ਵਸੀਮ ਅਕਰਮ: ਪਾਕਿਸਤਾਨ ਦੇ ਇਸ ਮਸ਼ਹੂਰ ਕ੍ਰਿਕਟਰ ਨੂੰ ਨਸ਼ੇ ਦੀ ਦਲਦਲ ਵਿੱਚੋਂ ਪਤਨੀ ਨੇ ਇੰਝ ਕੱਢਿਆ ਸੀ

ਵਸੀਮ ਅਕਰਮ

ਤਸਵੀਰ ਸਰੋਤ, SULTAN: A MEMOIR, WASIM AKRAM WITH GIDEON HAIGH

ਤਸਵੀਰ ਕੈਪਸ਼ਨ, ਪਤਨੀ ਹੁਮਾ ਦੇ ਨਾਲ ਵਸੀਮ ਅਕਰਮ
    • ਲੇਖਕ, ਨਿਤਿਨ ਸ਼੍ਰੀਵਾਸਤਵ
    • ਰੋਲ, ਬੀਬੀਸੀ ਪੱਤਰਕਾਰ

“ਇੱਕ ਲੰਮੇ ਸਮੇਂ ਤੱਕ ਨਾ ਤਾਂ ਮੈਂ ਹੁਮਾ ਲਈ ਇੱਕ ਚੰਗਾ ਪਤੀ ਬਣ ਸਕਿਆ ਅਤੇ ਨਾ ਹੀ ਆਪਣੇ ਪੁੱਤਰਾਂ ਤਹਿਮੂਰ ਅਤੇ ਅਕਬਰ ਦੇ ਲਈ ਇੱਕ ਵਧੀਆ ਪਿਤਾ ਸਾਬਿਤ ਹੋਇਆ।''

''ਮੈਂ ਇੱਕ ਕਲਾਸਿਕ ਪੰਜਾਬੀ ਮਰਦ ਅਤੇ ਬਾਪ ਸੀ। ਅਕਸਰ ਹੀ ਘਰ ਪਹੁੰਚ ਕੇ ਮਹਿੰਗੇ ਤੋਹਫ਼ੇ ਦੇਣ ਵਾਲਾ ਅਤੇ ਬੱਚਿਆਂ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਪਤਨੀ ਦੇ ਸਿਰ ‘ਤੇ ਛੱਡਣ ਵਾਲਾ।”

ਪਾਕਿਸਤਾਨ ਦੇ ਸਾਬਕਾ ਕਪਤਾਨ ਅਤੇ ਮਸ਼ਹੂਰ ਕ੍ਰਿਕਟਰ ਵਸੀਮ ਅਕਰਮ ਨੇ ਆਪਣੀ ਸਵੈ-ਜੀਵਨੀ -‘ਸੁਲਤਾਨ: ਏ ਮੈਮੋਇਰ’ ‘ਚ ਪਹਿਲੀ ਵਾਰ ਆਪਣੀ ਨਿੱਜੀ ਜ਼ਿੰਦਗੀ ‘ਚ ਪੈਦਾ ਹੋਈਆਂ ਕਈ ਮੁਸ਼ਕਲਾਂ ਨੂੰ ਸਾਰਿਆਂ ਦੇ ਸਾਹਮਣੇ ਰੱਖਿਆ ਹੈ।

ਇਸ ਵਿੱਚ ਮੈਚ ਫਿਕਸਿੰਗ ਦੇ ਇਲਜ਼ਾਮ ਵੀ ਸ਼ਾਮਲ ਹਨ, ਜਿਸ ‘ਤੇ ਗੱਲ ਅੱਗੇ ਕਰਾਂਗੇ।

ਪਹਿਲਾਂ ਜ਼ਿਕਰ ਵਸੀਮ ਅਕਰਮ ਦੇ ਜੀਵਨ ਦੇ ਉਸ ਪੜਾਅ ਦਾ ਜਦੋਂ ਉਨ੍ਹਾਂ ਨੂੰ ਇਹ ਫੈਸਲਾ ਲੈਣ ‘ਚ ਮੁਸ਼ਕਲ ਆ ਰਹੀ ਸੀ ਕਿ ਕ੍ਰਿਕਟ ਤੋਂ ਬਾਅਦ ਹੁਣ ਜ਼ਿੰਦਗੀ ‘ਚ ਅੱਗੇ ਕਰਨਾ ਕੀ ਹੈ।

ਆਪਣੇ ਬਾਰੇ ਖੁੱਲ੍ਹ ਕੇ ਲਿਖਿਆ

ਵਸੀਮ ਅਕਰਮ ਆਪਣੀ ਆਤਮਕਥਾ ‘ਚ ਲਿਖਦੇ ਹਨ, ''ਮੈਨੂੰ ਪਾਰਟੀ ਕਰਨਾ ਬਹੁਤ ਪਸੰਦ ਸੀ। ਦੱਖਣੀ ਏਸ਼ੀਆ ‘ਚ ਜਦੋਂ ਤੁਸੀਂ ਮਸ਼ਹੂਰ ਹੋ ਜਾਂਦੇ ਹੋ ਤਾਂ ਪ੍ਰਸਿੱਧੀ ਤੁਹਾਨੂੰ ਵਿਗਾੜ ਸਕਦੀ ਹੈ, ਤੁਹਾਨੂੰ ਪੂਰੀ ਤਰ੍ਹਾਂ ਨਾਲ ਨਿਗਲ ਸਕਦੀ ਹੈ। ਤੁਸੀਂ ਇੱਕ ਰਾਤ ‘ਚ 10-10 ਪਾਰਟੀਆਂ ‘ਚ ਜਾ ਸਕਦੇ ਹੋ ਅਤੇ ਇਸ ਸਭ ਨੇ ਮੈਨੂੰ ਬਰਬਾਦ ਕਰ ਦਿੱਤਾ।”

