ਅਮਰੀਕੀ ਰਾਸ਼ਟਰਪਤੀ ਦੇ ਜਹਾਜ਼ ਵਿੱਚ ਮਿਜ਼ਾਇਲਾਂ ਦੇ ਮੂੰਹ ਮੋੜਨ ਸਣੇ ਕਿਹੜੇ ਵਿਲੱਖਣ ਫੀਚਰ ਹੁੰਦੇ, ਟਰੰਪ ਦੀ ਕਾਰ ਵਿਚਲੇ ਫੀਚਰਜ਼ ਬਾਰੇ ਵੀ ਜਾਣੋ

ਤਸਵੀਰ ਸਰੋਤ, PA Media
ਇਸ ਹਫ਼ਤੇ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਆਪਣੀ ਦੂਜੀ ਸਰਕਾਰੀ ਫੇਰੀ ਲਈ ਬ੍ਰਿਟੇਨ ਪਹੁੰਚੇ ਸਨ। ਉਨ੍ਹਾਂ ਦੀ ਸੁਰੱਖਿਆ ਲਈ ਦਰਜਣਾਂ ਸੁਰੱਖਿਆ ਮੁਲਜ਼ਮ ਅਤੇ ਉਪਕਰਣ ਵੀ ਉਨ੍ਹਾਂ ਦੇ ਨਾਲ ਆਏ।
ਉਨ੍ਹਾਂ ਦੇ ਹਿਫਾਜ਼ਤੀ ਇੰਤਜ਼ਾਮਾਂ ਉੱਤੇ ਲੱਖਾਂ ਅਮਰੀਕੀ ਡਾਲਰ ਦਾ ਖ਼ਰਚ ਕੀਤੇ ਗਏ। ਇਸ ਸਮੁੱਚੀ ਮਸ਼ਕ ਵਿੱਚ ਉਨ੍ਹਾਂ ਦੇ ਆਪਣੇ ਖੂਫੀਆ ਅਧਿਕਾਰੀਆਂ ਤੋਂ ਇਲਾਵਾ ਹਜ਼ਾਰਾਂ ਸਥਾਨਕ ਪੁਲਿਸ ਮੁਲਾਜ਼ਮ ਵੀ ਸ਼ਾਮਲ ਸਨ।
ਜੂਨ 2019 ਦੀ ਉਨ੍ਹਾਂ ਦੀ ਪਹਿਲੀ ਸਰਕਾਰੀ ਫੇਰੀ ਦੌਰਾਨ ਲੰਡਨ ਮੈਟਰੋ ਪੁਲਿਸ ਦੇ 6,000 ਤੋਂ ਜ਼ਿਆਦਾ ਸਿਪਾਹੀ, ਅੰਦਾਜ਼ਨ 34 ਲੱਖ ਪੌਂਡ ਦੇ ਖ਼ਰਚੇ ਨਾਲ ਤੈਨਾਤ ਕੀਤੇ ਗਏ ਸਨ।
ਉਤਾਹ ਦੀ ਇੱਕ ਯੂਨੀਵਰਸਿਟੀ ਵਿੱਚ ਅਮਰੀਕੀ ਰੂੜ੍ਹੀਵਾਦੀ ਕਾਰਕੁਨ ਚਾਰਲੀ ਕਿਰਕ ਉੱਤੇ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਟਰੰਪ ਦੀ ਸੁਰੱਖਿਆ ਵਿੱਚ ਵਾਧਾ ਕੀਤਾ ਗਿਆ ਹੈ।
