ਅਫ਼ਗਾਨਿਸਤਾਨ ਤੋਂ ਪਾਕਿਸਤਾਨ ਦੀ ਕਰਾਰੀ ਹਾਰ, ਵਸੀਮ ਅਕਰਮ ਬੋਲੇ- ‘ਮੁੰਡਿਆਂ ਨੂੰ ਵੇਖੋ ਤਾਂ ਇੰਝ ਲੱਗਦਾ ਹੈ ਕਿ 8-8 ਕਿੱਲੋ ਖਾ ਰਹੇ ਹਨ’

ਅਫਗਾਨਿਸਤਾਨ ਤੋਂ ਪਾਕਿਸਤਾਨ ਦੀ ਕਰਾਰੀ ਹਾਰ

ਤਸਵੀਰ ਸਰੋਤ, Getty Images

ਆਈਸੀਸੀ ਕ੍ਰਿਕਟ ਵਿਸ਼ਵ ਕੱਪ ਵਿੱਚ ਅਫਗਾਨਿਸਤਾਨ ਨੇ ਸੋਮਵਾਰ ਨੂੰ ਚੇੱਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਪਾਕਿਸਤਾਨ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ।

ਇਸ ਸੀਰੀਜ਼ ਵਿੱਚ ਪਾਕਿਸਤਾਨ ਨੇ ਹੁਣ ਤੱਕ ਕੁੱਲ ਪੰਜ ਮੈਚ ਖੇਡੇ ਹਨ ਅਤੇ ਤਿੰਨ ਹਾਰੇ ਹਨ। ਪਾਕਿਸਤਾਨ ਨੂੰ ਭਾਰਤ, ਆਸਟ੍ਰੇਲੀਆ ਅਤੇ ਅਫਗਾਨਿਸਤਾਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਤੀਜੀ ਹਾਰ ਤੋਂ ਬਾਅਦ ਪਾਕਿਸਤਾਨ ਲਈ ਸੈਮੀਫਾਈਨਲ ਦਾ ਰਸਤਾ ਹੁਣ ਮੁਸ਼ਕਿਲ ਹੋ ਗਿਆ ਹੈ।

ਆਸਟ੍ਰੇਲੀਆ ਅਤੇ ਭਾਰਤ ਦੇ ਖ਼ਿਲਾਫ਼ ਹਾਰ ਤੋਂ ਬਾਅਦ ਪਾਕਿਸਤਾਨੀ ਟੀਮ ਆਪਣੇ ਘਰ ਪਾਕਿਸਤਾਨ ਵਿੱਚ ਨਿਸ਼ਾਨੇ 'ਤੇ ਸੀ ਪਰ ਅਫਗਾਨਿਸਤਾਨ ਖ਼ਿਲਾਫ਼ ਮਿਲੀ ਹਾਰ ਨੇ ਪਾਕਿਸਤਾਨੀ ਕ੍ਰਿਕਟ ਪ੍ਰਸ਼ੰਸਕਾਂ ਦੇ ਜ਼ਖਮਾਂ 'ਤੇ ਹੋਰ ਲੂਣ ਛਿੜਕ ਦਿੱਤਾ ਹੈ।

ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਬਾਬਰ ਆਜ਼ਮ, ਕੋਚ ਮਿਕੀ ਆਰਥਰ ਅਤੇ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਤਿੱਖੇ ਸਵਾਲ ਪੁੱਛੇ ਜਾ ਰਹੇ ਹਨ। ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਵੀ ਆਪਣੀ ਟੀਮ ਦੀ ਸਖ਼ਤ ਆਲੋਚਨਾ ਕਰ ਰਹੇ ਹਨ।

ਅਫਗਾਨਿਸਤਾਨ ਤੋਂ ਪਾਕਿਸਤਾਨ ਦੀ ਕਰਾਰੀ ਹਾਰ

ਤਸਵੀਰ ਸਰੋਤ, Getty Images

ਇਸ ਮੈਚ ਵਿੱਚ ਪਾਕਿਸਤਾਨ ਨੇ ਅਫਗਾਨਿਸਤਾਨ ਨੂੰ 283 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ ਅਫਗਾਨਿਸਤਾਨ ਨੇ 49 ਓਵਰਾਂ 'ਚ ਦੋ ਵਿਕਟਾਂ ਗੁਆ ਕੇ ਹਾਸਲ ਕਰ ਲਿਆ।

ਇਸ ਜਿੱਤ ਨਾਲ ਅਫਗਾਨਿਸਤਾਨ ਆਈਸੀਸੀ ਵਿਸ਼ਵ ਕੱਪ ਪੁਆਇੰਟ ਟੇਬਲ ਵਿੱਚ ਛੇਵੇਂ ਸਥਾਨ ’ਤੇ ਆ ਗਿਆ ਹੈ।

ਇਸ ਤੋਂ ਪਹਿਲਾਂ ਅਫਗਾਨਿਸਤਾਨ ਸਭ ਤੋਂ ਹੇਠਲੇ ਸਥਾਨ 'ਤੇ ਸੀ। ਜਦਕਿ ਹੁਣ ਇੰਗਲੈਂਡ ਪੁਆਇੰਟ ਟੇਬਲ 'ਚ ਸਭ ਤੋਂ ਹੇਠਾਂ ਭਾਵ ਦਸਵੇਂ ਸਥਾਨ 'ਤੇ ਹੈ।

ਪਾਕਿਸਤਾਨ ਤੋਂ ਇਲਾਵਾ ਅਫਗਾਨਿਸਤਾਨ ਨੇ ਇਸ ਵਿਸ਼ਵ ਕੱਪ 'ਚ ਇੰਗਲੈਂਡ ਨੂੰ ਵੀ ਹਰਾਇਆ ਹੈ। ਅਫਗਾਨਿਸਤਾਨ ਨੇ ਸੀਰੀਜ਼ 'ਚ ਹੁਣ ਤੱਕ ਕੁੱਲ ਪੰਜ ਮੈਚ ਖੇਡੇ ਹਨ ਅਤੇ ਦੋ ਜਿੱਤੇ ਹਨ।

