ਕ੍ਰਿਕਟ ਵਿਸ਼ਵ ਕੱਪ 2023: ਪਾਕਿਸਤਾਨ ਦੀਆਂ ਹਾਰਾਂ ਦਾ ਠੀਕਰਾ ਬਾਬਰ ਆਜ਼ਮ ਸਿਰ ਭੰਨਣਾ ਕਿੰਨਾ ਕੁ ਜਾਇਜ਼ ਹੈ

ਬਬਾਰ ਆਜ਼ਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਾਕਿਸਾਤਨੀ ਕ੍ਰਿਕੇਟ ਟੀਮ ਦੇ ਕਪਤਾਨ ਬਾਬਰ ਆਜ਼ਮ
    • ਲੇਖਕ, ਵਿਮਲ ਕੁਮਾਰ
    • ਰੋਲ, ਬੀਬੀਸੀ ਸਹਿਯੋਗੀ

ਹਾਲੇ ਬਹੁਤੇ ਮਹੀਨੇ ਨਹੀਂ ਹੋਏ, ਜਦੋਂ ਵਿਰਾਟ ਕੋਹਲੀ ਨੇ ਜਨਤਕ ਤੌਰ 'ਤੇ ਬੇਝਿਜਕ ਹੋ ਕਿ ਇਹ ਗੱਲ ਮੰਨੀ ਸੀ ਕਿ ਮੌਜੂਦਾ ਸਮੇਂ ਵਿੱਚ ਪਾਕਿਸਤਾਨੀ ਕਪਤਾਨ ਬਾਬਰ ਆਜ਼ਮ ਕ੍ਰਿਕੇਟ ਦੇ ਤਿੰਨਾਂ ਫਾਰਮੈਟਾਂ ਵਿੱਚ ਸ਼ਾਇਦ ਸਭ ਤੋਂ ਬਿਹਤਰੀਨ ਬੱਲੇਬਾਜ਼ ਹਨ।

ਕੋਹਲੀ ਅਜਿਹਾ ਖਿਡਾਰੀ ਨਹੀਂ ਹੈ ਜੋ ਬਸ ਗੱਲ ਕਰਨ ਨੂੰ ਜਾਂ ਕੁਝ ਕਹਿਣ ਲਈ ਹੀ ਅਜਿਹੀ ਬਿਆਨਬਾਜ਼ੀ ਕਰ ਦੇਵੇ।

ਖ਼ਾਸ ਕਰਕੇ ਕਿਸੇ ਅਜਿਹੇ ਖਿਡਾਰੀ ਦੀ ਗੱਲ ਕਰਨ ਵੇਲੇ ਜਿਸਦੀ ਉਨ੍ਹਾਂ ਨਾਲ ਅਕਸਰ ਤੁਲਨਾ ਕੀਤੀ ਜਾਂਦੀ ਹੈ।

ਚਲੋ ਕੋਹਲੀ ਤਾਂ ਹੈ ਹੀ ਇੱਕ ਵਧੀਆ ਖਿਡਾਰੀ ਪਰ ਬਾਬਰ ਆਜ਼ਮ ਵੀ ਕਿਸੇ ਨਾਲੋਂ ਘੱਟ ਨਹੀਂ ਹਨ, ਕਈ ਸੰਘਰਸ਼ਾਂ ਵਿੱਚੋਂ ਲੰਘਣ ਦੇ ਬਾਵਜੂਦ ਉਹ ਆਈਸੀਸੀ ਰੈਂਕਿੰਗ ਵਿੱਚ ਦੁਨੀਆਂ ਦੇ ਨੰਬਰ ਇੱਕ ਬੱਲੇਬਾਜ਼ ਬਣੇ ਹੋਏ ਸਨ।

