ਇਜ਼ਰਾਈਲੀ ਬੰਧਕਾਂ ਨੂੰ ਆਖਰੀ ਵਾਰ ਕਿੱਥੇ ਦੇਖਿਆ ਗਿਆ ਸੀ, ਵਾਇਰਲ ਵੀਡੀਓਜ਼ 'ਚ ਕੀ ਨਜ਼ਰ ਆਇਆ

ਇਜ਼ਰਾਈਲ-ਫਲਸਤੀਨ ਹਮਲੇ

ਤਸਵੀਰ ਸਰੋਤ, Social Media

ਤਸਵੀਰ ਕੈਪਸ਼ਨ, ਇਜ਼ਰਾਈਲੀ ਸਮਾਰੋਹ 'ਚ ਸ਼ਾਮਲ ਹੋਣ ਵਾਲੇ ਲੋਕ ਹਮਾਸ ਦੇ ਬੰਦੂਕਧਾਰੀਆਂ ਤੋਂ ਬਚ ਕੇ ਮਾਰੂਥਲ ਵਿੱਚ ਭੱਜਦੇ ਹੋਏ

ਜਿਵੇਂ ਹੀ ਫਲਸਤੀਨੀ ਅੱਤਵਾਦੀ ਸੰਗਠਨ ਹਮਾਸ ਨੇ ਸ਼ਨੀਵਾਰ ਨੂੰ ਦੱਖਣੀ ਇਜ਼ਰਾਈਲ 'ਤੇ ਅਚਾਨਕ ਹਮਲਾ ਕੀਤਾ, ਦਰਜਨਾਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਏ।

ਇਨ੍ਹਾਂ ਵਿੱਚ ਨਜ਼ਰ ਆਇਆ ਕਿ ਕਿਵੇਂ ਇਜ਼ਰਾਈਲੀ ਨਾਗਰਿਕਾਂ ਅਤੇ ਫੌਜੀਆਂ ਨੂੰ ਬੰਧਕ ਬਣਾਇਆ ਗਿਆ ਹੈ।

ਬੰਦੀ ਬਣਾਏ ਗਏ ਇਨ੍ਹਾਂ ਲੋਕਾਂ ਦੀ ਗਿਣਤੀ ਕਿੰਨੀ ਹੈ, ਇਸ ਬਾਰੇ ਕੋਈ ਪੱਕੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪਰ ਇਜ਼ਰਾਈਲੀ ਫੌਜ ਦਾ ਕਹਿਣਾ ਹੈ ਕਿ ਉਨ੍ਹਾਂ ਦੀ "ਸੰਖਿਆ ਕਾਫ਼ੀ" ਹੈ।

ਜਦਕਿ ਹਮਾਸ ਨੇ ਕਿਹਾ ਕਿ ਇਹ ਗਿਣਤੀ ਦਰਜਨਾਂ ਨਾਲੋਂ ਵੀ "ਕਈ ਗੁਣਾ ਵੱਧ" ਹੈ।

ਬੀਬੀਸੀ ਨੇ ਪੁਸ਼ਟੀ ਕੀਤੀ ਹੈ ਕਿ ਕੁਝ ਬੰਧਕਾਂ ਨੂੰ ਗਾਜ਼ਾ ਲੈ ਗਏ ਹਨ

ਰਾਇਟਰਜ਼ ਮੁਤਾਬਕ ਹਮਾਸ ਦੇ ਕਬਜ਼ੇ ਵਿੱਚੋਂ ਔਰਤਾਂ ਅਤੇ ਬੱਚਿਆਂ ਨੂੰ ਛੁ਼ਡਾਉਣ ਲਈ ਕਤਰ ਦੇ ਅਧਿਕਾਰੀ ਗੱਲਬਾਤ ਕਰ ਰਹੇ ਹਨ। ਉਧਰ ਬੀਬੀਸੀ-4 ਰੇਡੀਓ ਨਾਲ ਗੱਲਬਾਤ ਦੌਰਾਨ ਹਮਾਸ ਨੇ ਕਿਹਾ ਹੈ, ‘‘ਅਸੀਂ ਬੰਧਕਾਂ ਨਾਲ ਮਨੁੱਖੀ, ਆਦਰਮਈ ਤਰੀਕੇ ਨਾਲ ਪੇਸ਼ ਆਉਣ ਲਈ ਬਚਨਬੱਧ ਹੈ।’’

ਅਸੀਂ ਇਜ਼ਰਾਈਲ ਅਤੇ ਗਾਜ਼ਾ ਪੱਟੀ ਵਿੱਚ ਸਥਾਨਾਂ ਦੀ ਪਛਾਣ ਕਿਵੇਂ ਕੀਤੀ?

