ਹੈਦਰਾਬਾਦ ਦੇ ਸਕੂਲ ਵਿੱਚ ਕੁੜੀ ਨੂੰ ਮੁੰਡਿਆ ਦੇ ਟਾਇਲਟ ‘ਚ ਖੜਾ ਕਰਨ ਦੀ 'ਸਜ਼ਾ'

ਤਸਵੀਰ ਸਰੋਤ, Imran Qureshi
- ਲੇਖਕ, ਇਮਰਾਨ ਕੁਰੈਸ਼ੀ
- ਰੋਲ, ਬੀਬੀਸੀ ਹਿੰਦੀ ਡਾਟਕਾਮ ਲਈ
ਹੈਦਰਾਬਾਦ ਦੇ ਇੱਕ ਸਕੂਲ 'ਚ ਪੰਜਵੀ ਜਮਾਤ 'ਚ ਪੜ੍ਹਨ ਵਾਲੀ ਵਿਦਿਆਰਥਣ ਨੂੰ ਵਰਦੀ ਨਾ ਪਾਏ ਜਾਣ 'ਤੇ ਟੀਚਰ ਵੱਲੋਂ ਅਜੀਬ ਸਜ਼ਾ ਦੇਣ ਦਾ ਦੋਸ਼ ਲੱਗਿਆ ਹੈ।
ਇਲਜ਼ਾਮ ਹੈ ਕਿ ਪੀਈਟੀ ਟੀਚਰ ਨੇ ਉਸ ਨੂੰ ਮੁੰਡਿਆ ਦੇ ਟਾਇਲਟ 'ਚ ਖੜਾ ਕਰ ਦਿੱਤਾ।
ਬੱਚੀ ਦੇ ਮਾਪਿਆਂ ਵੱਲੋਂ ਉਸ ਦੇ ਮਾਨਸਿਕ ਤੌਰ 'ਤੇ ਪਰੇਸ਼ਾਨ ਹੋਣ ਦਾ ਹਵਾਲਾ ਦੇ ਕੇ ਮਾਮਲਾ ਦਰਜ ਕਰਵਾਇਆ ਗਿਆ ਹੈ। ਸਕੂਲ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਕੀਤੇ ਜਾਣ ਦੀ ਗੱਲ ਕਹੀ ਗਈ ਹੈ।
ਕੁੜੀ 'ਤੇ ਡੂੰਘਾ ਮਾਨਸਿਕ ਅਸਰ
ਕੁੜੀ ਦੇ ਪਿਤਾ ਰਾਮਕ੍ਰਿਸ਼ਨ ਅਮਰੀਸ਼ੈੱਟੀ ਨੇ ਕਿਹਾ, ''ਉਹ ਘਰ ਵਾਪਿਸ ਆਉਂਦਿਆਂ ਹੀ ਰੋਣ ਲੱਗੀ ਤੇ ਕਹਿਣ ਲੱਗੀ ਕਿ ਉਹ ਵਾਪਿਸ ਸਕੂਲ ਨਹੀਂ ਜਾਵੇਗੀ, ਉਹ ਘਰ ਦਾ ਸਾਰਾ ਕੰਮ ਕਰੇਗੀ, ਭਾਂਡੇ ਵੀ ਸਾਫ ਕਰੇਗੀ ਪਰ ਸਕੂਲ ਨਹੀਂ ਜਾਵੇਗੀ।''
ਗਿਆਰਾਂ ਸਾਲਾਂ ਦੀ ਕੁੜੀ 'ਤੇ ਸਕੂਲ 'ਚ ਮਿਲੀ ਸਜ਼ਾ ਦਾ ਡੂੰਘਾ ਅਸਰ ਹੋਇਆ ਹੈ। ਉਸ ਦੇ ਪਿਤਾ ਉਸ ਨੂੰ ਮਨੋਵਿਗਿਆਨਕ ਕੋਲ ਲੈ ਕੇ ਜਾ ਰਹੇ ਹਨ।