 ਉਨ੍ਹਾਂ ਨੇ ਖੁੱਲ੍ਹ ਕੇ ਲਿਖਿਆ ਹੈ ਕਿ ਕਿਵੇਂ ਉਹ ਕੋਕੀਨ ਦੇ ਆਦੀ ਹੋ ਗਏ ਸਨ ਅਤੇ ਆਪਣੀ ਪਤਨੀ ਨਾਲ ਝੂਠ ਬੋਲਣ ਲੱਗ ਪਏ ਸਨ।

“ਮੇਰੀ ਮਰਹੂਮ ਪਤਨੀ ਹੁਮਾ ਕਰਾਚੀ ‘ਚ ਸ਼ਿਫਟ ਹੋਣਾ ਚਾਹੁੰਦੀ ਸੀ ਤਾਂ ਜੋ ਉਹ ਆਪਣੇ ਮਾਤਾ-ਪਿਤਾ ਦੇ ਨਜ਼ਦੀਕ ਰਹਿ ਸਕੇ ਜਦੋਂ ਕਿ ਮੈਂ ਅਜਿਹਾ ਨਹੀਂ ਹੋਣ ਦੇ ਰਿਹਾ ਸੀ ਕਿਉਂਕਿ ਉੱਥੇ ਇਕੱਲੇ ਜਾ ਕੇ ਪਾਰਟੀ ਕਰਨਾ ਮੈਨੂੰ ਪਸੰਦ ਸੀ। ਮੈਂ ਕੰਮ ਦੇ ਸਿਲਸਿਲੇ ‘ਚ ਉੱਥੇ ਜਾਣ ਦਾ ਬਹਾਨਾ ਲਗਾ ਦਿੰਦਾ ਸੀ।”

ਵਸੀਮ ਅਕਰਮ

ਵਸੀਮ ਅਕਰਮ ਦੀ ਸਵੈ-ਜੀਵਨੀ:

  • ਵਸੀਮ ਅਕਰਮ ਨੇ ਆਪਣੀ ਸਵੈ-ਜੀਵਨੀ ਵਿੱਚ ਕਈ ਅਹਿਮ ਮੁੱਦਿਆਂ ਬਾਰੇ ਲਿਖਿਆ
  • ਅਕਰਮ ਨੇ ਡਰੱਗਜ਼ ਦੀ ਦਲਦਲ ’ਚ ਜਾਣ ਤੇ ਬਾਹਰ ਆਉਣ ਦੇ ਤਜਰਬੇ ਨੂੰ ਸਾਂਝਾ ਕੀਤਾ
  • ਪਤਨੀ ਹੁਮਾ ਵੱਲੋਂ ਜ਼ਿੰਦਗੀ ਵਿੱਚ ਨਿਭਾਏ ਰੋਲ ਨੂੰ ਯਾਦ ਕੀਤਾ
  • ਮੈਚ ਫਿਕਸਿੰਗ ਦੇ ਇਲਜ਼ਾਮਾਂ ’ਤੇ ਵੀ ਸਫ਼ਾਈ ਦੇਣ ਦਾ ਯਤਨ
ਵਸੀਮ ਅਕਰਮ
ਵਸੀਮ ਅਕਰਮ

ਤਸਵੀਰ ਸਰੋਤ, SULTAN: A MEMOIR, WASIM AKRAM WITH GIDEON HAIGH

ਤਸਵੀਰ ਕੈਪਸ਼ਨ, ਵਸੀਮ ਅਕਰਮ ਨੇ ਆਪਣੀ ਸਵੈ-ਜੀਵਨੀ -‘ਸੁਲਤਾਨ: ਏ ਮੈਮੋਇਰ’ ‘ਚ ਪਹਿਲੀ ਵਾਰ ਆਪਣੀ ਨਿੱਜੀ ਜ਼ਿੰਦਗੀ ‘ਚ ਪੈਦਾ ਹੋਈਆਂ ਕਈ ਮੁਸ਼ਕਲਾਂ ਨੂੰ ਸਾਰਿਆਂ ਦੇ ਸਾਹਮਣੇ ਰੱਖਿਆ ਹੈ

ਜਦੋਂ ਨਸ਼ੇ ਦੀ ਲੱਗੀ ਬੁਰੀ ਆਦਤ

ਵਸੀਮ ਅਕਰਮ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਪਤਨੀ ਹੁਮਾ ਨੇ ਉਨ੍ਹਾਂ ਦੇ ਪਰਸ ‘ਚ ਕੋਕੀਨ ਪਾਊਡਰ ਵੇਖ ਲਿਆ ਸੀ ਅਤੇ ਕਿਹਾ, ‘ਮੈਨੂੰ ਪਤਾ ਹੈ ਕਿ ਤੁਸੀਂ ਨਸ਼ੇ ਕਰ ਰਹੇ ਹੋ। ਤੁਹਾਨੂੰ ਮਦਦ ਦੀ ਲੋੜ ਹੈ।’

