ਪੰਜਾਬੀਆਂ ਦੀ ਕਮਾਲ : ਭਾਰਤ ਦੀਆਂ ਕ੍ਰਿਕਟ, ਹਾਕੀ ਤੇ ਫੁੱਟਬਾਲ ਦੀਆਂ ਕੌਮੀ ਟੀਮਾਂ ਦੀ ਕਪਤਾਨੀ ਇਨ੍ਹਾਂ ਚਾਰਾਂ ਹੱਥ ਆਈ

ਮੌਜੂਦਾ ਦੌਰ ਵਿੱਚ ਭਾਰਤੀ ਖੇਡਾਂ ਦੀ ਦੁਨੀਆਂ ’ਚ ਪੰਜਾਬ ਦਾ ਦਬਦਬਾ ਨਜ਼ਰ ਆ ਰਿਹਾ ਹੈ। ਫਿਰ ਚਾਹੇ ਉਹ ਕ੍ਰਿਕਟ ਦੀ ਟੀਮ ਹੋਵੇ, ਫ਼ੁੱਟਬਾਲ ਹੋਵੇ ਜਾਂ ਫਿਰ ਭਾਰਤੀ ਹਾਕੀ।

ਦਰਅਸਲ, ਇਸ ਸਮੇਂ ਦੇਸ਼ ਦੀਆਂ ਚਾਰ ਕੌਮੀ ਟੀਮਾਂ ਦੀ ਕਪਤਾਨੀ ਪੰਜਾਬ ਦੇ ਖਿਡਾਰੀਆਂ ਦੇ ਹੱਥ ਆਈ ਹੈ।

ਹਾਲ ਹੀ ਵਿੱਚ ਟੀ-20 ਵਿਸ਼ਵ ਕੱਪ ਜਿੱਤੀ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾਂ ਨੇ ਕੌਮਾਂਤਰੀ ਮੈਚਾਂ ਤੋਂ ਸਨਿਆਸ ਦਾ ਐਲਾਨ ਕਰ ਦਿੱਤਾ ਹੈ। ਜਿਸ ਤੋਂ ਹੁਣ ਜਦੋਂ ਭਾਰਤੀ ਕ੍ਰਿਕਟ ਟੀਮ ਜਿੰਮਬਾਵੇ ਟੂਰ ਲਈ ਜਾਵੇਗੀ ਤਾਂ ਉਸ ਸਮੇਂ ਇਸ ਦੀ ਕਪਤਾਨੀ ਪੰਜਾਬੀ ਦੇ ਨੌਜਵਾਨ ਸ਼ੁਭਮਨ ਗਿੱਲ ਦੇ ਹੱਥ ਹੋਵੇਗੀ।

ਕ੍ਰਿਕਟ ਤੋਂ ਇਲਾਵਾ ਭਾਰਤੀ ਹਾਕੀ ਟੀਮ ਦੀ ਅਗਵਾਈ ਪੰਜਾਬੀ ਖਿਡਾਰੀ ਹਰਮਨਪ੍ਰੀਤ ਸਿੰਘ ਕਰ ਰਹੇ ਹਨ। ਇਸ ਦੇ ਨਾਲ ਹੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਵੀ ਹਰਮਨਪ੍ਰੀਤ ਕੌਰ ਹਨ।

ਇੰਨਾ ਹੀ ਨਹੀਂ ਭਾਰਤ ਦੀ ਫ਼ੁੱਟਬਾਲ ਟੀਮ ਦੀ ਕਪਤਾਨੀ ਵੀ ਪੰਜਾਬ ਦੇ ਖਿਡਾਰੀ ਗੁਰਪ੍ਰੀਤ ਸਿੰਘ ਸੰਧੂ ਕਰ ਰਹੇ ਹਨ।

ਇੰਨਾ ਚਾਰਾਂ ਪੰਜਾਬੀਆਂ ਦੀ ਸ਼ੁਰੂਆਤ ਅਤੇ ਪ੍ਰਾਪਤੀਆਂ ਦੀਆਂ ਗੱਲਾਂ ਹਰ ਪਾਸੇ ਹੋ ਰਹੀਆਂ ਹਨ। ਇਸ ਰਿਪੋਰਟ ਵਿੱਚ ਸ਼ੁਭਮਨ, ਹਰਮਨਪ੍ਰੀਤ ਕੌਰ, ਹਰਮਨਪ੍ਰੀਤ ਸਿੰਘ ਤੇ ਗੁਰਪ੍ਰੀਤ ਦੇ ਖੇਡ ਸਫ਼ਰ ਵੱਲ ਝਾਤ ਮਾਰਦੇ ਹਾਂ।

