You’re viewing a text-only version of this website that uses less data. View the main version of the website including all images and videos.
ਔਕੜਾਂ ਦੇ ਬਾਵਜੂਦ, ਹਰ ਤੀਜਾ ਭਾਰਤੀ ਓਲੰਪਿਕ ਮੈਡਲ ਜੇਤੂ ਖਿਡਾਰੀ ਪੰਜਾਬੀ, ਪੰਜਾਬ ਨੇ ਕਿਵੇਂ ਆਪਣਾ ਦਬਦਬਾ ਕਾਇਮ ਰੱਖਿਆ
- ਲੇਖਕ, ਸੌਰਭ ਦੁੱਗਲ
- ਰੋਲ, ਬੀਬੀਸੀ ਸਹਿਯੋਗੀ
ਪੰਜਾਬ ਆਜ਼ਾਦੀ ਤੋਂ ਪਹਿਲਾਂ ਦੇ ਸਮੇਂ ਤੋਂ ਹੀ ਲਗਾਤਾਰ ਖੇਡਾਂ ਦਾ ਧੁਰਾ ਰਿਹਾ ਹੈ।
ਦੇਸ਼ ਵੰਡ ਕਾਰਨ ਹੋਈ ਤਬਾਹੀ, ਹਿੰਸਾ ਦੇ ਦੌਰ ਅਤੇ ਹੁਣ ਪਿੰਡਾਂ ਦੇ ਨੌਜਵਾਨਾਂ ਵਿੱਚ ਨਸ਼ਿਆਂ ਦੇ ਮੁੱਦੇ ਅਤੇ ਪਰਵਾਸ ਦੀ ਸਮੱਸਿਆ ਨਾਲ ਜੂਝਣ ਦੇ ਬਾਵਜੂਦ ਪੰਜਾਬ ਖੇਡਾਂ ਵਿੱਚ ਮੋਹਰੀ ਹੈ।
ਇਸ ਖੇਤੀ ਪ੍ਰਧਾਨ ਸੂਬੇ ਨੇ ਭਾਰਤ ਦੀ ਓਲੰਪਿਕ ਟੀਮ ਵਿੱਚ ਅਹਿਮ ਯੋਗਦਾਨ ਪਾਇਆ ਹੈ।
ਜਦੋਂ ਦੇਸ਼ ਦੇ ਓਲੰਪਿਕ ਮੈਡਲ ਜੇਤੂਆਂ ਦੀ ਗੱਲ ਆਉਂਦੀ ਹੈ, ਤਾਂ ਪੰਜਾਬ ਸਭ ਤੋਂ ਵੱਧ ਯੋਗਦਾਨ ਪਾਉਣ ਵਾਲੇ ਸੂਬੇ ਵਜੋਂ ਸਾਹਮਣੇ ਆਉਂਦਾ ਹੈ।
ਨੌਰਮਨ ਪ੍ਰਿਚਰਡ, ਜਿਨ੍ਹਾਂ ਨੇ 1900 ਵਿੱਚ ਭਾਰਤ ਦੀ ਨੁਮਾਇੰਦਗੀ ਕਰਦੇ ਹੋਏ ਇੱਕ ਸਿੰਗਲ ਐਥਲੀਟ ਦੇ ਰੂਪ ਵਿੱਚ ਮੁਕਾਬਲਾ ਕੀਤਾ ਅਤੇ ਅਥਲੈਟਿਕਸ ਵਿੱਚ ਦੋ ਸਿਲਵਰ ਮੈਡਲ ਜਿੱਤੇ।
ਨੌਰਮਨ ਪ੍ਰਿਚਰਡ ਰਾਹੀਂ ਭਾਰਤ ਨੇ ਓਲੰਪਿਕ ਵਿੱਚ ਭਾਰਤ ਦੇ ਅਧਿਕਾਰਤ ਟੀਮ ਵਜੋਂ ਆਪਣੀ ਸ਼ੁਰੂਆਤ ਕੀਤੀ ਸੀ।
ਉਦੋਂ ਤੋਂ ਸ਼ੁਰੂ ਹੋਏ ਇਸ ਸਫ਼ਰ ਵਿੱਚ ਭਾਰਤ ਨੇ 2020 ਟੋਕੀਓ ਓਲੰਪਿਕ ਵਿੱਚ ਸੱਤ ਮੈਡਲ ਜਿੱਤ ਕੇ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਸੀ। ਇਸ ਵਿੱਚ ਪੰਜਾਬ ਦਾ ਯੋਗਦਾਨ ਮਹੱਤਵਪੂਰਨ ਰਿਹਾ ਹੈ।
ਭਾਰਤ ਦੇ ਕੁੱਲ ਓਲੰਪਿਕ ਮੈਡਲ ਜੇਤੂਆਂ ਵਿੱਚ ਪੰਜਾਬ ਦਾ ਯੋਗਦਾਨ 33 ਫ਼ੀਸਦੀ ਹੈ।
1900 ਪੈਰਿਸ ਓਲੰਪਿਕ ਅਤੇ 2020 ਟੋਕੀਓ ਓਲੰਪਿਕ ਦੇ ਵਿਚਕਾਰ ਭਾਰਤ ਨੇ 35 ਮੈਡਲ ਜਿੱਤੇ ਹਨ।
ਇੱਕ ਖਿਡਾਰੀ ਵਾਲੀਆਂ ਖੇਡਾਂ ਤੋਂ 23 ਮੈਡਲ ਪ੍ਰਾਪਤ ਹੋਏ ਜਦੋਂਕਿ ਪੁਰਸ਼ ਹਾਕੀ ਟੀਮ ਦੇ ਹਿੱਸੇ 12 ਮੈਡਲ ਆਏ ਹਨ।
ਭਾਰਤ ਦੇ ਓਲੰਪਿਕ ਮੈਡਲ ਜੇਤੂਆਂ ਦੀ ਕੁੱਲ ਗਿਣਤੀ 233 ਹੈ (23 ਵਿਅਕਤੀਗਤ ਮੈਡਲ ਜੇਤੂ ਅਤੇ 210 ਟੀਮ ਖੇਡ ਮੈਡਲ ਜੇਤੂ), ਜਿਸ ਵਿੱਚ ਪੰਜਾਬ ਦੇ 76 ਮੈਡਲ ਜੇਤੂ ਖਿਡਾਰੀ ਹਨ।
ਇਸ ਤਰ੍ਹਾਂ ਹਰ ਤੀਜਾ ਭਾਰਤੀ ਓਲੰਪਿਕ ਮੈਡਲ ਜੇਤੂ ਖਿਡਾਰੀ ਪੰਜਾਬ ਤੋਂ ਹੈ।
ਪੰਜਾਬ ਦਾ 40 ਫ਼ੀਸਦ ਯੋਗਦਾਨ
ਓਲੰਪਿਕ ਮੈਡਲਾਂ ਦੀ ਗੱਲ ਕਰੀਏ ਤਾਂ ਭਾਰਤ ਦੇ ਕੁੱਲ 35 ਮੈਡਲਾਂ ਵਿੱਚੋਂ ਪੰਜਾਬ ਨੇ 13 ਮੈਡਲਾਂ ਵਿੱਚ ਯੋਗਦਾਨ ਪਾਇਆ ਹੈ, ਜੋ ਕਿ ਲਗਭਗ 40 ਪ੍ਰਤੀਸ਼ਤ ਹੈ।
ਦੇਸ਼ ਦਾ ਪਹਿਲਾ ਸਿੰਗਲ ਓਲੰਪਿਕ ਗੋਲਡ ਮੈਡਲ ਪੰਜਾਬ ਦੇ ਨਾਂ ਉਦੋਂ ਆਇਆ ਜਦੋਂ ਨਿਸ਼ਾਨੇਬਾਜ਼ ਅਭਿਨਵ ਬਿੰਦਰਾ 2008 ਬੀਜਿੰਗ ਓਲੰਪਿਕ ਵਿੱਚ ਵਿਅਕਤੀਗਤ ਖੇਡ ਵਿੱਚ ਭਾਰਤ ਦਾ ਪਹਿਲਾ ਓਲੰਪਿਕ ਗੋਲਡ ਮੈਡਲ ਜੇਤੂ ਬਣਿਆ।
ਭਾਰਤ ਵੱਲੋਂ ਜਿੱਤੇ ਸਾਰੇ 12 ਹਾਕੀ ਓਲੰਪਿਕ ਮੈਡਲਾਂ ਵਿੱਚ ਵੀ ਪੰਜਾਬ ਦਾ ਯੋਗਦਾਨ ਰਿਹਾ ਹੈ।
1968 ਦੀ ਓਲੰਪਿਕ ਕਾਂਸੀ ਦਾ ਤਗ਼ਮਾ ਜੇਤੂ ਹਾਕੀ ਟੀਮ ਦਾ ਹਿੱਸਾ ਰਹੇ ਕਰਨਲ ਬਲਬੀਰ ਸਿੰਘ ਨੇ ਕਿਹਾ, “ਪੰਜਾਬ ਆਜ਼ਾਦੀ ਤੋਂ ਪਹਿਲਾਂ ਦੇ ਸਮੇਂ ਤੋਂ ਹੀ ਖੇਡਾਂ ਦਾ ਧੁਰਾ ਰਿਹਾ ਹੈ ਅਤੇ ਅੱਜ ਵੀ ਅਜਿਹਾ ਹੀ ਹੈ।"
“2020 ਟੋਕੀਓ ਓਲੰਪਿਕ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਨੇ ਕਾਂਸੀ ਦਾ ਤਗ਼ਮਾ ਜਿੱਤਿਆ, ਅਤੇ ਇਸ ਟੀਮ ਵਿੱਚ ਅੱਧੇ ਤੋਂ ਜ਼ਿਆਦਾ ਖਿਡਾਰੀ ਪੰਜਾਬੀ ਸਨ।”
