ਅਜਿਹੀ ਯੂਨੀਵਰਸਿਟੀ ਜਿੱਥੇ ਪ੍ਰੋਫੈਸਰ ਨੂੰ ਨਹੀਂ ਪਤਾ ਹੁੰਦੇ ਵਿਦਿਆਰਥੀਆਂ ਦੇ ਅਸਲੀ ਨਾਮ, ਜਾਣੋ ਇੱਥੇ ਕਿਵੇਂ ਤਿਆਰ ਕੀਤੇ ਜਾਂਦੇ ਜਾਸੂਸ

ਸਾਇੰਸਜ਼ ਪੋ ਸੇਂਟ-ਜਰਮੇਨ ਯੂਨੀਵਰਸਿਟੀ ਵਿਖੇ ਜਾਸੂਸੀ ਕੋਰਸ 'ਤੇ ਲੈਕਚਰਾਰ ਸੁਣਦੇ ਹੋਏ ਵਿਦਿਆਰਥੀ
ਤਸਵੀਰ ਕੈਪਸ਼ਨ, ਇਹ ਕੋਰਸ 20 ਦੇ ਦਹਾਕੇ ਦੇ ਆਮ ਵਿਦਿਆਰਥੀਆਂ ਅਤੇ ਫਰਾਂਸੀਸੀ ਸਰਕਾਰੀ ਜਾਸੂਸਾਂ ਦੋਵਾਂ ਨੂੰ ਆਕਰਸ਼ਿਤ ਕਰਦਾ ਹੈ।
    • ਲੇਖਕ, ਕ੍ਰਿਸ ਬੌਕਮੈਨ
    • ...ਤੋਂ, ਪੈਰਿਸ

ਯੂਨੀਵਰਸਿਟੀ ਦੇ ਪ੍ਰੋਫੈਸਰ ਜ਼ਾਵੀਆ ਕਰੇਟੀਈਜ਼ ਮੰਨਦੇ ਹਨ ਕਿ ਉਹ ਆਪਣੇ ਕੋਰਸ ਦੇ ਕਈ ਵਿਦਿਆਰਥੀਆਂ ਦਾ ਅਸਲੀ ਨਾਮ ਨਹੀਂ ਜਾਣਦੇ।

ਅਕਾਦਮਿਕ ਦੁਨੀਆ ਵਿਚ ਇਸ ਨੂੰ ਕਾਫੀ ਅਜੀਬ ਮੰਨਿਆ ਜਾਂਦਾ ਹੈ, ਪਰ ਪ੍ਰੋਫੈਸਰ ਕਰੇਟੀਈਜ਼ ਦਾ ਕੰਮ ਸਾਧਾਰਨ ਨਹੀਂ ਹੈ।

ਅਸਲ ਵਿੱਚ ਉਹ ਫਰਾਂਸ ਦੇ ਜਾਸੂਸਾਂ ਨੂੰ ਤਿਆਰ ਕਰਨ ਲਈ ਮਦਦ ਕਰਦੇ ਹਨ।

ਉਨ੍ਹਾਂ ਕਿਹਾ,"ਜਦੋਂ ਖ਼ੁਫੀਆ ਏਜੰਟਾਂ ਨੂੰ ਕੋਰਸ ਲਈ ਭੇਜਿਆ ਜਾਂਦਾ ਹੈ ਤਾਂ ਮੈਨੂੰ ਉਨ੍ਹਾਂ ਦੇ ਪਿਛੋਕੜ ਬਾਰੇ ਬਹੁਤ ਘੱਟ ਪਤਾ ਹੁੰਦਾ ਹੈ, ਅਤੇ ਮੈਨੂੰ ਇਹ ਵੀ ਸ਼ੱਕ ਹੁੰਦਾ ਹੈ ਕਿ ਜੋ ਨਾਮ ਮੈਨੂੰ ਦੱਸੇ ਜਾਂਦੇ ਹਨ, ਉਹ ਅਸਲੀ ਵੀ ਹਨ ਜਾਂ ਨਹੀਂ।''