ਪਰ, ਪਾਕਿਸਤਾਨੀ ਕ੍ਰਿਕੇਟ ਪ੍ਰੇਮੀਆਂ ਅਤੇ ਮਾਹਰਾਂ ਨੂੰ ਬਾਬਰ ਦੀ ਇਸ ਰੈਂਕਿੰਗ ਨੂੰ ਲੈ ਕੇ ਪ੍ਰੇਸ਼ਾਨੀ ਹੈ ਕਿਉਂਕਿ ਉਨ੍ਹਾਂ ਦੀ ਦਲੀਲ ਹੈ ਕਿ ਜੇਕਰ ਕਪਤਾਨ ਵਿਸ਼ਵ ਕੱਪ ਦੇ ਅਹਿਮ ਮੈਚਾਂ 'ਚ ਵੱਡੀਆਂ ਪਾਰੀਆਂ ਖੇਡਣ 'ਚ ਨਾਕਾਮ ਰਿਹਾ ਹੈ ਤਾਂ ਬਾਕੀ ਦਲੀਲਾਂ ਬੇਅਰਥ ਹੋ ਜਾਂਦੀਆਂ ਹਨ।

ਦਰਅਸਲ ਟੀਮ ਇੰਡੀਆ ਤੋਂ ਹਾਰਨ ਤੋਂ ਬਾਅਦ ਬਾਬਰ ਦੀ ਕਪਤਾਨੀ ਅਤੇ ਉਨ੍ਹਾਂ ਦੀ ਬੱਲੇਬਾਜ਼ੀ 'ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਸਨ।

ਪਾਕਿਸਤਾਨ ਕ੍ਰਿਕੇਟ ਟੀਮ

ਤਸਵੀਰ ਸਰੋਤ, Getty Images

ਚਾਰੇ ਪਾਸਿਓਂ ਆਲੋਚਨਾ

ਜਦੋਂ ਪਾਕਿਸਤਾਨ ਅਫ਼ਗਾਨਿਸਤਾਨ ਹੱਥੋਂ ਹਾਰਿਆਂ ਤਾਂ ਬਾਬਰ ਦੀ ਅਗਵਾਈ ’ਤੇ ਹਰ ਪਾਸਿਓਂ ਹਮਲੇ ਸ਼ੁਰੂ ਹੋਣ ਲੱਗੇ।

ਇੱਕ ਪਾਸੇ ਸਾਬਕਾ ਕਪਤਾਨ ਰਾਸ਼ਿਦ ਲਤੀਫ਼ ਨੇ ਬਾਬਰ ਦੀ ਤੁਲਨਾ ਕੋਹਲੀ ਦੇ ਉਸ ਦੌਰ ਨਾਲ ਕੀਤੀ, ਜਦੋਂ ਉਨ੍ਹਾਂ 'ਤੇ ਡਰੈਸਿੰਗ ਰੂਮ 'ਚ ਕਿਸੇ ਦੀ ਗੱਲ ਨਾ ਸੁਣਨ ਦੇ ਇਲਜ਼ਾਮ ਲੱਗਦੇ ਸਨ। ਤੇ ਦੂਜੇ ਪਾਸੇ ਸਾਬਕਾ ਤੇਜ਼ ਗੇਂਦਬਾਜ਼ ਆਕਿਬ ਜਾਵੇਦ ਨੇ ਕਿਹਾ ਹੈ ਕਿ ਸ਼ਾਹੀਨ ਸ਼ਾਹ ਅਫ਼ਰੀਦੀ, ਬਾਬਰ ਨਾਲੋਂ ਬਿਹਤਰ ਕਪਤਾਨ ਸਕਦਾ ਹੈ।

ਅਸਲ ਵਿੱਚ ਉਪ-ਮਹਾਦੀਪ ਦੇ ਕ੍ਰਿਕੇਟ ਸੱਭਿਆਚਾਰ ਤੋਂ ਜਾਣੂ ਲੋਕਾਂ ਨੂੰ ਤਾਂ ਬਾਬਰ ਖ਼ਿਲਾਫ਼ ਹੋਣ ਵਾਲੀ ਲੋੜੋਂ ਵੱਧ ਪ੍ਰਤੀਕਿਰਿਆ ਹੈਰਾਨ ਕਰਨ ਵਾਲੀ ਗੱਲ ਨਹੀਂ ਲੱਗਦੀ ਕਿਉਂਕਿ ਇਥੇ ਹਾਰਾਂ ਦੇ ਦੌਰ ਵਿੱਚ ਕਪਤਾਨ ਨੂੰ ਹਰ ਗੱਲ ਲਈ ਜ਼ਿੰਮੇਵਾਰ ਠਹਿਰਾਉਣਾ ਸਭ ਤੋਂ ਸੌਖਾ ਕੰਮ ਹੈ।

ਕਿਸੇ ਨੂੰ ਇਸ ਗੱਲ ਦੀ ਪਰਵਾਹ ਨਹੀਂ ਕਿ ਕਪਤਾਨ ਕੋਲ ਕਿਸ ਤਰ੍ਹਾਂ ਦੀ ਟੀਮ ਹੈ?

