ਵਲਾਦੀਮੀਰ ਪੁਤਿਨ ਨੂੰ 24 ਸਾਲਾਂ ਬਾਅਦ ਉੱਤਰੀ ਕੋਰੀਆ ਜਾਣ ਦੀ ਲੋੜ ਕਿਉਂ ਪਈ

ਤਸਵੀਰ ਸਰੋਤ, Getty Images
- ਲੇਖਕ, ਜੂਨਾ ਮੂਨ
- ਰੋਲ, ਬੀਬੀਸੀ ਪੱਤਰਕਾਰ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਆਪਣੇ ਸਰਕਾਰੀ ਦੌਰੇ ਉੱਤੇ ਉੱਤਰ ਕੋਰੀਆ ਪਹੁੰਚੇ ਹੋਏ ਹਨ। ਉਨ੍ਹਾਂ ਦੇ ਇਸ ਦੌਰੇ ਬਾਰੇ ਲੰਬੇ ਸਮੇਂ ਤੋਂ ਅਟਕਲਾਂ ਲਾਈਆਂ ਜਾ ਰਹੀਆਂ ਸਨ।
ਪੁਤਿਨ ਨੇ 24 ਸਾਲਾਂ ਵਿੱਚ ਪਹਿਲੀ ਵਾਰ ਪਿਓਂਗਯਾਂਗ ਵਿੱਚ ਪੈਰ ਰੱਖਿਆ ਹੈ।
2000 ਵਿੱਚ ਉਹ ਆਖਰੀ ਵਾਰ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਇਲ ਦੇ ਸੱਤਾ ਵਿੱਚ ਆਉਣ ਸਮੇਂ ਗਏ ਸਨ।
ਪੁਤਿਨ ਨੇ ਪਿਛਲੇ ਸਤੰਬਰ ਵਿੱਚ ਰੂਸ ਵਿੱਚ ਵੋਸਟੋਚਨੀ ਕੋਸਮੋਡਰੋਮ ਵਿੱਚ ਉਨ੍ਹਾਂ ਦੇ ਸਿਖਰ ਸੰਮੇਲਨ ਤੋਂ ਬਾਅਦ ਕਿਮ ਜੋਂਗ ਉਨ ਦੇ ਸੱਦੇ ਨੂੰ ਸਵੀਕਾਰ ਕੀਤਾ ਸੀ।
ਜੇਕਰ ਆਗੂਆਂ ਵਿਚਕਾਰ ਪਿਛਲੀ ਮੀਟਿੰਗ ਉਨ੍ਹਾਂ ਦੇ ਸਬੰਧਾਂ ਦੀ ਨੀਂਹ ਰੱਖਣ ਬਾਰੇ ਸੀ, ਤਾਂ ਇਹ ਮੁਲਾਕਾਤ ਉਸ ਅਹਿਮ ਗਤੀਵਿਧੀ ਨੂੰ ਅੱਗੇ ਵਧਾਏਗੀ।
ਆਗਾਮੀ ਸਿਖਰ ਸੰਮੇਲਨ ਫੌਜੀ ਸਹਿਯੋਗ ਦੇ ਪੱਧਰ 'ਤੇ ਕੌਮਾਂਤਰੀ ਧਿਆਨ ਖਿੱਚ ਰਿਹਾ ਹੈ ਜਿਸ 'ਤੇ ਮੀਟਿੰਗ ਦੌਰਾਨ ਸਹਿਮਤੀ ਹੋ ਸਕਦੀ ਹੈ।
ਆਸ ਕੀਤੀ ਜਾ ਰਹੀ ਹੈ ਕਿ ਸੱਭਿਆਚਾਰਕ, ਖੇਤੀਬਾੜੀ, ਆਰਥਿਕ ਅਤੇ ਸੈਰ-ਸਪਾਟਾ ਖੇਤਰਾਂ ਵਿੱਚ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਕਾਰਗਰ ਸਾਬਤ ਹੋਵੇਗਾ।
ਇੱਕ ਹੋਰ ਅਹਿਮ ਪਹਿਲੂ ਵੀ ਵਿਚਾਰਨ ਵਾਲਾ ਹੈ ਕਿ ਪੁਤਿਨ ਉੱਤਰੀ ਕੋਰੀਆ ਦੇ ਉੱਨਤ ਹਥਿਆਰਾਂ ਦੇ ਆਦਾਨ-ਪ੍ਰਦਾਨ ਅਤੇ ਪ੍ਰਮਾਣੂ ਪ੍ਰੋਗਰਾਮ ਬਾਰੇ ਯੋਜਨਾ ਬਣਾਉਂਦੇ ਹਨ।
