ਇਜ਼ਰਾਈਲ ਦੀ ਉਹ ਬਸਤੀ ਜਿੱਥੇ ਹਮਾਸ ਲੜਾਕਿਆਂ ਨੇ 'ਕਤਲੇਆਮ' ਮਚਾਇਆ, 'ਕਈਆਂ ਦੇ ਸਿਰ ਵੱਢ ਦਿੱਤੇ'

ਤਸਵੀਰ ਸਰੋਤ, Getty Images
- ਲੇਖਕ, ਜੇਰੇਮੀ ਬੋਵੇਨ
- ਰੋਲ, ਅੰਤਰਰਾਸ਼ਟਰੀ ਸੰਪਾਦਕ, ਦੱਖਣੀ ਇਜ਼ਰਾਈਲ ਵਿੱਚ
ਚੇਤਾਵਨੀ: ਇਸ ਲੇਖ ਵਿੱਚ ਸ਼ਾਮਲ ਕੁਝ ਵੇਰਵੇ ਪਾਠਕਾਂ ਨੂੰ ਪ੍ਰੇਸ਼ਾਨ ਕਰ ਸਕਦੇ ਹਨ।
ਕਫਰ ਅਜ਼ਾ ਉਹ ਥਾਂ ਹੈ ਜਿੱਥੇ ਇਸ ਖ਼ੂਨੀ ਜੰਗ ਦੀ ਸਭ ਤੋਂ ਪਹਿਲੀ ਮਾਰ ਪਈ ਤੇ ਸ਼ਾਇਦ ਇਹੀ ਥਾਂ ਇਸ ਗੱਲ ਦੇ ਵੀ ਸੰਕੇਤ ਦੇ ਰਹੀ ਹੈ ਕਿ ਆਉਣ ਵਾਲੇ ਦਿਨਾਂ ਦਾ ਮੰਜ਼ਰ ਕਿਹੋ-ਜਿਹਾ ਹੋ ਸਕਦਾ ਹੈ।
ਗਾਜ਼ਾ ਪੱਟੀ ਸਰਹੱਦ ਦੇ ਨਾਲ ਵਸੀ ਇਸ ਇਜ਼ਰਾਇਲੀ ਕਿੱਬੂਟਜ਼, ਭਾਵ ਬਸਤੀ ਵਿੱਚ ਹੁਣ ਤੱਕ ਹਮਲੇ ਜਾਰੀ ਸਨ ਤੇ ਇਹੀ ਕਾਰਨ ਹੈ ਕਿ ਇਜ਼ਰਾਈਲੀ ਇੱਥੋਂ ਦੇ ਵਸਨੀਕਾਂ ਦੀਆਂ ਲਾਸ਼ਾਂ ਨੂੰ ਹੁਣ ਇਕੱਠਾ ਕਰ ਰਹੇ ਹਨ।
ਇਹ ਹਮਲੇ ਸ਼ਨੀਵਾਰ ਸਵੇਰੇ ਉਦੋਂ ਸ਼ੁਰੂ ਹੋਏ, ਜਦੋਂ ਗਾਜ਼ਾ ਤੋਂ ਸਰਹੱਦੀ ਤਾਰ ਤੋੜ ਕੇ ਹਮਾਸ ਦੇ ਲੜਾਕੇ ਇੱਥੇ ਵੜ ਗਏ ਸਨ।
ਖੰਡਰ ਬਣ ਚੁੱਕੀ ਬਸਤੀ ਵਿੱਚ ਨਾਗਰਿਕਾਂ ਦੀਆਂ ਲਾਸ਼ਾਂ ਨੂੰ ਇਕੱਠਾ ਕਰਨ ਵਾਲੇ ਫੌਜੀਆਂ ਦਾ ਕਹਿਣਾ ਹੈ ਕਿ ਇੱਥੇ ਕਤਲੇਆਮ ਹੋਇਆ ਸੀ।
ਉਨ੍ਹਾਂ ਮੁਤਾਬਕ, ਅਜਿਹਾ ਲੱਗਦਾ ਹੈ ਕਿ ਸ਼ਨੀਵਾਰ ਨੂੰ ਹਮਲਾ ਹੋਣ ਦੇ ਸ਼ੁਰੂਆਤੀ ਘੰਟਿਆਂ ਵਿੱਚ ਹੀ ਇੱਥੇ ਜ਼ਿਆਦਾਤਰ ਹੱਤਿਆਵਾਂ ਹੋਈਆਂ ਹਨ।

ਤਸਵੀਰ ਸਰੋਤ, OREN ROSENFELD
ਹਮਾਸ 'ਤੇ ਹਮਲੇ ਦੀ ਅਗਵਾਈ ਕਰਨ ਵਾਲੇ ਪੈਰਾਟ੍ਰੋਪਰਾਂ ਦੀ ਇੱਕ ਤਜਰਬੇਕਾਰ ਟੀਮ, ਯੂਨਿਟ 71 ਦੇ ਡਿਪਟੀ ਕਮਾਂਡਰ ਡੇਵਿਡੀ ਬੇਨ ਜ਼ੀਓਨ ਨੇ ਕਿਹਾ ਕਿ ਇਜ਼ਰਾਈਲੀ ਫੌਜ ਚੁਕੰਨੀ ਤਾਂ ਹੋ ਗਈ ਪਰ ਉਨ੍ਹਾਂ ਨੂੰ ਬਸਤੀ ਤੱਕ ਪਹੁੰਚਣ ਵਿੱਚ 12 ਘੰਟੇ ਲੱਗੇ।