ਇਜ਼ਰਾਈਲ-ਫਲਸਤੀਨ ਹਮਲੇ
ਤਸਵੀਰ ਕੈਪਸ਼ਨ, ਸਮਾਰੋਹ ਵਾਲੀ ਉਹ ਥਾਂ ਜਿੱਥੋਂ ਇਜ਼ਰਾਈਲੀਆਂ ਨੂੰ ਅਗਵਾ ਕੀਤਾ ਗਿਆ

ਬਹੁਤ ਜ਼ਿਆਦਾ ਸ਼ੇਅਰ ਕੀਤੇ ਗਏ ਇੱਕ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਮਿਊਜ਼ਿਕ ਫੈਸਟੀਵਲ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਦਾ ਇੱਕ ਸਮੂਹ ਮਾਰੂਥਲ ਵਿੱਚ ਭੱਜ ਰਿਹਾ ਹੈ।

ਐਤਵਾਰ ਸ਼ਾਮ ਨੂੰ, ਬਚਾਅ ਕਰਮਚਾਰੀਆਂ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੂੰ ਉੱਥੇ 250 ਤੋਂ ਵੱਧ ਲਾਸ਼ਾਂ ਮਿਲੀਆਂ ਹਨ।

ਵੀਡੀਓ ਵਿੱਚ ਕੁਝ ਲੋਕ ਹਿਬਰੂ ਵਿੱਚ ਚੀਕ ਰਹੇ ਹਨ- "ਕਿਰਪਾ ਕਰਕੇ... ਕਿਰਪਾ ਕਰਕੇ ਖੋਲ੍ਹੋ''। ਉਹ ਬੇਚੈਨ ਨਜ਼ਰ ਆ ਰਹੇ ਹਨ ਅਤੇ ਕਾਰਾਂ ਦੇ ਦਰਵਾਜ਼ੇ ਖੋਲ੍ਹਣ ਲਈ ਬੇਨਤੀ ਕਰ ਰਹੇ ਹਨ।

ਇਜ਼ਰਾਈਲੀ ਮੀਡੀਆ ਦਾ ਕਹਿਣਾ ਹੈ ਕਿ ਇਹ ਘਟਨਾ ਪੱਛਮੀ ਨੇਗੇਵ ਵਿੱਚ ਕਿਬੁਟਜ਼ ਰੀਮ ਦੇ ਨੇੜੇ ਵਾਪਰੀ ਸੀ।

ਬੀਬੀਸੀ ਨੇ ਸਮਾਗਮ ਦੇ ਚਸ਼ਮਦੀਦਾਂ ਨਾਲ ਗੱਲ ਕਰਕੇ ਸਥਾਨ ਦੀ ਪੁਸ਼ਟੀ ਕੀਤੀ ਹੈ।

ਵੀਡੀਓ ਵਿੱਚ ਨਜ਼ਰ ਆਉਂਦੀ ਥਾਂ ਸੈਟੇਲਾਈਟ ਚਿੱਤਰਾਂ ਨਾਲ ਵੀ ਮੇਲ ਖਾਂਦੀ ਹੈ, ਜਿਸ ਵਿੱਚ ਇਸ ਸਥਾਨ ਦੇ ਆਲੇ-ਦੁਆਲੇ ਮਾਰੂਥਲ ਨਜ਼ਰ ਆਉਂਦਾ ਹੈ।

ਇਜ਼ਰਾਈਲੀ ਬੰਧਕਾਂ ਦੀ ਲੋਕੇਸ਼ਨ ਵਾਲੇ ਵੀਡੀਓ

ਇਜ਼ਰਾਈਲ-ਫਲਸਤੀਨ ਹਮਲੇ
ਤਸਵੀਰ ਕੈਪਸ਼ਨ, ਬੇਰੀ ਦੀਆਂ ਸੈਟੇਲਾਈਟ ਤਸਵੀਰਾਂ ਵਿੱਚ ਉਹ ਇਮਾਰਤਾਂ ਨਜ਼ਰ ਆਉਂਦੀ ਹਨ ਜੋ ਗੂਗਲ ਫੋਟੋਸਫੇਅਰ 'ਤੇ ਦਿਖਾਈਆਂ ਗਈਆਂ ਤੇ ਆਸ-ਪਾਸ ਲਈਆਂ ਗਈਆਂ ਫੋਟੋਆਂ ਵਿੱਚ ਨਜ਼ਰ ਆਉਂਦੇ ਘਰਾਂ ਨਾਲ ਮੇਲ ਖਾਂਦੀਆਂ ਹਨ

ਇਕ ਹੋਰ ਵੀਡੀਓ ਹੈ ਵਿੱਚ ਨਜ਼ਰ ਆਉਂਦਾ ਹੈ ਕਿ ਇਜ਼ਰਾਈਲੀ ਸ਼ਹਿਰ ਬੇਰੀ ਵਿੱਚ ਅੱਤਵਾਦੀ ਲਗਭਗ ਚਾਰ ਇਜ਼ਰਾਈਲੀ ਨਾਗਰਿਕਾਂ ਨੂੰ ਭਜਾਉਂਦੇ ਹੋਏ ਲੈ ਕੇ ਜਾ ਰਹੇ ਹਨ।

ਇਨ੍ਹਾਂ ਬੰਧਕਾਂ ਵਿੱਚ ਇੱਕ ਬਜ਼ੁਰਗ ਮਹਿਲਾ ਵੀ ਸ਼ਾਮਲ ਹੈ, ਜਿਸ ਨੇ ਕਾਲੇ ਰੰਗ ਦੇ ਕੱਪੜੇ ਪਹਿਨੇ ਹੋਏ ਹਨ।

