ਚੀਨ ਵਿੱਚ ਭੇਦਭਰੀ ਬਿਮਾਰੀ ਨੇ ਮਚਾਇਆ ਹੜਕੰਪ, ਕੋਵਿਡ ਵਾਂਗ ਫੈਲਣ ਦਾ ਖਦਸ਼ਾ, ਇਹ ਹਨ ਲੱਛਣ

ਤਸਵੀਰ ਸਰੋਤ, MAYUR KAKADE
- ਲੇਖਕ, ਫੈਲਨ ਚੈਟਰਜੀ, ਫਰਗੁਸ ਵਾਲਸ਼ ਅਤੇ ਟਿਊਲਿੱਪ ਮਜ਼ੂਮਦਾਰ
- ਰੋਲ, ਬੀਬੀਸੀ ਪੱਤਰਕਾਰ
ਚੀਨ ਦੇ ਕੁਝ ਇਲਾਕਿਆਂ ਵਿੱਚ ਬੱਚਿਆਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਉਣ ਦੇ ਮਾਮਲਿਆਂ ਵਿੱਚ ਵਾਧਾ ਵੇਖਿਆ ਗਿਆ ਹੈ।
ਇਸ ਮਗਰੋਂ ਇਹ ਚਿੰਤਾ ਜ਼ਾਹਰ ਕੀਤੀ ਗਈ ਹੈ ਕਿ ਕਿਤੇ ਕੋਵਿਡ ਜਿਹੇ ਹਾਲਾਤਾਂ ਦਾ ਕਾਰਨ ਨਾ ਬਣ ਜਾਵੇ।
ਇਸ ਮਗਰੋਂ ਵਿਸ਼ਵ ਸਿਹਤ ਸੰਗਠਨ ਨੇ ਚੀਨ ਦੀ ਸਰਕਾਰ ਕੋਲੋਂ ਇਸ ਬਾਰੇ ਸੂਚਨਾ ਮੰਗੀ ਸੀ।
ਚੀਨ ਦੇ ਸਥਾਨਕ ਮੀਡੀਆ ਨੇ ਹਾਲ ਹੀ ਵਿੱਚ ਇੱਥੋਂ ਦੇ ਹਸਪਤਾਲ ਵਿੱਚ ਬੁਖ਼ਾਰ ਅਤੇ ਸਾਹ ਦੀਆਂ ਮੁਸ਼ਕਲਾਂ ਵਾਲੇ ਮਰੀਜ਼ ਵੱਡੀ ਗਿਣਤੀ ਵਿੱਚ ਭਰਤੀ ਹੋਣ ਬਾਰੇ ਖ਼ਬਰਾਂ ਛਾਪੀਆਂ ਸਨ।
ਵਿਸ਼ਵ ਸਿਹਤ ਸੰਗਠਨ ਨੇ ਵੀ ਬੁਖ਼ਾਰ ਜਿਹੀ ਇਸ ਬਿਮਾਰੀ ਬਾਰੇ ਚੀਨ ਕੋਲੋਂ ਹੋਰ ਜਾਣਕਾਰੀ ਮੰਗੀ ਸੀ।
ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਚੀਨ ਦੀ ਸਰਕਾਰ ਨੇ ਇਹ ਕਿਹਾ ਹੈ ਕਿ ਇਹ ਮਾਮਲੇ ਕੋਵਿਡ ਵੇਲੇ ਲਾਈਆਂ ਰੋਕਾਂ ਨੂੰ ਹਟਾਉਣ ਕਾਰਨ ਵਧੇ ਹਨ।
ਬੁੱਧਵਾਰ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਉਨ੍ਹਾਂ ਨੇ ਚੀਨ ਕੋਲੋਂ ਇਨ੍ਹਾਂ ਰਿਪੋਰਟਾਂ ਬਾਰੇ ਸੂਚਨਾ ਮੰਗੀ ਹੈ।

ਤਸਵੀਰ ਸਰੋਤ, Getty Images/ Future Publishing
ਉੱਤਰੀ ਚੀਨ ਵਿੱਚ ਬੱਚਿਆਂ ਵਿੱਚ ਨਿਮੋਨੀਆ(ਫੇਫੜਿਆਂ ਦੀ ਲਾਗ ਜਿਹੇ ਲੱਛਣ) ਬਾਰੇ ਰਿਪੋਰਟਾਂ ਸਥਾਨਕ ਮੀਡੀਆ ਦੇ ਨਾਲ-ਨਾਲ ਪ੍ਰੋ ਮੈੱਡ ਵਿੱਚ ਵੀ ਛਪੀਆਂ ਸਨ।