ਉਨ੍ਹਾਂ ਕਿਹਾ “ਪਰਮਾਤਮਾ ਦਾ ਸ਼ੁਕਰ ਹੈ ਕਿ ਅਸੀਂ ਬਹੁਤ ਸਾਰੇ ਮਾਪਿਆਂ ਅਤੇ ਬੱਚਿਆਂ ਦੀਆਂ ਜਾਨਾਂ ਬਚਾ ਸਕੇ, ਪਰ ਬਦਕਿਸਮਤੀ ਨਾਲ ਕੁਝ ਨੂੰ ਪੈਟਰੋਲ ਬੰਬਾਂ ਨਾਲ ਸਾੜ ਦਿੱਤਾ ਗਿਆ। ਉਨ੍ਹਾਂ ਨੇ ਜਾਨਵਰਾਂ ਵਾਂਗ ਹਮਲਾ ਕੀਤਾ।"
ਬੇਨ ਜ਼ੀਓਨ ਨੇ ਕਿਹਾ ਕਿ ਹਮਾਸ ਦੇ ਬੰਦੂਕਧਾਰੀ ਨੇ ਬੱਚਿਆਂ ਸਮੇਤ ਪਰਿਵਾਰਾਂ ਦੇ ਕਤਲ ਕੀਤੇ। ਉਹ ਹਮਲਾਵਰ "ਬਸ ਕਿਸੇ ਨੂੰ ਮਾਰਨ ਲਈ ਇੱਕ ਜੇਹਾਦ ਮਸ਼ੀਨ ਵਾਂਗ ਕੰਮ ਕਰ ਰਹੇ ਸਨ। ਉਨ੍ਹਾਂ ਨੇ ਨਿਹੱਥੇ ਤੇ ਆਮ ਨਾਗਰਿਕ ਜੋ ਸਵੇਰੇ ਆਪਣਾ ਨਾਸ਼ਤਾ ਕਰਨ ਦੀ ਤਿਆਰੀ ਵਿੱਚ ਸਨ, ਸਭ ਨੂੰ ਮਾਰ ਦਿੱਤਾ।''
ਉਨ੍ਹਾਂ ਕਿਹਾ ਕਿ ਕੁਝ ਪੀੜਤਾਂ ਦੇ ਤਾਂ ਸਿਰ ਹੀ ਵੱਢ ਦਿੱਤੇ।
ਬਨ ਜ਼ਿਓਨ ਮੁਤਾਬਕ, "ਉਨ੍ਹਾਂ ਨੇ ਉਨ੍ਹਾਂ ਨੂੰ ਮਾਰਿਆ ਅਤੇ ਕੁਝ ਸਿਰ ਵੱਢ ਦਿੱਤੇ, ਇਹ ਦੇਖਣਾ ਖੌਫ਼ਨਾਕ ਹੈ... ਅਤੇ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਦੁਸ਼ਮਣ ਕੌਣ ਹੈ, ਸਾਡਾ ਮਿਸ਼ਨ ਕੀ ਹੈ, ਇਨਸਾਫ਼ [ਲਈ] ਸਹੀ ਪੱਖ ਕਿਹੜਾ ਹੈ ਅਤੇ ਸਾਰੇ ਸੰਸਾਰ ਨੂੰ ਚਾਹੀਦਾ ਹੈ ਕਿ ਸਾਡਾ ਸਾਥ ਦੇਵੇ।”
ਇੱਕ ਹੋਰ ਅਧਿਕਾਰੀ ਨੇ ਖੂਨ ਨਾਲ ਭਰੇ ਜਾਮਨੀ ਰੰਗ ਦੇ ਬੈਗ ਵੱਲ ਇਸ਼ਾਰਾ ਕੀਤਾ, ਜਿਸ ਵਿੱਚੋਂ ਇੱਕ ਸੁੱਜਿਆ ਹੋਇਆ ਅੰਗੂਠਾ ਬਾਹਰ ਨਿਕਲਿਆ ਹੋਇਆ ਸੀ।
ਅਧਿਕਾਰੀ ਨੇ ਦੱਸਿਆ ਕਿ ਜਿਸ ਮਹਿਲਾ ਦੀ ਲਾਸ਼ ਇਸ ਬੈਗ ਵਿੱਚ ਹੈ, ਉਸ ਨੂੰ ਕਤਲ ਕਰਕੇ ਉਸ ਦੇ ਸਾਹਮਣੇ ਵਾਲੇ ਬਗੀਚੇ ਵਿੱਚ ਉਸ ਦਾ ਸਿਰ ਵੱਢ ਦਿੱਤਾ ਗਿਆ ਸੀ।
ਮੈਂ ਅਧਿਕਾਰੀ ਨੂੰ ਉਸ ਦੇ ਸਰੀਰ ਦਾ ਮੁਆਇਨਾ ਕਰਨ ਲਈ ਸਲੀਪਿੰਗ ਬੈਗ ਨੂੰ ਹਟਾਉਣ ਲਈ ਨਹੀਂ ਕਿਹਾ। ਕੁਝ ਗਜ਼ ਦੀ ਦੂਰੀ 'ਤੇ ਹਮਾਸ ਦੇ ਇੱਕ ਬੰਦੂਕਧਾਰੀ ਦੀ ਕਾਲੀ ਹੋਈ ਤੇ ਸੁੱਜੀ ਹੋਈ ਲਾਸ਼ ਪਈ ਸੀ।

