ਸੈਫ਼ ਆਲੀ ਖ਼ਾਨ ਦੇ ਜਲਦੀ ਠੀਕ ਹੋਣ ʼਤੇ ਜਾਣੋ ਕਿਹੜੇ ਸਵਾਲ ਉੱਠਣ ਲੱਗੇ

ਤਸਵੀਰ ਸਰੋਤ, ANI
ਚਾਕੂ ਨਾਲ ਹਮਲੇ ਵਿੱਚ ਜਖ਼ਮੀ ਹੋਣ ਤੋਂ ਬਾਅਦ ਅਦਾਕਾਰ ਸੈਫ਼ ਅਲੀ ਖ਼ਾਨ ਠੀਕ ਹੋ ਕੇ ਹਸਪਤਾਲ ਤੋਂ ਘਰ ਆ ਗਏ ਹਨ।
ਪਰ ਹੁਣ ਉਨ੍ਹਾਂ ਦੇ ਇੰਨੀ ਜਲਦੀ ਠੀਕ ਹੋਣ ʼਤੇ ਸਵਾਲ ਉੱਠਣ ਲੱਗੇ ਹਨ। ਸਵਾਲ ਕਰਨ ਵਾਲਿਆਂ ਵਿੱਚ ਮਹਾਰਾਸ਼ਟਰ ਦੇ ਮੰਤਰੀ ਅਤੇ ਸਰਕਾਰ ਵਿੱਚ ਸ਼ਾਮਲ ਸ਼ਿਵਸੈਨਾ ਆਗੂ ਹਨ।
ਮਹਾਰਾਸ਼ਟਰ ਦੀ ਫਡਨਵੀਸ ਸਰਕਾਰ ਦੇ ਮੰਤਰੀ ਅਤੇ ਭਾਜਪਾ ਆਗੂ ਨਿਤੇਸ਼ ਰਾਣੇ ਨੇ ਸੈਫ਼ ਅਲੀ ਖ਼ਾਨ ʼਤੇ ਸਵਾਲ ਚੁੱਕਦੇ ਹੋਏ ਪੁੱਛਿਆ ਹੈ ਕਿ ਕੀ ਉਨ੍ਹਾਂ 'ਤੇ ਸੱਚਮੁੱਚ ਚਾਕੂ ਨਾਲ ਹਮਲਾ ਹੋਇਆ ਸੀ ਜਾਂ ਸਿਰਫ਼ ਉਹ ਐਕਟਿੰਗ ਕਰ ਰਹੇ ਸਨ।
ਇਸ ਤੋਂ ਪਹਿਲਾਂ ਸ਼ਿਵ ਸੈਨਾ ਨੇਤਾ ਸੰਜੇ ਨਿਰੂਪਮ ਨੇ ਵੀ ਕਿਹਾ ਸੀ ਕਿ ਸੈਫ਼ ਅਲੀ ਖ਼ਾਨ ਪੰਜ ਦਿਨਾਂ ਵਿੱਚ ਇੰਨੇ ਫਿੱਟ ਕਿਵੇਂ ਹੋ ਗਏ।
ਸੈਫ਼ ਦੀ ਰਿਕਵਰੀ 'ਤੇ ਸਵਾਲ
ਪੁਲਿਸ ਨੇ ਸੈਫ਼ ਅਲੀ ਖ਼ਾਨ 'ਤੇ ਹਮਲਾ ਕਰਨ ਦੇ ਇਲਜ਼ਾਮ ਵਿੱਚ ਠਾਣੇ ਤੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ।
ਮੁਲਜ਼ਮ ਦਾ ਨਾਮ ਮੁਹੰਮਦ ਸ਼ਰੀਫੁਲ ਇਸਲਾਮ ਸ਼ਹਿਜ਼ਾਦ ਦੱਸਿਆ ਗਿਆ ਹੈ। ਪੁਲਿਸ ਨੇ ਇਹ ਵੀ ਸ਼ੱਕ ਜਤਾਇਆ ਸੀ ਕਿ ਮੁਲਜ਼ਮ ਬੰਗਲਾਦੇਸ਼ੀ ਸੀ।
ਮਹਾਰਾਸ਼ਟਰ ਸਰਕਾਰ ਵਿੱਚ ਬੰਦਰਗਾਹਾਂ ਅਤੇ ਮੱਛੀ ਪਾਲਣ ਵਿਭਾਗ ਸੰਭਾਲਣ ਵਾਲੇ ਨਿਤੇਸ਼ ਰਾਣੇ ਨੇ ਬੁੱਧਵਾਰ ਨੂੰ ਪੁਣੇ ਵਿੱਚ ਇੱਕ ਇਕੱਠ ਨੂੰ ਸੰਬੋਧਨ ਕੀਤਾ।
