ਪਰਵਾਸੀਆਂ ਨੂੰ ਲੈ ਕੇ ਡੌਨਲਡ ਟਰੰਪ ਨੇ ਇਹ ਕੀਤਾ ਵੱਡਾ ਐਲਾਨ, ਇਲੋਨ ਮਸਕ ਨਾਲ ਮੁਲਾਕਾਤ ਦੌਰਾਨ ਹੋਰ ਕੀ ਕਿਹਾ

ਡੌਨਲ਼ ਟਰੰਪ ਅਤੇ ਇਲੋਨ ਮਸਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਲੋਨ ਮਸਕ ਡੌਨਲਡ ਟਰੰਪ ਦਾ ਇੰਟਰਿਵਊ ਕੀਤਾ ਹੈ

ਟਵਿੱਟਰ (ਹੁਣ ਐਕਸ) ਦੇ ਮਾਲਕ ਇਲੋਨ ਮਸਕ ਨੇ ਐਕਸ 'ਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਦੀ ਇੰਟਰਵਿਊ ਕੀਤੀ ਹੈ।

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਉਮੀਦਵਾਰ ਡੌਨਲਡ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਵਾਪਸੀ ਕੀਤੀ ਹੈ।

ਉਨ੍ਹਾਂ ਨੇ ਇਲੋਨ ਮਸਕ ਨੂੰ ਲਾਈਵ ਇੰਟਰਵਿਊ ਦਿੱਤਾ, ਜੋ ਕਿ ਤੈਅ ਸਮੇਂ ਤੋਂ ਥੋੜ੍ਹੀ ਦੇਰ ਨਾਲ ਸ਼ੁਰੂ ਹੋਈ। ਮਸਕ ਨੇ ਇਸ ਲਈ ਸਾਈਬਰ ਹਮਲਿਆਂ ਨੂੰ ਜ਼ਿੰਮੇਵਾਰ ਠਹਿਰਾਇਆ।

ਦਰਅਸਲ, 6 ਜਨਵਰੀ 2021 ਨੂੰ ਕੈਪੀਟਲ ਹਿੱਲ 'ਚ ਹੋਏ ਦੰਗਿਆਂ ਤੋਂ ਬਾਅਦ ਟਰੰਪ 'ਤੇ ਦੋ ਸਾਲ ਲਈ ਇਸ ਪਲੇਟਫਾਰਮ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ।

ਇਸ ਇੰਟਰਵਿਊ ਵਿੱਚ ਟਰੰਪ ਨੇ ਆਪਣੇ ’ਤੇ ਹੋਏ ਹਮਲੇ, ਕਮਲਾ ਹੈਰਿਸ ਬਾਰੇ, ਪੁਤਿਨ ਨਾਲ ਗੱਲਬਾਤ ਸਣੇ ਕਈ ਗੱਲਾਂ ਦਾ ਜ਼ਿਕਰ ਕੀਤਾ।

ਮਸਕ ਨੇ ਆਪਣੀ ਗੱਲਬਾਤ ਦੀ ਸ਼ੁਰੂਆਤ ਟਰੰਪ ’ਤੇ ਹੋਏ ਹਮਲੇ ਵਾਲੀ ਘਟਨਾ ਤੋਂ ਕੀਤੀ।

ਇਸਦੇ ਜਵਾਬ ਵਿੱਚ ਟਰੰਪ ਪਹਿਲਾਂ ਹੱਸਣ ਲੱਗੇ ਅਤੇ ਫਿਰ ਉਨ੍ਹਾਂ ਨੇ ਕਿਹਾ, “ਇਹ ਸੁਖਾਲਾ ਤਾਂ ਨਹੀਂ ਸੀ।”

ਜੁਲਾਈ ਵਿੱਚ ਪੈਨਸਿਲਵੇਨੀਆ ਵਿੱਚ ਇੱਕ ਰੈਲੀ ਦੌਰਾਨ ਟਰੰਪ ’ਤੇ ਗੋਲੀ ਚੱਲੀ ਸੀ, ਜਿਸ ਵਿੱਚ ਗੋਲੀ ਟਰੰਪ ਦੇ ਕੰਨ ਨੂੰ ਵਿੰਨਦੀ ਹੋਈ ਚਲੀ ਗਈ ਸੀ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

