ਅੱਜ 100 ਸਾਲ ਦਾ ਹੋ ਗਿਆ ਇੱਕ ਰੁਪਈਆ

ਇੱਕ ਸਦੀ ਬਾਅਦ ਬਹਤ ਸਾਰੀਆਂ ਚੀਜ਼ਾਂ ਬਦਲ ਗਈਆਂ ਹਨ ਅਤੇ ਇਸ ਦੌਰਾਨ ਜਦੋਂ -ਜਦੋਂ ਇੱਕ ਰੁਪਏ ਦੇ ਨੋਟ ਦੀ ਛਪਾਈ ਹੋਈ, ਤਾਂ ਉਸ ਵਿੱਚ ਵੀ ਕਈ ਬਦਲਾਅ ਹੋਏ।

ਪਹਿਲੀ ਸੀਰੀਜ਼ ਦੇ ਨੋਟਾਂ ਦੀ ਅੱਜ ਵੀ ਅਪਣੀ ਵੱਖਰੀ ਹੀ ਪਛਾਣ ਹੈ।

ਸ਼ੁਰੂ ਵਿੱਚ ਇਹ ਨੋਟ ਇੰਗਲੈਂਡ ਵਿੱਚ ਪ੍ਰਿੰਟ ਹੋਏ ਸੀ। ਇਸ ਵਿੱਚ ਕਿੰਗ ਜੌਰਜ ਪੰਚਮ ਦੇ ਚਾਂਦੀ ਦੇ ਸਿੱਕੇ ਦੀ ਫੋਟੋ ਖੱਬੇ ਕੋਨੇ ਵਿੱਚ ਛਪੀ ਸੀ।

ਨੋਟ 'ਤੇ ਲਿਖਿਆ ਸੀ ਮੈਂ ਧਾਰਕ ਨੂੰ ਇੱਕ ਰੁਪਿਆ ਦੇਣ ਦਾ ਵਾਅਦਾ ਕਰਦਾ ਹਾਂ।

ਬਾਅਦ ਵਿੱਚ ਸਾਰੇ ਇੱਕ ਰੁਪਏ ਦੇ ਨੋਟਾਂ 'ਤੇ ਅਜਿਹਾ ਨਹੀਂ ਲਿਖਿਆ ਜਾਂਦਾ।

ਇਸ ਦੇ ਪਿੱਛੇ ਅੱਠ ਭਾਰਤੀ ਲਿੱਪੀਆਂ ਵਿੱਚ ਇੱਕ ਰੁਪਿਆ ਲਿਖਿਆ ਹੁੰਦਾ ਹੈ।

ਮਿੰਟੇਜਵਰਲਡ ਨਾਮ ਦੇ ਔਨਲਾਈਨ ਮਿਊਜ਼ੀਅਮ ਦੇ ਸੀਈਓ ਸੁਸ਼ੀਲ ਕੁਮਾਰ ਅਗਰਵਾਲ ਦੇ ਮੁਤਾਬਿਕ ਬ੍ਰਿਟਿਸ਼ ਸਰਕਾਰ ਨੇ 19ਵੀਂ ਸਦੀ ਵਿੱਚ ਨੋਟ ਛਾਪਣ ਦੀ ਸ਼ੁਰੂਆਤ ਕੀਤੀ ਸੀ।

ਇਸ ਤੋਂ ਪਹਿਲਾਂ ਈਸਟ ਇੰਡੀਆਂ ਕੰਪਨੀ ਨੇ ਬੰਗਾਲ ਵਿੱਚ ਕਾਗਜ਼ ਦੇ ਨੋਟ ਛਾਪਣ ਦੀ ਸ਼ੁਰੂਆਤ ਕੀਤੀ ਸੀ। ਪਹਿਲਾ ਇੱਕ ਰੁਪਏ ਦਾ ਨੋਟ ਉਨ੍ਹਾਂ ਨੇ 1917 ਵਿੱਚ ਛਾਪਿਆ।

ਪੁਰਤਗਾਲੀਆਂ ਨੇ ਵੀ ਕੱਢਿਆ ਇੱਕ ਰੁਪਏ ਦਾ ਨੋਟ

ਇਸ ਤੋਂ ਬਾਅਦ ਪੁਰਤਗਾਲੀ ਅਤੇ ਫਰਾਂਸੀਸੀਆਂ ਨੇ ਵੀ ਇੱਕ ਰੁਪਏ ਦਾ ਆਪਣਾ ਨੋਟ ਛਾਪਣ ਦੀ ਸ਼ੁਰੂਆਤ ਕੀਤੀ। ਜਿਸਨੂੰ 'ਨੋਵਾ ਗੋਆ' ਨੋਟ ਅਤੇ 'ਫਰੈਂਚ ਰੂਪੀ' ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਭਾਰਤ ਦੇ ਕੁਝ ਰਜਵਾੜਿਆਂ ਵਿੱਚ ਉਨ੍ਹਾਂ ਦੀ ਅਪਣੀ ਮੁਦਰਾ ਪ੍ਰਚਲਿਤ ਸੀ। ਇਸ ਦੇ ਲਈ ਹੈਦਰਾਬਾਦ ਅਤੇ ਕਸ਼ਮੀਰ ਨੂੰ ਅਪਣਾ ਇੱਕ ਰੁਪਏ ਦਾ ਨੋਟ ਛਾਪਣ ਦੀ ਇਜਾਜ਼ਤ ਮਿਲੀ ਸੀ।