ਅਫਗਾਨਿਸਤਾਨ ਨੇ ਵਨਡੇ ਕ੍ਰਿਕਟ 'ਚ ਪਹਿਲੀ ਵਾਰ ਪਾਕਿਸਤਾਨ ਨੂੰ ਹਰਾਇਆ ਹੈ। ਇਸ ਤੋਂ ਪਹਿਲਾਂ ਦੋਵੇਂ ਟੀਮਾਂ ਸੱਤ ਵਾਰ ਆਹਮਣੇ-ਸਾਹਮਣੇ ਹੋ ਚੁੱਕੀਆਂ ਹਨ ਅਤੇ ਇਨ੍ਹਾਂ ਸਾਰੇ ਮੁਕਾਬਲਿਆਂ 'ਚ ਅਫਗਾਨਿਸਤਾਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਵਿਸ਼ਵ ਕੱਪ ਵਿੱਚ ਅਫਗਾਨਿਸਤਾਨ ਦੀ ਇਹ ਤੀਜੀ ਜਿੱਤ ਹੈ। ਇਸ ਟੂਰਨਾਮੈਂਟ ਵਿੱਚ ਪਾਕਿਸਤਾਨ ਅਤੇ ਇੰਗਲੈਂਡ ਨੂੰ ਹਰਾਉਣ ਤੋਂ ਪਹਿਲਾਂ ਅਫਗਾਨਿਸਤਾਨ ਨੇ 2015 ਵਿਸ਼ਵ ਕੱਪ ਵਿੱਚ ਸਕਾਟਲੈਂਡ ਨੂੰ ਹਰਾਇਆ ਸੀ।

ਗੁੱਸੇ 'ਚ ਸ਼ੋਏਬ ਅਖ਼ਤਰ

ਸ਼ੋਏਬ ਅਖ਼ਤਰ

ਤਸਵੀਰ ਸਰੋਤ, TWITTER@SHOAIB100MPH

ਪਾਕਿਸਤਾਨ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਟੀਮ ਦੀ ਇਹ ਹਾਰ ਬਹੁਤੀ ਹੈਰਾਨੀਜਨਕ ਨਹੀਂ ਹੈ, ਪਰ ਸਾਬਕਾ ਪਾਕਿਸਤਾਨੀ ਕ੍ਰਿਕਟਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਦੀ ਟੀਮ ਪੂਰੀ ਤਰ੍ਹਾਂ ਲੈਅ ਤੋਂ ਬਾਹਰ ਹੈ ਅਤੇ ਪਿਛਲੇ ਕੁਝ ਸਾਲਾਂ ਤੋਂ ਪਾਕਿਸਤਾਨ ਕ੍ਰਿਕਟ ਬੋਰਡ ਜਿਸ ਤਰ੍ਹਾਂ ਨਾਲ ਕੰਮ ਕਰ ਰਿਹਾ ਹੈ, ਉਸ ਦਾ ਅਸਰ ਵੀ ਟੀਮ ਦੇ ਪ੍ਰਦਰਸ਼ਨ 'ਤੇ ਪੈ ਰਿਹਾ ਹੈ।

ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖ਼ਤਰ ਨੇ ਕਿਹਾ, ''ਅਫਗਾਨਿਸਤਾਨੀ ਸਾਡੇ ਭਰਾ ਹਨ ਅਤੇ ਅਸੀਂ ਭਰਾਵਾਂ ਤੋਂ ਕੁੱਟ ਖਾਈ ਹੈ, ਇਹ ਠੀਕ ਹੈ। ਮੈਂ ਗੁਰਬਾਜ਼ ਲਈ, ਇਬਰਾਹਿਮ ਲਈ ਬਹੁਤ ਖੁਸ਼ ਹਾਂ। ਉਨ੍ਹਾਂ ਨੇ ਵਿਸ਼ਵ ਕ੍ਰਿਕਟ ਵਿੱਚ ਆਪਣੇ ਆਪ ਨੂੰ ਸਾਬਿਤ ਕੀਤਾ ਹੈ।

ਸ਼ੋਏਬ ਅਖ਼ਤਰ ਨੇ ਕਿਹਾ ਕਿ ਅਫਗਾਨਿਸਤਾਨ ਕ੍ਰਿਕਟ ਟੀਮ ਨੇ ਬਹੁਤ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਇਹ ਮੁਕਾਮ ਹਾਸਲ ਕੀਤਾ ਹੈ।

ਉਨ੍ਹਾਂ ਕਿਹਾ, “ਅਫਗਾਨਿਸਤਾਨ ਵਾਲੇ ਵਿਚਾਰੇ ਪਿਛਲੇ ਪੰਜਾਹ ਸਾਲਾਂ ਤੋਂ ਕਿਹੋ-ਜਿਹੇ ਹਾਲਾਤਾਂ ਵਿੱਚ ਹਨ, ਕੋਈ ਬੁਨਿਆਦੀ ਢਾਂਚਾ ਨਹੀਂ ਹੈ, ਮੁਸ਼ਕਿਲ ਹਾਲਾਤਾਂ 'ਚ ਦੋ ਸਾਲ ਲੰਘੇ ਹਨ, ਇਸ ਸਭ ਦੇ ਵਿਚਕਾਰ ਅਫਗਾਨਿਸਤਾਨ ਨੇ ਆ ਕੇ ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾ ਦਿੰਦਾ ਹੈ। ਅਫਗਾਨਿਸਤਾਨ ਨੇ ਪਾਕਿਸਤਾਨ ਨੂੰ ਦਿਖਾਇਆ ਹੈ ਕਿ ਕ੍ਰਿਕਟ ਕਿਵੇਂ ਖੇਡਿਆ ਜਾਂਦਾ ਹੈ।''