‘ਜੇ ਮੈਂ ਰਾਸ਼ਟਰਪਤੀ ਬਣਿਆ ਤਾਂ ਹੋਵੇਗਾ ਵੱਡਾ ਦੇਸ਼ ਨਿਕਾਲਾ’

ਡੌਲਨਡ ਟਰੰਪ ਨੇ ਪਰਵਾਸ, ਖ਼ਾਸ ਤੌਰ ’ਤੇ ਗ਼ੈਰ-ਕਾਨੂੰਨੀ ਪਰਵਾਸ ਦੀਆਂ ਨੀਤੀਆਂ ਉੱਤੇ ਹਮੇਸ਼ਾ ਸਖ਼ਤ ਰਵੱਈਆ ਅਖ਼ਤਿਆਰ ਕੀਤੀ ਹੈ। ਉਹ ‘ਅਮਰੀਕਨ ਫਸਟ’ ਦਾ ਨਾਅਰਾ ਦਿੰਦੇ ਰਹੇ ਹਨ।

ਇੰਟਰਵਿਊ ਵਿੱਚ ਪਰਵਾਸ ਦੇ ਮੁੱਦੇ ’ਤੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ, “ਜੇ ਨਵੰਬਰ ਵਿੱਚ ਰਾਸ਼ਟਰਪਤੀ ਬਣਦਾ ਹਾਂ ਤਾਂ ਸਭ ਤੋਂ ਵੱਡੀ ਡੈਪੋਰਟੇਸ਼ ਯਾਨਿ ਦੇਸ਼ ਨਿਕਾਲਾ ਹੋਵੇਗਾ।”

ਇਸ ਤੋਂ ਇਲਾਵਾ ਟਰੰਪ ਨੇ ਇਹ ਵੀ ਦਾਅਵਾ ਕੀਤਾ ਕਿ ਜਦੋਂ ਉਹਰਾਸ਼ਟਰਪਤੀ ਅਹੁਦੇ ਸਨ ਤਾਂ ਦੱਖਣੀ ਸਰਹੱਦ ’ਤੇ ਹਜ਼ਾਰਾਂ ਮੀਲ ਲੰਬੀ ਕੰਧ ਉਸਾਰੀ ਗਈ ਸੀ।

ਹਾਲਾਂਕਿ, ਜਦੋਂ ਬੀਬੀਸੀ ਨੇ ਇਸ ਦੀ ਤਸਦੀਕ ਕੀਤੀ ਤਾਂ ਦੇਖਿਆ ਕਿ ਕੰਧ ਦੀ ਲੰਬਾਈ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਤੁਸੀਂ ਕੀ ਮਾਪ ਰਹੇ ਹੋ, ਪਰ ਭਾਵੇਂ ਤੁਸੀਂ ਨਵੇਂ ਖੰਡਾਂ ਦੇ ਨਾਲ-ਨਾਲ ਬਦਲੇ ਗਏ ਜਾਂ ਮਜ਼ਬੂਤ ਕੀਤੇ ਗਏ ਹਿੱਸਿਆਂ ਨੂੰ ਸ਼ਾਮਲ ਕਰਦੇ ਹੋ ਤਾਂ ਇਸ ਦੀ ਲੰਬਾਈ 500 ਮੀਲ ਤੋਂ ਘੱਟ ਹੈ।

ਯੂਐੱਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਦੀ ਰਿਪੋਰਟ ਮੁਤਾਬਕ, ਬਾਹਰੀ ਕੁੱਲ ਲੰਬਾਈ 458 ਮੀਲ ਹੈ। ਹਾਲਾਂਕਿ, ਟਰੰਪ ਦੇ ਕਾਰਜਕਾਲ ਦੌਰਾਨ ਸਿਰਫ 85 ਮੀਲ ਦੀ ਕੰਧ ਦੇ ਬਿਲਕੁਲ ਨਵੇਂ ਖੰਡ ਬਣਾਏ ਗਏ ਸਨ।