ਉਨ੍ਹਾਂ ਨੇ ਕਿਹਾ, “ਵਿਸ਼ਵ ਪੱਧਰੀ ਹਾਕੀ ਖਿਡਾਰੀ ਪੈਦਾ ਕਰਨ ਤੋਂ ਇਲਾਵਾ, ਪੰਜਾਬ ਨੇ ਚੋਟੀ ਦੇ ਐਥਲੀਟ ਅਤੇ ਨਿਸ਼ਾਨੇਬਾਜ਼ ਵੀ ਤਿਆਰ ਕੀਤੇ ਹਨ।”
“ਦੇਸ਼ ਦੇ ਓਲੰਪਿਕ ਮੈਡਲ ਜੇਤੂਆਂ ਵਿੱਚ ਪੰਜਾਬ ਦਾ ਯੋਗਦਾਨ ਕਾਫ਼ੀ ਹੱਦ ਤੱਕ ਹਾਕੀ ਦਾ ਹੈ।”
“ਜਦੋਂ ਤੋਂ ਭਾਰਤੀ ਹਾਕੀ ਨੇ ਓਲੰਪਿਕ ਦੀ ਸ਼ੁਰੂਆਤ ਕੀਤੀ ਹੈ, 1928 ਤੋਂ ਲੈ ਕੇ ਹੁਣ ਤੱਕ ਕੋਈ ਵੀ ਟੀਮ ਅਜਿਹੀ ਨਹੀਂ, ਜਿਸ ਵਿੱਚ ਪੰਜਾਬ ਦਾ ਕੋਈ ਖਿਡਾਰੀ ਨਾ ਹੋਵੇ।”
ਕਰਨਲ ਬਲਬੀਰ ਸਿੰਘ ਸੰਸਾਰਪੁਰ ਦੇ ਜੰਮਪਲ ਹਨ ਅਤੇ ਉਨ੍ਹਾਂ ਨੂੰ ਰਾਸ਼ਟਰੀ ਖੇਡ ਪੁਰਸਕਾਰ, ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਦੋਂ ਉਹ ਭਾਰਤੀ ਮਿਲਟਰੀ ਅਕੈਡਮੀ ਵਿੱਚ ਫੌਜ ਦੀ ਸਿਖਲਾਈ ਕਰ ਰਹੇ ਜੈਂਟਲਮੈਨ ਕੈਡੇਟ ਸਨ।
ਉਨ੍ਹਾਂ ਨੇ ਅੱਗੇ ਕਿਹਾ, “ਪੰਜਾਬ ਵਿੱਚ ਹਾਕੀ ਨੂੰ ਹਰਮਨ ਪਿਆਰਾ ਬਣਾਉਣ ਵਿੱਚ ਫੌਜ ਦਾ ਵੱਡਾ ਯੋਗਦਾਨ ਹੈ। ਸੰਸਾਰਪੁਰ, ਜਿਸ ਨੂੰ ਹਾਕੀ ਓਲੰਪਿਕ ਮੈਡਲ ਜੇਤੂਆਂ ਦੇ ਪਿੰਡ ਵਜੋਂ ਜਾਣਿਆ ਜਾਂਦਾ ਹੈ, ਉਹ ਜਲੰਧਰ ਛਾਉਣੀ ਦੇ ਨੇੜੇ ਹੋਣ ਕਾਰਨ ਹਾਕੀ ਦਾ ਕੇਂਦਰ ਬਣ ਗਿਆ।’’
ਹਾਕੀ ਤੋਂ ਇਲਾਵਾ ਪੰਜਾਬ ਨੇ ਅਥਲੈਟਿਕਸ ਵਿੱਚ ਵੀ ਲਗਾਤਾਰ ਯੋਗਦਾਨ ਪਾਇਆ ਹੈ ਅਤੇ ਲਗਭਗ ਹਰ ਭਾਰਤੀ ਓਲੰਪਿਕ ਦਲ ਵਿੱਚ ਪੰਜਾਬ ਦੀ ਮੌਜੂਦਗੀ ਰਹੀ ਹੈ।
ਸੱਠਵਿਆਂ ਦੇ ਅਖੀਰ ਤੋਂ ਲੈ ਕੇ ਅੱਜ ਤੱਕ ਪੰਜਾਬ ਨੇ ਓਲੰਪਿਕ ਸ਼ੂਟਿੰਗ ਟੀਮ ਵਿੱਚ ਆਪਣੀ ਮਜ਼ਬੂਤ ਮੌਜੂਦਗੀ ਬਣਾਈ ਰੱਖੀ ਹੈ।
ਪੰਜਾਬ ਦੇ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਵਿਧਾਵਾਂ ਨਾਲ ਵੀ ਓਲੰਪਿਕ ਵਿੱਚ ਥਾਂ ਬਣਾਈ ਹੈ।
ਪੰਜਾਬ ਦਾ ਓਲੰਪਿਕ ਸਫ਼ਰ (ਆਜ਼ਾਦੀ ਤੋਂ ਪਹਿਲਾਂ ਦਾ ਦੌਰ)
ਪੰਜਾਬ ਦਾ ਓਲੰਪਿਕ ਸਫ਼ਰ ਦਲੀਪ ਸਿੰਘ ਦੇ 1924 ਦੇ ਪੈਰਿਸ ਓਲੰਪਿਕ ਵਿੱਚ ਲੰਬੀ ਛਾਲ ਵਿੱਚ ਹਿੱਸਾ ਲੈਣ ਨਾਲ ਸ਼ੁਰੂ ਹੋਇਆ।
ਉਸ ਤੋਂ ਬਾਅਦ ਮੁਹੰਮਦ ਸਲੀਮ ਨੇ ਲਾਅਨ ਟੈਨਿਸ ਵਿੱਚ ਹਿੱਸਾ ਲਿਆ।
1928 ਵਿੱਚ ਐਮਸਟਰਡਮ ਵਿੱਚ ਹੋਈਆਂ ਖੇਡਾਂ ਦੇ ਅਗਲੇ ਐਡੀਸ਼ਨ ਵਿੱਚ ਭਾਰਤ ਨੇ ਪੁਰਸ਼ ਹਾਕੀ ਟੀਮ ਦੀ ਬਦੌਲਤ ਆਪਣਾ ਪਹਿਲਾ ਓਲੰਪਿਕ ਗੋਲਡ ਮੈਡਲ ਜਿੱਤਿਆ।
1928 ਵਿੱਚ ਅਣਵੰਡੇ ਪੰਜਾਬ ਦੇ ਤਿੰਨ ਖਿਡਾਰੀ ਫਿਰੋਜ਼ ਖਾਨ, ਕੇਹਰ ਸਿੰਘ ਗਿੱਲ ਅਤੇ ਬਰੂਮੀ ਐਰਿਕ ਪਿਨਿਗਰ 16 ਮੈਂਬਰੀ ਟੀਮ ਦਾ ਹਿੱਸਾ ਸਨ।
ਫਿਰੋਜ਼ ਅਤੇ ਕੇਹਰ ਸਿੰਘ ਲਾਹੌਰ ਕਾਲਜ ਦੀ ਹਾਕੀ ਦੇ ਉਤਪਾਦ ਸਨ, ਜਦੋਂ ਕਿ ਪਿਨਿਗਰ ਉੱਤਰ-ਪੱਛਮੀ ਰੇਲਵੇ ਪੰਜਾਬ ਵਿੱਚ ਨੌਕਰੀ ਕਰਦਾ ਸੀ ਅਤੇ ਲਾਹੌਰ ਵਿੱਚ ਤਾਇਨਾਤ ਸੀ।
ਪਿਨਿਗਰ ਟੀਮ ਦੇ ਉਪ-ਕਪਤਾਨ ਸਨ ਅਤੇ ਬਾਅਦ ਵਿੱਚ ਨਿਯਮਤ ਕਪਤਾਨ ਜੈਪਾਲ ਸਿੰਘ ਮੁੰਡਾ ਦੇ ਟੀਮ ਛੱਡਣ ਤੋਂ ਬਾਅਦ ਉਨ੍ਹਾਂ ਨੇ ਕਪਤਾਨੀ ਸੰਭਾਲੀ।
ਭਾਰਤੀ ਹਾਕੀ ਦੀ ਸ਼ੁਰੂਆਤ ਕੋਲਕਾਤਾ ਵਿੱਚ ਹੋਈ ਸੀ ਅਤੇ ਸ਼ੁਰੂ ਵਿੱਚ ਇਹ 19ਵੀਂ ਸਦੀ ਦੀ ਸ਼ੁਰੂਆਤ ਵਿੱਚ ਐਂਗਲੋ-ਇੰਡੀਅਨਾਂ ਦੇ ਯੋਗਦਾਨ ਨਾਲ ਪ੍ਰਫੁੱਲਤ ਹੋਈ ਸੀ।
ਇਹ ਖੇਡ ਹੌਲੀ-ਹੌਲੀ ਰਿਆਸਤਾਂ ਅਤੇ ਹੋਰ ਸ਼ਹਿਰਾਂ ਤੱਕ ਫੈਲ ਗਈ। 1930 ਦੇ ਦਹਾਕੇ ਤੱਕ ਪੰਜਾਬ ਖੇਡਾਂ ਦੇ ਕੇਂਦਰ ਵਜੋਂ ਉੱਭਰਿਆ ਸੀ।
ਪੰਜਾਬ ਪੁਲਿਸ ਵਿੱਚ ਨੌਕਰੀਆਂ ਅਤੇ ਪੰਜਾਬ ਯੂਨੀਵਰਸਿਟੀ ਦੇ ਮਜ਼ਬੂਤ ਅੰਤਰ-ਕਾਲਜ ਸਰਕਟ ਨੇ ਭਾਰਤੀ ਹਾਕੀ ਦਾ ਧਿਆਨ ਪੰਜਾਬ ਵੱਲ ਤਬਦੀਲ ਕਰ ਦਿੱਤਾ।
1932 ਵਿੱਚ ਓਲੰਪਿਕ ਤੋਂ ਪਹਿਲਾਂ ਹੋਈ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ ਵਿੱਚ ਪੰਜਾਬ ਚੈਂਪੀਅਨ ਬਣਿਆ, ਜਿਸ ਵਿੱਚ ਪੰਜਾਬ ਦੇ ਸੱਤ ਖਿਡਾਰੀਆਂ ਨੇ 15 ਮੈਂਬਰੀ ਓਲੰਪਿਕ ਟੀਮ ਵਿੱਚ ਥਾਂ ਬਣਾਈ।
