ਪੀਰੀਅਡਜ਼ ਦੌਰਾਨ ਵੀ ਕੀ ਗਰਭ ਧਾਰਨ ਹੋ ਸਕਦਾ ਹੈ ਸਣੇ ਜਾਣੋ ਗਰਭ ਨਿਰੋਧਕਾਂ ਬਾਰੇ ਤੁਹਾਡੇ ਭੁਲੇਖਿਆਂ ਦੇ ਜਵਾਬ

ਗਰਭ ਨਿਰੋਧਕ ਗੋਲੀਆਂ

ਤਸਵੀਰ ਸਰੋਤ, Getty Images

ਅਣਚਾਹੀ ਪ੍ਰੈਗਨੈਂਸੀ ਇੱਕ ਜੋੜੇ ਦੀ ਜ਼ਿੰਦਗੀ ’ਚ ਕਦੇ ਵੀ ਆ ਸਕਦੀ ਹੈ। ਇਹ ਆਪਣੇ ਨਾਲ ਕਈ ਮੁਸ਼ਕਲਾਂ ਵੀ ਲੈ ਕੇ ਆਉਂਦੀ ਹੈ।

ਅਣਚਾਹੀ ਪ੍ਰੈਗਨੈਂਸੀ ਤੋਂ ਬਚਣ ਲਈ ਬਹੁਤ ਸਾਰੇ ਤਰੀਕੇ ਮੌਜੂਦ ਹਨ। ਇਨ੍ਹਾਂ ਤਰੀਕਿਆਂ ਨੂੰ ਅਸੀਂ ਕੋਂਟਰਾਸੈਪਟਿਵਸ ਜਾਂ ਗਰਭ-ਨਿਰੋਧਕ ਕਹਿੰਦੇ ਹਾਂ। ਮਰਦਾਂ ਅਤੇ ਔਰਤਾਂ ਦੋਵਾਂ ਲਈ ਗਰਭ-ਨਿਰੋਧਕ ਉਪਲਬਧ ਹਨ।

ਅਸੀਂ ’ਗੱਲ ਤੁਹਾਡੀ ਸਿਹਤ ਦੀ’ ਸੀਰੀਜ਼ ਤਹਿਤ ਗਰਭ ਨਿਰੋਧਕ ਅਤੇ ਸਿਹਤ ਨਾਲ ਜੁੜੇ ਹੋਰ ਕਈ ਮੁੱਦਿਆਂ ਬਾਰੇ ਗੱਲ ਕਰਾਂਗੇ।

ਵੀਡੀਓ ਕੈਪਸ਼ਨ, ਗਰਭ ਨਿਰੋਧਕ ਅਤੇ ਪ੍ਰੈਗਨੈਂਸੀ ਬਾਰੇ ਇਹ ਪਤਾ ਹੋਣਾ ਜ਼ਰੂਰੀ- ਵੀਡੀਓ

ਅੱਜ ਅਸੀਂ ਕੁਝ ਅਜਿਹੀਆਂ ਹੀ ਮਿੱਥਾਂ ਦੀ ਬਾਰੇ ਗੱਲ ਕਰਾਂਗੇ, ਜੋ ਗਰਭ-ਨਿਰੋਧਕ ਦੇ ਤਰੀਕਿਆਂ ਨਾਲ ਜੁੜੀਆਂ ਹੋਈਆਂ ਹਨ।

ਇਸ ਬਾਰੇ ਇਸਤਰੀ ਰੋਗਾਂ ਦੇ ਮਾਹਰ ਡਾਕਟਰ ਸ਼ਿਵਾਨੀ ਗਰਗ ਨੇ ਵਿਸਥਾਰ ਨਾਲ ਦੱਸਿਆ ਹੈ।

ਕੀ ਗਰਭਧਾਰਨ ਸਿਰਫ ਕੁਝ ਚੋਣਵੇਂ ਦਿਨਾਂ ’ਚ ਹੀ ਹੋ ਸਕਦਾ ਹੈ?

