ਇਜ਼ਰਾਈਲ: ਲੱਖਾਂ ਲੋਕ ਬੇਘਰ, ਖਾਣੇ ਦੀ ਭਾਰੀ ਕਮੀ ਤੇ ਬਿਜਲੀ-ਪਾਣੀ ਤੋਂ ਸੱਖਣੇ ਗਾਜ਼ਾ ਪੱਟੀ ਦੇ ਲੋਕ ਕਿਵੇਂ ਜੀਅ ਰਹੇ

ਤਸਵੀਰ ਸਰੋਤ, Getty Images
ਮਹਿਜ਼ 41 ਕਿਲੋਮੀਟਰ ਲੰਮੀ ਤੇ 10 ਕਿਲੋਮੀਟਰ ਚੌੜੀ ਗਾਜ਼ਾ ਪੱਟੀ ਭੂਮੱਧ ਸਾਗਰ, ਇਜ਼ਰਾਈਲ ਅਤੇ ਮਿਸਰ ਨਾਲ ਘਿਰੀ ਹੋਈ ਹੈ।
ਖੇਤਰਫ਼ਲ ਦੇ ਲਿਹਾਜ਼ ਤੋਂ ਭਾਵੇਂ ਇਹ ਇਲਾਕਾ ਛੋਟਾ ਹੈ ਪਰ ਇੱਥੇ ਵਸਣ ਵਾਲਿਆਂ ਦੀ ਸੰਖਿਆ 2.2 ਮਿਲੀਅਨ ਹੈ।
ਮੂਲ ਤੌਰ 'ਤੇ ਮਿਸਰ ਦੇ ਕਬਜ਼ੇ ਵਾਲੇ ਗਾਜ਼ਾ ਨੂੰ 1967 ਦੇ ਮੱਧ ਪੂਰਬ ਯੁੱਧ ਦੌਰਾਨ ਇਜ਼ਰਾਈਲ ਨੇ ਕਬਜ਼ੇ ਵਿੱਚ ਲਿਆ ਸੀ।
ਫਿਰ 2005 ਵਿੱਚ ਇਜ਼ਰਾਈਲ ਨੇ ਆਪਣੀਆਂ ਫੌਜਾਂ ਅਤੇ ਲਗਭਗ 7,000 ਵਸਨੀਕਾਂ ਨੂੰ ਇੱਥੋਂ ਹਟਾ ਲਿਆ।
ਫਿਲਹਾਲ ਗਾਜ਼ਾ ਪੱਟੀ ਅੱਤਵਾਦੀ ਇਸਲਾਮੀ ਸਮੂਹ ਹਮਾਸ ਦੇ ਕਾਬੂ ਹੇਠ ਹੈ, ਜਿਸ ਨੇ 2007 ਵਿੱਚ ਇੱਕ ਹਿੰਸਕ ਝੜਪ ਤੋਂ ਬਾਅਦ ਉਸ ਸਮੇਂ ਸ਼ਾਸਨ ਕਰ ਰਹੀ ਫਲਸਤੀਨੀ ਅਥਾਰਟੀ (ਪੀਏ) ਪ੍ਰਤੀ ਵਫ਼ਾਦਾਰ ਤਾਕਤਾਂ ਨੂੰ ਇੱਥੋਂ ਬਾਹਰ ਕੱਢ ਦਿੱਤਾ ਸੀ।
ਉਦੋਂ ਤੋਂ, ਇਜ਼ਰਾਈਲ ਅਤੇ ਮਿਸਰ ਨੇ ਗਾਜ਼ਾ ਦੇ ਅੰਦਰ-ਬਾਹਰ ਮਾਲ ਅਤੇ ਲੋਕਾਂ ਦੀ ਆਵਾਜਾਈ 'ਤੇ ਪਾਬੰਦੀ ਲਗਾ ਦਿੱਤੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਸੁਰੱਖਿਆ ਕਾਰਨਾਂ ਕਰਕੇ ਉਨ੍ਹਾਂ ਦੀ ਨਾਕਾਬੰਦੀ ਦੀ ਲੋੜ ਹੈ।

ਤਸਵੀਰ ਸਰੋਤ, Getty Images
ਹਮਾਸ ਨੂੰ ਅਮਰੀਕਾ, ਯੂਰੋਪੀਅਨ ਯੂਨੀਅਨ ਅਤੇ ਬ੍ਰਿਟੇਨ ਦੇ ਨਾਲ-ਨਾਲ ਕਈ ਹੋਰ ਦੇਸ਼ਾਂ ਨੇ ਇੱਕ ਅੱਤਵਾਦੀ ਸਮੂਹ ਐਲਾਨਿਆ ਹੋਇਆ ਹੈ।
ਜਦੋਂ ਤੋਂ ਇਸ ਸਮੂਹ ਨੇ ਗਾਜ਼ਾ 'ਤੇ ਆਪਣਾ ਕਬਜ਼ਾ ਕੀਤਾ ਹੈ, ਇਹ ਕਈ ਵਾਰ ਇਜ਼ਰਾਈਲ ਨਾਲ ਯੁੱਧ ਕਰ ਚੁੱਕਾ ਹੈ।
ਇਸ ਨੇ ਇਜ਼ਰਾਈਲ 'ਤੇ ਹਜ਼ਾਰਾਂ ਰਾਕੇਟ ਵੀ ਫਾਇਰ ਕੀਤੇ, ਜਾਂ ਹੋਰ ਅੱਤਵਾਦੀ ਸਮੂਹਾਂ ਨੂੰ ਗੋਲੀਬਾਰੀ ਕਰਨ ਦੀ ਇਜਾਜ਼ਤ ਦਿੱਤੀ ਅਤੇ ਹੋਰ ਘਾਤਕ ਹਮਲੇ ਕੀਤੇ ਹਨ।

ਤਸਵੀਰ ਸਰੋਤ, Reuters
ਤਾਜ਼ਾ ਹਿੰਸਾ ਦਾ ਕੀ ਕਾਰਨ ਹੈ?

