ਅਣਚਾਹੇ ਗਰਭ ਨੂੰ ਰੋਕਣ ਲਈ ਐਮਰਜੈਂਸੀ ਗਰਭ ਨਿਰੋਧਕ ਕਿੰਨੇ ਸਫ਼ਲ ਹਨ ਤੇ ਕਦੋਂ ਨਹੀਂ ਵਰਤਣੇ ਚਾਹੀਦੇ

ਗਰਭ ਨਿਰੋਧਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗਰਭ ਨਿਰੋਧਕ ਗੋਲ਼ੀ (ਸੰਕੇਤਕ ਤਸਵੀਰ)

ਅਣਚਾਹੀ ਪ੍ਰੈਗਨੈਂਸੀ ਦੇ ਲਈ ਇੱਕ ਜੋੜਾ ਕਦੇ ਵੀ ਤਿਆਰ ਨਹੀਂ ਹੁੰਦਾ ਕਿਉਂਕਿ ਇਹ ਆਪਣੇ ਨਾਲ ਕਈ ਸਮੱਸਿਆਵਾਂ ਵੀ ਲੈ ਕੇ ਆਉਂਦੀ ਹੈ। ਇਸ ਅਣਚਾਹੀ ਪ੍ਰੈਗਨੈਂਸੀ ਤੋਂ ਬਚਣ ਲਈ ਬਹੁਤ ਸਾਰੇ ਗਰਭ ਨਿਰੋਧਕ ਤਰੀਕੇ ਮੌਜੂਦ ਹਨ।

ਇਹ ਗਰਭ ਨਿਰੋਧਕ ਤਰੀਕੇ ਕਈ ਤਰ੍ਹਾਂ ਦੇ ਹਨ।

ਕੁਝ ਕੋਂਟਰਾਸੇਪਟਿਵ ਤਰੀਕੇ ਅਜਿਹੇ ਹੁੰਦੇ ਹਨ ਜਿੰਨ੍ਹਾਂ ਨੂੰ ਅਸੀਂ ਰੋਜ਼ਾਨਾ ਨਿਯਮਤ ਤੌਰ ’ਤੇ ਵਰਤਦੇ ਹਾਂ। ਕੁਝ ਗਰਭ ਨਿਰੋਧਕ ਤਰੀਕੇ ਅਜਿਹੇ ਹੁੰਦੇ ਹਨ ਜਿੰਨ੍ਹਾਂ ਨੂੰ ਸਿਰਫ਼ ਐਮਰਜੈਂਸੀ ਮੌਕੇ ਹੀ ਵਰਤਿਆ ਜਾਂਦਾ ਹੈ।

‘ਗੱਲ ਤੁਹਾਡੀ ਸਿਹਤ ਦੀ’ ਸੀਰੀਜ਼ ਤਹਿਤ ਐਮਰਜੈਂਸੀ ਗਰਭ ਨਿਰੋਧਕਾਂ ਦੀ ਸਫਲਤਾ ਦਰ ਅਤੇ ਨਾਲ ਹੀ ਮਾੜੇ ਪ੍ਰਭਾਵਾਂ ਦੀ ਗੱਲ ਕਰਾਂਗੇ।

ਇਸਤਰੀ ਰੋਗਾਂ ਦੇ ਮਾਹਰ ਡਾਕਟਰ ਸ਼ਿਵਾਨੀ ਗਰਗ ਨੇ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ।

ਐਮਰਜੈਂਸੀ ਗਰਭ ਨਿਰੋਧਕ ਕੀ ਹੁੰਦੇ ਹਨ?

