You’re viewing a text-only version of this website that uses less data. View the main version of the website including all images and videos.
ਓਲੰਪਿਕ ਖੇਡਾਂ : ਪੈਰਿਸ 'ਚ ਭਾਰਤ ਵਲੋਂ ਖੇਡ ਰਹੇ ਪੰਜਾਬ ਪੁਲਿਸ ਦੇ 6 ਅਫ਼ਸਰ, ਜੋ ਹਨ ਤਗਮੇ ਦੀ ਉਮੀਦ
- ਲੇਖਕ, ਸੌਰਭ ਦੁੱਗਲ
- ਰੋਲ, ਖੇਡ ਪੱਤਰਕਾਰ
ਤਕਰੀਬਨ ਦੋ ਦਹਾਕਿਆਂ ਬਾਅਦ ਪੰਜਾਬ ਪੁਲਿਸ ਨੇ ਓਲੰਪਿਕ ਵਿੱਚ ਜ਼ੋਰਦਾਰ ਵਾਪਸੀ ਕੀਤੀ ਹੈ। ਪੈਰਿਸ ਖੇਡਾਂ ਵਿੱਚ ਸ਼ਾਮਲ ਹੋਣ ਗਏ ਭਾਰਤੀ ਦਲ ਵਿੱਚ ਪੰਜਾਬ ਪੁਲਿਸ ਦੇ ਛੇ ਅਫ਼ਸਰ ਸ਼ਾਮਲ ਹਨ।
ਇਨ੍ਹਾਂ ਅਫ਼ਸਰਾਂ ਵਿੱਚ ਮਨਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ, ਸ਼ਮਸ਼ੇਰ ਸਿੰਘ, ਮਨਦੀਪ ਸਿੰਘ (ਸਾਰੇ ਹਾਕੀ ਵਿੱਚ), ਤੇਜਿੰਦਰਪਾਲ ਸਿੰਘ ਤੂਰ (ਅਥਲੈਟਿਕਸ) ਅਤੇ ਅੰਜੁਮ ਮੋਦਗਿਲ (ਸ਼ੂਟਿੰਗ) ਦੇ ਨਾਂ ਸ਼ਾਮਲ ਹਨ।
ਪੰਜਾਬ ਪੁਲਿਸ ਨੇ ਹੁਣ ਤੱਕ 50 ਓਲੰਪੀਅਨ ਅਤੇ 31 ਮੈਡਲ ਭਾਰਤ ਦੀ ਝੋਲੀ ਪਾਏ ਹਨ।
ਸਾਲ 2024 ਦੀਆਂ ਪੈਰਿਸ ਖੇਡਾਂ ਤੋਂ ਪਹਿਲਾਂ, ਪੰਜਾਬ ਪੁਲਿਸ ਦੀ ਭਰਵੀਂ ਹਾਜ਼ਰੀ 2004 ਦੀਆਂ ਏਥਨਜ਼ ਖੇਡਾਂ ਵਿੱਚ ਲੱਗੀ ਸੀ।
ਉਨ੍ਹਾਂ ਖੇਡਾਂ ਵਿੱਚ ਪੰਜਾਬ ਪੁਲਿਸ ਦੇ ਅੱਠ ਅਫਸਰ ਸ਼ਾਮਲ ਹੋਏ ਸਨ, ਜਿਨ੍ਹਾਂ ਵਿੱਚੋਂ ਚਾਰ ਮਰਦ ਅਤੇ ਚਾਰ ਔਰਤ ਅਫ਼ਸਰ ਸਨ।
ਅਜ਼ਾਦੀ ਤੋਂ ਬਾਅਦ ਪੰਜਾਬ ਪੁਲਿਸ ਪੰਜਾਬ ਦੀਆਂ ਖੇਡਾਂ ਨੂੰ ਲਗਾਤਾਰ ਹੱਲਾਸ਼ੇਰੀ ਦਿੰਦੀ ਆਈ ਹੈ ਅਤੇ ਸੂਬੇ ਦੇ ਖਿਡਾਰੀਆਂ ਨੂੰ ਨੌਕਰੀ ਦੇਣ ਵਿੱਚ ਹਮੇਸ਼ਾ ਮੋਹਰੀ ਰਹੀ ਹੈ।
ਇਸੇ ਕਾਰਨ ਭਾਰਤ ਦੇ ਅਨਾਜ ਭੜੋਲੇ ਵਜੋਂ ਜਾਣਿਆ ਜਾਂਦਾ ਸੂਬਾ ਖੇਡ ਖੇਤਰ ਵਿੱਚ ਵੀ ਪਾਵਰ ਹਾਊਸ ਬਣ ਸਕਿਆ ਹੈ।
ਹਾਲਾਂਕਿ 2005 ਤੋਂ ਬਾਅਦ ਪੁਲਿਸ ਵਿੱਚ ਖਿਡਾਰੀਆਂ ਦੀ ਬਕਾਇਦਾ ਭਰਤੀ ਕਾਰਨ ਘਟਣ ਕਾਰਨ, ਖੇਡਾਂ ਵਿੱਚ ਪੰਜਾਬ ਪੁਲਿਸ ਦਾ ਦਬਦਬਾ ਘਟਿਆ।
ਸਾਲ 2012 ਦੀਆਂ ਲੰਡਨ ਅਤੇ 2016 ਦੀਆਂ ਰੀਓ ਓਲੰਪਿਕ ਖੇਡਾਂ ਵਿੱਚ ਪੰਜਾਬ ਪੁਲਿਸ ਵੱਲੋਂ ਸਿਰਫ਼ ਇੱਕ-ਇੱਕ ਖਿਡਾਰੀ ਹੀ ਸ਼ਾਮਲ ਹੋਇਆ ਸੀ। ਜਦਕਿ 2020 ਦੀਆਂ ਟੋਕੀਓ ਖੇਡਾਂ ਵਿੱਚ ਸਿਰਫ਼ ਦੋ ਖਿਡਾਰੀ, ਇੱਕ ਹਾਕੀ ਤੇ ਦੂਜਾ ਸ਼ੂਟਿੰਗ ਵਿੱਚ ਗਿਆ।