ਤਸਵੀਰ ਸਰੋਤ, Reuters
7 ਅਕਤੂਬਰ ਨੂੰ, ਸੈਂਕੜੇ ਹਮਾਸ ਅੱਤਵਾਦੀਆਂ ਨੇ ਦੱਖਣੀ ਇਜ਼ਰਾਈਲ 'ਤੇ ਇੱਕ ਜ਼ਬਰਦਸਤ ਹਮਲਾ ਸ਼ੁਰੂ ਕੀਤਾ, ਜਿਸ ਵਿੱਚ ਘੱਟੋ-ਘੱਟ 1,200 ਲੋਕ ਮਾਰੇ ਗਏ ਅਤੇ ਦਰਜਨਾਂ ਨੂੰ ਬੰਧੀ ਬਣਾ ਕੇ ਗਾਜ਼ਾ ਲੈ ਕੇ ਜਾਇਆ ਗਿਆ।
ਇਸ ਦੇ ਜਵਾਬ ਵਿੱਚ ਇਜ਼ਰਾਈਲ ਨੇ ਵੀ ਗਾਜ਼ਾ ਉੱਤੇ ਹਵਾਈ ਅਤੇ ਤੋਪਖਾਨੇ ਦੇ ਹਮਲੇ ਕੀਤੇ ਹਨ, ਜਿਸ ਵਿੱਚ 1,000 ਤੋਂ ਵੱਧ ਫਲਸਤੀਨੀ ਮਾਰੇ ਗਏ ਹਨ। ਨਾਲ ਹੀ ਇਜ਼ਰਾਈਲੀ ਫੌਜ ਜ਼ਮੀਨੀ ਪੱਧਰ 'ਤੇ ਕਾਰਵਾਈ ਦੀ ਤਿਆਰੀ ਵਿੱਚ ਨਜ਼ਰ ਆ ਰਹੀ ਹੈ।
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਸਹੁੰ ਖਾਧੀ ਹੈ ਕਿ ਉਹ ਇਸ ਯੁੱਧ ਵਿੱਚ ਹਮਾਸ ਨੂੰ ਹਰਾ ਕੇ "ਮੱਧ ਪੂਰਬ ਨੂੰ ਬਦਲ" ਦੇਣਗੇ।
'ਪੂਰੀ ਤਰ੍ਹਾਂ ਘੇਰਾਬੰਦੀ'

ਹਮਾਸ ਦੇ ਹਮਲੇ ਦੇ ਜਵਾਬ ਵਿੱਚ ਹੀ, ਇਜ਼ਰਾਈਲ ਦੇ ਰੱਖਿਆ ਮੰਤਰੀ ਨੇ 9 ਅਕਤੂਬਰ ਨੂੰ ਗਾਜ਼ਾ ਦੀ "ਪੂਰੀ ਤਰ੍ਹਾਂ ਘੇਰਾਬੰਦੀ" ਕਰਨ ਦਾ ਹੁਕਮ ਦਿੱਤਾ ਹੈ।
ਉਨ੍ਹਾਂ ਕਿਹਾ, "ਇੱਥੇ ਕੋਈ ਬਿਜਲੀ ਨਹੀਂ ਮਿਲੇਗੀ, ਨਾ ਭੋਜਨ, ਕੋਈ ਇੰਧਨ, ਸਭ ਕੁਝ ਬੰਦ ਹੈ।"
ਇਜ਼ਰਾਈਲ ਦੇ ਬੁਨਿਆਦੀ ਢਾਂਚਾ ਮੰਤਰੀ ਨੇ ਬਾਅਦ ਵਿੱਚ ਇੱਥੇ ਦੀ ਪਾਣੀ ਦੀ ਸਪਲਾਈ ਵੀ ਕੱਟ ਦਿੱਤੀ।
ਇਸ ਕਦਮ ਨਾਲ ਗਾਜ਼ਾ ਵਿੱਚ ਮਨੁੱਖਤਾਵਾਦੀ ਸਥਿਤੀ ਸਬੰਧੀ ਗੰਭੀਰ ਸੰਕਟ ਪੈਦਾ ਕਰ ਦਿੱਤਾ ਹੈ ਤੇ ਇਹ ਉਹ ਥਾਂ ਹੈ ਜਿੱਥੇ 80 ਫੀਸਦ ਆਬਾਦੀ ਨੂੰ ਪਹਿਲਾਂ ਹੀ ਅੰਤਰਰਾਸ਼ਟਰੀ ਸਹਾਇਤਾ ਦੀ ਜ਼ਰੂਰਤ ਸੀ।
ਗਾਜ਼ਾ ਦੇ ਇਕਲੌਤੇ ਪਾਵਰ ਪਲਾਂਟ 'ਚ 11 ਅਕਤੂਬਰ ਨੂੰ ਈਂਧਨ ਖ਼ਤਮ ਹੋਇਆ ਤਾਂ ਇਸ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ। ਇਸ ਨਾਲ ਹਸਪਤਾਲਾਂ 'ਤੇ ਵੀ ਬੋਝ ਪੈ ਰਿਹਾ ਹੈ ਜਿੱਥੇ ਜ਼ਖਮੀਆਂ ਦੀ ਭਰਮਾਰ ਹੈ ਅਤੇ ਸਿਸਟਮ ਬੈਕ-ਅੱਪ ਜਨਰੇਟਰਾਂ 'ਤੇ ਨਿਰਭਰ ਹੋ ਗਏ ਹਨ।
ਜਿਨ੍ਹਾਂ ਹਸਪਤਾਲਾਂ ਕੋਲ ਸੀਮਿਤ ਸਾਧਨ ਹਨ, ਉਨ੍ਹਾਂ ਕੋਲ ਕੁਝ ਹੀ ਦਿਨਾਂ ਵਿੱਚ ਇੰਧਨ ਵੀ ਖ਼ਤਮ ਹੋ ਜਾਵੇਗਾ।

ਤਸਵੀਰ ਸਰੋਤ, Reuters
ਪਾਣੀ ਦੀ ਸਪਲਾਈ ਬੰਦ ਕਰਨ ਦੇ ਇਜ਼ਰਾਈਲ ਦੇ ਫੈਸਲੇ ਨਾਲ 600,000 ਤੋਂ ਵੱਧ ਲੋਕ ਪੀਣ ਯੋਗ ਪਾਣੀ ਤੋਂ ਵੀ ਸੱਖਣੇ ਰਹਿ ਗਏ ਸਨ। ਸਥਾਨਕ ਵਾਟਰ ਪੰਪਾਂ ਅਤੇ ਸੀਵਰੇਜ ਸਿਸਟਮ ਨੂੰ ਵੀ ਕੰਮ ਕਰਨ ਲਈ ਇੰਧਨ ਦੀ ਲੋੜ ਪਵੇਗੀ।
