ਮੁਸਲਮਾਨ ਸ਼ਾਸਕ ਵਿਦੇਸ਼ੀ ਤਾਂ ਮੌਰਿਆ ਸ਼ਾਸਕ ਦੇਸੀ ਕਿਵੇਂ ਸਨ?

ਤਸਵੀਰ ਸਰੋਤ, Getty Images
- ਲੇਖਕ, ਰਜਨੀਸ਼ ਕੁਮਾਰ ਤੇ ਵਾਤਸਲਿਆ ਰਾਏ
- ਰੋਲ, ਬੀਬੀਸੀ ਪੱਤਰਕਾਰ
ਤਾਜ ਮਹਿਲ ਦੁਨੀਆਂ ਵਿੱਚ ਆਪਣੀ ਵਿਲੱਖਣ ਖ਼ੂਬਸੂਰਤੀ ਕਰਕੇ ਜਾਣਿਆ ਜਾਂਦਾ ਹੈ। ਫਿਲਹਾਲ ਭਾਰਤ ਦੀ ਸਿਆਸਤ ਵਿੱਚ ਇਹ ਵਿਵਾਦਾਂ 'ਚ ਹੈ।
ਕੁਝ ਲੋਕਾਂ ਦਾ ਮੰਨਣਾ ਹੈ ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਇਤਿਹਾਸ 'ਤੇ ਸਵਾਲਾਂ ਦੀ ਗਿਣਤੀ ਵਧੀ ਹੈ।
ਪਹਿਲਾਂ ਉੱਤਰ ਪ੍ਰਦੇਸ਼ ਦੀ ਮੌਜੂਦਾ ਸਰਕਾਰ ਨੇ ਸੂਬੇ ਦੀਆਂ ਸੈਰ-ਸਪਾਟਾ ਕਿਤਾਬਾਂ ਵਿੱਚੋਂ ਤਾਜ ਮਹਿਲ ਨੂੰ ਕੱਢਿਆ।
ਹੁਣ ਭਾਜਪਾ ਵਿਧਾਇਕ ਸੰਗੀਤ ਸੋਮ ਨੇ ਕਿਹਾ ਕਿ ਤਾਜ ਮਹਿਲ ਬਣਾਉਣ ਵਾਲੇ ਗੱਦਾਰ ਸਨ।
ਸੰਗੀਤ ਸੋਮ ਨੇ ਤਾਜ ਮਹਿਲ ਨੂੰ ਭਾਰਤੀ ਸੱਭਿਆਚਾਰ 'ਤੇ ਦਾਗ ਦੱਸਿਆ।
ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਯਨਾਥ ਨੇ ਕਿਹਾ ਸੀ ਕਿ ਤਾਜ ਮਹਿਲ ਭਾਰਤੀ ਸੱਭਿਆਚਾਰ ਨੂੰ ਦਰਸਾਉਂਦਾ ਨਹੀਂ ਹੈ। ਉਨ੍ਹਾਂ ਨੇ ਅਕਬਰ ਨੂੰ ਹਮਲਾਵਰ ਦੱਸਿਆ ਸੀ।

ਭਾਰਤ ਵਿੱਚ ਦੱਖਣਵਾਦੀ ਵਿਚਾਰਧਾਰਾ ਵਾਲੇ ਲੋਕ ਅੰਗਰੇਜ਼ਾਂ ਦੇ ਸ਼ਾਸਨ ਨੂੰ ਸਿਰਫ਼ ਗ਼ੁਲਾਮ ਭਾਰਤ ਨਹੀਂ ਮੰਨਦੇ ਬਲਕਿ ਮੱਧਕਾਲ ਨੂੰ ਵੀ ਗ਼ੁਲਾਮ ਭਾਰਤ ਕਹਿੰਦੇ ਹਨ।
ਕੀ ਅੰਗਰੇਜ਼ਾਂ ਦੇ 200 ਸਾਲ ਦੇ ਸ਼ਾਸਨ ਵਿੱਚ ਭਾਰਤ ਗ਼ੁਲਾਮ ਸੀ? ਕੀ ਮੁਗ਼ਲ ਵਿਦੇਸ਼ੀ ਸਨ?