ਗਰਭ ਨਿਰੋਧਕ

ਤਸਵੀਰ ਸਰੋਤ, Getty Images

ਐਮਰਜੈਂਸੀ ਗਰਭ ਨਿਰੋਧਕ ਉਸ ਵੇਲੇ ਵਰਤੇ ਜਾਂਦੇ ਹਨ ਜਦੋਂ ਅਸੁਰੱਖਿਅਤ ਢੰਗ ਨਾਲ ਜਿਨਸੀ ਸਬੰਧ ਸਥਾਪਿਤ ਹੁੰਦੇ ਹਨ।

ਉਸ ਤੋਂ ਬਾਅਦ ਤੁਸੀਂ ਕੋਈ ਨਿਯਮਤ ਗਰਭ ਨਿਰੋਧਕ ਦੀ ਵਰਤੋਂ ਨਹੀਂ ਕਰਦੇ ਹੋ ਅਤੇ ਇਸ ਅਣਚਾਹੇ ਗਰਭ ਧਾਰਨ ਤੋਂ ਬਚਣਾ ਚਾਹੁੰਦੇ ਹੋ।

ਕੀ ਇਹ ਮਾਰਕਿਟ ’ਚ ਆਸਾਨੀ ਨਾਲ ਉਪਲਬਧ ਹਨ?

ਇਹ ਗਰਭ ਨਿਰੋਧਕ ਮਾਰਕਿਟ ’ਚ ਕਈ ਨਾਵਾਂ ਨਾਲ ਮੌਜੂਦ ਹਨ, ਜਿਵੇਂ ਕਿ ਆਈ-ਪਿੱਲ, ਮੋਰਨਿੰਗ-ਆਫ਼ਟਰ ਪਿੱਲ, ਪਿੱਲ 72।

ਪਿੱਲ 72 ’ਚ 72 ਕੀ ਦਰਸਾਉਂਦਾ ਹੈ ?

ਗਰਭ ਨਿਰੋਧਕ

ਤਸਵੀਰ ਸਰੋਤ, Getty Images

ਪਿੱਲ 72 ’ਚ 72 ਦਾ ਮਤਲਬ ਇਹ ਹੈ ਕਿ ਇਸ ਗਰਭ ਨਿਰੋਧਕ ਨੂੰ ਅਸੁਰੱਖਿਅਤ ਜਿਨਸੀ ਸਬੰਧ ਕਾਇਮ ਕਰਨ ਤੋਂ 72 ਘੰਟਿਆਂ ਦੇ ਅੰਦਰ-ਅੰਦਰ ਹੀ ਵਰਤਿਆ ਜਾਣਾ ਵਧੇਰੇ ਲਾਭਦਾਇਕ ਹੋਵੇਗਾ।

ਜੇ ਤੁਸੀਂ ਅਜਿਹੀ ਅਣਚਾਹੀ ਸਥਿਤੀ ਤੋਂ ਬਾਅਦ 24 ਘੰਟਿਆਂ ਦੇ ਅੰਦਰ ਇਸ ਗਰਭ ਨਿਰੋਧਕ ਗੋਲੀ ਨੂੰ ਲੈ ਲੈਂਦੇ ਹੋ ਤਾਂ ਇਸ ਦੀ ਕਾਰਗਰ ਦਰ 95% ਹੁੰਦੀ ਹੈ। ਭਾਵ ਇਹ ਗਰਭ ਨਿਰੋਧਕ ਗੋਲੀ 95% ਤੱਕ ਗਰਭ ਧਾਰਨ ਕਰਨ ਤੋਂ ਬਚਾਉਣ ਦੀ ਸਮਰੱਥਾ ਰੱਖਦੀ ਹੈ।

ਪਰ ਜੇਕਰ ਇਸ ਦੀ ਵਰਤੋਂ 24 ਤੋਂ 48 ਘੰਟਿਆਂ ਦੇ ਅੰਦਰ ਕੀਤੀ ਜਾਂਦੀ ਹੈ ਤਾਂ ਇਸ ਦਾ ਨਤੀਜਾ 85% ਰਹਿੰਦਾ ਹੈ ਅਤੇ 48 ਤੋਂ 72 ਘੰਟਿਆਂ ਅੰਦਰ ਇਸ ਦੀ ਵਰਤੋਂ ਕਰਨ ਦੀ ਸੂਰਤ ’ਚ ਇਸ ਦੀ ਕਾਰਗਰ ਦਰ ਬਹੁਤ ਘੱਟ ਕੇ 50-60% ਹੀ ਰਹਿ ਜਾਂਦੀ ਹੈ।