ਅਫਗਾਨਿਸਤਾਨ ਤੋਂ ਪਾਕਿਸਤਾਨ ਦੀ ਕਰਾਰੀ ਹਾਰ

ਤਸਵੀਰ ਸਰੋਤ, ACB

ਕ੍ਰਿਕਟ ਦਾ ਵਿਸ਼ਲੇਸ਼ਣ ਕਰਦੇ ਹੋਏ ਸ਼ੋਏਬ ਨੇ ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਹਾਲਾਤਾਂ ਦੀ ਵੀ ਤੁਲਨਾ ਕੀਤੀ ਅਤੇ ਕਿਹਾ, “ਅਫਗਾਨਿਸਤਾਨ ਦੀ ਆਰਥਿਕਤਾ ਸਾਡੇ ਨਾਲੋਂ ਬਿਹਤਰ ਹੋ ਰਹੀ ਹੈ, ਮੁਦਰਾ ਸਾਡੇ ਨਾਲੋਂ ਬਿਹਤਰ ਹੋ ਰਹੀ ਹੈ ਅਤੇ ਹੁਣ ਕ੍ਰਿਕਟ ਵੀ ਸਾਡੇ ਨਾਲੋਂ ਬਿਹਤਰ ਹੈ।''

''ਮੈਂ ਅਫਗਾਨਿਸਤਾਨ ਦੇ ਪ੍ਰਦਰਸ਼ਨ ਤੋਂ ਬਹੁਤ ਖੁਸ਼ ਹਾਂ। ਤੁਹਾਡੇ ਵਿੱਚ ਜੋਸ਼ ਹੈ, ਜਨੂੰਨ ਹੈ ਅਤੇ ਤੁਹਾਡੇ ਬਾਰੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਤੁਸੀਂ ਸਹੀ ਵਿਅਕਤੀ ਨੂੰ ਸਹੀ ਜਗ੍ਹਾ 'ਤੇ ਲਗਾਉਂਦੇ ਹੋ।''

ਸ਼ੋਏਬ ਅਖ਼ਤਰ ਨੇ ਪਾਕਿਸਤਾਨ ਟੀਮ ਦੀ ਹਾਲਤ ਲਈ ਕ੍ਰਿਕਟ ਬੋਰਡ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਕ੍ਰਿਕਟ ਦੇ ਪ੍ਰਬੰਧਨ 'ਚ ਅਜਿਹੇ ਲੋਕਾਂ ਨੂੰ ਰੱਖਿਆ ਜਾ ਰਿਹਾ ਹੈ, ਜਿਨ੍ਹਾਂ ਨੂੰ ਕ੍ਰਿਕਟ ਦਾ ਕੋਈ ਤਜਰਬਾ ਨਹੀਂ ਹੈ।

ਉਨ੍ਹਾਂ ਕਿਹਾ, ''ਇਸ ਟੀਮ 'ਚ ਅਜਿਹਾ ਕ੍ਰਿਕਟਰ ਕੌਣ ਹੈ, ਜਿਸ ਨੂੰ ਦੇਖ ਕੇ ਕੋਈ ਪ੍ਰੇਰਿਤ ਹੋ ਕੇ ਕ੍ਰਿਕਟ ਖੇਡਣ ਲਈ ਆਵੇਗਾ?''

''ਮੈਂ ਪਾਕਿਸਤਾਨ ਲਈ ਖੇਡਿਆ ਹੈ ਅਤੇ ਉਨ੍ਹਾਂ ਨੂੰ ਇਸ ਤਰ੍ਹਾਂ ਹਾਰਦਾ ਦੇਖ ਕੇ ਮੇਰਾ ਦਿਲ ਖੂਨ ਦੇ ਹੰਝੂ ਰੋਂਦਾ ਹੈ। ਇਸ ਟੀਮ 'ਚ ਜਿੱਤਣ ਦਾ ਜਜ਼ਬਾ ਹੀ ਨਹੀਂ ਹੈ।''

ਅਫਗਾਨਿਸਤਾਨ ਤੋਂ ਹਾਰਨ ਤੋਂ ਬਾਅਦ ਪਾਕਿਸਤਾਨੀ ਟੀਮ ਲਈ ਸੈਮੀਫਾਈਨਲ 'ਚ ਪਹੁੰਚਣ ਦਾ ਰਾਹ ਮੁਸ਼ਕਿਲ ਹੋ ਗਿਆ ਹੈ। ਹੁਣ ਟੀਮ ਨੂੰ ਵਿਸ਼ਵ ਕੱਪ 'ਚ ਅੱਗੇ ਵਧਣ ਲਈ ਅਗਲੇ ਸਾਰੇ ਮੈਚ ਜਿੱਤਣੇ ਪੈ ਸਕਦੇ ਹਨ।

‘ਸਾਡੇ ਖਿਡਾਰੀ 8-8 ਕਿੱਲੋ ਖਾ ਰਹੇ’ - ਵਸੀਮ ਅਕਰਮ

ਵਸੀਮ ਅਕਰਮ

ਤਸਵੀਰ ਸਰੋਤ, Getty Images

ਵਿਸ਼ਵ ਕੱਪ 'ਚ ਪਹੁੰਚਣ ਤੋਂ ਕੁਝ ਮਹੀਨੇ ਪਹਿਲਾਂ ਤੱਕ ਪਾਕਿਸਤਾਨ ਦੀ ਕ੍ਰਿਕਟ ਟੀਮ ਵਨਡੇ ਰੈਂਕਿੰਗ 'ਚ ਪਹਿਲੇ ਨੰਬਰ 'ਤੇ ਸੀ।