ਸ਼ੁਭਮਨ ਗਿੱਲ

ਸ਼ੁਭਮਨ ਗਿੱਲ 2018 ਦੇ ਅੰਡਰ-19 ਵਿਸ਼ਵ ਕੱਪ ਤੋਂ ਸੁਰਖੀਆਂ ’ਚ ਆਏ ਸਨ। ਜਿਸ ਨੇ ਵੀ ਗਿੱਲ ਦੀ ਖੇਡ ਵੇਖੀ, ਉਹ ਉਨ੍ਹਾਂ ਤੋਂ ਪ੍ਰਭਾਵਿਤ ਹੋਏ ਬਿਨਾਂ ਨਾ ਰਹਿ ਸਕਿਆ।

ਉਨ੍ਹਾਂ ਦਾ ਜਨਮ 8 ਸਤੰਬਰ, 1999 ਨੂੰ ਪੰਜਾਬ ਦੇ ਫਾਜ਼ਿਲਕਾ ਦੇ ਇੱਕ ਕਿਸਾਨ ਪਰਿਵਾਰ ਦੇ ਘਰ ਹੋਇਆ। ਪਿਤਾ ਲਖਵਿੰਦਰ ਸਿੰਘ ਨੇ ਆਪਣੇ ਪੁੱਤਰ ਨੂੰ ਕ੍ਰਿਕਟਰ ਬਣਾਉਣ ਦਾ ਸੁਪਨਾ ਵੇਖਿਆ ਅਤੇ ਪਰਿਵਾਰ ਮੋਹਾਲੀ ਆ ਕੇ ਰਹਿਣ ਲੱਗਿਆ।

ਲਖਵਿੰਦਰ ਸਿੰਘ ਨੇ ਆਪਣੇ ਪੁੱਤਰ ਨੂੰ ਕ੍ਰਿਕਟਰ ਬਣਾਉਣ ਦੇ ਲਈ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਨੇੜੇ ਹੀ ਕਿਰਾਏ ’ਤੇ ਮਕਾਨ ਲੈ ਲਿਆ।

25 ਫਰਵਰੀ, 2017 ਨੂੰ ਸ਼ੁਭਮਨ ਨੇ ਵਿਦਰਭ ਦੇ ਖ਼ਿਲਾਫ਼ ਪਹਿਲੀ ਸ਼੍ਰੇਣੀ ਕ੍ਰਿਕਟ ਜ਼ਰੀਏ ਆਪਣੇ ਕ੍ਰਿਕਟ ਕਰੀਅਰ ਦਾ ਆਗਾਜ਼ ਕੀਤਾ ਸੀ।

ਨਵੰਬਰ, 2017 ਨੂੰ ਸ਼ੁਭਮਨ ਗਿੱਲ ਨੂੰ ਪੰਜਾਬ ਵੱਲੋਂ ਰਣਜੀ ਟਰਾਫੀ ’ਚ ਆਪਣਾ ਡੈਬਿਊ ਮੈਚ ਖੇਡਣ ਦਾ ਮੌਕਾ ਮਿਲਿਆ।

ਪਹਿਲੇ ਮੈਚ ’ਚ ਸ਼ੁਭਮਨ ਨੇ ਅਰਧ ਸੈਂਕੜਾ ਜੜਿਆ ਅਤੇ ਦੂਜੇ ਮੈਚ ’ਚ ਸੈਂਕੜਾ ਲਗਾਇਆ। 2018 ’ਚ ਗਿੱਲ ਨੇ ਤਾਮਿਲਨਾਡੂ ਖ਼ਿਲਾਫ਼ ਆਪਣਾ ਪਹਿਲਾ ਦੋਹਰਾ ਸੈਂਕੜਾ ਲਗਾਇਆ।

ਪਰ ਅੰਡਰ-19 ਵਿਸ਼ਵ ਕੱਪ ਦੀ ਕਾਮਯਾਬੀ ਨੇ ਗਿੱਲ ਨੂੰ ਸਟਾਰ ਬਣਾ ਦਿੱਤਾ। ਪੰਜਾਬ ਦੇ 17 ਸਾਲਾ ਨੌਜਵਾਨ ਬੱਲੇਬਾਜ਼ ਨੇ 5 ਪਾਰੀਆਂ ’ਚ 372 ਦੌੜਾਂ ਬਣਾਈਆਂ।