ਇਸ ਲਈ ਜਿਵੇਂ ਹੀ ਤੁਹਾਨੂੰ ਲੱਗੇ ਕਿ ਤੁਸੀਂ ਅਸੁਰੱਖਿਅਤ ਜਿਨਸੀ ਸਬੰਧ ਬਣਾਏ ਹਨ ਅਤੇ ਤੁਸੀਂ ਅਣਚਾਹੇ ਗਰਭ ਤੋਂ ਬਚਣਾ ਚਾਹੁੰਦੇ ਹੋ ਤਾਂ ਜਲਦੀ ਤੋਂ ਜਲਦੀ ਇਸ ਗਰਭ ਨਿਰੋਧਕ ਗੋਲੀ ਦੀ ਵਰਤੋਂ ਕਰੋ।

ਆਈ-ਪਿੱਲ ਕਿੰਨੀ ਕੁ ਕਾਰਗਰ ਹੈ ਅਤੇ ਕਿਵੇਂ ਕੰਮ ਕਰਦੀ ਹੈ?

ਗਰਭ ਨਿਰੋਧਕ

ਤਸਵੀਰ ਸਰੋਤ, Getty Images

ਇਸ ਗਰਭ ਨਿਰੋਧਕ ’ਚ ਲਿਵੋਨੋਰਜੇਸਚਰ ਨਾਮ ਦਾ ਇੱਕ ਹਾਰਮੋਨ ਹੁੰਦਾ ਹੈ। ਇਹ ਹਾਰਮੋਨ ਔਰਤ ਦੇ ਪੀਰੀਅਡ ਸਾਈਕਲ ’ਚ ਓਵੂਲੇਸ਼ਨ ਨੂੰ ਰੋਕਦਾ ਹੈ ਅਤੇ ਜੇ ਓਵੂਲੇਸ਼ਨ ਹੋ ਗਿਆ ਹੈ ਤਾਂ ਇਹ ਅੰਡੇ ਦੇ ਸ਼ੁਕਰਾਣੂਆਂ ਨੂੰ ਆਪਸ ’ਚ ਮਿਲਣ ਤੋਂ ਰੋਕਦਾ ਹੈ।

ਇਸ ਤਰ੍ਹਾਂ ਨਾਲ ਇਹ ਗਰਭ ਧਾਰਨ ਦੀ ਸੰਭਾਵਨਾ ਨੂੰ ਖ਼ਤਮ ਕਰਦਾ ਹੈ।

ਇੱਥੇ ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਜੇਕਰ ਤੁਹਾਡੀ ਪ੍ਰੈਗਨੈਂਸੀ ਠਹਿਰ ਚੁੱਕੀ ਹੈ ਤਾਂ ਅਜਿਹੀ ਸੂਰਤ ’ਚ ਇਹ ਗਰਭ ਨਿਰੋਧਕ ਗੋਲੀ ਉਸ ਦਾ ਗਰਭਪਾਤ ਕਰਨ ਦੇ ਸਮਰੱਥ ਨਹੀਂ ਹੈ।

ਇਹ ਸਿਰਫ ਗਰਭ ਧਾਰਨ ਕਰਨ ਦੀ ਸੰਭਾਵਨਾ ਨੂੰ ਖ਼ਤਮ ਕਰਦੀ ਹੈ ਨਾ ਕਿ ਗਰਭਪਾਤ ’ਚ ਮਦਦ ਕਰਦੀ ਹੈ।

ਇਸ ਗਰਭ ਨਿਰੋਧਕ ਗੋਲੀ ਦਾ ਸੇਵਨ ਕਿਵੇਂ ਕੀਤਾ ਜਾਵੇ?