ਕ੍ਰਿਕੇਟ ਦੀ ਦੁਨੀਆਂ ਵਿੱਚ ਇੱਕ ਪੁਰਾਣੀ ਕਹਾਵਤ ਹੈ ਕਿ ਕੋਈ ਵੀ ਕਪਤਾਨ ਓਨਾ ਹੀ ਚੰਗਾ ਨਜ਼ਰ ਆਉਂਦਾ ਹੈ ਜਿੰਨੇ ਚੰਗੇ ਖਿਡਾਰੀ ਉਸਦੀ ਟੀਮ ਵਿੱਚ ਹੁੰਦੇ ਹਨ।

ਰੋਹਿਤ ਸ਼ਰਮਾ

ਤਸਵੀਰ ਸਰੋਤ, Getty Images

ਟੀਮ ਇੰਡੀਆ ਨੇ ਵੀ ਦੇਖਿਆ ਇਹ ਦੌਰ

ਬਹੁਤੀ ਪੁਰਾਣੀ ਗੱਲ ਨਹੀਂ ਹੈ ਜਦੋਂ ਟੀਮ ਇੰਡੀਆ ਹੀ ਬਾਬਰ ਦੀ ਟੀਮ ਵਾਲੇ ਦੌਰ ਵਿੱਚੋਂ ਨਿਕਲ ਰਹੀ ਸੀ।

ਅੱਜ ਹਰ ਕੋਈ ਰੋਹਿਤ ਸ਼ਰਮਾ ਦੀ ਬੱਲੇਬਾਜ਼ੀ ਅਤੇ ਕਪਤਾਨੀ ਦੀ ਤਾਰੀਫ਼ ਕਰ ਰਿਹਾ ਹੈ, ਪਰ ਠੀਕ ਇੱਕ ਸਾਲ ਪਹਿਲਾਂ ਹਰ ਕੋਈ ਰੋਹਿਤ ਦੇ ਨਾਲ-ਨਾਲ ਸਾਬਕਾ ਕਪਤਾਨ ਅਤੇ ਮੌਜੂਦਾ ਕੋਚ ਰਾਹੁਲ ਦ੍ਰਾਵਿੜ ਦੀ ਕਾਰਗੁਜ਼ਾਰੀ ’ਤੇ ਸ਼ੱਕ ਕਰ ਰਿਹਾ ਸੀ।

ਆਸਟ੍ਰੇਲੀਆ 'ਚ ਟੀ-20 ਵਿਸ਼ਵ ਕੱਪ ਤੋਂ ਬਾਅਦ ਇਹ ਅਸਫ਼ਲਤਾਵਾਂ ਦਾ ਸਮਾਂ ਸੀ। ਪਰ, ਬਹੁਤ ਘੱਟ ਲੋਕ ਇਸ ਤੱਥ ਤੋਂ ਜਾਣੂ ਸਨ ਕਿ ਜਸਪ੍ਰੀਤ ਬੁਮਰਾਹ ਉਸ ਟੀਮ ਵਿੱਚ ਨਹੀਂ ਸਨ। ਬੁਮਰਾਹ ਅਜਿਹੇ ਖਿਡਾਰੀ ਹਨ ਜਿਨ੍ਹਾਂ ਦੇ ਟੀਮ ਵਿੱਚ ਆਉਂਦਿਆਂ ਹੀ ਕਿਸੇ ਵੀ ਕਪਤਾਨ ਦੇ ਤਰਕਸ਼ ਵਿੱਚ ਤੀਰਾਂ ਦੀ ਗਿਣਤੀ ਵੱਧ ਜਾਂਦੀ ਹੈ, ਯਾਨੀ ਟੀਮ ਦੀ ਹਿੰਮਤ ਤੇ ਕਾਰਗੁਜ਼ਾਰੀ ਕਈ ਗੁਣਾ ਵੱਧ ਜਾਂਦੀ ਹੈ।