ਸਾਬਕਾ ਤੇਜ਼ ਗੇਂਦਬਾਜ਼ ਵਸੀਮ ਅਕਰਮ ਨੇ ਟੀਮ ਦੀ ਇਸ ਰੈਂਕਿੰਗ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਟੀਮ ਦਾ ਪ੍ਰਦਰਸ਼ਨ ਅਜਿਹਾ ਨਹੀਂ ਰਿਹਾ ਕਿ ਉਸ ਨੂੰ ਨੰਬਰ ਵਨ ਕਿਹਾ ਜਾ ਸਕੇ।

ਪਾਕਿਸਤਾਨ ਦੇ ਸਪੋਰਟਸ ਚੈਨਲ ਏ ਸਪੋਰਟਸ 'ਤੇ ਵਿਸ਼ਲੇਸ਼ਣ ਕਰਦੇ ਹੋਏ ਵਸੀਮ ਅਕਰਮ ਨੇ ਕਿਹਾ, ''ਅਸੀਂ ਪਿਛਲੇ 6-8 ਮਹੀਨਿਆਂ ਤੋਂ ਸੁਣ ਰਹੇ ਹਾਂ ਕਿ ਪਾਕਿਸਤਾਨ ਦੀ ਟੀਮ ਨੰਬਰ ਵਨ ਹੈ। ਇਹ ਕਿਸ ਕਿਸਮ ਦਾ ਨੰਬਰ ਵਨ ਹੈ?''

''ਮੈਂ ਅਫਗਾਨਿਸਤਾਨ ਟੀਮ ਦੇ ਰੁਖ਼ ਅਤੇ ਯੋਗਤਾ ਤੋਂ ਬਹੁਤ ਪ੍ਰਭਾਵਿਤ ਹਾਂ। ਉਸ ਦੀ ਕ੍ਰਿਕਟ ਦਿਨੋ-ਦਿਨ ਬਿਹਤਰ ਹੋ ਰਹੀ ਹੈ। ਪਹਿਲਾਂ ਉਸ ਨੇ ਵਿਸ਼ਵ ਚੈਂਪੀਅਨ ਨੂੰ ਹਰਾਇਆ ਅਤੇ ਹੁਣ ਉਸ ਨੇ ਸਾਨੂੰ ਹਰਾ ਦਿੱਤਾ।''

ਟੀਮ ਦੀ ਫਿਟਨੈੱਸ ਦਾ ਮੁੱਦਾ ਉਠਾਉਂਦੇ ਹੋਏ ਵਸੀਮ ਅਕਰਮ ਨੇ ਕਿਹਾ, ''ਸਾਡੀ ਟੀਮ ਦਾ ਦੋ ਸਾਲਾਂ ਤੋਂ ਫਿਟਨੈੱਸ ਟੈਸਟ ਨਹੀਂ ਹੋਇਆ ਹੈ। ਮੁੰਡਿਆਂ ਦੇ ਚਿਹਰਿਆਂ ਨੂੰ ਦੇਖੋ ਤਾਂ ਲੱਗਦਾ ਹੈ ਕਿ ਉਹ ਅੱਠ-ਅੱਠ ਕਿੱਲੋ ਖਾ ਰਹੇ ਹਨ, ਨਿਹਾਰੀਆਂ ਖਾ ਰਹੇ ਹਨ। ਕੋਈ ਫਿਟਨੈਸ ਹੁੰਦੀ ਹੈ, ਉਸ ਦੇ ਲਈ ਫਿਟਨੈਸ ਟੈਸਟ ਹੁੰਦਾ ਹੈ। ਅਸੀਂ ਦੋ ਸਾਲਾਂ ਤੋਂ ਕਹਿ ਰਹੇ ਹਾਂ ਫਿਟਨੈਸ ਟੈਸਟ ਕਰਾਓ, ਪਰ ਕੋਈ ਸੁਣਦਾ ਹੀ ਨਹੀਂ।'

ਸਾਬਕਾ ਕ੍ਰਿਕਟਰ ਮੋਇਨ ਅਲੀ ਨੇ ਕਿਹਾ, ''ਟੀਮ ਦੀ ਫਿਟਨੈਸ ਨੂੰ ਲੈ ਕੇ ਕੋਈ ਯੋਜਨਾ ਨਹੀਂ ਹੈ। ਫੀਲਡਿੰਗ ਬਹੁਤ ਮਾੜੀ ਰਹੀ ਹੈ। ਪਾਕਿਸਤਾਨ ਨੇ ਸ਼੍ਰੀਲੰਕਾ ਦਾ ਦੌਰਾ ਕੀਤਾ, ਜਿੱਥੇ ਟੀਮ ਡਰੋਨ ਆਊਟ ਹੋ ਗਈ। ਸਾਡੇ ਖਿਡਾਰੀ ਥੱਕੇ ਹੋਏ ਨਜ਼ਰ ਆ ਰਹੇ ਹਨ।''

ਸ਼ੋਏਬ ਮਲਿਕ ਨੇ ਇਹ ਵੀ ਕਿਹਾ ਕਿ ਟੀਮ ਦੀ ਮੌਜੂਦਾ ਸਥਿਤੀ ਲਈ ਪ੍ਰਬੰਧਨ ਜ਼ਿੰਮੇਵਾਰ ਹੈ।

ਉਨ੍ਹਾਂ ਕਿਹਾ ਕਿ “ਹੁਣ ਇਹ ਸਾਬਤ ਹੋ ਗਿਆ ਹੈ ਕਿ ਅਸੀਂ ਚੰਗੀਆਂ ਟੀਮਾਂ ਨਾਲ ਮੁਕਾਬਲਾ ਕਰਨ ਲਈ ਤਿਆਰ ਨਹੀਂ ਹਾਂ। ਸਾਡਾ ਪ੍ਰਬੰਧਨ ਵਿਗੜ ਚੁੱਕਿਆ ਹੈ ਅਤੇ ਜਿਸ ਤਰ੍ਹਾਂ ਬੋਰਡ ਨੂੰ ਚਲਾਇਆ ਜਾ ਰਿਹਾ ਹੈ, ਉਸ ਦਾ ਅਸਰ ਹੁਣ ਕ੍ਰਿਕਟ 'ਤੇ ਸਾਫ਼ ਦਿਖਾਈ ਦੇ ਰਿਹਾ ਹੈ।''

