ਪਾਕਿਸਤਾਨ ਦੀ ਹਿੱਟ ਪੰਜਾਬੀ ਫ਼ਿਲਮ ‘ਮੌਲਾ ਜੱਟ’ ਭਾਰਤ 'ਚ ਲੋਕ ਉਡੀਕਦੇ ਰਹੇ, ਰਿਲੀਜ਼ ਟਲੀ

ਮੌਲਾ ਜੱਟ

ਤਸਵੀਰ ਸਰੋਤ, bilal lashari/insta

ਤਸਵੀਰ ਕੈਪਸ਼ਨ, ਪਾਕਿਸਤਾਨ ਦੇ ਸਿਨੇਮਾਘਰਾਂ ਵਿੱਚ ਫਿਲਮ 13 ਅਕਤੂਬਰ ਨੂੰ ਰਿਲੀਜ਼ ਹੋਈ ਸੀ
    • ਲੇਖਕ, ਸ਼ਕੀਲ ਅਖ਼ਤਰ
    • ਰੋਲ, ਬੀਬੀਸੀ ਉਰਦੂ

ਭਾਰਤ ਵਿੱਚ ਪਾਕਿਸਤਾਨ ਦੀ ਸੁਪਰਹਿੱਟ ਪੰਜਾਬੀ ਫ਼ਿਲਮ ‘ਦ ਲੀਜੈਂਡ ਆਫ਼ ਮੌਲਾ ਜੱਟ’ ਦੀ ਸਕਰੀਨਿੰਗ ਰੱਦ ਕਰ ਦਿੱਤੀ ਗਈ ਹੈ।

ਪਾਕਿਸਤਾਨ ਦੀ ਇਹ ਐਕਸ਼ਨ ਪੰਜਾਬੀ ਫ਼ਿਲਮ ਦਿੱਲੀ ਅਤੇ ਪੰਜਾਬ ਦੇ ਸਿਨੇਮਾ ਘਰਾਂ ਵਿੱਚ 30 ਦਸੰਬਰ ਨੂੰ ਰਿਲੀਜ਼ ਹੋਣੀ ਸੀ।

ਇਸ ਫ਼ਿਲਮ ਦੀ ਸਕਰੀਨਿੰਗ ਰੱਦ ਕਰਨ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਭਾਰਤ ਦੇ ਮਲਟੀਪਲੈਕਸ ਸਿਨੇਮਾ ਗਰੁੱਪ ਪੀਵੀਆਰ ਅਤੇ ਆਈਨਾਕਸ ਦੇ ਇਕ ਅਧਿਕਾਰੀ ਤੋਂ ਇਸ ਦੀ ਵਜ੍ਹਾ ਪੁੱਛੀ ਗਈ ਤਾਂ ਉਨ੍ਹਾਂ ਦੱਸਿਆ, “ਸਾਨੂੰ ਫ਼ਿਲਮ ਦੇ ਡਿਸਟਰੀਬਿਉਟਰਾਂ ਨੇ ਕਿਹਾ ਕਿ ਫ਼ਿਲਮ ਦੀ ਰਿਲੀਜ਼ ਟਾਲਦਿੱਤੀ ਗਈ ਹੈ। ਸਾਨੂੰ ਇਸ ਬਾਰੇ ਦੋ-ਤਿੰਨ ਦਿਨ ਪਹਿਲਾਂ ਦੱਸਿਆ ਗਿਆ। ਇਸ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਅਤੇ ਨਾ ਹੀ ਇਸ ਦੇ ਰਿਲੀਜ਼ ਹੋਣ ਦੀ ਅਗਲੀ ਤਰੀਕ ਦੱਸੀ ਗਈ ਹੈ।”

ਮੌਲਾ ਜੱਟ

ਤਸਵੀਰ ਸਰੋਤ, fawad khan/FB

ਆਈਨਾਕਸ ਗਰੁੱਪ ਦੇ ਮੁੱਖ ਪ੍ਰੋਗਰਾਮਿੰਗ ਆਫ਼ਸਰ ਰਜਿੰਦਰ ਸਿੰਘ ਜਿਆਲਾ ਨੇ 26 ਦਸੰਬਰ ਨੂੰ ਦੱਸਿਆ ਸੀ ਕਿ ‘ਮੌਲਾ ਜੱਟ’ ਉਹਨਾਂ ਸਿਨੇਮਾ ਘਰਾਂ ਵਿੱਚ ਦਿਖਾਈ ਜਾਵੇਗੀ ਜਿੱਥੇ ਪੰਜਾਬੀ ਬੋਲਣ ਵਾਲੇ ਵੱਡੀ ਗਿਣਤੀ ਵਿੱਚ ਹਨ।