ਪਾਕਿਸਤਾਨ ਦੇ ਜੀਓ ਨਿਊਜ਼ ਅਤੇ ਜੰਗ ਨਿਊਜ਼ ਗਰੁੱਪ ਸਮੂਹ ਦੇ ਸੀਨੀਅਰ ਖੇਡ ਸੰਪਾਦਕ ਅਤੇ ਕ੍ਰਿਕਟ ਆਲੋਚਕ ਅਬਦੁਲ ਮਜੀਦ ਭੱਟੀ ਅਤੇ ਵਸੀਮ ਅਕਰਮ ਇੱਕ ਦੂਜੇ ਨੂੰ ਉਦੋਂ ਤੋਂ ਜਾਣਦੇ ਹਨ ਜਦੋਂ ਵਸੀਮ ਨੇ ਕਰਾਚੀ ਤੋਂ ਪਾਕਿਸਤਾਨ ਲਈ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ।

 ਉਨ੍ਹਾਂ ਨੇ ਵਸੀਮ ਦੇ ਇਸ ਡਰੱਗਜ਼ ਵਾਲੇ ਦੌਰ ਨੂੰ ਯਾਦ ਕਰਦਿਆਂ ਦੱਸਿਆ, “ਇਹ ਉਹ ਸਮਾਂ ਸੀ ਜਦੋਂ ਵਸੀਮ ਸ਼ੂਗਰ ਦੇ ਮਰੀਜ਼ ਹੋ ਗਏ ਸਨ ਅਤੇ ਆਪਣੇ ‘ਤੇ ਪਹਿਲਾਂ ਲੱਗ ਚੁੱਕੇ ਸਪੌਰਟ ਫਿਕਸਿੰਗ ਅਤੇ ਮੈਚ ਫਿਕਸਿੰਗ ਦੇ ਇਲਜ਼ਾਮਾਂ ਕਰਕੇ ਬਹੁਤ ਤਣਾਅ ‘ਚ ਸਨ।''

''ਉਨ੍ਹੀਂ ਦਿਨੀਂ ਮੋਬਾਇਲ ਫੋਨ ਆਇਆ ਹੀ ਸੀ। ਵਸੀਮ ਦੀ ਹਾਲਤ ਅਜਿਹੀ ਰਹਿੰਦੀ ਸੀ ਕਿ ਹਮੇਸ਼ਾਂ ਹੁਮਾ ਹੀ ਫੋਨ ਚੁੱਕਦੀ ਸੀ ਅਤੇ ਸਾਨੂੰ ਵਾਪਸ ਕਾਲ ਵੀ ਕਰਦੀ ਸੀ।”

ਵਸੀਮ ਖੁਦ ਆਪਣੀ ਕਿਤਾਬ ‘ਚ ਲਿਖਦੇ ਹਨ, “ਮੈਂ ਨਸ਼ਿਆਂ ਵਾਲੇ ਦਿਨਾਂ ‘ਚ ਨਾ ਤਾਂ ਸੌ ਪਾਉਂਦਾ ਸੀ ਅਤੇ ਨਾ ਹੀ ਕੁਝ ਖਾ ਪਾਉਂਦਾ ਸੀ। ਜਦੋਂ ਮੈਂ ਲਾਹੌਰ ਦੇ ਇੱਕ ਰੀਹੈਬਲੀਟੇਸ਼ਨ ਕਲੀਨਿਕ ‘ਚ ਜਾਣ ਦੀ ਹਾਮੀ ਭਰੀ ਤਾਂ ਹੁਮਾ ਨੇ ਭਰਾ ਅਹਿਸਾਨ ਨੂੰ ਕਿਹਾ, “ਕਿਤੇ ਇਹ ਭੱਜ ਨਾ ਜਾਵੇ। ਮੈਨੂੰ ਮੇਰਾ ਵਸੀਮ ਵਾਪਸ ਚਾਹੀਦਾ ਹੈ।”

ਇਸ ਤੋਂ ਬਾਅਦ ਵਸੀਮ ਨੂੰ ਪਹਿਲਾਂ ਇੱਕ ਮਹੀਨਾ ਅਤੇ ਫਿਰ ਡੇਢ ਮਹੀਨਾ ਇਸ ਕਲੀਨਿਕ ‘ਚ ਕੱਢਣਾ ਪਿਆ ਸੀ।

ਉਨ੍ਹਾਂ ਦਾ ਦਾਅਵਾ ਹੈ ਕਿ ਆਖ਼ਰੀ ਡੇਢ ਮਹੀਨਾ ਉਨ੍ਹਾਂ ਦੀ ਮਰਜ਼ੀ ਦੇ ਖ਼ਿਲਾਫ਼ ਸੀ।

ਇਸ ਦੌਰਾਨ ਸਾਲ 2009 ‘ਚ ਵਸੀਮ ਨੇ ਇੱਕ ਵਾਰ ਆਪਣੀ ਪਤਨੀ ਹੁਮਾ ਅਕਰਮ ਨੂੰ ਤਲਾਕ ਦੇਣ ਬਾਰੇ ਵੀ ਸੋਚਿਆ ਪਰ ਵਾਪਸ ਘਰ ਪਰਤਣ ਤੋਂ ਬਾਅਦ ਉਹ ਕੋਲਕਾਤਾ ਨਾਈਟ ਰਾਈਡਰਜ਼ ਦੇ ਕੋਚ ਵੱਜੋਂ ਮਸ਼ਰੂਫ਼ ਹੋ ਗਏ ਸਨ।