ਭਾਰਤੀ ਪੁਰਸ਼ ਹਾਕੀ ਟੀਮ ਨੇ ਲਗਾਤਾਰ ਦੂਜਾ ਗੋਲਡ ਮੈਡਲ ਜਿੱਤਿਆ।
ਸਰਕਾਰੀ ਕਾਲਜ ਲਾਹੌਰ ਦੇ ਵਿਦਿਆਰਥੀ ਅਤੇ ਪੰਜਾਬ ਪ੍ਰੋਵਿੰਸ਼ੀਅਲ ਸਰਵਿਸਿਜ਼ ਨਾਲ ਕੰਮ ਕਰਨ ਵਾਲੇ ਸੱਯਦ ਲਾਲ ਸ਼ਾਹ ਬੁਖਾਰੀ ਗੋਲਡ ਮੈਡਲ ਜਿੱਤਣ ਵਾਲੀ ਟੀਮ ਦੇ ਕਪਤਾਨ ਸਨ।
ਪੰਜਾਬ ਦੇ ਸੱਤ ਖਿਡਾਰੀਆਂ ਵਿੱਚੋਂ ਪੰਜ- ਬੁਖਾਰੀ, ਗੁਰਮੀਤ ਸਿੰਘ ਕੁੱਲਰ, ਸਯਦ ਮੁਹੰਮਦ ਜਾਫਰ, ਮਸੂਦ ਅਲੀ ਖਾਨ ਮਿਨਹਾਸ ਅਤੇ ਸਰਦਾਰ ਮੁਹੰਮਦ ਅਸਲਮ ਨੇ ਲਾਹੌਰ ਵਿੱਚ ਕਾਲਜ ਦੇ ਦਿਨਾਂ ਦੌਰਾਨ ਆਪਣੇ ਹੁਨਰ ਨੂੰ ਨਿਖਾਰਿਆ।
ਜਦੋਂ ਕਿ ਬਰੂਮ ਐਰਿਕ ਪਿਨਿਗਰ ਅਤੇ ਆਰਥਰ ਚਾਰਲਸ ਹਿੰਦ ਦੋਵੇਂ ਉੱਤਰ-ਪੱਛਮੀ ਰੇਲਵੇ ਪੰਜਾਬ ਤੋਂ ਸਨ।
1936 ਵਿੱਚ ਪੰਜਾਬ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਬੰਗਾਲ ਤੋਂ ਹਾਰ ਗਿਆ ਸੀ, ਜੋ ਓਲੰਪਿਕ ਲਈ ਚੋਣ ਟਰਾਇਲ ਦੇ ਰੂਪ ਵਿੱਚ ਕੰਮ ਆਇਆ।
ਨਤੀਜੇ ਵਜੋਂ ਪੰਜਾਬ ਦੇ ਸਿਰਫ਼ ਤਿੰਨ ਖਿਡਾਰੀ ਬਰਲਿਨ ਖੇਡਾਂ ਲਈ 19 ਮੈਂਬਰੀ ਟੀਮ ਵਿੱਚ ਜਗ੍ਹਾ ਬਣਾ ਸਕੇ, ਜਿੱਥੇ ਹਾਕੀ ਟੀਮ ਨੇ ਗੋਡਲ ਮੈਡਲ ਦੀ ਹੈਟ੍ਰਿਕ ਪੂਰੀ ਕੀਤੀ।
ਪੰਜਾਬ ਤੋਂ ਸੱਯਦ ਮੁਹੰਮਦ ਜਾਫਰ, ਅਲੀ ਇਕਤਿਦਾਰ ਸ਼ਾਹ ਦਾਰਾ ਅਤੇ ਗੁਰਚਰਨ ਸਿੰਘ ਗਰੇਵਾਲ ਬਰਲਿਨ ਓਲੰਪਿਕ ਜਾਣ ਵਾਲੀ ਹਾਕੀ ਟੀਮ ਦਾ ਹਿੱਸਾ ਸਨ।
ਇਹ ਸਾਰੇ ਸਰਕਾਰੀ ਕਾਲਜ ਲਾਹੌਰ ਤੋਂ ਸਨ।
ਸਾਬਕਾ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਅਤੇ ਖੇਡ ਸਰਪ੍ਰਸਤ ਆਰ. ਐੱਸ. ਗਿੱਲ ਨੇ ਕਿਹਾ, ‘‘ਭਾਰਤ ਵਿੱਚ ਹਾਕੀ ਦੀ ਸ਼ੁਰੂਆਤ ਅੰਗਰੇਜ਼ਾਂ ਦੁਆਰਾ ਕੀਤੀ ਗਈ ਸੀ ਅਤੇ ਇਹ ਹੌਲੀ-ਹੌਲੀ ਭਾਰਤੀ ਫੌਜ ਰਾਹੀਂ ਪੰਜਾਬ ਵਿੱਚ ਆਈ।
‘‘ਉਨ੍ਹਾਂ ਦੇ ਮਜ਼ਬੂਤ ਸਰੀਰ ਅਤੇ ਜੁਝਾਰੂ ਸੁਭਾਅ ਕਾਰਨ, ਪੰਜਾਬ ਦੇ ਲੋਕਾਂ ਨੇ ਇਸ ਖੇਡ ਨੂੰ ਚੰਗੀ ਤਰ੍ਹਾਂ ਅਪਣਾਇਆ ਅਤੇ ਹੌਲੀ-ਹੌਲੀ ਪੰਜਾਬ ਹਾਕੀ ਦਾ ਧੁਰਾ ਬਣ ਗਿਆ।’’
‘‘ਆਜ਼ਾਦੀ ਤੋਂ ਪਹਿਲਾਂ ਦੇ ਦੌਰ ਵਿੱਚ ਲਾਹੌਰ ਪੰਜਾਬ ਸੂਬੇ ਵਿੱਚ ਸਿੱਖਿਆ ਦਾ ਸਭ ਤੋਂ ਵੱਡਾ ਕੇਂਦਰ ਸੀ ਅਤੇ ਲਾਹੌਰ ਦੇ ਕਾਲਜਾਂ ਨੇ ਹਾਕੀ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।
‘‘ਆਜ਼ਾਦੀ ਤੋਂ ਪਹਿਲਾਂ ਦੇ ਦੌਰ ਵਿੱਚ ਓਲੰਪਿਕ ਟੀਮਾਂ ਵਿੱਚ ਥਾਂ ਬਣਾਉਣ ਵਾਲੇ ਪੰਜਾਬ ਦੇ ਜ਼ਿਆਦਾਤਰ ਖਿਡਾਰੀ ਪੰਜਾਬ ਯੂਨੀਵਰਸਿਟੀ ਇੰਟਰ-ਕਾਲਜ ਹਾਕੀ ਨਾਲ ਸਬੰਧਿਤ ਸਨ।’’
ਹਾਲਾਂਕਿ ਆਜ਼ਾਦੀ ਤੋਂ ਪਹਿਲਾਂ ਦੇ ਦੌਰ ਵਿੱਚ ਹਾਕੀ ਨੇ ਭਾਰਤ ਨੂੰ ਇੱਕ ਮੰਚ ਦਿਵਾਇਆ ਸੀ, ਪਰ ਹੋਰ ਖੇਡਾਂ ਵਿੱਚ ਵੀ ਭਾਰਤ ਦੇ ਪ੍ਰਤੀਭਾਗੀ ਸਨ।
ਪੰਜਾਬ ਸੂਬੇ ਦੀ ਅਥਲੈਟਿਕਸ, ਸਾਈਕਲਿੰਗ, ਲਾਅਨ ਟੈਨਿਸ ਅਤੇ ਕੁਸ਼ਤੀ ਵਿੱਚ ਮੌਜੂਦਗੀ ਸੀ।
ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਸਕੱਤਰ-ਜਨਰਲ-ਕਮ-ਮੁੱਖ ਕਾਰਜਕਾਰੀ ਅਧਿਕਾਰੀ ਰਾਜਾ ਕੇ.ਐੱਸ. ਸਿੱਧੂ ਨੇ ਕਿਹਾ, ‘‘ਪਟਿਆਲਾ ਸ਼ਾਹੀ ਪਰਿਵਾਰ ਨੇ ਭਾਰਤੀ ਓਲੰਪਿਕ ਲਹਿਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ, ਜਿਸ ਨਾਲ ਪੰਜਾਬ ਨੂੰ ਖੇਡ ਵਿਧਾਵਾਂ ਵਿੱਚ ਗਤੀ ਪ੍ਰਾਪਤ ਕਰਨ ਵਿੱਚ ਮਦਦ ਮਿਲੀ, ਖ਼ਾਸ ਕਰਕੇ ਉਨ੍ਹਾਂ ਖੇਡਾਂ ਵਿੱਚ ਜੋ ਓਲੰਪਿਕ ਦਾ ਹਿੱਸਾ ਹਨ।
‘‘ਭਾਰਤੀ ਓਲੰਪਿਕ ਸੰਘ (ਆਈਓਏ) ਦੀ ਹੋਂਦ ਦੇ 97 ਸਾਲਾਂ ਵਿੱਚ ਮਹਾਰਾਜਾ ਭੁਪਿੰਦਰ ਸਿੰਘ (1928-38), ਮਹਾਰਾਜਾ ਯਾਦਵਿੰਦਰ ਸਿੰਘ (1938-60) ਅਤੇ ਰਾਜਾ ਭਲਿੰਦਰ ਸਿੰਘ (1960-76 ਅਤੇ 1980-84) ਦੀ ਅਗਵਾਈ ਵਿੱਚ ਪਟਿਆਲਾ ਪਰਿਵਾਰ ਨੇ 52 ਸਾਲਾਂ ਤੱਕ ਰਾਸ਼ਟਰੀ ਓਲੰਪਿਕ ਸੰਸਥਾ ਦੀ ਅਗਵਾਈ ਕੀਤੀ ਹੈ।
