ਕੋਵਿਡ ਡੇਟਾ ਲੀਕ: ਭਾਰਤ ਦੀਆਂ ਨਾਮੀ ਹਸਤੀਆਂ ਸਣੇ ਲੱਖਾਂ ਲੋਕਾਂ ਦੀ ਨਿੱਜੀ ਜਾਣਕਾਰੀ ਲੀਕ ਹੋਣ ਦੇ ਦਾਅਵੇ 'ਤੇ ਸਰਕਾਰ ਦਾ ਜਵਾਬ

ਕੋਵਿਨ ਐਪ

ਤਸਵੀਰ ਸਰੋਤ, Getty Images

ਭਾਰਤ ਵਿੱਚ ਕੋਵਿਡ ਵੈਕਸੀਨ ਲਈ ਰਜਿਸਟਰ ਕਰਨ ਵਾਲੇ ਲੱਖਾਂ ਲੋਕਾਂ ਦਾ ਡੇਟਾ ਕਥਿਤ ਤੌਰ 'ਤੇ ਲੀਕ ਹੋ ਗਿਆ ਹੈ।

ਅਜਿਹਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਨੇਤਾਵਾਂ ਸਣੇ ਕਈ ਮਸ਼ਹੂਰ ਲੋਕਾਂ ਦੇ ਪਾਸਪੋਰਟ, ਆਈਡੀ ਕਾਰਡ ਨੰਬਰ, ਜਨਮਦਿਨ ਅਤੇ ਫ਼ੋਨ ਨੰਬਰ ਵਰਗੀਆਂ ਜਾਣਕਾਰੀਆਂ ਟੈਲੀਗ੍ਰਾਮ ਐਪ 'ਤੇ ਉਪਲੱਬਧ ਹਨ।

ਦਾਅਵਾ ਕੀਤਾ ਜਾ ਰਿਹਾ ਹੈ ਕਿ ਟੈਲੀਗ੍ਰਾਮ ਐਪ 'ਤੇ ਕਿਸੇ ਦਾ ਨੰਬਰ ਐਂਟਰ ਕਰਕੇ ਉਸ ਨਾਲ ਜੁੜੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।

ਟਵਿੱਟਰ 'ਤੇ ਕਈ ਲੋਕਾਂ ਨੇ ਟੈਲੀਗ੍ਰਾਮ ਐਪ ਦੇ ਸਕਰੀਨਸ਼ਾਟ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਉਹ ਕਈ ਮਸ਼ਹੂਰ ਲੋਕਾਂ ਦੀ ਜਾਣਕਾਰੀ ਦੇਖ ਸਕਦੇ ਹਨ।

ਹਾਲਾਂਕਿ, ਭਾਰਤ ਸਰਕਾਰ ਨੇ ਇਨ੍ਹਾਂ ਰਿਪੋਰਟਾਂ ਨੂੰ ਬੇਬੁਨਿਆਦ ਦੱਸਿਆ ਹੈ।

ਸਿਹਤ ਮੰਤਰਾਲੇ ਦਾ ਟਵੀਵ

ਤਸਵੀਰ ਸਰੋਤ, @MoHFW_INDIA

ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਕੋਵਿਨ ਪਲੇਟਫਾਰਮ ਪੂਰੀ ਤਰ੍ਹਾਂ ਸੁਰੱਖਿਅਤ ਹੈ। ਮੰਤਰਾਲੇ ਅਨੁਸਾਰ, "ਇਹ ਰਿਪੋਰਟਾਂ ਬਿਨਾਂ ਕਿਸੇ ਆਧਾਰ ਦੇ ਹਨ ਅਤੇ ਗਲਤ ਕਿਸਮ ਦੀਆਂ ਹਨ।"