ਪ੍ਰੋਮੈੱਡ ਸੰਸਾਰ ਵਿੱਚ ਨਵੀਆਂ ਬਿਮਾਰੀਆਂ ‘ਤੇ ਨਜ਼ਰਸਾਨੀ ਰੱਖਦਾ ਹੈ।
ਨਿਮੋਨੀਆ ਸ਼ਬਦ ਫੇਫੜਿਆਂ ਵਿੱਚ ਹੋਣ ਵਾਲੀ ਲਾਗ(ਇਨਫੈਕਸ਼ਨ) ਜਾਂ ਜਲਣ ਲਈ ਵਰਤਿਆ ਜਾਂਦਾ ਹੈ।
ਇਹ ਲਾਗ ਕਈ ਕਿਸਮ ਦੇ ਬੈਕਟੀਰੀਆ, ਉੱਲੀ ਜਾਂ ਵਾਇਰਸ ਕਰਕੇ ਹੋ ਸਕਦੀ ਹੈ।
ਕੀ ਹੈ ਚੀਨ ਦੀ ਸਰਕਾਰ ਦਾ ਪੱਖ

ਤਸਵੀਰ ਸਰੋਤ, Getty Images/ Future Publishing
ਵਿਸ਼ਵ ਸਿਹਤ ਸੰਗਠਨ ਵੱਲੋਂ ਜਾਣਕਾਰੀ ਮੰਗੇ ਜਾਣ ਤੋਂ ਬਾਅਦ ਚੀਨ ਦੇ ਸਰਕਾਰੀ ਖ਼ਬਰ ਅਦਾਰੇ ਜ਼ਿਨਹੂਆ ਵੱਲੋਂ ਇੱਕ ਲੇਖ ਛਾਪਿਆ ਗਿਆ।
ਇਸ ਲੇਖ ਵਿੱਚ ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ ਦੇ ਅਫ਼ਸਰ ਦੱਸਦੇ ਹਨ ਕਿ ਉਹ ਬੱਚਿਆਂ ਨੂੰ ਸਾਹ ਲੈਣ ਵਿੱਚ ਆ ਰਹੀ ਮੁਸ਼ਕਲ ਦੇ ਮਾਮਲਿਆਂ ਉੱਤੇ ਪੂਰਾ ਧਿਆਨ ਦੇ ਰਹੇ ਹਨ।
ਵੀਰਵਾਰ ਨੂੰ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਚੀਨ ਨੇ ਕੋਈ ਵੀ ਨਵੇਂ ਜਾਂ ਅਸਧਾਰਣ ਜਰਾਸੀਮਾਂ (ਵਾਇਰਸ) ਦੀ ਪਛਾਣ ਨਹੀਂ ਕੀਤੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਉੱਤਰੀ ਚੀਨ ਵਿੱਚ ਸਾਹ ਲੈਣ ਵਿੱਚ ਮੁਸ਼ਕਲ ਆਉਣ ਦੇ ਵੱਧ ਰਹੇ ਮਾਮਲਿਆਂ ਦਾ ਕਾਰਨ ਪਹਿਲਾਂ ਤੋਂ ਹੀ ਹਵਾ ਵਿੱਚ ਮੌਜੂਦ ਜਰਾਸੀਮ ਹਨ।
ਬਿਮਾਰੀ ਦੇ ਵਧਣ ਦਾ ਕੀ ਕਾਰਨ
ਵਿਸ਼ਵ ਸਿਹਤ ਸੰਗਠਨ ਮੁਤਾਬਕ ਅਕਤੂਬਰ ਮਹੀਨੇ ਤੋਂ ਹੀ ਉੱਤਰੀ ਚੀਨ ਵਿੱਚ ਫਲੂ ਜਿਹੇ ਲੱਛਣਾਂ ਵਾਲੇ ਮਾਮਲਿਆਂ ਵਿੱਚ ਪਿਛਲੇ ਤਿੰਨ ਸਾਲਾਂ ਦੇ ਮੁਕਾਬਲੇ ਵਿੱਚ ਵਾਧਾ ਦੇਖਿਆ ਗਿਆ ਹੈ।