ਓਵਰੀਜ਼

ਤਸਵੀਰ ਸਰੋਤ, Getty Images

ਪਹਿਲੀ ਧਾਰਨਾ ਹੈ, ਸੁਰੱਖਿਅਤ ਜਾਂ ਸੇਫ ਦਿਨਾਂ ’ਚ ਸਬੰਧ ਕਾਇਮ ਕਰਨ ਨਾਲ ਗਰਭਧਾਰਨ ਨਹੀਂ ਹੁੰਦਾ ਹੈ।

ਇਹ ਸਭ ਤੋਂ ਵੱਡਾ ਮਿੱਥ ਹੈ ਕਿਉਂਕਿ ਇੱਕ ਔਰਤ ਦੇ ਸਾਈਕਲ ’ਚ ਕੋਈ ਵੀ ਨਿਰਧਾਰਤ ਸੇਫ਼ ਡੇਅਜ਼ ਨਹੀਂ ਕਹੇ ਜਾ ਸਕਦੇ ਹਨ।

ਕਿਉਂਕਿ ਗਰਭਧਾਰਨ ਕਿਸੇ ਵੀ ਦਿਨ ਹੋ ਸਕਦਾ ਹੈ।

ਦਰਅਸਲ ਗਰਭਧਾਰਨ ਓਵੂਲੇਸ਼ਨ ਕਰਕੇ ਹੁੰਦਾ ਹੈ, ਯਾਨੀ ਜਦੋਂ ਵੀ ਕਿਸੇ ਔਰਤ ਦੇ ਸਾਈਕਲ ’ਚ ਅੰਡਾ ਫੁੱਟਦਾ ਹੈ ਤਾਂ ਉਸ ਸਥਿਤੀ ’ਚ ਗਰਭਧਾਰਨ ਕਰਨ ਦੀ ਸੰਭਾਵਨਾ ਰਹਿੰਦੀ ਹੈ।

ਓਵੂਲੇਸ਼ਨ ਕਦੋਂ ਹੁੰਦਾ ਹੈ?

ਕਲੰਡਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਾਕਟਰ ਸ਼ਿਵਾਨੀ ਮੁਤਾਬਕ ਕੋਈ ਵੀ ਗਰਭ-ਧਾਰਨ ਦੇ ਪੱਖ ਤੋਂ ਸੁਰੱਖਿਅਤ ਦਿਨ ਨਹੀਂ ਹੁੰਦੇ

ਇਹ ਓਵੂਲੇਸ਼ਨ ਕਿਸੇ ਵੀ ਸਮੇਂ ਹੋ ਸਕਦੀ ਹੈ। ਇਸ ਦਾ ਕੋਈ ਸਮਾਂ ਤੈਅ ਨਹੀਂ ਹੁੰਦਾ ਹੈ। ਇਹ ਤੁਹਾਡੀ ਮਾਹਵਾਰੀ ਤੋਂ ਪਹਿਲਾਂ ਵੀ ਹੋ ਸਕਦੀ ਹੈ ਅਤੇ ਦੇਰੀ ਨਾਲ ਵੀ।

ਇਸ ਲਈ ਇਹ ਨਹੀਂ ਕਿਹਾ ਜਾ ਸਕਦਾ ਹੈ ਕਿ ਮਾਹਵਾਰੀ ਸਾਈਕਲ ਦੌਰਾਨ ਕੁਝ ਦਿਨ ਸੁਰੱਖਿਅਤ ਹੁੰਦੇ ਹਨ।

ਪੂਰੇ ਸਾਈਕਲ ’ਚ ਕਦੇ ਵੀ ਗਰਭਧਾਰਨ ਹੋ ਸਕਦਾ ਹੈ। ਇਸ ਲਈ ਪੂਰੇ ਸਾਈਕਲ ਦੌਰਾਨ ਗਰਭ-ਨਿਰੋਧਕ ਦੀ ਵਰਤੋਂ ਕਰਨਾ ਬਹੁਤ ਮਹੱਤਵਪੂਰਨ ਹੈ।

ਇਹ ਵੀ ਪੜ੍ਹੋ-

ਕੀ ਪੀਰੀਅਡ ਦੌਰਾਨ ਗਰਭਧਾਰਨ ਦੀ ਸੰਭਾਵਨਾ ਰਹਿੰਦੀ ਹੈ ?