ਇਜ਼ਰਾਈਲ ਦੇ ਨਾਲ ਕੇਰੇਮ ਸ਼ਾਲੋਮ ਮਾਲ ਕ੍ਰਾਸਿੰਗ ਬੰਦ ਹੋਣ ਦਾ ਮਤਲਬ ਹੈ ਕਿ ਖਾਣੇ ਦੇ ਭੰਡਾਰ ਵੀ ਖ਼ਤਮ ਹੋ ਰਹੇ ਹਨ। ਰਿਪੋਰਟਾਂ ਹਨ ਕਿ ਗਾਜ਼ਾ ਵਿੱਚ ਇੱਕ ਤਿਹਾਈ ਦੁਕਾਨਾਂ ਵਿੱਚ ਵਸਤੂਆਂ ਦੀ ਘਾਟ ਹੋ ਗਈ ਹੈ। ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਜ਼ਿਆਦਾਤਰ ਦੁਕਾਨਾਂ ਵਿੱਚ ਲਗਭਗ ਦੋ ਹਫ਼ਤਿਆਂ ਲਈ ਕਾਫ਼ੀ ਖਾਣਾ ਹੈ।
ਘੱਟੋ-ਘੱਟ 200,000 ਲੋਕ ਬੇਘਰ ਹੋ ਗਏ ਹਨ, ਕੁਝ ਆਪਣੀ ਜਾਨ ਦੇ ਡਰ ਤੋਂ ਭੱਜ ਗਏ ਹਨ ਤੇ ਕੁਝ ਦੇ ਘਰ ਹਵਾਈ ਹਮਲਿਆਂ ਵਿੱਚ ਤਬਾਹ ਹੋ ਗਏ ਹਨ। ਜ਼ਿਆਦਾਤਰ ਸੰਯੁਕਤ ਰਾਸ਼ਟਰ ਦੇ ਸਕੂਲਾਂ ਵਿੱਚ ਸ਼ਰਨ ਲੈ ਰਹੇ ਹਨ।
ਬੱਤੀ ਗੁਲ ਤੇ ਘੁੱਪ ਹਨ੍ਹੇਰਾ

ਤਸਵੀਰ ਸਰੋਤ, Reuters
ਮੌਜੂਦਾ ਸੰਘਰਸ਼ ਤੋਂ ਪਹਿਲਾਂ ਵੀ, ਗਾਜ਼ਾ ਵਿੱਚ ਬਿਜਲੀ ਕੱਟ ਰੋਜ਼ਾਨਾ ਦੀ ਗੱਲ ਸਨ। ਸੰਯੁਕਤ ਰਾਸ਼ਟਰ ਦੇ ਅਨੁਸਾਰ, ਇੱਥੇ ਘਰਾਂ ਨੂੰ ਔਸਤਨ 13 ਘੰਟੇ ਪ੍ਰਤੀ ਦਿਨ ਬਿਜਲੀ ਮਿਲਦੀ ਸੀ।
ਗਾਜ਼ਾ ਪੱਟੀ ਆਪਣੀ ਬਿਜਲੀ ਦਾ ਲਗਭਗ ਦੋ ਤਿਹਾਈ ਹਿੱਸਾ ਇਜ਼ਰਾਈਲ ਤੋਂ ਖਰੀਦ ਰਹੀ ਸੀ। ਬਾਕੀ ਦੀ ਬਿਜਲੀ ਗਾਜ਼ਾ ਪਾਵਰ ਪਲਾਂਟ ਦੁਆਰਾ ਤਿਆਰ ਕੀਤੀ ਜਾ ਰਹੀ ਸੀ। ਪਰ ਇਨ੍ਹਾਂ ਦੋਵਾਂ ਨਾਲ ਮਿਲ ਕੇ ਵੀ ਕੁੱਲ ਸਪਲਾਈ, ਮੰਗ ਦਾ ਸਿਰਫ਼ ਅੱਧੇ ਤੋਂ ਘੱਟ ਹੀ ਪੂਰਾ ਕਰ ਪਾਉਂਦੀ ਸੀ।
ਇਸ ਸਮੱਸਿਆ ਨਾਲ ਨਜਿੱਠਣ ਲਈ ਇੱਥੋਂ ਦੇ ਲੋਕਾਂ ਨੂੰ ਬੈਕ-ਅਪ ਜਨਰੇਟਰਾਂ 'ਤੇ ਨਿਰਭਰ ਰਹਿਣਾ ਪੈਂਦਾ ਹੈ। ਪਰ ਉਹ ਵੀ ਦੁਰਲੱਭ ਈਂਧਨ ਅਤੇ ਸਪੇਅਰ ਪਾਰਟਸ 'ਤੇ ਨਿਰਭਰਤਾ ਦੇ ਕਾਰਨ ਭਰੋਸੇਯੋਗ ਨਹੀਂ ਹਨ।
ਇੰਧਨ ਅਤੇ ਸਪੇਅਰ ਪਾਰਟਸ ਆਯਾਤ ਪਾਬੰਦੀਆਂ ਦੇ ਅਧੀਨ ਹਨ ਕਿਉਂਕਿ ਇਜ਼ਰਾਈਲ ਉਨ੍ਹਾਂ ਨੂੰ ਸਿਵਲ ਅਤੇ ਫੌਜੀ ਜ਼ਰੂਰਤ ਲਈ "ਦੋਹਰੀ-ਵਰਤੋਂ" ਵਾਲੇ ਸਮਾਨ ਦੇ ਰੂਪ ਵਿੱਚ ਸ਼੍ਰੇਣੀਬੱਧ ਕਰਦਾ ਹੈ।
ਇਹ ਵੀ ਪੜ੍ਹੋ:-
ਬਾਰਡਰ ਹੋਇਆ ਬੰਦ
ਗਾਜ਼ਾ ਦੇ ਨਾਗਰਿਕਾਂ ਨੂੰ ਇਸ ਗੱਲ ਦੀ ਵੀ ਘੱਟ ਹੀ ਉਮੀਦ ਹੈ ਕਿ ਉਹ ਇਸ ਜੰਗ ਤੋਂ ਬਚਣ ਲਈ ਗਾਜ਼ਾ ਛੱਡ ਕੇ ਕਿਤੇ ਹੋਰ ਜਾ ਸਕਣਗੇ।