ਇਸ ਦੌਰਾਨ, ਉਨ੍ਹਾਂ ਨੇ ਕਿਹਾ, "ਦੇਖੋ ਬੰਗਲਾਦੇਸ਼ੀ ਮੁੰਬਈ ਵਿੱਚ ਕੀ ਕਰ ਰਹੇ ਹਨ। ਉਹ ਸੈਫ਼ ਅਲੀ ਖ਼ਾਨ ਦੇ ਘਰ ਵੜ੍ਹ ਗਏ। ਪਹਿਲਾਂ ਉਹ ਸੜਕਾਂ ਅਤੇ ਚੌਰਾਹਿਆਂ 'ਤੇ ਖੜ੍ਹੇ ਹੁੰਦੇ ਸਨ, ਪਰ ਹੁਣ ਇਹ ਲੋਕਾਂ ਦੇ ਘਰਾਂ ਵਿੱਚ ਦਾਖ਼ਲ ਹੋਣ ਲੱਗੇ ਹਨ। ਹੋ ਸਕਦਾ ਹੈ ਕਿ ਉਹ ਉਨ੍ਹਾਂ ਨੂੰ (ਸੈਫ਼) ਲੈ ਕੇ ਜਾਣ ਲਈ ਆਏ ਹੋਏ। ਚੰਗਾ ਹੈ।"
ਨਿਤੇਸ਼ ਰਾਣੇ ਨੇ ਕਿਹਾ, "ਮੈਂ ਉਨ੍ਹਾਂ ਨੂੰ ਹਸਪਤਾਲ ਤੋਂ ਬਾਹਰ ਆਉਂਦੇ ਦੇਖਿਆ। ਮੈਨੂੰ ਸ਼ੱਕ ਹੋਇਆ ਕਿ ਕੀ ਉਨ੍ਹਾਂ 'ਤੇ ਚਾਕੂ ਨਾਲ ਹਮਲਾ ਹੋਇਆ ਸੀ ਜਾਂ ਉਹ ਐਕਟਿੰਗ ਕਰ ਰਹੇ ਸਨ।"
"ਉਹ ਜਦੋਂ ਤੁਰ ਰਹੇ ਸਨ ਤਾਂ ਡਾਂਸ ਕਰ ਰਹੇ ਸਨ। ਜਦੋਂ ਵੀ ਸ਼ਾਹਰੁਖ਼ ਖ਼ਾਨ ਜਾਂ ਸੈਫ਼ ਅਲੀ ਖ਼ਾਨ ਵਰਗੇ ਕਿਸੇ ਖ਼ਾਨ ਨੂੰ ਵੀ ਸੱਟ ਲੱਗਦੀ ਹੈ, ਹਰ ਕੋਈ ਉਨ੍ਹਾਂ ਬਾਰੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਹਨ।"

ਤਸਵੀਰ ਸਰੋਤ, Getty Images
ਨਿਤੇਸ਼ ਰਾਣੇ ਨੇ ਕਿਹਾ, "ਜਦੋਂ ਸੁਸ਼ਾਂਤ ਸਿੰਘ ਰਾਜਪੂਤ ਵਰਗੇ ਹਿੰਦੂ ਅਦਾਕਾਰ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ, ਤਾਂ ਕੋਈ ਵੀ ਕੁਝ ਕਹਿਣ ਲਈ ਅੱਗੇ ਨਹੀਂ ਆਉਂਦਾ। ਇਸ ਬਾਰੇ ਮੁੰਬਰਾ ਦੇ ਜੀਤੁਦੀਨ (ਜਿਤੇਂਦਰ ਅਵਹਾੜ) ਅਤੇ ਬਾਰਾਮਤੀ ਦੀ ਤਾਈ (ਸੁਪ੍ਰਿਆ ਸੁਲੇ) ਕੁਝ ਕਹਿਣ ਲਈ ਅੱਗੇ ਨਹੀਂ ਆਉਂਦੇ।"
"ਉਨ੍ਹਾਂ ਨੂੰ ਸਿਰਫ਼ ਸੈਫ਼ ਅਲੀ ਖ਼ਾਨ, ਸ਼ਾਹਰੁਖ਼ ਖ਼ਾਨ ਦੇ ਪੁੱਤਰ ਅਤੇ ਨਵਾਬ ਮਲਿਕ ਦੀ ਚਿੰਤਾ ਹੈ। ਕੀ ਤੁਸੀਂ ਇਨ੍ਹਾਂ ਲੋਕਾਂ ਨੂੰ ਹਿੰਦੂ ਕਲਾਕਾਰਾਂ ਬਾਰੇ ਚਿੰਤਾ ਕਰਦਿਆਂ ਦੇਖਿਆ ਹੈ? ਤੁਹਾਨੂੰ ਇਨ੍ਹਾਂ ਸਾਰੀਆਂ ਗੱਲਾਂ ʼਤੇ ਧਿਆਨ ਦੇਣਾ ਚਾਹੀਦਾ ਹੈ।"