ਡਾਕਟਰ ਕਿਮ ਡੋਂਗ-ਯੁਪ, ਦੱਖਣੀ ਕੋਰੀਆ ਵਿੱਚ ਯੂਨੀਵਰਸਿਟੀ ਆਫ਼ ਨਾਰਥ ਕੋਰੀਅਨ ਸਟੱਡੀਜ਼ ਦੇ ਪ੍ਰੋਫੈਸਰ ਹਨ। , ਉਨ੍ਹਾਂ ਦਾ ਕਹਿਣਾ ਹੈ ਕਿ ਸਿਖਰ ਸੰਮੇਲਨ ਅਸਲ ਨਤੀਜੇ ਦੇਣ ਵਾਲੇ ਡੂੰਗੇ ਵਿਚਾਰ-ਵਟਾਂਦਰੇ ਲਈ ਇੱਕ ਮੰਚ ਦੀ ਬਜਾਇ ਇੱਕ ਸਮਾਗਮ ਹੋਣ ਦੀ ਸੰਭਾਵਨਾ ਹੈ।
ਦੱਖਣੀ ਕੋਰੀਆ ਨਾਲ ਸਬੰਧਾਂ ਨੂੰ ਬਹਾਲ ਕਰਨ ਦੀ ਜ਼ਰੂਰਤ ਬਾਰੇ ਰੂਸ ਦੀ ਜਾਗਰੂਕ ਹੈ ਤੇ ਇਸ ਦਾ ਮਤਲਬ ਹੈ ਕਿ ਉੱਤਰੀ ਕੋਰੀਆ ਤੇ ਰੂਸ ਦਰਮਿਆਨ ਸਹਿਯੋਗ ਨੂੰ ਵਧਾਉਣ ਦੀ ਸੰਭਾਵਨਾ ਨਹੀਂ ਹੈ।

ਤਸਵੀਰ ਸਰੋਤ, Reuters
ਮਿਲਟਰੀ: ਰੂਸ ਨੂੰ ਹਥਿਆਰਾਂ ਦੀ ਲੋੜ ਹੈ, ਉੱਤਰੀ ਕੋਰੀਆ ਨੂੰ ਤਕਨਾਲੋਜੀ ਦੀ ਲੋੜ ਹੈ
ਯੂਕਰੇਨ 'ਤੇ ਰੂਸ ਦੇ ਹਮਲੇ ਨੂੰ ਢਾਈ ਸਾਲਾਂ ਤੋਂ ਵੱਧ ਸਮੇਂ ਤੱਕ ਚੱਲਣ ਨਾਲ, ਉੱਤਰੀ ਕੋਰੀਆ ਅਤੇ ਰੂਸ ਸਪਲਾਈ ਲਈ ਇੱਕ ਦੂਜੇ 'ਤੇ ਨਿਰਭਰ ਹੋ ਗਏ ਹਨ।
ਕੋਰੀਆ ਯੂਨੀਵਰਸਿਟੀ ਦੇ ਏਕੀਕਰਨ ਅਤੇ ਕੂਟਨੀਤੀ ਵਿਭਾਗ ਦੇ ਪ੍ਰੋਫੈਸਰ ਡਾਕਟਰ ਨੇਮ ਸੁੰਗ-ਵੁੱਕ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਗੱਲਬਾਤ ਦਾ ਮੁੱਖ ਏਜੰਡਾ ਇਹ ਹੋਵੇਗਾ ਕਿ ‘ਉੱਤਰੀ ਕੋਰੀਆ ਦੇ ਬਣੇ ਹਥਿਆਰ ਕਿੰਨੀ ਗਿਣਤੀ ਵਿੱਚ ਰੂਸ ਨੂੰ ਸਪਲਾਈ ਕੀਤੇ ਜਾਣਗੇ।"
ਉਨ੍ਹਾਂ ਦਾ ਮੰਨਣਾ ਹੈ ਕਿ ਵਿਚਾਰ-ਵਟਾਂਦਰੇ ਦੌਰਾਨ ਰਵਾਇਤੀ ਹਥਿਆਰਾਂ ਨਾਲ ਜੁੜੇ ਥੋੜ੍ਹੇ ਸਮੇਂ ਦੇ ਸੌਦਿਆਂ ਤੋਂ ਅੱਗੇ ਦੀ ਗੱਲ ਹੋ ਸਕਦੀ ਹੈ।
ਉੱਤਰੀ ਕੋਰੀਆ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਰੂਸ ਨੂੰ ਹਥਿਆਰ ਮੁਹੱਈਆ ਕਰਾਉਣ ਦੇ ਬਦਲੇ ਭੋਜਨ ਅਤੇ ਬਾਲਣ ਤੋਂ ਇਲਾਵਾ ਹੋਰ ਕੁਝ ਵੀ ਜ਼ਰੂਰ ਮੰਗੇਗਾ।

ਡਾਕਟਰ ਨਮ ਨੇ ਭਵਿੱਖਬਾਣੀ ਕੀਤੀ ਹੈ ਕਿ, “ਖ਼ਾਸ ਤੌਰ 'ਤੇ, ਮਈ ਵਿੱਚ ਇੱਕ ਅਸਫ਼ਲ ਫੌਜੀ ਖੋਜ ਉਪਗ੍ਰਹਿ ਲਾਂਚ ਤੋਂ ਬਾਅਦ, ਉੱਤਰੀ ਕੋਰੀਆ ਏਅਰਸਪੇਸ ਤਕਨਾਲੋਜੀ ਵਿੱਚ ਰੂਸ ਦੀ ਤਕਨੀਕੀ ਸਹਾਇਤਾ ਦੀ ਬੇਨਤੀ ਕਰ ਸਕਦਾ ਹੈ।