ਬਾਕੀ ਜਾਂ ਤਾਂ ਮੌਜੂਦਾ ਰੁਕਾਵਟਾਂ ਨੂੰ ਬਦਲਿਆ ਗਿਆ ਹੈ ਜਾਂ ਹੋਰ ਮਜ਼ਬੂਤ ਗਿਆ ਹੈ।

ਟਰੰਪ ਦੇ ਰਾਸ਼ਟਰਪਤੀ ਵਜੋਂ ਕਾਰਜਕਾਲ ਦੇ ਅੰਤ ਤੱਕ, ਬੀਬੀਸੀ ਨੇ ਸਰਹੱਦੀ ਕੰਧ ਦੀ ਸਥਿਤੀ ਨੂੰ ਦੇਖਿਆ ਹੈ।

ਰਾਸ਼ਟਰਪਤੀ ਬਾਈਡਨ ਦੇ ਅਹੁਦਾ ਸਾਂਭਣ ਮਗਰੋਂ ਉਸਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ, ਪਰ ਪਿਛਲੇ ਸਾਲ ਉਨ੍ਹਾਂ ਦੇ ਪ੍ਰਸ਼ਾਸਨ ਨੇ ਇਮੀਗ੍ਰੇਸ਼ਨ ਦੇ ਵਧਦੇ ਪੱਧਰ ਨੂੰ ਰੋਕਣ ਦੀ ਕੋਸ਼ਿਸ਼ ਦੱਖਣੀ ਟੈਕਸਾਸ ਵਿੱਚ ਕੰਧ ਦੇ ਇੱਕ ਹਿੱਸੇ ਨੂੰ ਬਣਾਉਣ ਦੀ ਇਜਾਜ਼ਤ ਦੇ ਦਿੱਤੀ ਸੀ।

ਅਮਰੀਕੀ ਸਰਹੱਦ ਕੰਧ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕਾ ਦੀ ਦੱਖਣੀ ਸਰਹੱਦ ਉੱਤੇ ਬਣੀ ਕੰਧ

ਮਸਕ ਅਤੇ ਟਰੰਪ ਦੇ ਇੰਟਰਵਿਊ ਵਿਚਾਲੇ ਗੱਲਬਾਤ ਦੇ ਮੁੱਖ ਬਿੰਦੂ

ਤਕਨੀਕੀ ਸਮੱਸਿਆਵਾਂ ਕਾਰਨ 40 ਮਿੰਟਾਂ ਤੋਂ ਵੱਧ ਸਮੇਂ ਦੀ ਦੇਰੀ ਨਾਲ ਸ਼ੁਰੂ ਹੋਈ ਗੱਲਬਾਤ ਦੇ ਕੁਝ ਅਹਿਮ ਨੁਕਤੇ ਇਸ ਤਰ੍ਹਾਂ ਹਨ-