ਰੋਨਾਲਡ ਕੈਸਰਲ ਇੱਕ ਲੇਖਕ ਅਤੇ ਅਮਰੀਕੀ ਖੂਫ਼ੀਆ ਸੇਵਾ ਦੇ ਮਾਹਰ ਹਨ। ਉਨ੍ਹਾਂ ਨੇ ਦੱਸਿਆ ਕਿ ਤਿਆਰੀਆਂ ਰਾਸ਼ਟਰਪਤੀ ਦੇ ਪਹੁੰਚਣ ਤੋਂ ਕਈ ਹਫ਼ਤੇ ਪਹਿਲਾਂ ਸ਼ੁਰੂ ਹੋ ਜਾਂਦੀਆਂ ਹਨ। ਇਸ ਵਿੱਚ ਸਥਾਨਕ ਪੁਲਿਸ ਦੇ ਨਾਲ ਵਿਚਾਰ-ਵਟਾਂਦਰਾ ਅਤੇ ਸੰਭਾਵੀ ਖ਼ਤਰਿਆਂ ਦੀ ਨਜ਼ਰਸਾਨੀ ਸ਼ਾਮਲ ਹੁੰਦੀ ਹੈ।
ਰਾਸ਼ਟਰਪਤੀ ਦੀ ਸਿੱਧੀ ਸੁਰੱਖਿਆ ਅਕਸਰ ਖ਼ੁਫ਼ੀਆ ਸੇਵਾ ਦੇ 60 ਏਜੰਟ ਕਰਦੇ ਹਨ। ਜਦਕਿ ਸਥਾਨਕ ਪੁਲਿਸ ਆਵਾਜਾਈ ਰੋਕਣ ਅਤੇ ਅਸਮਾਨੀ ਸੁਰੱਖਿਆ ਦੇਖਦੇ ਹਨ।
ਰਾਸ਼ਟਰਪਤੀ ਦੇ ਕਾਫ਼ਲੇ ਵਿੱਚ ਸੈਂਕੜੇ ਕਰਮਚਾਰੀ ਅਤੇ ਸਹਾਇਕ ਅਮਲੇ ਦੇ ਮੈਂਬਰ ਸ਼ਾਮਲ ਹੋਣ ਦੀ ਉਮੀਦ ਹੈ।

ਤਸਵੀਰ ਸਰੋਤ, PA Media
ਹਵਾ ਵਿੱਚ ਉੱਡਦਾ ਵ੍ਹਾਈਟ ਹਾਊਸ
ਜਿਸ ਲੰਬੇ-ਚੌੜੇ ਵਿਸ਼ੇਸ਼ ਬੋਇੰਗ 7474-200 ਬੀ ਜਹਾਜ਼ ਵਿੱਚ ਟਰੰਪ ਆਪਣੀ ਪਤਨੀ ਮਿਲੇਨੀਆ ਨਾਲ ਬ੍ਰਿਟੇਨ ਪਹੁੰਚੇ, ਉਸ ਨੂੰ ਏਅਰ ਫੋਰਸ ਵਨ ਕਿਹਾ ਜਾਂਦਾ ਹੈ।
ਏਅਰ ਫੋਰਸ ਵਨ, ਉਨ੍ਹਾਂ ਦੋ ਜਹਾਜ਼ਾਂ ਵਿੱਚੋਂ ਕੋਈ ਇੱਕ ਹੁੰਦਾ ਹੈ, ਜਿਨ੍ਹਾਂ ਨੂੰ ਬੋਇੰਗ 747-200 ਬੀ ਸ਼੍ਰੇਣੀ ਦੇ ਜਹਾਜਾਂ ਵਿੱਚ ਰਾਸ਼ਟਰਪਤੀ ਦੀਆਂ ਵਿਸ਼ੇਸ਼ ਜ਼ਰੂਰਤਾਂ ਦੇ ਹਿਸਾਬ ਨਾਲ ਢਾਲਿਆ ਗਿਆ ਹੈ। ਦੋਵਾਂ ਦੇ ਹੀ ਟੇਲ ਕੋਡ 28000 ਅਤੇ 29000 ਹਨ।