ਇਸ ਗਰਭ ਨਿਰੋਧਕ ਗੋਲੀ ਦਾ ਇੱਕ ਪੱਤਾ ਮਿਲਦਾ ਹੈ ਅਤੇ ਇਹ ਤਕਰੀਬਨ ਸਾਰੇ ਹੀ ਮੈਡੀਕਲ ਸਟੋਰਾਂ ’ਤੇ ਆਮ ਹੀ ਉਪਲਬਧ ਹੁੰਦੀ ਹੈ।

ਇਸ ’ਚ ਇੱਕ ਮੈਡੀਸਨ ਅਜਿਹੀ ਹੁੰਦੀ ਹੈ ਜਿਸ ਦਾ ਸੇਵਣ ਕੁਝ ਖਾਣਾ ਖਾਣ ਤੋਂ ਬਾਅਦ ਪਾਣੀ ਦੇ ਨਾਲ ਕਰਨਾ ਹੁੰਦਾ ਹੈ।

ਇਹ ਗੋਲੀ ਇੱਕ ਵਾਰੀ ਹੀ ਲੈਣੀ ਹੁੰਦੀ ਹੈ। ਇਹ ਸਿੰਗਲ ਯੂਜ਼ ਟੈਬਲਟ ਹੁੰਦੀ ਹੈ। ਇਸ ਗੋਲੀ ਨੂੰ ਜਲਦੀ ਤੋਂ ਜਲਦੀ ਲੈ ਲੈਣਾ ਚਾਹੀਦਾ ਹੈ।

ਕੀ ਇਸ ਗੋਲੀ ਦੀ ਵਰਤੋਂ ਵਾਰ-ਵਾਰ ਕੀਤੀ ਜਾ ਸਕਦੀ ਹੈ ?

ਗਰਭ ਨਿਰੋਧਕ

ਤਸਵੀਰ ਸਰੋਤ, Getty Images

ਇਹ ਇੱਕ ਐਮਰਜੈਂਸੀ ਗਰਭ ਨਿਰੋਧਕ ਹੈ, ਇਸ ਲਈ ਇਸ ਦੀ ਵਾਰ-ਵਾਰ ਵਰਤੋਂ ਕਰਨਾ ਸਹਿਜ ਨਹੀਂ ਹੈ। ਇਸ ਦੀ ਵਰਤੋਂ ਬਹੁਤ ਹੀ ਐਮਰਜੈਂਸੀ ਦੀ ਸਥਿਤੀ ’ਚ ਕਰਨੀ ਚਾਹੀਦੀ ਹੈ।

3-4 ਮਹੀਨਿਆਂ ’ਚ ਇੱਕ ਵਾਰ, ਨਾ ਕਿ ਵਾਰ-ਵਾਰ। ਕੋਸ਼ਿਸ਼ ਕਰੋ ਕਿ ਇਸ ਦੀ ਵਰਤੋਂ ਬਹੁਤ ਹੀ ਘੱਟ ਕੀਤੀ ਜਾਵੇ ਕਿਉਂਕਿ ਇਸ ਦੀ ਅਸਫ਼ਲਤਾ ਦਰ ਵੀ ਹੈ ਅਤੇ ਵਾਰ-ਵਾਰ ਵਰਤਣ ਦੀ ਸੂਰਤ ’ਚ ਇਸ ਦੀ ਸਫ਼ਲਤਾ ਦਰ ਵੀ ਪ੍ਰਭਾਵਿਤ ਹੁੰਦੀ ਹੈ।

ਜੇ ਤੁਹਾਨੂੰ ਵਾਰ-ਵਾਰ ਕਿਸੇ ਐਮਰਜੈਂਸੀ ਗਰਭ ਨਿਰੋਧਕ ਦੀ ਲੋੜ ਪੈ ਰਹੀ ਹੈ ਤਾਂ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਕਿ ਤੁਸੀਂ ਕਿਸੇ ਨਿਯਮਤ ਗਰਭ ਨਿਰੋਧਕ ਦੀ ਵਰਤੋਂ ਕਰੋ।

ਕੀ ਇਸ ਦੇ ਸਾਈਡ ਇਫੈਕਟਸ ਹਨ?