  • ਟਰੰਪ ਨੇ ਕਿਹਾ ਕਿ ਉਹ ਅਕਤੂਬਰ ਵਿੱਚ ਪੈਨਸਿਲਵੇਨੀਆ ਦੇ ਬਟਲਰ ਵਿੱਚ ਵਾਪਸ ਜਾਣ ਦੀ ਯੋਜਨਾ ਬਣਾ ਰਹੇ ਹਨ, ਜਿੱਥੇ ਉਨ੍ਹਾਂ ’ਤੇ ਪਿਛਲੇ ਮਹੀਨੇ ਹਮਲਾ ਹੋਇਆ ਸੀ।
  • ਉਨ੍ਹਾਂ ਨੇ ਮਸਕ ਨੂੰ ਦੱਸਿਆ ਕਿ ਜੇਕਰ ਉਹ ਨਵੰਬਰ ਵਿੱਚ ਰਾਸ਼ਟਰਪਤੀ ਬਣ ਗਏ ਤਾਂ ਅਮਰੀਕਾ ਵਿੱਚ ਇਤਿਹਾਸ ਵਿੱਚ ਸਭ ਤੋਂ ਵੱਡਾ ਦੇਸ਼ ਨਿਕਾਲਾ ਹੋਵੇਗਾ।
  • ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਨੇ ਕਿਹਾ ਕਿ ਉਹ ਦੇਸ਼ ਨੂੰ ਵਿਦੇਸ਼ੀ ਖ਼ਤਰਿਆਂ ਤੋਂ ਬਚਾਉਣ ਲਈ ਆਇਰਨ ਡੋਮ ਰੱਖਿਆ ਪ੍ਰਣਾਲੀ ਬਣਾਉਣਾ ਚਾਹੁੰਦਾ ਹੈ |
  • ਟਰੰਪ ਨੇ ਕਿਹਾ ਕਿ ਉਹ ਸਿੱਖਿਆ ਲਈ ਅਮਰੀਕੀ ਵਿਭਾਗ ਨੂੰ ਬੰਦ ਕਰ ਦੇਣਗੇ ਅਤੇ "ਸਿੱਖਿਆ ਨੂੰ ਰਾਜਾਂ ਵਿੱਚ ਵਾਪਸ ਲੈ ਜਾਣਗੇ"
  • ਮਸਕ ਨੇ ਟਰੰਪ ਦੀ ਹਮਾਇਤ ਨੂੰ ਦੁੱਗਣਾ ਕਰਦੇ ਹੋਏ ਕਿਹਾ ਕਿ ਉਹ "ਆਸ਼ਾਵਾਦੀ ਅਤੇ ਅੱਗੇ ਕੀ ਹੋਵੇਗਾ ਇਸ ਬਾਰੇ ਉਤਸ਼ਾਹਿਤ" ਸੀ।
  • ਕਮਲਾ ਹੈਰਿਸ ਦੀ ਮੁਹਿੰਮ ਨੇ ਇੰਟਰਵਿਊ ਦੌਰਾਨ ਸਮਰਥਕਾਂ ਨੂੰ ਇੱਕ ਈਮੇਲ ਵਿੱਚ ਫੰਡ ਇਕੱਠਾ ਕਰਨ ਦੀ ਅਪੀਲ ਭੇਜੀ, ਜਿਸ ਵਿੱਚ ਮਸਕ ਨੂੰ ਟਰੰਪ ਲਈ ਇੱਕ "ਕਮੀ" ਕਿਹਾ ਗਿਆ।
  • ਅਸੀਂ ਜਲਦੀ ਹੀ ਇਸ ਪੰਨੇ ਨੂੰ ਬੰਦ ਕਰ ਰਹੇ ਹਾਂ, ਸਾਡੀ ਲਾਈਵ ਕਵਰੇਜ ਦੀ ਪਾਲਣਾ ਕਰਨ ਲਈ ਧੰਨਵਾਦ।
ਡੌਲਨਡ ਟਰੰਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਤਕਨੀਕੀ ਸਮੱਸਿਆਵਾਂ ਕਾਰਨ 40 ਮਿੰਟਾਂ ਤੋਂ ਵੱਧ ਸਮੇਂ ਦੀ ਦੇਰੀ ਨਾਲ ਸ਼ੁਰੂ ਹੋਈ ਗੱਲਬਾਤ

ਕਮਲਾ ਹੈਰਿਸ ’ਤੇ ਕੀ ਬੋਲੇ

ਇੰਟਰਵਿਊ ਵਿੱਚ ਡੋਨਲਡ ਟਰੰਪ ਨੇ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਬਾਰੇ ਵੀ ਗੱਲ ਕੀਤੀ।

ਇਸ ਦੌਰਾਨ ਟਰੰਪ ਨੇ ਕਮਲਾ ਹੈਰਿਸ ਦੀ ਆਲੋਚਨਾ ਕੀਤੀ।

ਉਨ੍ਹਾਂ ਕਿਹਾ ਕਿ ਹੈਰਿਸ ਨੇ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣਨ ਤੋਂ ਬਾਅਦ ਅਜਿਹੇ ਇੰਟਰਵਿਊ ਨਹੀਂ ਦਿੱਤੇ, ਜਿਵੇਂ ਉਹ ਹੁਣ ਦੇ ਰਹੇ ਹਨ।

ਆਇਰਨ ਡੋਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਇਰਨ ਡੋਮ ਇੱਕ ਅਜਿਹੀ ਹਵਾਈ ਸੁਰੱਖਿਆ ਵਿਵਸਥਾ ਹੈ ਜੋ ਕਈ ਕਿਸਮ ਦੇ ਘੱਟ ਰੇਂਜ ਵਾਲੇ ਰਾਕੇਟ ਤੋਂ ਬਚਾਅ ਲਈ ਇੱਕ ਢਾਲ ਵਜੋਂ ਕੰਮ ਕਰਦੀ ਹੈ