ਦੂਜੇ ਵਿਸ਼ਵ ਯੁੱਧ ਦੌਰਾਨ ਤਬਕੇ ਬਰਮਾ(ਮਿਆਂਮਾਰ) ਵਿੱਚ ਇਸਤੇਮਾਲ ਲਈ ਇੱਕ ਰੁਪਏ ਦਾ ਵਿਸ਼ੇਸ਼ ਨੋਟ ਜਾਰੀ ਕੀਤਾ ਗਿਆ ਸੀ।

ਭਾਰਤੀ ਮੁਦਰਾ ਮੱਧ ਪੂਰਵੀ ਦੇਸਾਂ ਅਤੇ ਦੁਬਈ, ਬਹਿਰੀਨ, ਓਮਾਨ ਵਰਗੇ ਇਲਾਕਿਆਂ ਵਿੱਚ ਵੀ ਵਰਤੀ ਜਾਂਦੀ ਸੀ।

ਇਸ ਉਦੇਸ਼ ਲਈ ਭਾਰਤ ਸਰਕਾਰ ਨੇ 'ਪਰਸੀਅਨ ਇੱਕ ਰੁਪੀ' ਦੀ ਵਿਸ਼ੇਸ਼ ਸੀਰੀਜ਼ ਜਾਰੀ ਕੀਤੀ ਸੀ।

ਦਿਲਚਸਪ ਗੱਲ ਇਹ ਹੈ ਕਿ ਵੰਡ ਤੋਂ ਬਾਅਦ ਵੀ ਸਾਲਾਂ ਤੱਕ ਪਾਕਿਸਤਾਨ ਵਿੱਚ ਵੀ ਇੱਕ ਰੁਪਏ ਦਾ ਨੋਟ ਚੱਲਦਾ ਰਿਹਾ।

ਅਜ਼ਾਦੀ ਤੋਂ ਬਾਅਦ ਭਾਰਤੀ ਨੋਟਾਂ ਵਿੱਚ ਬਰਤਾਨਵੀ ਕਿੰਗ ਦੀ ਥਾਂ ਭਾਰਤ ਦੇ ਕੌਮੀ ਚਿੰਨ੍ਹ ਤਿੰਨ ਸ਼ੇਰ ਅਤੇ ਅਸ਼ੋਕ ਚੱਕਰ ਨੂੰ ਥਾਂ ਦਿੱਤੀ ਗਈ। ਇੱਕ ਰੁਪਏ ਦਾ ਨੋਟ ਵੀ ਅਪਵਾਦ ਨਹੀਂ ਸੀ।

ਮਿੰਟੇਜਵਰਲਡ ਮੁਤਾਬਿਕ ਪਿਛਲੇ 100 ਸਾਲਾਂ ਵਿੱਚ ਇੱਕ ਰੁਪਏ ਦੇ ਕਰੀਬ 125 ਤਰ੍ਹਾਂ ਦੇ ਨੋਟ ਚਲਣ ਵਿੱਚ ਆਏ, ਜਿਨ੍ਹਾਂ 'ਤੇ 28 ਤਰ੍ਹਾਂ ਦੇ ਡਿਜ਼ਾਇਨ ਸੀ।

ਘੱਟ ਕੀਮਤ ਦਾ ਅਸਰ

ਜਦੋਂ ਭਾਰਤ ਸਰਕਾਰ ਨੇ ਆਪਣੀ ਮੁਦਰਾ ਦੀ ਕੀਮਤ ਘਟਾਈ ਤਾਂ ਲੈਣ ਦੇਣ ਵਿੱਚ ਇੱਕ ਰੁਪਏ ਦੇ ਨੋਟ ਦੀ ਕਦਰ ਘੱਟ ਗਈ।

ਪਰ ਇੱਕ ਰੁਪਏ ਦੇ ਨੋਟਾਂ ਦਾ ਦਖ਼ਲ ਵਧਿਆ ਹੀ ਹੈ।

ਇੱਕ ਰੁਪਏ ਦੇ ਨੋਟ ਨੂੰ ਲੈ ਕੇ ਕਈ ਦਿਲਚਸਪ ਤੱਥ ਵੀ ਹਨ।

ਜਿਵੇਂ ਭਾਰਤੀ ਮੁਦਰਾ ਵਿੱਚ ਇੱਕ ਰੁਪਏ ਦਾ ਨੋਟ ਸਭ ਤੋਂ ਛੋਟਾ ਪਰ ਸ਼ਾਇਦ ਸਭ ਤੋਂ ਵੱਧ ਮਹੱਤਵਪੂਰਨ ਹੈ।

