ਪਹਿਲਗਾਮ ਹਮਲਾ: ਜੰਮੂ-ਕਸ਼ਮੀਰ ਦੀ ਜਿਸ ਬੈਸਰਨ ਘਾਟੀ 'ਚ ਅੱਤਵਾਦੀ ਹਮਲਾ ਹੋਇਆ, ਉਸ ਨੂੰ ਮਿੰਨੀ ਸਵਿੱਟਜ਼ਰਲੈਂਡ ਕਿਉਂ ਆਖਿਆ ਜਾਂਦਾ ਹੈ

    • ਲੇਖਕ, ਦਿਲਨਵਾਜ਼ ਪਾਸ਼ਾ
    • ਰੋਲ, ਬੀਬੀਸੀ ਪੱਤਰਕਾਰ

ਕਸ਼ਮੀਰ ਦੇ ਪਹਿਲਗਾਮ ਦੀ ਖੂਬਸੂਰਤ ਬੈਸਰਨ ਘਾਟੀ ਦਾ ਨਜ਼ਾਰਾ ਉਸ ਸਮੇਂ ਇੱਕ ਭਿਆਨਕ ਮੰਜ਼ਰ ਵਿੱਚ ਬਦਲ ਗਿਆ ਜਦੋਂ ਲੰਘੇ ਸ਼ਨੀਵਾਰ ਨੂੰ ਇੱਥੇ ਇੱਕ ਅੱਤਵਾਦੀ ਹਮਲਾ ਹੋਇਆ ਅਤੇ ਘੱਟੋ-ਘੱਟ 26 ਲੋਕ ਮਾਰੇ ਗਏ।

ਪਹਿਲਗਾਮ ਦੀ ਇਹ ਬੈਸਰਨ ਘਾਟੀ ਆਪਣੇ ਹਰੇ-ਭਰੇ ਅਤੇ ਸੁੰਦਰ ਘਾਹ ਦੇ ਮੈਦਾਨਾਂ ਲਈ ਮਸ਼ਹੂਰ ਹੈ, ਜੋ ਜੰਮੂ-ਕਸ਼ਮੀਰ ਦੇ ਪੀਰ ਪੰਜਾਲ ਰੇਂਜ ਵਿੱਚ ਸਥਿਤ ਹੈ ਅਤੇ ਅਨੰਤਨਾਗ ਜ਼ਿਲ੍ਹੇ ਵਿੱਚ ਪਹਿਲਗਾਮ ਤੋਂ ਲਗਭਗ ਪੰਜ ਤੋਂ ਛੇ ਕਿਲੋਮੀਟਰ ਦੂਰ ਹੈ।

ਬੈਸਰਨ ਸਮੁੰਦਰ ਤਲ ਤੋਂ 7500-8000 ਫੁੱਟ ਦੀ ਉੱਚਾਈ 'ਤੇ ਹੈ। ਇਹ ਸੁੰਦਰ ਘਾਟੀ ਹਰੇ-ਭਰੇ ਘਾਹ ਦਾ ਇੱਕ ਵੱਡਾ ਮੈਦਾਨ ਹੈ। ਇਸਦੇ ਆਲੇ-ਦੁਆਲੇ ਚੀੜ ਅਤੇ ਦੇਵਦਾਰ ਦੇ ਸੰਘਣੇ ਜੰਗਲ ਹਨ। ਜੰਗਲਾਂ ਤੋਂ ਪਰ੍ਹੇ ਬਰਫ਼ ਨਾਲ ਢੱਕੇ ਪਹਾੜਾਂ ਦੀਆਂ ਉੱਚੀਆਂ ਚੋਟੀਆਂ, ਇੱਥੋਂ ਦੇ ਦ੍ਰਿਸ਼ ਨੂੰ ਹੋਰ ਵੀ ਮਨਮੋਹਕ ਬਣਾ ਦਿੰਦੀਆਂ ਹਨ।