‘‘ਇਸ ਤੋਂ ਇਲਾਵਾ, ਰਾਜਾ ਰਣਧੀਰ ਸਿੰਘ ਨੇ ਹੋਰ 25 ਸਾਲ (1987 ਤੋਂ 2012) ਤੱਕ ਇਸ ਦੇ ਜਨਰਲ ਸਕੱਤਰ ਵਜੋਂ ਸੇਵਾ ਨਿਭਾਈ।’’
ਵੰਡ ਤੋਂ ਬਾਅਦ ਪੰਜਾਬ (ਚੜ੍ਹਦਾ ਪੰਜਾਬ)
ਇੱਕ ਬ੍ਰਿਟਿਸ਼ ਬਸਤੀ ਦੇ ਰੂਪ ਵਿੱਚ ਭਾਰਤੀ ਦਲ ਨੇ 1947 ਵਿੱਚ ਆਜ਼ਾਦੀ ਮਿਲਣ ਤੱਕ ਬ੍ਰਿਟਿਸ਼ ਭਾਰਤ ਦੇ ਝੰਡੇ ਹੇਠ ਓਲੰਪਿਕ ਵਿੱਚ ਇੱਕ ਵੱਖਰੇ ਰਾਸ਼ਟਰ ਵਜੋਂ ਹਿੱਸਾ ਲਿਆ।
ਭਾਰਤ ਨੇ 1948 ਦੀ ਲੰਡਨ ਓਲੰਪਿਕ ਵਿੱਚ ਪਹਿਲੀ ਵਾਰ ਤਿਰੰਗੇ ਅਧੀਨ ਮੁਕਾਬਲੇ ਵਿੱਚ ਹਿੱਸਾ ਲਿਆ ਸੀ।
ਪੰਜਾਬ ਨੇ 1946 ਵਿੱਚ ਹਾਕੀ ਦਾ ਖਿਤਾਬ ਜਿੱਤਿਆ ਅਤੇ ਆਜ਼ਾਦੀ ਤੋਂ ਪਹਿਲਾਂ 1947 ਵਿੱਚ ਇਸ ਖਿਤਾਬ ਨੂੰ ਬਰਕਰਾਰ ਰੱਖਿਆ।
ਹਾਲਾਂਕਿ, ਅਗਸਤ 1947 ਵਿੱਚ ਰੈੱਡਕਲਿਫ ਲਾਈਨ ਨੇ ਉਪ-ਮਹਾਂਦੀਪ ਨੂੰ ਦੋ ਦੇਸ਼ਾਂ (ਭਾਰਤ ਅਤੇ ਪਾਕਿਸਤਾਨ) ਵਿੱਚ ਵੰਡ ਦਿੱਤਾ ਅਤੇ ਪੰਜਾਬ ਸੂਬੇ ਦੀ ਵੰਡ ਹੋ ਗਈ।
ਪੂਰਬੀ ਪੰਜਾਬ ਭਾਰਤੀ ਖੇਤਰ ਵਿੱਚ ਆ ਗਿਆ ਅਤੇ ਪੱਛਮੀ ਪੰਜਾਬ ਪਾਕਿਸਤਾਨ ਵਿੱਚ ਚਲਾ ਗਿਆ।
ਵੰਡ ਕਾਰਨ ਮਨੁੱਖੀ ਆਬਾਦੀ ਦਾ ਸਭ ਤੋਂ ਵੱਡਾ ਪਰਵਾਸ ਹੋਇਆ, ਜਿਸ ਕਾਰਨ ਦੋਵਾਂ ਪੱਖਾਂ ਵਿੱਚ ਕਤਲੇਆਮ ਹੋਇਆ ਅਤੇ ਲੱਖਾਂ ਲੋਕ ਮਾਰੇ ਗਏ।
ਇਸ ਤਬਾਹੀ ਦਾ ਸਭ ਤੋਂ ਜ਼ਿਆਦਾ ਖਮਿਆਜ਼ਾ ਪੰਜਾਬ ਨੂੰ ਭੁਗਤਣਾ ਪਿਆ।
ਦੇਸ਼ ਵੰਡ ਪੰਜਾਬ ਹਾਕੀ ਲਈ ਇੱਕ ਵੱਡਾ ਝਟਕਾ ਸੀ, ਕਿਉਂਕਿ ਬਹੁਤ ਸਾਰੇ ਚੋਟੀ ਦੇ ਖਿਡਾਰੀ ਲਾਹੌਰ ਵਿੱਚ ਰਹਿ ਗਏ।
ਉਨ੍ਹਾਂ ਨੇ ਬਾਅਦ ਵਿੱਚ 1948 ਦੇ ਲੰਡਨ ਓਲੰਪਿਕ ਵਿੱਚ ਪਾਕਿਸਤਾਨ ਦੀ ਨੁਮਾਇੰਦਗੀ ਕੀਤੀ।
ਕੁਝ ਖਿਡਾਰੀਆਂ ਦੇ ਪਰਿਵਾਰ ਕੋਲਕਾਤਾ, ਮੁੰਬਈ ਅਤੇ ਦਿੱਲੀ ਚਲੇ ਗਏ, ਜਿੱਥੇ ਉਨ੍ਹਾਂ ਨੇ ਰਾਸ਼ਟਰੀ ਪੱਧਰ ’ਤੇ ਆਪਣੇ ਸ਼ਹਿਰਾਂ ਅਤੇ ਪ੍ਰਾਂਤਾਂ ਦੀ ਪ੍ਰਤੀਨਿਧਤਾ ਕੀਤੀ ਅਤੇ ਬਾਅਦ ਵਿੱਚ ਭਾਰਤੀ ਟੀਮ ਵਿੱਚ ਵੀ ਜਗ੍ਹਾ ਬਣਾਈ।
1948 ਦੀ ਰਾਸ਼ਟਰੀ ਚੈਂਪੀਅਨ ਵਿੱਚ ਜੇਤੂ ਪੰਜਾਬ ਬੁਰੀ ਤਰ੍ਹਾਂ ਹਾਰ ਗਿਆ ਅਤੇ ਸ਼ੁਰੂਆਤੀ ਦੌਰ ਵਿੱਚ ਹੀ ਬਾਹਰ ਹੋ ਗਿਆ।
1948 ਲੰਡਨ ਓਲੰਪਿਕ ਲਈ ਪੰਜਾਬ ਦੇ ਤਰਲੋਚਨ ਸਿੰਘ ਬਾਵਾ, ਬਲਬੀਰ ਸਿੰਘ ਸੀਨੀਅਰ, ਗ੍ਰਹਿਨੰਦਨ ਸਿੰਘ ਅਤੇ ਅਮੀਰ ਕੁਮਾਰ 20 ਮੈਂਬਰੀ ਟੀਮ ਵਿੱਚ ਸ਼ਾਮਲ ਸਨ।
1947 ਵਿੱਚ ਪੰਜਾਬ ਸੂਬੇ ਵੱਲੋਂ ਰਾਸ਼ਟਰੀ ਪੱਧਰ ’ਤੇ ਖੇਡਣ ਵਾਲੇ ਗ੍ਰਹਿਨੰਦਨ ਸਿੰਘ (ਨੰਦੀ ਸਿੰਘ) ਅਤੇ ਅਮੀਰ ਕੁਮਾਰ ਵੰਡ ਦੇ ਸਮੇਂ ਕ੍ਰਮਵਾਰ ਪੱਛਮੀ ਬੰਗਾਲ ਅਤੇ ਮੁੰਬਈ ਚਲੇ ਗਏ।
12 ਅਗਸਤ, 1948 ਨੂੰ ਭਾਰਤੀ ਪੁਰਸ਼ ਹਾਕੀ ਟੀਮ ਨੇ ਇੱਕ ਸਾਲ ਪੁਰਾਣੇ ਦੇਸ਼ ਨੂੰ ਮਾਣ ਅਤੇ ਵਿਸ਼ਵ ਮਾਨਤਾ ਦਾ ਇੱਕ ਪਲ ਪ੍ਰਦਾਨ ਕੀਤਾ। ਆਜ਼ਾਦ ਭਾਰਤ ਨੇ ਆਪਣਾ ਪਹਿਲਾ ਓਲੰਪਿਕ ਮੈਡਲ ਜਿੱਤਿਆ।
ਫਾਈਨਲ ਵਿੱਚ ਭਾਰਤ ਨੇ ਲੰਡਨ ਵਿੱਚ ਬਰਤਾਨੀਆ ਨੂੰ 4-0 ਨਾਲ ਹਰਾਇਆ, ਜਿਸ ਵਿੱਚ ਪੰਜਾਬ ਦੇ ਖਿਡਾਰੀਆਂ ਬਲਬੀਰ ਸਿੰਘ (2) ਅਤੇ ਤਰਲੋਚਨ ਸਿੰਘ (1) ਨੇ ਤਿੰਨ ਗੋਲ ਕੀਤੇ।
ਬਲਬੀਰ ਸਿੰਘ ਸੀਨੀਅਰ ਨੇ ਮੇਰੇ ਨਾਲ ਗੱਲਬਾਤ ਦੌਰਾਨ ਕਿਹਾ ਸੀ, ‘‘ਜੇਕਰ ਭਾਰਤੀ ਟੀਮ 1947 ਦੀਆਂ ਰਾਸ਼ਟਰੀ ਖੇਡਾਂ ਤੋਂ ਬਾਅਦ ਬਣੀ ਹੁੰਦੀ ਤਾਂ ਟੀਮ ਦੇ ਅੱਧੇ ਤੋਂ ਜ਼ਿਆਦਾ ਖਿਡਾਰੀ ਪੰਜਾਬ ਤੋਂ ਹੁੰਦੇ।
‘‘ਪਰ ਵੰਡ ਨਾਲ ਸਾਡੇ ਕੁਝ ਚੰਗੇ ਖਿਡਾਰੀ ਵੀ ਚਲੇ ਗਏ ਜਿਨ੍ਹਾਂ ਨੇ ਓਲੰਪਿਕ ਵਿੱਚ ਪਾਕਿਸਤਾਨ ਦੀ ਨੁਮਾਇੰਦਗੀ ਕੀਤੀ ਸੀ।’’
1948 ਦੀਆਂ ਓਲੰਪਿਕ ਖੇਡਾਂ ਲਈ ਪਾਕਿਸਤਾਨ ਦੀ ਪੁਰਸ਼ ਹਾਕੀ ਟੀਮ ਵਿੱਚ ਜ਼ਿਆਦਾਤਰ ਖਿਡਾਰੀ ਪੱਛਮੀ ਪੰਜਾਬ ਤੋਂ ਸਨ।
ਹਾਕੀ ਤੋਂ ਇਲਾਵਾ ਲੰਡਨ ਜਾਣ ਵਾਲੀ ਅਥਲੈਟਿਕਸ ਟੀਮ ਵਿੱਚ ਵੀ ਪੰਜਾਬ ਦਾ ਅਹਿਮ ਯੋਗਦਾਨ ਰਿਹਾ।