ਮਨਪ੍ਰੀਤ ਸਿੰਘ, ਜਿਨ੍ਹਾਂ ਦੀ ਅਗਵਾਈ ਵਿੱਚ ਭਾਰਤੀ ਹਾਕੀ ਟੀਮ ਨੇ 2020 ਦੀਆਂ ਟੋਕੀਓ ਓਲੰਪਿਕ ਵਿੱਚ ਭਾਰਤ ਨੂੰ ਕਾਂਸੇ ਦੇ ਮੈਡਲ ਤੱਕ ਪਹੁੰਚਾਇਆ। ਪੰਜਾਬ ਪੁਲਿਸ ਨੇ ਉਨ੍ਹਾਂ ਨੂੰ 2016 ਵਿੱਚ ਡੀਐੱਸਪੀ ਦੇ ਅਹੁਦੇ ਉੱਤੇ ਪੁਲਿਸ ਵਿੱਚ ਭਰਤੀ ਕੀਤਾ ਸੀ।
ਜਦਕਿ ਨਿਸ਼ਾਨੇਬਾਜ਼ ਸ਼ੂਟਰ ਅੰਜੁਮ ਮੋਦਗਿਲ ਨੂੰ ਸਾਲ 2017 ਵਿੱਚ ਖੇਡ ਕੋਟੇ ਦੇ ਤਹਿਤ ਸਬ-ਇੰਸਪੈਕਟਰ ਭਰਤੀ ਕੀਤਾ ਗਿਆ ਸੀ।
ਇਹ ਦੋਵੇਂ ਮਨਪ੍ਰੀਤ ਅਤੇ ਅੰਜੁਮ ਇਸ ਵਾਰ ਪੈਰਿਸ ਗਏ ਭਾਰਤੀ ਦਲ ਦੇ ਮੈਂਬਰ ਹਨ।
ਇਸੇ ਸਾਲ ਦੇ ਸ਼ੁਰੂ ਵਿੱਚ ਪੰਜਾਬ ਸਰਕਾਰ ਨੇ ਟੋਕੀਓ ਖੇਡ ਕੇ ਆਈ ਮਰਦਾਂ ਦੀ ਹਾਕੀ ਟੀਮ ਦੇ ਮੈਂਬਰਾਂ ਅਤੇ ਸ਼ੌਟ ਪੁੱਟ ਖਿਡਾਰੀ ਤੇਜਿੰਦਰਪਾਲ ਸਿੰਘ ਤੂਰ ਅਤੇ ਭਾਰਤੀ ਕ੍ਰਿਕਟ ਟੀਮ (ਕੁੜੀਆਂ) ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਪੰਜਾਬ ਪੁਲਿਸ ਵਿੱਚ ਡੀਐੱਸਪੀ ਅਤੇ ਸਿਵਲ ਸੇਵਾ ਦੀਆਂ ਨੌਕਰੀਆਂ ਨਾਲ ਸਨਮਾਨਿਤ ਕੀਤਾ।
ਹਰਮਨਪ੍ਰੀਤ ਪੈਰਿਸ ਗਈ ਭਾਰਤੀ ਮਰਦਾਂ ਦੀ ਹਾਕੀ ਟੀਮ ਦੇ ਕਪਤਾਨ ਹਨ। ਉਨ੍ਹਾਂ ਨੇ ਆਪਣੇ ਹੋਰ ਸਾਥੀਆਂ— ਮਨਦੀਪ ਸਿੰਘ, ਸ਼ਮਸ਼ੇਰ ਸਿੰਘ ਨਾਲ ਪੰਜਾਬ ਪੁਲਿਸ ਵਿੱਚ ਡੀਐੱਸਪੀ ਦਾ ਅਹੁਦਾ ਸਵੀਕਾਰ ਕੀਤਾ ਸੀ।
ਪੈਰਿਸ ਗਏ ਦੂਜੇ ਮੈਂਬਰ ਹਾਰਦਿਕ ਸਿੰਘ ਅਤੇ ਤੇਜਿੰਦਰਪਾਲ ਸਿੰਘ ਤੂਰ ਨੇ ਸਿਵਲ ਸਰਵਿਸ ਵਿੱਚ ਨੌਕਰੀ ਦੀ ਪੇਸ਼ਕਸ਼ ਨੂੰ ਸਵੀਕਾਰ ਕੀਤਾ।
ਅੰਜੁਮ ਮੋਦਗਿਲ 50 ਮੀਟਰ 3 ਪੁਜ਼ੀਸ਼ਨਜ਼ ਰਾਈਫਲ ਈਵੈਂਟ ਵਿੱਚ ਹਿੱਸਾ ਲੈ ਰਹੇ ਹਨ।
ਉਨ੍ਹਾਂ ਨੇ ਕਿਹਾ, “ਮੈਂ ਪੈਰਿਸ ਓਲੰਪਿਕ ਵਿੱਚ ਆਪਣੇ ਵਿਭਾਗ (ਪੰਜਾਬ ਪੁਲਿਸ), ਸੂਬੇ ਅਤੇ ਦੇਸ ਨੂੰ ਮਾਣ ਮਹਿਸੂਸ ਕਰਵਾਉਣਾ ਚਾਹੁੰਦੀ ਹਾਂ।”
ਬੀਜਿੰਗ ਓਲੰਪੀਅਨ ਅਵਨੀਤ ਕੌਰ ਸਿੱਧੂ ਜੋ ਕਿ ਫਿਲਹਾਲ ਬਠਿੰਡਾ ਵਿੱਚ ਏਆਈਜੀ ਪੁਲਿਸ ਵਜੋਂ ਤੈਨਾਤ ਹਨ।
ਉਹ ਕਹਿੰਦੇ ਹਨ, “ਇਹ ਸਮੁੱਚੀ ਪੰਜਾਬ ਪੁਲਿਸ ਲਈ ਇੱਕ ਮਾਣ ਦੀ ਗੱਲ ਹੈ ਕਿ ਸੂਬੇ ਦੇ ਪੁਲਿਸ ਵਿਭਾਗ ਵਿੱਚੋਂ ਛੇ ਮੈਂਬਰ 2024 ਪੈਰਿਸ ਓਲੰਪਿਕ ਲਈ ਭਾਰਤੀ ਦਲ ਦੇ ਮੈਂਬਰ ਹਨ। ਨੌਜਵਾਨਾਂ ਨੂੰ ਖੇਡਾਂ ਵਿੱਚ ਪੇਸ਼ੇਵਰ ਰੂਪ ਵਿੱਚ ਅੱਗੇ ਵਧਣ ਲਈ ਉਤਸ਼ਾਹਿਤ ਕਰਨ ਲਈ ਨੌਕਰੀਆਂ ਚੰਗੀ ਪ੍ਰੇਰਨਾ ਹਨ।”