ਇਸ ’ਚ ਲਗਾਤਾਰ ਦੋ ਪਾਰੀਆਂ ਦੌਰਾਨ ਉਨ੍ਹਾਂ ਨੇ ਸੈਂਕੜਾ ਜੜਿਆ। ਸੈਮੀਫਾਈਨਲ ਮੈਚ ਦੌਰਾਨ ਖੇਡੀ ਗਈ ਸੈਂਕੜੇ ਵਾਲੀ ਪਾਰੀ ਉਨ੍ਹਾਂ ਦੀ ਬਹਿਤਰੀਨ ਪਾਰੀਆਂ ’ਚੋਂ ਇੱਕ ਹੈ।

ਗਿੱਲ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਹੀ ਭਾਰਤ ਲਗਾਤਾਰ ਚੌਥੀ ਵਾਰ ਅੰਡਰ-19 ਵਿਸ਼ਵ ਕੱਪ ਜਿੱਤਣ ’ਚ ਸਫ਼ਲ ਰਿਹਾ।

ਉਨ੍ਹਾਂ ਦੀ ਬੱਲੇਬਾਜ਼ੀ ’ਤੇ ਆਈਪੀਐਲ ਟੀਮਾਂ ਦੀ ਨਜ਼ਰ ਵੀ ਗਈ ਅਤੇ ਕੋਲਕਾਤਾ ਨਾਈਟ ਰਾਈਡਰਜ਼ ਨੇ ਉਨ੍ਹਾਂ ਨੂੰ 2018 ਦੇ ਸੀਜ਼ਨ ਲਈ 1.8 ਕਰੋੜ ਰੁਪਏ ’ਚ ਖਰੀਦਿਆ।

ਸਾਲ 2013 ਅਤੇ 2014 ’ਚ ਬੀਸੀਸੀਆਈ ਨੇ ਸ਼ੁਭਮਨ ਗਿੱਲ ਨੂੰ ਜੂਨੀਅਰ ਕ੍ਰਿਕਟਰ ਐਵਾਰਡ ਨਾਲ ਸਨਮਾਨਿਤ ਕੀਤਾ ਸੀ।

ਕ੍ਰਿਕਟ ਦੀ ਦੁਨੀਆਂ ’ਚ ਸ਼ੁਭਮਨ ਗਿੱਲ ਦੀ ਪ੍ਰਤੀਭਾ ਨੂੰ ਸਭ ਤੋਂ ਪਹਿਲਾਂ ਉਸ ਸਮੇਂ ਦੇ ਅੰਡਰ -19 ਟੀਮ ਦੇ ਕੋਚ ਰਾਹੁਲ ਦ੍ਰਵਿੜ ਨੇ ਪਛਾਣਿਆ ਸੀ।

ਉਨ੍ਹਾਂ ਨੇ ਭਵਿੱਖਬਾਣੀ ਕੀਤੀ ਸੀ ਕਿ ਗਿੱਲ ਭਵਿੱਖ ’ਚ ਸੀਨੀਅਰ ਟੀਮ ਦੇ ਲਈ ਵੀ ਸ਼ਾਨਦਾਰ ਖਿਡਾਰੀ ਸਾਬਤ ਹੋਵੇਗਾ।

ਸ਼ੁਭਮਨ ਗਿੱਲ ਨੂੰ ਸੀਨੀਅਰ ਟੀਮ ਲਈ ਪਹਿਲੀ ਵਾਰ 2019 ਦੇ ਵਿਸ਼ਵ ਕੱਪ ਲਈ ਸ਼ਾਮਲ ਕੀਤਾ ਗਿਆ ਸੀ।

ਹਰਮਨਪ੍ਰੀਤ ਸਿੰਘ

ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਬਸਤੀ ਪਿੰਡ ਵਿੱਚ ਕਿਸਾਨ ਪਰਿਵਾਰ ’ਚ ਪੈਦਾ ਹੋਏ ਹਰਮਨਪ੍ਰੀਤ ਸਿੰਘ ਦੇ ਡ੍ਰੈਗ ਫਲਿਕਰ ਬਣਨ ਦੀ ਕਹਾਣੀ ਦਿਲਚਸਪ ਹੈ।