ਜਿਤੇਂਦਰ ਅਵਹਾੜ ਅਤੇ ਸੁਪ੍ਰਿਆ ਸੁਲੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਆਗੂ ਹਨ।

ਸੰਜੇ ਨਿਰੂਪਮ ਨੇ ਵੀ ਚੁੱਕੇ ਸਵਾਲ
ਸ਼ਿਵ ਸੈਨਾ ਆਗੂ ਸੰਜੇ ਨਿਰੂਪਮ ਨੇ ਸੈਫ਼ ਅਲੀ ਖ਼ਾਨ ਦੀ ਸਿਹਤਯਾਬੀ 'ਤੇ ਸਵਾਲ ਚੁੱਕਦੇ ਹੋਏ ਪੁੱਛਿਆ ਕਿ ਕੀ ਮੈਡੀਕਲ ਸੈਕਟਰ ਇੰਨੀ ਤਰੱਕੀ ਕਰ ਗਿਆ ਹੈ ਕਿ ਹਮਲੇ ਤੋਂ ਬਾਅਦ ਸੈਫ਼ ਛਾਲਾਂ ਮਾਰਦੇ ਘਰ ਪਹੁੰਚ ਗਏ।
ਉਨ੍ਹਾਂ ਨੇ ਨਿਊਜ਼ ਏਜੰਸੀ ਏਐੱਨਆਈ ਨੂੰ ਕਿਹਾ, "ਜਦੋਂ ਉਨ੍ਹਾਂ (ਸੈਫ਼) 'ਤੇ ਹਮਲਾ ਹੋਇਆ, ਤਾਂ ਡਾਕਟਰਾਂ ਨੇ ਦੱਸਿਆ ਕਿ ਢਾਈ ਇੰਚ ਦਾ ਚਾਕੂ ਉਨ੍ਹਾਂ ਦੀ ਪਿੱਠ ਵਿੱਚ ਵੜ ਗਿਆ ਸੀ। ਡਾਕਟਰਾਂ ਨੇ ਇਹ ਵੀ ਦੱਸਿਆ ਕਿ ਆਪ੍ਰੇਸ਼ਨ ਛੇ ਘੰਟੇ ਚੱਲਿਆ। ਉਸ ਤੋਂ ਬਾਅਦ ਆਟੋ ਡਰਾਈਵਰ ਨੇ ਕਿਹਾ ਕਿ ਉਨ੍ਹਾਂ ਨੂੰ ਲਹੂ-ਲੁਹਾਨ ਹਾਲਤ ਵਿੱਚ ਸਟਰੈਚਰ 'ਤੇ ਹਸਪਤਾਲ ਪਹੁੰਚਾਇਆ ਗਿਆ।"
ਸੰਜੇ ਨਿਰੂਪਮ ਨੇ ਪੁੱਛਿਆ, "ਮੈਡੀਕਲ ਸੈਕਟਰ ਇੰਨੀ ਤਰੱਕੀ ਕਰ ਗਿਆ ਹੈ ਕਿ ਚਾਰ ਦਿਨਾਂ ਬਾਅਦ ਮੈਂ ਦੇਖਦਾ ਹਾਂ ਕਿ ਸੈਫ਼ ਅਲੀ ਖ਼ਾਨ ਸਾਹਬ ਇੱਕ ਦਮ ਛਾਲਾਂ-ਮਾਰਦੇ ਆਪਣੇ ਘਰ ਵਾਪਸ ਆ ਜਾਂਦੇ ਹਨ।"
"ਮੇਰੇ ਮਨ ਵਿੱਚ ਸਵਾਲ ਉਠਿਆ ਕਿ ਕੀ ਸੈਫ਼ ਫਿਜ਼ੀਕਲੀ ਇੰਨੇ ਫਿੱਟ ਕਿਵੇਂ ਹਨ, ਕਿ ਉਸ ਕਾਰਨ ਇੰਨਾ ਫਾਸਟ ਰਿਕਵਰ ਕਰ ਗਏ? ਜਾਂ ਕੋਈ ਹੋਰ ਕਾਰਨ ਹੈ। ਦੱਸਿਆ ਜਾਣਾ ਚਾਹੀਦਾ ਹੈ ਕਿ ਜੋ ਹਮਲਾ ਸੀ ਉਹ ਕਿੰਨਾ ਕੁ ਘਾਤਕ ਸੀ।"