ਅੱਜ ਬੁਮਰਾਹ, ਮੁਹੰਮਦ ਸ਼ਮੀ ਅਤੇ ਮੁਹੰਮਦ ਸਿਰਾਜ ਵੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ, ਰਵਿੰਦਰ ਜਡੇਜਾ ਦਾ ਆਲਰਾਊਂਡਰ ਵਜੋਂ ਦਬਦਬਾ ਹੈ ਅਤੇ ਵਿਰਾਟ ਕੋਹਲੀ ਮੁੜ ਆਪਣੀ ਪੁਰਾਣੀ ਲੈਅ ਵਿੱਚ ਹਨ।

ਇਸ ਲਈ ਜੇਕਰ ਹਾਰਦਿਕ ਪੰਡਯਾ ਵੀ ਜ਼ਖਮੀ ਹੈ ਤਾਂ ਉਸ ਦੀ ਗ਼ੈਰਹਾਜ਼ਰੀ ਉਸ ਤਰ੍ਹਾਂ ਮਹਿਸੂਸ ਨਹੀਂ ਕੀਤੀ ਜਾ ਰਹੀ। ਜੇਕਰ ਸੂਰਿਆਕੁਮਾਰ ਯਾਦਵ, ਸ਼ੁਭਮਨ ਗਿੱਲ, ਸ਼੍ਰੇਅਸ ਅਈਅਰ, ਸ਼ਾਰਦੁਲ ਠਾਕੁਰ ਅਤੇ ਰਵੀਚੰਦਰਮ ਅਸ਼ਵਿਨ ਨੇ ਵੀ ਜ਼ਬਰਦਸਤ ਖੇਡ ਦਾ ਪ੍ਰਦਰਸ਼ਨ ਨਾ ਕੀਤਾ ਹੁੰਦਾ ਤਾਂ ਟੀਮ ਨੂੰ ਬਹੁਤ ਜ਼ਿਆਦ ਚਿੰਤਾ ਨਹੀਂ ਹੈ।

ਸ਼ਾਹੀਨ ਸ਼ਾਹ ਅਫ਼ਰੀਦੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼ਾਹੀਨ ਸ਼ਾਹ ਅਫ਼ਰੀਦੀ

ਬਾਬਰ ਕੋਲ ਇੱਕ ਔਸਤ ਟੀਮ ਹੈ

ਜਦੋਂ ਬਾਬਰ ਆਜ਼ਮ ਦੀ ਟੀਮ ਨੂੰ ਦੇਖਿਆ ਜਾਂਦਾ ਹੈ ਤਾਂ ਸਮਝ ਆਉਂਦਾ ਹੈ ਕਿ ਉਹ ਕਿੰਨੇ ਤਜ਼ਰਬੇਕਾਰ ਖਿਡਾਰੀਆਂ ਨਾਲ ਮੈਦਾਨ ਵਿੱਚ ਉੱਤਰਦੇ ਹਨ।

ਜੇਕਰ ਅਸੀਂ ਆਸਟ੍ਰੇਲੀਆ ਦੇ ਖ਼ਿਲਾਫ਼ ਪਾਰੀ ਵਿੱਚ ਸ਼ਾਹੀਨ ਸ਼ਾਹ ਅਫ਼ਰੀਦੀ ਦੀਆਂ ਪੰਜ ਵਿਕਟਾਂ ਨੂੰ ਛੱਡ ਦੇਈਏ ਤਾਂ ਉਹ ਭਾਰਤ ਅਤੇ ਇੱਥੋਂ ਤੱਕ ਕਿ ਅਫ਼ਗਾਨਿਸਤਾਨ ਖ਼ਿਲਾਫ਼ ਵੀ ਸਾਧਾਰਨ ਹੀ ਨਜ਼ਰ ਆਏ ਸਨ।