ਉਹਨਾਂ ਦੇ ਇਸ ਐਲਾਨ ਤੋਂ ਬਾਅਦ ਭਾਰਤ ਵਿੱਚ ਫ਼ਿਲਮ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ।

ਇਸ ਫ਼ਿਲਮ ਦੇ ਪ੍ਰੋਮੋਸ਼ਨ ਪੋਸਟਰ ਵੀ ‘ਬੁੱਕ ਮਾਈ ਸ਼ੋਅ’ ਵਰਗੇ ਪਲੇਟਫ਼ਾਰਮਾਂ ਉਪਰ ਆ ਗਏ ਸਨ।

ਮੌਲਾ ਜੱਟ

ਤਸਵੀਰ ਸਰੋਤ, MAHIRA KHAN/FB

ਤਸਵੀਰ ਕੈਪਸ਼ਨ, ਲੀਡ ਰੋਲ ਵਿੱਚ ਫ਼ਵਾਦ ਖ਼ਾਨ ਅਤੇ ਅਦਾਕਾਰਾ ਮਾਹਿਰਾ ਖ਼ਾਨ ਪ੍ਰਸਿੱਧ ਸਿਤਾਰੇ ਹਨ
ਮੌਲਾ ਜੱਟ

ਪਾਕਿਸਤਾਨੀ ਫ਼ਿਲਮ ‘ਮੌਲਾ ਜੱਟ’ ਬਾਰੇ ਖਾਸ ਗੱਲਾਂ:

  • ਭਾਰਤ ਵਿੱਚ ਪਾਕਿਸਤਾਨੀ ਪੰਜਾਬੀ ਫ਼ਿਲਮ ‘ਦ ਲੀਜੈਂਡ ਆਫ਼ ਮੌਲਾ ਜੱਟ’ ਦੀ ਸਕਰੀਨਿੰਗ ਰੱਦ।
  • ਫ਼ਿਲਮ ਦਿੱਲੀ ਅਤੇ ਪੰਜਾਬ ਦੇ ਸਿਨੇਮਾ ਘਰਾਂ ਵਿੱਚ 30 ਦਸੰਬਰ ਨੂੰ ਰਿਲੀਜ਼ ਹੋਣੀ ਸੀ।
  • ਫ਼ਿਲਮ ਦੇ ਪ੍ਰੋਮੋਸ਼ਨਲ ਪੋਸਟਰ ਵੀ ‘ਬੁੱਕ ਮਾਈ ਸ਼ੋਅ’ ਵਰਗੇ ਪਲੇਟਫ਼ਾਰਮਾਂ ਉਪਰ ਆ ਗਏ ਸਨ।
  • ਸ਼ਿਵ ਸੈਨਾ ਅਤੇ ਮਹਾਂਰਾਸ਼ਟਰ ਨਵਨਿਰਮਾਣ ਸੈਨਾ ਨੇ ਵੀ ਪਾਕਿਸਤਾਨੀ ਅਦਾਕਾਰ ਦਾ ਵਿਰੋਧ ਕੀਤਾ ਸੀ।
ਮੌਲਾ ਜੱਟ

ਕਿਉਂ ਫ਼ਿਲਮ ਰਿਲੀਜ਼ ਨਹੀਂ ਹੋਈ?

ਮੌਲਾ ਜੱਟ

ਤਸਵੀਰ ਸਰੋਤ, MAHIRA KHAN/FB

ਕੁਝ ਖ਼ਬਰਾਂ ਵਿੱਚ ਦੱਸਿਆ ਗਿਆ ਸੀ ਕਿ ਭਾਰਤ ਦੇ ਸੈਂਸਰ ਬੋਰਡ ਨੇ ਫ਼ਿਲਮ ਦੇ ਪ੍ਰਦਰਸ਼ਨ ਦੀ ਇਜਾਜ਼ਤ ਵਾਪਸ ਲੈ ਲਈ ਹੈ।

ਹਾਲਾਂਕਿ ਬੋਰਡ ਵੱਲੋਂ ਇਸ ਬਾਰੇ ਕੁਝ ਨਹੀਂ ਕਿਹਾ ਗਿਆ ਹੈ ਅਤੇ ਨਾ ਹੀ ਬੋਰਡ ਦੀ ਵੈਬਸਾਇਟ ਉਪਰ ਇਸ ਬਾਰੇ ਕੋਈ ਖ਼ਬਰ ਹੈ।

ਸਿਨੇਮਾ ਘਰਾਂ ਵਿੱਚ ਫ਼ਿਲਮ ਲਗਾਏ ਜਾਣ ਦਾ ਐਲਾਨ ਆਮ ਤੌਰ ’ਤੇ ਸੈਂਸਰ ਬੋਰਡ ਤੋਂ ਫ਼ਿਲਮ ਦੀ ਸਕਰੀਨਿੰਗ ਦੀ ਇਜਾਜ਼ਤ ਮਿਲਣ ਤੋਂ ਬਾਅਦ ਕੀਤਾ ਜਾਂਦਾ ਹੈ।