ਸੰਜੇ ਨਿਰੂਪਮ ਨੇ ਇਹ ਵੀ ਕਿਹਾ ਕਿ ਪਰਿਵਾਰ ਨੂੰ ਅੱਗੇ ਆ ਕੇ ਇਸ ਹਮਲੇ ਬਾਰੇ ਸਭ ਕੁਝ ਦੱਸਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਹਮਲੇ ਤੋਂ ਬਾਅਦ ਅਜਿਹਾ ਮਾਹੌਲ ਬਣ ਗਿਆ ਸੀ ਕਿ ਪੂਰੀ ਮੁੰਬਈ ਵਿੱਚ ਕਾਨੂੰਨ ਵਿਵਸਥਾ ਫੇਲ੍ਹ ਹੋ ਗਈ ਹੈ। ਜਦਕਿ ਸੈਫ਼ ਅਲੀ ਖ਼ਾਨ ਜਿਸ ਤਰ੍ਹਾਂ ਚਾਰ ਦਿਨਾਂ ਬਾਅਦ ਬਾਹਰ ਆਇਆ, ਉਸ ਨੂੰ ਦੇਖ ਕੇ ਅਜਿਹਾ ਲੱਗਾ ਹੀ ਨਹੀਂ ਕਿ ਕੁਝ ਹੋਇਆ ਹੈ।

ਤਸਵੀਰ ਸਰੋਤ, ANI
ਸੈਫ਼ ਅਲੀ ਖ਼ਨ 'ਤੇ ਹਮਲਾ
ਸੈਫ਼ ਅਲੀ ਖ਼ਾਨ 'ਤੇ 15-16 ਜਨਵਰੀ ਦੀ ਰਾਤ ਨੂੰ ਉਨ੍ਹਾਂ ਦੇ ਬਾਂਦਰਾ ਸਥਿਤ ਘਰ 'ਤੇ ਇੱਕ ਅਣਪਛਾਤੇ ਵਿਅਕਤੀ ਨੇ ਕਈ ਵਾਰ ਚਾਕੂ ਨਾਲ ਵਾਰ ਕੀਤਾ। ਇਸ ਤੋਂ ਬਾਅਦ ਸੈਫ਼ ਅਲੀ ਖ਼ਾਨ ਨੂੰ ਲੀਲਾਵਤੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।
ਇਸ ਹਮਲੇ ਵਿੱਚ ਸੈਫ਼ ਅਲੀ ਖ਼ਾਨ ਨੂੰ ਛੇ ਥਾਵਾਂ 'ਤੇ ਸੱਟਾਂ ਲੱਗੀਆਂ, ਜਿਸ ਵਿੱਚ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਅਤੇ ਗਰਦਨ 'ਤੇ ਡੂੰਘੇ ਜ਼ਖ਼ਮ ਵੀ ਸ਼ਾਮਲ ਸਨ। ਸੈਫ਼ ਅਲੀ ਖ਼ਾਨ ਦੀ ਸਰਜਰੀ ਕੀਤੀ ਗਈ।
ਡਾਕਟਰਾਂ ਨੇ ਕਿਹਾ ਸੀ, "ਸੈਫ਼ ਅਲੀ ਖ਼ਾਨ ਦੀ ਰੀੜ੍ਹ ਦੀ ਹੱਡੀ ਵਿੱਚੋਂ ਢਾਈ ਇੰਚ ਲੰਬਾ ਚਾਕੂ ਦਾ ਟੁਕੜਾ ਕੱਢਿਆ ਗਿਆ ਹੈ।"
ਸੈਫ਼ ਅਲੀ ਖ਼ਾਨ ਨੂੰ ਮੰਗਲਵਾਰ ਨੂੰ ਲੀਲਾਵਤੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਪੁਲਿਸ ਵਾਲਿਆਂ ਨਾਲ ਘਿਰੇ ਸੈਫ਼ ਅਲੀ ਖ਼ਾਨ ਨੇ ਹਸਪਤਾਲ ਦੇ ਬਾਹਰ ਮੌਜੂਦ ਪ੍ਰਸ਼ੰਸਕਾਂ ਅਤੇ ਮੀਡੀਆ ਕਰਮਚਾਰੀਆਂ ਦਾ ਸਵਾਗਤ ਕੀਤਾ ਅਤੇ ਉੱਥੋਂ ਚਲੇ ਗਏ।