ਤਸਵੀਰ ਸਰੋਤ, OREN ROSENFELD
ਕਾਫਰ ਅਜ਼ਾ ਕਿੱਬੂਟਜ਼, ਭਾਵ ਇਸ ਬਸਤੀ ਵਿੱਚ ਅਜਿਹੇ ਬਹੁਤ ਸਾਰੇ ਸਬੂਤ ਹੈ ਜੋ ਹਮਾਸ ਦੇ ਬੰਦੂਕਧਾਰੀਆਂ ਦੇ ਜੰਗੀ ਅਪਰਾਧਾਂ ਦੀ ਗਵਾਹੀ ਦਿੰਦੇ ਹਨ।
ਇਸ ਦੀ ਬਸਤੀ ਦੀ ਰੱਖਿਆ ਦੀ ਮੁਢਲੀ ਜ਼ਿੰਮੇਦਾਰੀ ਕਿੱਬਟਜ਼ ਗਾਰਡਜ਼ ਦੀ ਸੀ। ਇਹ ਉਹ ਸਥਾਨਕ ਲੋਕ ਸਨ, ਜਿਨ੍ਹਾਂ ਕੋਲ ਫੌਜੀ ਤਜਰਬਾ ਸੀ ਅਤੇ ਜੋ ਘੇਰੇ ਵਿੱਚ ਗਸ਼ਤ ਕਰਦੇ ਸਨ। ਉਹ ਵੀ ਹਮਲਾਵਰਾਂ ਨਾਲ ਲੜਦੇ ਹੋਏ ਮਾਰੇ ਗਏ।
ਉਨ੍ਹਾਂ ਦੀਆਂ ਲਾਸ਼ਾਂ ਨੂੰ ਕਿੱਬਟਜ਼ ਦੇ ਕੇਂਦਰ ਤੋਂ ਇਕੱਠਾ ਕੀਤਾ ਗਿਆ ਅਤੇ ਹੋਰ ਇਜ਼ਰਾਈਲੀ ਮ੍ਰਿਤਕਾਂ ਵਾਂਗ, ਕਾਲੇ ਪਲਾਸਟਿਕ ਵਿੱਚ ਲਪੇਟ ਕੇ ਸਟ੍ਰੈਚਰ ਰਾਹੀਂ ਇੱਕ ਪਾਰਕਿੰਗ ਏਰੀਆ ਵਿੱਚ ਲੈ ਕੇ ਜਾਇਆ ਗਿਆ।
ਇੱਥੇ ਲਾਸ਼ਾਂ ਦੀ ਇੱਕ ਵੱਡੀ ਕਤਾਰ ਹੈ, ਜਿਨ੍ਹਾਂ ਨੂੰ ਵਾਰੀ ਸਿਰ ਇੱਥੋਂ ਲੈ ਕੇ ਜਾਇਆ ਜਾ ਰਿਹਾ ਹੈ।
ਜਦੋਂ ਤੋਂ 2007 ਵਿੱਚ ਹਮਾਸ ਨੇ ਗਾਜ਼ਾ 'ਤੇ ਕਬਜ਼ਾ ਕੀਤਾ ਹੈ, ਉਦੋਂ ਤੋਂ ਹੀ ਇਜ਼ਰਾਈਲੀ ਸਰਹੱਦੀ ਭਾਈਚਾਰਿਆਂ ਦੇ ਵਸਨੀਕਾਂ ਨੂੰ ਸਮੇਂ-ਸਮੇਂ 'ਤੇ ਰਾਕੇਟ ਹਮਲਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਪਰ ਫਿਰ ਵੀ ਉਨ੍ਹਾਂ ਨੇ ਇਸ ਖ਼ਤਰੇ ਨੂੰ ਇੱਥੋਂ ਦੇ ਪੇਂਡੂ ਜੀਵਨ ਦੀ ਕੀਮਤ ਵਜੋਂ ਸਵੀਕਾਰ ਕੀਤਾ।
ਹਮਾਸ ਵੱਲੋਂ ਰਾਕੇਟ ਹਮਲੇ ਦੇ ਖਤਰੇ ਦੇ ਬਾਵਜੂਦ, ਕਫਰ ਅਜ਼ਾ ਦੇ ਨਿਵਾਸੀਆਂ ਅਤੇ ਗਾਜ਼ਾ ਸਰਹੱਦ ਦੇ ਨਾਲ-ਨਾਲ ਰਹਿੰਦੇ ਹੋਰ ਇਜ਼ਰਾਈਲੀ ਭਾਈਚਾਰੇ ਚੰਗਾ ਜੀਵਨ ਜਿਉਂਦੇ ਹਨ।
ਇਨ੍ਹਾਂ ਸਾਰੇ ਘਰਾਂ ਵਿੱਚ ਬਗੀਚੇ ਅਤੇ ਖੁਲ੍ਹੇ ਵਿਹੜਿਆਂ ਤੋਂ ਇਲਾਵਾ ਸੁਰੱਖਿਅਤ ਕਮਰੇ ਵੀ ਸਨ। ਇਨ੍ਹਾਂ ਵਿੱਚ ਖੁੱਲ੍ਹੀਆਂ ਛੱਤਾਂ, ਬਾਰਬੇਕਿਊ, ਬੱਚਿਆਂ ਲਈ ਝੂਲੇ ਵੀ ਸਨ।
