਨੇ ਕੀਤਾ ਹੈ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਚੰਡੀਗੜ੍ਹ ਦੀ ਐਸਐਸਪੀ ਨਿਲਾਂਬਰੀ ਵਿਜੇ ਨੇ ਕਿਹਾ, "ਇਹ ਸੱਚ ਹੈ ਕਿ ਡੀਐਨਏ ਸੈਂਪਲ ਮਾਮੇ ਨਾਲ ਮੈਚ ਹੋ ਗਿਆ ਹੈ। ਅਸੀਂ ਮਾਮਲੇ ਵਿੱਚ ਚਾਰਜਸ਼ੀਟ ਦਾਖਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।"

symbolic image of Victim

ਇਸ ਤੋਂ ਪਹਿਲਾਂ ਅਦਾਲਤ ਨੇ ਜਾਨ ਦੇ ਖ਼ਤਰੇ ਦਾ ਖਦਸ਼ਾ ਜਤਾਉਂਦਿਆਂ ਪਰਿਵਾਰ ਵੱਲੋਂ ਕੁੜੀ ਦਾ ਗਰਭਪਾਤ ਕਰਾਉਣ ਦੀ ਅਪੀਲ ਰੱਦ ਕਰ ਦਿੱਤੀ ਸੀ, ਕਿਉਂਕਿ ਗਰਭ ਧਾਰਨ ਕੀਤਿਆਂ 32 ਮਹੀਨੇ ਹੋ ਚੁੱਕੇ ਸਨ।

ਤੁਹਾਨੂੰ ਦੱਸ ਦੇਈਏ ਕਿ ਦੋ ਮਹੀਨੇ ਪਹਿਲਾਂ ਹੀ ਬਲਾਤਕਾਰ ਪੀੜਤਾ ਨੇ ਬੱਚੇ ਨੂੰ ਜਨਮ ਦਿੱਤਾ ਸੀ।

ਕੀ ਹੈ ਮਾਮਲਾ?

ਪਰਿਵਾਰ ਨੂੰ ਬੱਚੀ ਦੇ ਗਰਭਵਤੀ ਹੋਣ ਦਾ ਉਸ ਵੇਲੇ ਪਤਾ ਲੱਗਿਆ ਜਦੋਂ ਉਸ ਨੇ ਢਿੱਡ ਵਿੱਚ ਪੀੜ ਹੋਣ ਦੀ ਗੱਲ ਕਹੀ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਸੀ। ਇਲਜ਼ਾਮ ਲੱਗੇ ਕਿ ਬੱਚੀ ਦੇ ਵੱਡੇ ਮਾਮੇ ਵੱਲੋਂ 7 ਮਹੀਨੇ ਲਗਾਤਾਰ ਸ਼ੋਸ਼ਣ ਕਰਨ ਬਾਰੇ ਪਤਾ ਲੱਗਿਆ।

ਵੱਡੇ ਮਾਮੇ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਪਰ ਉਸ ਦੇ ਡੀਐਨਏ ਸੈਂਪਲ ਬੱਚੇ ਨਾਲ ਮਿਲੇ ਨਹੀਂ ਸਨ।

ਪਰ ਹੁਣ ਛੋਟੇ ਮਾਮੇ ਦਾ ਡੀਐਨਏ ਸੈਂਪਲ ਬਲਾਤਕਾਰ ਪੀੜਤ ਦੇ ਬੱਚੇ ਨਾਲ ਮਿਲ ਗਿਆ ਹੈ।

ਅੱਜ ਸਥਾਨਕ ਅਦਾਲਤ ਵਿੱਚ ਮਾਮਲੇ ਦੀ ਸੁਣਵਾਈ ਹੈ। ਹਾਲਾਂਕਿ, ਪੀੜਤ ਦਾ ਵੱਡਾ ਮਾਮਾ ਹਿਰਾਸਤ ਵਿੱਚ ਰਹੇਗਾ, ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ਉਸ ਵੱਲੋਂ ਵੀ ਪੀੜਤ ਦਾ ਸ਼ੋਸ਼ਣ ਕੀਤਾ ਗਿਆ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)