ਜਿਹੜਾ ਵਿਅਕਤੀ ਵੀਡੀਓ ਬਣਾ ਰਿਹਾ ਹੈ, ਉਸ ਨੂੰ ਅਰਬੀ ਵਿੱਚ ਗੱਲ ਕਰਦਿਆਂ ਸੁਣਿਆ ਜਾ ਸਕਦਾ ਹੈ। ਉਹ ਘੱਟੋ-ਘੱਟ ਦੋ ਹੋਰ ਵਿਅਕਤੀਆਂ ਨੂੰ ਉਨ੍ਹਾਂ ਦੇ ਅਰਬੀ ਨਾਵਾਂ ਨਾਲ ਸੰਬੋਧਨ ਕਰ ਰਿਹਾ ਹੈ।

ਇਸ ਟਿਕਾਣੇ ਦੀਆਂ ਸੈਟੇਲਾਈਟ ਤਸਵੀਰਾਂ ਵਿੱਚ ਨਜ਼ਰ ਆਉਂਦੀ ਸੜਕ ਅਤੇ ਇਮਾਰਤਾਂ ਆਦਿ ਵੀਡੀਓ ਨਾਲ ਮੇਲ ਖਾਂਦੀਆਂ ਹਨ।

ਗੂਗਲ ਫੋਟੋਸਫ਼ੇਅਰ ਵਿੱਚ ਇਸ ਸਥਾਨ ਦੇ ਨੇੜੇ ਲਈਆਂ ਗਈਆਂ ਤਸਵੀਰਾਂ ਹਨ, ਜੋ ਵੀਡੀਓ ਵਿੱਚ ਨਜ਼ਰ ਆਉਂਦੇ ਘਰਾਂ ਵਰਗੀਆਂ ਹੀ ਦਿਖਾਈ ਦਿੰਦੀਆਂ ਹਨ।

ਇਹ ਵੀ ਪੜ੍ਹੋ :-

ਬੰਧਕਾਂ ਦੀ ਪਛਾਣ ਕਿਵੇਂ ਹੋਈ?

ਸਭ ਤੋਂ ਵੱਧ ਸ਼ੇਅਰ ਕੀਤੇ ਗਏ ਵੀਡੀਓਜ਼ ਵਿੱਚੋਂ ਇੱਕ ਵਿੱਚ ਇੱਕ ਇਜ਼ਰਾਈਲੀ ਮਹਿਲਾ ਨੂੰ ਅਗਵਾ ਕੀਤੇ ਜਾਣ ਦੀ ਘਟਨਾ ਦਿਖਾਈ ਦਿੰਦੀ ਹੈ।

ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਕਿਵੇਂ ਇੱਕ ਰੇਤੀਲੇ ਖੇਤਰ ਵਿੱਚ ਉਸ ਮਹਿਲਾ ਨੂੰ ਇੱਕ ਮੋਟਰਸਾਈਕਲ 'ਤੇ ਅਗਵਾ ਕਰਕੇ ਬੰਧਕ ਬਣਾ ਲਿਆ ਜਾਂਦਾ ਹੈ।

ਉਹ ਮਹਿਲਾ ਇੱਕ ਆਦਮੀ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੀ ਨਜ਼ਰ ਆ ਰਹੀ ਹੈ, ਜਿਸ ਨੂੰ ਵੀ ਬੰਧਕ ਬਣਾਇਆ ਜਾ ਰਿਹਾ ਹੈ।

ਬਾਅਦ ਵਿੱਚ, ਇਜ਼ਰਾਈਲ ਦੇ ਸੋਸ਼ਲ ਮੀਡੀਆ 'ਤੇ ਕੁੜੀ ਦੀ ਲਾਪਤਾ ਹੋਣ ਦੀ ਤਸਵੀਰ ਸ਼ੇਅਰ ਗਈ ਅਤੇ ਉਸ ਦੀ ਪਛਾਣ ਨੋਆ ਅਰਗਾਮਨੀ ਵਜੋਂ ਹੋਈ ਹੈ।

ਨੋਆ ਅਰਗਾਮਨੀ

ਤਸਵੀਰ ਸਰੋਤ, Social Media

ਤਸਵੀਰ ਕੈਪਸ਼ਨ, ਸੋਸ਼ਲ ਮੀਡੀਆ ਪੋਸਟਾਂ ਵਿੱਚ ਨੋਆ ਅਰਗਾਮਨੀ ਦੀਆਂ ਫੋਟੋਆਂ ਤੇ ਉਸ ਵੀਡੀਓ ਦਾ ਸਕ੍ਰੀਨਗਰੈਬ ਜਿਸ 'ਚ ਅੱਤਵਾਦੀ ਉਨ੍ਹਾਂ ਨੂੰ ਘੜੀਸ ਰਹੇ ਹਨ