ਅਵਨੀਤ ਨੂੰ 2011 ਵਿੱਚ ਡੀਐੱਸਪੀ ਵਜੋਂ ਭਰਤੀ ਕੀਤਾ ਗਿਆ ਸੀ ਅਤੇ ਫਿਰ 2020 ਵਿੱਚ ਤਰੱਕੀ ਦੇ ਕੇ ਐੱਸਪੀ ਬਣਾ ਦਿੱਤਾ ਗਿਆ ਸੀ।
ਸਾਲ 2007 ਤੋਂ 2022 ਤੱਕ ਹਰਿਆਣਾ ਨੇ ਸੂਬੇ ਵਿੱਚੋਂ ਕਈ ਉੱਘੇ ਖਿਡਾਰੀਆਂ ਨੂੰ ਸਬ-ਇੰਸਪੈਕਟਰ ਅਤੇ ਡੀਐੱਸਪੀ ਵਜੋਂ ਭਰਤੀ ਕੀਤਾ।
ਇਨ੍ਹਾਂ ਭਰਤੀਆਂ ਨੇ ਸੂਬੇ ਦੇ ਨੌਜਵਾਨਾਂ ਵਿੱਚ ਖੇਡਾਂ ਨੂੰ ਬਹੁਤ ਹੱਲਾਸ਼ੇਰੀ ਦਿੱਤੀ। ਲੇਕਿਨ 2024 ਦੀਆਂ ਓਲੰਪਿਕ ਵਿੱਚ ਹਰਿਆਣਾ ਪੁਲਿਸ ਦਾ ਸਿਰਫ਼ ਇੱਕ ਹੀ ਖਿਡਾਰੀ ਹਿੱਸਾ ਲੈ ਰਿਹਾ ਹੈ।
ਪੰਜਾਬ ਪੁਲਿਸ ਅਤੇ ਓਲੰਪਿਕਸ
ਪੰਜਾਬ ਪੁਲਿਸ ਨੇ ਹਮੇਸ਼ਾ ਖੇਡ ਕੋਟੇ ਤਹਿਤ ਖਿਡਾਰੀਆਂ ਨੂੰ ਨੌਕਰੀ ਦੇ ਕੇ ਖੇਡਾਂ ਦੀ ਪਿੱਠ ਥਾਪੜੀ ਹੈ।
ਸਾਲ 1948 ਦੀਆਂ ਓਲੰਪਿਕਸ ਤੋਂ ਲੈ ਕੇ ਪੰਜਾਬ ਪੁਲਿਸ ਲਗਾਤਾਰ ਖੇਡਾਂ ਦੇ ਮਹਾਂ-ਕੁੰਭ ਵਿੱਚ ਸ਼ਾਮਲ ਹੋਣ ਜਾ ਰਹੇ ਭਾਰਤੀ ਦਲ ਵਿੱਚ ਆਪਣੀ ਮੌਜੂਦਗੀ ਦਰਜ ਕਰਵਾਉਂਦੀ ਰਹੀ ਹੈ। ਇਹ ਖਿਡਾਰੀ ਜ਼ਿਆਦਾਤਰ ਹਾਕੀ ਵਿੱਚੋਂ ਰਹੇ ਹਨ।
ਪੰਜਾਬ ਪੁਲਿਸ ਕੋਲ 31 ਓਲੰਪਿਕ ਮੈਡਲ ਹਨ, ਇਹ ਗਿਣਤੀ ਦੇਸ ਵਿੱਚ ਕਿਸੇ ਵੀ ਸੂਬੇ ਜਾਂ ਕੇਂਦਰ ਸ਼ਾਸ਼ਿਤ ਇਲਾਕੇ ਦੀ ਪੁਲਿਸ ਦੇ ਓਲੰਪਿਕ ਮੈਡਲਾਂ ਨਾਲੋਂ ਜ਼ਿਆਦਾ ਹੈ।
ਹੁਣ ਤੱਕ ਪੰਜਾਬ ਪੁਲਿਸ ਨੇ 50 ਓਲੰਪੀਅਨ, ਵੱਖ-ਵੱਖ ਖੇਡਾਂ ਵਿੱਚ ਪੈਦਾ ਕੀਤੇ ਹਨ। ਜਿਵੇਂ— ਹਾਕੀ, ਅਥਲੈਟਿਕਸ, ਜਿਮਨਾਸਟਿਕਸ, ਬਾਸਕਿਟ ਬਾਲ, ਜੂਡੋ, ਭਾਰ ਚੁੱਕਣਾ ਅਤੇ ਸ਼ੂਟਿੰਗ।
ਪੰਜਾਬ ਦੇ ਸਾਬਕਾ ਡੀਜੀਪੀ ਆਰਐੱਸ ਗਿੱਲ ਮੁਤਾਬਕ, “ਅਜ਼ਾਦੀ ਤੋਂ ਬਾਅਦ, ਪੰਜਾਬ ਪੁਲਿਸ ਦੇ ਪਹਿਲੇ ਮੁਖੀ ਆਈਜੀ ਸੰਤ ਪ੍ਰਕਾਸ਼ ਸਿੰਘ, ਖੇਡਾਂ ਨੂੰ ਬਹੁਤ ਉਤਸ਼ਾਹਿਤ ਕਰਦੇ ਸਨ ਅਤੇ ਉਨ੍ਹਾਂ ਨੇ ਕਈ ਉੱਚ ਪੱਧਰੀ ਖਿਡਾਰੀ ਸੂਬੇ ਦੀ ਪੁਲਿਸ ਵਿੱਚ ਭਰਤੀ ਕੀਤੇ। ਉਨ੍ਹਾਂ ਦੇ ਨਕਸ਼ੇ ਕਦਮਾਂ ਉੱਤੇ ਤੁਰਦੇ ਹੋਏ ਉਨ੍ਹਾਂ ਤੋਂ ਬਾਅਦ ਦੇ ਅਧਿਕਾਰੀਆਂ ਨੇ ਵੀ ਖਿਡਾਰੀਆਂ ਨੂੰ ਪੁਲਿਸ ਵਿੱਚ ਭਰਤੀ ਕੀਤਾ ਹੈ।”
ਆਰਐੱਸ ਗਿੱਲ ਖੁਦ ਵੀ ਖੇਡਾਂ ਨੂੰ ਉਤਸ਼ਾਹਿਤ ਕਰਨ ਵਿੱਚ ਮੋਹਰੀ ਰਹੇ ਹਨ।