ਪਰ ਇੱਥੇ ਕਫਰ ਅਜ਼ਾ ਸਣੇ ਪੂਰੇ ਇਜ਼ਰਾਈਲ ਵਿੱਚ ਵੀ ਕਿਸੇ ਨੇ ਕਲਪਨਾ ਨਹੀਂ ਕੀਤੀ ਕਿ ਹਮਾਸ ਇਜ਼ਰਾਈਲ ਦੇ ਖੂਫੀਆ ਤੰਤਰ ਨੂੰ ਇਸ ਕਦਰ ਚਕਮਾ ਦੇ ਦੇਵੇਗਾ ਅਤੇ ਇੰਨੇ ਲੋਕਾਂ ਨੂੰ ਮਾਰ ਦੇਵੇਗਾ।
ਇਹ ਵੀ ਪੜ੍ਹੋ-
ਇਜ਼ਰਾਈਲੀਆਂ ਵਿੱਚ ਦਹਿਸ਼ਤ ਹੈ, ਗੁੱਸਾ ਹੈ ਅਤੇ ਨਾਲ ਹੀ ਅਵਿਸ਼ਵਾਸ ਦੀ ਵੀ ਇੱਕ ਭਾਵਨਾ ਹੈ ਕਿ ਉਨ੍ਹਾਂ ਦਾ ਦੇਸ ਅਤੇ ਫੌਜ ਆਪਣੇ ਨਾਗਰਿਕਾਂ ਦੀ ਰੱਖਿਆ ਕਰਨ ਦੇ ਆਪਣੇ ਬੁਨਿਆਦੀ ਫਰਜ਼ ਵਿੱਚ ਅਸਫਲ ਰਹੇ ਹਨ।
ਹਮਾਸ ਦੇ ਬੰਦੂਕਧਾਰੀ, ਜਿਨ੍ਹਾਂ ਨੇ ਇੱਥੋਂ ਦੇ ਬਹੁਤ ਸਾਰੇ ਲੋਕਾਂ ਦੀ ਜਾਨ ਲੈ ਲਈ, ਉਨ੍ਹਾਂ ਦੀਆਂ ਲਾਸ਼ਾਂ ਨੂੰ ਧੁੱਪ ਵਿੱਚ ਹੀ ਸੜਨ ਲਈ ਛੱਡ ਦਿੱਤਾ ਗਿਆ ਹੈ।
ਉਹ ਲਾਸ਼ਾਂ ਝਾੜੀਆਂ ਅਤੇ ਟੋਇਆਂ ਆਦਿ 'ਚ ਜਿੱਥੇ ਵੀ ਪਈਆਂ ਹਨ, ਉੱਥੇ ਹੀ ਪਈਆਂ ਹਨ, ਕਿਸੇ ਨੇ ਉਨ੍ਹਾਂ 'ਤੇ ਕੱਪੜਾ ਤੱਕ ਨਹੀਂ ਢਕਿਆ।
ਉਨ੍ਹਾਂ ਦੀਆਂ ਲਾਸ਼ਾਂ ਦੇ ਨੇੜੇ ਹੀ ਉਹ ਮੋਟਰਸਾਈਕਲ ਵੀ ਹਨ ਜਿਨ੍ਹਾਂ 'ਤੇ ਸਵਾਰ ਹੋ ਕੇ ਹਮਾਸ ਲੜਾਕੇ ਸਰਹੱਦੀ ਤਾਰਾਂ ਨੂੰ ਤੋੜਨ ਮਗਰੋਂ ਬਸਤੀ ਵਿੱਚ ਵੜੇ ਸਨ।
ਇੱਥੇ ਇੱਕ ਪੈਰਾਗਲਾਈਡਰ ਦਾ ਮਲਬਾ ਵੀ ਹੈ, ਜਿਸ ਦਾ ਇਸਤੇਮਾਲ ਕਰਕੇ ਇਜ਼ਰਾਈਲ ਸੁਰੱਖਿਆ ਬਲਾਂ 'ਤੇ ਨਜ਼ਰ ਰੱਖੀ ਜਾ ਰਹੀ ਸੀ।

ਤਸਵੀਰ ਸਰੋਤ, OREN ROSENFELD
ਇਜ਼ਰਾਈਲੀਆਂ ਨੂੰ ਕਫਰ ਅਜ਼ਾ ਉੱਤੇ ਮੁੜ ਕਬਜ਼ਾ ਕਰਨ ਲਈ ਇੱਕ ਮੁਸ਼ਕਲ ਜੰਗ ਲੜਨੀ ਪਈ।
ਜਦੋਂ ਅਸੀਂ ਕਿੱਬਟਜ਼ ਦੇ ਪ੍ਰਵੇਸ਼ ਦੁਆਰ ਦੇ ਨੇੜੇ ਪਹੁੰਚੇ, ਸੈਂਕੜੇ ਇਜ਼ਰਾਈਲੀ ਲੜਾਕੂ ਸੈਨਿਕ ਅਜੇ ਵੀ ਇਸ ਦੀ ਘੇਰਾਬੰਦੀ ਵਿੱਚ ਤੈਨਾਤ ਸਨ। ਅਸੀਂ ਉਨ੍ਹਾਂ ਦਾ ਰੇਡੀਓ ਟ੍ਰੈਫਿਕ ਸੁਣ ਸਕਦੇ ਸੀ।