ਬਾਹਰੋਂ ਦੇਖਣ ਨੂੰ ਭਾਵੇਂ ਦੋਵੇਂ ਕਿਸੇ ਆਮ ਯਾਤਰੀ ਜਹਾਜ਼ ਵਰਗੇ ਲਗਦੇ ਹਨ। ਲੇਕਿਨ ਅੰਦਰੋਂ ਏਅਰ ਫੋਰਸ ਵਨ, ਉੱਨਤ ਤਕਨੀਕ ਤੇ ਰੱਖਿਆ ਉਪਕਰਣ ਅਤੇ ਪ੍ਰਣਾਲੀਆਂ ਨਾਲ ਲੈਸ ਇੱਕ ਮੁਕੰਮਲ ਫੌਜੀ ਜਹਾਜ਼ ਹੈ।
ਇਹ ਦੁਸ਼ਮਣ ਦੇ ਰਾਡਾਰ ਨੂੰ ਜਾਮ ਕਰਕੇ ਹਵਾਈ ਹਮਲੇ ਨੂੰ ਸਹਿਣ ਕਰ ਸਕਦਾ ਹੈ। ਇਹ ਜਹਾਜ਼ ਵੱਲੋਂ ਉਡਾਣ ਦੌਰਾਨ ਪੈਦਾ ਕੀਤੇ ਤਾਪ ਦਾ ਪਿੱਛਾ ਕਰਨ ਵਾਲੀਆਂ ਮਿਜ਼ਾਈਲਾਂ ਨੂੰ ਗੁੰਮਰਾਹ ਕਰਨ ਲਈ 'ਫਲੇਅਰਜ਼' ਸੁੱਟ ਸਕਦਾ ਹੈ। ਇਹ ਹਵਾ ਵਿੱਚ ਹੀ ਤੇਲ ਭਰਵਾਉਣ ਦੇ ਸਮਰੱਥ ਹੈ, ਜਿਸ ਸਦਕਾ ਇਹ ਅਸੀਮਿਤ ਸਮੇਂ ਲਈ ਉੱਡ ਸਕਦਾ ਹੈ। ਕਿਸੇ ਐਮਰਜੈਂਸੀ ਵਿੱਚ ਇਹ ਬਹੁਤ ਮਹੱਤਵਪੂਰਨ ਹੁੰਦਾ ਹੈ।

ਰਾਸ਼ਟਰਪਤੀ ਅਤੇ ਉਨ੍ਹਾਂ ਦੇ ਸਹਿ-ਯਾਤਰੀਆਂ ਦੇ ਜਹਾਜ਼ ਦੇ ਅੰਦਰ ਸਫ਼ਰ ਦੌਰਾਨ ਕੰਮਕਾਜ ਅਤੇ ਰਿਹਾਇਸ਼ ਲਈ ਇਸਦੀਆਂ ਤਿੰਨ ਮੰਜ਼ਿਲਾਂ ਵਿੱਚ 4000 ਵਰਗ ਫੁੱਟ ਦੀ ਥਾਂ ਹੈ। ਜਿਸ ਵਿੱਚ ਰਾਸ਼ਟਰਪਤੀ ਲਈ ਇੱਕ ਵੱਡ-ਅਕਾਰੀ ਰਿਹਾਇਸ਼, ਡਾਕਟਰੀ ਸੁਵਿਧਾ, ਇੱਕ ਵੱਡੀ ਮੇਜ਼, ਪ੍ਰੈੱਸ, ਅਤਿ ਵਿਸ਼ੇਸ਼ ਵਿਅਕਤੀ, ਸੁਰੱਖਿਆ ਅਤੇ ਸਕੱਤਰੇਤ ਅਮਲੇ ਲਈ ਨਿਸ਼ਚਿਤ ਥਾਵਾਂ ਵੀ ਹੁੰਦੀਆਂ ਹਨ।
'ਦਿ ਬੀਸਟ' ਵਿੱਚ ਸਵਾਰੀ