ਇਜ਼ਰਾਈਲ ਨੇ ਪੱਟੀ ਦੇ ਉੱਤਰ ਵਿੱਚ ਇਰੇਜ਼ ਕਰਾਸਿੰਗ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਹੈ। ਉੱਧਰ ਦੱਖਣ ਵਿੱਚ ਮਿਸਰ ਦੇ ਕਾਬੂ ਵਾਲਾ ਰਫਾਹ ਬਾਰਡਰ ਕ੍ਰਾਸਿੰਗ 9 ਅਤੇ 10 ਅਕਤੂਬਰ ਨੂੰ ਬੰਦ ਕਰ ਦਿੱਤਾ ਗਿਆ ਕਿਉਂਕਿ ਫਲਸਤੀਨ ਵਾਲੇ ਪਾਸੇ ਗੇਟ ਦੇ ਨੇੜੇ ਇਜ਼ਰਾਈਲੀ ਹਵਾਈ ਹਮਲੇ ਜਾਰੀ ਸਨ।
ਇਹ ਤਣਾਅ ਵਧਣ ਤੋਂ ਪਹਿਲਾਂ, ਇਜ਼ਰਾਈਲ ਨੇ ਫਲਸਤੀਨੀਆਂ ਦੇ ਗਾਜ਼ਾ ਛੱਡਣ 'ਤੇ ਪਾਬੰਦੀ ਲਗਾਈ ਸੀ ਅਤੇ ਇਸ ਦੇ ਲਈ ਇਜ਼ਰਾਈਲ ਵੱਲੋਂ ਜਾਰੀ ਕੀਤਾ ਐਗਜ਼ਿਟ ਪਰਮਿਟ ਲੈਣਾ ਜ਼ਰੂਰੀ ਸੀ।
ਇਹ ਪਰਮਿਟ ਦਿਹਾੜੀਦਾਰ ਮਜ਼ਦੂਰਾਂ, ਕਾਰੋਬਾਰੀਆਂ, ਮੈਡੀਕਲ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰ ਮੈਂਬਰਾਂ ਅਤੇ ਸਹਾਇਤਾ ਕਰਮਚਾਰੀਆਂ ਨੂੰ ਹੀ ਦਿੱਤੇ ਜਾਂਦੇ ਸਨ।

ਤਸਵੀਰ ਸਰੋਤ, Reuters
ਸੰਯੁਕਤ ਰਾਸ਼ਟਰ ਦੇ ਅਨੁਸਾਰ ਅਗਸਤ ਵਿੱਚ 58,600 ਲੋਕਾਂ ਨੂੰ ਈਰੇਜ਼ ਕ੍ਰਾਸਿੰਗ ਰਾਹੀਂ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ, ਜੋ ਕਿ 2022 ਲਈ ਮਾਸਿਕ ਔਸਤ ਨਾਲੋਂ 65 ਫੀਸਦੀ ਵੱਧ ਸੀ।
ਰਫਾਹ ਕ੍ਰਾਸਿੰਗ ਰਾਹੀਂ ਬਾਹਰ ਜਾਣ ਦੇ ਇੱਛੁਕ ਫਲਸਤੀਨੀਆਂ ਨੂੰ, ਇਸ ਦੌਰਾਨ ਕਈ ਹਫ਼ਤੇ ਪਹਿਲਾਂ ਹੀ ਫਲਸਤੀਨੀ ਅਧਿਕਾਰੀਆਂ ਕੋਲ ਰਜਿਸਟਰ ਕਰਨਾ ਪੈਂਦਾ ਸੀ ਅਤੇ ਮਿਸਰ ਨੂੰ ਅਰਜ਼ੀ ਦੇਣੀ ਪੈਂਦੀ ਸੀ, ਜੋ ਕਿ ਕ੍ਰਾਸਿੰਗ ਕਰਨ ਵਾਲਿਆਂ ਦੀ ਗਿਣਤੀ ਅਤੇ ਗੰਭੀਰ ਸੁਰੱਖਿਆ ਕੰਟਰੋਲਜ਼ 'ਤੇ ਸੀਮਾਵਾਂ ਲਗਾਉਂਦਾ ਹੈ।
ਮਿਸਰ ਨੇ ਅਗਸਤ ਵਿੱਚ 19,600 ਲੋਕਾਂ ਨੂੰ ਰਫਾਹ ਰਾਹੀਂ ਗਾਜ਼ਾ ਤੋਂ ਬਾਹਰ ਜਾਣ ਦੀ ਇਜਾਜ਼ਤ ਦਿੱਤੀ ਸੀ, ਜੋ ਕਿ ਜੁਲਾਈ 2012 ਤੋਂ ਬਾਅਦ ਸਭ ਤੋਂ ਵੱਧ ਗਿਣਤੀ ਸੀ।
ਭੀੜ-ਭੜੱਕੇ ਵਾਲੇ ਅਤੇ ਨੁਕਸਾਨੇ ਗਏ ਘਰ

ਤਸਵੀਰ ਸਰੋਤ, Getty Images
ਗਾਜ਼ਾ ਵਿੱਚ ਵਿਸ਼ਵ ਵਿੱਚ ਸਭ ਤੋਂ ਵੱਧ ਆਬਾਦੀ ਘਣਤਾ ਹੈ।
ਇੱਥੇ ਔਸਤਨ, ਪ੍ਰਤੀ ਵਰਗ ਕਿਲੋਮੀਟਰ ਵਿੱਚ 5,700 ਤੋਂ ਵੱਧ ਲੋਕ ਰਹਿੰਦੇ ਹਨ ਪਰ ਇਹ ਅੰਕੜਾ ਗਾਜ਼ਾ ਸ਼ਹਿਰ ਵਿੱਚ 9,000 ਤੋਂ ਵੱਧ ਹੋ ਜਾਂਦਾ ਹੈ।
