ਕੈਟੇਲੋਨੀਆ ਰਾਏਸ਼ੁਮਾਰੀ: ਸਪੇਨ ਦੇ ਪ੍ਰਧਾਨ ਮੰਤਰੀ ਨੇ ਭੰਗ ਕੀਤੀ ਸੰਸਦ

ਤਸਵੀਰ ਸਰੋਤ, EPA
ਸਪੇਨ ਦੇ ਪ੍ਰਧਾਨ ਮੰਤਰੀ ਮਾਰਿਆਨੋ ਰਖੋਏ ਨੇ ਕੈਟੇਲੋਨੀਆ ਦੀ ਸੰਸਦ ਨੂੰ ਭੰਗ ਕਰ ਦਿੱਤਾ ਹੈ।
ਪ੍ਰਧਾਨ ਮੰਤਰੀ ਰਖੋਏ ਨੇ ਕੈਟੇਲੋਨੀਆ ਦੇ ਲੀਡਰ ਕਾਰਲਸ ਪੁਆਇਦੇਮੋਂਟ ਤੇ ਉਨ੍ਹਾਂ ਦੀ ਕੈਬਿਨੇਟ ਨੂੰ ਬਰਖ਼ਾਸਤ ਕਰ ਦਿੱਤਾ ਹੈ।
ਉਨ੍ਹਾਂ ਨੇ ਕੈਟੇਲੋਨੀਆ ਵਿੱਚ ਚੋਣ ਕਰਵਾਉਣ ਦਾ ਐਲਾਨ ਕੀਤਾ ਤੇ ਕਿਹਾ ਚੰਗੇ ਹਾਲਾਤ ਪੈਦਾ ਕਰਨ ਲਈ ਕੈਟੇਲੋਨੀਆ ਦੇ ਸ਼ਾਸਨ ਨੂੰ ਸਿੱਧਾ ਆਪਣੇ ਹੇਠ ਲਿਆਉਣ ਦਾ ਫੈਸਲਾ ਜ਼ਰੂਰੀ ਸੀ।
ਕੈਟੇਲੋਨੀਆ ਵਿੱਚ 21 ਦਸੰਬਰ ਨੂੰ ਮੁੜ ਤੋਂ ਚੋਣਾਂ ਹੋਣਗੀਆ। ਰਖੋਏ ਨੇ ਵਾਅਦਾ ਕੀਤਾ ਕਿ ਇਹ ਚੋਣਾਂ, ਅਜ਼ਾਦੀ, ਕਾਨੂੰਨੀ ਤੇ ਸਾਫ਼ ਤਰੀਕੇ ਨਾਲ ਕਰਵਾਈਆਂ ਜਾਣਗੀਆਂ।
ਉਨ੍ਹਾਂ ਨੇ ਮੌਜੂਦਾ ਹਾਲਾਤ ਨੂੰ ਚਿੰਤਾਜਨਕ ਦੱਸਦੇ ਹੋਏ ਕਿਹਾ, "ਅਸੀਂ ਕਦੇ ਅਜਿਹੇ ਹਾਲਾਤ ਨਹੀਂ ਚਾਹੁੰਦੇ ਸੀ।"
ਰਖੋਏ ਨੇ ਕੈਟੇਲੋਨੀਆ ਦੇ ਪੁਲਿਸ ਮੁਖੀ ਨੂੰ ਵੀ ਬਰਖਾਸਤ ਕਰਨ ਦਾ ਐਲਾਨ ਕੀਤਾ।

ਤਸਵੀਰ ਸਰੋਤ, Getty Images/AFP
ਕੈਟਲੈਨ ਦੀ ਖੇਤਰੀ ਸੰਸਦ ਨੇ ਸਪੇਨ ਤੋਂ ਅਜ਼ਾਦੀ ਦਾ ਮਤਾ ਸ਼ੁੱਕਰਵਾਰ ਨੂੰ ਪਾਸ ਕੀਤਾ।