ਇਹ ਵੀ ਪੜ੍ਹੋ:-

ਅਫਗਾਨਿਸਤਾਨ ਦੀ ਟੀਮ ਮੈਚ ਦੇ ਹਰ ਪਹਿਲੂ 'ਚ ਪਾਕਿਸਤਾਨ 'ਤੇ ਭਾਰੀ ਰਹੀ। ਇੱਕ ਪਾਸੇ ਜਿੱਥੇ ਪਾਕਿਸਤਾਨ ਦੇ ਬੱਲੇਬਾਜ਼ਾਂ ਨੂੰ ਅਫਗਾਨਿਸਤਾਨ ਦੇ ਸਪਿਨ ਗੇਂਦਬਾਜ਼ਾਂ ਨੂੰ ਖੇਡਣਾ ਔਖਾ ਲੱਗਿਆ, ਉੱਥੇ ਹੀ ਦੂਜੇ ਪਾਸੇ ਅਫਗਾਨਿਸਤਾਨ ਦੇ ਬੱਲੇਬਾਜ਼ ਵਿਕਟਾਂ 'ਤੇ ਅਜਿਹੇ ਡਟੇ ਕਿ ਪਾਕਿਸਤਾਨ ਦਾ ਕੋਈ ਵੀ ਗੇਂਦਬਾਜ਼ ਕੁਝ ਨਹੀਂ ਕਰ ਸਕਿਆ।

ਵਿਸ਼ਲੇਸ਼ਣ ਕਰਦੇ ਹੋਏ, ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਿਸਬਾਹ-ਉਲ-ਹੱਕ ਨੇ ਕਿਹਾ, "ਅਫਗਾਨਿਸਤਾਨ ਦੀ ਸਪਿਨ ਗੇਂਦਬਾਜ਼ੀ ਦੀ ਗੁਣਵੱਤਾ ਬਹੁਤ ਵਧੀਆ ਸੀ। ਪਾਕਿਸਤਾਨ ਦੇ ਬੱਲੇਬਾਜ਼ਾਂ ਨੂੰ ਸਿੰਗਲਜ਼ ਹਾਸਲ ਕਰਨ ਲਈ ਵੀ ਮਿਹਨਤ ਕਰਨੀ ਪਈ।''

''ਅਫਗਾਨਿਸਤਾਨ ਦਾ ਆਤਮਵਿਸ਼ਵਾਸ ਵਧਿਆ ਹੋਇਆ ਸੀ। ਰਾਸ਼ਿਦ ਖਾਨ ਨੂੰ ਭਾਵੇਂ ਕੋਈ ਵਿਕਟ ਨਾ ਮਿਲੀ ਹੋਵੇ ਪਰ ਉਨ੍ਹਾਂ ਨੇ ਕੋਈ ਗੇਂਦ ਆਸਾਨ ਨਹੀਂ ਸੁੱਟੀ, ਬੱਲੇਬਾਜ਼ਾਂ ਨੂੰ ਇੱਕ ਵੀ ਵਿਕਟ ਹਾਸਲ ਕਰਨ ਲਈ ਕਾਫੀ ਮਿਹਨਤ ਕਰਨੀ ਪਈ।''

''ਜਦਕਿ ਅਫਗਾਨਿਸਤਾਨ ਦੇ ਬੱਲੇਬਾਜ਼ਾਂ ਨੂੰ ਪਾਕਿਸਤਾਨ ਦੇ ਸਪਿਨ ਗੇਂਦਬਾਜ਼ਾਂ ਨਾਲ ਕੋਈ ਮੁਸ਼ਕਲ ਨਹੀਂ ਆਈ, ਉਨ੍ਹਾਂ ਨੇ ਬੜੀ ਆਸਾਨੀ ਨਾਲ ਦੌੜਾਂ ਬਣਾਈਆਂ। ਪਾਕਿਸਤਾਨ ਅਫਗਾਨਿਸਤਾਨ ਦੇ ਬੱਲੇਬਾਜ਼ਾਂ 'ਤੇ ਦਬਾਅ ਨਹੀਂ ਬਣਾ ਸਕਿਆ। ਗੇਂਦਬਾਜ਼ੀ 'ਚ ਸ਼ੁਰੂ ਤੋਂ ਹੀ ਪਾਕਿਸਤਾਨ 'ਤੇ ਦਬਾਅ ਵਧਣਾ ਸ਼ੁਰੂ ਹੋ ਗਿਆ ਸੀ।''

ਮਿਸਬਾਹ-ਉਲ-ਹੱਕ ਨੇ ਕਿਹਾ, "ਜੇਕਰ ਗੇਂਦਬਾਜ਼ ਟੀ-20 ਵਿੱਚ ਇੱਕ ਓਵਰ ਵਿੱਚ ਛੇ ਦੌੜਾਂ ਦੇ ਰਿਹਾ ਹੈ, ਕੋਈ ਗੱਲ ਨਹੀਂ, ਪਰ ਪੰਜਾਹ ਓਵਰਾਂ ਦੇ ਮੈਚ ਵਿੱਚ ਇਨਿੰਗਸ ਦੇ ਮੱਧ 'ਚ ਤੁਸੀਂ ਇੱਕ ਓਵਰ 'ਚ 6 ਦੌੜਾਂ ਦੇ ਰਹੇ ਹੋ ਤਾਂ ਇਹ ਠੀਕ ਨਹੀਂ ਹੈ। ਇਸ ਦਾ ਮਤਲਬ ਹੈ ਕਿ ਗੇਂਦਬਾਜ਼ੀ ਬੇਕਾਰ ਹੈ।''