ਤ੍ਰਿਣਮੂਲ ਕਾਂਗਰਸ ਦੇ ਬੁਲਾਰੇ ਸਾਕੇਤ ਗੋਖਲੇ ਨੇ ਕਈ ਸਕਰੀਨਸ਼ਾਟ ਸਾਂਝੇ ਕਰਦੇ ਹੋਏ ਦਾਅਵਾ ਕੀਤਾ ਕਿ ਰਾਜ ਸਭਾ ਸੰਸਦ ਮੈਂਬਰ ਡੈਰਿਕ ਓ ਬ੍ਰਾਇਨ, ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਆਗੂ ਪੀ ਚਿਦੰਬਰਮ, ਕਾਂਗਰਸ ਆਗੂ ਜੈਰਾਮ ਰਮੇਸ਼ ਅਤੇ ਕੇਸੀ ਵੇਣੂਗੋਪਾਲ, ਰਾਜ ਸਭਾ ਦੇ ਡਿਪਟੀ ਸਪੀਕਰ ਹਰੀਵੰਸ਼ ਨਰਾਇਣ ਸਿੰਘ, ਰਾਜ ਸਭਾ ਮੈਂਬਰ ਸੁਸ਼ਮਿਤ ਦੇਵ, ਅਭਿਸ਼ੇਕ ਮਨੂ ਸਿੰਘਵੀ ਅਤੇ ਸੰਜੇ ਰਾਉਤ ਵਰਗੇ ਕਈ ਆਗੂਆਂ ਦਾ ਡੇਟਾ ਮੁਫ਼ਤ 'ਚ ਮੌਜੂਦ ਹੈ।

ਇਸ ਤੋਂ ਇਲਾਵਾ ਉਨ੍ਹਾਂ ਦਾਅਵਾ ਕੀਤਾ ਹੈ ਕਿ ਪੱਤਰਕਾਰ ਰਾਜਦੀਪ ਸਰਦੇਸਾਈ, ਬਰਖਾ ਦੱਤ, ਧਨਿਆ ਰਾਜੇਂਦਰਨ ਅਤੇ ਰਾਹੁਲ ਸ਼ਿਵਸ਼ੰਕਰ ਦੀ ਨਿੱਜੀ ਜਾਣਕਾਰੀ ਵੀ ਮੌਜੂਦ ਹੈ।

ਸਰਕਾਰ 'ਤੇ ਸਵਾਲ ਉਠਾਉਂਦੇ ਹੋਏ ਉਨ੍ਹਾਂ ਲਿਖਿਆ, ''ਕੀ ਗ੍ਰਹਿ ਮੰਤਰਾਲੇ ਸਮੇਤ ਮੋਦੀ ਸਰਕਾਰ ਨੂੰ ਇਸ ਡੇਟਾ ਬ੍ਰੀਚ (ਲੀਕ ਹੋਣ) ਦੀ ਜਾਣਕਾਰੀ ਨਹੀਂ ਹੈ?'

"ਮੋਦੀ ਸਰਕਾਰ ਨੇ ਆਧਾਰ ਅਤੇ ਪਾਸਪੋਰਟ ਨੰਬਰ ਸਮੇਤ ਮਹੱਤਵਪੂਰਨ ਨਿੱਜੀ ਜਾਣਕਾਰੀਆਂ ਕਿਸ ਨੂੰ ਲੀਕ ਕੀਤੀਆਂ ਹਨ, ਜਿਸ ਕਾਰਨ ਇਹ ਲੀਕ ਹੋਇਆ ਹੈ।"

ਉਨ੍ਹਾਂ ਲਿਖਿਆ, "ਇਹ ਰਾਸ਼ਟਰੀ ਚਿੰਤਾ ਦਾ ਮਾਮਲਾ ਹੈ।"

ਉਨ੍ਹਾਂ ਨੇ ਮੰਤਰੀ ਅਸ਼ਵਿਨੀ ਵੈਸ਼ਨਵ ਦੀ ਕਾਬਲੀਅਤ 'ਤੇ ਸਵਾਲ ਚੁੱਕਦੇ ਹੋਏ ਲਿਖਿਆ, ''ਪੀਐੱਮ ਮੋਦੀ ਕਦੋਂ ਤੱਕ ਅਸ਼ਵਿਨੀ ਵੈਸ਼ਣਵ ਦੀ ਅਯੋਗਤਾ ਨੂੰ ਲੁਕਾਉਂਦੇ ਰਹਿਣਗੇ।''