ਇਨ੍ਹਾਂ ਸਾਰੇ ਸਵਾਲਾਂ ਨੂੰ ਮੱਧਕਾਲ ਦੇ ਇਤਿਹਾਸਕਾਰ ਪ੍ਰੋਫੈ਼ਸਰ ਇਰਫ਼ਾਨ ਹਬੀਬ, ਰਾਮਨਾਥ ਅਤੇ ਹਰਬੰਸ ਮੁਖੀਆ ਦੇ ਸਾਹਮਣੇ ਰੱਖਿਆ।
'ਇਤਿਹਾਸ ਨੂੰ ਕੋਈ ਨਹੀਂ ਮਿਟਾ ਸਕਦਾ'
ਜੋ ਸਾਡੇ ਇਤਿਹਾਸ ਦਾ ਹਿੱਸਾ ਹੈ ਉਹ ਹਮੇਸ਼ਾ ਰਹੇਗਾ।
ਭਾਵੇਂ ਇਹ ਤਾਜ ਮਹਿਲ ਢਾਹ ਦੇਣ ਤਾਂ ਵੀ ਇਹ ਇਤਿਹਾਸ ਦਾ ਹਿੱਸਾ ਹੀ ਰਹੇਗਾ।

ਤਸਵੀਰ ਸਰੋਤ, Getty Images
ਇਨ੍ਹਾਂ ਨੂੰ ਕੋਈ ਰੋਕ ਨਹੀਂ ਸਕਦਾ। ਜੋ ਇਨ੍ਹਾਂ ਦੇ ਦਿਲ ਵਿੱਚ ਹੈ ਉਹ ਕਹਿੰਦੇ ਰਹਿਣ। ਇਹ ਮੁਸਲਮਾਨਾਂ ਨੂੰ ਵਿਦੇਸ਼ੀ ਮੰਨਦੇ ਹਨ।
ਦੁਨੀਆਂ ਭਰ ਵਿੱਚ ਵਿਦੇਸ਼ੀ ਹੋਣ ਦੀ ਪਰਿਭਾਸ਼ਾ ਇਹ ਹੈ ਕਿ ਤੁਹਾਡੇ ਦੇਸ਼ ਦੀ ਜਾਇਦਾਦ ਕੋਈ ਬਾਹਰ ਲੈ ਕੇ ਜਾ ਰਿਹਾ ਹੋਵੇ।
ਮੁਗ਼ਲ ਸ਼ਾਸਨ ਅਤੇ ਵਿਦੇਸ਼ੀ ਸ਼ਾਸਨ ਵਿੱਚ ਫਰਕ ਤਾਂ ਕਰਨਾ ਚਾਹੀਦਾ ਹੈ। ਜਿੰਨ੍ਹਾਂ ਸ਼ਾਸਕਾਂ ਨੂੰ ਇਹ ਵਿਦੇਸ਼ੀ ਦੱਸਦੇ ਹਨ। ਉਨ੍ਹਾਂ ਦਾ ਜਨਮ ਵੀ ਇੱਥੇ ਹੋਇਆ ਅਤੇ ਮੌਤ ਵੀ ਇੱਥੇ ਹੀ ਹੋਈ।
ਜੇਕਰ ਕੋਈ ਕਹਿੰਦਾ ਹੈ ਕਿ ਮੁਗ਼ਲ ਹਮਲਾਵਰ ਸਨ ਤਾਂ ਕੀ ਮੌਰਿਆ ਜਿੰਨਾਂ ਦਾ ਸ਼ਾਸਨ ਗੁਜਰਾਤ ਵਿੱਚ ਸੀ, ਤਾਂ ਉਹ ਵੀ ਹਮਲਾਵਰ ਸਨ?
ਮੌਰਿਆ ਤਾਂ ਮਗਧ ਤੋਂ ਸਨ। ਉਨ੍ਹਾਂ ਦਾ ਸ਼ਾਸਨ ਗੁਜਰਾਤ ਵਿੱਚ ਕਿਉਂ ਸੀ ?

ਤਸਵੀਰ ਸਰੋਤ, Getty Images
ਇਸ ਅਧਾਰ 'ਤੇ ਤਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਸ਼ਾਸਨ ਉੱਚੇ ਤਬਕੇ ਦੀ ਸੀ, ਤਾਂ ਲੋਕ ਉੱਚੇ ਤਬਕੇ ਦੇ ਗ਼ੁਲਾਮ ਸਨ।
ਜੇਕਰ ਤੁਸੀਂ ਸੋਚਦੇ ਹੋ ਕਿ ਗੁਜਰਾਤ ਅਤੇ ਮਗਧ ਦੋ ਵੱਖ ਵੱਖ ਦੇਸ ਹਨ ਤਾਂ ਮੌਰਿਆ ਵੀ ਵਿਦੇਸ਼ੀ ਹੋਏ।
ਜੇਕਰ ਤੁਸੀਂ ਸੋਚਦੇ ਹੋ ਕਿ ਪੂਰੇ ਦੇਸ 'ਤੇ ਕੋਈ ਰਾਜ ਕਰ ਰਿਹਾ ਸੀ ਤਾਂ ਮੁਗ਼ਲ ਆਗਰਾ ਅਤੇ ਦਿੱਲੀ ਤੋਂ ਕਰ ਰਹੇ ਸਨ।
ਇਸ ਤੋਂ ਇਹ ਪਤਾ ਲੱਗਦਾ ਹੈ ਕਿ ਇਹ ਮੁਸਲਿਮ ਅਤੇ ਦਲਿਤ ਵਿਰੋਧੀ ਰਵੱਈਆ ਚੁਣਾਵੀਂ ਸਿਆਸਤ ਲਈ ਅਪਣਾ ਰਹੇ ਹਨ।
ਮੁਗ਼ਲ ਸ਼ਾਸਕਾਂ ਦੇ ਵਾਰਿਸ ਕਿੱਥੇ ਗਏ?