ਪੰਜਾਬ ਪੁਲਿਸ ਵਿੱਚ ਖੇਡਾਂ ਦੀ ਸ਼ੁਰੂਆਤ
ਪੰਜਾਬ ਪੁਲਿਸ ਦਾ ਖੇਡਾਂ ਨਾਲ ਰਿਸ਼ਤਾ ਖਾਸ ਕਰਕੇ ਹਾਕੀ ਨਾਲ ਅਜ਼ਾਦੀ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ। ਸੰਨ 1940 ਦੇ ਦਹਾਕੇ ਦੇ ਸ਼ੁਰੂ ਵਿੱਚ, ਪੰਜਾਬ ਭਾਰਤੀ ਹਾਕੀ ਦਾ ਪਾਵਰ ਹਾਊਸ ਬਣ ਗਿਆ।
ਇਸ ਵਿੱਚ ਜ਼ਿਆਦਾਤਰ ਯੋਗਦਾਨ ਪੰਜਾਬ ਪੁਲਿਸ ਦੇ ਤਤਕਾਲੀ ਮੁਖੀ ਆਈਜੀ ਜੌਹਨ ਬੈਨਿਟ ਦਾ ਸੀ। ਉਹ ਪੰਜਾਬ ਹਾਕੀ ਫੈਡਰੇਸ਼ਨ ਦੇ ਮੁਖੀ ਵੀ ਸਨ।
ਜਦੋਂ ਬਲਬੀਰ ਸਿੰਘ ਸੀਨੀਅਰ ਨੇ ਪੰਜਾਬ ਪੁਲਿਸ ਵਿੱਚ ਸ਼ਾਮਲ ਹੋਣ ਤੋਂ ਮਨ੍ਹਾਂ ਕਰ ਦਿੱਤਾ ਤਾਂ ਉਨ੍ਹਾਂ ਦੇ ਹਥਕੜੀਆਂ ਤੱਕ ਲਗਵਾ ਦਿੱਤੀਆਂ ਸਨ।
ਬਲਬੀਰ ਸਿੰਘ ਸੀਨੀਅਰ ਉਦੋਂ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿਦਿਆਰਥੀ ਸਨ।
ਬਲਬੀਰ ਸਿੰਘ ਨੂੰ ਦੋ ਵਿਕਲਪ ਦਿੱਤੇ ਗਏ, ਪਹਿਲਾ ਉਹ ਪੰਜਾਬ ਪੁਲਿਸ ਵਿੱਚ ਸ਼ਾਮਲ ਹੋ ਕੇ ਵਿਭਾਗ ਲਈ ਹਾਕੀ ਖੇਡਣ ਜਾਂ ਜੇਲ੍ਹ ਜਾਣ। ਆਖਰ ਬਲਬੀਰ ਸਿੰਘ ਪੰਜਾਬ ਪੁਲਿਸ ਵਿੱਚ ਭਰਤੀ ਹੋ ਗਏ।
ਜੌਹਨ ਬੈਨਿਟ ਦੇ ਉਪਰਾਲਿਆਂ ਸਦਕਾ ਹੀ ਪਹਿਲਾਂ 1947 ਅਤੇ ਫਿਰ 1948 ਵਿੱਚ ਪੰਜਾਬ ਨੇ ਹਾਕੀ ਦੇ ਕੌਮੀ ਖਿਤਾਬ ਉੱਤੇ ਕਬਜ਼ਾ ਕੀਤਾ।
ਵੰਡ ਦੇ ਨਾਲ ਹੀ ਪੰਜਾਬ ਦੀ ਹਾਕੀ ਟੀਮ ਵੀ ਵੰਡੀ ਗਈ। ਅਜ਼ਾਦੀ ਤੋਂ ਬਾਅਦ ਸੰਤ ਪ੍ਰਕਾਸ਼ ਸਿੰਘ ਚੜ੍ਹਦੇ ਪੰਜਾਬ ਦੇ ਪਹਿਲੇ ਆਈਜੀ (ਇੰਸਪੈਕਟਰ ਜਨਰਲ) ਬਣੇ। ਉਨ੍ਹਾਂ ਨੇ ਪੰਜਾਬ ਦੀ ਹਾਕੀ ਟੀਮ ਨੂੰ ਮੁੜ ਇਕੱਠਾ ਕਰਨ ਦੀ ਜ਼ਿੰਮੇਵਾਰੀ ਅਸ਼ਵਨੀ ਕੁਮਾਰ ਨੂੰ ਦਿੱਤੀ ਜੋ ਕਿ ਸਾਂਝੇ ਪੰਜਾਬ ਦੇ ਇੱਕ ਜ਼ਿਲ੍ਹੇ ਦੇ ਐੱਸਪੀ ਸਨ।
ਭਾਰਤੀ ਪੰਜਾਬ ਦੀ ਨਵੀਂ ਹਾਕੀ ਫੈਡਰੇਸ਼ਨ ਬਣਾਈ ਗਈ, ਸੰਤ ਪ੍ਰਕਾਸ਼ ਸਿੰਘ ,ਇਸਦੇ ਪਹਿਲੇ ਪ੍ਰਧਾਨ ਅਤੇ ਅਸ਼ਵਨੀ ਕੁਮਾਰ ਕਾਰਜਕਾਰਨੀ ਦੇ ਪ੍ਰਧਾਨ ਬਣਾਏ ਗਏ।
ਅਸ਼ਵਨੀ ਕੁਮਾਰ ਨੇ ਕਈ ਹਾਕੀ ਖਿਡਾਰੀਆਂ ਨੂੰ ਪੰਜਾਬ ਪੁਲਿਸ ਵਿੱਚ ਨੌਕਰੀ ਦਿੱਤੀ। ਉਨ੍ਹਾਂ ਨੇ ਸਾਰੀ ਟੀਮ ਨੂੰ ਆਪਣੀ ਨਿਗਰਾਨੀ ਹੇਠ ਅੰਬਾਲੇ ਹੀ ਰੱਖਿਆ। ਹੌਲੀ-ਹੌਲੀ ਪੰਜਾਬ ਦੀ ਹਾਕੀ ਟੀਮ ਨੇ ਭਾਰਤੀ ਹਾਕੀ ਵਿੱਚ ਮੁੜ ਤੋਂ ਆਪਣੀ ਸਰਦਾਰੀ ਕਾਇਮ ਕਰ ਲਈ।