ਬੀਬੀਸੀ ਨੇ ਇੱਕ ਇੰਟਰਨੈਟ ਰਿਵਰਸ ਇਮੇਜ ਸਰਚ ਦਾ ਇਸਤੇਮਾਲ ਕਰਦੇ ਹੋਏ ਨੋਆ ਦੀਆਂ ਸ਼ੇਅਰ ਕੀਤੀਆਂ ਹੋਈਆਂ ਤਸਵੀਰਾਂ ਦੀ ਵਰਤੋਂ ਕੀਤੀ ਅਤੇ ਕੁੜੀ ਦੇ ਸੋਸ਼ਲ ਮੀਡੀਆ ਖਾਤਿਆਂ ਨੂੰ ਲੱਭਿਆ।

ਨੋਆ ਦੀਆਂ ਕੁਝ ਪੋਸਟਾਂ 'ਤੇ ਕੀਤੀਆਂ ਗਈਆਂ ਤਾਜ਼ਾ ਟਿੱਪਣੀਆਂ ਵਿੱਚ ਲੋਕਾਂ ਨੇ ਉਨ੍ਹਾਂ ਨਾਲ ਹਮਦਰਦੀ ਪ੍ਰਗਟਾਈ ਹੈ ਅਤੇ ਕਿਹਾ ਹੈ ਕਿ ਉਹ ਨੋਆ ਦੇ ਨਾਲ ਹਨ।

ਉਨ੍ਹਾਂ ਦੇ ਫੇਸਬੁੱਕ ਅਕਾਊਂਟ 'ਤੇ, ਬੀਬੀਸੀ ਨੇ ਉਨ੍ਹਾਂ ਨਾਲ ਇੱਕ ਪੁਰਸ਼ ਦਾ ਨਾਮ ਵੀ ਦੇਖਿਆ, ਜਿਸ ਦੀ ਪਛਾਣ ਨੋਆ ਦੇ ਭਰਾ ਮੋਸ਼ੇ ਔਰ ਨੇ ਉਨ੍ਹਾਂ ਦੇ ਬੁਆਏਫ੍ਰੈਂਡ ਅਵਿਨਾਤਨ ਵਜੋਂ ਕੀਤੀ।

ਕਿਡਨੈਪ ਵਾਲੇ ਵੀਡੀਓ ਵਿੱਚ, ਨੋਆ ਅਵਿਨਾਤਨ ਵੱਲ ਨੂੰ ਜਾ ਰਹੇ ਹਨ। ਮੋਸ਼ੇ ਨੇ ਇਜ਼ਰਾਇਲੀ ਮੀਡੀਆ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਕਿ ਵੀਡੀਓ 'ਚ ਨੋਆ ਡਰੀ ਹੋਈ ਦਿਖਾਈ ਦਿੱਤੀ।

ਲੱਤ 'ਤੇ ਬਣੇ ਟੈਟੂ ਨਾਲ ਹੋਈ ਪਛਾਣ

ਸ਼ਨੀ ਲੂਕ

ਤਸਵੀਰ ਸਰੋਤ, Social Media

ਤਸਵੀਰ ਕੈਪਸ਼ਨ, ਸ਼ਨੀ ਲੂਕ ਦੀ ਲਾਸ਼ ਦੀ ਪਛਾਣ ਉਨ੍ਹਾਂ ਦੀਆਂ ਲੱਤਾਂ 'ਤੇ ਬਣੇ ਟੈਟੂ ਤੋਂ ਹੋਈ ਹੈ

ਸੋਸ਼ਲ ਮੀਡੀਆ 'ਤੇ ਵਾਇਰਲ ਇੱਕ ਹੋਰ ਵੀਡੀਓ 'ਚ ਨਜ਼ਰ ਆ ਰਿਹਾ ਹੈ ਇੱਕ ਪਿਕ-ਅੱਪ ਟਰੱਕ ਲਗਭਗ ਨਗਨ ਮਹਿਲਾ ਦੇ ਸਰੀਰ ਨੂੰ ਲੈ ਕੇ ਜਾ ਰਿਹਾ ਹੈ।

ਬਾਅਦ ਵਿੱਚ, ਇੱਕ ਹੋਰ ਵੀਡੀਓ ਪੋਸਟ ਕੀਤਾ ਗਿਆ, ਜਿਸ ਵਿੱਚ ਇੱਕ ਮਾਂ ਕਹਿੰਦੀ ਹੈ ਕਿ ਇਹ ਲਾਸ਼ ਉਸ ਦੀ ਧੀ ਦੀ ਸੀ, ਜਿਸ ਦੀ ਪਛਾਣ ਉਨ੍ਹਾਂ ਨੇ ਸ਼ਨੀ ਲੂਕ ਵਜੋਂ ਦੱਸੀ।

ਇਸ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜਰਮਨ ਧੀ ਪੱਛਮੀ ਨੇਗੇਵ ਵਿੱਚ ਇੱਕ ਪਾਰਟੀ ਵਿੱਚ ਸ਼ਾਮਲ ਹੋਈ ਸੀ ਅਤੇ ਉਸ ਦੀ ਪਛਾਣ ਉਸ ਦੀਆਂ ਲੱਤਾਂ ਉੱਤੇ ਬਣੇ ਟੈਟੂ ਦੁਆਰਾ ਹੋ ਸਕੀ।