ਸੰਯੁਕਤ ਰਾਸ਼ਟਰ ਦੇ ਅਨੁਸਾਰ, ਗਾਜ਼ਾ ਦੀ ਆਬਾਦੀ ਦਾ 75 ਫੀਸਦ, ਭਾਵ ਲਗਭਗ 1.7 ਮਿਲੀਅਨ ਲੋਕ ਰਜਿਸਟਰਡ ਸ਼ਰਨਾਰਥੀ ਹਨ। ਉਨ੍ਹਾਂ ਵਿੱਚੋਂ 500,000 ਤੋਂ ਵੱਧ ਪੱਟੀ ਦੇ ਪਾਰ ਸਥਿਤ ਅੱਠ ਭੀੜ ਵਾਲੇ ਕੈਂਪਾਂ ਵਿੱਚ ਰਹਿੰਦੇ ਹਨ।
ਗਾਜ਼ਾ ਅਤੇ ਇਜ਼ਰਾਈਲ ਵਿੱਚ ਫਲਸਤੀਨੀ ਅੱਤਵਾਦੀਆਂ ਵਿਚਕਾਰ ਟਕਰਾਅ, ਅਤੇ ਪੁਨਰ ਨਿਰਮਾਣ ਦੀ ਹੌਲੀ ਰਫ਼ਤਾਰ ਕਾਰਨ ਗਾਜ਼ਾ ਵਿੱਚ ਬਹੁਤ ਸਾਰੇ ਲੋਕਾਂ ਕੋਲ ਰਹਿਣ ਲਈ ਉਚਿਤ ਥਾਂ ਵੀ ਨਹੀਂ ਹੈ।
ਸੰਯੁਕਤ ਰਾਸ਼ਟਰ ਨੇ ਜਨਵਰੀ ਵਿੱਚ ਕਿਹਾ ਸੀ ਕਿ 2014 ਤੋਂ ਬਾਅਦ ਤਬਾਹ ਹੋਏ 13,000 ਘਰਾਂ ਵਿੱਚੋਂ, ਲਗਭਗ 2,200 ਨੂੰ ਅਜੇ ਵੀ ਪੁਨਰ ਨਿਰਮਾਣ ਲਈ ਫੰਡ ਦਿੱਤਾ ਜਾਣਾ ਬਾਕੀ ਸੀ। ਹੋਰ 72,000 ਘਰ ਜੋ ਅੰਸ਼ਕ ਤੌਰ 'ਤੇ ਨੁਕਸਾਨੇ ਗਏ ਸਨ, ਨੂੰ ਕੋਈ ਮੁਰੰਮਤ ਸਹਾਇਤਾ ਨਹੀਂ ਮਿਲੀ ਸੀ।
"ਦੋਹਰੀ-ਵਰਤੋਂ" ਸ਼੍ਰੇਣੀ ਵਿੱਚ ਆਉਂਦੀਆਂ ਵਸਤੂਆਂ 'ਤੇ ਇਜ਼ਰਾਈਲੀ ਪਾਬੰਦੀਆਂ ਕਾਰਨ, ਉਸਾਰੀ ਸਮੱਗਰੀ ਅਤੇ ਖ਼ਾਸ ਉਪਕਰਣਾਂ ਤੱਕ ਪਹੁੰਚ ਸੀਮਿਤ ਹੈ, ਜਿਸ ਕਾਰਨ ਪੁਨਰ ਨਿਰਮਾਣ ਵਿੱਚ ਰੁਕਾਵਟ ਆਈ ਹੈ।
ਫਲਸਤੀਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਜੂਦਾ ਇਜ਼ਰਾਈਲੀ ਹਵਾਈ ਹਮਲਿਆਂ ਨੇ 1,000 ਘਰ ਤਬਾਹ ਕਰ ਦਿੱਤੇ ਹਨ ਅਤੇ 500 ਇੰਨੇ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ ਕਿ ਉਹ ਰਹਿਣ ਯੋਗ ਵੀ ਨਹੀਂ ਹਨ।
ਸਿਹਤ ਸੇਵਾਵਾਂ 'ਤੇ ਪੈ ਰਿਹਾ ਬੋਝ

ਤਸਵੀਰ ਸਰੋਤ, Reuters
ਗਾਜ਼ਾ ਦੀਆਂ ਜਨਤਕ ਸਿਹਤ ਸਹੂਲਤਾਂ 'ਤੇ ਬਹੁਤ ਜ਼ਿਆਦਾ ਦਬਾਅ ਹੈ ਅਤੇ ਅਕਸਰ ਬਿਜਲੀ ਦੇ ਕੱਟਾਂ, ਡਾਕਟਰੀ ਸਪਲਾਈ ਅਤੇ ਉਪਕਰਣਾਂ ਦੀ ਘਾਟ ਕਾਰਨ ਇਹ ਸੇਵਾਵਾਂ ਪ੍ਰਭਾਵਿਤ ਹੁੰਦੀਆਂ ਹਨ। ਬਹੁਤ ਸਾਰੀਆਂ ਸੇਵਾਵਾਂ ਅਤੇ ਵਿਸ਼ੇਸ਼ ਇਲਾਜ ਤਾਂ ਉਪਲੱਬਧ ਹੀ ਨਹੀਂ ਹਨ।
ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਇਜ਼ਰਾਈਲ ਅਤੇ ਮਿਸਰ ਦੀ ਨਾਕਾਬੰਦੀ, ਵੈਸਟ ਬੈਂਕ-ਅਧਾਰਤ ਫਲਸਤੀਨੀ ਅਥਾਰਟੀ ਤੋਂ ਮਿਲਣ ਵਾਲੇ ਘੱਟ ਫੰਡ ਅਤੇ ਪੀਏ (ਫਿਲਸਤੀਨੀ ਖੇਤਰਾਂ ਵਿੱਚ ਸਿਹਤ ਸੰਭਾਲ ਦੀ ਜ਼ਿੰਮੇਵਾਰ) ਵਿਚਕਾਰ ਅੰਦਰੂਨੀ ਰਾਜਨੀਤਿਕ ਟਕਰਾਅ ਅਤੇ ਹਮਾਸ ਸਾਰੇ ਜ਼ਿੰਮੇਵਾਰ ਹਨ।