ਇਹ ਖੁੱਲ੍ਹਾ ਮੈਦਾਨ ਗਰਮੀਆਂ ਵਿੱਚ ਘਾਹ ਅਤੇ ਜੰਗਲੀ ਫੁੱਲਾਂ ਦੇ ਪੌਦਿਆਂ ਨਾਲ ਭਰਿਆ ਰਹਿੰਦਾ ਹੈ। ਜਦਕਿ ਸਰਦੀਆਂ ਵਿੱਚ ਇਹ ਬਰਫ਼ ਦੀ ਚਾਦਰ ਨਾਲ ਢੱਕਿਆ ਰਹਿੰਦਾ ਹੈ।

ਸ਼ਾਇਦ ਇਹੀ ਕਾਰਨ ਹੈ ਕਿ ਇਹ ਘਾਟੀ ਸੈਲਾਨੀਆਂ ਵਿੱਚ 'ਮਿੰਨੀ ਸਵਿੱਟਜ਼ਰਲੈਂਡ' ਦੇ ਨਾਮ ਨਾਲ ਪ੍ਰਸਿੱਧ ਹੈ।

ਇੱਥੇ ਕੁਦਰਤ ਦਾ ਨਜ਼ਾਰਾ ਅਜਿਹਾ ਮਨਮੋਹਕ ਹੁੰਦਾ ਹੈ ਕਿ ਇੱਥੇ ਆਉਣ ਵਾਲੇ ਸੈਲਾਨੀ ਇੱਕ ਵੱਖਰੀ ਤਰ੍ਹਾਂ ਦੀ ਸ਼ਾਂਤੀ ਤੇ ਅਨੰਦ ਮਹਿਸੂਸ ਕਰਦੇ ਹਨ।

ਪਹਿਲਗਾਮ, ਇਸ ਘਾਟੀ ਦੇ ਸਭ ਤੋਂ ਨੇੜਲਾ ਆਬਾਦੀ ਵਾਲਾ ਕਸਬਾ ਹੈ। ਇੱਥੇ ਆਉਣ ਵਾਲੇ ਸੈਲਾਨੀ ਪਹਿਲਗਾਮ ਵਿੱਚ ਰਹਿੰਦੇ ਹਨ। ਫਿਰ ਉਹ ਦਿਨ ਵੇਲੇ ਇੱਥੇ ਪਿਕਨਿਕ ਮਨਾਉਣ ਲਈ ਆਉਂਦੇ ਹਨ।

ਪਹਿਲਗਾਮ ਦੇ ਇੱਕ ਸਥਾਨਕ ਹੋਟਲ ਮਾਲਕ ਜਾਵੇਦ ਅਹਿਮਦ ਕਹਿੰਦੇ ਹਨ, "ਪਹਿਲਗਾਮ ਪਹੁੰਚਣ ਵਾਲੇ ਸੈਲਾਨੀ ਹਮੇਸ਼ਾ ਬੈਸਰਨ ਜਾਣ ਲਈ ਉਤਸੁਕ ਰਹਿੰਦੇ ਹਨ।"

ਕੱਚਾ ਰਾਹ

ਪਹਿਲਗਾਮ ਤੋਂ ਬੈਸਰਨ ਘਾਟੀ ਜਾਣ ਲਈ ਕੋਈ ਪੱਕੀ ਸੜਕ ਨਹੀਂ ਹੈ। ਇੱਥੇ ਪਹੁੰਚਣ ਲਈ ਕੱਚੇ ਰਸਤੇ ਹਨ। ਇਹ ਸੜਕਾਂ ਚੀੜ ਅਤੇ ਦੇਵਦਾਰ ਦੇ ਦਰੱਖਤਾਂ ਵਿੱਚੋਂ ਦੀ ਲੰਘਦੀਆਂ ਹਨ।

ਸੈਲਾਨੀਆਂ ਲਈ ਬੈਸਰਨ ਪਹੁੰਚਣਾ ਆਪਣੇ ਆਪ ਵਿੱਚ ਇੱਕ ਦਿਲਚਸਪ ਤਜਰਬਾ ਹੁੰਦਾ ਹੈ। ਪਹਿਲਗਾਮ ਦੇ ਮੁੱਖ ਬਾਜ਼ਾਰ ਵਿੱਚੋਂ ਕਈ ਸਾਰੇ ਰਸਤੇ ਬੈਸਰਨ ਵੱਲ ਜਾਂਦੇ ਹਨ। ਆਮ ਤੌਰ 'ਤੇ ਸੈਲਾਨੀ ਪਹਿਲਗਾਮ ਤੋਂ ਖੱਚਰ ਜਾਂ ਘੋੜੇ ਰਾਹੀਂ ਬੈਸਰਨ ਪਹੁੰਚਦੇ ਹਨ। ਕੁਝ ਲੋਕ ਪੈਦਲ ਵੀ ਜਾਂਦੇ ਹਨ।