ਅੱਠ ਮੈਂਬਰੀ ਅਥਲੈਟਿਕਸ ਟੀਮ ਵਿੱਚੋਂ ਪੰਜ ਖਿਡਾਰੀ ਪੰਜਾਬ ਦੇ ਸਨ, ਜਿਨ੍ਹਾਂ ਵਿੱਚ ਛੋਟਾ ਸਿੰਘ, ਸਾਧੂ ਸਿੰਘ ਅਤੇ ਪਟਿਆਲਾ ਤੋਂ ਸੋਮਨਾਥ ਚੋਪੜਾ ਸ਼ਾਮਲ ਸਨ।
ਪੰਜਾਬ ਦੇ ਸਾਬਕਾ ਡੀਜੀਪੀ ਆਰ. ਐੱਸ. ਗਿੱਲ ਜੋ ਕਿ 2003 ਤੋਂ 2015 ਤੱਕ ਭਾਰਤ ਦੀ ਬਾਸਕਟਬਾਲ ਫੈਡਰੇਸ਼ਨ ਦੇ ਪ੍ਰਧਾਨ ਵੀ ਰਹੇ ਹਨ, ਨੇ ਕਿਹਾ, “ਭਾਰਤੀ ਫੌਜ, ਪੰਜਾਬ ਪੁਲਿਸ ਅਤੇ ਪਟਿਆਲਾ ਸ਼ਾਹੀ ਪਰਿਵਾਰ ਨੇ ਪੰਜਾਬ ਨੂੰ ਦੇਸ਼ ਦੇ ਖੇਡ ਧੁਰਿਆਂ ਵਿੱਚੋਂ ਇੱਕ ਬਣਾਉਣ ਵਿੱਚ ਮੁੱਖ ਯੋਗਦਾਨ ਦਿੱਤਾ ਹੈ।”
‘‘ਪੰਜਾਬ ਵਿੱਚ ਆਜ਼ਾਦੀ ਤੋਂ ਪਹਿਲਾਂ ਤੋਂ ਹੀ ਖੇਡ ਸੱਭਿਆਚਾਰ ਵਿਕਸਿਤ ਹੋਇਆ ਹੈ, ਅਤੇ ਇਸੀ ਵਜ੍ਹਾ ਨਾਲ ਸਿੱਖਿਆ ਦੇ ਖੇਤਰ ਵਿੱਚ ਰੁਚੀ ਰੱਖਣ ਵਾਲੇ ਲੋਕ ਵੀ ਖੇਡਾਂ ਵੱਲ ਆਕਰਸ਼ਿਤ ਹੋਏ ਹਨ।
ਗਿੱਲ ਨੇ ਅੱਗੇ ਕਿਹਾ, ‘‘ਜਦੋਂ ਉਹ ਖੇਡਾਂ ਦਾ ਸਮਰਥਨ ਕਰਨ ਦੀ ਸਥਿਤੀ ਵਿੱਚ ਸਨ, ਤਾਂ ਉਹ ਖੇਡਾਂ ਦੇ ਸਰਪ੍ਰਸਤ ਬਣ ਗਏ।
‘‘ਆਜ਼ਾਦੀ ਤੋਂ ਬਾਅਦ, ਪੰਜਾਬ ਪੁਲਿਸ ਦੇ ਪਹਿਲੇ ਮੁਖੀ ਇੰਸਪੈਕਟਰ ਜਨਰਲ ਸੰਤ ਪ੍ਰਕਾਸ਼ ਸਿੰਘ ਖੇਡਾਂ ਦੇ ਮਹਾਨ ਪ੍ਰਮੋਟਰ ਸਨ। ਉਨ੍ਹਾਂ ਦੇ ਨਕਸ਼ੇ ਕਦਮਾਂ ’ਤੇ ਚੱਲਦੇ ਹੋਏ, ਉਨ੍ਹਾਂ ਦੇ ਉੱਤਰਾਧਿਕਾਰੀ ਰਾਜ ਪੁਲਿਸ ਫੋਰਸ ਵਿੱਚ ਖਿਡਾਰੀਆਂ ਦੀ ਭਰਤੀ ਕਰਦੇ ਰਹੇ।”
ਸਾਂਝਾ ਪੰਜਾਬ (ਪੰਜਾਬ, ਹਰਿਆਣਾ) - ਕੁਸ਼ਤੀ ਦਾ ਕੇਂਦਰ
ਆਜ਼ਾਦੀ ਤੋਂ ਪਹਿਲਾਂ ਦੇ ਦੌਰ ਵਿੱਚ ਪੰਜਾਬ ਕੁਸ਼ਤੀ ਦਾ ਧੁਰਾ ਸੀ ਅਤੇ ਲਾਹੌਰ ਇਸ ਖੇਡ ਲਈ ਇੱਕ ਪ੍ਰਮੁੱਖ ਕੇਂਦਰ ਸੀ।
ਕੁਸ਼ਤੀ ਦੇ ਧਨੀ ਸਰਪ੍ਰਸਤ ਹੀ ਲਾਹੌਰ ਨੂੰ ਇੱਕ ਮਹੱਤਵਪੂਰਨ ਕੁਸ਼ਤੀ ਕੇਂਦਰ ਵਜੋਂ ਸਥਾਪਿਤ ਕਰਨ ਪਿੱਛੇ ਪ੍ਰੇਰਣਾ ਸ਼ਕਤੀ ਸਨ।
ਉਂਜ, ਵੰਡ ਦੇ ਨਾਲ ਹੀ ਲਾਹੌਰ ਅਤੇ ਵਿਸ਼ਵ ਪ੍ਰਸਿੱਧ ਪਹਿਲਵਾਨ ਗੁਲਾਮ ਮੁਹੰਮਦ ‘ਗਾਮਾ ਪਹਿਲਵਾਨ’ ਪਾਕਿਸਤਾਨ ਚਲੇ ਗਏ।
1950 ਦੇ ਦਹਾਕੇ ਦੇ ਅੱਧ ਵਿੱਚ ਪੰਜਾਬ ਨੇ ਕੁਸ਼ਤੀ ਵਿੱਚ ਮੁੜ ਪ੍ਰਮੁੱਖਤਾ ਪ੍ਰਾਪਤ ਕਰ ਲਈ, ਜਿਸ ਦਾ ਮੁੱਖ ਕਾਰਨ ਉਹ ਖੇਤਰ ਸੀ ਜੋ ਹੁਣ ਮੌਜੂਦਾ ਹਰਿਆਣਾ ਵਿੱਚ ਆਉਂਦਾ ਹੈ।
ਕੁਸ਼ਤੀ ਵਿੱਚ ਮਹਾਰਾਸ਼ਟਰ ਦੇ ਦਬਦਬੇ ਨੂੰ ਤੋੜਦੇ ਹੋਏ 1956 ਓਲੰਪਿਕ ਵਿੱਚ ਕੁਸ਼ਤੀ ਦਲ ਦਾ ਅੱਧਾ ਹਿੱਸਾ ਪੰਜਾਬ ਦੀ ਸੀ।
ਪ੍ਰਸਿੱਧ ਪਹਿਲਵਾਨ ਲੀਲਾ ਰਾਮ, ਜੋ ਉਸ ਸਮੇਂ ਪੰਜਾਬ ਦੇ ਹਿਸਾਰ ਜ਼ਿਲ੍ਹੇ ਦੇ ਪਿੰਡ ਮੰਡੋਲਾ ਦਾ ਰਹਿਣ ਵਾਲਾ ਸੀ।
ਉਹ ਓਲੰਪਿਕ ਵਿੱਚ ਹਿੱਸਾ ਲੈਣ ਲਈ ਭਾਰਤੀ ਫੌਜ ਵਿੱਚ ਭਰਤੀ ਹੋਇਆ ਸੀ।
ਓਲੰਪਿਕ ਟੀਮਾਂ ਵਿੱਚ ਪੰਜਾਬ ਦੀ ਮਜ਼ਬੂਤ ਮੌਜੂਦਗੀ ਸੀ ਕਿਉਂਕਿ ਫੌਜ ਦੇ ਪਹਿਲਵਾਨ ਜ਼ਿਆਦਾਤਰ ਉਸ ਖੇਤਰ ਤੋਂ ਆਉਂਦੇ ਸਨ ਜੋ ਹੁਣ ਹਰਿਆਣਾ ਕਹਾਉਂਦਾ ਹੈ।
1 ਨਵੰਬਰ, 1966 ਨੂੰ ਪੰਜਾਬ ਤੋਂ ਵੱਖ ਹੋ ਕੇ ਹਰਿਆਣਾ ਰਾਜ ਬਣਨ ਤੋਂ ਬਾਅਦ, ਨਵੇਂ ਬਣੇ ਖੇਤੀ ਪ੍ਰਧਾਨ ਰਾਜ ਪੰਜਾਬ ਨੇ ਕੁਸ਼ਤੀ ਵਿੱਚ ਦਬਦਬਾ ਬਣਾਇਆ ਅਤੇ ਹੌਲੀ-ਹੌਲੀ ਇਹ ਇੱਕ ਹੋਰ ਓਲੰਪਿਕ ਧੁਰਾ ਬਣ ਗਿਆ।
ਓਲੰਪਿਕ ਮੈਡਲਾਂ ਵਿੱਚ ਹਰਿਆਣਾ ਦੇ ਯੋਗਦਾਨ ਵਿੱਚ ਖੇਡਾਂ ਵਿੱਚ ਮੁੱਕੇਬਾਜ਼ੀ (ਵਿਜੇਂਦਰ ਸਿੰਘ - ਕਾਂਸੀ), ਕੁਸ਼ਤੀ (ਯੋਗੇਸ਼ਵਰ ਦੱਤ - ਕਾਂਸੀ, ਸਾਕਸ਼ੀ ਮਲਿਕ - ਕਾਂਸੀ, ਬਜਰੰਗ ਪੂਨੀਆ - ਕਾਂਸੀ ਅਤੇ ਰਵੀ ਕੁਮਾਰ - ਸਿਲਵਰ) ਅਤੇ ਅਥਲੈਟਿਕਸ (ਨੀਰਜ ਚੋਪੜਾ - ਗੋਲਡ) ਸ਼ਾਮਲ ਹਨ।
ਇਨ੍ਹਾਂ ਤੋਂ ਇਲਾਵਾ ਦੋ ਹਾਕੀ ਖਿਡਾਰੀ ਸੁਮਿਤ ਅਤੇ ਸੁਰਿੰਦਰ ਕੁਮਾਰ ਸ਼ਾਮਲ ਹਨ ਜੋ 2020 ਟੋਕੀਓ ਓਲੰਪਿਕ ਵਿੱਚ ਪੁਰਸ਼ ਹਾਕੀ ਦੀ ਕਾਂਸੀ ਦਾ ਮੈਡਲ ਜੇਤੂ ਟੀਮ ਦਾ ਹਿੱਸਾ ਸਨ।
1966 ਤੋਂ ਬਾਅਦ ਪੰਜਾਬ ਨੇ ਕੁਝ ਚੋਟੀ ਦੇ ਪਹਿਲਵਾਨ ਵੀ ਪੈਦਾ ਕੀਤੇ ਹਨ, ਜਿਨ੍ਹਾਂ ਵਿੱਚ ਕਰਤਾਰ ਸਿੰਘ ਵੀ ਸ਼ਾਮਲ ਹੈ, ਜਿਨ੍ਹਾਂ ਨੇ ਤਿੰਨ ਓਲੰਪਿਕ (1976 ਤੋਂ 1984) ਵਿੱਚ ਹਿੱਸਾ ਲਿਆ ਸੀ।