ਵੀਡੀਓ ਵਿੱਚ ਦਿਖਾਈ ਦੇ ਰਹੀ ਮਹਿਲਾ ਦੀ ਪਛਾਣ ਦੀ ਪੁਸ਼ਟੀ ਕਰਨ ਲਈ, ਬੀਬੀਸੀ ਨੇ ਸ਼ਨੀ ਦੇ ਵੀਡੀਓ ਅਤੇ ਤਸਵੀਰਾਂ ਦੀ ਭਾਲ ਕੀਤੀ ਅਤੇ ਇਹ ਸਿੱਟਾ ਕੱਢਿਆ ਕਿ ਵੀਡੀਓ ਵਿੱਚ ਨਜ਼ਰ ਆ ਰਿਹਾ ਟੈਟੂ ਸ਼ਨੀ ਦੀਆਂ ਇੰਸਟਾਗ੍ਰਾਮ ਵਾਲੀਆਂ ਤਸਵੀਰਾਂ ਨਾਲ ਮੇਲ ਖਾਂਦਾ ਹੈ।

ਵੀਡੀਓਜ਼ ਤੋਂ ਸਾਨੂੰ ਬੰਧਕਾਂ ਬਾਰੇ ਕੀ ਪਤਾ ਲੱਗਦਾ ਹੈ?

ਇਜ਼ਰਾਈਲ-ਫਲਸਤੀਨ ਹਮਲੇ

ਤਸਵੀਰ ਸਰੋਤ, Social Media

ਤਸਵੀਰ ਕੈਪਸ਼ਨ, ਸੋਸ਼ਲ ਮੀਡੀਆ ਪੋਸਟਾਂ, ਜਿਨ੍ਹਾਂ ਵਿੱਚ ਫੌਜੀਆਂ ਨੂੰ ਅਗਵਾ ਕਰਦੇ ਅੱਤਵਾਦੀ ਦਿਖਾਈ ਦੇ ਰਹੇ ਹਨ (ਖੱਬੇ) ਅਤੇ (ਸੱਜੇ) ਹਮਾਸ ਦੀ ਇੱਕ ਪੋਸਟ ਵਿੱਚ ਉਹੀ ਫੌਜੀ ਗਾਜ਼ਾ ਪੱਟੀ ਵਿੱਚ ਸਰਹੱਦ ਪਾਰ ਕਰਦੇ ਹੋਏ (ਇਹ ਪੋਸਟ ਅਸਲ ਵਿੱਚ ਹੀ ਧੁੰਦਲੀ ਹੈ, ਜਿਸ ਕਾਰਨ ਕੱਟੜਪੰਥੀਆਂ ਦੀ ਪਛਾਣ ਨਹੀਂ ਹੋ ਸਕਦੀ। ਬੀਬੀਸੀ ਨੇ ਇਸ ਤਸਵੀਰ 'ਤੇ ਕੋਈ ਖਾਸ ਇਫੈਕਟ ਆਦਿ ਦਾ ਇਤੇਮਾਲ ਨਹੀਂ ਕੀਤਾ ਹੈ।)

ਸ਼ੇਅਰ ਕੀਤੇ ਵੀਡੀਓਜ਼ ਵਿੱਚ ਬੰਧਕ ਬਣਾਏ ਗਏ ਲੋਕਾਂ ਵਿੱਚ ਵੱਖ-ਵੱਖ ਉਮਰ ਦੇ ਮਰਦ ਅਤੇ ਔਰਤਾਂ ਦੋਵੇਂ ਸ਼ਾਮਲ ਹਨ।

ਜਾਪਦਾ ਹੈ ਜਿਵੇਂ ਉਨ੍ਹਾਂ ਵਿੱਚ ਆਮ ਨਾਗਰਿਕ ਅਤੇ ਫੌਜੀ ਦੋਵੇਂ ਤਰ੍ਹਾਂ ਦੇ ਲੋਕ ਹਨ।

ਸੋਸ਼ਲ ਮੀਡੀਆ ਦੀਆਂ ਪੋਸਟਾਂ ਮੁਤਾਬਕ, ਸ਼ੁਰੂਆਤੀ ਹਮਲੇ ਤੋਂ ਬਾਅਦ ਸ਼ੇਅਰ ਕੀਤੇ ਗਏ ਸਭ ਤੋਂ ਪਹਿਲੇ ਵੀਡੀਓਜ਼ ਵਿੱਚੋਂ ਇੱਕ 'ਚ ਇਜ਼ਰਾਈਲ ਅਤੇ ਗਾਜ਼ਾ ਦੇ ਵਿਚਕਾਰ, ਏਰਜ਼ ਕਰਾਸਿੰਗ ਦੇ ਬਾਹਰ ਤਿੰਨ ਇਜ਼ਰਾਈਲੀ ਫੌਜੀ ਨਜ਼ਰ ਆਉਂਦੇ ਹਨ।