ਪੁਲਾੜ ਟੈਕਨਾਲੋਜੀ ਪਾਵਰਹਾਊਸ ਵਜੋਂ, ਉੱਤਰੀ ਕੋਰੀਆ ਨੂੰ ਸਫਲਤਾਪੂਰਵਕ ਹੋਰ ਉਪਗ੍ਰਹਿ ਲਾਂਚ ਕਰਨ ਲਈ ਰੂਸ ਦੀ ਮਦਦ ਅਹਿਮ ਭੂਮਿਕਾ ਨਿਭਾਏਗੀ।
ਉੱਤਰੀ ਕੋਰੀਆ ਤੋਂ ਇਹ ਵੀ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣੇ ਜਾਸੂਸੀ ਉਪਗ੍ਰਹਿਾਂ ਵਿੱਚ ਸੁਧਾਰ ਲਿਆਉਣ ਅਤੇ ਪ੍ਰਮਾਣੂ ਪਣਡੁੱਬੀਆਂ ਨੂੰ ਵਿਕਸਤ ਕਰਨ ਲਈ ਰੂਸੀ ਸਮਰਥਨ ਦੀ ਮੰਗ ਕਰੇਗਾ।
ਡਾਕਟਰ ਨਮ ਦਾ ਮੰਨਣਾ ਹੈ ਕਿ ਪਰਮਾਣੂ ਹਥਿਆਰਾਂ ਬਾਰੇ ਕਿਸੇ ਵੀ ਵਿਚਾਰ-ਵਟਾਂਦਰੇ ਦਾ ਪ੍ਰਚਾਰ ਕੀਤੇ ਜਾਣ ਦੀ ਸੰਭਾਵਨਾ ਨਹੀਂ ਹੈ।
ਪੁਤਿਨ ਪੱਛਮੀ ਹਥਿਆਰਾਂ ਦੇ ਯੂਕਰੇਨ ਵਿੱਚ ਦਾਖਲ ਹੋਣ ਅਤੇ ਰੂਸੀ ਮੁੱਖ ਭੂਮੀ ਨੂੰ ਧਮਕੀ ਦੇਣ ਬਾਰੇ ਸੰਵੇਦਨਸ਼ੀਲ ਰਹੇ ਹਨ ਅਤੇ ਉਨ੍ਹਾਂ ਨੇ ਪ੍ਰਮਾਣੂ ਹਥਿਆਰਾਂ ਦੀ ਸੰਭਾਵਤ ਵਰਤੋਂ ਦੇ ਸੰਕੇਤ ਵੀ ਦਿੱਤੇ ਸਨ।
ਡਾਕਟਰ ਨਮ ਕਹਿੰਦੇ ਹਨ ਕਿ, ਹਾਲਾਂਕਿ, ਪਰਮਾਣੂ-ਸਬੰਧਤ ਸਹਿਯੋਗ ਜਾਂ ਕੋਰੀਆਈ ਪ੍ਰਾਇਦੀਪ ਅਤੇ ਉੱਤਰ-ਪੂਰਬੀ ਏਸ਼ੀਆ ਵਿੱਚ ਪ੍ਰਮਾਣੂ ਹਥਿਆਰਾਂ ਨੂੰ ਸਾਂਝਾ ਕਰਨ ਨਾਲ ਗੁਆਂਢੀ ਦੇਸ਼ਾਂ ਅਤੇ ਸੰਯੁਕਤ ਰਾਜ ਅਮਰੀਕਾ ਵਰਗੇ ਦੇਸ਼ਾਂ ਤੋਂ ਅਹਿਮ ਪ੍ਰਤੀਕਰਮ ਪੈਦਾ ਹੋਵੇਗਾ।
ਇਸ ਲਈ, ਇਹ ਵਿਸ਼ੇ ਸਿਖਰ ਸੰਮੇਲਨ ਵਿੱਚ ਸਾਹਮਣੇ ਆਉਣ ਦੀ ਸੰਭਾਵਨਾ ਨਹੀਂ ਹੈ।

ਤਸਵੀਰ ਸਰੋਤ, Getty Images
ਆਰਥਿਕਤਾ: ਰੂਸ ਨੂੰ ਮਜ਼ਦੂਰਾਂ ਦੀ ਲੋੜ ਹੈ ਤੇ ਉੱਤਰੀ ਕੋਰੀਆ ਵਿਦੇਸ਼ੀ ਮੁਦਰਾ ਚਾਹੁੰਦਾ ਹੈ
ਰੂਸ ਅਤੇ ਉੱਤਰੀ ਕੋਰੀਆ ਦੇ ਆਰਥਿਕ ਸਹਿਯੋਗ ਨੂੰ ਵਧਾਉਣ 'ਤੇ ਵੀ ਚਰਚਾ ਕਰਨ ਦੀ ਸੰਭਾਵਨਾ ਹੈ।
ਡੌਂਗ-ਵਨ ਯੂਨੀਵਰਸਿਟੀ ਵਿੱਚ ਰਾਜਨੀਤੀ ਵਿਗਿਆਨ ਅਤੇ ਕੂਟਨੀਤੀ ਦੇ ਪ੍ਰੋਫੈਸਰ ਡਾਕਟਰ ਕਾਂਗ ਡੋਂਗ-ਵਾਨ ਦਾ ਕਹਿਣਾ ਹੈ ਕਿ ਉੱਤਰੀ ਕੋਰੀਆ ਨੂੰ ਇਸ ਸਮੇਂ ਜੇ ਰੂਸ ਤੋਂ ਸਭ ਤੋਂ ਵੱਧ ਕਿਸੇ ਚੀਜ਼ ਦੀ ਲੋੜ ਹੈ ਤਾਂ ਉਹ ਹੈ ‘ਮਜ਼ਦੂਰਾਂ ਜ਼ਰੀਏ ਵਿਦੇਸ਼ੀ ਮੁਦਰਾ ਕਮਾਉਣ ਦੀ’।