ਜਦੋਂ ਇਹ ਰਸਤੇ ਬੈਸਰਨ 'ਤੇ ਜਾ ਕੇ ਖਤਮ ਹੋ ਜਾਂਦੇ ਹਨ ਤਾਂ ਸੈਲਾਨੀਆਂ ਸਾਹਮਣੇ ਨਰਮ ਅਤੇ ਲਹਿਰਾਉਂਦੀ ਘਾਹ ਵੱਲ ਇੱਕ ਖੂਬਸੂਰਤ ਪਠਾਰ ਹੁੰਦਾ ਹੈ। ਇਸ ਦੀਆਂ ਢਲਾਣਾਂ ਤੋਂ ਉੱਪਰ ਵੱਲ ਦੇਖੋ, ਤਾਂ ਜੰਗਲ ਦੇ ਪਾਰ ਬਰਫ਼ ਨਾਲ ਢੱਕੀਆਂ ਪਹਾੜੀ ਚੋਟੀਆਂ ਨਜ਼ਰ ਆਉਂਦੀਆਂ ਹਨ। ਇਹ ਸਾਰੇ ਦ੍ਰਿਸ਼ ਬਹੁਤ ਮਨਮੋਹਕ ਲੱਗਦੇ ਹਨ ਅਤੇ ਇਸੇ ਕਾਰਨ ਬੈਸਰਨ ਨੂੰ 'ਮਿੰਨੀ ਸਵਿੱਟਜ਼ਰਲੈਂਡ' ਕਿਹਾ ਜਾਂਦਾ ਹੈ।

ਇਸ ਕੁਦਰਤੀ ਸੁੰਦਰਤਾ ਕਾਰਨ ਬੈਸਰਨ ਭਾਰਤ ਦੀਆਂ ਉਨ੍ਹਾਂ ਥਾਵਾਂ 'ਚ ਸ਼ਾਮਲ ਹੈ, ਜੋ ਸੈਲਾਨੀਆਂ ਨੂੰ ਬਹੁਤ ਆਕਰਸ਼ਿਤ ਕਰਦੀਆਂ ਹਨ। ਗਰਮੀਆਂ ਵਿੱਚ ਇੱਥੇ ਤਾਪਮਾਨ 15 ਤੋਂ 25 ਡਿਗਰੀ ਦੇ ਵਿਚਕਾਰ ਅਤੇ ਸਰਦੀਆਂ ਵਿੱਚ ਜ਼ੀਰੋ ਤੋਂ ਹੇਠਾਂ ਚਲਾ ਜਾਂਦਾ ਹੈ।

ਜਾਵੇਦ ਅਹਿਮਦ ਦੱਸਦੇ ਹਨ, "ਬੈਸਰਨ ਦੇ ਆਲੇ-ਦੁਆਲੇ ਚੀੜ ਅਤੇ ਦੇਵਦਾਰ ਦੇ ਰੁੱਖਾਂ ਦੇ ਸੰਘਣੇ ਜੰਗਲ ਹਨ। ਉੱਥੇ ਕੋਈ ਆਬਾਦੀ ਨਹੀਂ ਹੈ। ਕੁਝ ਗਿਣੇ-ਚੁਣੇ ਰੈਸਟੋਰੈਂਟ ਹਨ। ਇਹ ਇੱਥੇ ਆਉਣ ਵਾਲੇ ਸੈਲਾਨੀਆਂ ਨੂੰ ਚਾਹ-ਨਾਸ਼ਤਾ ਦਿੰਦੇ ਹਨ। ਹੁਣ ਇੱਥੇ ਜ਼ਿਪਲਾਈਨ ਜਾਂ ਪੈਰਾਗਲਾਈਡਿੰਗ ਵਰਗੇ ਅਡਵੈਂਚਰ ਸਪਰੋਟਸ ਵੀ ਹੁੰਦੇ ਹਨ।"