ਸਾਕੇਤ ਗੋਖਲੇ

ਤਸਵੀਰ ਸਰੋਤ, Saket Gokhale/Twitter

ਲਾਈਨ
ਟੈਲੀਗ੍ਰਾਮ

ਤਸਵੀਰ ਸਰੋਤ, Getty Images

ਵਿਰੋਧੀ ਧਿਰ ਚੁੱਕ ਰਹੀ ਸਵਾਲ

ਸੀਪੀਆਈਐਮ ਆਗੂ ਸੀਤਾਰਾਮ ਯੇਚੁਰੀ ਨੇ ਸਰਕਾਰ ਨੂੰ ਕਿਹਾ ਹੈ ਕਿ ਡੇਟਾ ਲੀਕ ਕਰਨ ਪਿੱਛੇ ਜਿਸ ਦਾ ਵੀ ਹੱਥ ਹੈ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

ਉਨ੍ਹਾਂ ਕਿਹਾ ਕਿ ਇਹ ਸੁਪਰੀਮ ਕੋਰਟ ਦੇ ਹੁਕਮਾਂ ਦੀ ਸਿੱਧੀ ਉਲੰਘਣਾ ਹੈ, ਜਿਸ ਵਿੱਚ ਨਿੱਜਤਾ ਨੂੰ ਮੌਲਿਕ ਅਧਿਕਾਰ ਮੰਨਿਆ ਗਿਆ ਹੈ।

ਪਾਰਟੀ ਦੁਆਰਾ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ, "ਸਿਹਤ ਮੰਤਰਾਲੇ ਨੇ ਜੂਨ 2021 ਵਿੱਚ ਇਸ ਤਰ੍ਹਾਂ ਦੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਸੀ, ਹਾਲਾਂਕਿ ਕੋਵਿਨ ਸਿਸਟਮ ਦੇ ਕਥਿਤ ਤੌਰ 'ਤੇ ਲੀਕ 'ਤੇ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ ਨੂੰ ਜਾਂਚ ਕਰਨ ਦੇ ਆਦੇਸ਼ ਦਿੱਤੇ ਗਏ ਸਨ।''

''ਇਸ ਜਾਂਚ ਦੀ ਜਾਣਕਾਰੀ ਲੋਕਾਂ ਨੂੰ ਅਜੇ ਤੱਕ ਨਹੀਂ ਦਿੱਤੀ ਗਈ ਹੈ।"

ਸੀਤਾਰਾਮ ਯੇਚੁਰੀ

ਤਸਵੀਰ ਸਰੋਤ, Sitaram Yechury/Twitter

ਦੂਜੇ ਪਾਸੇ ਐੱਨਸੀਪੀ ਦੀ ਸੰਸਦ ਮੈਂਬਰ ਸੁਪ੍ਰੀਆ ਸੁਲੇ ਨੇ ਇਸ 'ਤੇ ਸਰਕਾਰ ਤੋਂ ਸਪੱਸ਼ਟੀਕਰਨ ਮੰਗਿਆ ਹੈ।

ਉਨ੍ਹਾਂ ਟਵਿੱਟਰ 'ਤੇ ਲਿਖਿਆ, "ਜੇਕਰ ਇਹ ਸਾਰੀਆਂ ਰਿਪੋਰਟਾਂ ਸਹੀ ਹਨ, ਤਾਂ ਸਰਕਾਰ ਨੂੰ ਤੁਰੰਤ ਸਫਾਈ ਦੇਣੀ ਚਾਹੀਦੀ ਹੈ ਅਤੇ ਬ੍ਰੀਚ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ।"

ਉਨ੍ਹਾਂ ਲਿਖਿਆ, "ਨਾਗਰਿਕ ਹੋਣ ਦੇ ਨਾਤੇ, ਅਸੀਂ ਵੱਖ-ਵੱਖ ਸਰਕਾਰੀ ਪੋਰਟਲਾਂ 'ਤੇ ਆਪਣਾ ਡੇਟਾ ਦਿੰਦੇ ਹਾਂ ਅਤੇ ਇਹ ਜ਼ਰੂਰੀ ਹੈ ਕਿ ਸਰਕਾਰ ਸਾਡੀ ਜਾਣਕਾਰੀ ਦੀ ਸੁਰੱਖਿਆ ਦੀ ਗਰੰਟੀ ਦੇਣ ਲਈ ਜ਼ਰੂਰੀ ਕਦਮ ਚੁੱਕੇ, ਜਿਸ ਨਾਲ ਸਾਡੀ ਨਿੱਜਤਾ ਦੀ ਰੱਖਿਆ 'ਤੇ ਸ਼ੱਕ ਨਾ ਹੋਵੇ।"