ਬਾਬਰ ਆਜ਼ਮ ਵੀ ਨਿਰਾਸ਼

ਅਫਗਾਨਿਸਤਾਨ ਤੋਂ ਪਾਕਿਸਤਾਨ ਦੀ ਕਰਾਰੀ ਹਾਰ

ਤਸਵੀਰ ਸਰੋਤ, Getty Images

ਸਾਬਕਾ ਕ੍ਰਿਕਟਰ ਰਮੀਜ਼ ਰਾਜਾ ਨੇ ਆਪਣੇ ਯੂ-ਟਿਊਬ ਚੈਨਲ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, ''ਵਿਸ਼ਵ ਕੱਪ 'ਚ ਅਫਗਾਨਿਸਤਾਨ ਤੋਂ ਹਾਰ ਪਾਕਿਸਤਾਨ ਲਈ ਵੱਡਾ ਝਟਕਾ ਹੈ। ਇਸ ਹਾਰ ਤੋਂ ਬਾਅਦ ਬਾਬਰ ਆਜ਼ਮ ਬੁਝੇ-ਬੁਝੇ ਸਨ।

ਉਨ੍ਹਾਂ ਕਿਹਾ, ''ਪਾਕਿਸਤਾਨ ਨੂੰ ਇੰਨੀ ਵੱਡੀ ਹਾਰ ਕਦੇ ਨਹੀਂ ਝੱਲਣੀ ਪਈ ਪਰ ਅਫਗਾਨਿਸਤਾਨ ਇਸ ਜਿੱਤ ਦਾ ਹੱਕਦਾਰ ਸੀ। ਚੇੱਨਈ ਦੀ ਪਿੱਚ 'ਤੇ ਅੱਠ ਵਿਕਟਾਂ ਨਾਲ ਜਿੱਤਣਾ, ਇਸ ਤੋਂ ਵਧੀਆ ਪ੍ਰਦਰਸ਼ਨ ਨਹੀਂ ਹੋ ਸਕਦਾ।''

''ਅਫਗਾਨਿਸਤਾਨ ਦੀ ਕ੍ਰਿਕਟ ਟੀਮ ਨੇ ਇਸ ਤੋਂ ਬਿਹਤਰ ਪ੍ਰਦਰਸ਼ਨ ਕਦੇ ਨਹੀਂ ਕੀਤਾ ਹੋਣਾ। ਜੇਕਰ ਅਫਗਾਨਿਸਤਾਨ ਆਪਣੀ ਬੱਲੇਬਾਜ਼ੀ ਦੇ ਪੱਧਰ ਨੂੰ ਇਸੇ ਪੱਧਰ 'ਤੇ ਬਰਕਰਾਰ ਰੱਖਦਾ ਹੈ, ਤਾਂ ਉਸ ਦੇ ਅੱਗੇ ਵਧਣ ਦੀ ਸੰਭਾਵਨਾ ਹੋਰ ਵਧ ਜਾਂਦੀ ਹੈ।''

ਪਾਕਿਸਤਾਨ ਦੀ ਟੀਮ ਵਿਸ਼ਵ ਚੈਂਪੀਅਨ ਰਹਿ ਚੁੱਕੀ ਹੈ ਅਤੇ ਆਪਣੀ ਘਾਤਕ ਗੇਂਦਬਾਜ਼ੀ ਲਈ ਜਾਣੀ ਜਾਂਦੀ ਰਹੀ ਹੈ। ਰਮੀਜ਼ ਰਾਜਾ ਨੇ ਕਿਹਾ ਕਿ ਅਫਗਾਨਿਸਤਾਨ ਦੀ ਟੀਮ 'ਚ ਪਾਕਿਸਤਾਨ ਨੂੰ ਲੈ ਕੇ ਕੋਈ ਡਰ ਨਹੀਂ ਸੀ।

ਉਨ੍ਹਾਂ ਕਿਹਾ, ''ਅਫਗਾਨਿਸਤਾਨ ਦੀ ਟੀਮ 'ਚ ਪਾਕਿਸਤਾਨ ਦੀ ਗੇਂਦਬਾਜ਼ੀ ਜਾਂ ਉਸ ਦੀ ਸਾਖ ਦਾ ਕੋਈ ਖੌਫ਼ ਨਹੀਂ ਸੀ। ਉਹ ਨਿਡਰ ਹੋ ਕੇ ਖੇਡੇ ਅਤੇ ਇਕ ਮਿੰਟ ਲਈ ਵੀ ਅਜਿਹਾ ਨਹੀਂ ਲੱਗਾ ਕਿ ਟੀਮ ਲੈਅ ਤੋਂ ਬਾਹਰ ਹੈ।''

''ਗੁਰਬਾਜ਼ ਨੇ ਜਿਸ ਅੰਦਾਜ਼ 'ਚ ਓਪਨਿੰਗ ਕੀਤੀ ਅਤੇ ਪਹਿਲੀ ਵਿਕਟ ਲਈ 130 ਦੌੜਾਂ ਦੀ ਸਾਂਝੇਦਾਰੀ ਕੀਤੀ, ਉਸ ਨਾਲ ਅਫਗਾਨਿਸਤਾਨ ਦੀ ਜਿੱਤ ਦਾ ਆਧਾਰ ਤੈਅ ਹੋ ਗਿਆ ਸੀ।''

ਅਫਗਾਨਿਸਤਾਨ ਤੋਂ ਪਾਕਿਸਤਾਨ ਦੀ ਕਰਾਰੀ ਹਾਰ

ਅਫਗਾਨਿਸਤਾਨ ਦੇ ਨੌਜਵਾਨ ਗੇਂਦਬਾਜ਼ ਨੂਰ ਅਹਿਮਦ ਨੇ ਤਿੰਨ ਵਿਕਟਾਂ ਲਈਆਂ। ਉਨ੍ਹਾਂ ਨੇ ਅਬਦੁੱਲਾ ਸ਼ਫੀਕ ਨੂੰ ਐੱਲਬੀਡਬਲਿਊ ਆਊਟ ਕੀਤਾ।