ਬਾਅਦ ਵਿੱਚ, ਹਮਾਸ ਦੇ ਫੌਜੀ ਵਿੰਗ, ਅਲ ਕਾਸਮ ਬ੍ਰਿਗੇਡਜ਼ ਦੁਆਰਾ ਪੋਸਟ ਕੀਤੇ ਗਏ ਇੱਕ ਹੋਰ ਵੀਡੀਓ ਵਿੱਚ ਨਜ਼ਰ ਆਉਂਦਾ ਹੈ ਕਿ ਉਨ੍ਹਾਂ ਤਿੰਨਾਂ ਸੈਨਿਕਾਂ ਨੂੰ ਇੱਕ ਚੌਕੀ (ਚੈਕਪੁਆਇੰਟ) ਇਮਾਰਤ ਦੇ ਅੰਦਰ ਘੜੀਸਿਆ ਜਾ ਰਿਹਾ ਹੈ। ਦੋਵਾਂ ਵੀਡੀਓਜ਼ ਵਿੱਚ ਫੌਜੀਆਂ ਦੇ ਕੱਪੜੇ ਇੱਕੋ-ਜਿਹੇ ਹਨ।

ਬੀਬੀਸੀ ਨੇ ਇਸ ਦੀ ਤਸਦੀਕ ਕਰਨ ਲਈ ਅਲ ਕਾਸਮ ਵੀਡੀਓ ਦੇ ਭੂਗੋਲਿਕ ਸਥਾਨ ਦਾ ਪਤਾ ਲਗਾਇਆ, ਜਿਸ ਵਿੱਚ ਨਜ਼ਰ ਆਈਆਂ ਸਰਹੱਦੀ ਕੰਧਾਂ, ਨਿਗਰਾਨੀ ਵਾਲੇ ਟਾਵਰ ਅਤੇ ਇਮਾਰਤਾਂ ਸੈਟੇਲਾਈਟ ਚਿੱਤਰਾਂ 'ਚ ਦਿਖਾਈ ਦੇਣ ਵਾਲੇ ਖਾਕੇ ਨਾਲ ਮੇਲ ਖਾਂਦੀਆਂ ਹਨ।

ਪੂਰਬ ਵਾਲੇ ਪਾਸੇ ਉੱਗਦਾ ਸੂਰਜ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਵੀਡੀਓ ਸਵੇਰ ਵੇਲੇ ਦਾ ਹੋਵੇਗਾ।

ਬੰਧਕਾਂ ਨੂੰ ਕਿੱਥੇ ਲੈ ਕੇ ਜਾਇਆ ਗਿਆ?

ਇਜ਼ਰਾਈਲ-ਫਲਸਤੀਨ ਹਮਲੇ

ਤਸਵੀਰ ਸਰੋਤ, Social Media

ਤਸਵੀਰ ਕੈਪਸ਼ਨ, ਬੀਬੀਸੀ ਨੇ ਵੀਡੀਓ ਵਿੱਚ ਨਜ਼ਰ ਆ ਰਹੀ ਦੁਕਾਨ ਦੀ ਪਛਾਣ ਕਰਕੇ ਇਸ ਟਰੱਕ ਵਾਲੇ ਵੀਡੀਓ ਦੀ ਪੁਸ਼ਟੀ ਕੀਤੀ ਹੈ

ਬੀਬੀਸੀ ਨੇ ਇਜ਼ਰਾਈਲੀ ਬੰਧਕਾਂ ਵਾਲੇ ਵੀਡੀਓਜ਼ ਦੀ ਪੁਸ਼ਟੀ ਕੀਤੀ ਹੈ ਅਤੇ ਗਾਜ਼ਾ ਵਿੱਚ ਵੱਖ-ਵੱਖ ਥਾਵਾਂ 'ਤੇ ਉਨ੍ਹਾਂ ਦੀ ਸਥਿਤੀ ਦਾ ਪਤਾ ਲਗਾਇਆ ਹੈ।

ਇੱਕ ਵੀਡੀਓ ਵਿੱਚ ਇੱਕ ਪਿਕ-ਅੱਪ ਟਰੱਕ ਭੀੜ ਵਿੱਚੋਂ ਦੀ ਲੰਘਦਾ ਨਜ਼ਰ ਆ ਰਿਹਾ ਹੈ ਅਤੇ ਭੀੜ "ਅੱਲ੍ਹਾ ਹੂ ਅਕਬਰ (ਰੱਬ ਸਭ ਤੋਂ ਮਹਾਨ ਹੈ)" ਦੇ ਨਾਅਰੇ ਲਗਾ ਰਹੀ ਹੈ।

ਪੋਸਟਾਂ ਮੁਤਾਬਕ, ਟਰੱਕ 'ਚ ਪਿਆ ਬੰਦਾ ਇੱਕ ਇਜ਼ਰਾਇਲੀ ਬੰਧਕ ਹੈ। ਬੀਬੀਸੀ ਨੇ ਇਸ ਥਾਂ ਦੀ ਪਛਾਣ ਗਾਜ਼ਾ ਪੱਟੀ ਵਿੱਚ ਬਾਨੀ ਸੁਹੇਲਾ ਵਜੋਂ ਕੀਤੀ ਹੈ।

ਬੀਬੀਸੀ ਨੇ ਇੱਕ ਕਸਾਈ ਦੀ ਦੁਕਾਨ ਦੇ ਨਾਮ ਦੀ ਪਛਾਣ ਕੀਤੀ ਹੈ, ਜੋ ਕਿ ਫੇਸਬੁੱਕ ਦੀਆਂ ਵੀਡੀਓਜ਼ ਵਿੱਚ ਵੀ ਨਜ਼ਰ ਆ ਰਹੀ ਹੈ।