ਮਾਹਵਾਰੀ

ਤਸਵੀਰ ਸਰੋਤ, Getty Images

ਦੂਜਾ ਮਿੱਥ ਹੈ ਕਿ ਪੀਰੀਅਡ ਦੌਰਾਨ ਸਬੰਧ ਕਾਇਮ ਕਰਨ ਨਾਲ ਗਰਭਧਾਰਨ ਨਹੀਂ ਹੁੰਦਾ ਹੈ।

ਜਦਕਿ ਇਹ ਧਾਰਨਾ ਬਿਲਕੁਲ ਹੀ ਗ਼ਲਤ ਹੈ।

ਇੰਨਾ ਜ਼ਰੂਰ ਹੈ ਕਿ ਗਰਭਧਾਰਨ ਕਰਨ ਦੀ ਸੰਭਾਵਨਾ ਬਹੁਤ ਘੱਟ ਰਹਿੰਦੀ ਹੈ।

ਪਰ ਫਿਰ ਵੀ ਪੀਰੀਅਡ ਦੌਰਾਨ ਸਬੰਧ ਬਣਾਉਣ ਨਾਲ ਪ੍ਰੈਗਨੈਂਸੀ ਹੋ ਸਕਦੀ ਹੈ।

ਕਿਉਂਕਿ ਜਿਸ ਔਰਤ ਦਾ ਪੀਰੀਅਡ ਸਾਈਕਲ ਦਾ ਸਮਾਂ 20 ਦਿਨਾਂ ਦਾ ਹੀ ਹੈ, ਉਸ ਸਥਿਤੀ ’ਚ ਪੀਰੀਅਡ ਦੌਰਾਨ ਸੰਬੰਧ ਬਣਾਉਣ ਨਾਲ ਵੀ ਗਰਭਧਾਰਨ ਹੋ ਸਕਦਾ ਹੈ।

ਕੀ ਪੀਸੀਓਡੀ ਨਾਲ ਜੂਝ ਰਹੀਆਂ ਔਰਤਾਂ ਨੂੰ ਗਰਭ-ਨਿਰੋਧਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ?

ਪੀਸੀਓਡੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੀਸੀਓਡੀ ਤੋਂ ਪ੍ਰਭਾਵਿਤ ਓਵਰੀਆਂ ਦਾ ਮਾਡਲ

ਤੀਜੀ ਧਾਰਨਾ ਹੈ ਕਿ ਜੇਕਰ ਤੁਹਾਨੂੰ ਪੀਸੀਓਡੀ ਹੈ ਤਾਂ ਕੀ ਗਰਭ-ਨਿਰੋਧਕਾਂ ਦੀ ਵਰਤੋਂ ਕਰਨ ਦੀ ਲੋੜ ਹੁੰਦੀ ਹੈ।

ਕਈ ਲੋਕਾਂ ਨੂੰ ਲੱਗਦਾ ਹੈ ਕਿ ਜੇ ਪੀਸੀਓਡੀ ਹੈ ਤਾਂ ਕਿਸੇ ਵੀ ਕੋਂਟਰਾਸੈਪਟਿਵ ਬਦਲ ਦੀ ਵਰਤੋਂ ਕਰਨ ਦੀ ਲੋੜ ਨਹੀਂ ਹੈ।

ਪਰ ਇਹ ਧਾਰਨਾ ਵੀ ਪੂਰੀ ਤਰ੍ਹਾਂ ਗ਼ਲਤ ਹੈ।

ਅੱਜ ਦੇ ਸਮੇਂ ’ਚ ਪੀਸੀਓਡੀ ਇੱਕ ਬਹੁਤ ਹੀ ਆਮ ਸਮੱਸਿਆ ਹੈ।

ਪੀਸੀਓਡੀ ’ਚ ਅਸਲ ਸਮੱਸਿਆ ਹੀ ਇਹ ਹੈ ਕਿ ਇਸ ’ਚ ਓਵੂਲੇਸ਼ਨ ਕਿਸੇ ਵੀ ਸਮੇਂ ਹੋ ਜਾਂਦੀ ਹੈ।

ਇਸ ਕਰਕੇ ਪ੍ਰੈਗਨੈਂਸੀ ਕਿਸੇ ਵੀ ਸਮੇਂ ਠਹਿਰ ਸਕਦੀ ਹੈ। ਇਸ ਲਈ ਪੀਸੀਓਡੀ ਨਾਲ ਜੂਝ ਰਹੀਆਂ ਔਰਤਾਂ ਲਈ ਵੀ ਗਰਭ-ਨਿਰੋਧਕ ਦੀ ਵਰਤੋਂ ਕਰਨੀ ਬਹੁਤ ਜ਼ਰੂਰੀ ਹੈ।

ਕੀ 45 ਸਾਲ ਤੋਂ ਬਾਅਦ ਗਰਭ ਧਾਰਨ ਨਹੀਂ ਹੋ ਸਕਦਾ?