ਇਕ ਕਮਾਂਡਰ ਗਾਜ਼ਾ ਵਾਲੇ ਪਾਸੇ ਇੱਕ ਇਮਾਰਤ 'ਤੇ ਗੋਲੀ ਚਲਾਉਣ ਦਾ ਆਦੇਸ਼ ਦੇ ਰਿਹਾ ਸੀ। ਉਸੇ ਵੇਲੇ ਆਟੋਮੈਟਿਕ ਹਥਿਆਰਾਂ ਤੋਂ ਗੋਲੀਬਾਰੀ ਸ਼ੁਰੂ ਹੋ ਗਈ, ਜੋ ਸਰਹੱਦ ਦੇ ਪਾਰ ਗਾਜ਼ਾ ਵੱਲ ਕੀਤੀ ਜਾ ਰਹੀ ਸੀ।
ਜਦੋਂ ਅਸੀਂ ਕਫਰ ਅਜ਼ਾ ਵਿੱਚ ਸੀ, ਗਜ਼ਾ ਦੇ ਬਾਹਰ ਹਵਾਈ ਹਮਲਿਆਂ ਦੀਆਂ ਅਵਾਜ਼ਾਂ ਲਗਾਤਾਰ ਸੁਣਾਈ ਦਿੰਦੀਆਂ ਰਹੀਆਂ।
ਸ਼ਨੀਵਾਰ ਨੂੰ ਆਪਣੇ ਬਹੁਤ ਸਾਰੇ ਨਾਗਰਿਕਾਂ ਦੇ ਕਤਲ ਤੋਂ ਬਾਅਦ, ਇਜ਼ਰਾਈਲ ਸਦਮੇ ਵਿੱਚ ਹੈ।
ਪਰ ਗਜ਼ਾ ਵਿੱਚ ਵੀ ਸੈਂਕੜੇ ਨਾਗਰਿਕ ਮਾਰੇ ਜਾ ਰਹੇ ਹਨ। ਅੰਤਰਰਾਸ਼ਟਰੀ ਮਾਨਵਤਾਵਾਦੀ ਕਾਨੂੰਨ ਸਪਸ਼ਟ ਤੌਰ 'ਤੇ ਕਹਿੰਦਾ ਹੈ ਕਿ ਸਾਰੇ ਲੜਾਕਿਆਂ ਨੂੰ ਨਾਗਰਿਕਾਂ ਦੇ ਜੀਵਨ ਦੀ ਰੱਖਿਆ ਕਰਨੀ ਚਾਹੀਦੀ ਹੈ।
ਇਹ ਸਪਸ਼ਟ ਹੈ ਕਿ ਹਮਾਸ ਦੇ ਹਮਲਾਵਰਾਂ ਨੇ ਸੈਂਕੜੇ ਨਾਗਰਿਕਾਂ ਦੀ ਹੱਤਿਆ ਕਰਕੇ ਜੰਗ ਦੇ ਨਿਯਮਾਂ ਦੀ ਘੋਰ ਉਲੰਘਣਾ ਕੀਤੀ ਹੈ।
ਇਜ਼ਰਾਈਲੀ, ਹਮਾਸ ਵਲੋਂ ਨਾਗਰਿਕਾਂ ਨੂੰ ਮਾਰਨ ਦੇ ਤਰੀਕੇ ਅਤੇ ਇਜ਼ਰਾਈਲ ਦੇ ਹਵਾਈ ਹਮਲਿਆਂ ਵਿੱਚ ਫਲਸਤੀਨੀ ਨਾਗਰਿਕਾਂ ਦੀ ਮੌਤ ਦੇ ਤਰੀਕੇ ਵਿਚਕਾਰ ਕਿਸੇ ਵੀ ਤੁਲਨਾ ਨੂੰ ਖਾਰਿਜ ਕਰਦੇ ਹਨ।

ਤਸਵੀਰ ਸਰੋਤ, Amir Levy/Getty Images
ਮੇਜਰ ਜਨਰਲ ਇਤਾਈ ਵੇਰੂਵ, ਰਿਟਾਇਰ ਹੋਣ ਵਾਲੇ ਸਨ ਜਦੋਂ ਉਨ੍ਹਾਂ ਨੇ ਕਿੱਬਟਜ਼ ਨੂੰ ਵਾਪਸ ਲੈਣ ਵਾਲੀ ਲੜਾਈ ਦੀ ਅਗਵਾਈ ਕੀਤੀ ਸੀ। ਉਹ ਜ਼ੋਰ ਦੇ ਕੇ ਕਹਿੰਦੇ ਹਨ ਕਿ ਇਜ਼ਰਾਈਲ ਯੁੱਧ ਦੇ ਕਾਨੂੰਨਾਂ ਦੇ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਦਾ ਸਨਮਾਨ ਕਰ ਰਿਹਾ ਹੈ।