ਇਜ਼ਰਾਈਲ-ਫਲਸਤੀਨ ਹਮਲੇ

ਤਸਵੀਰ ਸਰੋਤ, Social Media

ਤਸਵੀਰ ਕੈਪਸ਼ਨ, ਬੀਬੀਸੀ ਨੇ ਇੱਕ ਵੀਡੀਓ ਦੀ ਪੁਸ਼ਟੀ ਕੀਤੀ, ਜਿਸ ਵਿੱਚ ਇੱਕ ਵਿਅਕਤੀ ਨੂੰ ਇੱਕ ਕਾਰ 'ਚੋਂ ਖਿੱਚਿਆ ਜਾ ਰਿਹਾ ਹੈ। ਵੀਡੀਓ ਵਿੱਚ ਨਜ਼ਰ ਆ ਰਹੀ ਇੱਕ ਦੁਕਾਨ ਅਤੇ ਦੁਕਾਨ ਦੇ ਫੇਸਬੁੱਕ ਪੇਜ 'ਤੇ ਸ਼ੇਅਰ ਕੀਤੀ ਗਈ ਇੱਕ ਤਸਵੀਰ ਤੋਂ ਉਸ ਸਥਾਨ ਦੀ ਜਾਣਕਾਰੀ ਮਿਲੀ ਹੈ।

ਇੱਕ ਹੋਰ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਇੱਕ ਇਜ਼ਰਾਈਲੀ ਸਿਪਾਹੀ ਨੂੰ ਇੱਕ ਚਿੱਟੇ ਰੰਗ ਦੀ ਕਾਰ ਵਿੱਚੋਂ ਬਾਹਰ ਖਿੱਚਿਆ ਜਾ ਰਿਹਾ ਹੈ, ਜੋ ਕਿ ਗੰਭੀਰ ਰੂਪ ਵਿੱਚ ਜ਼ਖਮੀ ਜਾਂ ਮਰਿਆ ਹੋਇਆ ਦਿਖਾਈ ਦੇ ਰਿਹਾ ਹੈ।

ਬੀਬੀਸੀ ਨੇ ਪਤਾ ਲਗਾਇਆ ਹੈ ਕਿ ਇਹ ਵੀਡੀਓ ਗਾਜ਼ਾ ਵਿੱਚ ਅਲ-ਅਵਾਦਾ ਰੋਡ ਦੇ ਨੇੜੇ ਦਾ ਹੈ। ਇਸ ਦੀ ਪੁਸ਼ਟੀ ਲਈ ਵੀਡੀਓ ਦੇ ਪਿਛੋਕੜ ਵਿੱਚ ਦਿਖਾਈ ਦੇਣ ਵਾਲੀ ਪਲੰਬਿੰਗ ਦੀ ਦੁਕਾਨ ਦੇ ਨਾਮ ਦਾ ਸਹਾਰਾ ਲਿਆ ਗਿਆ ਹੈ।

ਬੀਬੀਸੀ ਦੀ ਤਸਦੀਕ ਦਰਸਾਉਂਦੀ ਹੈ ਕਿ ਕਿਵੇਂ ਹਮਾਸ ਦੇ ਅੱਤਵਾਦੀਆਂ ਨੇ ਨਾਗਰਿਕਾਂ ਅਤੇ ਸੈਨਿਕਾਂ 'ਤੇ ਉਨ੍ਹਾਂ ਨੂੰ ਇਜ਼ਰਾਈਲੀ ਕਸਬਿਆਂ ਅਤੇ ਸ਼ਹਿਰਾਂ ਤੋਂ ਗਾਜ਼ਾ ਲੈ ਜਾਣ ਦੇ ਇਰਾਦੇ ਨਾਲ ਯੋਜਨਾਬੱਧ ਹਮਲਾ ਕੀਤਾ।