''ਸਮਾਂ ਆ ਗਿਆ ਹੈ ਕਿ ਸਰਕਾਰ ਕਦਮ ਚੁੱਕੇ ਅਤੇ ਮਜ਼ਬੂਤ ਡੇਟਾ ਸੁਰੱਖਿਆ ਕਾਨੂੰਨ ਬਣਾਵੇ, ਜੋ ਸਪੱਸ਼ਟ ਤੌਰ 'ਤੇ ਸਾਡੀ ਗੋਪਨੀਯਤਾ ਨੂੰ ਬਣਾਏ ਰੱਖਦਾ ਹੈ।''

''ਅਸੀਂ ਕਾਰਵਾਈ, ਪਾਰਦਰਸ਼ਤਾ ਅਤੇ ਭਰੋਸਾ ਦੀ ਮੰਗ ਕਰਦੇ ਹਾਂ ਕਿ ਸਾਡੇ ਨਿੱਜੀ ਡੇਟਾ ਨੂੰ ਅੱਗੇ ਕਿਸੇ ਵੀ ਹੋਰ ਉਲੰਘਣਾ ਤੋਂ ਬਚਾਇਆ ਜਾਵੇਗਾ।"

ਸੁਪ੍ਰੀਆ ਸੁਲੇ

ਤਸਵੀਰ ਸਰੋਤ, Supriya Sule/Twitter

ਸਰਕਾਰ ਨੇ ਕਿਹਾ ਕੋਈ ਡਾਟਾ ਲੀਕ ਨਹੀਂ ਹੋਇਆ

ਸਰਕਾਰ ਵੱਲੋਂ ਜਾਰੀ ਇੱਕ ਬਿਆਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੋ-ਵਿਨ ਪੋਰਟਲ ਪੂਰੀ ਤਰ੍ਹਾਂ ਸੁਰੱਖਿਅਤ ਹੈ।

ਸਿਹਤ ਮੰਤਰਾਲੇ ਦੇ ਅਨੁਸਾਰ, "ਡਾਟਾ ਗੋਪਨੀਯਤਾ ਲਈ ਢੁਕਵੇਂ ਸੁਰੱਖਿਆ ਉਪਾਵਾਂ ਨਾਲ ਸਿਹਤ ਮੰਤਰਾਲੇ ਦਾ ਕੋ-ਵਿਨ ਪੋਰਟਲ ਪੂਰੀ ਤਰ੍ਹਾਂ ਸੁਰੱਖਿਅਤ ਹੈ।''

''ਇਸ ਤੋਂ ਇਲਾਵਾ, ਵੈੱਬ ਐਪਲੀਕੇਸ਼ਨ ਫਾਇਰਵਾਲ, ਐਂਟੀ-ਡੀਡੀਓਐਸ, ਐਸਐਸਐਲ/ਟੀਐਲਐਸ, ਨਿਯਮਤ ਮੁਲਾਂਕਣ, ਪਛਾਣ ਅਤੇ ਪਹੁੰਚ ਪ੍ਰਬੰਧਨ ਆਦਿ ਦੇ ਨਾਲ ਕੋ-ਵਿਨ ਪੋਰਟਲ 'ਤੇ ਸੁਰੱਖਿਆ ਉਪਾਅ ਮੌਜੂਦ ਹਨ।''

''ਡੇਟਾ ਤੱਕ ਸਿਰਫ਼ ਓਟੀਪੀ-ਅਧਾਰਿਤ ਪਹੁੰਚ ਪ੍ਰਦਾਨ ਕੀਤੀ ਜਾਂਦੀ ਹੈ। ਕੋ-ਵਿਨ ਪੋਰਟਲ ਵਿੱਚ ਡੇਟਾ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੇ ਕਦਮ ਚੁੱਕੇ ਗਏ ਹਨ ਅਤੇ ਚੁੱਕੇ ਜਾ ਰਹੇ ਹਨ।"