ਉਨ੍ਹਾਂ ਕਿਹਾ, "ਮੈਨੂੰ ਯਕੀਨ ਹੈ ਕਿ ਅਸੀਂ ਆਪਣੀਆਂ ਕਦਰਾਂ-ਕੀਮਤਾਂ ਅਤੇ ਸੱਭਿਆਚਾਰ ਲਈ ਲੜਦੇ ਹਾਂ... ਅਸੀਂ ਬਹੁਤ ਹਮਲਾਵਰ ਅਤੇ ਬਹੁਤ ਮਜ਼ਬੂਤ ਰਹਾਂਗੇ ਪਰ ਅਸੀਂ ਆਪਣੀਆਂ ਨੈਤਿਕ ਕਦਰਾਂ-ਕੀਮਤਾਂ ਨੂੰ ਕਾਇਮ ਰੱਖਦੇ ਹਾਂ। ਅਸੀਂ ਇਜ਼ਰਾਈਲੀ ਹਾਂ, ਅਸੀਂ ਯਹੂਦੀ ਹਾਂ।"
ਉਨ੍ਹਾਂ ਨੇ ਪੂਰੀ ਤਰ੍ਹਾਂ ਨਾਲ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਹਨਾਂ ਨੇ ਯੁੱਧ ਦੇ ਕਾਨੂੰਨਾਂ ਦੇ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਨੂੰ ਅਣਦੇਖਾ ਕੀਤਾ। ਹਾਲਾਂਕਿ ਇਹ ਨਿਸ਼ਚਿਤ ਹੈ ਕਿ ਜਿੰਨੇ ਜ਼ਿਆਦਾ ਫਲਸਤੀਨੀ ਨਾਗਰਿਕ ਮਰਨਗੇ, ਇਜ਼ਰਾਈਲ ਨੂੰ ਓਨੀ ਹੀ ਜ਼ਿਆਦਾ ਆਲੋਚਨਾ ਦਾ ਸਾਹਮਣਾ ਕਰਨਾ ਪਵੇਗਾ।

ਤਸਵੀਰ ਸਰੋਤ, OREN ROSENFELD
ਉਨ੍ਹਾਂ ਦੀਆਂ ਗੱਲਾਂ ਤੋਂ ਕਫ਼ਰ ਅਜ਼ਾ ਦੇ ਭਵਿੱਖ ਦੀ ਕੁਝ ਝਲਕੀ ਦੇਖਣ ਨੂੰ ਮਿਲ ਰਹੀ ਹੈ। ਅਜਿਹਾ ਹੀ ਇੱਕ ਹੋਰ ਫੌਜੀ ਦਾ ਵੀ ਰਵੱਈਆ ਹੈ, ਜਿਨ੍ਹਾਂ ਨਾਲ ਮੈਂ ਗੱਲ ਕੀਤੀ ਸੀ ਅਤੇ ਜੋ ਆਪਣਾ ਨਾਮ ਗੁਪਤ ਰੱਖਣਾ ਚਾਹੁੰਦੇ ਹਨ।
ਹੋਰ ਬਹੁਤ ਸਾਰੇ ਇਜ਼ਰਾਈਲੀਆਂ ਵਾਂਗ, ਇਸ ਯੁੱਧ ਦੇ ਪਹਿਲੇ ਕੁਝ ਦਿਨਾਂ ਦੇ ਤਜ਼ਰਬੇ ਅਤੇ ਜੋ ਕੁਝ ਵੀ ਉਸ ਫੌਜੀ ਨੇ ਦੇਖਿਆ ਹੈ, ਉਸ ਨੇ ਲੜਾਈ ਦੇ ਉਨ੍ਹਾਂ ਦੇ ਇਰਾਦੇ ਨੂੰ ਹੋਰ ਬਲ ਦਿੱਤਾ।
ਉਸ ਫੌਜੀ ਨੇ ਕਿਹਾ, ''ਜਦੋਂ ਉਹ (ਇਜ਼ਰਾਇਲੀ) ਪਹੁੰਚੇ, ਤਾਂ ਹਰ ਪਾਸੇ ਹਫੜਾ-ਦਫੜੀ ਤੇ ਅੱਤਵਾਦੀ ਹਨ।"
ਗੱਲਬਾਤ ਦੌਰਾਨ ਮੈਂ ਉਨ੍ਹਾਂ ਤੋਂ ਕੁਝ ਸਵਾਲ ਪੁੱਛੇ...
ਉਨ੍ਹਾਂ ਨਾਲ ''ਲੜਾਈ ਕਿੰਨੀ ਔਖੀ ਸੀ?''
- "ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ।"
ਕੀ ਤੁਹਾਨੂੰ ਇੱਕ ਫੌਜੀ ਵਜੋਂ ਪਹਿਲਾਂ ਕਦੇ ਅਜਿਹਾ ਕੁਝ ਕਰਨਾ ਪਿਆ ਹੈ?
- "ਇਸ ਤਰ੍ਹਾਂ ਦਾ ਨਹੀਂ।"
ਹੁਣ ਅੱਗੇ ਕੀ?