ਭਾਰਤੀ ਹਾਕੀ ਵਿੱਚ ਪੰਜਾਬ ਦੀ ਸਰਦਾਰੀ
1952 ਦੀਆਂ ਓਲੰਪਿਕ ਖੇਡਾਂ ਵਿੱਚ ਪੰਜਾਬ ਦੇ ਪੰਜ ਖਿਡਾਰੀ ਸਨ। 1956 ਦੀਆਂ ਓਲੰਪਿਕ ਖੇਡਾਂ ਵਿੱਚ ਜਦੋਂ ਭਾਰਤ ਨੇ ਹਾਕੀ ਵਿੱਚ ਓਲੰਪਿਕ ਗੋਲਡ ਦੀ ਆਪਣੀ ਦੂਜੀ ਹੈਟ੍ਰਿਕ ਪੂਰੀ ਕੀਤੀ ਤਾਂ 18 ਮੈਂਬਰੀ ਟੀਮ ਵਿੱਚ ਪੰਜਾਬ ਦੇ ਅੱਠ ਖਿਡਾਰੀ ਸ਼ਾਮਲ ਸਨ।
1960 ਵਿੱਚ ਪੰਜਾਬ ਦੇ ਪੰਜ ਖਿਡਾਰੀ ਟੀਮ ਦਾ ਹਿੱਸਾ ਸਨ। ਓਲੰਪਿਕ ਵਿੱਚ ਸ਼ੁਰੂਆਤ ਕਰਨ ਤੋਂ ਬਾਅਦ ਪਹਿਲੀ ਵਾਰ ਭਾਰਤੀ ਪੁਰਸ਼ ਹਾਕੀ ਟੀਮ ਫਾਈਨਲ ਵਿੱਚ ਹਾਰ ਗਈ।
ਫਾਈਨਲ ਵਿੱਚ ਭਾਰਤ ਪਾਕਿਸਤਾਨ ਤੋਂ ਇੱਕ ਗੋਲ (0-1) ਨਾਲ ਹਾਰ ਗਿਆ ਸੀ।
ਪਾਕਿਸਤਾਨ ਨੇ ਪੁਰਸ਼ ਹਾਕੀ ਵਿੱਚ ਆਪਣਾ ਪਹਿਲਾ ਓਲੰਪਿਕ ਗੋਲਡ ਮੈਡਲ 1960 ਵਿੱਚ ਜਿੱਤਿਆ ਸੀ, ਜਿਸ ਵਿੱਚ ਅੱਧੀ ਟੀਮ ਪੱਛਮੀ ਪੰਜਾਬ (ਪਾਕਿਸਤਾਨ ਵਿੱਚ ਪੰਜਾਬ ਸੂਬੇ) ਦੀ ਸੀ।
ਪਾਕਿਸਤਾਨ ਨੇ ਓਲੰਪਿਕ ਵਿੱਚ ਆਪਣਾ ਪਹਿਲਾ ਵਿਅਕਤੀਗਤ ਮੈਡਲ ਵੀ ਜਿੱਤਿਆ ਜਦੋਂ ਲਾਹੌਰ ਦੇ ਪਹਿਲਵਾਨ ਮੁਹੰਮਦ ਬਸ਼ੀਰ ਨੇ ਕਾਂਸੀ ਦਾ ਮੈਡਲ ਜਿੱਤਿਆ। ਜ਼ਿਕਰਯੋਗ ਹੈ ਕਿ ਲਾਹੌਰ ਕਦੇ ਅਣਵੰਡੇ ਪੰਜਾਬ ਦਾ ਹਿੱਸਾ ਸੀ।
ਹਾਕੀ ਤੋਂ ਇਲਾਵਾ 1960 ਦੇ ਓਲੰਪਿਕ ਵਿੱਚ ਭਾਰਤੀ ਦਲ ਦਾ ਮੁੱਖ ਆਕਰਸ਼ਣ ਪੰਜਾਬ ਦੇ ਮਹਾਨ ਅਥਲੀਟ ਮਿਲਖਾ ਸਿੰਘ ਦਾ ਜਿੱਤ ਦੇ ਨਜ਼ਦੀਕ ਪਹੁੰਚਣਾ ਸੀ।
ਉਹ ਚੌਥੇ ਸਥਾਨ ’ਤੇ ਰਹੇ, ਪਰ ਮਿਲਖਾ ਸਿੰਘ ਨੇ ਤਿੰਨ ਮੈਡਲ ਜੇਤੂਆਂ ਨਾਲ ਦੌੜ ਵਿੱਚ ਮੌਜੂਦਾ 400 ਮੀਟਰ ਵਿਸ਼ਵ ਰਿਕਾਰਡ ਨੂੰ ਤੋੜ ਦਿੱਤਾ।
1960 ਦੀਆਂ ਖੇਡਾਂ ਵਿੱਚ ਅੱਠ ਮੈਂਬਰੀ ਅਥਲੈਟਿਕਸ ਟੀਮ ਵਿੱਚੋਂ ਅੱਧੇ ਪੰਜਾਬ ਤੋਂ ਸਨ।
ਕੁਸ਼ਤੀ ਵਿੱਚ ਪੰਜਾਬ ਦਾ ਮਾਧੋ ਸਿੰਘ ਪੰਜਵੇਂ ਸਥਾਨ ’ਤੇ ਰਿਹਾ।
1964 ਦੀਆਂ ਓਲੰਪਿਕ ਖੇਡਾਂ ਵਿੱਚ ਪੰਜਾਬ ਦੇ ਨੌਂ ਖਿਡਾਰੀਆਂ ਨਾਲ ਭਾਰਤ ਨੇ ਫਾਈਨਲ ਵਿੱਚ ਪਾਕਿਸਤਾਨ ਨੂੰ ਹਰਾ ਕੇ ਆਪਣਾ ਓਲੰਪਿਕ ਗੋਲਡ ਮੈਡਲ ਮੁੜ ਹਾਸਲ ਕੀਤਾ।
1968 ਦੀਆਂ ਓਲੰਪਿਕ ਖੇਡਾਂ ਵਿੱਚ ਭਾਰਤ ਨੂੰ ਕਾਂਸੀ ਦੇ ਮੈਡਲ ’ਤੇ ਹੀ ਸਬਰ ਕਰਨਾ ਪਿਆ ਅਤੇ 18 ਮੈਂਬਰੀ ਟੀਮ ਵਿੱਚ ਪੰਜਾਬ ਦੇ ਨੌਂ ਖਿਡਾਰੀ ਸ਼ਾਮਲ ਸਨ।
ਹਾਕੀ ਵਿੱਚ ਭਾਰਤ ਦੇ ਪਹੁੰਚਣ ਤੋਂ ਬਾਅਦ ਇਹ ਪਹਿਲੀ ਵਾਰ ਸੀ ਜਦੋਂ ਟੀਮ ਫਾਈਨਲ ਵਿੱਚ ਪਹੁੰਚਣ ਵਿੱਚ ਅਸਫਲ ਰਹੀ ਅਤੇ ਉਸ ਨੂੰ ਕਾਂਸੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ।
ਕਰਨਲ ਬਲਬੀਰ ਸਿੰਘ ਯਾਦ ਕਰਦੇ ਹੋਏ ਦੱਸਦੇ ਹਨ, ‘‘ਪੰਜਾਬ ਦੇ ਲੋਕਾਂ ਦੀ ਹਾਕੀ ਨਾਲ ਸਾਂਝ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਓਲੰਪਿਕ (1968) ’ਚ ਕਾਂਸੀ ਦਾ ਤਗ਼ਮਾ ਜਿੱਤਣ ਤੋਂ ਬਾਅਦ ਵੀ ਭਾਰਤ ਪਰਤਣ ’ਤੇ ਅਸੀਂ ਆਪਣੇ ਪਿੰਡ ਸੰਸਾਰਪੁਰ ’ਚ ਪ੍ਰਵੇਸ਼ ਕਰਨ ਤੋਂ ਡਰਦੇ ਸੀ ਕਿਉਂਕਿ ਇਹ ਪਹਿਲੀ ਵਾਰ ਹੋਇਆ ਸੀ ਕਿ ਭਾਰਤ ਓਲੰਪਿਕ ਵਿੱਚ ਹਾਕੀ ਦੇ ਫਾਈਨਲ ਵਿੱਚ ਪ੍ਰਵੇਸ਼ ਕਰਨ ਵਿੱਚ ਅਸਫਲ ਰਿਹਾ।’’
‘‘ਇੱਥੋਂ ਤੱਕ ਕਿ ਮੇਰੀ ਮਾਂ ਨੇ ਵੀ ਵਿਅੰਗਮਈ ਟਿੱਪਣੀ ਕੀਤੀ ਸੀ ਕਿ ਤੁਸੀਂ ਹਾਕੀ ਖੇਡਣਾ ਨਹੀਂ ਸਿੱਖਿਆ।’’
“ਹਾਕੀ ਪੰਜਾਬ ਦੇ ਸੱਭਿਆਚਾਰ ਦਾ ਹਿੱਸਾ ਬਣ ਗਈ ਹੈ ਅਤੇ ਇਸੀ ਵਜ੍ਹਾ ਨਾਲ ਇਹ ਪੂਰੇ ਸੂਬੇ ਵਿੱਚ ਹਰਮਨਪਿਆਰੀ ਹੋ ਗਈ ਹੈ।’’
‘‘ਅੱਜ ਵੀ ਜਦੋਂ ਕ੍ਰਿਕਟ ਨੇ ਸਾਰੀਆਂ ਖੇਡਾਂ ’ਤੇ ਕਬਜ਼ਾ ਕਰ ਲਿਆ ਹੈ, ਹਾਕੀ ਦਾ ਪੰਜਾਬੀਆਂ ਦੇ ਦਿਲਾਂ ’ਚ ਇੱਕ ਖ਼ਾਸ ਸਥਾਨ ਹੈ।’’
1972 ਦੀਆਂ ਓਲੰਪਿਕ ਖੇਡਾਂ ਵਿੱਚ ਪੰਜਾਬ ਦੇ ਅੱਠ ਖਿਡਾਰੀਆਂ ਨੇ 18 ਮੈਂਬਰੀ ਟੀਮ ਵਿੱਚ ਥਾਂ ਬਣਾਈ ਅਤੇ ਭਾਰਤ ਨੇ ਕਾਂਸੀ ਦਾ ਤਗ਼ਮਾ ਜਿੱਤਿਆ।