ਇਸ ਨਾਲ ਉੱਤਰੀ ਕੋਰੀਆ ਵੱਲੋਂ ਰੂਸ ਵਿੱਚ ਹੋਰ ਕਾਮੇ ਭੇਜਣ ਦੀ ਸੰਭਾਵਨਾ ਵਧ ਗਈ ਹੈ।
ਰੂਸ ਨੂੰ ਵੀ ਜੰਗ ਵਿੱਚ ਨੁਕਸਾਨੀਆਂ ਗਈਆਂ ਇਮਾਰਤਾਂ ਅਤੇ ਬੁਨਿਆਦੀ ਢਾਂਚੇ ਨੂੰ ਦੁਬਾਰਾ ਬਣਾਉਣ ਅਤੇ ਆਪਣੀ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਲਈ ਮਜ਼ਦੂਰਾਂ ਦੀ ਲੋੜ ਹੈ।
ਡਾਕਟਰ ਕੰਗ ਦਾ ਕਹਿਣਾ ਹੈ ਕਿ ਦੋਵੇਂ ਆਗੂ ਉੱਤਰੀ ਕੋਰੀਆ ਤੋਂ ਪਰਵਾਸੀ ਮਜ਼ਦੂਰਾਂ ਨੂੰ ਲਿਆਉਣ 'ਤੇ ਚਰਚਾ ਕਰ ਸਕਦੇ ਹਨ, ਕਿਉਂਕਿ ਰੂਸ ਨੂੰ ਯੂਕਰੇਨ ਦੀ ਜੰਗ ਤੋਂ ਬਾਅਦ ਫ਼ੌਜਾਂ ਦੀ ਲਾਮਬੰਦੀ ਅਤੇ ਨੌਜਵਾਨਾਂ ਦੇ ਵਿਦੇਸ਼ ਜਾਣ ਕਾਰਨ ਮਜ਼ਦੂਰਾਂ ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਹਾਲਾਂਕਿ, ਉੱਤਰੀ ਕੋਰੀਆ ਖ਼ਿਲਾਫ਼ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਲੋਂ ਕੁਝ ਪਾਬੰਦੀਆਂ ਲਗਾਈਆਂ ਗਈਆਂ ਹਨ। ਇਹ ਪਾਬੰਦੀਆਂ ਉੱਤਰੀ ਕੋਰੀਆ ਦੇ ਕਰਮਚਾਰੀਆਂ ਨੂੰ ਵਿਦੇਸ਼ਾਂ ਵਿੱਚ ਕੰਮ ਕਰਨ ਤੋਂ ਮਨ੍ਹਾ ਕਰਦੀਆਂ ਹਨ ਅਤੇ 22 ਦਸੰਬਰ 2019 ਤੱਕ ਸਾਰੇ ਉੱਤਰੀ ਕੋਰੀਆਈ ਕਰਮਚਾਰੀਆਂ ਨੂੰ ਵਾਪਸ ਮੁਲਕ ਆ ਜਾਣ ਦਾ ਆਦੇਸ਼ ਦਿੰਦੀਆਂ ਹਨ।
ਇਸ ਲਈ, ਜੇਕਰ ਰੂਸ ਜੋ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਾ ਸਥਾਈ ਮੈਂਬਰ ਹੈ ਅਧਿਕਾਰਤ ਤੌਰ 'ਤੇ ਉੱਤਰੀ ਕੋਰੀਆ ਦੇ ਕਰਮਚਾਰੀਆਂ ਨੂੰ ਭਰਤੀ ਕਰਨ ਲਈ ਅੱਗੇ ਵਧਦਾ ਹੈ ਤਾਂ ਇਹ ਸੰਭਾਵਨਾ ਹੈ ਕਿ ਕੌਮਾਂਤਰੀ ਭਾਈਚਾਰਾ ਇਸ ਬਾਰੇ ਵਿਚਾਰ ਕਰੇਗਾ।
ਸਾਰੀਆਂ ਨਜ਼ਰਾਂ ਇਸ ਗੱਲ 'ਤੇ ਹੋਣਗੀਆਂ ਕਿ ਦੋਵੇਂ ਦੇਸ਼ ਕੌਮਾਂਤਰੀ ਪ੍ਰਤੀਕਰਮ ਅਤੇ ਕੂਟਨੀਤਕ ਦਬਾਅ ਦੇ ਵਿਚਕਾਰ ਆਰਥਿਕ ਸਹਿਯੋਗ ਨੂੰ ਕਿਵੇਂ ਅੱਗੇ ਵਧਾਉਂਦੇ ਹਨ।

ਤਸਵੀਰ ਸਰੋਤ, Reuters
ਸੱਭਿਆਚਾਰਕ ਵਟਾਂਦਰਾ: ਕੀ ਉੱਤਰੀ ਕੋਰੀਆ ਦਾ ਸੈਰ-ਸਪਾਟਾ ਵਧ ਰਿਹਾ ਹੈ?