ਜਾਵੇਦ ਅਹਿਮਦ ਕਹਿੰਦੇ ਹਨ, "ਬੈਸਰਨ ਤੋਂ ਪਰ੍ਹੇ ਲੰਬੀ ਦੂਰੀ ਤੱਕ ਕੋਈ ਆਬਾਦੀ ਨਹੀਂ ਹੈ। ਪਹਿਲਗਾਮ ਸਭ ਤੋਂ ਨੇੜਲਾ ਆਬਾਦੀ ਵਾਲਾ ਖੇਤਰ ਹੈ।"

ਬੈਸਰਨ ਪਹੁੰਚਣਾ ਕਿਸੇ ਅਡਵੈਂਚਰ ਵਰਗਾ

ਸੈਟੇਲਾਈਟ ਤਸਵੀਰਾਂ ਵਿੱਚ ਦੇਖਣ ਜਾਣ 'ਤੇ, ਬੈਸਰਨ ਰੁੱਖਾਂ ਅਤੇ ਬਰਫ਼ ਨਾਲ ਘਿਰਿਆ ਇੱਕ ਸਮਤਲ ਮੈਦਾਨ ਦਿਖਾਈ ਦਿੰਦਾ ਹੈ। ਇਸਦੀ ਅਸਲ ਬਣਤਰ ਇੱਕ ਕੁਦਰਤੀ ਗੋਲਫ ਕੋਰਸ ਵਰਗੀ ਹੈ।

ਲਿਦਰ ਨਦੀ, ਨੇੜਲੇ ਕੋਲਾਹੀ ਗਲੇਸ਼ੀਅਰ ਤੋਂ ਨਿਕਲਦੀ ਹੈ। ਇਹ ਪਹਿਲਗਾਮ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚੋਂ ਲੰਘਦੀ ਹੈ। ਇਸ ਤੋਂ ਨਿਕਲਦੀਆਂ ਛੋਟੀਆਂ ਪਹਾੜੀ ਨਦੀਆਂ ਇਸ ਘਾਟੀ ਦੇ ਪੂਰੇ ਦ੍ਰਿਸ਼ ਨੂੰ ਹੋਰ ਵੀ ਸੁੰਦਰ ਬਣਾਉਂਦੀਆਂ ਹਨ।

ਬੈਸਰਨ ਘਾਟੀ ਬਾਹਰੀ ਦੁਨੀਆਂ ਦੇ ਰੌਲੇ ਤੋਂ ਪਰ੍ਹੇ ਹੈ। ਇਹ ਟ੍ਰੈਕਿੰਗ ਕਰਨ ਵਾਲਿਆਂ ਲਈ ਇੱਕ ਪਸੰਦੀਦਾ ਜਗ੍ਹਾ ਹੈ। ਲੋਕ ਇੱਥੇ ਤਸਵੀਰਾਂ ਖਿੱਚਣਾ ਪਸੰਦ ਕਰਦੇ ਹਨ।

ਜਾਵੇਦ ਅਹਿਮਦ ਕਹਿੰਦੇ ਹਨ, "ਹਰ ਰੋਜ਼ ਦੋ ਤੋਂ ਤਿੰਨ ਹਜ਼ਾਰ ਵਿਦੇਸ਼ੀ ਸੈਲਾਨੀ ਪਹਿਲਗਾਮ ਆਉਂਦੇ ਹਨ ਅਤੇ ਉਨ੍ਹਾਂ ਵਿੱਚੋਂ 90 ਫੀਸਦੀ ਤੋਂ ਵੱਧ ਅਜਿਹੇ ਹਨ ਜੋ ਬੈਸਰਨ ਜ਼ਰੂਰ ਜਾਂਦੇ ਹਨ।"