ਜਿਸ ਨੂੰ ਅਸੀਂ ਹਮਲਾ ਕਹਿੰਦੇ ਹਾਂ ਦਰਅਸਲ ਉਹ ਹਿਜ਼ਰਤ ਹੈ। ਹਮਲੇ ਦੀ ਗੱਲ ਤਾਂ 50-60 ਸਾਲ ਪਹਿਲਾਂ ਹੀ ਗ਼ਲਤ ਕਰਾਰ ਦੇ ਦਿੱਤੀ ਗਈ ਸੀ।
ਬਾਬਰ ਅਤੇ ਹੁਮਾਯੂੰ ਮੱਧ ਏਸ਼ੀਆ ਤੋਂ ਆਏ ਸਨ। ਅਕਬਰ ਦਾ ਜਨਮ ਉਮਰਕੋਟ ਦੇ ਇੱਕ ਰਾਜਪੂਤ ਦੇ ਘਰ ਹੋਇਆ ਸੀ।

ਤਸਵੀਰ ਸਰੋਤ, Getty Images
ਅਕਬਰ ਕਦੇ ਵੀ ਭਾਰਤ ਤੋਂ ਬਾਹਰ ਨਹੀਂ ਗਏ। ਅਕਬਰ ਤੋਂ ਬਾਅਦ ਜਿੰਨੇ ਵੀ ਮੁਗ਼ਲ ਸ਼ਾਸਕ ਹੋਏ, ਉਨ੍ਹਾਂ ਦਾ ਜਨਮ ਭਾਰਤ ਵਿੱਚ ਹੋਇਆ।
ਉਨ੍ਹਾਂ ਨੇ ਤਾਂ ਹਿੰਦੁਸਤਾਨ ਤੋਂ ਬਾਹਰ ਪੈਰ੍ਹ ਵੀ ਨਹੀਂ ਰੱਖਿਆ ਸੀ। ਉਦੋਂ ਤਾਂ ਦੇਸ ਅਤੇ ਵਿਦੇਸ਼ ਦੀ ਕੋਈ ਧਾਰਨਾ ਹੀ ਨਹੀਂ ਸੀ।
ਮੁਗ਼ਲ ਸ਼ਾਸਕਾਂ ਦੇ ਵਾਰਿਸ ਕਿੱਥੇ ਗਏ? ਉਹ ਇਸ ਧਰਤੀ 'ਤੇ ਹਨ ਜਾਂ ਇੱਥੇ ਹੀ ਮਰ-ਮੁੱਕ ਗਏ।
ਇਸ ਤੋਂ ਪਹਿਲਾਂ ਖਿਲਜੀ ਅਤੇ ਤੁਗ਼ਲਕ ਵੰਸ਼ ਦੇ ਸ਼ਾਸਕ ਸਨ। ਆਖ਼ਰ ਇਨ੍ਹਾਂ ਸਾਰਿਆਂ ਦੇ ਵਾਰਿਸ ਕਿੱਥੇ ਗਏ? ਉਹ ਇੱਥੇ ਆਏ, ਲੜਾਈਆਂ ਲੜੀਆਂ, ਵੱਸੇ ਅਤੇ ਖ਼ਤਮ ਹੋ ਗਏ।
ਵਿਦੇਸ਼ੀ ਤਾਂ ਅੰਗਰੇਜ਼ ਸਨ। ਉਹ ਆਏ, 200 ਸਾਲ ਤੱਕ ਲੁੱਟ ਖੋਹ ਕੀਤੀ ਅਤੇ ਵਾਪਸ ਚਲੇ ਗਏ।
ਤੁਸੀਂ ਉਨ੍ਹਾਂ ਨੂੰ ਵਿਦੇਸ਼ੀ ਕਿਵੇਂ ਕਹਿ ਸਕਦੇ ਹੋ ਜੋ ਇੱਥੇ ਆਏ ਅਤੇ ਇੱਥੇ ਹੀ ਵੱਸ ਗਏ ਤੇ ਇਸੇ ਮਿੱਟੀ ਵਿੱਚ ਮਿਲ ਗਏ।
ਕਿਸ ਲਿਹਾਜ਼ ਨਾਲ ਤੁਸੀਂ ਉਨ੍ਹਾਂ ਨੂੰ ਵਿਦੇਸ਼ੀ ਕਹਿ ਸਕਦੇ ਹੋ? ਸਿਰਫ਼ ਇਸ ਲਈ ਕਿ ਇਹ ਬਾਹਰੋਂ ਆਏ ਸਨ ?