ਗਾਜ਼ਾ ਦੇ ਜਿਨ੍ਹਾਂ ਮਰੀਜ਼ਾਂ ਨੂੰ ਵੈਸਟ ਬੈਂਕ ਜਾਂ ਪੂਰਬੀ ਯੇਰੂਸ਼ਲਮ ਦੇ ਹਸਪਤਾਲਾਂ ਵਿੱਚ ਜੀਵਨ-ਰੱਖਿਅਕ ਜਾਂ ਵਿਸ਼ੇਸ਼ ਦੇਖਭਾਲ ਦੀ ਲੋੜ ਹੁੰਦੀ ਹੈ, ਉਨ੍ਹਾਂ ਨੂੰ ਪਹਿਲਾਂ ਪੀਏ ਤੋਂ ਇਜਾਜ਼ਤ ਲੈਣੀ ਪੈਂਦੀ ਹੈ ਅਤੇ ਫਿਰ ਉਨ੍ਹਾਂ ਕੋਲ ਇਜ਼ਰਾਈਲੀ ਅਧਿਕਾਰੀਆਂ ਦੁਆਰਾ ਪ੍ਰਵਾਨਿਤ ਨਿਕਾਸੀ ਪਾਸ ਵੀ ਹੋਣਾ ਚਾਹੀਦਾ ਹੈ।
2008 ਤੋਂ 2022 ਤੱਕ, 70,000 ਤੋਂ ਵੱਧ ਜਾਂ ਇੱਕ ਤਿਹਾਈ ਮਰੀਜ਼ਾਂ ਦੀਆਂ ਪਰਮਿਟ ਅਰਜ਼ੀਆਂ 'ਚ ਦੇਰੀ ਹੋਈ ਜਾਂ ਉਹ ਅਸਵੀਕਾਰ ਕੀਤੀਆਂ ਗਈਆਂ ਸਨ। ਕੁਝ ਮਰੀਜ਼ ਤਾਂ ਅਰਜ਼ੀ ਦੇ ਪ੍ਰਵਾਨਿਤ ਹੋਣ ਦੀ ਉਡੀਕ 'ਚ ਜ਼ਿੰਦਗੀ ਹੀ ਗੁਆ ਬੈਠੇ।
ਸੀਮਿਤ ਖੇਤੀ ਅਤੇ ਮੱਛੀ ਫੜ੍ਹਨ ਦਾ ਕੰਮ

ਤਸਵੀਰ ਸਰੋਤ, Getty Images
ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਗਾਜ਼ਾ ਵਿੱਚ ਲਗਭਗ 1.3 ਮਿਲੀਅਨ ਲੋਕ ਖਾਣੇ ਸਬੰਧੀ ਇੱਕ ਅਸੁਰੱਖਿਅਤ ਸਥਿਤੀ 'ਚ ਹਨ ਅਤੇ ਉਨ੍ਹਾਂ ਨੂੰ ਭੋਜਨ ਸਹਾਇਤਾ ਦੀ ਲੋੜ ਹੈ।
ਇੱਥੋਂ ਦੀ ਆਬਾਦੀ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਲਈ ਦਰਾਮਦ 'ਤੇ ਨਿਰਭਰ ਕਰਦੀ ਹੈ।
ਸੰਯੁਕਤ ਰਾਸ਼ਟਰ ਦੇ ਅਨੁਸਾਰ, ਅਗਸਤ 2023 ਵਿੱਚ ਇਜ਼ਰਾਈਲ ਅਤੇ ਮਿਸਰ ਨੇ ਕੇਰੇਮ ਸ਼ਾਲੋਮ ਅਤੇ ਰਫਾਹ ਕ੍ਰਾਸਿੰਗਾਂ ਰਾਹੀਂ ਆਉਣ ਵਾਲੇ 12,000 ਟਰੱਕਾਂ ਵਿੱਚੋਂ ਲਗਭਗ 22 ਫੀਸਦੀ ਭੋਜਨ ਸਪਲਾਈ ਵਾਲੇ ਸਨ।
ਖੇਤੀਬਾੜੀ ਵਾਲੀ ਜ਼ਮੀਨ ਅਤੇ ਮੱਛੀ ਫੜ੍ਹਨ ਤੱਕ ਪਹੁੰਚ 'ਤੇ ਇਜ਼ਰਾਈਲੀ ਪਾਬੰਦੀਆਂ ਕਾਰਨ ਗਾਜ਼ਾ ਦੇ ਲੋਕਾਂ ਲਈ ਆਪਣੇ ਆਪ ਖਾਣੇ ਦਾ ਪ੍ਰਬੰਧ ਵੀ ਔਖਾ ਹੋ ਜਾਂਦਾ ਹੈ।
60 ਕਿਲੋਮੀਟਰ ਲੰਬੀ ਇਜ਼ਰਾਈਲੀ ਘੇਰੇ ਵਾਲੀ ਵਾੜ ਤੋਂ 100 ਮੀਟਰ ਦੇ ਖੇਤਰਾਂ ਨੂੰ "ਨੋ-ਗੋ" ਖੇਤਰ ਮੰਨਿਆ ਜਾਂਦਾ ਹੈ।
ਜਿਸ ਦਾ ਮਤਲਬ ਹੈ ਕਿ ਕਿਸਾਨ ਉੱਥੇ ਕੁਝ ਵੀ ਨਹੀਂ ਉਗਾ ਸਕਦੇ, ਭਾਵੇਂ ਉਹ ਜ਼ਮੀਨ ਦੇ ਮਾਲਕ ਹੀ ਕਿਉਂ ਨਾ ਹੋਣ। ਕਿਸਾਨਾਂ ਤੋਂ ਇਲਾਵਾ ਹੋਰ ਲੋਕਾਂ ਨੂੰ 300 ਮੀਟਰ ਦੇ ਅੰਦਰ ਆਉਣ ਦੀ ਇਜਾਜ਼ਤ ਨਹੀਂ ਹੈ।
ਇਜ਼ਰਾਈਲ ਨੇ ਮੈਡੀਟੇਰੀਅਨ ਸਾਗਰ ਵਿੱਚ ਸਮੁੰਦਰੀ ਸਫ਼ਰ 'ਤੇ ਵੀ ਸੀਮਾ ਤੈਅ ਕੀਤੀ ਹੈ, ਮਤਲਬ ਕਿ ਗਾਜ਼ਾ ਲੋਕ ਸਿਰਫ਼ ਕਿਨਾਰੇ ਦੀ ਇੱਕ ਨਿਸ਼ਚਿਤ ਦੂਰੀ ਦੇ ਅੰਦਰ ਹੀ ਮੱਛੀਆਂ ਫੜ੍ਹ ਸਕਦੇ ਹਨ।