ਇਸ ਨੂੰ ਭਾਰਤ ਸਰਕਾਰ ਸਿੱਧਾ ਜਾਰੀ ਕਰਦੀ ਹੈ ਜਦਕਿ ਹੋਰ ਨੋਟ ਰਿਜ਼ਰਵ ਬੈਂਕ ਵੱਲੋਂ ਜਾਰੀ ਕੀਤੇ ਜਾਂਦੇ ਹਨ।

ਇਸੇ ਕਾਰਨ ਇਨ੍ਹਾਂ ਨੋਟਾਂ 'ਤੇ ਭਾਰਤ ਸਰਕਾਰ ਲਿਖਿਆ ਹੁੰਦਾ ਹੈ ਅਤੇ ਵਿੱਤ ਸਕੱਤਰ ਦੇ ਦਸਤਖ਼ਤ ਹੁੰਦੇ ਹਨ। ਬਾਕੀ ਨੋਟ ਰਿਜ਼ਰਵ ਬੈਂਕ ਡਿਜ਼ਾਇਨ ਕਰਦਾ ਹੈ।

ਇੱਕ ਰੁਪਏ ਦੇ ਨੋਟ ਦੀ ਛਪਾਈ ਵਿੱਚ ਕਾਫ਼ੀ ਖ਼ਰਚ ਆਉਂਦਾ ਹੈ। ਇਸੇ ਕਾਰਨ 1995 ਵਿੱਚ ਸਰਕਾਰ ਨੇ ਇਸ ਦੀ ਛਪਾਈ ਬੰਦ ਕਰ ਦਿੱਤੀ ਸੀ।

ਇੱਕ ਨੋਟ 2 ਲੱਖ 75 ਹਜ਼ਾਰ ਵਿੱਚ ਵਿਕਿਆ

2015 ਵਿੱਚ ਇਸ ਨੂੰ ਮੁੜ ਤੋਂ ਛਾਪਣਾ ਸ਼ੁਰੂ ਕੀਤਾ ਗਿਆ ਅਤੇ ਇਸ ਸਾਲ ਇਸ ਦੀ ਨਵੀਂ ਸੀਰੀਜ਼ ਜਾਰੀ ਕੀਤੀ ਗਈ ਹੈ।

ਹਾਲਾਂਕਿ ਲੈਣ-ਦੇਣ ਵਿੱਚ ਇਸਦੀ ਗਿਣਤੀ ਬਹੁਤ ਹੀ ਘੱਟ ਹੈ ਅਤੇ ਇਸੇ ਕਾਰਨ ਸੰਗ੍ਰਹਿ ਕਰਨ ਵਾਲੇ ਇਸ ਦੀ ਤਲਾਸ਼ ਵਿੱਚ ਰਹਿੰਦੇ ਹਨ।

ਇੱਥੋਂ ਤੱਕ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ ਦਸਤਖ਼ਤ ਕੀਤੇ ਇੱਕ ਰੁਪਏ ਦੇ ਨੋਟ ਮਿਲਣਾ ਵੀ ਮੁਸ਼ਕਿਲ ਹੈ, ਜਦੋਂ ਉਹ ਖਜ਼ਾਨਾ ਮੰਤਰੀ ਹੋਇਆ ਕਰਦੇ ਸੀ।

ਇਸ ਲਈ ਇੱਕ ਰੁਪਏ ਦੇ ਨੋਟ ਬਹੁਤ ਵੱਧ ਕੀਮਤ 'ਤੇ ਵੇਚੇ ਜਾਂਦੇ ਹਨ, ਇੱਥੋਂ ਤੱਕ ਕਿ ਇਸ ਦੀ ਕੀਮਤ ਹਜ਼ਾਰਾਂ ਵਿੱਚ ਵੀ ਹੁੰਦੀ ਹੈ।

ਇਸ ਸਾਲ ਦੀ ਸ਼ੁਰੂਆਤ ਵਿੱਚ ਕਲਾਸਿਕ ਨਿਊਮਿਸਮੈਟਿਕਸ ਗੈਲਰੀ ਵਿੱਚ 1985 ਵਿੱਚ ਛਪਿਆ ਇੱਕ ਨੋਟ 2 ਲੱਖ 75 ਹਜ਼ਾਰ ਰੁਪਏ ਵਿੱਚ ਵਿਕਿਆ।

ਟੋਡੀਵਾਲਾ ਔਕਸ਼ਨ ਵਿੱਚ 1944 ਵਿੱਚ ਛਪੇ ਇੱਕ ਰੁਪਏ ਦੇ 100 ਨੋਟਾਂ ਦੀ ਇੱਕ ਥੱਬੀ ਇੱਕ ਲੱਖ 30 ਹਜ਼ਾਰ ਵਿੱਚ ਵਿਕੀ।

ਤੁਸੀਂ ਇੱਕ ਰੁਪਏ ਵਿੱਚ ਕੀ ਖ਼ਰੀਦ ਸਕਦੇ ਹੋ? ਤੁਹਾਡੇ ਜੇਬ ਵਿੱਚ ਇੱਕ ਰੁਪਏ ਦਾ ਨੋਟ ਕਿਹੜਾ ਹੈ ਇਹ ਇਸ 'ਤੇ ਨਿਰਭਰ ਕਰਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)