ਉਨ੍ਹਾਂ ਨੇ ਕਪਤਾਨ ਬਾਬਰ ਆਜ਼ਮ ਅਤੇ ਮੁਹੰਮਦ ਰਿਜ਼ਵਾਨ ਨੂੰ ਕੈਚ ਆਊਟ ਕਰਵਾਇਆ। ਉਨ੍ਹਾਂ ਨੇ ਪਾਕਿਸਤਾਨ ਦੇ ਤਿੰਨ ਚੋਟੀ ਦੇ ਬੱਲੇਬਾਜ਼ਾਂ ਨੂੰ ਆਊਟ ਕੀਤਾ।

ਨੂਰ ਦੀ ਪ੍ਰਸ਼ੰਸਾ ਕਰਦੇ ਹੋਏ ਰਮੀਜ਼ ਰਾਜਾ ਨੇ ਕਿਹਾ, “ਕੋਈ ਵੀ ਪਾਕਿਸਤਾਨੀ ਬੱਲੇਬਾਜ਼ 18 ਸਾਲਾ ਸਪਿਨਰ ਨੂਰ ਦੀ ਗੇਂਦਬਾਜ਼ੀ ਦਾ ਸਾਹਮਣਾ ਨਹੀਂ ਕਰ ਸਕਿਆ। ਇਹ ਉਨ੍ਹਾਂ ਦਾ ਪਹਿਲਾ ਵਿਸ਼ਵ ਕੱਪ ਹੈ।''

''ਨੂਰ ਨੇ ਨਿਡਰ ਹੋ ਕੇ ਗੇਂਦਬਾਜ਼ੀ ਕੀਤੀ ਅਤੇ ਪਾਕਿਸਤਾਨ ਦੀਆਂ ਧੱਜੀਆਂ ਉਡਾ ਦਿੱਤੀਆਂ। ਨੂਰ ਨੇ ਸਹੀ ਸਮੇਂ 'ਤੇ ਬਾਬਰ ਆਜ਼ਮ ਨੂੰ ਆਊਟ ਕੀਤਾ। ਇਸ ਨੌਜਵਾਨ ਗੇਂਦਬਾਜ਼ ਨੇ ਦਿਖਾਇਆ ਹੈ ਕਿ ਅਫਗਾਨਿਸਤਾਨ ਵਿੱਚ ਕਿਸ ਤਰ੍ਹਾਂ ਦਾ ਹੁਨਰ ਆ ਰਿਹਾ ਹੈ।''

ਅਫਗਾਨਿਸਤਾਨ ਦੇ ਇਬਰਾਹਿਮ ਜ਼ਾਦਰਾਨ ਦਾ ਬਿਆਨ ਵੀ ਚਰਚਾ 'ਚ

ਇਬਰਾਹਿਮ ਜ਼ਾਦਰਾਨ

ਤਸਵੀਰ ਸਰੋਤ, ANI

ਇਸ ਮੈਚ ਦੇ ਸਟਾਰ ਰਹੇ ਇਬਰਾਹਿਮ ਜ਼ਦਰਾਨ ਨੇ 113 ਗੇਂਦਾਂ 'ਤੇ 87 ਦੌੜਾਂ ਬਣਾਈਆਂ ਅਤੇ 'ਮੈਨ ਆਫ ਦਿ ਮੈਚ' ਦਾ ਖਿਤਾਬ ਹਾਸਲ ਕੀਤਾ।

ਉਨ੍ਹਾਂ ਨੇ ਇਹ ਖਿਤਾਬ ਅਫਗਾਨਿਸਤਾਨ ਦੇ ਉਨ੍ਹਾਂ ਸ਼ਰਨਾਰਥੀਆਂ ਨੂੰ ਸਮਰਪਿਤ ਕੀਤਾ ਹੈ, ਜਿਨ੍ਹਾਂ ਨੂੰ ਪਾਕਿਸਤਾਨ ਤੋਂ ਜ਼ਬਰਦਸਤੀ ਉਨ੍ਹਾਂ ਦੇ ਦੇਸ਼ ਵਾਪਸ ਭੇਜਿਆ ਜਾ ਰਿਹਾ ਹੈ।

ਜ਼ਾਦਰਾਨ ਨੇ ਕਿਹਾ- ''ਮੈਂ ਇਹ 'ਮੈਨ ਆਫ ਦਿ ਮੈਚ' ਉਨ੍ਹਾਂ ਲੋਕਾਂ ਨੂੰ ਸਮਰਪਿਤ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੂੰ ਪਾਕਿਸਤਾਨ ਤੋਂ ਅਫਗਾਨਿਸਤਾਨ 'ਚ ਉਨ੍ਹਾਂ ਦੇ ਦੇਸ਼ ਭੇਜਿਆ ਜਾ ਰਿਹਾ ਹੈ।''

ਦਰਅਸਲ, ਲਗਭਗ 17 ਲੱਖ ਅਫਗਾਨ ਸ਼ਰਨਾਰਥੀਆਂ ਨੂੰ 1 ਨਵੰਬਰ ਤੱਕ ਪਾਕਿਸਤਾਨ ਛੱਡਣ ਲਈ ਕਿਹਾ ਗਿਆ ਹੈ। ਅਫਗਾਨਿਸਤਾਨ ਨੇ ਪਾਕਿਸਤਾਨ ਦੇ ਇਸ ਫੈਸਲੇ ਦੀ ਆਲੋਚਨਾ ਕੀਤੀ ਹੈ ਅਤੇ ਇਸ ਨੂੰ ਅਸਵੀਕਾਰਨਯੋਗ ਦੱਸਿਆ ਹੈ।

ਕ੍ਰਿਕਟ ਦੇ ਮੈਦਾਨ ਤੋਂ ਇਬਰਾਹਿਮ ਜ਼ਾਦਰਾਨ ਦਾ ਇਹ ਬਿਆਨ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਸ ਨੂੰ ਅਹਿਮ ਤੇ ਮਜ਼ਬੂਤ ਸਿਆਸੀ ਬਿਆਨ ਦੱਸ ਰਹੇ ਹਨ।

ਅਫਗਾਨਿਸਤਾਨ 'ਚ ਕੀ ਹੈ ਮਾਹੌਲ?