ਟੀਚਰ ਖਿਲਾਫ਼ ਪੋਕਸੋ (ਪ੍ਰੋਟੈਕਸ਼ਨ ਆਫ ਚਿਲਡਰਨ ਅਗੇਂਸਟ ਸੈਕਸ਼ੂਅਲ ਓਫੈਂਸਜ਼ ਬਿੱਲ) ਐਕਟ ਦੇ ਤਹਿਤ ਮਾਮਲਾ ਦਰਜ ਕਰਵਾਇਆ ਗਿਆ ਹੈ।

ਤਸਵੀਰ ਸਰੋਤ, Getty Images
ਹਾਰਡਵੇਅਰ ਇੰਜੀਨੀਅਰ ਰਾਮਕ੍ਰਿਸ਼ਨ ਇੱਕ ਆਈਟੀ ਕੰਪਨੀ 'ਚ ਕੰਮ ਕਰਦੇ ਹਨ। ਉਨ੍ਹਾਂ ਦੱਸਿਆ ਕਿ ਉਹ ਸਕੂਲ ਤੋਂ ਪਰਤੀ ਤੇ ਲਗਾਤਾਰ ਰੋਂਦੀ ਰਹੀ। ਮੇਰੇ ਕਈ ਵਾਰ ਪੁੱਛਣ 'ਤੇ ਉਸਨੇ ਦੱਸਿਆ ਕਿ ਸਕੂਲ 'ਚ ਉਸ ਨਾਲ ਕੀ ਵਾਪਰਿਆ ਹੈ।
ਉਨ੍ਹਾਂ ਦੀ ਪਤਨੀ ਨੇ ਸਕੂਲ ਡਾਇਰੀ 'ਚ ਸ਼ਨੀਵਾਰ ਨੂੰ ਇਹ ਲਿਖ ਕੇ ਦਿੱਤਾ ਸੀ ਕਿ ਉਸਦੀ ਬੇਟੀ ਦੀ ਵਰਦੀ ਗੰਦੀ ਹੋਣ ਕਰਕੇ ਸਿਵਲ ਡ੍ਰੇਸ 'ਚ ਹੀ ਜਾ ਰਹੀ ਹੈ।
'ਮੈਂ ਸਕੂਲ ਨਹੀਂ ਜਾਵਾਂਗੀ'
ਕਲਾਸ ਟੀਚਰ ਨੇ ਉਸ ਨੂੰ ਕਲਾਸ 'ਚ ਬੈਠਣ ਦੀ ਇਜਾਜ਼ਤ ਦੇ ਦਿੱਤੀ, ਪਰ ਚੌਥੇ ਪੀਰਿਅਡ ਦੇ ਬਾਅਦ ਲੜਕੀ ਟਾਇਲਟ ਗਈ, ਤਾਂ ਸਰੀਰਿਕ ਸਿੱਖਿਆ ਟ੍ਰੇਨਰ ਉਸਨੂੰ ਦੇਖ ਕੇ ਝਿੜਕਣ ਲੱਗ ਗਈ।
ਕੁੜੀ ਮੁਤਾਬਿਕ ਟੀਚਰ ਪੁੱਛਣ ਲੱਗੀ ਕਿ ਮੈਂ ਵਰਦੀ ਕਿਉਂ ਨਹੀਂ ਪਾਈ। ਮੈਂ ਦੱਸਿਆ ਕਿ ਵਰਦੀ ਧੋਤੀ ਨਹੀਂ ਸੀ ਇਸ ਕਰਕੇ। ਉਹ ਮੇਰੇ ਨਾਲ ਗੁੱਸਾ ਹੋ ਗਈ ਤੇ ਮੈਨੂੰ ਮੁੰਡਿਆ ਦੇ ਟਾਇਲਟ 'ਚ ਖੜ੍ਹਾ ਦਿੱਤਾ।
ਉਸ ਨੇ ਕਿਹਾ, ''ਕਲਾਸ ਦੇ ਸਾਰੇ ਬੱਚਿਆਂ ਨੇ ਮੈਨੂੰ ਉੱਥੇ ਖੜ੍ਹੀ ਦੇਖਿਆ ਤੇ ਹੱਸਣ ਲੱਗੇ। ਉਹ ਮੈਨੂੰ ਕਲਾਸ 'ਚ ਲੈ ਗਈ 'ਤੇ ਸਾਰਿਆ ਦੇ ਸਾਹਮਣੇ ਮੇਰੀ ਬੇਇੱਜ਼ਤੀ ਕੀਤੀ। ਮੈਂ ਸਕੂਲ ਨਹੀਂ ਜਾਵਾਂਗੀ।''