ਇੱਕ ਵਾਰ ਜ਼ਮੀਨ ਉੱਤੇ ਉਤਰਨ ਤੋਂ ਬਾਅਦ ਰਾਸ਼ਟਰਪਤੀ ਆਪਣਾ ਸਫ਼ਰ ਕੈਡਿਲਕ ਵਨ ਨਾਮ ਦੀ ਵਿਸ਼ੇਸ਼ ਲਿਮੋਜ਼ੀਨ ਵਿੱਚ ਕਰਦੇ ਹਨ। ਇਸ ਵਿਸ਼ੇਸ਼ ਕਾਰ ਨੂੰ "ਦਿ ਬੀਸਟ" ਕਿਹਾ ਜਾਂਦਾ ਹੈ।
ਅਮਰੀਕੀ ਖੂਫ਼ੀਆ ਸੇਵਾ ਦੀਆਂ ਹੋਰ ਗੱਡੀਆਂ ਦੇ ਨਾਲ ਰਾਸ਼ਟਰਪਤੀ ਲਈ ਤਿਆਰ ਦੋ ਵਿਸ਼ੇਸ਼ ਲੀਮੋਜ਼ੀਨ ਗੱਡੀਆਂ ਵੀ ਇੱਕ ਫੌਜੀ ਮਾਲ-ਵਾਹਕ ਜਹਾਜ਼ ਵਿੱਚ ਬ੍ਰਿਟੇਨ ਪਹੁੰਚੀਆਂ ਸਨ।

ਤਸਵੀਰ ਸਰੋਤ, US Secret Service via
ਜਦੋਂ ਰਾਸ਼ਟਰਪਤੀ ਦੋ 'ਦਿ ਬੀਸਟ' ਗੱਡੀਆਂ ਵਿੱਚੋਂ ਇੱਕ ਵਿੱਚ ਸਫ਼ਰ ਕਰਦੇ ਹਨ, ਤਾਂ ਦੂਜੀ ਗੱਡੀ ਇੱਕ ਡਿਕੌਏ (ਕੋਈ ਅਜਿਹੀ ਚੀਜ਼, ਵਿਅਕਤੀ ਜਾਂ ਘਟਨਾ ਜੋ ਕਿਸੇ ਨੂੰ ਧੋਖਾ ਦੇਣ ਜਾਂ ਉਸਦਾ ਧਿਆਨ ਭਟਕਾਉਣ ਲਈ ਵਰਤੀ ਜਾਂਦੀ ਹੈ) ਵਜੋਂ ਨਾਲ ਚਲਦੀ ਹੈ। ਦੋਵਾਂ ਉੱਤੇ ਵਾਸ਼ਿੰਗਟਨ ਡੀ.ਸੀ. ਦੀਆਂ ਇੱਕੋ ਨੰਬਰ ਦੀਆਂ (800-002) ਪਲੇਟਾਂ ਲੱਗੀਆਂ ਹੁੰਦੀਆਂ ਹਨ।
ਹਾਲਾਂਕਿ ਖੂਫ਼ੀਆ ਸੇਵਾ ਅਤੇ ਵਾਹਨਾਂ ਦੇ ਡਿਜ਼ਾਈਨ ਵਿੱਚ ਸ਼ਾਮਲ ਜਨਰਲ ਮੋਟਰ ਦੇ ਡਿਜ਼ਾਈਨਰਾਂ ਨੇ ਜ਼ਿਆਦਾ ਵੇਰਵੇ ਨਹੀਂ ਦਿੱਤੇ ਹਨ। ਲੇਕਿਨ ਸਾਨੂੰ ਇਸਦੀਆਂ ਸੁਰੱਖਿਆ ਖੂਬੀਆਂ ਬਾਰੇ ਕੁਝ ਜਾਣਕਾਰੀ ਜ਼ਰੂਰ ਹੈ।