1976 ਵਿੱਚ ਜਿੱਤ ਤੋਂ ਖੁੰਝਣ ਬਾਅਦ, ਭਾਰਤੀ ਪੁਰਸ਼ ਹਾਕੀ ਟੀਮ ਨੇ 1980 ਦੇ ਮਾਸਕੋ ਓਲੰਪਿਕ ਵਿੱਚ ਗੋਲਡ ਮੈਡਲ ਜਿੱਤਿਆ, ਜਿਸ ਦਾ ਵੈਸਟਰਨ ਯੂਨੀਅਨ ਦੁਆਰਾ ਬਾਈਕਾਟ ਕੀਤਾ ਗਿਆ ਸੀ।
ਮੈਡਲ ਜਿੱਤਣ ਵਾਲੀ ਟੀਮ ਵਿੱਚ ਪੰਜਾਬ ਦੇ ਚਾਰ ਖਿਡਾਰੀ ਸਨ।
ਮਾਸਕੋ ਖੇਡਾਂ ਤੋਂ ਬਾਅਦ, ਹਾਕੀ ਵਿੱਚ ਲਗਭਗ ਚਾਰ ਦਹਾਕਿਆਂ ਤੱਕ ਸੋਕਾ ਪਿਆ ਰਿਹਾ ਜੋ 2020 ਟੋਕੀਓ ਓਲੰਪਿਕ ਵਿੱਚ ਖਤਮ ਹੋਇਆ ਜਦੋਂ ਪੰਜਾਬ ਪੁਲਿਸ ਦੇ ਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਕਾਂਸੀ ਦਾ ਤਗ਼ਮਾ ਜਿੱਤਿਆ।
ਨਿਸ਼ਾਨੇਬਾਜ਼ੀ – ਪੰਜਾਬੀ ਸੱਭਿਆਚਾਰ ਦਾ ਹਿੱਸਾ
1980 ਦੀ ਓਲੰਪਿਕ ਵਿੱਚ ਪੁਰਸ਼ਾਂ ਦੀ ਹਾਕੀ ਵਿੱਚ ਗੋਲਡਨ ਪ੍ਰਦਰਸ਼ਨ ਤੋਂ ਬਾਅਦ, ਇੱਥੇ ਪਹੁੰਚਣ ਦੀ ਪ੍ਰਾਪਤੀ ਪੰਜਾਬ ਦੇ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ ਹਾਸਲ ਕੀਤੀ।
ਉਸ ਨੇ 2008 ਬੀਜਿੰਗ ਓਲੰਪਿਕ ਵਿੱਚ 10 ਮੀਟਰ ਏਅਰ ਰਾਈਫਲ ਵਿੱਚ ਗੋਲਡ ਮੈਡਲ ਜਿੱਤਿਆ ਸੀ।
ਬਿੰਦਰਾ ਭਾਰਤ ਦੇ ਓਲੰਪਿਕ ਇਤਿਹਾਸ ਦੇ 108 ਸਾਲਾਂ ਵਿੱਚ ਵਿਅਕਤੀਗਤ ਓਲੰਪਿਕ ਗੋਲਡ ਮੈਡਲ ਜਿੱਤਣ ਵਾਲਾ ਪਹਿਲਾ ਭਾਰਤੀ ਖਿਡਾਰੀ ਬਣਿਆ।
ਉਹ 2006 ਵਿੱਚ ਵਿਸ਼ਵ ਚੈਂਪੀਅਨ ਵੀ ਬਣਿਆ ਸੀ।
17 ਸਾਲ ਦੀ ਉਮਰ ਵਿੱਚ ਬਿੰਦਰਾ ਨੇ ਸਿਡਨੀ 2000 ਵਿੱਚ ਆਪਣੇ ਪਹਿਲੇ ਓਲੰਪਿਕ ਵਿੱਚ ਭਾਗ ਲਿਆ ਅਤੇ 2016 ਦੀਆਂ ਰੀਓ ਖੇਡਾਂ ਤੱਕ ਲਗਾਤਾਰ ਪੰਜ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ।
ਪਟਿਆਲਾ ਸ਼ਾਹੀ ਪਰਿਵਾਰ ਦੇ ਰਾਜਾ ਰਣਧੀਰ ਸਿੰਘ ਪੰਜ ਓਲੰਪਿਕ (1968 ਤੋਂ 1984) ਵਿੱਚ ਹਿੱਸਾ ਲੈਣ ਵਾਲੇ ਪਹਿਲੇ ਭਾਰਤੀ ਨਿਸ਼ਾਨੇਬਾਜ਼ ਅਤੇ ਸਾਰੀਆਂ ਖੇਡਾਂ ਵਿੱਚ ਪਹਿਲੇ ਖਿਡਾਰੀ ਬਣੇ।
ਸਾਬਕਾ ਅੰਤਰਰਾਸ਼ਟਰੀ ਨਿਸ਼ਾਨੇਬਾਜ਼ ਰਾਜਾ ਕੇ.ਐੱਸ. ਸਿੱਧੂ ਨੇ ਕਿਹਾ, ‘‘ਸ਼ਿਕਾਰ ਕਰਨਾ ਪੰਜਾਬ ਦਾ ਅਨਿੱਖੜਵਾਂ ਅੰਗ ਸੀ ਅਤੇ ਇਹ ਸ਼ਾਹੀ ਪਰਿਵਾਰ ਤੋਂ ਲੈ ਕੇ ਜਨਤਾ ਤੱਕ ਪਹੁੰਚ ਗਿਆ ਸੀ।
‘‘ਇਸ ਲਈ, ਨਿਸ਼ਾਨੇਬਾਜ਼ੀ ਪੰਜਾਬੀਆਂ ਦਾ ਦੂਜਾ ਸੁਭਾਅ ਬਣ ਗਿਆ ਅਤੇ ਬੰਦੂਕਾਂ ਸੱਭਿਆਚਾਰ ਦਾ ਹਿੱਸਾ ਬਣ ਗਈਆਂ, ਜਿਸ ਨੇ ਪੰਜਾਬ ਵਿੱਚ ਇੱਕ ਖੇਡ ਦੇ ਰੂਪ ਵਿੱਚ ਨਿਸ਼ਾਨੇਬਾਜ਼ੀ ਨੂੰ ਜਨਮ ਦਿੱਤਾ।’’
ਟੋਕੀਓ ਓਲੰਪਿਕ - ਹਾਕੀ ਵਿੱਚ ਚਾਰ ਦਹਾਕੇ ਦੇ ਮੈਡਲ ਸੋਕੇ ਨੂੰ ਖਤਮ ਕੀਤਾ
2020 ਟੋਕੀਓ ਓਲੰਪਿਕ ਵਿੱਚ ਜੋ ਕੋਵਿਡ-19 ਕਾਰਨ ਇੱਕ ਸਾਲ ਲਈ ਮੁਲਤਵੀ ਕਰ ਦਿੱਤੀ ਗਈ ਸੀ। ਇਸ ਵਿੱਚ ਭਾਰਤ ਨੇ ਇੱਕ ਗੋਲਡ ਅਤੇ ਦੋ ਸਿਲਵਰ ਸਮੇਤ ਸੱਤ ਮੈਡਲ ਜਿੱਤ ਕੇ ਆਪਣਾ ਹੁਣ ਤੱਕ ਦਾ ਸਰਵੋਤਮ ਪ੍ਰਦਰਸ਼ਨ ਕੀਤਾ।
ਹਰ ਚਾਰ ਸਾਲ ਬਾਅਦ ਹੋਣ ਵਾਲੀਆਂ ਇਨ੍ਹਾਂ ਖੇਡਾਂ ਨੇ ਹਾਕੀ ਵਿੱਚ 40 ਸਾਲ ਪੁਰਾਣੇ ਮੈਡਲ ਨਾ ਮਿਲਣ ਦੇ ਸੋਕੇ ਨੂੰ ਵੀ ਖਤਮ ਕਰ ਦਿੱਤਾ।
ਇਸ 18 ਮੈਂਬਰੀ ਪੁਰਸ਼ ਹਾਕੀ ਟੀਮ ਵਿੱਚੋਂ 10 ਖਿਡਾਰੀ ਪੰਜਾਬ ਦੇ ਸਨ।
ਹਰਿਆਣਾ, ਜੋ ਕਦੇ ਪੰਜਾਬ ਦਾ ਹਿੱਸਾ ਸੀ, ਨੇ ਤਿੰਨ ਮੈਡਲ ਦਿੱਤੇ: ਦੋ ਕੁਸ਼ਤੀ ਵਿੱਚ ਅਤੇ ਨੀਰਜ ਚੋਪੜਾ ਨੇ ਜੈਵਲਿਨ ਥਰੋਅ ਵਿੱਚ ਗੋਲਡ ਮੈਡਲ ਜਿੱਤਿਆ।
ਹਰਿਆਣਾ ਤੋਂ ਬਾਅਦ, ਪੰਜਾਬ ਨੇ ਟੋਕੀਓ ਜਾਣ ਵਾਲੇ ਓਲੰਪਿਕ ਦਲ ਵਿੱਚ ਸਭ ਤੋਂ ਵੱਧ ਐਥਲੀਟਾਂ ਦਾ ਯੋਗਦਾਨ ਪਾਇਆ।
ਆਰਐੱਸ. ਗਿੱਲ ਨੇ ਕਿਹਾ, ‘‘ਕਈ ਮੁਸ਼ਕਲ ਹਾਲਤਾਂ ਦੇ ਬਾਵਜੂਦ ਪੰਜਾਬ ਹਮੇਸ਼ਾ ਤੋਂ ਹੀ ਖੇਡਾਂ ਲਈ ਮਸ਼ਹੂਰ ਰਿਹਾ ਹੈ। ਪਿਛਲੇ ਢਾਈ ਦਹਾਕਿਆਂ ਵਿੱਚ ਗੁਆਂਢੀ ਸੂਬੇ ਹਰਿਆਣਾ ਨੇ ਪੰਜਾਬ ਨੂੰ ਪਿੱਛੇ ਛੱਡ ਦਿੱਤਾ ਹੈ।