ਵਿਸ਼ਵ ਸਿਹਤ ਸੰਗਠਨ ਮੁਤਾਬਕ ਇਹ ਮਾਮਲੇ ਮੌਸਮ ਵਿੱਚ ਤਬਦੀਲੀ ਕਾਰਨ ਹੋਣ ਵਾਲੀਆਂ ਸਿਹਤ ਸਬੰਧੀ ਮੁਸ਼ਕਲਾਂ ਦੇ ਸਮੇਂ ਤੋਂ ਪਹਿਲਾਂ ਵਧੇ ਹਨ।
ਉਨ੍ਹਾਂ ਇਹ ਵੀ ਕਿਹਾ ਇਹ ਜ਼ਿਆਦਾ ਹੈਰਾਨ ਕਰਨ ਵਾਲੀ ਗੱਲ ਨਹੀਂ ਹੈ, ਇਹੋ ਜਿਹਾ ਹੀ ਹੋਰਾਂ ਦੇਸਾਂ ਵਿੱਚ ਵੀ ਦੇਖਿਆ ਜਿੱਥੇ ਕੋਵਿਡ ਸਮੇਂ ਲਾਈਆਂ ਗਈਆਂ ਰੋਕਾਂ ਨੂੰ ਹਟਾਇਆ ਗਿਆ ਸੀ।
ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਚੀਨ ਵਿਚਲੇ ਹਾਲਾਤਾਂ ਉੱਤੇ ਨਜ਼ਰ ਰੱਖੀ ਹੋਈ ਹੈ ਅਤੇ ਉਹ ਚੀਨ ਦੀ ਸਰਕਾਰ ਦੇ ਨਾਲ ਸੰਪਰਕ ਵਿੱਚ ਹਨ।
ਕੋਵਿਡ ਨਾਲ ਜੁੜੀਆਂ ਯਾਦਾਂ ਹਾਲੇ ਵੀ ਤਾਜ਼ਾ

ਤਸਵੀਰ ਸਰੋਤ, Getty Images
ਅਜਿਹੀ ਜਾਣਕਾਰੀ ਲੋਕਾਂ ਵਿੱਚ ਕੋਵਿਡ ਮੌਕੇ ਹੋਏ ਤਜਰਬੇ ਤਾਜ਼ਾ ਕਰ ਸਕਦੀ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ ਇਸ ਬਾਰੇ ਚੀਨ ਦੀ ਸਰਕਾਰ ਕੋਲੋਂ ਜਾਣਕਾਰੀ ਦੀ ਮੰਗ ਕਰਨੀ ਚੰਗੀ ਗੱਲ ਹੈ।
ਵਿਸ਼ਵ ਸਿਹਤ ਸੰਗਠਨ ਰੋਜ਼ਾਨਾਂ ਹੀ ਅਜਿਹੀਆਂ ਬਿਮਾਰੀਆਂ ਦੇ ਵਧਣ ਬਾਰੇ ਮੁਲਕਾਂ ਕੋਲੋਂ ਜਾਣਕਾਰੀ ਦੀ ਮੰਗ ਕਰਦਾ ਹੈ।
ਵਿਸ਼ਵ ਸਿਹਤ ਸੰਗਠਨ ਦੇ ਮਾਹਰਾਂ ਦੀ ਇੱਕ ਪੂਰੀ ਟੀਮ ਸੰਸਾਰ ਭਰ ਵਿੱਚ ਛਪਦੀਆਂ ਮੀਡੀਆ ਰਿਪੋਰਟਾਂ ਅਤੇ ਆਪਣੀ ਅੰਦਰੂਨੀ ਜਾਣਕਾਰੀ ਬਾਰੇ ਪਛਾਣ ਕਰਦੀ ਹੈ।
ਇਸ ਮਗਰੋਂ ਮਾਹਰ ਇਹ ਫ਼ੈਸਲਾ ਲੈਂਦੇ ਹਨ ਕਿ ਉਨ੍ਹਾਂ ਨੂੰ ਹੋਰ ਜਾਣਕਾਰੀ ਲੋੜੀਂਦੀ ਹੈ ਜਾਂ ਨਹੀਂ।
ਉਹ ਇਸ ਗੱਲ ਉੱਤੇ ਵੀ ਧਿਆਨ ਦਿੰਦੇ ਹਨ ਕਿ ਜੇਕਰ ਇਸ ਬਿਮਾਰੀਆਂ ਦੇ ਸੰਸਾਰ ਪੱਧਰ ਉੱਤੇ ਫੈਲਣ ਦੀ ਕੋਈ ਸੰਭਾਵਨਾ ਹੈ ਜਾਂ ਨਹੀਂ ।
ਪਰ ਵਿਸ਼ਵ ਸਿਹਤ ਸੰਗਠਨ ਵੱਲੋਂ ਜਨਤਕ ਤੌਰ ‘ਤੇ ਸੂਚਨਾ ਮੰਗਣਾ ਅਸਧਾਰਣ ਹੈ।