ਪੁਲਿਸ ਅਤੇ ਸੈਫ਼ ਅਲੀ ਖ਼ਾਨ ਦੀ ਟੀਮ ਨੇ ਕਿਹਾ ਕਿ ਇਹ ਘੁਸਪੈਠੀਆ ਚੋਰੀ ਦੇ ਇਰਾਦੇ ਨਾਲ ਸੈਫ਼ ਅਲੀ ਖ਼ਾਨ ਦੇ ਘਰ ਵਿੱਚ ਵੜਿਆ ਸੀ।
ਪੁਲਿਸ ਨੇ ਬੀਤੇ ਐਤਵਾਰ ਨੂੰ ਮੁਹੰਮਦ ਸ਼ਰੀਫੁਲ ਇਸਲਾਮ ਸ਼ਹਿਜ਼ਾਦ ਨਾਮ ਦੇ ਸ਼ਖ਼ਸ ਨੂੰ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮ ਨੂੰ ਪੰਜ ਦਿਨ ਦੀ ਪੁਲਿਸ ਹਿਰਾਸਤ ਵਿੱਚ ਭੇਜਿਆ ਗਿਆ ਹੈ।
ਪੁਲਿਸ ਨੇ ਦੱਸਿਆ ਕਿ 30 ਸਾਲਾ ਸ਼ਹਿਜ਼ਾਦ ਕੁਝ ਦਿਨ ਮੁੰਬਈ ਰਹਿ ਕੇ ਉੱਥੋਂ ਚਲੇ ਗਏ ਸਨ। ਪੁਲਿਸ ਨੇ ਵੀ ਕਿਹਾ ਕਿ ਉਹ ਬੰਗਲਾਦੇਸ਼ ਦੇ ਨਾਗਰਿਕ ਹੋ ਸਕਦੇ ਹਨ।
ਜ਼ੋਨ-9 ਦੇ ਪੁਲਿਸ ਡਿਪਟੀ ਕਮਿਸ਼ਨਰ ਆਫ਼ ਪੁਲਿਸ ਦੀਕਸ਼ਿਤ ਗੇਡਾਮ ਨੇ ਮੁਲਜ਼ਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਿਹਾ, "ਇਹ ਸ਼ੱਕ ਹੈ ਕਿ ਮੁਲਜ਼ਮ ਬੰਗਲਾਦੇਸ਼ੀ ਮੂਲ ਦਾ ਹੈ ਅਤੇ ਇਸ ਮਾਮਲੇ ਵਿੱਚ ਪਾਸਪੋਰਟ ਐਕਟ ਦੀਆਂ ਢੁਕਵੀਆਂ ਧਾਰਾਵਾਂ ਵੀ ਜੋੜੀਆਂ ਗਈਆਂ ਹਨ।"
"ਘਟਨਾ ਵੇਲੇ ਮੁਲਜ਼ਮ ਚੋਰੀ ਦੇ ਇਰਾਦੇ ਨਾਲ ਘਰ ਵਿੱਚ ਵੜਿਆ ਸੀ।"

ਤਸਵੀਰ ਸਰੋਤ, Getty Images
ਸ਼ਿਕਾਇਤ ਵਿੱਚ ਕੀ ਦੱਸਿਆ ਗਿਆ
ਨਿਊਜ਼ ਏਜੰਸੀ ਪੀਟੀਆਈ ਅਨੁਸਾਰ, ਸੈਫ਼ ਅਲੀ ਖ਼ਾਨ ਦੇ ਘਰ ਦੀ ਸਟਾਫ ਨਰਸ ਇਲਿਆਮਾ ਫਿਲਿਪਸ ਨੇ ਪੁਲਿਸ ਨੂੰ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਹਮਲਾਵਰ ਨੇ ਇੱਕ ਕਰੋੜ ਰੁਪਏ ਦੀ ਮੰਗ ਕੀਤੀ ਸੀ।