ਉਹ ਬਚਪਨ ਵਿੱਚ ਆਪਣੇ ਘਰ ਵਾਲਿਆਂ ਨਾਲ ਖੇਤੀਬਾੜੀ ਕਰਦੇ ਸਨ। ਲਗਭਗ 10 ਸਾਲ ਦੀ ਉਮਰ ਤੱਕ ਪਹੁੰਚਦਿਆਂ ਉਨ੍ਹਾਂ ਨੂੰ ਖੇਤੀਬਾੜੀ ਵਾਲੇ ਭਾਰੀ ਵਾਹਨ ਚਲਾਉਣ ਦਾ ਸ਼ੌਂਕ ਪਿਆ।

ਉਹ ਪਿਤਾ ਦੀ ਨਿਗਰਾਨੀ ਵਿੱਚ ਗੱਡੀ ਚਲਾਉਂਦੇ ਸਨ, ਪਰ ਉਨ੍ਹਾਂ ਨੂੰ ਸਭ ਤੋਂ ਵੱਡੀ ਸਮੱਸਿਆ ਇਨ੍ਹਾਂ ਗੱਡੀਆਂ ਦੇ ਸਖ਼ਤ ਗੇਅਰ ਬਦਲਣ ਵਿੱਚ ਆਉਂਦੀ ਸੀ।

ਪਰ ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਉਨ੍ਹਾਂ ਦੇ ਹੱਥਾਂ ਵਿੱਚ ਮਜ਼ਬੂਤੀ ਆਉਂਦੀ ਗਈ ਅਤੇ ਉਨ੍ਹਾਂ ਨੇ ਇਸ ਮਜ਼ਬੂਤੀ ਨੂੰ ਡ੍ਰੈਗ ਫਲਿਕਰ ਬਣਨ ਵਿੱਚ ਵਰਤਿਆ।

ਹਰਮਨਪ੍ਰੀਤ ਸਿੰਘ ਦੇ 15 ਸਾਲ ਦੀ ਉਮਰ ਤੱਕ ਪਹੁੰਚਣ ਉੱਤੇ ਪਿਤਾ ਨੇ ਉਨ੍ਹਾਂ ਦੇ ਹਾਕੀ ਦੇ ਸ਼ੌਂਕ ਨੂੰ ਦਿਸ਼ਾ ਦੇਣ ਲਈ ਜਲੰਧਰ ਦੀ ਸੁਰਜੀਤ ਹਾਕੀ ਅਕੈਡਮੀ ਵਿੱਚ ਹਰਮਨਪ੍ਰੀਤ ਦੀ ਭਰਤੀ ਕਰਵਾਈ।

ਇਸ ਅਕੈਡਮੀ ਵਿੱਚ ਕੋਚ ਗਗਨਪ੍ਰੀਤ ਸਿੰਘ ਅਤੇ ਸੁਖਜੀਤ ਸਿੰਘ ਵੀ ਪੈਨਲਟੀ ਕਾਰਨਰ ਮਾਹਰ ਰਹੇ ਸਨ। ਉਨ੍ਹਾਂ ਨੇ ਹਰਮਨਪ੍ਰੀਤ ਦੇ ਹੱਥਾਂ ਦੀ ਤਾਕਤ ਨੂੰ ਡ੍ਰੈਗ ਫਲਿਕ ਵਿੱਚ ਇਸਤੇਮਾਲ ਕਰਨ ’ਚ ਮਾਹਰ ਬਣਾਇਆ।

ਇਸ ਦੇ ਲਈ ਉਹ ਆਮ ਨਾਲੋਂ ਜ਼ਿਆਦਾ ਭਾਰ ਵਾਲੀਆਂ ਗੇਂਦਾਂ ਨਾਲ ਹਰਮਨਪ੍ਰੀਤ ਨੂੰ ਟ੍ਰੇਨਿੰਗ ਕਰਵਾਉਂਦੇ ਸਨ।

ਭਾਰਤੀ ਜੂਨੀਅਰ ਹਾਕੀ ਟੀਮ ਦੇ ਸਫ਼ਲ ਭਾਰਤੀ ਕੋਚਾਂ ਵਿੱਚ ਸ਼ੁਮਾਰ ਹਰੇਂਦਰ ਸਿੰਘ ਨੇ ਹਰਮਨਪ੍ਰੀਤ ਦੇ ਸ਼ੁਰੂਆਤੀ ਦਿਨਾਂ ਵਿੱਚ ਹੀ ਕਹਿ ਦਿੱਤਾ ਸੀ ਕਿ ਉਹ ਦੋ ਸਾਲਾਂ ’ਚ ਦੁਨੀਆਂ ਦੇ ਸਰਬੋਤਮ ਡ੍ਰੈਗ ਫਲਿਕਰ ਦੇ ਰੂਪ ਵਿੱਚ ਨਜ਼ਰ ਆਉਣਗੇ।