ਆਮ ਤੌਰ ਉੱਤੇ ਸੰਸਥਾ ਹੋਰਨਾਂ ਦੇਸਾਂ ਦੇ ਅਧਿਕਾਰੀਆਂ ਕੋਲੋਂ ਨਿੱਜੀ ਤੌਰ ‘ਤੇ ਸੂਚਨਾ ਹਾਸਲ ਕਰਦੀ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸੰਯੁਕਤ ਰਾਸ਼ਟਰ ਅਧੀਨ ਆਉਂਦੀ ਸੰਸਥਾ ਨੂੰ ਇਸ ਬਾਰੇ ਜਾਣਕਾਰੀ ਹੈ ਕਿ ਚੀਨ ਵਿੱਚ ਵਾਇਰਸ ਸਬੰਧੀ ਕੋਈ ਵੀ ਖ਼ਬਰ ਲੋਕਾਂ ਨੂੰ ਚਿੰਤਾ ਵਿੱਚ ਪਾ ਸਕਦੀ ਹੈ।
ਕੋਵਿਡ ਨਾਲ ਜੁੜੀਆਂ ਲੋਕਾਂ ਦੀਆਂ ਯਾਦਾਂ ਹਾਲੇ ਵੀ ਤਾਜ਼ਾ ਹਨ।
ਕੋਵਿਡ ਮਹਾਂਮਾਰੀ ਤੋਂ ਵਿਸ਼ਵ ਸਿਹਤ ਸੰਗਠਨ ਆਪਣੀ ਪਾਰਦਰਸ਼ਤਾ ਵਧਾਉਣ ‘ਤੇ ਕੰਮ ਕਰ ਰਿਹਾ ਹੈ।
ਕਿਹੜੇ ਜਰਾਸੀਮ ਹਨ ਕਾਰਨ

ਤਸਵੀਰ ਸਰੋਤ, Getty Images
ਯੂਕੇ ਦੀ ਹੈਲਥ ਸਿਕਿਓਰਟੀ ਏਜੰਸੀ (ਯੂਕੇਐੱਚਐੱਸਏ) ਨੇ ਕਿਹਾ ਕਿ ਉਹ ਹਾਲਾਤ ਉੱਤੇ ਨਜ਼ਰ ਰੱਖ ਰਹੇ ਹਨ।
ਪਿਛਲੇ ਹਫ਼ਤੇ ਚੀਨ ਦੇ ਨੈਸ਼ਨਲ ਹੈੱਲਥ ਕਮਿਸ਼ਨ ਨੇ ਕਿਹਾ ਕਿ ਦੇਸ ਦੇ ਕਈ ਹਿੱਸਿਆਂ ਵਿੱਚ ਸਾਹ ਸਬੰਧੀ ਮੁਸ਼ਕਲਾਂ ਦੇ ਮਾਮਲੇ ਵੱਧ ਰਹੇ ਹਨ।
ਇਸਦਾ ਕਾਰਨ ਲਾਗ(ਇਨਫੈਕਸ਼ਨ) ਹੈ। ਇਹ ਲਾਗ ਕੋਵਿਡ ਮਾਈਕੋਪਲਾਸਮਾ ਨਿਮੋਨੀਆ ਜਰਾਸੀਮ ਕਰਕੇ ਹੋ ਰਹੀ ਹੈ। ਇਹ ਇੱਕ ਸਧਾਰਣ ਲਾਗ ਹੈ ਜਿਹੜੀ ਕਿ ਜਵਾਨ ਬੱਚਿਆਂ ਉੱਤੇ ਵੱਧ ਅਸਰ ਪਾਉਂਦੀ ਹੈ।
ਇਸ ਲਾਗ ਦਾ ਦੂਜਾ ਕਾਰਨ ਰੈਸਪੀਰੇਟਰੀ ਸਿਨਕਟੀਅਲ ਵਾਇਰਸ (ਆਰਐੱਸਵੀ) ਹੈ।
ਅਫ਼ਸਰਾਂ ਦਾ ਕਹਿਣਾ ਹੈ ਕਿ ਕੋਵਿਡ ਵੇਲੇ ਲਾਈਆਂ ਗਈਆਂ ਰੋਕਾਂ ਨੂੰ ਹਟਾਉਣ ਕਰਕੇ ਇਹ ਹਾਲਾਤ ਬਣੇ ਹਨ।
ਅਜਿਹਾ ਹੀ ਯੂਕੇ ਅਤੇ ਯੂਐੱਸਏ ਵਿੱਚ ਵੀ ਕੋਵਿਡ ਦੀਆਂ ਰੋਕਾਂ ਹਟਾਏ ਜਾਣ ਤੋਂ ਬਾਅਦ ਅਜਿਹੇ ਹਾਲਾਤ ਬਣੇ ਸਨ।
ਕੀ ਇਹ ਨਵੀਂ ਮਹਾਮਾਰੀ ਹੈ?