ਫ਼ਿਲਮ ਦੀ ਤਰੀਕ ਦਾ ਐਲਾਨ ਕਰਨ ਤੋਂ ਬਾਅਦ ਇਕਦਮ ਮੁਅੱਲਤ ਕਰਨ ਦਾ ਫੈਸਲਾ ਡਿਸਟਰੀਬਿਊਟ ਨੇ ਖ਼ੁਦ ਤਾਂ ਨਹੀਂ ਲਿਆ ਹੋਵੇਗਾ।

ਮੌਲਾ ਜੱਟ
ਤਸਵੀਰ ਕੈਪਸ਼ਨ, Video ਦੇਖਣ ਲਈ ਕਲਿੱਕ ਕਰ ਸਕਦੇ ਹੋ

ਜੇਕਰ ‘ਮੌਲਾ ਜੱਟ’ ਭਾਰਤ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੁੰਦੀ ਤਾਂ 2011 ਤੋਂ ਬਾਅਦ ਭਾਰਤੀ ਸਿਨਮਾਂ ਘਰਾਂ ਵਿੱਚ ਲੱਗਣ ਵਾਲੀ ਪਹਿਲੀ ਪਾਕਿਸਤਾਨੀ ਫ਼ਿਲਮ ਹੋਣੀ ਸੀ।

ਭਾਰਤ ਵਿੱਚ ‘ਮੌਲਾ ਜੱਟ’ ਦੇ ਡਿਸਟਰੀਬਿਊਸ਼ਨ ਦਾ ਅਧਿਕਾਰ ਜ਼ੀ ਸਟੂਡੀਓਜ਼ ਕੋਲ ਹੈ। ਉਹਨਾਂ ਦਾ ਵੀ ਇਸ ਉਪਰ ਕੋਈ ਬਿਆਨ ਸਾਹਮਣੇ ਨਹੀਂ ਆਇਆ।

ਜ਼ੀ ਗਰੁੱਪ ਭਾਰਤ ਵਿੱਚ ਫ਼ਿਲਮ ਪ੍ਰੋਡਕਸ਼ਨ ਅਤੇ ਡਿਸਟਰੀਬਿਊਸ਼ਨ ਤੋਂ ਇਲਾਵਾ ਕਈ ਟੀਵੀ ਚੈਨਲ ਵੀ ਚਲਾਉਂਦਾ ਹੈ।

ਇਸ ਗਰੁੱਪ ਨੇ ਕੁਝ ਸਾਲ ਪਹਿਲਾਂ ਇੱਕ ਚੈਨਲ ਸ਼ੁਰੂ ਕੀਤਾ ਸੀ ਜਿਸ ਉਪਰ ਪਾਕਿਸਤਾਨ ਦੇ ਮਸ਼ਹੂਰ ਸੀਰੀਅਲ ਦਿਖਾਏ ਜਾਂਦੇ ਸਨ।

ਇਹ ਚੈਨਲ ਬਹੁਤ ਜਲਦੀ ਪ੍ਰਸਿੱਧ ਹੋ ਗਿਆ ਸੀ। ਇੱਕ ਸਮੇਂ ਜ਼ੀ ਗਰੁੱਪ ਨੇ ਪਾਕਿਸਤਾਨ ਦੇ ਫ਼ਿਲਮ ਨਿਰਮਾਤਾਵਾਂ ਅਤੇ ਅਦਾਕਾਰਾਂ ਨਾਲ ਮਿਲ ਕੇ ਫਿਲਮਾਂ ਬਣਾਉਣ ਦੀ ਯੋਜਨਾ ਵੀ ਬਣਾਈ ਸੀ।

ਮੌਲਾ ਜੱਟ

ਇਹ ਵੀ ਪੜ੍ਹੋ:

ਮੌਲਾ ਜੱਟ

ਫ਼ਵਾਦ ਅਤੇ ਮਾਹਿਰਾ ਬਾਲੀਵੁੱਡ ਵਿੱਚ ਕਰ ਚੁੱਕੇ ਹਨ ਕੰਮ

ਫਵਾਦ ਖ਼ਾਨ

ਤਸਵੀਰ ਸਰੋਤ, FAWAD KHAN/INSTA

‘ਮੌਲਾ ਜੱਟ’ ਦੇ ਲੀਡ ਰੋਲ ਵਿੱਚ ਫ਼ਵਾਦ ਖ਼ਾਨ ਅਤੇ ਅਦਾਕਾਰਾ ਮਾਹਿਰਾ ਖ਼ਾਨ ਬਾਲੀਵੁੱਡ ਦੇ ਪ੍ਰਸਿੱਧ ਸਿਤਾਰੇ ਹਨ।