ਇਹ ਗੱਲ ਉਨ੍ਹਾਂ ਨੇ 2014 ’ਚ ਸੁਲਤਾਨ ਜੋਹੋਰ ਕੱਪ ਵਿੱਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖ ਕੇ ਕਹੀ ਸੀ।

ਦੁਨੀਆਂ ਦੇ ਸ਼ਾਨਦਾਰ ਡ੍ਰੈਗ ਫਲਿਕਰਾਂ ਵਿੱਚ ਸ਼ੁਮਾਰ ਹਰਮਨਪ੍ਰੀਤ ਸਿੰਘ ਨੂੰ ਮੌਜੂਦਾ ਭਾਰਤੀ ਹਾਕੀ ਟੀਮ ਦਾ ਥੰਮ ਮੰਨਿਆ ਜਾਂਦਾ ਹੈ। ਇਸ ਦਾ ਮੁੱਖ ਕਾਰਨ ਭਾਰਤੀ ਟੀਮ ਦੀਆਂ ਸਾਰੀਆਂ ਆਸਾਂ ਦਾ ਉਨ੍ਹਾਂ ਦੇ ਪ੍ਰਦਰਸ਼ਨ ਉੱਤੇ ਟਿਕੇ ਰਹਿਣਾ ਹੈ।

ਹਰਮਨਪ੍ਰੀਤ ਨੂੰ ਉਨ੍ਹਾਂ ਦੇ ਚਿਹਰੇ ਉੱਤੇ ਹਮੇਸ਼ਾ ਰਹਿਣ ਵਾਲੀ ਮੁਸਕਾਨ ਲਈ ਵੀ ਸਰਾਇਆ ਜਾਂਦਾ ਹੈ।

ਹਰਮਨਪ੍ਰੀਤ ਸਿੰਘ ਇੱਕੋ-ਇੱਕ ਭਾਰਤੀ ਖਿਡਾਰੀ ਹਨ, ਜਿਨ੍ਹਾਂ ਨੇ ਦੋ ਵਾਰ ਐੱਫ਼ਆਈਐੱਚ (ਇੰਟਰਨੈਸ਼ਨਲ ਹਾਕੀ ਫ਼ੈਡਰੇਸ਼ਨ) ਦਾ ਸਰਬ ਉੱਤਮ ਖਿਡਾਰੀ ਬਣਨ ਦਾ ਮਾਣ ਹਾਸਲ ਕੀਤਾ ਹੈ।

ਇਸ ਤਰ੍ਹਾਂ ਉਹ ਨੀਦਰਲੈਂਡਜ਼ ਦੇ ਤੇਉਨ ਡਿ ਨੂਇਰ, ਆਸਟ੍ਰੇਲੀਆ ਦੇ ਜੇਮੀ ਡਵੇਅਰ ਅਤੇ ਬੈਲਜੀਅਮ ਦੇ ਆਰਥਰ ਵਾਨ ਡੋਰੇਨ ਦੀ ਜਮਾਤ ਵਿੱਚ ਸ਼ੁਮਾਰ ਹਨ। ਇਨ੍ਹਾਂ ਸਾਰਿਆਂ ਨੇ ਇਹ ਸਨਮਾਨ ਦੋ-ਦੋ ਵਾਰ ਹਾਸਲ ਕੀਤਾ ਹੈ।

ਹਰਮਨਪ੍ਰੀਤ ਸਿੰਘ ਦੇ ਕਰੀਅਰ ਦੀਆਂ ਸਫ਼ਲਤਾਵਾਂ ਦੀ ਗੱਲ ਕੀਤੀ ਜਾਵੇ ਤਾਂ 2020 ਦੀਆਂ ਟੋਕੀਓ ਓਲੰਪਿਕਸ ਵਿੱਚ ਭਾਰਤ ਨੂੰ 41 ਸਾਲ ਬਾਅਦ ਬਰੋਂਜ਼ ਦੇ ਰੂਪ ਵਿੱਚ ਕੋਈ ਮੈਡਲ ਦਵਾਉਣਾ ਸਭ ਤੋਂ ਅਹਿਮ ਹੈ।