ਵਸੀਮ ਦੇ ਲੰਮੇ ਕਰੀਅਰ ਨੂੰ ਕਵਰ ਕਰਨ ਵਾਲੇ ਏਆਰਵਾਈ ਨਿਊਜ਼ ਦੇ ਖੇਡ ਸੰਪਾਦਕ ਅਤੇ ਸੀਨੀਅਰ ਪੱਤਰਕਾਰ ਸ਼ਾਹਿਦ ਹਾਸ਼ਮੀ ਨੇ ਕਰਾਚੀ ਤੋਂ ਦੱਸਿਆ, “ਜਦੋਂ ਤੁਸੀਂ ਸੈਲੀਬ੍ਰਿਟੀ ਹੋ ਜਾਂਦੇ ਹੋ ਤਾਂ ਇੱਕ ਕੀਮਤ ਕਿਸੇ ਨਾ ਕਿਸੇ ਤਰ੍ਹਾਂ ਚੁਕਾਉਣੀ ਹੀ ਪੈਂਦੀ ਹੈ। ਵਸੀਮ ਨੇ ਵੀ ਉਹ ਕੀਮਤ ਅਦਾ ਕੀਤੀ।''

''ਪਰ ਆਪਣੀ ਗਲਤੀ ਨੂੰ ਉਨ੍ਹਾਂ ਨੇ ਇਮਾਨਦਾਰੀ ਨਾਲ ਜਗਜ਼ਾਹਰ ਕੀਤਾ, ਇਹ ਬਹੁਤ ਵੱਡੀ ਗੱਲ ਹੈ।”

ਵਸੀਮ ਅਕਰਮ
ਵਸੀਮ ਅਕਰਮ

ਪਤਨੀ ਹੁਮਾ ਦੀ ਭਾਰਤ ‘ਚ ਮੌਤ

ਹਾਲਾਂਕਿ ਵਸੀਮ ਨੇ ਇਹ ਵੀ ਕਿਹਾ ਹੈ ਕਿ ਰੀਹੈਬ ਕਲੀਨਿਕ ਤੋਂ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਦੀ ਨਸ਼ਾ ਕਰਨ ਦੀ ਆਦਤ ਪੂਰੀ ਤਰ੍ਹਾਂ ਨਾਲ ਖ਼ਤਮ ਨਹੀਂ ਹੋਈ ਸੀ।

ਗਿਡੀਅਨ ਹੇਗ ਨਾਲ ਲਿਖੀ ਗਈ ਆਪਣੀ ਸਵੈ-ਜੀਵਨੀ ‘ਚ ਉਹ ਲਿਖਦੇ ਹਨ, “ਹੁਮਾ ਦੀ ਅਚਾਨਕ ਬਿਮਾਰੀ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ। ਇੱਕ ਦਿਨ ਹਸਪਤਾਲ ‘ਚ ਉਸ ਨੇ ਮੈਨੂੰ ਪੁੱਛਿਆ ‘ਜੇਕਰ ਮੈਨੂੰ ਕੁਝ ਹੋ ਗਿਆ ਤਾਂ ਮੇਰੇ ਬੱਚਿਆਂ ਦਾ ਕੀ ਹੋਵੇਗਾ?’ ਮੈਂ ਕਹਿ ਤਾਂ ਦਿੱਤਾ ਤੈਨੂੰ ਕੁਝ ਨਹੀਂ ਹੋਵੇਗਾ, ਮੈਂ ਹਾਂ ਨਾ। ਉਹ ਸਿਰਫ਼ ਮੁਸਕਰਾਈ ਕਿਉਂਕਿ ਉਹ ਜਾਣਦੀ ਸੀ ਕਿ ਮੈਂ ਇਸ ਲਾਇਕ ਨਹੀਂ ਸੀ।”

ਇਸ ਗੱਲ ਤੋਂ ਕੁਝ ਹਫ਼ਤਿਆਂ ਬਾਅਦ ਹੀ ਹੁਮਾ ਅਕਰਮ ਦੀ ਇਸ ਬਿਮਾਰੀ ਕਰਕੇ ਮੌਤ ਹੋ ਗਈ।

ਉਨ੍ਹਾਂ ਦੀ ਹਾਲਤ ਉਸ ਸਮੇਂ ਹੋਰ ਖਰਾਬ ਹੋਈ ਜਦੋਂ ਵਸੀਮ ਉਨ੍ਹਾਂ ਨੂੰ ਏਅਰ ਐਂਬੂਲੈਂਸ ਰਾਹੀਂ ਇਲਾਜ ਲਈ ਸਿੰਗਾਪੁਰ ਲਿਜਾ ਰਹੇ ਸਨ।

ਰਸਤੇ ‘ਚ ਹੁਮਾ ਨੂੰ ਬ੍ਰੇਨ ਸਟ੍ਰੋਕ ਆਉਣ ਕਰਕੇ ਐਮਰਜੈਂਸੀ ‘ਚ ਜਹਾਜ਼ ਨੂੰ ਚੇਨਈ ਉਤਾਰਨਾ ਪਿਆ ਸੀ।

ਵਸੀਮ ਅਕਰਮ ਭਾਰਤ ਦਾ ਧੰਨਵਾਦ ਕਰਦੇ ਲਿਖਦੇ ਹਨ, “ਸਾਡੇ ਕੋਲ ਨਾ ਤਾਂ ਕੋਈ ਭਾਰਤੀ ਵੀਜ਼ਾ ਸੀ, ਨਾ ਹੀ ਲੈਂਡ ਕਰਨ ਦੀ ਇਜਾਜ਼ਤ ਸੀ। ਫਿਰ ਵੀ ਭਾਰਤ ਨੇ ਸਭ ਕੁਝ ਮੁਆਫ਼ ਕਰ ਦਿੱਤਾ, ਜਿਸ ਕਰਕੇ ਅਸੀਂ ਹੁਮਾ ਨੂੰ ਚੇਨਈ ਦੇ ਅਪੋਲੋ ਹਸਪਤਾਲ ‘ਚ ਭਰਤੀ ਕਰ ਸਕੇ ਅਤੇ ਇੱਥੇ ਹੀ ਹੁਮਾ ਨੇ ਆਪਣੇ ਆਖਰੀ ਸਾਹ ਲਏ।”