ਗਰਭ ਨਿਰੋਧਕ

ਤਸਵੀਰ ਸਰੋਤ, SIRIPORN KAENSEEYA / EYEEM

ਤਸਵੀਰ ਕੈਪਸ਼ਨ, ਜਦੋਂ ਤੱਕ ਮਾਹਵਾਰੀ ਬੰਦ ਹੋਇਆਂ ਇੱਕ ਸਾਲ ਨਹੀਂ ਹੋ ਜਾਂਦਾ ਗਰਭ-ਨਿਰੋਧਕ ਵਰਤਣ ਦੀ ਲੋੜ ਹੁੰਦੀ ਹੈ

ਹੁਣ ਗੱਲ ਕਰਦੇ ਹਾਂ ਉਨ੍ਹਾਂ ਔਰਤਾਂ ਦੀ ਜੋ ਮੀਨੋਪੌਜ਼ ਵੱਲ ਵੱਧ ਰਹੀਆਂ ਹਨ।

45 ਤੋਂ 50 ਸਾਲ ਤੱਕ ਦੀ ਉਮਰ ਦੀਆਂ ਔਰਤਾਂ ਦੀ। ਚੌਥੀ ਧਾਰਨਾ ਇਹ ਹੈ ਕਿ ਇਸ ਉਮਰ ਤੋਂ ਬਾਅਦ ਗਰਭਧਾਰਨ ਨਹੀਂ ਹੁੰਦਾ।

ਪਰ ਸੱਚਾਈ ਇਹ ਹੈ ਕਿ ਗਰਭਧਾਰਨ ਦਾ ਸਬੰਧ ਤੁਹਾਡੀ ਉਮਰ ਨਾਲ ਨਹੀਂ ਬਲਕਿ ਤੁਹਾਡੇ ਮਾਹਵਾਰੀ ਸਾਈਕਲ ਨਾਲ ਹੈ।

ਕਿਉਂਕਿ ਜਦੋਂ ਤੱਕ ਤੁਹਾਡੀ ਮਾਹਵਾਰੀ ਆ ਰਹੀ ਹੈ ਜਾਂ ਫਿਰ ਤੁਹਾਡੀ ਮਾਹਵਾਰੀ ਨੂੰ ਬੰਦ ਹੋਏ ਘੱਟ ਤੋਂ ਘੱਟ ਇੱਕ ਸਾਲ ਦਾ ਸਮਾਂ ਨਹੀਂ ਹੋ ਚੁੱਕਿਆ, ਜਿਸ ਡਾਕਟਰੀ ਭਾਸ਼ਾ ’ਚ ਮੀਨੋਪੌਜ਼ ਕਿਹਾ ਜਾਂਦਾ ਹੈ, ਉਦੋਂ ਤੱਕ ਕਿਸੇ ਵੀ ਸਮੇਂ ਗਰਭਧਾਰਨ ਕਰਨ ਦੀ ਸੰਭਾਵਨਾ ਬਣੀ ਰਹਿੰਦੀ ਹੈ।

ਇਸ ਲਈ ਜਦੋਂ ਤੱਕ ਤੁਹਾਡੀ ਮਾਹਵਾਰੀ ਨਿਯਮਤ ਹੈ ਉਦੋਂ ਤੱਕ ਗਰਭ-ਨਿਰੋਧਕ ਦੀ ਵਰਤੋਂ ਜ਼ਰੂਰ ਕਰੋ।

ਕੀ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਨੂੰ ਗਰਭਧਾਰਨ ਰੋਕਣ ਦੇ ਤਰੀਕਿਆਂ ਦੀ ਵਰਤੋਂ ਕਰਨ ਦੀ ਜ਼ਰੂਰਤ ਹੈ?

ਗਰਭ ਨਿਰੋਧਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਜਿਹੇ ਕਈ ਗਰਭ-ਨਿਰੋਧਨ ਦੇ ਤਰੀਕੇ ਮੌਜੂਦ ਹਨ, ਜੋ ਕਿ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਦੇ ਲਈ ਸੁਰੱਖਿਅਤ ਅਤੇ ਵਧੀਆ ਹਨ।

ਪੰਜਵੀਂ ਮਿੱਥ ਹੈ ਕਿ ਕੀ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਨੂੰ ਗਰਭ ਠਹਿਰ ਸਕਦਾ ਹੈ, ਕਿਉਂਕਿ ਉਸ ਸਮੇਂ ਮਾਹਵਾਰੀ ਬੰਦ ਹੁੰਦੀ ਹੈ।