ਭਾਰਤ ਨੂੰ ਪੋਡੀਅਮ ਉੱਤੇ ਚੜ੍ਹਾਉਣ ਵਿੱਚ ਉਨ੍ਹਾਂ ਦੇ ਦਾਗੇ ਛੇ ਗੋਲਾਂ ਦੀ ਬਹੁਤ ਅਹਿਮੀਅਤ ਹੈ।

ਹਰਮਨਪ੍ਰੀਤ ਕੌਰ

ਮੋਗਾ ਜ਼ਿਲ੍ਹੇ ਦੇ ਹਰਮਨਪ੍ਰੀਤ ਕੌਰ ਨੂੰ ਬਚਪਣ ਤੋਂ ਹੀ ਕ੍ਰਿਕਟ ਖੇਡਣਾ ਪਸੰਦ ਸੀ। ਉਨ੍ਹਾਂ ਦੇ ਪਿਤਾ ਵੀ ਕ੍ਰਿਕਟ ਖੇਡਦੇ ਸਨ।

ਤਿੰਨ ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡੀ ਹਰਮਨਪ੍ਰੀਤ ਦਾ ਜਨਮ ਸੀਮਤ ਆਰਥਿਕ ਸਾਧਨਾਂ ਵਾਲੇ ਸਿੱਖ ਪਰਿਵਾਰ ਵਿੱਚ ਹੋਇਆ ਸੀ।

ਉਨ੍ਹਾਂ ਨੇ ਪਹਿਲੀ ਵਾਰ ਆਪਣੇ ਗੁਆਂਢ ਦੇ ਇੱਕ ਮੈਦਾਨ ਵਿੱਚ ਮੁੰਡਿਆਂ ਨਾਲ ਹਾਕੀ ਸਟਿੱਕ ਨਾਲ ਕ੍ਰਿਕਟ ਖੇਡੀ ਸੀ।

ਸਾਲ 2006 ਅਤੇ 2007 ਦੇ ਵਿਚਕਾਰ ਕਿਸ਼ੋਰ ਉਮਰ ਦੀ ਹਰਮਨਪ੍ਰੀਤ ਕੌਰ ਆਪਣੇ ਮੈਂਟਰ ਕਮਲਦੀਸ਼ ਸਿੰਘ ਸੋਢੀ ਨੂੰ ਪਹਿਲੀ ਵਾਰ ਮਿਲੀ ਜੋ ਮੈਦਾਨ ਵਿੱਚ ਲਗਾਤਾਰ ਆਉਂਦੇ ਸਨ।

ਇਸ ਮੁਲਾਕਾਤ ਤੋਂ ਬਾਅਦ ਹੀ ਉਨ੍ਹਾਂ ਦੀ ਜ਼ਿੰਦਗੀ ਕ੍ਰਿਕਟ ਦੇ ਟ੍ਰੈਕ ’ਤੇ ਤੈਅ ਹੋਈ।

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨ ਨੂੰ ਬੱਲੇਬਾਜ਼ੀ ਲਈ ਜਾਣਿਆ ਜਾਂਦਾ ਹੈ।

ਉਹ ਭਾਰਤ ਲਈ ਟੀ-20 ਸੈਂਕੜਾ ਲਗਾਉਣ ਵਾਲੀ ਪਹਿਲੀ ਅਤੇ ਇਕਲੌਤੀ ਮਹਿਲਾ ਹੈ ਅਤੇ ਕਿਸੇ ਵਿਦੇਸ਼ੀ ਫਰੈਂਚਾਈਜ਼ੀ-ਲੀਗ ਵਿੱਚ ਕੰਟਰੈਕਟ ਹਾਸਲ ਕਰਨ ਵਾਲੀ ਦੇਸ਼ ਦੀ ਪਹਿਲੀ ਕ੍ਰਿਕਟਰ ਹੈ।

ਉਨ੍ਹਾਂ ਦੀ ਖੇਡ ਜੀਵਨ ਦੀ ਯਾਤਰਾ ਬਹੁਤ ਪ੍ਰਭਾਵਸ਼ਾਲੀ ਹੈ।

34 ਸਾਲਾ ਹਰਮਨਪ੍ਰੀਤ ਕੌਰ ਨੇ ਇਕੱਲੇ 2023 ਵਿੱਚ ਆਪਣੇ ਨਾਮ ਨਾਲ ਕਈ ਉਪਲਬਧੀਆਂ ਜੋੜੀਆਂ ਜੋ ਉਨ੍ਹਾਂ ਦੇ ਕੌਮਾਂਤਰੀ ਕਰੀਅਰ ਦਾ 15ਵਾਂ ਸਾਲ ਹੈ।