ਰੂਸ ਨੇ ਉੱਤਰੀ ਕੋਰੀਆ ਦੇ ਸਮੂਹ ਦੌਰੇ ਮੁੜ ਸ਼ੁਰੂ ਕਰ ਦਿੱਤੇ ਹਨ, ਜੋ ਕੋਵਿਡ -19 ਮਹਾਂਮਾਰੀ ਦੇ ਕਾਰਨ ਫਰਵਰੀ 2020 ਤੋਂ ਮੁਅੱਤਲ ਕਰ ਦਿੱਤੇ ਗਏ ਸਨ।
ਉੱਤਰੀ ਕੋਰੀਆ ਅਤੇ ਰੂਸ ਵਿਚਕਾਰ ਯਾਤਰੀ ਰੇਲ ਸੇਵਾ ਵੀ ਤਕਰੀਬਨ ਚਾਰ ਸਾਲਾਂ ਬਾਅਦ 6 ਜੂਨ ਨੂੰ ਮੁੜ ਸ਼ੁਰੂ ਹੋਈ।
ਪ੍ਰਿਮੋਰਸਕੀ ਕ੍ਰਾਈ ਸਰਕਾਰ - ਇੱਕ ਰੂਸੀ ਖੇਤਰੀ ਸਰਕਾਰ ਮੁਤਾਬਕ, ਫਰਵਰੀ ਅਤੇ ਮਈ 2024 ਦਰਮਿਆਨ 400 ਤੋਂ ਵੱਧ ਰੂਸੀ ਸੈਲਾਨੀਆਂ ਨੇ ਉੱਤਰੀ ਕੋਰੀਆ ਦੀ ਯਾਤਰਾ ਕੀਤੀ।
ਇੱਕ ਰੂਸੀ ਟਰੈਵਲ ਏਜੰਸੀ, ਵੋਸਟੋਕ ਇੰਟੁਰ, ਆਪਣੀ ਵੈੱਬਸਾਈਟ 'ਤੇ 750 ਡਾਲਰ ਵਿੱਚ ਉੱਤਰੀ ਕੋਰੀਆ ਲਈ ਚਾਰ ਤੋਂ ਪੰਜ ਰਾਤ ਦੇ ਟੂਰ ਦੀ ਪੇਸ਼ਕਸ਼ ਕਰ ਰਹੀ ਹੈ।
ਏਜੰਸੀ ਨੇ ਸਤੰਬਰ ਤੱਕ ਉਪਲਬਧ ਉੱਤਰੀ ਕੋਰੀਆ ਦੇ ਸਾਰੇ ਟੂਰਾਂ ਦੀ ਸੂਚੀ ਜਾਰੀ ਕੀਤੀ ਹੈ, ਜਿਸ ਵਿੱਚ ਮਾਊਂਟ ਪੈਕਟੂ ਦੇ ਦੌਰੇ, ਉੱਤਰੀ ਕੋਰੀਆਈ ਇਤਿਹਾਸਕ ਸਥਾਨਾਂ ਦੇ ਦੌਰੇ ਅਤੇ ਕੋਰੀਆਈ ਜੰਗ ਦੀ ਵਰ੍ਹੇਗੰਢ ਨੂੰ ਮਨਾਉਣ ਲਈ ਉਲੀਕੇ ਗਏ ਜਸ਼ਨ ਵੀ ਸ਼ਾਮਲ ਹਨ।
ਉੱਤਰੀ ਕੋਰੀਆਈ ਸਟੱਡੀਜ਼ ਯੂਨੀਵਰਸਿਟੀ ਦੇ ਪ੍ਰੋਫੈਸਰ ਕਿਮ ਡੋਂਗ-ਯੁਪ ਨੇ ਬੀਬੀਸੀ ਨੂੰ ਦੱਸਿਆ, "ਸੈਰ-ਸਪਾਟਾ ਨਾ ਸਿਰਫ਼ ਵਿਦੇਸ਼ੀ ਮੁਦਰਾ ਕਮਾਉਣ ਦਾ ਇੱਕ ਤਰੀਕਾ ਹੈ, ਸਗੋਂ ਲੋਕਾਂ ਵਿਚਕਾਰ ਸਿੱਧੇ ਆਦਾਨ-ਪ੍ਰਦਾਨ ਰਾਹੀਂ ਆਪਸੀ ਸਬੰਧਾਂ ਨੂੰ ਸੁਧਾਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ।"
ਡਾਕਟਰ ਕਿਮ ਡੋਂਗ-ਯੁਪ ਲਈ, ਉੱਤਰੀ ਕੋਰੀਆ ਦੇ ਰੂਸੀ ਦੌਰੇ ਦੋਵਾਂ ਦੇਸ਼ਾਂ ਵਿਚਕਾਰ ਦੋਸਤਾਨਾ ਸਬੰਧਾਂ ਨੂੰ ਵਧਾਉਣ ਵਿੱਚ ਮਦਦ ਕਰਦੇ ਹਨ।