ਸੈਲਾਨੀਆਂ ਨੂੰ ਪਹਿਲਗਾਮ ਤੋਂ ਬੈਸਰਨ ਪਹੁੰਚਣ ਵਿੱਚ ਡੇਢ ਤੋਂ ਦੋ ਘੰਟੇ ਲੱਗ ਜਾਂਦੇ ਹਨ। ਹਾਲਾਂਕਿ, ਪੈਦਲ ਚੱਲਣ ਵੇਲੇ ਇਸ ਟ੍ਰੈਕ ਵਿੱਚ ਦੋ ਤੋਂ ਤਿੰਨ ਘੰਟੇ ਦਾ ਸਮਾਂ ਲੱਗ ਜਾਂਦਾ ਹੈ।

ਲੰਘੀ 22 ਅਪ੍ਰੈਲ ਨੂੰ ਜਦੋਂ ਕੱਟੜਪੰਥੀਆਂ ਨੇ ਇੱਥੇ ਹਮਲਾ ਕੀਤਾ, ਤਾਂ ਨੇੜਲੇ ਪੁਲਿਸ ਅਤੇ ਸੁਰੱਖਿਆ ਬਲਾਂ ਨੂੰ ਵੀ ਇੱਥੇ ਪਹੁੰਚਣ ਵਿੱਚ ਲਗਭਗ ਵੀਹ ਮਿੰਟ ਦਾ ਸਮਾਂ ਲੱਗਿਆ।

ਜ਼ਖਮੀਆਂ ਅਤੇ ਮ੍ਰਿਤਕਾਂ ਨੂੰ ਇੱਥੋਂ ਹੈਲੀਕਾਪਟਰਾਂ ਅਤੇ ਘੋੜਿਆਂ ਰਾਹੀਂ ਕੱਢਿਆ ਗਿਆ। ਬੈਸਰਨ ਦਾ ਸਭ ਤੋਂ ਨੇੜਲਾ ਸੜਕੀ ਨਿਸ਼ਾਨ ਸ਼੍ਰੀਨਗਰ-ਪਹਿਲਗਾਮ ਹਾਈਵੇਅ ਹੈ। ਪਹਿਲਗਾਮ, ਸ਼੍ਰੀਨਗਰ ਤੋਂ ਲਗਭਗ 90 ਕਿਲੋਮੀਟਰ ਦੂਰ ਹੈ। ਇਸ ਯਾਤਰਾ ਵਿੱਚ ਦੋ ਤੋਂ ਤਿੰਨ ਘੰਟੇ ਲੱਗਦੇ ਹਨ।

ਕਈ ਫਿਲਮਾਂ ਦੀ ਹੋਈ ਸ਼ੂਟਿੰਗ

ਕਸ਼ਮੀਰ ਦੀ ਸੁੰਦਰ ਘਾਟੀ ਵਿੱਚੋਂ ਲੰਘਦਾ ਇਹ ਹਾਈਵੇ ਸੈਲਾਨੀਆਂ ਦੀ ਆਵਾਜਾਈ ਅਤੇ ਪਹਿਲਗਾਮ ਖੇਤਰ ਤੱਕ ਪਹੁੰਚਣ ਲਈ ਮਹੱਤਵਪੂਰਨ ਹੈ। ਇਹ ਅਨੰਤਨਾਗ ਅਤੇ ਬਿਜਬੇਹਰਾ ਵਰਗੇ ਸ਼ਹਿਰਾਂ ਵਿੱਚੋਂ ਲੰਘਦਾ ਹੈ।

ਪਹਿਲਗਾਮ ਦੇ ਦੂਜੇ ਪਾਸੇ ਬੇਤਾਬ ਘਾਟੀ ਹੈ। ਇਹ ਇਲਾਕਾ 1983 ਦੀ ਬਾਲੀਵੁੱਡ ਫਿਲਮ 'ਬੇਤਾਬ' ਤੋਂ ਬਾਅਦ ਮਸ਼ਹੂਰ ਹੋਇਆ ਸੀ। ਇਸੇ ਕਰਕੇ ਇਸ ਦਾ ਨਾਮ ਬੇਤਾਬ ਘਾਟੀ ਪੈ ਗਿਆ।