ਮੁਹੰਮਦ ਰਿਜ਼ਵਾਨ ਅਤੇ ਅਬਦੁੱਲਾ ਸ਼ਫੀਕ ਨੂੰ ਛੱਡ ਕੇ, ਕਿਸੇ ਹੋਰ ਬੱਲੇਬਾਜ਼ ਨੇ ਇੰਨੀਆਂ ਦੌੜਾਂ ਨਹੀਂ ਬਣਾਈਆਂ ਕਿ ਉਨ੍ਹਾਂ ਨੂੰ ਪਲੇਇੰਗ ਇਲੈਵਨ ਵਿੱਚ ਨਿਯਮਤ ਤੌਰ 'ਤੇ ਸ਼ਾਮਲ ਕੀਤਾ ਜਾ ਸਕੇ।

ਪਰ, ਬਾਬਰ ਨੂੰ ਸਮੱਸਿਆ ਉਹ ਪੱਖ਼ ਤੋਂ ਵੱਧ ਰਹੀ ਹੈ, ਜੋ ਕਿਸੇ ਜ਼ਮਾਨੇ ਵਿੱਚ ਪਾਕਿਸਤਾਨੀ ਕ੍ਰਿਕੇਟ ਦੀ ਸਭ ਤੋਂ ਵੱਡੀ ਤਾਕਤ ਰਿਹਾ ਹੈ।

ਪਾਕਿਸਤਾਨੀ ਗੇਂਦਬਾਜ਼ੀ ਨੂੰ ਹੌਲਾ ਹੁੰਦਿਆਂ ਦੇਖਕੇ ਸਾਬਕਾ ਕਪਤਾਨ ਅਤੇ ਤੇਜ਼ ਗੇਂਦਬਾਜ਼ ਵਸੀਮ ਅਕਰਮ ਅਤੇ ਵਕਾਰ ਯੂਨੁਸ ਗੁੱਸੇ ਵਿੱਚ ਹਨ।

ਕ੍ਰਿਕੇਟ

ਅਫ਼ਰੀਦੀ ਨੇ ਸਭ ਤੋਂ ਵੱਧ 10 ਵਿਕਟਾਂ ਲਈਆਂ ਹਨ, ਪਰ ਉਨ੍ਹਾਂ ਦਾ ਇਕਾਨਮੀ ਰੇਟ ਪ੍ਰਤੀ ਓਵਰ ਛੇ ਦੌੜਾਂ ਦੇ ਕਰੀਬ ਹੈ।

ਦੂਜੇ ਪਾਸੇ ਬੁਮਰਾਹ ਨੇ ਵੀ 12 ਵਿਕਟਾਂ ਹਾਸਲ ਕੀਤੀਆ ਪਰ ਉਨ੍ਹਾਂ ਦਾ ਇਕਾਨਮੀ ਰੇਟ ਚਾਰ ਤੋਂ ਘੱਟ ਰਿਹਾ ਹੈ।

ਹਸਨ ਅਲੀ ਅਤੇ ਹੈਰਿਸ ਰਾਊਫ਼ ਨੇ ਵੀ ਅੱਠ-ਅੱਠ ਵਿਕਟਾਂ ਲਈਆਂ ਹਨ, ਪਰ ਅਲੀ ਹਰ ਓਵਰ ਵਿੱਚ ਛੇ ਦੇ ਕਰੀਬ ਦੌੜਾਂ ਦੇ ਰਹੇ ਸਨ ਤੇ ਹੈਰਿਸ ਸੱਤ।

ਸਪਿਨਰ ਦੇ ਨਾਂ 'ਤੇ ਪਾਕਿਸਤਾਨ ਕੋਲ ਸ਼ਾਦਾਬ ਖਾਨ ਅਤੇ ਮੁਹੰਮਦ ਨਵਾਜ਼ ਵਰਗੇ ਖਿਡਾਰੀ ਹਨ, ਜਿਨ੍ਹਾਂ ਨੂੰ ਹੁਣ ਤੱਕ ਸਿਰਫ ਦੋ-ਦੋ ਵਿਕਟਾਂ ਮਿਲੀਆਂ ਹਨ, ਪਰ ਉਨ੍ਹਾਂ ਦਾ ਇਕਾਨਮੀ ਰੇਟ ਵੀ ਬਹੁਤ ਜ਼ਿਆਦਾ ਹੈ।