ਇਸਦੀ ਬਾਡੀ ਬਖ਼ਤਰਬੰਦ ਅਤੇ ਬੁਲੇਟ ਪਰੂਫ਼ ਖਿੜਕੀਆਂ ਹਨ, ਜਿਸ ਕਾਰਨ ਇਸਦਾ ਭਾਰ ਲਗਭਗ ਨੌਂ ਟਨ ਹੈ। ਮੰਨਿਆ ਜਾਂਦਾ ਹੈ ਕਿ ਇਸ ਅੱਥਰੂ ਗੈਸ ਦੇ ਗੋਲੇ ਦਾਗ ਸਕਦੀ ਹੈ ਤੇ ਰਾਤ ਨੂੰ ਦੇਖ ਸਕਣ ਵਾਲੇ ਕੈਮਰੇ ਅਤੇ ਇੱਕ ਉਪ-ਗ੍ਰਹਿ ਫੋਨ ਨਾਲ ਲੈਸ ਹੈ।

ਵਾਹਨ ਦੇ ਤਾਜ਼ਾ ਰੂਪਾਂ ਵਿੱਚ ਮੰਨਿਆ ਜਾਂਦਾ ਹੈ ਕਿ ਆਕਸੀਜ਼ਨ ਸਪਲਾਈ ਅਤੇ ਇੱਕ ਰੈਫਰੀਜਰੇਸ਼ਨ ਯੂਨਿਟ ਵੀ ਹੈ, ਜਿਸ ਵਿੱਚ ਕਿਸੇ ਜ਼ਰੂਰਤ ਸਮੇਂ ਵਰਤਣ ਲਈ ਰਾਸ਼ਟਰਪਤੀ ਦੇ ਬਲੱਡ ਗਰੁੱਪ ਦਾ ਖੂਨ ਰੱਖਿਆ ਜਾਂਦਾ ਹੈ।
ਬੀਸਟ, ਰਾਸ਼ਟਰਪਤੀ ਦੇ ਗੱਡੀਆਂ ਦੇ ਕਾਫ਼ਲੇ ਦੇ ਹਿੱਸੇ ਵਜੋਂ ਚਲਦੀ ਹੈ। ਉਨ੍ਹਾਂ ਦੇ ਕਾਫ਼ਲੇ ਵਿੱਚ ਪੁਲਿਸ ਦੀਆਂ ਗੱਡੀਆਂ, ਹਮਲੇ ਦਾ ਮੁਕਾਬਲਾ ਕਰਨ ਵਾਲੇ ਵਾਹਨ ਅਤੇ ਵਿਸ਼ੇਸ਼ ਦਲਾਂ ਅਤੇ ਇੱਕ ਬਖ਼ਤਰਬੰਦ ਸੰਚਾਰ ਵਾਹਨ (ਰੋਡ-ਰਨਰ), ਡਾਕਟਰੀ ਗੱਡੀ ਅਤੇ ਪ੍ਰੈੱਸ ਪੈਕ ਦਾ ਵਾਹਨ ਵੀ ਹੁੰਦਾ ਹੈ।

ਤਸਵੀਰ ਸਰੋਤ, DANIEL LEAL/AFP via Getty Images
ਇੱਕ ਵਾਰ ਕਾਫ਼ਲੇ ਵਿੱਚ ਬੈਠਣ ਤੋਂ ਬਾਅਦ ਕੋਈ ਵੀ ਸੰਭਾਵੀ ਹਮਲਾਵਰ ਨਹੀਂ ਜਾਣ ਸਕਦਾ ਕਿ, ਰਾਸ਼ਟਰਪਤੀ ਅਸਲ ਵਿੱਚ ਕਿਹੜੀ ਗੱਡੀ ਵਿੱਚ ਸਵਾਰ ਹਨ।
ਕੈਸਲਰ ਮੁਤਾਬਕ, ਖੂਫੀਆ ਸੇਵਾ ਦੇ ਏਜੰਟ "ਕਿਸੇ ਅੰਡਰਪਾਸ ਹੇਠਾਂ ਜਾ ਕੇ ਟਰੰਪ ਨੂੰ ਇੱਕ ਕਾਰ ਵਿੱਚੋਂ ਦੂਜੀ ਕਾਰ ਵਿੱਚ ਬਦਲ ਵੀ ਸਕਦੇ ਹਨ।"