ਗਰਭ ਨਿਰੋਧਕ

ਤਸਵੀਰ ਸਰੋਤ, Getty Images

ਐਮਰਜੈਂਸੀ ਗਰਭ ਨਿਰੋਧਕ ਇੱਕ ਹਾਰਮੋਨ ਹੈ ਅਤੇ ਹਰ ਮੈਡੀਸਨ ਦਾ ਕੋਈ ਨਾ ਕੋਈ ਸਾਈਡ ਇਫੈਕਟ ਤਾਂ ਜ਼ਰੂਰ ਹੁੰਦਾ ਹੈ।

ਕੁਝ ਸਾਈਡ ਇਫੈਕਟ ਅਜਿਹੇ ਹੁੰਦੇ ਹਨ ਜਿੰਨ੍ਹਾਂ ਦਾ ਪਤਾ ਸ਼ੁਰੂ ’ਚ ਹੀ ਲੱਗ ਜਾਂਦਾ ਹੈ, ਜਿੰਨ੍ਹਾਂ ਨੂੰ ਮਾਈਨਰ ਸਾਈਡ ਇਫੈਕਟਸ ਕਿਹਾ ਜਾਂਦਾ ਹੈ, ਜਿਵੇਂ ਕਿ...

  • ਸਿਰ ਪੀੜ ਹੋਣਾ
  • ਢਿੱਡ ਪੀੜ ਹੋਣਾ
  • ਉਲਟੀ ਆਉਣਾ
  • ਛਾਤੀ ’ਚ ਭਾਰੀਪਨ
  • ਦਰਦ ਮਹਿਸੂਸ ਹੋਣਾ

ਇਹ ਕੁਝ ਛੋਟੇ-ਮੋਟੇ ਸਾਈਡ ਇਫੈਕਟਸ ਹਨ ਜਿੰਨ੍ਹਾਂ ਨੂੰ ਮੈਡੀਸਨ ਨਾਲ ਠੀਕ ਕੀਤਾ ਜਾ ਸਕਦਾ ਹੈ।

ਪਰ ਕੁਝ ਅਜਿਹੇ ਮਾੜੇ ਪ੍ਰਭਾਵ ਹੁੰਦੇ ਹਨ ਜੋ ਕਿ ਲੰਮੇ ਸਮੇਂ ਤੱਕ ਚੱਲਦੇ ਹਨ ਅਤੇ ਇਨਾਂ ਮਾੜੇ ਪ੍ਰਭਾਵਾਂ ਕਰਕੇ ਕਈ ਵਾਰ ਔਰਤਾਂ ਦੇ ਪੀਰੀਅਡ ਵੀ ਅਨਿਯਮਿਤ ਹੋ ਜਾਂਦੇ ਹਨ।

ਕੀ ਗਰਭ ਨਿਰੋਧਕ ਗੋਲੀ ਲੈਣ ਤੋਂ ਬਾਅਦ ਖੂਨ ਦੇ ਦਾਗ਼ ਲੱਗਣਾ ਆਮ ਹੈ?

ਗਰਭ ਨਿਰੋਧਕ

ਤਸਵੀਰ ਸਰੋਤ, Getty Images

ਤੁਸੀਂ ਜਦੋਂ ਆਈ-ਪਿੱਲ ਦੀ ਵਰਤੋਂ ਕਰਦੇ ਹੋ ਤਾਂ ਕਈ ਵਾਰ 7-8 ਦਿਨਾਂ ਤੋਂ ਬਾਅਦ ਖੂਨ ਦੇ ਧੱਬੇ ਵੀ ਲੱਗ ਸਕਦੇ ਹਨ।

ਇਹ ਆਮ ਹੈ ਅਤੇ ਅਜਿਹੀ ਸਥਿਤੀ ’ਚ ਘਬਰਾਉਣਾ ਨਹੀਂ ਚਾਹੀਦਾ ਹੈ। ਦਰਅਸਲ ਇਹ ਇਸ ਮੈਡੀਸਨ ਦਾ ਕੰਮ ਕਰਨ ਦਾ ਤਰੀਕਾ ਹੁੰਦਾ ਹੈ।