ਫਰਵਰੀ ਵਿੱਚ ਉਹ 150 ਟੀ-20 ਖੇਡਣ ਵਾਲੀ ਪਹਿਲੀ ਕ੍ਰਿਕਟਰ ਬਣੀ ਅਤੇ ਅਗਲੇ ਮਹੀਨੇ ਮਹਿਲਾ ਪ੍ਰੀਮੀਅਰ ਲੀਗ ਦਾ ਖਿਤਾਬ ਜਿੱਤਣ ਵਾਲੀ ਪਹਿਲੀ ਕਪਤਾਨ ਬਣੀ।

ਬਾਅਦ ਵਿੱਚ ਉਨ੍ਹਾਂ ਨੇ ਮੰਧਾਨਾ ਦੀ ਸਹਿ-ਕਪਤਾਨੀ ਨਾਲ ਭਾਰਤ ਨੂੰ ਕ੍ਰਿਕਟ ਵਿੱਚ ਪਹਿਲੀ ਵਾਰ ਏਸ਼ੀਅਨ ਖੇਡਾਂ ਵਿੱਚ ਸੋਨ ਤਗ਼ਮਾ ਦਿਵਾਇਆ।

ਵਿਆਪਕ ਪੱਧਰ ’ਤੇ ਪਛਾਣ ਸਥਾਪਿਤ ਕਰਨ ਦੇ ਬਾਅਦ ਵਿਜ਼ਡਨ ਨੇ ਉਨ੍ਹਾਂ ਨੂੰ ਸਾਲ ਦੇ ਆਪਣੇ ਪੰਜ ਕ੍ਰਿਕਟਰਾਂ ਵਿੱਚੋਂ ਇੱਕ ਦਾ ਨਾਮ ਦਿੱਤਾ, ਜੋ ਕਿਸੇ ਭਾਰਤੀ ਮਹਿਲਾ ਨੂੰ ਪਹਿਲੀ ਵਾਰ ਦਿੱਤਾ ਗਿਆ ਸੀ।

ਬੀਬੀਸੀ ਦੀ ਸਾਲ ਦੀਆਂ 100 ਪ੍ਰਭਾਵਸ਼ਾਲੀ ਔਰਤਾਂ ਦੀ ਸੂਚੀ ਵਿੱਚ ਉਨ੍ਹਾਂ ਨੂੰ ਸ਼ਾਮਲ ਕੀਤਾ ਗਿਆ, ਜਿਵੇਂ ਕਿ ਟਾਈਮ ਮੈਗਜ਼ੀਨ ਨੇ ਆਪਣੀ 100 ਨੈਕਸਟ ਸੂਚੀ ਵਿੱਚ ਸ਼ਾਮਲ ਕੀਤਾ ਸੀ।

ਗੁਰਪ੍ਰੀਤ ਸਿੰਘ ਸੰਧੂ

ਭਾਰਤੀ ਫ਼ੁੱਟਬਾਲ ਟੀਮ ਦੇ ਅਗਵਾਈ ਪੰਜਾਬ ਨਾਲ ਸਬੰਧਿਤ ਖਿਡਾਰੀ ਗੁਰਪ੍ਰੀਤ ਸਿੰਘ ਸੰਧੂ ਕਰ ਰਹੇ ਹਨ। ਫ਼ੀਫਾ ਵਿਸ਼ਵ ਕੱਪ ਦੇ ਕੁਆਲੀਫਾਈ ਮੈਚ ਲਈ ਵੀ ਉਨ੍ਹਾਂ ਨੇ ਭਾਰਤ ਦੀ ਅਗਵਾਈ ਕੀਤੀ ਹੈ।