- "ਮੈਨੂੰ ਨਹੀਂ ਪਤਾ, ਮੈਂ ਉਹੀ ਕਰਦਾ ਹਾਂ ਜੋ ਉਹ ਮੈਨੂੰ ਕਰਨ ਲਈ ਕਹਿੰਦੇ ਹਨ। ਮੈਨੂੰ ਉਮੀਦ ਹੈ ਕਿ ਅਸੀਂ ਅੰਦਰ ਜਾਵਾਂਗੇ।"
ਗਾਜ਼ਾ ਵਿੱਚ? ਇਹ ਮੁਸ਼ਕਿਲ ਲੜਾਈ ਹੋਵੇਗੀ।
- "ਹਾਂ। ਅਸੀਂ ਇਸ ਲਈ ਤਿਆਰ ਹਾਂ।"

ਤਸਵੀਰ ਸਰੋਤ, JACK GUEZ/AFP via Getty Images
ਡੇਵਿਡੀ ਬੇਨ ਜ਼ੀਓਨ ਉਹ ਅਧਿਕਾਰੀ ਹਨ ਜਿਨ੍ਹਾਂ ਨੇ ਕਿੱਬਟਜ਼ ਲਈ ਲੜਾਈ ਵਿੱਚ ਹਮਲੇ ਦੀ ਅਗਵਾਈ ਕੀਤੀ ਅਤੇ ਹਮਾਸ ਦੁਆਰਾ ਮਚਾਏ ਕਤਲੇਆਮ ਨੂੰ ਦੇਖਿਆ।
ਉਨ੍ਹਾਂ ਮੰਨਿਆ ਕਿ ਇਜ਼ਰਾਈਲੀਆਂ ਵਿੱਚ ਸਿਆਸੀ ਪੱਧਰ 'ਤੇ ਡੂੰਘੇ ਮਤਭੇਦ ਹਨ ਪਰ ਨਾਲ ਹੀ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਹਮਲੇ ਤੋਂ ਬਾਅਦ, ਉਹ ਹੁਣ ਇੱਕਜੁੱਟ ਹਨ।
ਮੈਡੀਟੇਰੀਅਨ ਦੇ ਗਰਮ ਪਤਝੜ ਵਾਲੇ ਮਾਯੂਸ 'ਚ ਤਪਦੇ ਸੂਰਜ ਕਾਰਨ ਸੜਨ ਵਾਲੇ ਮਾਸ ਦੀ ਇੱਕ ਤੇਜ਼ ਗੰਧ ਆ ਰਹੀ ਸੀ। ਲਾਸ਼ਾਂ ਨੂੰ ਹਟਾਉਣ ਵਾਲੇ ਫੌਜੀ ਘਰਾਂ ਦੇ ਖੰਡਰਾਂ ਕੋਲੋਂ, ਬਿਨਾਂ ਵਿਸਫੋਟ ਕੀਤੇ ਹਥਿਆਰਾਂ ਕੋਲੋਂ ਸਾਵਧਾਨੀ ਨਾਲ ਨਿੱਕਲ ਰਹੇ ਸਨ ਕਿ ਕਿਤੇ ਇਹ ਕਿਸੇ ਤਰ੍ਹਾਂ ਦਾ ਜਾਲ਼ ਨਾ ਹੋਵੇ। ਇੱਕ ਰਸਤੇ 'ਤੇ ਇੱਕ ਗ੍ਰੇਨੇਡ ਪਿਆ ਸੀ।
ਜਦੋਂ ਉਹ ਲਾਸ਼ਾਂ ਨੂੰ ਚੁੱਕਣ ਦਾ ਕੰਮ ਕਰ ਰਹੇ ਸਨ, ਸਮੇਂ-ਸਮੇਂ 'ਤੇ ਹਮਾਸ ਦੇ ਰਾਕੇਟ ਦੀਆਂ ਚੇਤਾਵਨੀਆਂ ਉਨ੍ਹਾਂ ਦੇ ਕੰਮ 'ਚ ਰੁਕਾਵਟ ਪਾ ਰਹੀਆਂ ਸਨ।
ਜਦੋਂ ਤੱਕ ਅਸੀਂ ਕਫ਼ਰ ਅਜ਼ਾ ਤੋਂ ਨਿੱਕਲੇ, ਅਜਿਹੀਆਂ ਚੇਤਾਵਨੀਆਂ ਵਧ ਗਈਆਂ ਸਨ।
ਹੁਣ ਤੱਕ ਦਾ ਅਹਿਮ ਘਟਨਾਕ੍ਰਮ
- ਸ਼ਨੀਵਾਰ ਨੂੰ ਫਲਸਤੀਨੀ ਇਸਲਾਮੀ ਅੱਤਵਾਦੀ ਸਮੂਹ ਹਮਾਸ ਨੇ ਗਾਜ਼ਾ ਪੱਟੀ ਤੋਂ ਇਜ਼ਰਾਈਲ 'ਤੇ ਅਚਾਨਕ ਹਮਲਾ ਬੋਲ ਦਿੱਤਾ।
- ਇਸ ਦੌਰਾਨ ਦਰਜਨਾਂ ਹਥਿਆਰਬੰਦ ਲੜਾਕੇ ਦੱਖਣੀ ਇਜ਼ਰਾਈਲ ਵਿੱਚ ਦਾਖਲ ਹੋਏ ਤੇ ਇਜ਼ਰਾਈਲ 'ਤੇ ਹਜ਼ਾਰਾਂ ਰਾਕੇਟ ਦਾਗੇ ਗਏ।