ਲੋਕਾਂ ਦੀਆਂ ਵਧੀਆਂ ਹੋਈਆਂ ਮੁਲਾਕਾਤਾਂ ਆਪਸੀ ਨਿਰਭਰਤਾ ਨੂੰ ਵਧਾਉਂਦੀਆਂ ਹਨ, ਜੋ ਫੌਜੀ ਤਣਾਅ ਨੂੰ ਘਟਾਉਣ ਵਿੱਚ ਯੋਗਦਾਨ ਪਾ ਸਕਦੀਆਂ ਹਨ।
ਉਹ ਦਲੀਲ ਦਿੰਦੇ ਹਨ ਕਿ ਵਿਦੇਸ਼ੀ ਸੈਲਾਨੀਆਂ ਦੇ ਦੌਰੇ ਕੌਮਾਂਤਰੀ ਭਾਈਚਾਰੇ ਵਿੱਚ ਇੱਕ ਬੰਦ ਅਤੇ ਖ਼ਤਰਨਾਕ ਦੇਸ਼ ਵਜੋਂ ਉੱਤਰੀ ਕੋਰੀਆ ਦੇ ਅਕਸ ਨੂੰ ਕੁਝ ਬਿਹਤਰ ਕਰਨ ਵਿੱਚ ਮਦਦਗਾਰ ਸਾਬਤ ਹੋ ਸਕਦੇ ਹਨ।
ਜਿਵੇਂ ਕਿ, ਉੱਤਰੀ ਕੋਰੀਆ ਦੇ ਸੈਰ-ਸਪਾਟੇ ਨੂੰ ਸਮਾਜਿਕ-ਸੱਭਿਆਚਾਰਕ ਵਟਾਂਦਰੇ ਦੇ ਇੱਕ ਅਹਿਮ ਸਾਧਨ ਵਜੋਂ ਦੇਖਿਆ ਜਾਂਦਾ ਹੈ ਅਤੇ ਇਸਦੇ ਆਰਥਿਕ ਲਾਭਾਂ ਤੋਂ ਪਰੇ ਦੇਸ਼ ਦੇ ਕੌਮਾਂਤਰੀ ਅਕਸ ਨੂੰ ਬਿਹਤਰ ਬਣਾਉਣਾ ਹੈ।
ਹਾਲਾਂਕਿ, ਹਾਲ ਹੀ ਵਿੱਚ ਉੱਤਰੀ ਕੋਰੀਆ ਦੇ ਸਮੂਹ ਦੌਰੇ ਰੱਦ ਕੀਤੇ ਜਾਣ ਦੇ ਮਾਮਲੇ ਸਾਹਮਣੇ ਆਏ ਹਨ, ਕੁਝ ਸੈਲਾਨੀ ਕੋਰੀਆਈ ਪ੍ਰਾਇਦੀਪ 'ਤੇ ਵਧ ਰਹੇ ਤਣਾਅ ਬਾਰੇ ਚਿੰਤਤ ਹਨ।
ਰੂਸੀ ਟਰੈਵਲ ਏਜੰਸੀ ਵੋਸਟੋਕ ਇੰਟੂਰ, ਨੇ ਹਾਲ ਹੀ ਵਿੱਚ ਰਿਪੋਰਟ ਦਿੱਤੀ ਹੈ ਕਿ 31 ਮਈ ਨੂੰ ਤੈਅ ਕੀਤਾ ਗਿਆ ਚਾਰ ਦਿਨਾਂ ਦਾ ਸਮੂਹ ਦੌਰਾ ਬਿਨੈਕਾਰਾਂ ਦੀ ਘਾਟ ਕਾਰਨ ਰੱਦ ਕਰ ਦਿੱਤਾ ਗਿਆ ਸੀ।
ਉੱਤਰੀ ਕੋਰੀਆ ਦਾ ਸੀਮਤ ਸੈਰ-ਸਪਾਟਾ ਬੁਨਿਆਦੀ ਢਾਂਚਾ ਅਤੇ ਵਿਦੇਸ਼ੀਆਂ ਦੀ ਸੁਤੰਤਰ ਆਵਾਜਾਈ 'ਤੇ ਪਾਬੰਦੀਆਂ ਸੈਰ-ਸਪਾਟਾ ਉਦਯੋਗ ਦੇ ਵਿਸਤਾਰ ਲਈ ਚੁਣੌਤੀਆਂ ਪੈਦਾ ਕਰਦੀਆਂ ਹਨ।
ਪ੍ਰੋਫ਼ੈਸਰ ਕਾਂਗ ਦਾ ਮੰਨਣਾ ਹੈ ਕਿ ਉੱਤਰੀ ਕੋਰੀਆ-ਰੂਸ ਸੰਮੇਲਨ ਹੋਰ ਸੈਰ-ਸਪਾਟਾ ਸਹਿਯੋਗ ਬਾਰੇ ਚਰਚਾ ਕਰਨ ਦਾ ਮੌਕਾ ਪ੍ਰਦਾਨ ਕਰ ਸਕਦਾ ਹੈ।

ਤਸਵੀਰ ਸਰੋਤ, Getty Images
24 ਸਾਲ ਪਹਿਲਾਂ ਪੁਤਿਨ ਦੀ ਫੇਰੀ ਨਾਲ ਕੀ ਵੱਖਰਾ ਹੈ?