ਸ਼ਿਕਾਇਤ ਦੇ ਹਵਾਲੇ ਨਾਲ ਪੀਟੀਆਈ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਘੁਸਪੈਠੀਆ ਸਭ ਤੋਂ ਪਹਿਲਾਂ ਸੈਫ਼ ਅਤੇ ਕਰੀਨਾ ਦੇ ਛੋਟੇ ਪੁੱਤਰ ਜੇਹ ਦੇ ਕਮਰੇ ਵਿੱਚ ਦਾਖ਼ਲ ਹੋਇਆ।
ਨਰਸ ਨੇ ਪੁਲਿਸ ਨੂੰ ਦੱਸਿਆ ਕਿ ਰਾਤ ਦੇ 2 ਵਜੇ ਉਨ੍ਹਾਂ ਨੇ ਜੇਹ ਦੇ ਕਮਰੇ ਵਿੱਚੋਂ ਕੁਝ ਆਵਾਜ਼ ਸੁਣੀ ਅਤੇ ਬਾਥਰੂਮ ਦੀ ਲਾਈਟ ਵੀ ਜਗ ਰਹੀ ਸੀ।
ਨਰਸ ਅਨੁਸਾਰ, "ਮੈਂ ਇਹ ਦੇਖਣ ਲਈ ਉੱਠੀ ਕਿ ਬਾਥਰੂਮ ਵਿੱਚ ਕੌਣ ਹੈ, ਫਿਰ ਮੈਂ ਇੱਕ ਪਤਲਾ ਆਦਮੀ ਜੇਹ ਦੇ ਬਿਸਤਰੇ ਵੱਲ ਜਾਂਦੇ ਦੇਖਿਆ। ਇਸ ਆਦਮੀ ਦੇ ਖੱਬੇ ਹੱਥ ਵਿੱਚ ਇੱਕ ਸੋਟੀ ਅਤੇ ਸੱਜੇ ਹੱਥ ਵਿੱਚ ਇੱਕ ਤਿੱਖਾ ਬਲੇਡ ਸੀ।"
"ਹੱਥੋਪਾਈ ਦੌਰਾਨ, ਉਸ ਨੇ ਮੇਰੇ 'ਤੇ ਬਲੇਡ ਨਾਲ ਹਮਲਾ ਕੀਤਾ ਅਤੇ ਮੇਰੀ ਗੁੱਟ ਨੂੰ ਜ਼ਖਮੀ ਕਰ ਦਿੱਤਾ। ਮੈਂ ਉਸ ਨੂੰ ਪੁੱਛਿਆ ਕਿ ਉਸ ਨੂੰ ਕੀ ਚਾਹੀਦਾ ਹੈ ਅਤੇ ਉਸ ਨੇ ਕਿਹਾ ਇੱਕ ਕਰੋੜ ਰੁਪਏ।"
ਇਸ ਤੋਂ ਬਾਅਦ ਜਦੋਂ ਨੈਨੀ ਨੇ ਆਵਾਜ਼ ਲਗਾਈ ਤਾਂ ਸੈਫ਼ ਅਤੇ ਕਰੀਨਾ ਵੀ ਹਾਲ ਵਿੱਚ ਆ ਗਏ।
ਨਰਸ ਨੇ ਪੁਲਿਸ ਨੂੰ ਦੱਸਿਆ, "ਘੁਸਪੈਠੀਏ ਨੇ ਸੈਫ਼ 'ਤੇ ਹਮਲਾ ਕਰ ਦਿੱਤਾ। ਘਰ ਵਿੱਚ ਮੌਜੂਦ ਬਾਕੀ ਸਟਾਫ਼ ਵੀ ਭੱਜ ਕੇ ਆਇਆ।"
ਬਿਆਨ ਅਨੁਸਾਰ, ਘੁਸਪੈਠੀਏ ਨੇ ਸੈਫ਼ ਨਾਲ ਲੜਨਾ ਸ਼ੁਰੂ ਕਰ ਦਿੱਤਾ। ਪਰ ਕੁਝ ਸਮੇਂ ਬਾਅਦ ਮੁੱਖ ਦਰਵਾਜ਼ਾ ਖੁੱਲ੍ਹਾ ਸੀ ਅਤੇ ਘੁਸਪੈਠੀਆਂ ਭੱਜ ਗਿਆ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