ਰਾਸ਼ਟਰਪਤੀ ਦਾ ਹਵਾਈ ਕਾਫ਼ਲਾ
ਟਰੰਪ ਹਾਲਾਂਕਿ ਥੋੜ੍ਹਾ ਬਹੁਤਾ ਸਫ਼ਰ ਤਾਂ ਲੀਮੋਜ਼ੀਨ ਵਿੱਚ ਕਰਦੇ ਹਨ ਪਰ ਜ਼ਿਆਦਾਤਰ ਉਹ ਹਵਾਈ ਸਫ਼ਰ ਹੀ ਕਰਦੇ ਹਨ। ਮਿਸਾਲ ਵਜੋਂ ਜਿਵੇਂ ਇਸੇ ਸਾਲ ਜੁਲਾਈ ਵਿੱਚ ਉਹ ਸਕਾਟਲੈਂਡ ਗਏ ਸਨ।
ਰਾਸ਼ਟਰਪਤੀ ਆਪਣੇ ਨਾਲ ਹੈਲੀਕਾਪਟਰਾਂ ਦਾ ਇੱਕ ਦਸਤਾ ਵੀ ਲੈ ਕੇ ਆਏ ਸਨ ਜਿਸ ਵਿੱਚ ਏਅਰ ਫੋਰਸ ਵਨ ਵਰਗਾ, ਮਰੀਨ ਵਨ ਹੈਲੀਕਾਪਟਰ ਵੀ ਸ਼ਾਮਲ ਹੈ। ਮਰੀਨ ਵਨ ਕੋਈ ਵਿਸ਼ੇਸ਼ ਹੈਲੀਕਾਪਟਰ ਨਹੀਂ, ਸਗੋਂ ਅਮਰੀਕਾ ਦੇ ਮਰੀਨ ਕੌਰਪਸ ਦਾ ਕੋਈ ਵੀ ਹੈਲੀਕਾਪਟਰ ਜਿਸ ਵਿੱਚ ਰਾਸ਼ਟਰਪਤੀ ਸਵਾਰ ਹੋਣ, ਮਰੀਨ ਵਨ ਵਜੋਂ ਜਾਣਿਆ ਜਾਂਦਾ ਹੈ।
ਆਪਣੀ ਇਸ ਯਾਤਰਾ ਲਈ ਹੋ ਸਕਦਾ ਹੈ ਰਾਸ਼ਟਰਪਤੀ ਸਿਕੋਰਸਕੀ ਵੀਐੱਚ-3ਡੀ ਸੀ ਕਿੰਗ ਹੈਲੀਕਾਪਟਰ ਦੀ ਵਰਤੋਂ ਕਰਨਗੇ। ਇਸ ਨੂੰ ਪਿਛਲੇ ਹਫ਼ਤੇ ਵਿੰਡਸਰ ਦੇ ਉੱਪਰ ਉੱਡਦੇ ਦੇਖਿਆ ਗਿਆ ਸੀ।

ਤਸਵੀਰ ਸਰੋਤ, Warren Little/Getty Images
ਖ਼ਾਸ ਤੌਰ 'ਤੇ ਤਿਆਰ ਕੀਤੇ ਗਏ ਇਹਨਾਂ ਹੈਲੀਕਾਪਟਰਾਂ ਨੂੰ ਉਨ੍ਹਾਂ ਦੀ 'ਲਿਵਰੀ' (ਪਛਾਣ ਚਿੰਨ੍ਹਾਂ) ਕਾਰਨ "ਵ੍ਹਾਈਟ ਟੌਪਸ" ਕਿਹਾ ਜਾਂਦਾ ਹੈ। ਇਹਨਾਂ ਵਿੱਚ ਮਿਜ਼ਾਈਲ ਸੁਰੱਖਿਆ, ਰਾਡਾਰ ਜੈਮਿੰਗ ਸਿਸਟਮ ਅਤੇ ਪ੍ਰਮਾਣੂ ਹਮਲੇ ਦੀ ਬਿਜਲ-ਚੁੰਬਕੀ ਪਲਸ ਨੂੰ ਸਹਿਣ ਕਰ ਸਕਣ ਵਾਲੇ ਉਪਕਰਣ ਲੱਗੇ ਹੁੰਦੇ ਹਨ।