ਜੇਕਰ ਦੇਸੀ ਅਤੇ ਵਿਦੇਸ਼ੀ ਦੇ ਆਧਾਰ 'ਤੇ ਬਾਹਰ ਕੱਢ ਦਿੱਤਾ ਜਾਵੇ ਤਾਂ ਰਾਣੀ ਅਲੀਜ਼ਾਬੇਥ ਨੂੰ ਵੀ ਬ੍ਰਿਟੇਨ ਛੱਡਣਾ ਪਵੇਗਾ।
ਇਸ ਲਈ ਅਸੀਂ ਵਿਦੇਸ਼ੀ ਰਾਜ ਕੇਵਲ ਅੰਗਰੇਜ਼ਾਂ ਨੂੰ ਕਹਿੰਦੇ ਹਾਂ, ਕਿਉਂਕਿ ਉਹ ਆਏ ਅਤੇ ਲੁੱਟ ਖੋਹ ਮਚਾ ਕੇ ਚਲੇ ਗਏ।
ਜਿਵੇਂ ਅੰਗਰੇਜ਼ ਦੱਖਣੀ ਅਫ਼ਰੀਕਾ 'ਚ ਗਏ ਅਤੇ ਉੱਥੇ ਹੀ ਰਹਿ ਗਏ। ਜੇਕਰ ਉਹ ਭਾਰਤ ਵਿੱਚ ਵੀ ਅਜਿਹਾ ਕਰਦੇ ਤਾਂ ਉਨ੍ਹਾਂ ਨੂੰ ਵਿਦੇਸ਼ੀ ਨਹੀਂ ਕਿਹਾ ਜਾਂਦਾ।
ਭਾਰਤ 200 ਸਾਲ ਗੁਲਾਮ ਰਿਹਾ। ਅੰਗਰੇਜ਼ਾਂ ਨੇ ਸਾਡਾ ਸ਼ੋਸ਼ਣ ਕੀਤਾ ਅਤੇ ਸਭ ਕੁਝ ਲੈ ਕੇ ਚਲੇ ਗਏ।
'ਮੁਗ਼ਲ ਰਾਜ 'ਚ ਸੱਭਿਆਚਾਰ ਦਾ ਇੱਕ ਵੱਡਾ ਪਹਿਲੂ'
ਉਹ ਮੁਗ਼ਲਾਂ ਵਾਂਗ ਇੱਥੇ ਵੱਸ ਜਾਂਦੇ ਤਾਂ ਕੌਣ ਵਿਦੇਸ਼ੀ ਕਹਿੰਦਾ? ਕੀ ਅਸੀਂ ਟੌਮ ਅਲਟਰ ਨੂੰ ਵਿਦੇਸ਼ੀ ਮੰਨਦੇ ਹਾਂ ?