ਅਕਰਮ ਅਨੁਸਾਰ ਉਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਨਸ਼ਿਆਂ ਵੱਲ ਮੂੰਹ ਵੀ ਨਹੀਂ ਕੀਤਾ।

ਵਸੀਮ ਅਕਰਮ

ਤਸਵੀਰ ਸਰੋਤ, SULTAN: A MEMOIR, WASIM AKRAM WITH GIDEON HAIGH

ਤਸਵੀਰ ਕੈਪਸ਼ਨ, ਵਸੀਮ ਅਕਰਮ ਦੀ ਇੱਕ ਪੁਰਾਣੀ ਫੋਟੋ

ਪਾਕਿਸਤਾਨੀ ਕ੍ਰਿਕਟਰਾਂ ਦੀ ‘ਗ੍ਰਿਫਤਾਰੀ’

ਵੈਸੇ ਤਾਂ ਵਸੀਮ ਅਕਰਮ ਨੇ ਪਹਿਲੀ ਵਾਰ ਆਪਣੀ ਅਤੇ ਆਪਣੇ ਤਿੰਨ ਸਾਥੀਆਂ ਦੀ ਵੈਸਟ ਇੰਡੀਜ਼ ‘ਚ ਗ੍ਰਿਫਤਾਰੀ ‘ਤੇ ਸਫਾਈ ਦੇਣ ਦੀ ਕੋਸ਼ਿਸ਼ ਕੀਤੀ ਹੈ।

ਦਰਅਸਲ, 1993 ‘ਚ ਇੱਕ ਲੰਮੇ ਦੌਰੇ ਦੌਰਾਨ ਪਾਕਿਸਤਾਨ ਟੀਮ ਦੇ ਚਾਰ ਖਿਡਾਰੀਆਂ- ਕਪਤਾਨ ਅਕਰਮ, ਉਪ-ਕਪਤਾਨ ਵਕਾਰ ਯੂਨਿਸ, ਆਕਿਬ ਜਾਵੇਦ ਅਤੇ ਮੁਸ਼ਤਾਕ ਅਹਿਮਦ ਨੂੰ ਗ੍ਰੇਨਾਡਾ ਦੇ ‘ਕਿਓਬਾ ਬੀਚ ਰਿਜ਼ੌਰਟ’ ਨਜ਼ਦੀਕ ਪੈਂਦੇ ਇੱਕ ਬੀਚ ‘ਤੇ ਭੰਗ ਰੱਖਣ ਦੇ ਇਲਜ਼ਾਮਾਂ ਹੇਠ ਹਿਰਾਸਤ ‘ਚ ਲਿਆ ਸੀ।

ਉਸ ਘਟਨਾ ਦੇ 29 ਸਾਲ ਬਾਅਦ ਵਸੀਮ ਨੇ ਸਪੱਸ਼ਟੀਕਰਨ ਦਿੰਦਿਆ ਲਿਖਿਆ ਹੈ, “ਸਾਡੇ ਕੋਲ ਇੱਕ ਸਟੀਰੀਓ ਸੀ। ਅਸੀਂ ਹੋਟਲ ਰੈਸਟੋਰੈਂਟ ਤੋਂ ਚਿਕਨ ਵਿੰਗ ਮੰਗਵਾਏ ਅਤੇ ਸਾਨੂੰ ਇੱਕ ਬੋਤਲ ਰਮ ਵੀ ਦਿੱਤੀ ਗਈ ਸੀ। ਫਿਰ ਦੋ ਬਰਤਾਨੀ ਔਰਤਾਂ ਸੂਜ਼ਨ ਰਸ ਅਤੇ ਜੋਏਨ ਕਫ਼ਲਿਨ ਵੀ ਸਾਡੇ ਨਾਲ ਸ਼ਾਮਲ ਹੋ ਗਈਆ।''

''ਫਿਰ ਇੱਕ ਔਰਤ ਨੇ ਪੁੱਛਿਆ ਕਿ ਤੁਸੀਂ ਇੱਕ ਜੁਆਇੰਟ (ਭੰਗ ਦਾ ਕਸ਼) ਲਵੋਗੇ? ਪਹਿਲਾਂ ਅਸੀਂ ਕਿਹਾ ਕਿ ਅਸੀਂ ਸਿਗਰਟ ਘੱਟ ਹੀ ਪੀਂਦੇ ਹਾਂ, ਪਰ ਅਸੀਂ ਸੋਚਿਆ ਕਿ ਇੱਕ ਕਸ਼ ’ਚ ਕੀ ਨੁਕਸਾਨ ਹੈ?”