ਇਸ ਲੇਖ ਵਿਚ ਇਫ਼ਤਿਖਾਰ ਅਹਿਮਦ ਅਤੇ ਉਸਾਮਾ ਮੀਰ ਦੀ ਚਰਚਾ ਕਰਨਾ ਵੀ ਸ਼ਾਇਦ ਸਹੀ ਨਹੀਂ ਹੋਵੇਗਾ।

ਅਜਿਹੇ 'ਚ ਸਵਾਲ ਇਹ ਉੱਠਦਾ ਹੈ ਕਿ ਅਜਿਹੀ ਸਾਧਾਰਨ ਟੀਮ ਨਾਲ ਕੀ ਵਕਾਰ ਜਾਂ ਵਸੀਮ ਸੈਮੀਫ਼ਾਈਨਲ ਤੱਕ ਪਹੁੰਚ ਸਕਦੇ ਸਨ?

ਸ਼ਾਇਦ ਨਹੀਂ ਅਤੇ ਇਸੇ ਲਈ ਸਾਬਕਾ ਕਪਤਾਨ ਅਤੇ ਬੱਲੇਬਾਜ਼ੀ ਕੋਚ ਦੀ ਭੂਮਿਕਾ ਨਿਭਾਉਣ ਵਾਲੇ ਮੁਹੰਮਦ ਯੂਸਫ਼, ਬਾਬਰ ਦੇ ਪੱਖ ਵਿੱਚ ਭੁਗਤੇ ਹਨ।

ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹੀਆਂ ਹਾਰਾਂ ਲਈ ਇਕੱਲੇ ਬਾਬਰ ਨੂੰ ਜ਼ਿੰਮੇਵਾਰ ਠਹਿਰਾਉਣਾ ਠੀਕ ਨਹੀਂ ਹੈ।

ਯੂਸਫ਼ ਦਾ ਕਹਿਣਾ ਹੈ ਕਿ ਪਾਕਿਸਤਾਨ ਨੂੰ ਬਾਬਰ ਨੇ ਇਕੱਲੇ ਨੇ ਨਹੀਂ ਹਾਰਿਆ ਹੈ ਅਤੇ ਅਜਿਹੇ 'ਚ ਉਹ ਬਾਬਰ ਦੇ ਨਾਲ ਖੜ੍ਹੇ ਹਨ।

ਬਾਬਾਰ ਆਜ਼ਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਾਬਾਰ ਆਜ਼ਮ

ਬਾਬਰ ਨੂੰ ਸਹਾਰੇ ਦੀ ਲੋੜ ਹੈ

ਹਾਲਾਂਕਿ ਇਹ ਸਭ ਕਹਿਣ ਦਾ ਅਰਥ ਇਹ ਬਿਲਕੁਲ ਨਹੀਂ ਹੈ ਕਿ ਬਾਬਰ ਦੀ ਖੇਡ 'ਚ ਕੋਈ ਕਮੀਆਂ ਨਹੀਂ ਹਨ ਜਾਂ ਉਨ੍ਹਾਂ ਦੀ ਕਪਤਾਨੀ 'ਚ ਕੋਈ ਦਿੱਕਤ ਨਹੀਂ ਹੈ।

ਆਲੋਚਨਾ ਹੋਣੀ ਚਾਹੀਦੀ ਹੈ ਅਤੇ ਸੰਜੀਦਾ ਢੰਗ ਨਾਲ ਹੋਣੀ ਚਾਹੀਦੀ ਹੈ।

ਪਰ ਪਾਕਿਸਤਾਨੀ ਕ੍ਰਿਕੇਟ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਪਿਛਲੇ ਪੰਜ ਸਾਲਾਂ ਵਿੱਚ ਉਨ੍ਹਾਂ ਕੋਲ ਕੌਮਾਂਤਰੀ ਪੱਧਰ ਦੇ ਬੱਲੇਬਾਜ਼ ਦੇ ਰੂਪ ਵਿੱਚ ਦੁਨੀਆਂ ਸਾਹਮਣੇ ਪੇਸ਼ ਕਰਨ ਲਈ ਸਿਰਫ਼ ਬਾਬਰ ਹੀ ਹਨ।