ਅਫਗਾਨਿਸਤਾਨ ਤੋਂ ਪਾਕਿਸਤਾਨ ਦੀ ਕਰਾਰੀ ਹਾਰ

ਤਸਵੀਰ ਸਰੋਤ, Getty Images

ਪਾਕਿਸਤਾਨ 'ਤੇ ਜਿੱਤ ਤੋਂ ਬਾਅਦ ਅਫਗਾਨਿਸਤਾਨ 'ਚ ਖੁਸ਼ੀ ਦੀ ਲਹਿਰ ਹੈ।

ਹਬੀਬ ਖਾਨ ਅਫਗਾਨਿਸਤਾਨ ਤੋਂ ਇੱਕ ਪੱਤਰਕਾਰ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇੱਕ ਵੀਡੀਓ ਕਲਿੱਪ ਪੋਸਟ ਕੀਤੀ ਹੈ, ਜਿਸ ਵਿਚ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦੇ ਰਹੀ ਹੈ।

ਇਸ ਵੀਡੀਓ ਕਲਿੱਪ ਨੂੰ ਪੋਸਟ ਕਰਦੇ ਹੋਏ ਹਬੀਬ ਖਾਨ ਨੇ ਲਿਖਿਆ ਹੈ, "ਇਹ ਕੋਈ ਫਰੰਟਲਾਈਨ ਜੰਗੀ ਖੇਤਰ ਨਹੀਂ ਹੈ, ਸਗੋਂ ਕਾਬੁਲ ਵਿੱਚ ਪਾਕਿਸਤਾਨ ਨੂੰ ਹਰਾਉਣ ਦਾ ਜਸ਼ਨ ਹੈ। ਅਫਗਾਨਿਸਤਾਨ ਨੇ ਕ੍ਰਿਕਟ ਵਿਸ਼ਵ ਕੱਪ 'ਚ ਪਾਕਿਸਤਾਨ ਖ਼ਿਲਾਫ਼ ਇਤਿਹਾਸਕ ਜਿੱਤ ਦਰਜ ਕੀਤੀ ਹੈ।''

ਹਬੀਬ ਖਾਨ ਨੇ ਪਾਕਿਸਤਾਨ 'ਤੇ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਕਈ ਵੀਡੀਓ ਕਲਿੱਪ ਵੀ ਪੋਸਟ ਕੀਤੇ ਹਨ। ਇਨ੍ਹਾਂ ਵੀਡੀਓ ਕਲਿੱਪਾਂ 'ਚ ਅਫਗਾਨਿਸਤਾਨ ਦੇ ਵੱਖ-ਵੱਖ ਇਲਾਕਿਆਂ 'ਚ ਲੋਕ ਜੋਸ਼ ਨਾਲ ਜਸ਼ਨ ਮਨਾਉਂਦੇ ਨਜ਼ਰ ਆ ਰਹੇ ਹਨ।

ਹਬੀਬ ਖਾਨ ਨੇ ਐਮਏ ਚਿਦੰਬਰਮ ਸਟੇਡੀਅਮ ਦੀ ਇੱਕ ਵੀਡੀਓ ਕਲਿੱਪ ਸ਼ੇਅਰ ਕੀਤੀ ਹੈ, ਜਿਸ ਵਿੱਚ ਇੱਕ ਅਫਗਾਨ ਨਾਗਰਿਕ ਕਹਿ ਰਿਹਾ ਹੈ, "ਪਾਕਿਸਤਾਨ ਖ਼ਿਲਾਫ਼ ਜਿੱਤਣਾ ਵਿਸ਼ਵ ਕੱਪ ਜਿੱਤਣ ਵਰਗਾ ਹੈ। ਸਾਡਾ ਮਿਸ਼ਨ ਸਫਲ ਰਿਹਾ। ਹੁਣ ਅਸੀਂ ਖੁਸ਼ੀ ਨਾਲ ਘਰ ਜਾ ਸਕਦੇ ਹਾਂ।''

ਪਾਕਿਸਤਾਨ ਨੂੰ ਹਰਾਉਣ ਤੋਂ ਬਾਅਦ ਅਫਗਾਨਿਸਤਾਨ ਦੇ ਸਟਾਰ ਕ੍ਰਿਕਟਰ ਰਾਸ਼ਿਦ ਖਾਨ ਸਾਬਕਾ ਭਾਰਤੀ ਕ੍ਰਿਕਟਰ ਇਰਫਾਨ ਪਠਾਨ ਨਾਲ ਸਟੇਡੀਅਮ 'ਚ ਡਾਂਸ ਕਰਦੇ ਨਜ਼ਰ ਆਏ।

ਹਬੀਬ ਖਾਨ ਨੇ ਇਸ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, "ਭਾਰਤ ਦਾ ਇੱਕ ਪਠਾਨ, ਅਫਗਾਨਿਸਤਾਨ ਦੇ ਇੱਕ ਪਠਾਨ ਨਾਲ ਪਾਕਿਸਤਾਨ 'ਤੇ ਜਿੱਤ ਦਾ ਜਸ਼ਨ ਮਨਾਉਂਦਾ ਹੋਇਆ। ਪੂਰੇ ਟੂਰਨਾਮੈਂਟ ਦੌਰਾਨ ਅਫਗਾਨਿਸਤਾਨ ਦਾ ਸਮਰਥਨ ਕਰਨ ਲਈ ਭਾਰਤ ਦਾ ਬਹੁਤ-ਬਹੁਤ ਧੰਨਵਾਦ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)