ਇੱਕ ਸੁਰੱਖਿਆ ਉਪਰਾਲੇ ਵਜੋਂ ਮਰੀਨ ਵਨ ਅਕਸਰ ਆਪਣੇ ਵਰਗੇ ਹੋਰ ਹੈਲੀਕਾਪਟਰਾਂ (ਡਿਕੋਇ) ਦੇ ਝੁਰਮੁਟ ਵਿੱਚ ਉੱਡਦਾ ਹੈ।
ਇਸਦੇ ਨਾਲ ਅਕਸਰ ਦੋ ਜਾਂ ਤਿੰਨ ਓਸਪਰੀ ਐਮਵੀ-22ਐੱਸ, ਟਿਲਟ ਰੋਟਰ ਹਵਾਈ ਜਹਾਜ਼ ਹੁੰਦੇ ਹਨ ਜਿਨ੍ਹਾਂ ਨੂੰ ਗਰੀਨ ਟੌਪਸ ਕਿਹਾ ਜਾਂਦਾ ਹੈ। ਇਸ ਵਿੱਚ ਹੈਲੀਕਾਪਟਰ ਵਾਂਗ ਸਿੱਧੇ ਉਡਾਣ ਭਰਨ ਦੀ ਸਮਰੱਥਾ ਅਤੇ ਇੱਕ ਹਵਾਈ ਜਹਾਜ਼ ਵਰਗੀ ਤੇਜ਼ ਉਡਾਣ ਭਰਨ ਦੀ ਸਮਰੱਥਾ ਹੁੰਦੀ ਹੈ।
ਓਸਪਰੀਜ਼ ਵਿੱਚ ਸਹਾਇਕ ਅਮਲਾ, ਵਿਸ਼ੇਸ਼ ਦਸਤੇ ਦੇ ਸੈਨਿਕ ਅਤੇ ਖੂਫ਼ੀਆ ਸੇਵਾ ਦੇ ਏਜੰਟ ਹੁੰਦੇ ਹਨ। ਇਨ੍ਹਾਂ ਦਾ ਜ਼ਿੰਮਾ ਹਵਾਈ ਉਡਾਣ ਦੇ ਦੌਰਾਨ ਪੈਦਾ ਹੋਣ ਵਾਲੀ ਕਿਸੇ ਵੀ ਹੰਗਾਮੀ ਸਥਿਤੀ ਦਾ ਮੁਕਾਬਲਾ ਕਰਨਾ ਹੁੰਦਾ ਹੈ।
ਡਰੋਨ ਤੋਂ ਖ਼ਤਰਾ
ਜਦੋਂ ਇਨ੍ਹਾਂ ਦੇ ਫਰਾਂ ਨੂੰ ਮੰਡਰਾਉਣ ਜਾਂ ਉਤਰਨ ਸਮੇਂ ਉੱਪਰ ਵੱਲ ਘੁਮਾਇਆ ਜਾਂਦਾ ਹੈ ਤਾਂ ਓਸਪਰੀਜ਼ ਕਾਫ਼ੀ ਸ਼ੋਰਗੁਲ ਕਰਦੇ ਹਨ। ਰਾਸ਼ਟਰਪਤੀ ਦੀ 2019 ਦਾ ਬ੍ਰਿਟੇਨ ਫੇਰੀ ਦੌਰਾਨ ਉਨ੍ਹਾਂ ਨੂੰ ਲੰਡਨ ਦੇ ਦੁਆਲੇ ਘੁੰਮਦੇ ਸੁਣਿਆ ਗਿਆ ਸੀ।