ਵਰਤਮਾਨ ਵਿੱਚ ਇਹ ਸੀਮਾ 6 ਤੋਂ 15 ਸਮੁੰਦਰੀ ਮੀਲ (11-28 ਕਿਲੋਮੀਟਰ) ਹੈ, ਜਿਸ ਨਾਲ ਲਗਭਗ 5,000 ਮਛੇਰਿਆਂ ਅਤੇ ਸਬੰਧਤ ਕਾਮਿਆਂ ਦੀ ਰੋਜ਼ੀ-ਰੋਟੀ ਪ੍ਰਭਾਵਿਤ ਹੁੰਦੀ ਹੈ।
ਤਾਜ਼ਾ ਸੰਘਰਸ਼ ਦੀ ਸ਼ੁਰੂਆਤ ਤੋਂ ਬਾਅਦ, ਇਜ਼ਰਾਈਲ ਨੇ ਕੇਰੇਮ ਸ਼ਾਲੋਮ ਕ੍ਰਾਸਿੰਗ ਨੂੰ ਬੰਦ ਕਰ ਦਿੱਤਾ ਅਤੇ ਮੱਛੀ ਫੜ੍ਹਨ 'ਤੇ ਪੂਰੀ ਪਾਬੰਦੀ ਲਗਾ ਦਿੱਤੀ ਹੈ।
ਨਾਕਾਬੰਦੀ ਤੋਂ ਪਾਰ ਪਾਉਣ ਲਈ, ਹਮਾਸ ਨੇ ਸੁਰੰਗਾਂ ਦਾ ਇੱਕ ਨੈਟਵਰਕ ਬਣਾਇਆ ਹੈ ਜਿਸ ਦੀ ਵਰਤੋਂ ਉਹ ਮਿਸਰ ਤੋਂ ਪੱਟੀ ਵਿੱਚ ਮਾਲ ਲੈ ਕੇ ਆਉਣ ਲਈ ਅਤੇ ਇੱਕ ਭੂਮੀਗਤ ਕਮਾਂਡ ਸੈਂਟਰ ਵਜੋਂ ਵੀ ਕਰਦਾ ਹੈ।
ਇਜ਼ਰਾਈਲ ਦਾ ਕਹਿਣਾ ਹੈ ਕਿ ਇਨ੍ਹਾਂ ਸੁਰੰਗਾਂ ਦੀ ਵਰਤੋਂ ਕਰਕੇ ਅੱਤਵਾਦੀ ਹਥਿਆਰਾਂ ਦੀ ਤਸਕਰੀ ਕਰਦੇ ਹਨ ਅਤੇ ਗੁਪਤ ਰੂਪ ਨਾਲ ਇੱਧਰ-ਉੱਧਰ ਆਉਂਦੇ ਜਾਂਦੇ ਹਨ। ਇਹ ਅਕਸਰ ਉਨ੍ਹਾਂ ਨੂੰ ਹਵਾਈ ਹਮਲਿਆਂ ਨਾਲ ਨਿਸ਼ਾਨਾ ਬਣਾਉਂਦਾ ਹੈ।
ਪਾਣੀ ਦੀ ਕਮੀ ਵੀ ਨਿੱਤ ਦਾ ਝੰਜਟ

ਤਸਵੀਰ ਸਰੋਤ, Reuters
ਗਾਜ਼ਾ ਦੀ 95 ਫੀਸਦੀ ਆਬਾਦੀ ਲਈ ਸਾਫ਼ ਪਾਣੀ ਉਪਲੱਬਧ ਨਹੀਂ ਹੈ।
ਬਹੁਤ ਜ਼ਿਆਦਾ ਜ਼ਮੀਨੀ ਪਾਣੀ ਕੱਢਣ ਕਾਰਨ ਤੇ ਸਮੁੰਦਰੀ ਪਾਣੀ ਅਤੇ ਸੀਵਰੇਜ ਦੀ ਘੁਸਪੈਠ ਦੇ ਕਾਰਨ, ਨਲਕੇ ਦਾ ਪਾਣੀ ਖਾਰਾ ਅਤੇ ਪ੍ਰਦੂਸ਼ਿਤ ਹੋ ਗਿਆ ਹੈ ਅਤੇ ਪੀਣਯੋਗ ਨਹੀਂ ਹੈ।
ਵਿਸ਼ਵ ਸਿਹਤ ਸੰਗਠਨ ਨੇ ਰੋਜ਼ਾਨਾ ਪਾਣੀ ਦੀਆਂ ਲੋੜਾਂ ਲਈ ਘੱਟੋ-ਘੱਟ ਲੋੜ 100 ਲੀਟਰ ਪ੍ਰਤੀ ਵਿਅਕਤੀ ਨਿਰਧਾਰਤ ਕੀਤੀ ਹੈ, ਇਸ ਵਿੱਚ ਪੀਣ, ਧੋਣ, ਖਾਣਾ ਪਕਾਉਣ ਅਤੇ ਨਹਾਉਣ ਵਰਗੇ ਜ਼ਰੂਰੀ ਕੰਮ ਸ਼ਾਮਲ ਹਨ।
ਗਾਜ਼ਾ ਵਿੱਚ, ਔਸਤ ਖਪਤ ਲਗਭਗ 84 ਲੀਟਰ ਹੈ। ਇਸ ਵਿੱਚੋਂ ਸਿਰਫ਼ 27 ਲੀਟਰ ਹੀ ਮਨੁੱਖੀ ਵਰਤੋਂ ਲਈ ਢੁਕਵਾਂ ਮੰਨਿਆ ਜਾਂਦਾ ਹੈ।
ਸੰਯੁਕਤ ਰਾਸ਼ਟਰ ਨੇ 10 ਅਕਤੂਬਰ ਨੂੰ ਚੇਤਾਵਨੀ ਦਿੱਤੀ ਸੀ ਕਿ ਪਾਣੀ, ਬਿਜਲੀ ਅਤੇ ਇੰਧਨ ਦੀ ਸਪਲਾਈ ਵਿੱਚ ਕਟੌਤੀ ਕਰਨ ਦੇ ਇਜ਼ਰਾਈਲ ਦੇ ਫੈਸਲੇ ਦੇ ਨਤੀਜੇ ਵਜੋਂ ਪੀਣ ਯੋਗ ਪਾਣੀ ਦੀ ਭਾਰੀ ਕਮੀ ਹੋ ਜਾਵੇਗੀ।
ਇਸ ਵਿੱਚ ਕਿਹਾ ਗਿਆ ਹੈ ਕਿ ਸਥਾਨਕ ਅਧਿਕਾਰੀ ਵਸਨੀਕਾਂ ਨੂੰ ਅਪੀਲ ਕਰ ਰਹੇ ਹਨ ਕਿ ਜ਼ਰੂਰੀ ਸੇਵਾਵਾਂ ਨੂੰ ਬਣਾਈ ਰੱਖਣ ਲਈ ਪਾਣੀ ਦੀ ਬਚਤ ਕਰਨ।