ਤਸਵੀਰ ਸਰੋਤ, Getty Images
ਲੜਕੀ ਦੇ ਪਿਤਾ ਨੇ ਇਹ ਵੀਡੀਓ ਤੇਲੰਗਾਨਾ ਦੇ ਜੁਵੇਨਾਇਲ ਜਸਟਿਸ ਵਿਭਾਗ ਦੇ ਚਾਇਲਡ ਪ੍ਰੋਟੈਕਸ਼ਨ ਸੈੱਲ ਨੂੰ ਵਿਖਾਇਆ ਤੇ ਕਾਰਵਾਈ ਦੀ ਮੰਗ ਕੀਤੀ। ਧੀ ਨੂੰ ਪਰੇਸ਼ਾਨ ਦੇਖ ਰਾਮਕ੍ਰਿਸ਼ਨ ਉਸ ਨੂੰ ਨਾਲ ਲੈ ਕੇ ਫਿਰ ਸਕੂਲ ਗਏ। ਗੱਲਬਾਤ ਦੇ ਦੌਰਾਨ ਸਕੂਲ ਪ੍ਰਸ਼ਾਸਨ ਦਾ ਤਰੀਕਾ ਸਹੀ ਨਾ ਲੱਗਣ 'ਤੇ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ।
ਟੀਚਰ ਮੁਅੱਤਲ
ਸਕੂਲ ਦੀ ਪ੍ਰਿੰਸੀਪਲ ਨਵਿਆ ਨੇ ਬੀਬੀਸੀ ਨੂੰ ਦੱਸਿਆ, ''ਟੀਚਰ ਨੇ ਸਿਰਫ ਇਹ ਜਾਣਨ ਲਈ ਅਜਿਹਾ ਕੀਤਾ ਕਿ ਕੁੜੀ ਨੇ ਡਰੈਸ ਕਿਉਂ ਨਹੀਂ ਪਾਈ। ਅਸੀਂ ਲੜਕੀ ਨੂੰ ਦੋਸ਼ ਨਹੀਂ ਦੇ ਰਹੇ।ਅਸੀਂ ਮਾਮਲੇ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਟੀਚਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ''
ਬੱਚਿਆਂ ਦੇ ਅਧਿਕਾਰਾਂ ਲਈ ਕੰਮ ਕਰਨ ਵਾਲੇ ਸੰਗਠਨ ਬੱਲਾਕੂ ਬੱਕੂਲੂ ਸੰਘ ਦੇ ਅਚਯੁੱਤ ਰਾਓ ਤੋਂ ਵੀ ਰਾਮਕ੍ਰਿਸ਼ਨ ਨੇ ਮਦਦ ਮੰਗੀ ਹੈ। ਉਨ੍ਹਾਂ ਨੇ ਦੱਸਿਆ, ''ਹੈਦਰਾਬਾਦ 'ਚ ਅਜਿਹੀ ਸਜ਼ਾ ਦੇਣ ਦੇ ਤਿੰਨ-ਚਾਰ ਮਾਮਲੇ ਸਾਹਮਣੇ ਆ ਚੁਕੇ ਹਨ। ਮੇਰੇ ਅਦਾਰੇ 'ਚ ਹੀ ਇੱਕ ਮਹੀਨੇ 'ਚ 15-20 ਸ਼ਿਕਾਇਤਾ ਆਉਂਦੀਆਂ ਹਨ।''