2000 ਵਿੱਚ, ਰਾਸ਼ਟਰਪਤੀ ਪੁਤਿਨ ਨੇ ਪਹਿਲੀ ਵਾਰ ਪਿਓਂਗਯਾਂਗ ਦਾ ਦੌਰਾ ਕੀਤਾ ਅਤੇ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਇਲ ਨਾਲ ਮੁਲਾਕਾਤ ਕੀਤੀ। ਇਹ ਸ਼ੀਤ ਯੁੱਧ ਦੇ ਅੰਤ ਤੋਂ ਬਾਅਦ ਰੂਸ ਅਤੇ ਉੱਤਰੀ ਕੋਰੀਆ ਵਿਚਕਾਰ ਪਹਿਲੀ ਸਿਖਰ ਵਾਰਤਾ ਸੀ।
ਉਸ ਸਮੇਂ, ਰੂਸ ਕੌਮਾਂਤਰੀ ਮੰਚ 'ਤੇ ਦੁਬਾਰਾ ਉਭਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਜਦੋਂ ਕਿ ਉੱਤਰੀ ਕੋਰੀਆ ਦਾ ਮਕਸਦ 1990 ਦੇ ਦਹਾਕੇ ਵਿੱਚ ਉੱਤਰੀ ਕੋਰੀਆ ਦੇ ਅਕਾਲ ਤੋਂ ਬਾਅਦ ਬਾਹਰੀ ਦੁਨੀਆ ਨਾਲ ਆਪਣੇ ਸੰਪਰਕ ਨੂੰ ਵਧਾਉਣਾ ਸੀ, ਜਿਸਨੂੰ ‘ਦਿ ਆਰਡੂਅਸ ਮਾਰਚ’ ਵੀ ਕਿਹਾ ਜਾਂਦਾ ਹੈ।
ਦੋਵਾਂ ਆਗੂਆਂ ਨੇ ਰੂਸ-ਕੋਰੀਆਈ ਸੰਯੁਕਤ ਘੋਸ਼ਣਾ ਪੱਤਰ ਨੂੰ ਅਪਣਾਇਆ, ਜਿਸ ਵਿੱਚ ਦੁਵੱਲੇ ਸਹਿਯੋਗ ਅਤੇ ਆਪਸੀ ਸਹਾਇਤਾ ਦੀ ਰੂਪਰੇਖਾ ਦਿੱਤੀ ਗਈ ਸੀ। ਉੱਤਰੀ ਕੋਰੀਆ ਦੇ ਮਿਜ਼ਾਈਲ ਮੁੱਦੇ ਨੂੰ ਸੰਬੋਧਿਤ ਕੀਤਾ ਗਿਆ ਸੀ ਅਤੇ ਦੋਸਤੀ ਅਤੇ ਸਹਿਯੋਗ ਬਾਰੇ ਇੱਕ ਵਿਸਤ੍ਰਿਤ ਸੰਧੀ ਕੀਤੀ ਗਈ ਸੀ।
ਫੌਜੀ ਸਹਿਯੋਗ ਦੇ ਮਾਮਲੇ ਵਿੱਚ ਹੋਏ ਸਮਝੌਤੇ ਵਿੱਚ ਕਿਹਾ ਗਿਆ ਸੀ ਕਿ ਦੋਵੇਂ ਦੇਸ਼ ਹਮਲੇ ਜਾਂ ਖ਼ਤਰੇ ਦੀ ਸਥਿਤੀ ਵਿੱਚ ਇੱਕ ਦੂਜੇ ਨਾਲ ਤੁਰੰਤ ਸੰਪਰਕ ਕਰਨਗੇ।
ਉੱਤਰੀ ਕੋਰੀਆ ਅਤੇ ਰੂਸ ਵਿਚਕਾਰ ਹਾਲ ਹੀ ਦੇ ਤਣਾਅਪੂਰਨ ਸਬੰਧਾਂ ਦੇ ਚਲਦਿਆਂ ਮਾਹਰਾਂ ਨੂੰ ਸ਼ੱਕ ਹੈ ਕਿ ਸੰਧੀ ਨੂੰ ਆਗਾਮੀ ਸਿਖਰ ਸੰਮੇਲਨ ਵਿੱਚ ਨਵੇਂ ਸਿਰੇ ਤੋਂ ਲਿਆਇਆ ਜਾ ਸਕਦਾ ਹੈ, ਸੰਭਾਵਤ ਤੌਰ 'ਤੇ ਸੰਪਰਕ ਤੋਂ ਇੱਕ ਹੋਰ ਰਸਮੀ ਗੱਠਜੋੜ ਤੱਕ ਅੱਪਗਰੇਡ ਕੀਤਾ ਜਾ ਸਕਦਾ ਹੈ।