"ਓਟੀਪੀ ਤੋਂ ਬਿਨਾਂ, ਟੀਕਾ ਲੈਣ ਵਾਲਿਆਂ ਦਾ ਡੇਟਾ ਸਾਂਝਾ ਨਹੀਂ ਕੀਤਾ ਜਾ ਸਕਦਾ। ਬਾਲਗ ਟੀਕਾਕਰਨ ਵਿੱਚ, ਸਿਰਫ ਜਨਮ ਦਾ ਸਾਲ ਦਰਜ ਕੀਤਾ ਜਾਂਦਾ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਬੋਟ (ਸਿਸਟਮ) ਜਨਮ ਮਿਤੀ ਦੱਸ ਰਿਹਾ ਹੈ। ਟੀਕਾ ਲੈਣ ਵਾਲਿਆਂ ਤੋਂ ਉਨ੍ਹਾਂ ਦੇ ਪਤੇ ਦੀ ਜਾਣਕਾਰੀ ਨਹੀਂ ਲਈ ਗਈ ਹੈ।

ਕੋਵਿਡ ਟੀਕਾ

ਤਸਵੀਰ ਸਰੋਤ, Getty Images

ਕੋਵਿਨ ਡੇਟਾ ਸੁਰੱਖਿਆ 'ਤੇ ਪਹਿਲਾਂ ਵੀ ਉੱਠੇ ਸਵਾਲ

ਇਸ ਤੋਂ ਪਹਿਲਾਂ ਵੀ ਸਾਲ 2021 'ਚ ਕੋ-ਵਿਨ ਪੋਰਟਲ ਦੇ ਕਰੋੜਾਂ ਲੋਕਾਂ ਦਾ ਡੇਟਾ ਲੀਕ ਹੋਣ ਦਾ ਦਾਅਵਾ ਕੀਤਾ ਗਿਆ ਸੀ।

ਸਾਲ 2022 ਵਿੱਚ ਵੀ ਦਾਅਵਾ ਕੀਤਾ ਗਿਆ ਸੀ ਕਿ ਕੋਵਿਡ ਵੈਕਸੀਨ ਲੈਣ ਵਾਲੇ ਲੋਕਾਂ ਦਾ ਡੇਟਾ ਲੀਕ ਹੋ ਗਿਆ ਹੈ।

ਖ਼ਬਰ ਏਜੰਸੀ ਪੀਟੀਆਈ ਦੇ ਅਨੁਸਾਰ, ਇੱਕ ਸਾਈਬਰ ਅਪਰਾਧੀ ਨੇ ਰੈੱਡ ਫੋਰਮ ਦੀ ਵੈੱਬਸਾਈਟ 'ਤੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਕੋਲ 20,000 ਤੋਂ ਵੱਧ ਲੋਕਾਂ ਦਾ ਡੇਟਾ ਹੈ।

ਜਨਵਰੀ 2022 ਵਿੱਚ, ਨੈਸ਼ਨਲ ਹੈਲਥ ਅਥਾਰਟੀ ਦੇ ਸੀਈਓ, ਆਰਐਸ ਸ਼ਰਮਾ ਨੇ ਕਿਹਾ ਸੀ, "ਕੋ-ਵਿਨ ਇੱਕ ਅਤਿ-ਆਧੁਨਿਕ ਸੁਰੱਖਿਆ ਢਾਂਚਾ ਹੈ ਅਤੇ ਇਸ ਨੂੰ ਕਦੇ ਵੀ ਸੁਰੱਖਿਆ ਉਲੰਘਣਾ ਦਾ ਸਾਹਮਣਾ ਨਹੀਂ ਕਰਨਾ ਪਿਆ ਹੈ। ਕੋਵਿਨ 'ਤੇ ਸਾਡੇ ਨਾਗਰਿਕਾਂ ਦਾ ਡੇਟਾ ਬਿਲਕੁਲ ਸੁਰੱਖਿਅਤ ਹੈ। ਇਸ ਤੋਂ ਡੇਟਾ ਲੀਕ ਬਾਰੇ ਕਿਸੇ ਵੀ ਖ਼ਬਰ ਵਿੱਚ ਕੋਈ ਦਮ ਨਹੀਂ ਹੈ।''

ਲਾਈਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)