ਸਾਲ 1948 ਦੀਆਂ ਓਲੰਪਿਕ ਖੇਡਾਂ ਵਿੱਚ ਪੰਜਾਬ ਪੁਲਿਸ ਦੇ ਦੋ ਖਿਡਾਰੀ, ਬਲਬੀਰ ਸਿੰਘ ਸੀਨੀਅਰ ਅਤੇ ਤਰਲੋਚਨ ਸਿੰਘ ਬਾਵਾ ਸ਼ਾਮਲ ਸਨ।
ਇਨ੍ਹਾਂ ਵਿੱਚੋਂ ਬਲਬੀਰ ਸਿੰਘ ਨੂੰ ਅਜ਼ਾਦੀ ਤੋਂ ਪਹਿਲਾਂ ਅਤੇ ਤਰਲੋਚਨ ਸਿੰਘ ਨੂੰ 1948 ਵਿੱਚ ਭਰਤੀ ਕੀਤਾ ਗਿਆ ਸੀ।
ਤਿੰਨ ਵਾਰ ਦੇ ਓਲੰਪਿਕ ਗੋਲਡ ਮੈਡਲਿਸਟ ਬਲਬੀਰ ਸਿੰਘ ਸੀਨੀਅਰ ਨੇ ਸਾਲ 2015 ਵਿੱਚ ਅਸ਼ਵਨੀ ਕੁਮਾਰ ਦੀ ਸ਼ਰਧਾਂਜਲੀ ਲਿਖਦੇ ਹੋਏ, ਲਿਖਿਆ, “ਵੰਡ ਤੋਂ ਬਾਅਦ ਪੰਜਾਬ ਦੀ ਹਾਕੀ ਟੀਮ ਬਣਾਉਣ ਦਾ ਪੂਰਾ ਸਿਹਰਾ ਪੰਜਾਬ ਪੁਲਿਸ ਦੇ ਦੋ ਬਹਾਦਰ ਅਫਸਰਾਂ ਸੰਤ ਪ੍ਰਕਾਸ਼ ਸਿੰਘ ਅਤੇ ਅਸ਼ਵਨੀ ਕੁਮਾਰ ਨੂੰ ਜਾਂਦਾ ਹੈ।”
ਹਾਕੀ ਤੋਂ ਬਾਅਦ ਦੂਜੀਆਂ ਖੇਡਾਂ
ਪੰਜਾਬ ਆਰਮਡ ਪੁਲਿਸ ਜਲੰਧਰ, ਦੇ ਮੁਖੀ ਰਹਿੰਦਿਆਂ ਅਸ਼ਵਨੀ ਕੁਮਾਰ ਨੇ ਪੰਜਾਬ ਪੁਲਿਸ ਵਿੱਚ ਹੋਰ ਖੇਡਾਂ ਜਿਵੇਂ— ਕੁਸ਼ਤੀ, ਫੁੱਟਬਾਲ ਅਤੇ ਅਥਲੈਟਿਕਸ ਸ਼ਾਮਲ ਕੀਤੀਆਂ। ਉਨ੍ਹਾਂ ਦੀ ਅਗਵਾਈ ਵਿੱਚ ਪੀਏਪੀ ਜਲੰਧਰ ਪੰਜਾਬ ਪੁਲਿਸ ਦੀਆਂ ਖੇਡਾਂ ਦਾ ਧੁਰਾ ਬਣ ਗਿਆ।
ਸਾਲ 1948 ਦੀਆਂ ਓਲੰਪਿਕ ਵਿੱਚ ਹਾਕੀ ਦੇ ਦੋ ਖਿਡਾਰੀਆਂ ਅਤੇ ਪਹਿਲਵਾਨ ਬੰਤਾ ਸਿੰਘ ਤੋਂ ਲੈ ਕੇ 1952 ਦੀਆਂ ਓਲੰਪਿਕ ਖੇਡਾਂ ਵਿੱਚ ਪੰਜਾਬ ਪੁਲਿਸ ਦੇ ਚਾਰ ਖਿਡਾਰੀ– ਬਲਬੀਰ ਸਿੰਘ ਸੀਨੀਅਰ, ਊਧਮ ਸਿੰਘ, ਰਘਬੀਰ ਲਾਲ ਅਤੇ ਦਰਸ਼ਨ ਸਿੰਘ ਸੀਨੀਅਰ ਸ਼ਾਮਲ ਸਨ।
ਇਨ੍ਹਾਂ ਦੀ ਹਾਕੀ ਟੀਮ ਸੋਨ ਤਮਗਾ ਲੈ ਕੇ ਆਈ। ਇਨ੍ਹਾਂ ਤੋਂ ਇਲਾਵਾ ਗੁਲਜ਼ਾਰ ਸਿੰਘ ਨੇ ਅਥਲੈਟਿਕਸ ਵਿੱਚ ਅਤੇ ਵੀਰ ਸਿੰਘ ਨੇ ਜਿਮਨਾਸਟਿਕ ਵਿੱਚ ਹਿੱਸਾ ਲਿਆ।
ਸਾਲ 1956 ਦੀਆਂ ਓਲੰਪਿਕ ਖੇਡਾਂ ਵਿੱਚ ਪੰਜਾਬ ਪੁਲਿਸ ਦੇ ਪੰਜ ਖਿਡਾਰੀ— ਬਲਬੀਰ ਸਿੰਘ ਸੀਨੀਅਰ, ਊਧਮ ਸਿੰਘ, ਰਘਬੀਰ ਲਾਲ, ਬਖ਼ਸ਼ੀਸ਼ ਸਿੰਘ ਅਤੇ ਗੁਰਦੇਵ ਸਿੰਘ— ਗੋਲਡ ਮੈਡਲ ਜਿੱਤਣ ਵਾਲੀ ਟੀਮ ਦੇ ਮੈਂਬਰ ਸਨ। ਜਦਕਿ ਅਜੀਤ ਸਿੰਘ ਭੁੱਲਰ ਅਤੇ ਜਗਦੇਵ ਸਿੰਘ ਨੇ ਅਥਲੈਟਕਸ ਵਿੱਚ ਹਿੱਸਾ ਲਿਆ।
1960 ਦੀਆਂ ਓਲੰਪਿਕ ਖੇਡਾਂ ਵਿੱਚ, ਪੰਜਾਬ ਪੁਲਿਸ ਦੇ ਤਿੰਨ ਖਿਡਾਰੀ (ਊਧਮ ਸਿੰਘ, ਚਰਨਜੀਤ ਸਿੰਘ, ਅਤੇ ਪ੍ਰਿਥੀਪਾਲ ਸਿੰਘ) ਚਾਂਦੀ ਦਾ ਤਗਮਾ ਜੇਤੂ ਹਾਕੀ ਟੀਮ ਵਿੱਚ ਸਨ ਅਤੇ ਜਗਮੋਹਨ ਸਿੰਘ ਨੇ ਐਥਲੈਟਿਕਸ ਵਿੱਚ ਹਿੱਸਾ ਲਿਆ।