ਦੁਨੀਆਂ ਦਾ ਅਜਿਹਾ ਕੋਈ ਖੇਤਰ ਨਹੀਂ ਹੈ, ਜਿੱਥੋਂ ਲੋਕ ਆ ਕੇ ਵੱਸਦੇ ਨਹੀਂ। ਮੁਗ਼ਲ ਰਾਜ 'ਚ ਸਭਿੱਆਚਾਰ ਦਾ ਇੱਕ ਬਹੁਤ ਵੱਡਾ ਪਹਿਲੂ ਸੀ।
ਜਿਸ ਭਾਸ਼ਾ 'ਚ ਅਸੀਂ ਗੱਲ ਕਰ ਰਹੇ ਹਾਂ ਉਹ ਮੱਧਕਾਲੀ ਭਾਸ਼ਾ ਹੈ। ਭਾਸ਼ਾ ਅਤੇ ਖਾਣਾ-ਪੀਣਾ ਸਾਰਾ ਇਸੇ ਜ਼ਮਾਨੇ ਦੀ ਦੇਣ ਹੈ।
ਹੁਣ ਇਤਿਹਾਸ ਦੇ ਮੁੱਦੇ ਬਦਲ ਗਏ ਹਨ। ਹੁਣ ਫਿਰ ਲੋਕ ਹਿੰਦੂ ਬਨਾਮ ਮੁਸਲਿਮ ਇਤਿਹਾਸ ਲਿਖਣਾ ਚਾਹੁੰਦੇ ਹਨ। ਉਹ ਫਿਰ ਉੱਥੇ ਹੀ ਵਾਪਸ ਜਾਣਾ ਚਾਹੁੰਦੇ ਹਨ।
ਦੇਸ ਅਤੇ ਉਸ ਦੇ ਸਾਹਮਣੇ ਵਿਦੇਸ਼ ਦੀ ਜੋ ਧਾਰਨਾ ਹੈ, ਇਹ 18ਵੀਂ ਅਤੇ 19ਵੀਂ ਸਦੀ ਦੀ ਹੈ।
16 ਵੀਂ ਸਦੀ ਵਿੱਚ ਦੇਸ ਤੇ ਵਿਦੇਸ਼ੀ ਦੀ ਧਾਰਨਾ ਕਿਤੇ ਵੀ ਨਹੀਂ ਸੀ ਅਤੇ ਰਾਸ਼ਟਰ ਦਾ ਤਾਂ ਬਿਲਕੁਲ ਸਵਾਲ ਹੀ ਨਹੀਂ ਸੀ।
ਇਹ ਸਾਰੇ ਵਿਚਾਰ ਬਾਅਦ ਵਿੱਚ ਕੀਤੇ ਗਏ ਹਨ ਅਤੇ ਇਨ੍ਹਾਂ ਦਾ ਆਪਣਾ ਹੀ ਮਹੱਤਵ ਹੈ।
ਪ੍ਰੋਫ਼ੈਸਰ ਰਾਮਨਾਥ
ਅਕਬਰ ਅਤੇ ਸ਼ਾਹਜਹਾਂ ਨੂੰ ਇਹ ਡਾਕੂ ਕਹਿ ਰਹੇ ਹਨ। ਇਨ੍ਹਾਂ ਨੂੰ ਪਤਾ ਨਹੀਂ ਕਿ ਉਹ ਕੌਣ ਸਨ? ਅਕਬਰ ਨੇ ਕਿਹੜੇ ਹਿੰਦੂ ਰੀਤੀ-ਰਿਵਾਜ਼ ਨੂੰ ਨਹੀਂ ਅਪਣਾਇਆ?

ਤਸਵੀਰ ਸਰੋਤ, Getty Images
ਅਕਬਰ ਨੇ ਮੁਗ਼ਲ ਸਮਰਾਜ ਨੂੰ ਇੱਕ ਤਰੀਕੇ ਨਾਲ ਰਾਸ਼ਟਰ ਦਾ ਰੂਪ ਦੇ ਦਿੱਤਾ ਸੀ। ਕੀ ਉਹ ਇਹ ਕਰਨਾ ਚਾਹੁੰਦੇ ਹਨ ਜੋ ਤਾਲੀਬਾਨ ਨੇ ਅਫ਼ਗਾਨਿਸਤਾਨ ਵਿੱਚ ਕੀਤਾ?
ਉੱਥੇ ਬੁੱਧ ਦੀਆਂ ਪ੍ਰਾਚੀਨ ਮੂਰਤੀਆਂ ਤੋੜੀਆਂ ਗਈਆਂ, ਕੀ ਇਹ ਉਹੀ ਕਰਨਾ ਚਾਹੁੰਦੇ ਹਨ ?
ਮੁਗ਼ਲ ਸਾਡੇ ਇਤਿਹਾਸ ਅਤੇ ਸਭਿਆਚਾਰ ਦਾ ਹਿੱਸਾ ਹਨ।
ਇਹ ਆਉਣ ਤੇ ਨਾਲ ਬੈਠਣ ਤਾਂ ਗੱਲਬਾਤ ਹੋ ਸਕਦੀ ਹੈ। ਜਾਂ ਤਾਂ ਇਹ ਆਪਣੀ ਗੱਲ ਮੈਨੂੰ ਸਮਝਾ ਦੇਣ ਜਾਂ ਫਿਰ ਮੇਰੀ ਗੱਲ ਸਮਝ ਲੈਣ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ; ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ; ਅਤੇ ਇੱਥੇ ਕਲਿਕ ਕਰਕੇ ਟਵਿੱਟਰ ਤੇ ਸਾਡੇ ਨਾਲ ਜੁੜੋ।)