ਇਹ ਫ਼ੈਸਲਾ ਸਪੇਨ ਸਰਕਾਰ ਵਲੋਂ ਕੈਟੇਲੋਨੀਆ ਦੀ ਖ਼ੁਦਮੁਖਤਿਆਰੀ ਖ਼ਤਮ ਕਰਨ ਅਤੇ ਖੇਤਰ ਨੂੰ ਸਿੱਧਾ ਆਪਣੇ ਸ਼ਾਸਨ ਹੇਠ ਲੈਣ ਤੋਂ ਪਹਿਲਾ ਲਿਆ ਗਿਆ।
ਸ਼ੁੱਕਰਵਾਰ ਨੂੰ ਮਤਾ ਹੋਇਆ ਸੀ ਪਾਸ
ਕੈਟਲੈਨ ਸੰਸਦ ਵਿੱਚ ਵਿਰੋਧੀ ਧਿਰ, ਜੋ ਸਪੇਨ ਤੋਂ ਵੱਖ ਹੋਣ ਦੇ ਖਿਲਾਫ਼ ਹੈ, ਨੇ ਕਾਰਵਾਈ ਦਾ ਬਾਈਕਾਟ ਕੀਤਾ ਪਰ ਮਤੇ ਦੇ ਹੱਕ ਵਿੱਚ 70 ਅਤੇ ਵਿਰੋਧ ਵਿੱਚ 10 ਵੋਟਾਂ ਪਈਆਂ।
ਇਸ ਤੋਂ ਪਹਿਲਾਂ ਅਜ਼ਾਦੀ ਦੀ ਮੰਗ ਰੱਦ ਕਰਦਿਆਂ ਸਪੇਨ ਦੇ ਪ੍ਰਧਾਨ ਮੰਤਰੀ ਮਾਰਿਆਨੋ ਰਖੋਏ ਨੇ ਕੈਟੇਲੋਨੀਆ ਦਾ ਸ਼ਾਸਨ ਸਪੇਨ ਸਰਕਾਰ ਤਹਿਤ ਲੈਣ ਲਈ ਸੀਨੇਟ ਮੈਂਬਰਾਂ ਨੂੰ ਪ੍ਰਵਾਨਗੀ ਦੇਣ ਲਈ ਕਿਹਾ ਸੀ।
ਜਿਸ ਉੱਤੇ ਮੋਹਰ ਲਾਉਂਦਿਆਂ ਸਪੇਨ ਦੀ ਸੰਸਦ ਨੇ ਕੈਟਲੈਨ ਦੀ ਖੁਦਮੁਖ਼ਤਿਆਰੀ ਖ਼ਤਮ ਕਰਨ ਦਾ ਮਤਾ ਪਾਸ ਕਰਕੇ ਕੈਟੇਲੋਨੀਆ ਨੂੰ ਸਿੱਧਾ ਆਪਣੇ ਸ਼ਾਸਨ ਹੇਠ ਲੈਣ ਦਾ ਐਲਾਨ ਕਰ ਦਿੱਤਾ।
ਇਹ ਮਤਾ ਪਾਸ ਹੋਣ ਨਾਲ ਸਪੇਨ ਨੇ ਕੈਟਲੈਨ ਆਗੂ ਕਾਰਲਸ ਪੁਆਇਦੇਮੋਂਟ, ਉਨ੍ਹਾਂ ਦੇ ਉਪ-ਰਾਸ਼ਟਰਪਤੀ ਤੇ ਸਾਰੇ ਖੇਤਰੀ ਆਗੂਆਂ ਨੂੰ ਹਟਾ ਦਿੱਤਾ ਹੈ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ; ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ; ਅਤੇ ਇੱਥੇ ਕਲਿਕ ਕਰਕੇ ਟਵਿੱਟਰ ਤੇ ਸਾਡੇ ਨਾਲ ਜੁੜੋ।)