ਇੰਧਨ ਦੀ ਕਮੀ ਕਾਰਨ ਗੰਦੇ ਪਾਣੀ ਦੇ ਟ੍ਰੀਟਮੈਂਟ ਪਲਾਂਟਾਂ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਹੈ, ਜਿਸ ਕਾਰਨ ਲੱਖਾਂ ਗੈਲਨ ਕੱਚਾ ਸੀਵਰੇਜ (ਗੰਦਾ ਪਾਣੀ) ਰੋਜ਼ਾਨਾ ਸਮੁੰਦਰ ਵਿੱਚ ਸੁੱਟਿਆ ਜਾ ਰਿਹਾ ਹੈ।
ਸਕੂਲਾਂ 'ਚ ਸ਼ਰਨ

ਤਸਵੀਰ ਸਰੋਤ, Reuters
ਗਾਜ਼ਾ 'ਚ ਬਹੁਤ ਸਾਰੇ ਬੱਚੇ ਸੰਯੁਕਤ ਰਾਸ਼ਟਰ ਦੁਆਰਾ ਚਲਾਏ ਜਾ ਰਹੇ ਸਕੂਲਾਂ ਵਿੱਚ ਪੜ੍ਹਦੇ ਹਨ ਅਤੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਸਕੂਲ ਹੁਣ ਹਜ਼ਾਰਾਂ ਲੋਕਾਂ ਲਈ ਪਨਾਹਗਾਹ ਵੀ ਹਨ। ਜੰਗ ਤੋਂ ਜਾਨ ਬਚਾਉਣ ਲਈ ਬਹੁਤ ਸਾਰੇ ਲੋਕ ਇੱਥੇ ਹੀ ਰਹਿ ਰਹੇ ਹਨ।
ਫਲਸਤੀਨੀ ਸ਼ਰਨਾਰਥੀ ਏਜੰਸੀ ਯੂਐਨਆਰਡਬਲਯੂਏ ਦੇ ਅਨੁਸਾਰ, ਗਾਜ਼ਾ ਵਿੱਚ ਇਸ ਦੇ 278 ਸਕੂਲਾਂ ਵਿੱਚੋਂ 71 ਫੀਸਦ "ਡਬਲ ਸ਼ਿਫਟ" ਪ੍ਰਣਾਲੀ ਚਲਾਉਂਦੇ ਹਨ। ਇਸ ਦਾ ਮਤਲਬ ਹੈ ਕਿ ਸਕੂਲ ਦਿਨ 'ਚ ਦੋ ਵਾਰ ਖੁੱਲ੍ਹਦਾ ਹੈ, ਇੱਕ ਸਵੇਰੇ ਵੇਲੇ ਤੇ ਫਿਰ ਦੂਜੀ ਵਾਰ ਸ਼ਾਮ ਵੇਲੇ।
(ਇਸ ਤਰ੍ਹਾਂ ਨਾਲ ਇੱਕ ਦਿਨ ਵਿੱਚ ਦੁੱਗਣੇ ਬੱਚਿਆਂ ਨੂੰ ਪੜ੍ਹਾਇਆ ਜਾ ਸਕਦਾ ਹੈ।)
ਸਾਲ 2022 ਵਿੱਚ ਇੱਕ ਜਮਾਤ ਵਿੱਚ ਔਸਤਨ 41 ਬੱਚੇ ਸਨ। 2021 ਵਿੱਚ ਇੱਥੇ 15-19 ਸਾਲ ਦੀ ਉਮਰ ਵਾਲਿਆਂ ਲਈ ਸਾਖਰਤਾ ਦਰ 98 ਫੀਸਦੀ ਸੀ।
ਨੌਜਵਾਨਾਂ 'ਚ ਵਧ ਰਹੀ ਬੇਰੁਜ਼ਗਾਰੀ
ਸੀਆਈਏ ਵਰਲਡ ਫੈਕਟਬੁੱਕ ਦੇ ਅਨੁਸਾਰ, ਗਾਜ਼ਾ ਵਿੱਚ ਦੁਨੀਆਂ ਦੀ ਸਭ ਤੋਂ ਘੱਟ ਉਮਰ ਦੀ ਆਬਾਦੀ ਹੈ, ਜਿਸ ਵਿੱਚ ਲਗਭਗ 65 ਫੀਸਦੀ ਆਬਾਦੀ 25 ਸਾਲ ਤੋਂ ਘੱਟ ਉਮਰ ਵਾਲਿਆਂ ਦੀ ਹੈ।
ਗਾਜ਼ਾ ਵਿੱਚ 80 ਫੀਸਦੀ ਤੋਂ ਵੱਧ ਆਬਾਦੀ ਗਰੀਬੀ ਵਿੱਚ ਰਹਿੰਦੀ ਹੈ, ਜਿੱਥੇ ਬੇਰੁਜ਼ਗਾਰੀ ਦਾ ਪੱਧਰ ਵਿਸ਼ਵ ਵਿੱਚ ਸਭ ਤੋਂ ਵੱਧ ਹੈ, ਜਾ ਕਿ ਸਾਲ 2022 ਵਿੱਚ 45 ਫੀਸਦੀ ਤੱਕ ਪਹੁੰਚ ਗਿਆ ਸੀ।
ਬੇਰੁਜ਼ਗਾਰ ਨੌਜਵਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। 19 ਤੋਂ 29 ਸਾਲ ਦੀ ਉਮਰ ਦੇ 73.9 ਫੀਸਦੀ ਲੋਕ ਜਿਨ੍ਹਾਂ ਕੋਲ ਸੈਕੰਡਰੀ ਸਕੂਲ ਡਿਪਲੋਮੇ ਜਾਂ ਯੂਨੀਵਰਸਿਟੀ ਦੀਆਂ ਡਿਗਰੀਆਂ ਹਨ, ਕੋਲ ਕੋਈ ਕੰਮ ਨਹੀਂ ਹੈ।
ਇਹ ਵੀ ਪੜ੍ਹੋ:-