ਜੇਕਰ ਤੁਸੀਂ ਜਾਸੂਸੀ ਸਕੂਲ ਲਈ ਸੈਟਿੰਗ ਬਣਾਉਣਾ ਚਾਹੁੰਦੇ ਹੋ ਤਾਂ ਪੈਰਿਸ ਦੇ ਬਾਹਰੀ ਇਲਾਕੇ ਵਿਚ ਸਥਿਤ ਸਿਓਂਸ ਪੁਸੈਂਟ ਜਰਮਾਂ ਦਾ ਕੈਂਪਸ ਇਸ ਲਈ ਬਿਲਕੁਲ ਢੁੱਕਵਾਂ ਲੱਗਦਾ ਹੈ।

ਵੀਹਵੀਂ ਸਦੀ ਦੇ ਸ਼ੁਰੂਆਤੀ ਦੌਰ ਦੀਆਂ ਗੰਭੀਰ, ਇਥੋਂ ਤੱਕ ਕਿ ਕੁੱਝ ਹੱਦ ਤੱਕ ਉਦਾਸ ਦਿੱਸਣ ਵਾਲੀਆਂ ਇਮਾਰਤਾਂ, ਜਿਨ੍ਹਾਂ ਦੇ ਆਲ਼ੇ-ਦੁਆਲ਼ੇ ਵਿਅਸਤ ਪਰ ਨੀਰਸ ਸੜਕਾਂ ਅਤੇ ਵੱਡੇ ਡਰਾਉਣੇ ਗੇਟ ਹਨ, ਇਸ ਥਾਂ ਨੂੰ ਬਹੁਤ ਹੀ ਗੁਪਤ ਜਿਹਾ ਅਹਿਸਾਸ ਦਿੰਦੇ ਹਨ।

ਜੋ ਇਸ ਥਾਂ ਨੂੰ ਵੱਖਰਾ ਬਣਾਉਂਦਾ ਹੈ, ਉਹ ਹੈ ਇਸ ਦਾ ਵਿਲੱਖਣ ਡਿਪਲੋਮਾ ਜੋ ਆਮ ਤੌਰ 'ਤੇ 20-22 ਸਾਲ ਦੀ ਉਮਰ ਦੇ ਵਿਦਿਆਰਥੀਆਂ ਨੂੰ ਫਰਾਂਸ ਦੀਆਂ ਗੁਪਤ ਸੇਵਾਵਾਂ ਦੇ ਸਰਗਰਮ ਮੈਂਬਰਾਂ ਨਾਲ ਮਿਲਾਉਂਦਾ ਹੈ। ਇਹ ਏਜੰਟ ਆਮ ਤੌਰ ’ਤੇ 35 ਤੋਂ 50 ਸਾਲ ਦੀ ਉਮਰ ਦੇ ਹੁੰਦੇ ਹਨ।

ਇਹ ਕੋਰਸ ਕੀ ਹੈ ਤੇ ਇਸ ਦਾ ਕੀ ਮਕਸਦ ਹੈ?

ਇਸ ਕੋਰਸ ਦਾ ਨਾਮ ਡਿਪਲੋਮ ਸੁਰ ਲਾ ਰਾਨਸੇਨਯੂਮਾਹ ਹੈ, ਜਿਸਦਾ ਅਰਥ ਹੈ ਖ਼ੁਫੀਆ ਜਾਣਕਾਰੀ ਅਤੇ ਵਿਸ਼ਵ ਪੱਧਰੀ ਖ਼ਤਰਿਆਂ ਬਾਰੇ ਡਿਪਲੋਮਾ।