ਸਾਲ 1964 ਦੀ ਸੋਨ ਤਗਮਾ ਜੇਤੂ ਟੀਮ ਵਿੱਚ ਪੰਜਾਬ ਪੁਲਿਸ ਦੇ ਸੱਤ ਖਿਡਾਰੀ (ਊਧਮ ਸਿੰਘ, ਪ੍ਰਿਥੀਪਾਲ ਸਿੰਘ, ਚਰਨਜੀਤ ਸਿੰਘ, ਦਰਸ਼ਨ ਸਿੰਘ, ਜਗਜੀਤ ਸਿੰਘ, ਬਲਬੀਰ ਸਿੰਘ ਜੂਨੀਅਰ, ਅਤੇ ਧਰਮ ਸਿੰਘ ਜੂਨੀਅਰ) ਸ਼ਾਮਲ ਸਨ, ਜਿਸ ਵਿੱਚ ਕਿਰਪਾਲ ਸਿੰਘ ਨੇ ਜਿਮਨਾਸਟਿਕ ਵਿੱਚ ਭਾਗ ਲਿਆ ਸੀ।
1968 ਦੀਆਂ ਉਲੰਪਿਕ ਖੇਡਾਂ ਵਿੱਚ ਪੰਜਾਬ ਪੁਲਿਸ ਦੇ ਚਾਰ ਖਿਡਾਰੀ ਪ੍ਰਿਥੀਪਾਲ ਸਿੰਘ, ਜਗਜੀਤ ਸਿੰਘ, ਧਰਮ ਸਿੰਘ ਮਾਨ ਅਤੇ ਤਰਸੇਮ ਸਿੰਘ ਕਾਂਸੀ ਦਾ ਤਗਮਾ ਜਿੱਤਣ ਵਾਲੀ ਹਾਕੀ ਟੀਮ ਵਿੱਚ ਸ਼ਾਮਲ ਹਨ।
ਸਾਬਕਾ ਡੀਜੀਪੀ, ਪੰਜਾਬ ਆਰਐਸ ਗਿੱਲ ਕਹਿੰਦੇ ਹਨ,“1947 ਤੋਂ 1966 ਤੱਕ ਪੰਜਾਬ ਪੁਲਿਸ ਦਾ ਖੇਡਾਂ ਵਿੱਚ ਸੁਨਹਿਰੀ ਦੌਰ ਸੀ ਅਤੇ ਪੁਲਿਸ ਫੋਰਸ ਦੀ ਬਦੌਲਤ ਪੰਜਾਬ ਨੇ ਕੌਮੀ ਪੱਧਰ ’ਤੇ ਮੱਲਾਂ ਮਾਰੀਆਂ। ਪਰ 1967 ਵਿੱਚ, ਅਸ਼ਵਨੀ ਕੁਮਾਰ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਵਿੱਚ ਇੰਸਪੈਕਟਰ ਜਨਰਲ ਵਜੋਂ ਸ਼ਾਮਲ ਹੋਏ ਅਤੇ ਆਪਣੀਆਂ ਖੇਡਾਂ ਦੀਆਂ ਟੀਮਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ।”
ਗਿੱਲ ਕਹਿੰਦੇ ਹਨ, “ਪੰਜਾਬ ਪੁਲਿਸ ਵਿੱਚ ਉਨ੍ਹਾਂ ਦੇ ਕਾਰਜਕਾਲ ਦੌਰਾਨ ਭਰਤੀ ਹੋਏ ਬਹੁਤ ਸਾਰੇ ਖਿਡਾਰੀ ਬੀਐੱਸਐੱਫ ਵਿੱਚ ਸ਼ਾਮਲ ਹੋਏ ਅਤੇ ਹੌਲੀ ਹੌਲੀ ਬੀਐੱਸਐੱਫ ਨੇ ਖੇਡਾਂ ਵਿੱਚ ਪੰਜਾਬ ਪੁਲਿਸ ਨੂੰ ਪਛਾੜ ਦਿੱਤਾ।”
ਅਸ਼ਵਨੀ ਕੁਮਾਰ ਦਾ ਪੰਜਾਬ ਪੁਲਿਸ ਛੱਡਣ ਦਾ ਅਸਰ 1972 ਦੀਆਂ ਉਲੰਪਿਕ ਖੇਡਾਂ ਵਿੱਚ ਦੇਖਣ ਨੂੰ ਮਿਲਿਆ।
1972 ਦੀਆਂ ਮਿਊਨਿਕ ਖੇਡਾਂ ਵਿੱਚ, ਪੰਜਾਬ ਪੁਲਿਸ ਕੋਲ ਸਿਰਫ਼ ਇੱਕ ਖਿਡਾਰੀ ਸੀ, ਚਾਰਲਸ ਕਾਰਨੇਲੀਅਸ ਜੋ ਮਰਦਾਂ ਦੀ ਹਾਕੀ ਟੀਮ ਵਿੱਚ ਸਨ ਅਤੇ ਉਨ੍ਹਾਂ ਨੇ ਕਾਂਸੀ ਦਾ ਤਗਮਾ ਜਿੱਤਿਆ ਸੀ।
ਪੰਜਾਬ ਪੁਲਿਸ ਦੀ ਖੇਡਾਂ ਵੱਲ ਮੁੜ-ਵਾਪਸੀ