ਇਸ ਤੋਂ ਬਾਅਦ ਵੈਸਟਇੰਡੀਜ਼ ਦੀ ਪੁਲਿਸ ਨੇ ਉਨ੍ਹਾਂ ਸਾਰਿਆ ਨੂੰ ਘੇਰ ਲਿਆ।

ਅਕਰਮ ਅਨੁਸਾਰ, “ਮੁਸ਼ਤਾਕ ਰੋਣ ਲੱਗ ਪਿਆ, ਆਕਿਬ ਅਤੇ ਵਕਾਰ ਸਦਮੇ ’ਚ ਸਨ ਅਤੇ ਜ਼ਮੀਨ ਤੋਂ ਖੜ੍ਹੇ ਹੋਣ ਦੇ ਕ੍ਰਮ ‘ਚ ਫਿਸਲ ਗਿਆ। ਲੋਹੇ ਦੀ ਰਾਡ ‘ਚ ਸਿਰ ਵੱਜਣ ਕਰਕੇ ਖੂਨ ਵੀ ਨਿਕਲਣ ਲੱਗਿਆ। ਸਾਡੇ ਕੋਲੋਂ ਕੋਈ ਨਸ਼ਾ ਬਰਾਮਦ ਨਹੀਂ ਹੋਇਆ ਸੀ।”

ਦੇਰ ਰਾਤ ਪੁਲਿਸ ਥਾਣੇ ‘ਚ ਇੰਨ੍ਹਾਂ ਸਾਰਿਆਂ ਦੀ ਜ਼ਮਾਨਤ ਹੋਈ ਸੀ

ਪਰ ਅੰਤਰਰਾਸ਼ਟਰੀ ਮੀਡੀਆ ਨੇ ਇਸ ਖ਼ਬਰ ਨੂੰ ਬਹੁਤ ਤਰਜੀਹ ਦਿੱਤੀ ਸੀ।

ਏਐਫਪੀ ਨਿਊਜ਼ ਏਜੰਸੀ ਦੇ ਸਾਬਕਾ ਕ੍ਰਿਕਟ ਸੰਪਾਦਕ ਕੁਲਦੀਪ ਲਾਲ ਦੇ ਅਨੁਸਾਰ, “ਮੈਂ 35 ਸਾਲ ਕ੍ਰਿਕਟ ਕਵਰ ਕੀਤਾ ਹੈ ਅਤੇ ਅਕਰਮ ਤੋਂ ਵਧੀਆ ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਨਹੀਂ ਵੇਖਿਆ ਹੈ। ਉਹ ਇੱਕ ਸ਼ਾਨਦਾਰ ਆਲਰਾਊਂਡਰ ਵੀ ਰਹੇ ਹਨ।''

''ਇਹ ਵੀ ਸੱਚ ਹੈ ਕਿ ਇਸ ਦੌਰ ਦੌਰਾਨ ਕੁਝ ਅਜਿਹੀਆਂ ਘਟਨਾਵਾਂ ਵੀ ਵਾਪਰੀਆਂ ਅਤੇ ਉਨ੍ਹਾਂ ‘ਚੋਂ ਇੱਕ ਸੀ ਵੈਸਟਇੰਡੀਜ਼ ‘ਚ ਇੰਨ੍ਹਾਂ ਪਾਕਿਸਤਾਨੀ ਕ੍ਰਿਕਟਰਾਂ ਦੀ ਗ੍ਰਿਫਤਾਰੀ।”

ਵਸੀਮ ਅਕਰਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਸੀਮ ਅਕਰਮ

ਮੈਚ ਫਿਕਸਿੰਗ ਦਾ ਕਾਲਾ ਦੌਰ

ਦੁਨੀਆ ਭਰ ਦੇ ਕ੍ਰਿਕਟ ਪ੍ਰੇਮੀ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਹਨ ਕਿ ਮੈਚ ਫਿਕਸਿੰਗ ਦੇ ਮਾਮਲੇ ‘ਚ ਵਸੀਮ ਅਕਰਮ ਕਦੋਂ ਖੁੱਲ੍ਹ ਕੇ ਸਪੱਸ਼ਟੀਕਰਨ ਦੇਣਗੇ।

ਆਪਣੀ ਸਵੈ-ਜੀਵਨੀ ‘ਚ ਅਕਰਮ ਨੇ ਇੱਕ ਪੂਰਾ ਅਧਿਆਏ ਉਸ ਦੌਰ ‘ਤੇ ਲਿਖਿਆ ਹੈ ਜਦੋਂ ਪਾਕਿਸਤਾਨ ਕ੍ਰਿਕਟ ਨੂੰ ਵੀ ਸਪੌਰਟ ਫਿਕਸਿੰਗ ਅਤੇ ਮੈਚਫਿਕਸਿੰਗ ਦੇ ਕਾਲੇ ਪਰਛਾਵੇਂ ਨੇ ਘੇਰ ਲਿਆ ਸੀ।

ਇਸ ਨੇ ਸਲੀਮ ਮਲਿਕ ਅਤੇ ਅਤਾ-ਉਰ-ਰਹਿਮਾਨ ਵਰਗੇ ਖਿਡਾਰੀਆਂ ਦੇ ਕਰੀਅਰ ਨੂੰ ਵੀ ਖ਼ਤਮ ਕਰ ਦਿੱਤਾ ਸੀ, ਜਿੰਨ੍ਹਾਂ ’ਤੇ ਉਮਰ ਭਰ ਲਈ ਪਾਬੰਦੀ ਲਗਾਈ ਗਈ ਸੀ।