ਇਹ ਕੋਰਸ ਯੂਨੀਵਰਸਿਟੀ ਵਲੋਂ ਫਰਾਂਸੀਸੀ ਗੁਪਤ ਸੇਵਾਵਾਂ ਦੀ ਟ੍ਰੇਨਿੰਗ ਸ਼ਾਖਾ, ਅਕੈਡਮੀ ਦੂ ਰਾਨਸੇਨਯੂਮਾਹ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਸੀ।

ਇਸ ਦੀ ਸ਼ੁਰੂਆਤ ਲਗਭਗ 10 ਸਾਲ ਪਹਿਲਾਂ ਫਰਾਂਸੀਸੀ ਅਧਿਕਾਰੀਆਂ ਦੀ ਮੰਗ 'ਤੇ ਕੀਤੀ ਗਈ। ਸਾਲ 2015 'ਚ ਪੈਰਿਸ ਵਿਚ ਹੋਏ ਅੱਤਵਾਦੀ ਹਮਲਿਆਂ ਤੋਂ ਬਾਅਦ ਸਰਕਾਰ ਨੇ ਫਰਾਂਸ ਦੀਆਂ ਖੂਫੀਆ ਏਜੰਸੀਆਂ ਵਿੱਚ ਵੱਡੇ ਪੱਧਰ 'ਤੇ ਭਰਤੀ ਮੁਹਿੰਮ ਚਲਾਈ।

ਸਰਕਾਰ ਨੇ ਫਰਾਂਸ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਵਿੱਚੋਂ ਇੱਕ, ਸਾਇੰਸਿਜ਼ ਪੋ ਨੂੰ ਕਿਹਾ ਕਿ ਉਹ ਇਕ ਨਵਾਂ ਕੋਰਸ ਤਿਆਰ ਕਰੇ, ਜੋ ਨਾ ਸਿਰਫ਼ ਸੰਭਾਵੀ ਨਵੇਂ ਜਾਸੂਸਾਂ ਨੂੰ ਟ੍ਰੇਨਿੰਗ ਦੇਵੇ ਸਗੋਂ ਮੌਜੂਦਾ ਏਜੰਟਾਂ ਲਈ ਲਗਾਤਾਰ ਸਿਖਲਾਈ ਦਾ ਵੀ ਪ੍ਰਬੰਧ ਕਰੇI

ਵੱਡੀਆਂ ਫਰਾਂਸੀਸੀ ਕੰਪਨੀਆਂ ਨੇ ਵੀ ਇਸ ਕੋਰਸ ਵਿੱਚ ਤੁਰੰਤ ਦਿਲਚਸਪੀ ਦਿਖਾਈ। ਉਨ੍ਹਾਂ ਨੇ ਨਾ ਕੇਵਲ ਆਪਣੇ ਸੁਰੱਖਿਆ ਕਰਮਚਾਰੀਆਂ ਨੂੰ ਇਸ ਕੋਰਸ ਵਿੱਚ ਭੇਜਣਾ ਸ਼ੁਰੂ ਕੀਤਾ ਸਗੋਂ ਕਈ ਨੌਜਵਾਨ ਗ੍ਰੈਜੂਏਟਸ ਨੂੰ ਨੌਕਰੀ 'ਤੇ ਵੀ ਰੱਖਿਆI

ਇਹ ਡਿਪਲੋਮਾ 120 ਘੰਟਿਆਂ ਦੇ ਕਲਾਸਵਰਕ 'ਤੇ ਅਧਾਰਿਤ ਹੈ, ਜਿਸਦੇ ਮੋਡਿਊਲ ਚਾਰ ਮਹੀਨਿਆਂ ਵਿੱਚ ਵੰਡੇ ਗਏ ਹਨI ਬਾਹਰੀ ਵਿਦਿਆਰਥੀਆਂ ਲਈ - ਜਿਵੇਂ ਜਾਸੂਸ ਅਤੇ ਕਾਰੋਬਾਰੀ ਸੰਸਥਾਵਾਂ ਵੱਲੋਂ ਭੇਜੇ ਗਏ ਟ੍ਰੇਨੀ - ਇਸ ਕੋਰਸ ਦੀ ਲਾਗਤ ਕਰੀਬ 5,000 ਯੂਰੋ (5,900 ਡਾਲਰ; 4,400 ਪੌਂਡ) ਹੈI