ਰਾਸ਼ਟਰਪਤੀ ਦੇ ਅਮਲੇ ਦੇ ਹੋਰ ਮੈਂਬਰ ਵੀ ਹਵਾ ਰਾਹੀਂ ਹੀ ਸਫ਼ਰ ਕਰਦੇ ਹਨ, ਜਿਸਦਾ ਭਾਵ ਹੈ ਕਿ ਉਨ੍ਹਾਂ ਦੇ ਹਵਾਈ ਕਾਫ਼ਲੇ ਵਿੱਚ ਵੀ ਕਈ ਹੈਲੀਕਾਪਟਰ ਸ਼ਾਮਲ ਹੁੰਦੇ ਹਨ।

ਤਸਵੀਰ ਸਰੋਤ, Getty Images
ਕਿੰਗ ਚਾਰਲਸ ਤੀਜੇ ਅਤੇ ਰਾਣੀ ਕੈਮਿਲੀਆ ਨੇ ਰਾਸ਼ਟਰਪਤੀ ਟਰੰਪ ਅਤੇ ਉਨ੍ਹਾਂ ਦੀ ਪਤਨੀ ਦੀ ਬਕਿੰਘਮ ਪੈਲਿਸ ਦੀ ਥਾਂ ਇਸ ਵਾਰ ਵਿੰਡਸਰ ਕਾਸਲ ਵਿੱਚ ਮੇਜ਼ਬਾਨੀ ਕੀਤੀ ਸੀ ਕਿਉਂਕਿ ਬਕਿੰਘਮ ਪੈਲਿਸ ਵਿੱਚ ਇਸ ਸਮੇਂ ਮੁਰੰਮਤ ਚੱਲ ਰਹੀ ਹੈ।
ਥੇਮਜ਼ ਵੈਲੀ ਪੁਲਿਸ ਨੇ ਫੇਰੀ ਤੋਂ ਪਹਿਲਾਂ ਕਿਹਾ ਸੀ ਕਿ ਸਰਕਾਰੀ ਦੌਰੇ ਦੌਰਾਨ ਵਿੰਡਸਰ ਕਾਸਲ ਦੇ ਆਲੇ-ਦੁਆਲੇ ਦੇ ਹਵਾਈ ਖੇਤਰ ਵਿੱਚ ਡਰੋਨਾਂ ਸਮੇਤ ਹੋਰ ਜਹਾਜ਼ਾਂ 'ਤੇ ਨੈਸ਼ਨਲ ਪੁਲਿਸ ਏਅਰ ਸੇਵਾ ਦੀ ਮਦਦ ਨਾਲ "ਸਾਰਥਕ ਪਾਬੰਦੀਆਂ" ਲਾਗੂ ਕੀਤੀਆਂ ਸਨ।
ਕੈਸਲਰ ਮੁਤਾਬਕ, ਡਰੋਨ ਖ਼ਤਰਾ ਇੱਕ ਅਜਿਹਾ ਖੇਤਰ ਹੈ ਜਿਸ ਵੱਲ ਖੂਫੀਆ ਸੇਵਾ ਦੀ ਦਿਲਚਸਪੀ ਵਧੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਉੱਪਰ ਜੁਲਾਈ 2024 ਨੂੰ ਹੋਈ ਜਾਨਲੇਵਾ ਹਮਲੇ ਦੀ ਕੋਸ਼ਿਸ਼ ਦੌਰਾਨ ਖੂਫ਼ੀਆ ਸੇਵਾ ਦੀ ਡਰੋਨ-ਵਿਰੋਧੀ ਸਮਰੱਥਾ ਦੀਆਂ ਕਮਜ਼ੋਰੀਆਂ ਉੱਭਰ ਕੇ ਸਾਹਮਣੇ ਆਈਆਂ ਸਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