- ਇਜ਼ਰਾਈਲ ਨੇ ਵੀ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਲੋਕਾਂ ਨੂੰ ਸੁਰੱਖਿਅਤ ਰਹਿਣ ਦੀ ਹਿਦਾਇਤ ਜਾਰੀ ਕੀਤੀ।
- ਹੁਣ ਤੱਕ ਇਸ ਹਿੰਸਾ 'ਚ 700 ਤੋਂ ਵੱਧ ਇਜ਼ਰਾਇਲੀ ਨਾਗਰਿਕਾਂ ਅਤੇ ਗਾਜ਼ਾ ਵਿੱਚ ਵੀ 400 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
- ਸੁਰੱਖਿਆ ਕਰਮਚਾਰੀਆਂ ਮੁਤਾਬਕ, ਉਨ੍ਹਾਂ ਨੂੰ ਸੁਪਰਨੋਵਾ ਮਿਊਜ਼ਿਕ ਫੈਸਟੀਵਲ ਦੀ ਥਾਂ ਤੋਂ 250 ਤੋਂ ਵੱਧ ਲਾਸ਼ਾਂ ਮਿਲੀਆਂ ਹਨ।
- ਰਿਪੋਰਟਾਂ ਮੁਤਾਬਕ, ਮਰਨ ਵਾਲਿਆਂ ਵਿੱਚ ਕੁਝ ਅਮਰੀਕੀ ਅਤੇ ਨੇਪਾਲੀ ਨਾਗਰਿਕ ਵੀ ਸ਼ਾਮਲ ਹਨ।
- ਹਮਾਸ ਦੇ ਆਗੂ ਮੁਹੰਮਦ ਜ਼ੈਫ ਨੇ ਕਿਹਾ, "ਅਸੀਂ ਇਹ ਐਲਾਨ ਕਰਨ ਦਾ ਫੈਸਲਾ ਕੀਤਾ ਹੈ ਕਿ ਹੁਣ ਬਹੁਤ ਹੋ ਗਿਆ ਹੈ।"
- ਇਜ਼ਰਾਇਲੀ ਪੀਐਮ ਨੇਤਨਯਾਹੂ ਨੇ ਕਿਹਾ, "ਇਹ ਸਿਰਫ਼ ਭੜਕਾਉਣ ਵਾਲੀ ਗੱਲ ਨਹੀਂ ਬਲਕਿ ਇੱਕ ਜੰਗ ਹੈ ਤੇ ਦੁਸ਼ਮਣ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ।"
- ਕਈ ਇਜ਼ਰਾਈਲੀਆਂ ਨੂੰ ਬੰਧਕ ਬਣਾ ਕੇ ਗਾਜ਼ਾ ਪੱਟੀ ਲੈ ਕੇ ਜਾਇਆ ਗਿਆ ਹੈ।
- ਇਜ਼ਰਾਈਲ ਦੇ ਸੁਰੱਖਿਆ ਮੁਖੀਆਂ ਦੀ ਬੈਠਕ 'ਚ ਪੀਐੱਮ ਨੇਤਨਯਾਹੂ ਨੇ ਘੁਸਪੈਠੀਆਂ ਨੂੰ ਖਤਮ ਕਰਨ ਦੇ ਨਿਰਦੇਸ਼ ਦਿੱਤੇ ਹਨ।
- ਉਨ੍ਹਾਂ ਕਿਹਾ ਹੈ ਕਿ "ਇਹ ਇੱਕ ਜੰਗ ਹੈ ਅਤੇ ਅਸੀਂ ਇਸ ਜੰਗ ਨੂੰ ਜਿੱਤਾਂਗੇ।"
- ਇਜ਼ਰਾਈਲ ਦੇ ਰੱਖਿਆ ਮੰਤਰੀ ਯੋਆਵ ਗੈਲੈਂਟ ਨੇ ਕਿਹਾ ਕਿ ਹਮਾਸ ਨੇ "ਵੱਡੀ ਗਲਤੀ" ਕਰ ਦਿੱਤੀ ਹੈ।
- ਇਜ਼ਰਾਇਲੀ ਹਸਪਤਾਲਾਂ ਨੇ ਕਿਹਾ ਹੈ ਕਿ ਦਰਜਨਾਂ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ, ਜਿਨ੍ਹਾਂ 'ਚੋਂ ਕਈਆਂ ਦੀ ਹਾਲਤ ਗੰਭੀਰ ਹੈ।
- ਅਮਰੀਕਾ ਨੇ ਕਿਹਾ ਕਿ ਉਹ ਇਜ਼ਰਾਈਲ ਦੀ ਮਦਦ ਲਈ ਪੂਰਵੀ ਭੂਮੱਧ ਸਾਗਰ 'ਚ ਇੱਕ ਬੇੜਾ, ਮਿਜ਼ਾਈਲ ਕਰੂਜ਼ਰ, ਜਹਾਜ਼ ਤੇ ਜੈੱਟ ਭੇਜ ਰਿਹਾ ਹੈ।
ਇਹ ਵੀ ਪੜ੍ਹੋ-