ਆਇਰਨ ਡੋਮ ’ਤੇ ਕੀ ਬੋਲੇ

ਇਜ਼ਰਾਈਲ ਦੀ ਮਿਜ਼ਾਈਲ ਰੱਖਿਆ ਪ੍ਰਣਾਲੀ ਆਇਰਨ ਡੋਮ ਹਮੇਸ਼ਾ ਇਸ ਲਈ ਸੁਰੱਖਿਆ ਢਾਲ ਰਹੀ ਹੈ।

ਟਰੰਪ ਨੇ ਕਿਹਾ, "ਸਾਡੇ ਕੋਲ ਆਇਰਨ ਡੋਮ ਕਿਉਂ ਨਹੀਂ ਹਨ? ਇਜ਼ਰਾਈਲ ਕੋਲ ਹਨ।"

ਆਇਰਨ ਡੋਮ ਛੋਟੀ ਰੇਂਜ ਦੇ ਹਥਿਆਰਾਂ ਦੇ ਹਮਲਿਆਂ ਨੂੰ ਰੋਕਣ ਵਿੱਚ ਕਾਰਗਰ ਹੈ। ਇਸਨੂੰ 2006 ਵਿੱਚ ਅਮਰੀਕੀ ਸਹਿਯੋਗ ਨਾਲ ਇਜ਼ਰਾਈਲੀ ਕੰਪਨੀਆਂ ਦੁਆਰਾ ਬਣਾਇਆ ਗਿਆ ਸੀ।

ਇਹ ਵੀ ਪੜ੍ਹੋ-

ਪੁਤਿਨ ਅਤੇ ਕਿਮ ਜੋਂਗ 'ਤੇ ਗੱਲਬਾਤ

ਟਰੰਪ ਨੇ ਕਿਹਾ ਕਿ ਉਹ ਪੁਤਿਨ ਅਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੂੰ ਜਾਣਦੇ ਹਨ।

ਟਰੰਪ ਨੇ ਕਿਹਾ, "ਉਹ ਹੁਸ਼ਿਆਰ ਹਨ। ਜਦੋਂ ਉਹ (ਪੁਤਿਨ ਅਤੇ ਕਿਮ) ਕਮਲਾ ਅਤੇ ਸੁੱਤੇ ਹੋਏ ਜੋ (ਰਾਸ਼ਟਰਪਤੀ ਜੋ ਬਾਇਡਨ) ਨੂੰ ਦੇਖਦੇ ਹਨ, ਤਾਂ ਇਨ੍ਹਾਂ ਨੂੰ ਯਕੀਨ ਨਹੀਂ ਹੁੰਦਾ।"

ਟਰੰਪ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਪੁਤਿਨ ਨੂੰ ਮਨ੍ਹਾਂ ਕੀਤਾ ਸੀ ਕਿ ਯੂਕਰੇਨ 'ਤੇ ਹਮਲਾ ਨਾ ਕਰਨ ਪਰ ਪੁਤਿਨ ਨੇ ਗੱਲ ਨਹੀਂ ਸੁਣੀ।

ਟਰੰਪ ਅਤੇ ਬਾਈਡਨ
ਤਸਵੀਰ ਕੈਪਸ਼ਨ, ਟਰੰਪ ਨੇ ਕਿਹਾ ਕਿ ਜੇਕਰ ਬਾਈਡਨ ਨਾ ਹੁੰਦੇ ਤਾਂ ਰੂਸ, ਯੂਕਰੇਨ 'ਤੇ ਹਮਲਾ ਨਾ ਕਰਦਾ