ਮਾਹਿਰਾ ਨੇ ਸਾਲ 2017 ਵਿੱਚ ਸ਼ਾਹਰੁੱਖ ਖ਼ਾਨ ਦੀ ਫ਼ਿਲਮ ‘ਰਈਸ’ ਵਿੱਚ ਕੰਮ ਕੀਤਾ ਸੀ।

ਇਸ ਫ਼ਿਲਮ ਤੋਂ ਬਾਅਦ ਉਹ ਭਾਰਤ ਵਿੱਚ ਕਾਫ਼ੀ ਚਰਚਾ ਵਿੱਚ ਰਹੀ ਸੀ।

ਫ਼ਵਾਦ ਨੇ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਸਾਲ 2016 ਦੇ ਉੜੀ ਹਮਲੇ ਤੋਂ ਬਾਅਦ ਇੰਡੀਅਨ ਮੋਸ਼ਨ ਪਿਕਰਜ਼ ਐਸੋਸੀਏਸ਼ਨ ਨੇ ਭਾਰਤੀ ਫ਼ਿਲਮਾਂ ਵਿੱਚ ਪਾਕਿਸਤਾਨੀ ਐਕਟਰਾਂ ਅਤੇ ਗਾਇਕਾਂ ਦੇ ਕੰਮ ਕਰਨ ਉਪਰ ਪਾਬੰਦੀ ਲਗਾ ਦਿੱਤੀ ਸੀ।

ਮਾਹਿਰਾ ਖ਼ਾਨ
ਤਸਵੀਰ ਕੈਪਸ਼ਨ, Interview ਦੇਖਣ ਲਈ ਕਲਿੱਕ ਕਰੋ

ਮਹਾਂਰਾਸ਼ਟਰ ਵਿੱਚ ਸ਼ਿਵ ਸੈਨਾ ਅਤੇ ਮਹਾਂਰਾਸ਼ਟਰ ਨਵਨਿਰਮਾਣ ਸੈਨਾ ਨੇ ਵੀ ਧਮਕੀ ਦਿੱਤੀ ਸੀ ਕਿ ਉਹ ਪਾਕਿਸਤਾਨੀ ਅਦਾਕਾਰਾਂ ਨੂੰ ਕੰਮ ਨਹੀਂ ਕਰਨ ਦੇਣਗੇ।

ਉਨ੍ਹਾਂ ਇਹ ਵੀ ਕਿਹਾ ਸੀ ਕਿ ਉਹ ਅਜਿਹੀਆਂ ਫ਼ਿਲਮਾਂ ਲੱਗਣ ਵੀ ਨਹੀਂ ਦੇਣਗੇ ਜਿੰਨਾਂ ਵਿੱਚ ਪਾਕਿਸਤਾਨੀ ਅਦਾਕਾਰ ਹੋਣਗੇ।

ਭਾਰਤੀ ਮੀਡੀਆ ਦੀਆਂ ਕੁਝ ਖ਼ਬਰਾਂ ਵਿੱਚ ਪਾਇਆ ਗਿਆ ਸੀ ਕਿ ਇੱਕ ਹਿੱਸਾ ਲੋਕ ਇਸ ਲਈ ਵੀ ਫ਼ਿਲਮ ਦੀ ਅਲੋਚਨਾ ਕਰ ਰਹੇ ਸਨ ਕਿਉਂਕਿ ਫ਼ਿਲਮ ਦੇ ਦੂਸਰੇ ਅਦਾਕਾਰ ਹਮਜ਼ਾ ਅਲੀ ਅੱਬਾਸ ਕਥਿਤ ਤੌਰ ’ਤੇ ਹਾਫ਼ਿਜ਼ ਸ਼ਈਦ ਦੇ ਸਮਰਥਕ ਹਨ।

ਹਾਫ਼ਿਜ਼ ਸ਼ਈਦ ਨੂੰ ਮੁੰਬਈ ਹਮਲਿਆਂ ਦਾ ਮੁੱਖ ਸਾਜ਼ਿਸ਼ਕਰਤਾ ਮੰਨਿਆ ਜਾਂਦਾ ਹੈ।

ਮਹਾਂਰਾਸ਼ਟਰ ਨਵਨਿਰਮਾਣ ਸੈਨਾ ਨੇ ਬੀਤੇ ਦਿਨ ਧਮਕੀ ਦਿੱਤੀ ਸੀ ਕਿ ‘ਮੌਲਾ ਜੱਟ’ ਦੀ ਸਕਰੀਨਿੰਗ ਨਹੀਂ ਹੋਣ ਦੇਣਗੇ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)