ਖੁਦ ਵਸੀਮ ਦਾ ਨਾਮ ਵੀ ਇਨ੍ਹਾਂ ਇਲਜ਼ਾਮਾਂ ’ਚ ਸ਼ਾਮਲ ਸੀ।

ਇਸ ਮਾਮਲੇ ਦੀ ਜਾਂਚ ਜਸਟਿਸ ਕਯੂਮ ਕਮਿਸ਼ਨ ਨੇ ਕੀਤੀ ਸੀ।

ਅਕਰਮ ‘ਤੇ 1990 ਦੇ ਦਹਾਕੇ ‘ਚ ਅਤਾ-ਉਰ-ਰਹਿਮਾਨ ਨੂੰ ਇੱਕ ਮੈਚ ‘ਫਿਕਸ’ ਕਰਨ ਲਈ 3-4 ਲੱਖ ਰੁਪਏ ਦੀ ਪੇਸ਼ਕਸ਼ ਕਰਨ ਦਾ ਇਲਜ਼ਾਮ ਲੱਗਿਆ ਸੀ।

ਇਹ ਵੀ ਇਲਜ਼ਾਮ ਲੱਗਿਆ ਸੀ ਕਿ ਬੈਂਗਲੌਰ ’ਚ ਖੇਡੇ ਗਏ 1996 ਵਿਸ਼ਵ ਕੱਪ ਕੁਆਰਟਰ ਫਾਈਨਲ ’ਚ ਕਪਤਾਨ ਅਕਰਮ ਨੇ ਸੱਟ ਲੱਗਣ ਦਾ ਬਹਾਨਾ ਕੀਤਾ ਸੀ ਤਾਂ ਜੋ ਮੈਚ ਨਾ ਖੇਡਣਾ ਪਵੇ।

ਏਐਫਪੀ ਨਿਊਜ਼ ਏਜੰਸੀ ਦੇ ਸਾਬਕਾ ਕ੍ਰਿਕਟ ਸੰਪਾਦਕ ਕੁਲਦੀਪ ਲਾਲ ਉਸ ਮੈਚ ਨੂੰ ਕਵਰ ਕਰ ਰਹੇ ਸਨ।

ਵਸੀਮ ਅਕਰਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਸੀਮ ਅਕਰਮ

ਉਨ੍ਹਾਂ ਨੇ ਦੱਸਿਆ, ਬੈਂਗਲੌਰ ਕੁਆਰਟਰ ਫਾਈਨਲ ਤੋਂ ਇੱਕ ਦਿਨ ਪਹਿਲਾਂ ਵਾਲੀ ਸ਼ਾਮ ਨੂੰ ਪਾਕਿਸਤਾਨੀ ਕੈਂਪ ਤੋਂ ਇਹ ਖ਼ਬਰ ਆ ਰਹੀ ਸੀ ਕਿ ਵਸੀਮ ਅਕਰਮ ਨੂੰ ਕੋਈ ਸੱਟ ਲੱਗੀ ਹੋਈ ਹੈ। ਫਿਰ ਮੈਚ ਵਾਲੀ ਸਵੇਰ ਨੂੰ ਪਤਾ ਲੱਗ ਗਿਆ ਸੀ ਕਿ ਉਹ ਨਹੀਂ ਖੇਡਣਗੇ।''

''ਬਾਅਦ ‘ਚ ਅਸੀਂ ਪਤਾ ਕੀਤਾ ਤਾਂ ਇਹ ਸਹੀ ਸੀ ਕਿ ਉਨ੍ਹਾਂ ਨੂੰ ਸੱਟ ਲੱਗੀ ਹੋਈ ਸੀ ਅਤੇ ਬਾਅਦ ‘ਚ ਵਸੀਮ ਨੇ ਕਈ ਵਾਰ ਸਾਡੇ ਨਾਲ ਗੱਲ ਕਰਦਿਆਂ ਇਹ ਗੱਲ ਦੱਸੀ ਸੀ।”

ਹੁਣ ਅਕਰਮ ਨੇ ਆਪਣੀ ਸਵੈ-ਜੀਵਨੀ ਜ਼ਰੀਏ ਦੱਸਿਆ ਹੈ ਕਿ, “ਦੁਨੀਆ ਭਰ ’ਚ ਲੋਕ ਮੈਨੂੰ ਜਾਣਦੇ ਅਤੇ ਪਛਾਣਦੇ ਹਨ। ਪਰ ਪਾਕਿਸਤਾਨ ‘ਚ ਇਸ ਤਰ੍ਹਾਂ ਦੀਆ ਅਫਵਾਹਾਂ ਉੱਡਦੀਆਂ ਰਹਿੰਦੀਆ ਹਨ ਕਿ ਉਹ ਮੈਚ ਫਿਕਸਰ ਹੈ। ਇਸ ਨਾਲ ਬਹੁਤ ਦੁੱਖ ਹੁੰਦਾ ਹੈ।”

ਏਆਰਵਾਈ ਨਿਊਜ਼ ਦੇ ਖੇਡ ਸੰਪਾਦਕ ਅਤੇ ਸੀਨੀਅਰ ਪੱਤਰਕਾਰ ਸ਼ਾਹਿਦ ਹਾਸ਼ਮੀ ਨੇ ਇਸ ਸਪੱਸ਼ਟੀਕਰਨ ’ਤੇ ਗੱਲ ਕਰਦਿਆਂ ਕਿਹਾ ਹੈ, “ਵਸੀਮ ਕਈ ਵਾਰ ਸਾਨੂੰ ਕਹਿੰਦੇ ਸੀ ਕਿ ਮੈਂ ਚਾਹੁੰਦਾ ਹਾਂ ਕਿ ਮੈਂ ਆਪਣੇ ਦੋਵੇਂ ਪੁੱਤਰਾਂ ਅਤੇ ਧੀ ਸਮੇਤ ਸਾਰੇ ਪ੍ਰਸ਼ੰਸਕਾ ਨੂੰ ਦੱਸਾਂ ਕਿ ਮੈਚ ਫਿਕਸਿੰਗ ਦੇ ਇਲਜ਼ਾਮ ਕਦੇ ਵੀ ਮੇਰੇ ‘ਤੇ ਸਾਬਤ ਨਹੀਂ ਹੋਏ।”