ਪ੍ਰੋਫੈਸਰਜ਼ਾਵੀਆ ਕਰੇਟੀਈ
ਤਸਵੀਰ ਕੈਪਸ਼ਨ, ਪ੍ਰੋਫੈਸਰ ਜ਼ਾਵੀਆ ਕਰੇਟੀਈ ਕਹਿੰਦੇ ਹਨ ਕਿ ਵਿੱਤੀ ਅਪਰਾਧ ਨਾਲ ਲੜਨਾ ਹੁਣ ਜਾਸੂਸਾਂ ਲਈ ਇੱਕ ਮੁੱਖ ਕੰਮ ਹੈ।

ਇਸ ਕੋਰਸ ਦਾ ਮੁੱਖ ਮਕਸਦ ਇਹ ਹੈ ਕਿ ਖ਼ਤਰੇ ਕਿਤੇ ਵੀ ਹੋਣ, ਉਨ੍ਹਾਂ ਦੀ ਪਛਾਣ ਕੀਤੀ ਜਾ ਸਕੇ ਅਤੇ ਇਹ ਸਮਝਿਆ ਜਾ ਸਕੇ ਕਿ ਉਨ੍ਹਾਂ ਨੂੰ ਕਿਵੇਂ ਲੱਭਣਾ ਤੇ ਉਨ੍ਹਾਂ 'ਤੇ ਕਾਬੂ ਪਾਉਣਾ ਹੈI ਮੁੱਖ ਵਿਸ਼ਿਆਂ ਵਿੱਚ ਸੰਗਠਿਤ ਅਪਰਾਧ ਦਾ ਅਰਥ ਸ਼ਾਸਤਰ, ਇਸਲਾਮੀ ਜਿਹਾਦਵਾਦ, ਵਪਾਰਕ ਖੂਫੀਆ ਜਾਣਕਾਰੀ ਇਕੱਠੀ ਕਰਨਾ ਅਤੇ ਸਿਆਸੀ ਹਿੰਸਾ ਸ਼ਾਮਲ ਹਨI

ਕਲਾਸ ਵਿੱਚ ਸ਼ਾਮਲ ਹੋਣ ਅਤੇ ਵਿਦਿਆਰਥੀਆਂ ਨਾਲ ਗੱਲ ਕਰਨ ਤੋਂ ਪਹਿਲਾਂ ਮੈਨੂੰ ਫਰਾਂਸੀਸੀ ਸੁਰੱਖਿਆ ਸੇਵਾਵਾਂ ਵੱਲੋਂ ਜਾਂਚਿਆ ਪਰਖਿਆ ਗਿਆI ਜਿਸ ਪਾਠ ਵਿੱਚ ਮੈਂ ਸ਼ਾਮਲ ਹੋਇਆ, ਉਸਦਾ ਵਿਸ਼ਾ ਸੀ "ਖ਼ੁਫੀਆ ਜਾਣਕਾਰੀ ਅਤੇ ਤਕਨਾਲੋਜੀ 'ਤੇ ਅਤਿ ਨਿਰਭਰਤਾ"I