ਹੁਣ ਤੱਕ ਦਾ ਅਹਿਮ ਘਟਨਾਕ੍ਰਮ

  • ਸ਼ਨੀਵਾਰ ਨੂੰ ਫਲਸਤੀਨੀ ਇਸਲਾਮੀ ਅੱਤਵਾਦੀ ਸਮੂਹ ਹਮਾਸ ਨੇ ਗਾਜ਼ਾ ਪੱਟੀ ਤੋਂ ਇਜ਼ਰਾਈਲ 'ਤੇ ਅਚਾਨਕ ਹਮਲਾ ਬੋਲ ਦਿੱਤਾ।
  • ਇਸ ਦੌਰਾਨ ਦਰਜਨਾਂ ਹਥਿਆਰਬੰਦ ਲੜਾਕੇ ਦੱਖਣੀ ਇਜ਼ਰਾਈਲ ਵਿੱਚ ਦਾਖਲ ਹੋਏ ਤੇ ਇਜ਼ਰਾਈਲ 'ਤੇ ਹਜ਼ਾਰਾਂ ਰਾਕੇਟ ਦਾਗੇ ਗਏ।
  • ਇਜ਼ਰਾਈਲ ਨੇ ਵੀ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਲੋਕਾਂ ਨੂੰ ਸੁਰੱਖਿਅਤ ਰਹਿਣ ਦੀ ਹਿਦਾਇਤ ਜਾਰੀ ਕੀਤੀ।
  • ਹੁਣ ਤੱਕ ਇਸ ਹਿੰਸਾ 'ਚ 700 ਤੋਂ ਵੱਧ ਇਜ਼ਰਾਇਲੀ ਨਾਗਰਿਕਾਂ ਅਤੇ ਗਾਜ਼ਾ ਵਿੱਚ ਵੀ 400 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
  • ਸੁਰੱਖਿਆ ਕਰਮਚਾਰੀਆਂ ਮੁਤਾਬਕ, ਉਨ੍ਹਾਂ ਨੂੰ ਸੁਪਰਨੋਵਾ ਮਿਊਜ਼ਿਕ ਫੈਸਟੀਵਲ ਦੀ ਥਾਂ ਤੋਂ 250 ਤੋਂ ਵੱਧ ਲਾਸ਼ਾਂ ਮਿਲੀਆਂ ਹਨ।
  • ਰਿਪੋਰਟਾਂ ਮੁਤਾਬਕ, ਮਰਨ ਵਾਲਿਆਂ ਵਿੱਚ ਕੁਝ ਅਮਰੀਕੀ ਅਤੇ ਨੇਪਾਲੀ ਨਾਗਰਿਕ ਵੀ ਸ਼ਾਮਲ ਹਨ।
  • ਹਮਾਸ ਦੇ ਆਗੂ ਮੁਹੰਮਦ ਜ਼ੈਫ ਨੇ ਕਿਹਾ, "ਅਸੀਂ ਇਹ ਐਲਾਨ ਕਰਨ ਦਾ ਫੈਸਲਾ ਕੀਤਾ ਹੈ ਕਿ ਹੁਣ ਬਹੁਤ ਹੋ ਗਿਆ ਹੈ।"
  • ਇਜ਼ਰਾਇਲੀ ਪੀਐਮ ਨੇਤਨਯਾਹੂ ਨੇ ਕਿਹਾ, "ਇਹ ਸਿਰਫ਼ ਭੜਕਾਉਣ ਵਾਲੀ ਗੱਲ ਨਹੀਂ ਬਲਕਿ ਇੱਕ ਜੰਗ ਹੈ ਤੇ ਦੁਸ਼ਮਣ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ।"
  • ਕਈ ਇਜ਼ਰਾਈਲੀਆਂ ਨੂੰ ਬੰਧਕ ਬਣਾ ਕੇ ਗਾਜ਼ਾ ਪੱਟੀ ਲੈ ਕੇ ਜਾਇਆ ਗਿਆ ਹੈ।
  • ਇਜ਼ਰਾਈਲ ਦੇ ਸੁਰੱਖਿਆ ਮੁਖੀਆਂ ਦੀ ਬੈਠਕ 'ਚ ਪੀਐੱਮ ਨੇਤਨਯਾਹੂ ਨੇ ਘੁਸਪੈਠੀਆਂ ਨੂੰ ਖਤਮ ਕਰਨ ਦੇ ਨਿਰਦੇਸ਼ ਦਿੱਤੇ ਹਨ।
  • ਉਨ੍ਹਾਂ ਕਿਹਾ ਹੈ ਕਿ "ਇਹ ਇੱਕ ਜੰਗ ਹੈ ਅਤੇ ਅਸੀਂ ਇਸ ਜੰਗ ਨੂੰ ਜਿੱਤਾਂਗੇ।"
  • ਇਜ਼ਰਾਈਲ ਦੇ ਰੱਖਿਆ ਮੰਤਰੀ ਯੋਆਵ ਗੈਲੈਂਟ ਨੇ ਕਿਹਾ ਕਿ ਹਮਾਸ ਨੇ "ਵੱਡੀ ਗਲਤੀ" ਕਰ ਦਿੱਤੀ ਹੈ।
  • ਇਜ਼ਰਾਇਲੀ ਹਸਪਤਾਲਾਂ ਨੇ ਕਿਹਾ ਹੈ ਕਿ ਦਰਜਨਾਂ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ, ਜਿਨ੍ਹਾਂ 'ਚੋਂ ਕਈਆਂ ਦੀ ਹਾਲਤ ਗੰਭੀਰ ਹੈ।
  • ਅਮਰੀਕਾ ਨੇ ਕਿਹਾ ਕਿ ਉਹ ਇਜ਼ਰਾਈਲ ਦੀ ਮਦਦ ਲਈ ਪੂਰਵੀ ਭੂਮੱਧ ਸਾਗਰ 'ਚ ਇੱਕ ਬੇੜਾ, ਮਿਜ਼ਾਈਲ ਕਰੂਜ਼ਰ, ਜਹਾਜ਼ ਤੇ ਜੈੱਟ ਭੇਜ ਰਿਹਾ ਹੈ।

ਇਹ ਵੀ ਪੜ੍ਹੋ :-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)