ਕਈ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਨੂੰ ਚਾਹੇ ਕਿ ਮਾਹਵਾਰੀ ਨਹੀਂ ਆਉਂਦੀ, ਪਰ ਅਜਿਹੇ ’ਚ ਵੀ ਗਰਭਧਾਰਨ ਹੋ ਸਕਦਾ ਹੈ।

ਇਸ ਲਈ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਲਈ ਵੀ ਸਬੰਧ ਬਣਾਉਂਦੇ ਸਮੇਂ ਗਰਭ-ਨਿਰੋਧਕ ਦੀ ਵਰਤੋਂ ਕਰਨੀ ਬਹੁਤ ਜ਼ਰੂਰੀ ਹੈ।

ਅਜਿਹੇ ਕਈ ਗਰਭ-ਨਿਰੋਧਨ ਦੇ ਤਰੀਕੇ ਮੌਜੂਦ ਹਨ, ਜੋ ਕਿ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਦੇ ਲਈ ਸੁਰੱਖਿਅਤ ਅਤੇ ਵਧੀਆ ਹਨ।

ਸ਼ੁਕਰਾਣੂ ਬਹੁਤ ਤੇਜ਼ੀ ਨਾਲ ਅੰਡੇਦਾਨੀ ਤੱਕ ਪਹੁੰਚਦੇ ਹਨ

ਸ਼ਿਕਰਾਣੂ

ਤਸਵੀਰ ਸਰੋਤ, Getty Images

ਛੇਵੇਂ ਨੰਬਰ ਉੱਤੇ ਅਸੀਂ ਗੱਲ ਕਰਾਂਗੇ ਕਿ ਕੀ ਜਦੋਂ ਸਬੰਧ ਬਣਾਉਣ ਤੋਂ ਬਾਅਦ ਪ੍ਰਾਈਵੇਟ ਅੰਗ ਨੂੰ ਸਾਫ਼ ਕਰ ਦਿੱਤੇ ਜਾਣ ਜਾਂ ਫਿਰ ਪੇਸ਼ਾਬ ਕਰ ਲਿਆ ਜਾਵੇ ਤਾਂ ਗਰਭਧਾਰਨ ਨਹੀਂ ਹੁੰਦਾ ਹੈ।

ਪਰ ਸੱਚਾਈ ਇਹ ਹੈ ਕਿ ਇਹ ਵੀ ਗ਼ਲਤ ਧਾਰਨਾ ਹੈ।

ਜਣਨ ਅੰਗਾਂ ਨੂੰ ਸਾਫ਼ ਕਰਨ ਜਾਂ ਪੇਸ਼ਾਬ ਕਰਨ ਤੋਂ ਬਾਅਦ ਵੀ ਗਰਭਧਾਰਨ ਕਰਨ ਦੀ ਸੰਭਾਵਨਾ ਪੂਰੀ ਤਰ੍ਹਾਂ ਨਾਲ ਬਣੀ ਰਹਿੰਦੀ ਹੈ।

ਕਿਉਂਕਿ ਸ਼ੁਕਰਾਣੂ ਬਹੁਤ ਹੀ ਤੇਜ਼ੀ ਨਾਲ ਅੱਗੇ ਵਧਦੇ ਹਨ ਅਤੇ ਜਿਵੇਂ ਹੀ ਜਿਨਸੀ ਸਬੰਧ ਕਾਇਮ ਹੁੰਦਾ ਹੈ ਇਹ ਸ਼ੁਕਰਾਣੂ ਬਹੁਤ ਹੀ ਤੇਜ਼ੀ ਨਾਲ ਅੰਡੇਦਾਨੀ ਤੱਕ ਪਹੁੰਚ ਜਾਂਦੇ ਹਨ।

ਇਸ ਲਈ ਇਸ ਧਾਰਨਾ ’ਤੇ ਭਰੋਸਾ ਕਰਨਾ ਬਿਲਕੁਲ ਹੀ ਗਲਤ ਹੈ।

ਕੀ ਗਰਭ-ਨਿਰੋਧਕ ਬਦਲਾਂ ਦੀ ਵਰਤੋਂ ਬਾਂਝਪਣ ਨੂੰ ਸੱਦਾ ਹੈ ?