ਇਸੇ ਸਾਲ, ਬਾਬਰ ਵਨਡੇ ਕ੍ਰਿਕੇਟ ਦੇ ਇਤਿਹਾਸ ਵਿੱਚ ਸਭ ਤੋਂ ਤੇਜ਼ 5000 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣੇ ਸਨ। ਜਿਨ੍ਹਾਂ ਨੇ ਇਸ ਰਿਕਾਰਡ ਨਾਲ ਕ੍ਰਿਕੇਟ ਦੇ ਮਹਾਨ ਖਿਡਾਰੀਆਂ ਹਾਸ਼ਿਮ ਅਮਲਾ ਅਤੇ ਵਿਵ ਰਿਚਰਡਸ ਨੂੰ ਪਿੱਛੇ ਛੱਡ ਦਿੱਤਾ ਸੀ।

ਕ੍ਰਿਕੇਟ

ਕੋਹਲੀ ਅਤੇ ਰੋਹਿਤ ਸ਼ਰਮਾ ਵਰਗੇ ਖਿਡਾਰੀ ਵੀ ਹਾਲ ਹੀ ਦੇ ਸਾਲਾਂ ਵਿੱਚ ਉਨ੍ਹਾਂ ਦੀ ਨੰਬਰ ਇੱਕ ਰੈਂਕਿੰਗ ਨੂੰ ਚੁਣੌਤੀ ਦੇਣ ਵਿੱਚ ਅਸਫ਼ਲ ਰਹੇ ਹਨ।

ਕੁਝ ਮਹੀਨੇ ਪਹਿਲਾਂ ਤੱਕ ਬਾਬਰ ਟੀ-20 ਵਿੱਚ ਹੀ ਨਹੀਂ ਟੈਸਟ ਮੈਚਾਂ ਦੇ ਵੀ ਟਾਪ 5 ਖਿਡਾਰੀਆਂ ਵਿੱਚ ਸ਼ੁਮਾਰ ਰਹੇ ਸਨ।

ਇੰਜ਼ਮਾਮ ਉਲ ਹੱਕ ਦੇ ਸੰਨਿਆਸ ਲੈਣ ਤੋਂ ਬਾਅਦ, ਬਾਬਰ ਇਕਲੌਤੇ ਪਾਕਿਸਤਾਨੀ ਬੱਲੇਬਾਜ਼ ਹਨ, ਜਿਨ੍ਹਾਂ ਨੇ ਆਪਣੇ ਬੱਲੇ ਦੇ ਦਮ 'ਤੇ ਦੁਨੀਆ 'ਚ ਪ੍ਰਸਿੱਧੀ ਖੱਟੀ ਹੈ।

ਪਰ ਦੁੱਖ ਦੀ ਗੱਲ ਹੈ ਕਿ ਪਾਕਿਸਤਾਨ ਕ੍ਰਿਕੇਟ ਜਗਤ ਉਨ੍ਹਾਂ ਨੂੰ ਉਹ ਸਨਮਾਨ ਨਹੀਂ ਦੇ ਰਿਹਾ ਜਿਸ ਦੇ ਉਹ ਹੱਕਦਾਰ ਹਨ।

ਸ਼ਾਇਦ, ਵਿਸ਼ਵ ਕੱਪ ਦੇ ਬਾਕੀ ਮੈਚਾਂ ਵਿੱਚ ਪਾਕਿਸਤਾਨ ਦੀ ਚਮਤਕਾਰੀ ਜਿੱਤ ਉਨ੍ਹਾਂ ਦੇ ਖ਼ਰਾਬ ਹੋਏ ਅਕਸ ਨੂੰ ਬਚਾਉਣ ਦਾ ਆਖ਼ਰੀ ਹੱਲ ਸਾਬਤ ਹੋਵੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)