‘‘ਜੇਕਰ ਸੂਬਾ ਸਰਕਾਰ ਖੇਡਾਂ ਨੂੰ ਪਹਿਲ ਦੇਵੇ ਤਾਂ ਪੰਜਾਬ ਹੋਰ ਮਜ਼ਬੂਤ ਹੋ ਸਕਦਾ ਹੈ ਅਤੇ ਭਾਰਤੀ ਓਲੰਪਿਕ ਲਹਿਰ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾ ਸਕਦਾ ਹੈ।’’
ਉਨ੍ਹਾਂ ਨੇ ਕਿਹਾ, ‘‘ਇਹ ਚੰਗੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਨਵੀਂ ਖੇਡ ਨੀਤੀ ਵਿੱਚ ਨਕਦ ਪੁਰਸਕਾਰ ਰਾਸ਼ੀ ਵਿੱਚ ਵਾਧਾ ਕੀਤਾ ਹੈ, ਪਰ ਇਸ ਦੇ ਨਾਲ ਹੀ ਸਰਕਾਰ ਨੂੰ ਹੇਠਲੇ ਪੱਧਰ ’ਤੇ ਖੇਡਾਂ ਨੂੰ ਮਜ਼ਬੂਤ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ।’’
ਆਗਾਮੀ 2024 ਪੈਰਿਸ ਓਲੰਪਿਕ ਵਿੱਚ ਵੀ ਪੰਜਾਬ ਵੱਲੋਂ ਭਾਰਤੀ ਦਲ ਵਿੱਚ ਅਹਿਮ ਯੋਗਦਾਨ ਪਾਉਣ ਦੀ ਉਮੀਦ ਹੈ।
ਭਾਰਤ ਦੀ ਓਲੰਪਿਕ ਵਿੱਚ ਸਫਲਤਾ ਵਿੱਚ ਪੰਜਾਬ ਦਾ ਯੋਗਦਾਨ ਸਪਸ਼ਟ ਹੈੈ।
ਕਈ ਸਮਾਜਿਕ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਬਾਵਜੂਦ, ਖੇਡਾਂ ਪ੍ਰਤੀ ਪੰਜਾਬ ਦੀ ਸਮਰੱਥਾ ਅਤੇ ਵਚਨਬੱਧਤਾ ਲਗਾਤਾਰ ਚਮਕਦੀ ਰਹਿੰਦੀ ਹੈ, ਜਿਸ ਨਾਲ ਇਹ ਭਾਰਤ ਦੀਆਂ ਓਲੰਪਿਕ ਪ੍ਰਾਪਤੀਆਂ ਵਿੱਚ ਇੱਕ ਪ੍ਰਮੁੱਖ ਧੁਰਾ ਬਣ ਜਾਂਦਾ ਹੈ।
ਪੰਜਾਬ ਦੇ ਓਲੰਪਿਕ ਮੈਡਲ ਜੇਤੂ (1928 ਤੋਂ 2020 ਤੱਕ)
1928 ਓਲੰਪਿਕ-ਫਿਰੋਜ਼ ਖਾਨ, ਕੇਹਰ ਸਿੰਘ ਗਿੱਲ ਅਤੇ ਬਰੂਮ ਐਰਿਕ ਪਿਨਿਗਰ (ਹਾਕੀ, ਗੋਲਡ)।
1932 ਓਲੰਪਿਕ-ਬਰੂਮ ਐਰਿਕ ਪਿਨਿਗਰ, ਆਰਥਰ ਚਾਰਲਸ ਹਿੰਦ, ਗੁਰਮੀਤ ਸਿੰਘ ਕੁੱਲਰ, ਲਾਲ ਸ਼ਾਹ ਬੁਖਾਰੀ, ਸਯਦ ਮੁਹੰਮਦ ਜਾਫਰ, ਮਸੂਦ ਅਲੀ ਖਾਨ ਮਿਨਹਾਸ ਅਤੇ ਸਰਦਾਰ ਮੁਹੰਮਦ ਅਸਲਮ (ਹਾਕੀ, ਗੋਲਡ)
1936 ਓਲੰਪਿਕ- ਸੱਯਦ ਮੁਹੰਮਦ ਜਾਫਰ, ਅਲੀ ਇਕਤਿਦਾਰ ਸ਼ਾਹ ਦਾਰਾ ਅਤੇ ਗੁਰੂਚਰਨ ਸਿੰਘ ਗਰੇਵਾਲ (ਹਾਕੀ ਗੋਲਡ)।
1948 ਓਲੰਪਿਕ- ਤਰਲੋਚਨ ਸਿੰਘ ਬਾਵਾ, ਗ੍ਰਹਿਨੰਦਨ ਸਿੰਘ, ਬਲਬੀਰ ਸਿੰਘ ਸੀਨੀਅਰ ਅਤੇ ਅਮੀਰ ਕੁਮਾਰ (ਹਾਕੀ, ਗੋਲਡ)।
1952 ਓਲੰਪਿਕ-ਗ੍ਰਹਿਨੰਦਨ ਸਿੰਘ, ਬਲਬੀਰ ਸਿੰਘ ਸੀਨੀਅਰ, ਧਰਮ ਸਿੰਘ ਗਿੱਲ, ਊਧਮ ਸਿੰਘ ਅਤੇ ਰਘਬੀਰ ਲਾਲ (ਹਾਕੀ, ਗੋਲਡ)।
1956 ਓਲੰਪਿਕ- ਬਲਬੀਰ ਸਿੰਘ ਸੀਨੀਅਰ, ਅਮੀਰ ਕੁਮਾਰ, ਊਧਮ ਸਿੰਘ, ਰਘਬੀਰ ਲਾਲ, ਬਾਲਕ੍ਰਿਸ਼ਨ ਸਿੰਘ, ਬਖਸ਼ੀਸ਼ ਸਿੰਘ, ਗੁਰਦੇਵ ਸਿੰਘ ਅਤੇ ਹਰਦਿਆਲ ਸਿੰਘ (ਹਾਕੀ, ਗੋਲਡ)।
1960 ਓਲੰਪਿਕ- ਊਧਮ ਸਿੰਘ, ਬਾਲਕ੍ਰਿਸ਼ਨ ਸਿੰਘ, ਕੁਲਵੰਤ ਅਰੋੜਾ, ਚਰਨਜੀਤ ਸਿੰਘ ਅਤੇ ਪ੍ਰਿਥੀਪਾਲ ਸਿੰਘ (ਹਾਕੀ, ਸਿਲਵਰ)।
1964 ਓਲੰਪਿਕ- ਊਧਮ ਸਿੰਘ, ਚਰਨਜੀਤ ਸਿੰਘ, ਪ੍ਰਿਥੀਪਾਲ ਸਿੰਘ, ਰਜਿੰਦਰ ਸਿੰਘ, ਦਰਸ਼ਨ ਸਿੰਘ, ਜਗਜੀਤ ਸਿੰਘ, ਹਰਬਿੰਦਰ ਸਿੰਘ, ਬਲਬੀਰ ਸਿੰਘ ਜੂਨੀਅਰ, ਧਰਮ ਸਿੰਘ ਮਾਨ (ਹਾਕੀ, ਗੋਲਡ)।
1968 ਓਲੰਪਿਕ- ਪ੍ਰਿਥੀਪਾਲ ਸਿੰਘ, ਜਗਜੀਤ ਸਿੰਘ, ਹਰਬਿੰਦਰ ਸਿੰਘ, ਬਲਬੀਰ ਸਿੰਘ ਜੂਨੀਅਰ, ਧਰਮ ਸਿੰਘ ਮਾਨ, ਕਰਨਲ ਬਲਬੀਰ ਸਿੰਘ, ਤਰਸੇਮ ਸਿੰਘ, ਅਜੀਤਪਾਲ ਸਿੰਘ ਅਤੇ ਹਰਮੀਕ ਸਿੰਘ (ਹਾਕੀ, ਕਾਂਸੀ)।
1972 ਓਲੰਪਿਕ-ਹਰਬਿੰਦਰ ਸਿੰਘ, ਅਜੀਤਪਾਲ ਸਿੰਘ, ਹਰਮੀਕ ਸਿੰਘ, ਅਜੀਤ ਸਿੰਘ, ਚਾਰਲਸ ਕਾਰਨੇਲੀਅਸ, ਹਰਚਰਨ ਸਿੰਘ, ਕੁਲਵੰਤ ਸਿੰਘ ਅਤੇ ਮੁਖਬੈਨ ਸਿੰਘ (ਹਾਕੀ, ਕਾਂਸੀ)।
1980 ਓਲੰਪਿਕ- ਚਰਨਜੀਤ ਕੁਮਾਰ, ਦਵਿੰਦਰ ਸਿੰਘ ਗਰਚਾ, ਗੁਰਮੇਲ ਸਿੰਘ ਅਤੇ ਸੁਰਿੰਦਰ ਸਿੰਘ ਸੋਢੀ (ਹਾਕੀ, ਗੋਲਡ)।
2008 ਓਲੰਪਿਕ- ਅਭਿਨਵ ਬਿੰਦਰਾ (ਨਿਸ਼ਾਨੇਬਾਜ਼ੀ, ਗੋਲਡ)।
2020 ਓਲੰਪਿਕ- ਮਨਪ੍ਰੀਤ ਸਿੰਘ, ਗੁਰਜੰਟ ਸਿੰਘ, ਹਾਰਦਿਕ ਸਿੰਘ, ਹਰਮਨਪ੍ਰੀਤ ਸਿੰਘ, ਸਿਮਰਨਜੀਤ ਸਿੰਘ, ਮਨਦੀਪ ਸਿੰਘ, ਦਿਲਪ੍ਰੀਤ ਸਿੰਘ, ਰੁਪਿੰਦਰਪਾਲ ਸਿੰਘ, ਸ਼ਮਸ਼ੇਰ ਸਿੰਘ, ਵਰੁਣ ਕੁਮਾਰ (ਹਾਕੀ, ਕਾਂਸੀ)।