1970 ਦੇ ਦਹਾਕੇ ਤੋਂ ਪਹਿਲਗਾਮ ਦੇ ਆਲੇ-ਦੁਆਲੇ ਦੀਆਂ ਘਾਟੀਆਂ ਵਿੱਚ ਫਿਲਮਾਂ ਦੀ ਸ਼ੂਟਿੰਗ ਹੁੰਦੀ ਰਹੀ ਹੈ। ਸਲਮਾਨ ਖਾਨ ਦੀ ਮਸ਼ਹੂਰ ਫਿਲਮ 'ਬਜਰੰਗੀ ਭਾਈਜਾਨ' ਦੇ ਕਲਾਈਮੈਕਸ ਸੀਨ ਨੂੰ ਬੈਸਰਨ ਘਾਟੀ ਵਿੱਚ ਹੀ ਸ਼ੂਟ ਕੀਤਾ ਗਿਆ ਸੀ।

2014 ਦੀ ਫਿਲਮ 'ਹੈਦਰ' ਦੇ ਕਈ ਦ੍ਰਿਸ਼ ਬਰਫ਼ ਨਾਲ ਢਕੀ ਪਹਿਲਗਾਮ ਘਾਟੀ ਵਿੱਚ ਫ਼ਿਲਮਾਏ ਗਏ ਸਨ। ਉਸੇ ਸਾਲ ਰਿਲੀਜ਼ ਹੋਈ ਫਿਲਮ 'ਹਾਈਵੇਅ' ਵਿੱਚ ਨੇੜਲੀ ਆੜੂ ਘਾਟੀ ਦੇ ਦ੍ਰਿਸ਼ ਹਨ।

ਪਹਿਲਗਾਮ ਦੀ ਸੁੰਦਰਤਾ ਸਿਨੇਮਾ ਦੇ ਪਰਦੇ ਅਤੇ ਟੀਵੀ ਰਾਹੀਂ ਲੋਕਾਂ ਨੂੰ ਇੱਥੇ ਆਉਣ ਲਈ ਆਕਰਸ਼ਿਤ ਕਰ ਰਹੀ ਹੈ।

ਪਹਿਲਗਾਮ ਅਮਰਨਾਥ ਯਾਤਰਾ ਦਾ ਇੱਕ ਅਹਿਮ ਪੜਾਅ

ਹਿੰਦੂ ਧਰਮ ਦੇ ਸਭ ਤੋਂ ਮਹੱਤਵਪੂਰਨ ਧਾਰਮਿਕ ਤੀਰਥਾਂ ਵਿੱਚੋਂ ਇੱਕ, ਅਮਰਨਾਥ ਯਾਤਰਾ ਵਿੱਚ ਪਹਿਲਗਾਮ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।

ਭਗਵਾਨ ਸ਼ਿਵ ਨਾਲ ਜੁੜੇ ਮਹੱਤਵਪੂਰਨ ਸਥਾਨਾਂ ਵਿੱਚੋਂ ਇੱਕ, ਅਮਰਨਾਥ ਗੁਫਾ ਦੀ ਯਾਤਰਾ, ਹਿੰਦੂ ਧਰਮ ਵਿੱਚ ਮਹੱਤਵਪੂਰਨ ਮੰਨੀ ਜਾਂਦੀ ਹੈ।

ਹਰ ਸਾਲ ਹੋਣ ਵਾਲੀ ਅਮਰਨਾਥ ਯਾਤਰਾ ਵਿੱਚ ਅਮਰਨਾਥ ਗੁਫਾ ਵੱਲ ਜਾਣ ਵਾਲੇ ਕਈ ਰਸਤਿਆਂ ਵਿੱਚੋਂ ਇੱਕ ਰਸਤਾ ਪਹਿਲਗਾਮ ਵਿੱਚੋਂ ਹੋ ਕੇ ਲੰਘਦਾ ਹੈ।

ਬਹੁਤ ਸਾਰੇ ਸ਼ਰਧਾਲੂ ਅਮਰਨਾਥ ਯਾਤਰਾ ਲਈ ਪੈਦਲ ਜਾਂ ਘੋੜੇ 'ਤੇ 32 ਕਿਲੋਮੀਟਰ ਦੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਪਹਿਲਗਾਮ ਨੂੰ ਬੇਸ ਕੈਂਪ ਵਜੋਂ ਇਸਤੇਮਾਲ ਕਰਦੇ ਹਨ।