ਜਾਂਚ ਤੋਂ ਬਾਅਦ ਅਕਰਮ ਸਮੇਤ ਹੋਰ ਕਈ ਖਿਡਾਰੀਆਂ ‘ਤੇ ਜੁਰਮਾਨਾ ਵੀ ਲੱਗਿਆ ਸੀ, ਪਰ ਇਲਜ਼ਾਮ ਸਾਬਤ ਨਹੀਂ ਹੋਏ ਸਨ।

ਵਸੀਮ ਅਕਰਮ

ਤਸਵੀਰ ਸਰੋਤ, SULTAN: A MEMOIR, WASIM AKRAM WITH GIDEON HAIGH

ਤਸਵੀਰ ਕੈਪਸ਼ਨ, ਪਤਨੀ ਹੁਮਾ ਦੇ ਨਾਲ ਵਸੀਮ ਅਕਰਮ

ਵਸੀਮ ਆਪਣੀ ਕਿਤਾਬ ‘ਚ ਲਿਖਦੇ ਹਨ, “ਮੇਰੀ ਤਾਂ ਸਿਰਫ਼ ਇੱਕ ਹੀ ਗਲਤੀ ਸੀ ਕਿ ਮੈਂ ਆਪਣੇ ਬਚਪਨ ਦੇ ਮਿੱਤਰ ਜ਼ਫਰ ਇਕਬਾਲ ’ਤੇ ਅੱਖਾਂ ਬੰਦ ਕਰਕੇ ਭਰੋਸਾ ਕੀਤਾ ਸੀ। ਹੁਮਾ ਦੇ ਲੱਖ ਮਨਾ ਕਰਨ ਤੋਂ ਬਾਅਦ ਵੀ ਮੈਂ ਇਹ ਸਮਝ ਨਹੀਂ ਸਕਿਆ ਸੀ ਕਿ ਉਹ ਸੱਟੇਬਾਜ਼ੀ ’ਚ ਪੈ ਗਿਆ ਹੈ ਅਤੇ ਮੇਰੇ ਨਾਮ ਦੀ ਗਲਤ ਵਰਤੋਂ ਕਰ ਰਿਹਾ ਹੈ।”

ਕ੍ਰਿਕਟ ਆਲੋਚਕ ਅਬਦੁਲ ਮਾਜੀਦ ਭੱਟੀ ਨੇ ਇਸ ਮੁੱਦੇ ‘ਤੇ ਦੋ ਟੁੱਕ ਰਾਏ ਦਿੱਤੀ ਸੀ। ਉਨ੍ਹਾਂ ਨੇ ਕਿਹਾ, “ਹਾਲ ਹੀ ‘ਚ ਏਸ਼ੀਆ ਕੱਪ ਦੌਰਾਨ ਵਸੀਮ ਨਾਲ ਮੁਲਾਕਾਤ ਹੋਈ ਅਤੇ ਉਨ੍ਹਾਂ ਕਿਹਾ ਕਿ ਮੇਰੀ ਕਿਤਾਬ ਆ ਰਹੀ ਹੈ ਅਤੇ ਇਸ ਵਾਰ ਆਖ਼ਰਕਾਰ ਮੈਂ ਆਪਣੇ ‘ਤੇ ਇਲਜ਼ਾਮ ਲਗਉਣ ਵਾਲਿਆਂ ਨੂੰ ਜਵਾਬ ਦਿੱਤਾ ਹੈ ਅਤੇ ਸਾਰੇ ਸਕੋਰ ਸੇਟਲ ਕਰ ਲਏ ਹਨ।”

“ਪਰ ਸੱਚ ਤਾਂ ਇਹ ਹੈ ਕਿ ਦੁਨੀਆ ਭਰ ਦੇ ਕਈ ਦੇਸ਼ਾਂ ਦੇ ਖਿਡਾਰੀਆਂ ਦਾ ਨਾਮ ਫਿਕਸਿੰਗ ਆਦਿ ਮਾਮਲਿਆਂ ‘ਚ ਆਉਂਦਾ ਰਿਹਾ ਹੈ। ਜਿਨ੍ਹਾਂ ‘ਤੇ ਇਲਜ਼ਾਮ ਸਾਬਤ ਹੋਏ ਉਹ ਤਾਂ ਠੀਕ ਹੈ, ਪਰ ਨਾਲ ਹੀ ਕਹਿੰਦੇ ਹਨ ਕਿ ਬਿਨ੍ਹਾਂ ਅੱਗ ਦੇ ਧੂੰਆ ਨਿਕਲਣਾ ਸੰਭਵ ਨਹੀਂ ਹੈ। ਹੁਣ ਵਸੀਮ ਆਪਣੀ ਗੱਲ ਦੁਨੀਆਂ ਅੱਗੇ ਰੱਖਣਾ ਚਾਹੁੰਦੇ ਹਨ ਤਾਂ ਇਹ ਵੀ ਠੀਕ ਹੈ।”

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)