ਗਿੱਲ ਨੇ ਅੱਗੇ ਕਿਹਾ, "70 ਦੇ ਦਹਾਕੇ ਦੇ ਅਖੀਰ ਅਤੇ 80 ਦੇ ਦਹਾਕੇ ਦੇ ਸ਼ੁਰੂ ਵਿੱਚ, ਪੰਜਾਬ ਪੁਲਿਸ ਨੇ ਮੁੜ ਖੇਡਾਂ ਵਿੱਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ, ਆਖਰਕਾਰ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਆਨੰਦ ਦੀ ਅਗਵਾਈ ਵਿੱਚ ਆਲ ਇੰਡੀਆ ਪੁਲਿਸ ਸਪੋਰਟਸ ਮੀਟਿੰਗਾਂ ਵਿੱਚ ਉੱਚ-ਅਹੁਦਿਆਂ 'ਤੇ ਮੁੜ ਕਬਜ਼ਾ ਕੀਤਾ।"
1980 ਦੀਆਂ ਓਲੰਪਿਕ ਖੇਡਾਂ ਵਿੱਚ ਜਦੋਂ ਭਾਰਤੀ ਮਰਦ ਹਾਕੀ ਟੀਮ ਨੇ ਆਖਰੀ ਵਾਰ ਸੋਨ ਤਮਗਾ ਜਿੱਤਿਆ ਸੀ ਤਾਂ ਟੀਮ ਵਿੱਚ ਪੰਜਾਬ ਦੇ ਚਾਰ ਖਿਡਾਰੀ ਸਨ ਅਤੇ ਇਹ ਚਾਰੇ (ਸੁਰਿੰਦਰ ਸਿੰਘ ਸੋਢੀ, ਚਰਨਜੀਤ ਕੁਮਾਰ, ਦਵਿੰਦਰ ਸਿੰਘ ਅਤੇ ਗੁਰਮੇਲ ਸਿੰਘ) ਪੰਜਾਬ ਪੁਲਿਸ ਦੇ ਮੁਲਾਜ਼ਮ ਸਨ।
ਖਾੜਕੂਵਾਦ ਦੇ ਸਮੇਂ ਦੌਰਾਨ ਖੇਡ ਕੋਟੇ ਤਹਿਤ ਖਿਡਾਰੀਆਂ ਦੀ ਭਰਤੀ 'ਤੇ ਜ਼ੋਰ ਦਿੱਤਾ ਗਿਆ ਸੀ। ਪੰਜਾਬ ਪੁਲਿਸ ਨੇ ਖਾੜਕੂਵਾਦ ਦੇ ਦੌਰ ਵਿੱਚ ਸਾਰੀਆਂ ਉਲੰਪਿਕ ਖੇਡਾਂ ਵਿੱਚ 70ਵਿਆਂ ਦੇ ਅਖੀਰ ਤੋਂ ਲੈ ਕੇ 90ਵਿਆਂ ਦੇ ਮੱਧ ਤੱਕ, ਆਪਣੀ ਸ਼ਾਮੂਲੀਅਤ ਨਾਲ ਲੋਹਾ ਮੰਗਵਾਇਆ।
1996 ਦੀਆਂ ਉਲੰਪਿਕ ਖੇਡਾਂ ਵਿੱਚ ਪੰਜਾਬ ਪੁਲਿਸ ਦੇ ਛੇ ਜਵਾਨ ਭਾਰਤੀ ਦਲ ਦਾ ਹਿੱਸਾ ਸਨ, ਚਾਰ ਹਾਕੀ ਵਿੱਚ, ਇੱਕ ਵੇਟਲਿਫਟਿੰਗ ਵਿੱਚ, ਅਤੇ ਇੱਕ ਜੂਡੋ ਵਿੱਚ।
ਗਿੱਲ ਦੱਸਦੇ ਹਨ, “ਜਦੋਂ ਜੂਲੀਓ ਰਿਬੇਰੋ 1988 ਤੋਂ 1991 ਤੱਕ ਪੰਜਾਬ ਪੁਲਿਸ ਦੇ ਮੁਖੀ ਸਨ, ਉਨ੍ਹਾਂ ਨੇ ਮੈਨੂੰ ਅਤੇ ਆਈਪੀਐੱਸ ਅਧਿਕਾਰੀ ਮਹਿਲ ਸਿੰਘ ਭੁੱਲਰ ਨੂੰ ਪੰਜਾਬ ਪੁਲਿਸ ਵਿੱਚ ਖਿਡਾਰੀਆਂ ਦੀ ਭਰਤੀ ਕਰਨ ਲਈ ਖੁੱਲ੍ਹਾ ਹੱਥ ਦਿੱਤਾ ਸੀ।”
ਆਰ ਐਸ ਗਿੱਲ ਨੇ ਕਿਹਾ, “ਇਸ ਨਾਲ 1990 ਤੋਂ 2005 ਤੱਕ ਪੰਜਾਬ ਪੁਲਿਸ ਦੀਆਂ ਖੇਡਾਂ ਲਈ ਇੱਕ ਹੋਰ ਸੁਨਹਿਰੀ ਦੌਰ ਸ਼ੁਰੂ ਹੋਇਆ। ਇਸ ਸਮੇਂ ਦੌਰਾਨ, ਪੰਜਾਬ ਪੁਲਿਸ ਨੇ ਆਲ-ਇੰਡੀਆ ਪੁਲਿਸ ਖੇਡਾਂ ਵਿੱਚ ਤਕਰੀਬਨ ਤਿੰਨ-ਚੌਥਾਈ ਖੇਡਾਂ ਵਿੱਚ ਦਬਦਬਾ ਬਣਾਇਆ ਅਤੇ ਓਲੰਪਿਕ ਵਿੱਚ ਇਸਦੀ ਮੌਜੂਦਗੀ ਸੀ।”
ਮਹਿਲ ਸਿੰਘ ਭੁੱਲਰ ਅਤੇ ਆਰ ਐੱਸ ਗਿੱਲ ਦੋਵੇਂ ਬਾਅਦ ਵਿੱਚ ਪੰਜਾਬ ਪੁਲਿਸ ਦੇ ਮੁਖੀ ਬਣੇ।
ਗਿੱਲ ਕਹਿੰਦੇ ਹਨ, “ਕੇਪੀਐੱਸ ਗਿੱਲ ਨੇ ਹਮੇਸ਼ਾ ਅਧਿਕਾਰੀਆਂ ਨੂੰ ਕਿਹਾ ਕਿ ਸਾਨੂੰ ਸ਼ਹੀਦਾਂ ਦੇ ਪਰਿਵਾਰਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ, ਨਹੀਂ ਤਾਂ ਕੋਈ ਵੀ ਪੁਲਿਸ ਫੋਰਸ ਵਿੱਚ ਸ਼ਾਮਲ ਨਹੀਂ ਹੋਵੇਗਾ।”
