ਸੁਸ਼ਮਾ ਸਵਰਾਜ ਪਾਕਿਸਤਾਨ ਦੇ ਮਰੀਜ਼ਾਂ 'ਤੇ ਮਿਹਰਬਾਨ

Sushma Swaraj

ਤਸਵੀਰ ਸਰੋਤ, RAVEENDRAN/AFP/GETTY IMAGES

ਦਿਵਾਲੀ ਦੇ ਮੌਕੇ ਇੱਕ ਹੋਰ ਪਾਕਿਸਤਾਨੀ ਮਰੀਜ਼ ਨੂੰ ਭਾਰਤ ਵਿੱਚ ਇਲਾਜ ਲਈ ਵੀਜ਼ਾ ਮਿਲ ਗਿਆ। ਮਰੀਜ਼ ਦੀ ਭੈਣ ਨੇ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਟਵਿਟਰ 'ਤੇ ਵੀਜ਼ਾ ਲਈ ਅਪੀਲ ਕੀਤੀ।

ਪਾਕਿਸਤਾਨ ਦੇ ਰਾਵਲਪਿੰਡੀ 'ਚ ਲੈਕਚਰਾਰ ਸੁਮਾਏਰਾ ਹੰਮਦ ਮਲਿਕ ਨੇ ਸੁਸ਼ਮਾ ਸਵਰਾਜ ਨੂੰ ਟਵਿਟਰ 'ਤੇ ਦਿਵਾਲੀ ਦੀਆਂ ਮੁਬਾਰਕਾਂ ਦਿੰਦਿਆਂ ਮਦਦ ਦੀ ਗੁਹਾਰ ਲਾਈ ਸੀ।

ਇਸ ਮੌਕੇ ਉਨ੍ਹਾਂ ਆਪਣੇ ਭਰਾ ਡਾਕਟਰ ਤੈਮੂਰ ਲਈ ਵੀਜ਼ਾ ਦੇਣ ਦੀ ਗੁਜ਼ਾਰਿਸ਼ ਕੀਤੀ ਸੀ। ਤੈਮੂਰ ਨੂੰ ਲੀਵਰ ਕੈਂਸਰ ਹੈ।

ਕੁਝ ਹੀ ਘੰਟਿਆਂ 'ਚ ਸਵਰਾਜ ਨੇ ਸੁਮਾਏਰਾ ਨਾਲ ਗੱਲ ਕੀਤੀ। ਉਨ੍ਹਾਂ ਸੁਮਾਏਰਾ ਨੂੰ ਇਸਲਾਮਾਬਾਦ ਵਿੱਚ ਭਾਰਤੀ ਹਾਈ ਕਮਿਸ਼ਨ ਨਾਲ ਸੰਪਰਕ ਕਰਨ ਲਈ ਕਿਹਾ।

Sushma Swaraj tweet

ਤਸਵੀਰ ਸਰੋਤ, TWITTER

ਸੁਸ਼ਮਾ ਸਵਰਾਜ ਨੇ ਟਵੀਟ ਕੀਤਾ, ''ਪਾਕਿਸਤਾਨ 'ਚ ਭਾਰਤੀ ਹਾਈ ਕਮਿਸ਼ਨ ਨਾਲ ਸੰਪਰਕ ਕਰੋ। ਅਸੀਂ ਜ਼ਰੂਰ ਮਦਦ ਕਰਾਂਗੇ।''

ਬੀਬੀਸੀ ਨਾਲ ਗੱਲ ਕਰਦਿਆਂ ਸੁਮਾਏਰਾ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਜਨਵਰੀ ਤੋਂ ਵੀਜ਼ਾ ਲੈਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਸੀ।

ਉਨ੍ਹਾਂ ਕਿਹਾ, ''ਅਸੀਂ ਕਾਫੀ ਪਰੇਸ਼ਾਨ ਸੀ, ਇਸ ਲਈ ਮੈਂ ਇੱਦਾਂ ਹੀ ਸੁਸ਼ਮਾ ਜੀ ਤੋਂ ਮਦਦ ਮੰਗ ਲਈ। ਜਾਣਦੀ ਸੀ ਕਿ ਪਹਿਲਾਂ ਵੀ ਉਹ ਕੁਝ ਮਰੀਜ਼ਾਂ ਦੀ ਮਦਦ ਕਰ ਚੁੱਕੇ ਸਨ।''

ਪਰਿਵਾਰ ਨੂੰ ਸਵੇਰੇ ਹੀ ਤੈਮੂਰ ਦਾ ਵੀਜ਼ਾ ਮਿਲ ਗਿਆ।

ਤੈਮੂਰ ਵਰਗੇ ਹੋਰ ਵੀ ਖੁਸ਼ਕਿਸਮਤ

ਤਾਏਮੂਰ ਪਹਿਲਾਂ ਵੀ ਇਲਾਜ ਲਈ ਭਾਰਤ ਆ ਚੁੱਕੇ ਹਨ। ਉਹ ਛਾਤੀ ਦੇ ਸਪੈਸ਼ਲਿਸਟ ਹਨ ਅਤੇ ਪਾਕਿਸਤਾਨ ਦੇ ਮੀਆਂਵਾਲੀ ਵਿੱਚ ਰਹਿੰਦੇ ਹਨ।

ਸੁਮਾਏਰਾ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਇਸ ਕਦਮ ਨਾਲ ਬੇਹੱਦ ਖੁਸ਼ ਹੈ ਅਤੇ ਤੈਮੂਰ ਜਲਦ ਇਲਾਜ਼ ਲਈ ਦਿੱਲੀ ਜਾਣਗੇ।

ਸਿਰਫ ਸੁਮਾਏਰਾ ਦੇ ਭਰਾ ਲਈ ਹੀ ਨਹੀਂ, ਬਲਕਿ 18 ਅਕਤੂਬਰ ਨੂੰ ਸੁਸ਼ਮਾ ਨੇ ਟਵਿਟਰ 'ਤੇ ਕਈ ਮਰੀਜ਼ਾਂ ਦੀ ਅਰਜ਼ੀ ਸੁਣੀ। ਜ਼ਿਆਦਾਤਰ ਮਰੀਜ਼ ਲੀਵਰ ਕੈਂਸਰ ਤੋਂ ਪੀੜਤ ਸਨ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗ੍ਰਾਮ ਪੰਨਾ ਦੇਖੋ।)