ਗਰਭ ਨਿਰੋਧਕ

ਤਸਵੀਰ ਸਰੋਤ, Getty Images

ਸੱਤਵੀਂ ਧਾਰਨਾ ਇਹ ਹੈ ਕਿ ਤੁਸੀਂ ਕਿਸੇ ਵੀ ਗਰਭ-ਨਿਰੋਧਨ ਦਾ ਤਰੀਕਾ ਵਰਤੋਂ, ਅੰਤ ਵਿੱਚ ਇਹ ਬਾਂਝਪਨ ਦਾ ਕਾਰਨ ਹੋ ਸਕਦਾ ਹੈ।

ਪਰ ਅਜਿਹੇ ਕੋਈ ਵੀ ਮੌਜੂਦ ਨਹੀਂ ਹਨ। ਬਹੁਤ ਸਾਰੇ ਅਜਿਹੇ ਗਰਭ-ਨਿਰੋਧਕ ਮੌਜੂਦ ਹਨ ਜਿਨ੍ਹਾਂ ਦੀ ਵਰਤੋਂ ਬਿਲਕੁਲ ਸੁਰੱਖਿਅਤ ਹੈ ਅਤੇ ਰਿਵਰਸੇਬਲ ਹਨ।

ਰਿਵਰਸੇਬਲ ਤੇ ਇਰਰਿਵਰਸੇਬਲ ਬਦਲ

ਗਰਭ-ਨਿਰੋਧਕ

ਤਸਵੀਰ ਸਰੋਤ, Getty Images

ਕੁਝ ਅਜਿਹੇ ਬਦਲ ਵੀ ਹਨ ਜੋ ਕਿ ਇਰਰਿਵਰਸੇਬਲ ਹੁੰਦੇ ਹਨ, ਭਾਵ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਕਦੇ ਵੀ ਗਰਭਧਾਰਨ ਨਹੀਂ ਕਰਨਾ ਚਾਹੁੰਦੇ ਹੋ ਤਾਂ ਉਨ੍ਹਾਂ ਜੋੜਿਆਂ ਨੂੰ ਇਰਰਿਵਰਸੇਬਲ ਬਦਲ ਦੀ ਸਲਾਹ ਦਿੱਤੀ ਜਾਂਦੀ ਹੈ।

ਜਿਵੇਂ ਕਿ ਟਿਊਬਲ ਸਟਰਲਾਈਜ਼ੇਸ਼ਨ ਯਾਨੀ ਟਿਊਬ ਬੰਦ ਕਰ ਦੇਣਾ। ਇਹ 90 ਫ਼ੀਸਦ ਤੱਕ ਇਰਰਿਵਰਸੇਬਲ ਤਰੀਕਾ ਹੈ।

ਜੇਕਰ ਤੁਸੀਂ ਇਸ ਤਰੀਕੇ ਨੂੰ ਅਪਣਾਉਣ ਤੋਂ ਬਾਅਦ ਮੁੜ ਰਿਵਰਸ ਕਰਨਾ ਚਾਹੁੰਦੇ ਹਾਂ ਤਾਂ ਉਹ ਵੀ ਸੰਭਵ ਹੈ। ਇਸ ਲਈ ਇੱਕ ਸਰਜਰੀ ਹੁੰਦੀ ਹੈ, ਜਿਸ ਤੋਂ ਬਾਅਦ ਇਸ ਨੂੰ ਰਿਵਰਸ ਕੀਤਾ ਜਾ ਸਕਦਾ ਹੈ। ਪਰ ਇਸ ਤਰੀਕੇ ਨੂੰ ਇਰਰਿਵਰਸੇਬਲ ਤਰੀਕੇ ਦਾ ਹੀ ਹਿੱਸਾ ਮੰਨਿਆ ਜਾਂਦਾ ਹੈ।

ਆਸ ਕਰਦੇ ਹਾਂ ਕਿ ਗਰਭ-ਨਿਰੋਧਕਾਂ ਨਾਲ ਜੁੜੀਆਂ ਕੁਝ ਮਿੱਥਾਂ ਜੋ ਤੁਹਾਡੇ ਮਨ ਵਿੱਚ ਵੀ ਸਨ, ਟੁੱਟੀਆਂ ਹੋਣਗੀਆਂ ਅਤੇ ਇਹ ਜਾਣਕਾਰੀ ਤੁਹਾਡੇ ਲਈ ਲਾਹੇਵੰਦ ਰਹੀ ਹੋਵੇਗੀ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)