ਤਸਵੀਰ ਸਰੋਤ, Getty Images/ NurPhoto
ਯੂਨੀਵਰਸਿਟੀ ਕਾਲਜ ਆਫ ਲੰਡਨ ਜੈਨੇਟਿਕਸ ਇੰਸਟੀਚਿਊਟ ਪ੍ਰੌਫ਼ੈਸਰ ਫ੍ਰੈਨਕੋਇਸ ਬੈਲੌਕਸ ਕਹਿੰਦੇ ਹਨ, “ਇਹ ਸੰਭਵ ਹੈ ਕਿ ਚੀਨ ਵਿੱਚ ਬੱਚਿਆਂ ਵਿੱਚ ਫੇਫੜਿਆਂ ਦੀ ਲਾਗ ਦੇ ਮਾਮਲੇ ਵਧੇ ਹਨ, ਇਹ ਕੋਵਿਡ ਕਾਰਨ ਲੰਬੇ ਸਮੇਂ ਤੱਕ ਲਾਗੂ ਰਹੀਆਂ ਰੋਕਾਂ ਹਟਾਏ ਜਾਣ ਤੋਂ ਬਾਅਦ ਪਹਿਲੀਆਂ ਸਰਦੀਆਂ ਹਨ।
“ਇਹ ਹੋ ਸਕਦਾ ਹੈ ਕਿ ਇਨ੍ਹਾਂ ਰੋਕਾਂ ਕਾਰਨ ਹਵਾ ਵਿੱਚ ‘ਰੈਸਪੀਰੇਟੀ ਬੱਗਸ’ ਘਟਾਏ ਹੋਣ ਅਤੇ ਇਸ ਕਰਕੇ ਲੋਕਾਂ ਦੀ ਇਨ੍ਹਾਂ ਨੂੰ ਸਹਿਣ ਦੀ ਸਮਰੱਥਾ ਘੱਟ ਗਈ ਹੋਵੇ।”
ਯੂਨੀਵਰਸਿਟੀ ਆਫ ਈਸਟ ਐਂਗਲੀਆ ਪ੍ਰੋਫ਼ੈੱਸਰ ਪੌਲ ਹੰਟਰ ਨੇ ਕਿਹਾ ਕਿ ਇਸ ਵੇਲੇ ਇਸ ਚੀਨ ਵਿਚਲੇ ਹਾਲਾਤਾਂ ਬਾਰੇ ਬਹੁਤ ਘੱਟ ਜਾਣਕਾਰੀ ਹੈ, ਇਸ ਲਈ ਇਸ ਲਾਗ ਦੇ ਕਾਰਨ ਦੀ ਪਛਾਣ ਕਰਨੀ ਮੁਸ਼ਕਲ ਹੈ।
ਉਨ੍ਹਾਂ ਕਿਹਾ, “ਮੈਨੂੰ ਨਹੀਂ ਲੱਗਦਾ ਕਿ ਇਹ ਨਵੇਂ ਵਾਇਰਸ ਕਾਰਨ ਹੋ ਰਹੀ ਕੋਈ ਨਵੀਂ ਮਹਾਮਾਰੀ ਹੈ।”
“ਜੇਕਰ ਇਹ ਮਹਾਮਾਰੀ ਹੁੰਦੀ ਤਾਂ 18 ਸਾਲ ਤੋਂ ਵੱਧ ਦੀ ਉਮਰ ਦੇ ਲੋਕਾਂ ਉੱਤੇ ਵੀ ਇਸਦਾ ਮਾੜਾ ਪ੍ਰਭਾਵ ਪੈਣਾ ਸੀ।”
ਉਨ੍ਹਾਂ ਕਿਹਾ, “ਵੱਡੀ ਉਮਰ ਦੇ ਲੋਕਾਂ ਵਿੱਚ ਅਜਿਹੇ ਮਾਮਲੇ ਘੱਟ ਹਨ ਕਿਉਂ ਉਹ ਪਹਿਲਾਂ ਵੀ ਇਸ ਅਜਿਹੇ ਜਰਾਸੀਮਾਂ ਦੇ ਸੰਪਰਕ ਵਿੱਚ ਆ ਚੁੱਕੇ ਹਨ।”