ਬਾਈਡਨ ਨੂੰ ਜ਼ਿੰਮੇਵਾਰ ਠਹਿਰਾਇਆ

ਟਰੰਪ ਨੇ ਕਿਹਾ ਕਿ ਜੇਕਰ ਬਾਈਡਨ ਨਾ ਹੁੰਦੇ ਤਾਂ ਰੂਸ, ਯੂਕਰੇਨ 'ਤੇ ਹਮਲਾ ਨਾ ਕਰਦਾ।

ਇਸ 'ਤੇ ਮਸਕ ਨੇ ਟਰੰਪ ਨੂੰ ਕਿਹਾ ਕਿ ਉਨ੍ਹਾਂ ਨੇ ਸਹੀ ਗੱਲ ਕਹੀ ਹੈ।

ਟਰੰਪ ਨੇ ਕਿਹਾ, "ਮੇਰੀ ਪੁਤਿਨ ਨਾਲ ਕਾਫੀ ਬਣਦੀ ਹੈ ਅਤੇ ਉਹ ਮੇਰਾ ਸਨਮਾਨ ਕਰਦੇ ਹਨ।" ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਅਕਸਰ ਪੁਤਿਨ ਨਾਲ ਗੱਲ ਕਰਦੇ ਸਨ।

ਟਰੰਪ ਨੇ ਦਾਅਵਾ ਕੀਤਾ, "ਉਹ (ਯੂਕਰੇਨ) ਉਨ੍ਹਾਂ (ਪੁਤਿਨ) ਦੀ ਅੱਖ ਦਾ ਤਾਰਾ ਸੀ। ਮੈਂ ਉਨ੍ਹਾਂ ਨੂੰ ਅਜਿਹਾ ਨਾ ਕਰਨ ਲਈ ਕਿਹਾ ਸੀ।"

ਡੋਨਲਡ ਟਰੰਪ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਜੁਲਾਈ ਵਿੱਚ ਟਰੰਪ ਉੱਤੇ ਇੱਕ ਰੈਲੀ ਦੌਰਾਨ ਹਮਲਾ ਹੋਇਆ ਸੀ

ਤੈਅ ਸਮੇਂ ਤੋਂ ਦੇਰੀ ਨਾਲ ਸ਼ੁਰੂ ਹੋਇਆ ਇੰਟਰਵਿਊ

ਇਲੋਨ ਮਸਕ ਨੇ ਐਕਸ ਪਲੇਟਫਾਰਮ ’ਤੇ ਲਾਈਵ ਇੰਟਰਵਿਊ ਕੀਤਾ ਹੈ। ਇਹ ਇੰਟਰਵਿਊ ਆਪਣੀ ਤੈਅ ਸਮੇਂ ਤੋਂ ਕਾਫੀ ਦੇਰੀ ਨਾਲ ਸ਼ੁਰੂ ਹੋਇਆ, ਜਿਸ ਲਈ ਮਸਕ ਨੇ ‘ਸਾਈਬਰ ਹਮਲੇ’ ਨੂੰ ਜ਼ਿੰਮੇਵਾਰ ਦੱਸਿਆ।

ਮਸਕ ਨੇ ਦਾਅਵਾ ਕੀਤਾ ਹੈ ਕਿ ਕਥਿਤ ਸਾਈਬਰ ਹਮਲੇ ਤੋਂ ਪਤਾ ਲੱਗਦਾ ਹੈ ਕਿ ਟਰੰਪ ਦੀ ਗੱਲ ਸੁਣਨ ਦਾ ਅਮਰੀਕਾ ਵਿੱਚ ਵਿਰੋਧ ਹੈ।

ਉਨ੍ਹਾਂ ਨੇ ਕਿਹਾ ਕਿ ਇੰਟਰਵਿਊ ਗ਼ੈਰ ਰਸਮੀ ਹੋਵੇਗਾ, "ਖੁਲ੍ਹੇ ਦਿਮਾਗ਼ ਵਾਲੇ ਆਜ਼ਾਦ ਵੋਟਰਾਂ ਦੀ ਮਦਦ ਕਰਨ ਲਈ ਜੋ ਸਿਰਫ਼ ਆਪਣਾ ਮਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।"

ਇਸ ਤੋਂ ਪਹਿਲਾਂ ਇਲੋਨ ਨੇ ਐਲਾਨ ਕੀਤਾ ਸੀ ਕਿ ਇੰਟਰਵਿਊ ਬਿਨਾਂ ਕਿਸੇ ਸਕ੍ਰਿਪਟ ਦੇ ਹੋਣ ਵਾਲਾ ਹੈ।

ਉਨ੍ਹਾਂ ਨੇ ਕਿਹਾ ਸੀ ਇਹ ਬੇਹੱਦ ‘ਮਜ਼ੇਦਾਰ’ ਹੋਵੇਗਾ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)