ਕਈ ਵਾਰ ਤਾਂ ਇਸ ਗੋਲੀ ਦੀ ਵਰਤੋਂ ਨਾਲ ਪੀਰੀਅਡ ਅਨਿਯਮਿਤ ਵੀ ਹੋ ਜਾਂਦੇ ਹਨ। ਕਈ ਵਾਰ ਮਾਹਵਾਰੀ ਸਮੇਂ ਤੋਂ ਪਹਿਲਾਂ ਆ ਜਾਂਦੀ ਹੈ ਅਤੇ ਕਈ ਵਾਰ ਬਾਅਦ ’ਚ।

ਜਦੋਂ ਮਾਹਵਾਰੀ ਦੇਰੀ ਨਾਲ ਆਉਂਦੀ ਹੈ ਤਾਂ ਇਹ ਕਿਸੇ ਕੁੜੀ/ਔਰਤ ਲਈ ਚਿੰਤਾ ਦਾ ਵਿਸ਼ਾ ਵੀ ਹੋ ਸਕਦੀ ਹੈ ਕਿਉਂਕਿ ਇਸ ਦੀ ਦੇਰੀ ਦਾ ਕਾਰਨ ਗਰਭ ਧਾਰਨ ਵੀ ਹੋ ਸਕਦਾ ਹੈ।

ਜੇ ਆਈ-ਪਿੱਲ ਕਰਕੇ ਤੁਹਾਡੇ ਪੀਰੀਅਡ ਦੇਰੀ ਨਾਲ ਆ ਰਹੇ ਹਨ ਤਾਂ ਅਜਿਹੀ ਸਥਿਤੀ ’ਚ ਪ੍ਰੈਗਨੈਂਸੀ ਟੈਸਟ ਜ਼ਰੂਰ ਕਰਨਾ ਚਾਹੀਦਾ ਹੈ ਅਤੇ ਆਪਣੇ ਡਾਕਟਰ ਨਾਲ ਇਸ ਬਾਰੇ ਸਲਾਹ ਵੀ ਜ਼ਰੂਰ ਕਰਨੀ ਚਾਹੀਦੀ ਹੈ।

ਗਰਭ ਨਿਰੋਧਕ

ਤਸਵੀਰ ਸਰੋਤ, Getty Images

ਕੀ ਆਈ-ਪਿੱਲ ਦਾ ਸੇਵਣ ਭਵਿੱਖ ’ਚ ਗਰਭ ਧਾਰਨ ਕਰਨ ਦੀਆਂ ਸੰਭਾਵਨਾਵਾਂ ਨੂੰ ਪ੍ਰਭਾਵਿਤ ਕਰਦਾ ਹੈ?

ਆਈ-ਪਿੱਲ ਘੱਟ ਸਮੇਂ ਲਈ ਕੰਮ ਕਰਨ ਵਾਲੀ ਦਵਾਈ ਹੈ। ਇਸ ਲਈ ਐਮਰਜੈਂਸੀ ਗਰਭ ਨਿਰੋਧਕ ਦਵਾਈ ਭਵਿੱਖ ’ਚ ਤੁਹਾਡੇ ਗਰਭ ਧਾਰਨ ਕਰਨ ਦੀ ਇੱਛਾ/ਸੰਭਾਵਨਾ ਨੂੰ ਪ੍ਰਭਾਵਿਤ ਨਹੀਂ ਕਰਦੀ ਹੈ।

ਹਾਂ, ਇਨਾਂ ਜ਼ਰੂਰ ਹੈ ਕਿ ਜੇ ਤੁਸੀਂ ਇਸ ਦੀ ਵਰਤੋਂ ਨਿਯਮਤ ਤੌਰ ’ਤੇ ਕਰਦੇ ਹੋ ਤਾਂ ਉਸ ਦੇ ਸਿੱਟੇ ਵਜੋਂ ਤੁਹਾਡੇ ਪੀਰੀਅਡ ਅਨਿਯਮਿਤ ਹੋ ਜਾਣਗੇ ਅਤੇ ਅਜਿਹੀ ਸਥਿਤੀ ’ਚ ਗਰਭ ਧਾਰਨ ਕਰਨਾ ਜ਼ਰੂਰ ਮੁਸ਼ਕਲ ਹੋ ਜਾਵੇਗਾ।

ਕੀ ਅਣਵਿਆਹੀਆਂ ਕੁੜੀਆਂ ਇਸ ਦੀ ਵਰਤੋਂ ਕਰ ਸਕਦੀਆਂ ਹਨ?