ਚੰਡੀਗੜ੍ਹ ਵਿੱਚ ਜਨਮੇ ਗੁਰਪ੍ਰੀਤ ਇੱਕ ਬਿਹਤਰੀਨ ਗੋਲਕੀਪਰ ਮੰਨੇ ਜਾਂਦੇ ਹਨ। ਆਲ ਇੰਡੀਆ ਫੁੱਟਬਾਲ ਫ਼ੈਡਰੇਸ਼ਨ ਦੀ ਵੈੱਬਸਾਈਟ ਉੱਤੇ ਮੌਜੂਦ ਜਾਣਕਾਰੀ ਮੁਤਾਬਕ ਗੁਰਪ੍ਰੀਤ ਬਲੂਟਾਈਗਰਜ਼ ਦੀ ਟੀਮ ਦੇ ਗੋਲਕੀਪਰ ਵਜੋਂ ਸਭ ਤੋਂ ਪਹਿਲੀ ਪਸੰਦ।

ਗੁਰਪ੍ਰੀਤ ਨੇ ਜੁਨੀਅਰ ਫ਼ੁੱਟਬਾਲ ਟੀਮ ਦੀ ਕਈ ਟੂਰਨਾਮੈਂਟਾਂ ਵਿੱਚ ਕੌਮਾਂਤਰੀ ਪੱਧਰ ਉੱਤੇ ਅਗਵਾਈ ਕਰਨ ਤੋਂ ਬਾਅਦ ਸੀਨੀਅਰ ਕੌਮਾਂਤਰੀ ਮੈਟਾਂ ਵਿੱਚ 2011 ਵਿੱਚ ਖੇਡਣਾ ਸ਼ੁਰੂ ਕੀਤਾ।

ਗੁਰਪ੍ਰੀਤ ਸਿੰਘ ਸੰਧੂ ਯੂਈਐੱਫ਼ਏ ਯੂਰੋਪਾ ਲੀਗ ਵਿੱਚ ਖੇਡਣ ਵਾਲੇ ਇਕਲੌਤੇ ਭਾਰਤੀ ਖਿਡਾਰੀ ਹਨ। ਇਹ ਉਪਲਬਧੀ ਉਨ੍ਹਾਂ ਨੇ ਨਾਰਵੇ ਦੇ ਕਲੱਬ ਸਟਾਬੇਕ ਲਈ ਖੇਡਦੇ ਸਮੇਂ ਪ੍ਰਾਪਤ ਕੀਤੀ।

ਉਨ੍ਹਾਂ ਨੇ 24 ਸਾਲ ਦੀ ਉਮਰ ਵਿੱਚ ਯੂਰਪੀਅਨ ਕਲੱਬ ਦੀ ਕਪਤਾਨੀ ਵੀ ਕੀਤੀ ਅਤੇ ਇਹ ਉਪਲਬਧੀ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਬਣੇ।

ਆਲ ਇੰਡੀਆ ਫੁੱਟਬਾਲ ਫ਼ੈਡਰੇਸ਼ਨ ਮੁਤਾਬਕ 2017 ਵਿੱਚ ਭਾਰਤ ਪਰਤਣ ਤੋਂ ਬਾਅਦ ਵੀ ਗੁਰਪ੍ਰੀਤ ਨੇ ਆਪਣੀ ਸਫ਼ਲ ਖੇਡ ਜਾਰੀ ਰੱਖੀ ਤੇ ਬੈਂਗਲੁਰੂ ਐੱਫ਼ਸੀ ਵਿੱਚ ਹੀਰੋ ਆਈਐੱਸਐੱਲ ਦਾ ਹਿੱਸਾ ਬਣ ਗਏ।

ਉਨ੍ਹਾਂ ਨੇ 2018-19 ਸੀਜ਼ਨ ਦੌਰਾਨ ਟਰਾਫੀ ਜਿੱਤੀ ਅਤੇ 2018 ਵਿੱਚ ਹੀਰੋ ਸੁਪਰ ਕੱਪ ਵੀ ਆਪਣੇ ਟੀਮ ਦੇ ਨਾਮ ਕੀਤਾ।

2019 ਵਿੱਚ ਗੁਰਪ੍ਰੀਤ ਨੂੰ ਭਾਰਤ ਦੇ ਰਾਸ਼ਟਰਪਤੀ ਤੋਂ ਅਰਜੁਨ ਪੁਰਸਕਾਰ ਨਾਮ ਸਮਾਨਿਤ ਕੀਤਾ। ਅਰਜੁਨ ਐਵਾਰਡ ਹਾਸਿਲ ਕਰਨ ਵਾਲੇ ਉਹ ਭਾਰਤ ਦੇ 26ਵੇਂ ਫ਼ੁੱਟਬਾਲ ਖਿਡਾਰ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)