ਬੈਸਰਨ ਵਿੱਚ ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸਾਲ ਅਮਰਨਾਥ ਯਾਤਰਾ 3 ਜੁਲਾਈ ਨੂੰ ਸ਼ੁਰੂ ਹੋਣੀ ਹੈ। ਇਸ ਯਾਤਰਾ ਲਈ ਇਲਾਕੇ ਵਿੱਚ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ।

ਮੰਗਲਵਾਰ ਨੂੰ ਸੈਲਾਨੀਆਂ 'ਤੇ ਹੋਇਆ ਹਮਲਾ ਇੱਕ ਦੁਰਲੱਭ ਘਟਨਾ ਹੈ। ਹੋਟਲ ਕਾਰੋਬਾਰੀ ਜਾਵੇਦ ਅਹਿਮਦ ਕਹਿੰਦੇ ਹਨ, "ਇਹ ਸੈਲਾਨੀਆਂ ਦੇ ਆਉਣ ਦਾ ਸਮਾਂ ਹੈ। ਇਸ ਹਮਲੇ ਨਾਲ ਸੈਰ-ਸਪਾਟਾ ਉਦਯੋਗ ਦਾ ਲੱਕ ਟੁੱਟ ਗਿਆ ਹੈ। ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਮਾਸੂਮ ਸੈਲਾਨੀਆਂ ਨੂੰ ਇਸ ਤਰ੍ਹਾਂ ਨਿਸ਼ਾਨਾ ਬਣਾਇਆ ਜਾ ਸਕਦਾ ਹੈ।"

ਹਾਲਾਂਕਿ, ਇਸ ਤੋਂ ਪਹਿਲਾਂ ਵੀ ਜੰਮੂ-ਕਸ਼ਮੀਰ ਵਿੱਚ ਵੱਡੇ ਅੱਤਵਾਦੀ ਹਮਲੇ ਹੋ ਚੁੱਕੇ ਹਨ। ਸਾਲ 2000 ਵਿੱਚ ਨੁਵਾਨ ਬੇਸ ਕੈਂਪ 'ਤੇ ਹੋਏ ਹਮਲੇ ਵਿੱਚ ਘੱਟੋ-ਘੱਟ 32 ਲੋਕ ਮਾਰੇ ਗਏ ਸਨ।

ਸਾਲ 2002 ਵਿੱਚ ਚੰਦਨਬਾੜੀ ਬੇਸ ਕੈਂਪ 'ਤੇ ਹੋਏ ਹਮਲੇ ਵਿੱਚ 11 ਲੋਕ ਮਾਰੇ ਗਏ ਸਨ। ਸਾਲ 2017 ਵਿੱਚ ਕੁਲਗਾਮ ਵਿੱਚ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ 'ਤੇ ਹਮਲਾ ਹੋਇਆ ਸੀ। ਇਸ ਹਮਲੇ ਵਿੱਚ ਘੱਟੋ-ਘੱਟ ਅੱਠ ਲੋਕ ਮਾਰੇ ਗਏ ਸਨ।

ਪਹਿਲਗਾਮ ਦੀ ਬੇਸਰਨ ਘਾਟੀ 'ਚ ਹੋਏ ਇਸ ਹਮਲੇ ਨੇ ਸੈਲਾਨੀਆਂ ਦੇ ਵਿਸ਼ਵਾਸ ਨੂੰ ਹਿਲਾ ਦਿੱਤਾ ਹੈ। ਇੱਥੇ ਘੁੰਮਣ ਆਏ ਲੋਕ ਜੰਮੂ-ਕਸ਼ਮੀਰ ਛੱਡ ਕੇ ਜਾ ਰਹੇ ਹਨ। ਹੁਣ ਦੇਖਣਾ ਇਹ ਹੈ ਕਿ ਇਸ ਭਿਆਨਕ ਘਟਨਾ ਤੋਂ ਬਾਅਦ ਬੈਸਰਨ ਦੀ ਇਹ ਸੁੰਦਰ ਘਾਟੀ ਕਦੋਂ ਸੈਲਾਨੀਆਂ ਨਾਲ ਦੁਬਾਰਾ ਗੁਲਜ਼ਾਰ ਹੋ ਸਕੇਗੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)