ਗਰਭ ਨਿਰੋਧਕ

ਤਸਵੀਰ ਸਰੋਤ, Getty Images

ਮੌਜੂਦਾ ਸਮੇਂ ’ਚ ਅਣਵਿਆਹੀਆਂ ਕੁੜੀਆਂ ’ਚ ਅਣਚਾਹੇ ਗਰਭ ਧਾਰਨ ਕਰਨ ਦੀ ਸਮੱਸਿਆ ਲਗਾਤਾਰ ਵਧਦੀ ਜਾ ਰਹੀ ਹੈ।

ਉਹ ਵੀ ਇਸ ਐਮਰਜੈਂਸੀ ਗਰਭ ਨਿਰੋਧਕ ਦੀ ਵਰਤੋਂ ਕਰ ਸਕਦੀਆਂ ਹਨ ਪਰ ਉਨ੍ਹਾਂ ਨੂੰ ਇਸ ਗੱਲ ਤੋਂ ਵੀ ਜਾਣੂ ਹੋਣਾ ਚਾਹੀਦਾ ਹੈ ਕਿ ਅਣਚਾਹੀ ਪ੍ਰੈਗਨੈਂਸੀ ’ਚ ਬਹੁਤ ਜਟਿਲਤਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਅਣਚਾਹੇ ਗਰਭ ਧਾਰਨ ਨੂੰ ਜਾਰੀ ਨਾ ਰੱਖਣ ਜਾਂ ਗਰਭਪਾਤ ਕਰਨ ਦੇ ਜੋ ਤਰੀਕੇ ਵਰਤੇ ਜਾਂਦੇ ਹਨ ਉਹ ਅੱਗੇ ਜਾ ਕੇ ਬਹੁਤ ਮੁਸ਼ਕਲਾਂ ਖੜੀਆਂ ਕਰ ਸਕਦੇ ਹਨ।

ਇਸ ਲਈ ਸਭ ਤੋਂ ਪਹਿਲਾਂ ਅਣਚਾਹੀ ਪ੍ਰੈਗਨੈਂਸੀ ਦੀ ਸੰਭਾਵਨਾ ਨੂੰ ਆਉਣ ਹੀ ਨਾ ਦਿਓ ਜਾਂ ਫਿਰ ਨਿਯਮਤ ਗਰਭ ਨਿਰੋਧਕ ਦੀ ਵਰਤੋਂ ਜ਼ਰੂਰ ਕਰੋ।

ਕਿਸੇ ਸਥਿਤੀ ’ਚ ਜੇਕਰ ਆਈ-ਪਿੱਲ ਲੈਣੀ ਵੀ ਪੈਂਦੀ ਹੈ ਤਾਂ ਉਸ ਨੂੰ ਨਿਯਮਤ ਅਪਣਾਉਣ ਦੀ ਆਦਤ ਨਾ ਪਾਓ।

ਭਾਵੇਂ ਕਿ ਆਈ-ਪਿੱਲ ਇੱਕ ਸੁਰੱਖਿਅਤ ਦਵਾਈ ਹੈ ਪਰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹ ਇੱਕ ਐਮਰਜੈਂਸੀ ਗਰਭ ਨਿਰੋਧਕ ਦਵਾਈ ਹੈ ਜਿਸ ਦੀ ਵਰਤੋਂ ਬਹੁਤ ਹੀ ਮਜਬੂਰੀ ਜਾਂ ਐਮਰਜੈਂਸੀ ’ਚ ਕਰਨੀ ਚਾਹੀਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)