ਆਰ ਐਸ ਗਿੱਲ ਨੇ ਯਾਦ ਕਰਦਿਆਂ ਦੱਸਿਆ, “ਸਾਨੂੰ ਖਿਡਾਰੀਆਂ ਦੀ ਵੀ ਦੇਖਭਾਲ ਕਰਨੀ ਚਾਹੀਦੀ ਹੈ, ਕਿਉਂਕਿ ਇਹ ਪੁਲਿਸ ਫੋਰਸ ਵਿੱਚ ਇੱਕ ਸਕਾਰਾਤਮਕ ਅਕਸ ਜੋੜਦੇ ਹਨ।”
ਪੰਜਾਬ ਪੁਲਿਸ ਵਿੱਚ ਖਿਡਾਰਨਾਂ
90 ਦੇ ਦਹਾਕੇ ਦੇ ਸ਼ੁਰੂ ਵਿੱਚ ਪੰਜਾਬ ਪੁਲਿਸ ਵਿੱਚ ਪਹਿਲੀ ਵਾਰ ਖਿਡਾਰੀਆਂ ਨੂੰ ਭਰਤੀ ਕੀਤਾ ਗਿਆ ਸੀ ਜਦੋਂ ਪੁਲਿਸ ਫੋਰਸ ਨੇ ਅਥਲੈਟਿਕਸ ਅਤੇ ਜੂਡੋ ਵਿੱਚ ਟੀਮਾਂ ਬਣਾਈਆਂ ਸਨ।
ਉਂਝ 2-3 ਸਾਲਾਂ ਬਾਅਦ ਪੁਲਿਸ ਦੇ ਹੋਣ ਵਾਲੇ ਟੂਰਨਾਮੈਂਟਾਂ ਵਿੱਚ ਵਿੱਚ ਔਰਤਾਂ ਦੇ ਮੁਕਾਬਲਿਆਂ ’ਤੇ ਰੋਕ ਲੱਗ ਗਈ।
ਸਪੋਰਟਸ ਕੋਟੇ ਤਹਿਤ ਔਰਤਾਂ ਦੀ ਭਰਤੀ ਵੀ ਕੁਝ ਸਮੇਂ ਲਈ ਰੁਕੀ ਹੋਈ ਸੀ।
ਓਲੰਪਿਕ ਵਿੱਚ ਥਾਂ ਬਣਾਉਣ ਵਾਲੀਆਂ ਪੰਜਾਬ ਪੁਲਿਸ ਦੀਆਂ ਪਹਿਲੀਆਂ ਖਿਡਾਰਨਾਂ 400 ਮੀਟਰ ਦੌੜਾਕ ਮਨਜੀਤ ਕੌਰ, ਰਾਜਵਿੰਦਰ ਕੌਰ ਅਤੇ ਸਾਗਰਦੀਪ ਕੌਰ ਦੇ ਨਾਲ ਡਿਸਕਸ ਥਰੋਅਰ ਹਰਵੰਤ ਕੌਰ ਸਨ।
ਇਨ੍ਹਾਂ ਸਾਰਿਆਂ ਨੇ 2004 ਏਥਨਜ਼ ਓਲੰਪਿਕ ਵਿੱਚ ਹਿੱਸਾ ਲਿਆ ਸੀ।
ਗਿੱਲ ਕਹਿੰਦੇ ਹਨ, “ਪੰਜਾਬ ਪੁਲਿਸ ਦੀਆਂ ਕਈ ਖਿਡਾਰਨਾਂ ਨੇ ਸੂਬੇ ਅਤੇ ਦੇਸ਼ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸਾਡੀਆਂ ਅਥਲੈਟਿਕਸ ਵਾਲੀਆਂ ਕੁੜੀਆਂ ਨੇ 21ਵੀਂ ਸਦੀ ਦੀ ਸ਼ੁਰੂਆਤ ਵਿੱਚ ਤਕਰੀਬਨ ਇੱਕ ਦਹਾਕੇ ਤੱਕ ਕੌਮੀ ਪੱਧਰ ਉੱਤੇ ਆਪਣੀ ਧਾਕ ਜਮਾਈ ਰੱਖੀ ਹੈ।”
“ਪੰਜਾਬ ਪੁਲਿਸ ਵਿੱਚ ਮੇਰੇ ਕਾਰਜਕਾਲ ਦੌਰਾਨ 1990 ਤੋਂ 2005 ਤੱਕ ਖੇਡ ਕੋਟੇ ਤਹਿਤ ਭਰਤੀ ਹੋਈਆਂ ਸਾਰੀਆਂ ਖਿਡਾਰਨਾਂ ਮੇਰੇ ਵੱਲੋਂ ਚੁਣੀਆਂ ਗਈਆਂ ਸਨ। ਇਹ ਬਹੁਤ ਸੰਤੁਸ਼ਟੀ ਦਿੰਦਾ ਹੈ ਕਿ ਅਸੀਂ ਉਨ੍ਹਾਂ ਦੇ ਖੇਡ ਕਰੀਅਰ ਨੂੰ ਆਕਾਰ ਦੇਣ ਵਿੱਚ ਯੋਗਦਾਨ ਪਾਉਣ ਦੇ ਯੋਗ ਸੀ ਅਤੇ ਪੰਜਾਬ ਪੁਲਿਸ ਦੀਆਂ ਨੌਕਰੀਆਂ ਰਾਹੀਂ, ਉਨ੍ਹਾਂ ਦੀ ਸਮਾਜਿਕ-ਆਰਥਿਕ ਸਥਿਤੀ ਨੂੰ ਉੱਚਾ ਚੁੱਕਣ ਵਿੱਚ ਮਦਦਗਾਰ ਹੋ ਸਕੇ।”
ਜ਼ਿਕਰਯੋਗ ਹੈ ਕਿ ਗਿੱਲ ਨੇ 2003 ਤੋਂ 2015 ਤੱਕ ਬਾਸਕਟਬਾਲ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਵਜੋਂ ਵੀ ਸੇਵਾਵਾਂ ਨਿਭਾਈਆਂ।