ਡਾਕਟਰ ਨਮ ਦੱਸਦੇ ਹਨ, ਸੁਝਾਅ ਦਿੰਦੇ ਹਨ ਕਿ ਸਿਖਰ ਸੰਮੇਲਨ ਦੇ ਨਤੀਜੇ ਵਜੋਂ ‘ਅਤੀਤ ਦੇ ਮੁਕਾਬਲੇ ਇੱਕ ਬਹੁਤ ਨਜ਼ਦੀਕੀ ਸਹਿਯੋਗ ਬਾਰੇ ਗੱਠਜੋੜ’ ਹੋਣ ਦੀ ਸੰਭਾਵਨਾ ਹੈ।
ਉਹ ਕਹਿੰਦੇ ਹਨ, "ਅਤੀਤ ਵਿੱਚ, ਪੁਤਿਨ ਦੀ ਉੱਤਰੀ ਕੋਰੀਆ ਦੀ ਫੇਰੀ ਉਦੋਂ ਹੋਈ ਸੀ ਜਦੋਂ ਉੱਤਰੀ ਕੋਰੀਆ ਦੀ ਫੌਜੀ ਕਾਰਵਾਈ ਸੀਮਤ ਸੀ। ਹੁਣ, ਹਾਲਾਂਕਿ, ਯੂਕਰੇਨ ਵਿੱਚ ਜੰਗ ਦੇ ਮੱਦੇਨਜ਼ਰ ਉੱਤਰੀ ਕੋਰੀਆ ਅਤੇ ਰੂਸ ਦੇ ਵਿਚਕਾਰ ਫੌਜੀ ਸਬੰਧ ਮਜ਼ਬੂਤ ਹੋਏ ਹਨ,"
ਡਾਕਟਰ ਨਮ ਲਈ, ਪਿਛਲੀ ਫੇਰੀ ਤੋਂ ਇੱਕ ਮੁੱਖ ਅੰਤਰ ਇਹ ਹੈ ਕਿ ਉੱਤਰੀ ਕੋਰੀਆ ਕੋਲ ਹੁਣ ਪ੍ਰਮਾਣੂ ਹਥਿਆਰ ਹਨ।
ਡਾਕਟਰ ਕਿੰਮ ਦਾ ਕਹਿਣਾ ਹੈ ਕਿ, "ਜਿਵੇਂ ਕਿ ਅਮਰੀਕਾ-ਕੇਂਦਰਿਤ ਯੂਨੀਪੋਲਰ ਸਿਸਟਮ ਦੇ ਕਮਜ਼ੋਰ ਹੋਣ ਦੇ ਨਾਲ ਕੌਮਾਂਤਰੀ ਵਿਵਸਥਾ ਨੂੰ ਮੁੜ ਆਕਾਰ ਦਿੱਤਾ ਜਾ ਰਿਹਾ ਹੈ, ਰੂਸ ਅਤੇ ਉੱਤਰੀ ਕੋਰੀਆ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪੋ-ਆਪਣੇ ਰਾਸ਼ਟਰੀ ਹਿੱਤਾਂ ਦੀ ਪੂਰਤੀ ਲਈ ਸਹਿਯੋਗ ਕਰਨ ਦੇ ਨਵੇਂ ਤਰੀਕੇ ਲੱਭਣਗੇ।"
ਉਨ੍ਹਾਂ ਕਿਹਾ, "ਅੰਤਰ-ਕੋਰੀਆਈ ਸਬੰਧਾਂ ਵਿੱਚ ਹਾਲ ਹੀ ਵਿੱਚ ਆਏ ਵਿਗਾੜ ਨੂੰ ਦੇਖਦੇ ਹੋਏ, ਇਹ ਸੰਭਵ ਹੈ ਕਿ ਉੱਤਰੀ ਕੋਰੀਆ ਇੱਕ ਨਵੀਂ ਕੂਟਨੀਤਕ ਰਣਨੀਤੀ ਤਿਆਰ ਕਰੇਗਾ।"