ਜਿਨ੍ਹਾਂ ਵਿਦਿਆਰਥੀਆਂ ਨਾਲ ਮੈਂ ਗੱਲ ਕੀਤੀ, ਉਨ੍ਹਾਂ ਵਿੱਚੋਂ ਇੱਕ ਆਪਣੇ ਆਪ ਨੂੰ ਰੋਜਰ ਦੱਸਣ ਵਾਲਾ ਇੱਕ ਵਿਅਕਤੀ ਸੀ, ਜੋ ਆਪਣੇ 40ਵਿਆਂ ਵਿੱਚ ਹੋਵੇਗਾ। ਉਨ੍ਹਾਂ ਨੇ ਮੈਨੂੰ ਬਹੁਤ ਹੀ ਸਪਸ਼ਟ ਅਤੇ ਸੰਖੇਪ ਅੰਗਰੇਜ਼ੀ ਵਿੱਚ ਦੱਸਿਆ ਕਿ ਉਹ ਇੱਕ ਨਿਵੇਸ਼ ਬੈਂਕਰ ਹਨI

ਉਨ੍ਹਾਂ ਅੱਗੇ ਕਿਹਾ ਕਿ, "ਮੈਂ ਪੱਛਮੀ ਅਫਰੀਕਾ ਵਿੱਚ ਸਲਾਹ-ਮਸ਼ਵਰਾ ਪ੍ਰਦਾਨ ਕਰਦਾ ਹਾਂ ਅਤੇ ਮੈਂ ਇਹ ਕੋਰਸ ਉੱਥੇ ਆਪਣੇ ਗਾਹਕਾਂ ਨੂੰ ਰਿਸਕ ਅਸੈਸਮੈਂਟ ਦੇਣ ਲਈ ਕਰ ਰਿਹਾ ਹਾਂ।''

ਪ੍ਰੋਫੈਸਰ ਜ਼ਾਵੀਆ ਕਰੇਟੀਈ , ਜੋ ਸਿਆਸੀ ਕੱਟੜਪੰਥਤਾ ਬਾਰੇ ਸਿਖਾਉਂਦੇ ਹਨ, ਕਹਿੰਦੇ ਹਨ ਕਿ ਹਾਲ ਹੀ ਦੇ ਸਾਲਾਂ ਵਿੱਚ ਫਰਾਂਸੀਸੀ ਗੁਪਤ ਸੇਵਾਵਾਂ ਵਿੱਚ ਬਹੁਤ ਵੱਡਾ ਵਿਸਥਾਰ ਹੋਇਆ ਹੈ। ਅਤੇ ਹੁਣ ਲਗਭਗ 20,000 ਏਜੰਟ ਹਨ ਜਿਸ ਨੂੰ ਉਹ "ਅੰਦਰੂਨੀ ਸਰਕਲ" ਕਹਿੰਦੇ ਹਨ।

ਇਸ ਵਿੱਚ ਡੀਜੀਐਸਆਈ ਸ਼ਾਮਲ ਹੈ ਜੋ ਵਿਦੇਸ਼ਾਂ ਵਿੱਚ ਮਾਮਲਿਆਂ ਨੂੰ ਦੇਖਦਾ ਹੈ ਅਤੇ ਯੂਕੇ ਦੇ MI6 ਜਾਂ ਅਮਰੀਕਾ ਦੇ ਸੀਆਈਏ ਦੇ ਬਰਾਬਰ ਦੀ ਫਰਾਂਸੀਸੀ ਸਰਵਿਸ ਹੈ। ਅਤੇ ਡੀਜੀਐਸਆਈ, ਜੋ ਫਰਾਂਸ ਦੇ ਅੰਦਰ ਖਤਰਿਆਂ ਦਾ ਧਿਆਨ ਰੱਖਦਾ ਹੈ, ਜਿਵੇਂ ਕਿ ਯੂਕੇ ਦਾ MI5 ਜਾਂ ਅਮਰੀਕਾ ਦਾ ਐਫਬੀਆਈ।

ਪਰ ਉਹ ਕਹਿੰਦੇ ਹਨ ਕਿ ਇਹ ਸਿਰਫ਼ ਅੱਤਵਾਦ ਬਾਰੇ ਨਹੀਂ ਹੈ, "ਦੋ ਮੁੱਖ ਸੁਰੱਖਿਆ ਏਜੰਸੀਆਂ ਹਨ, ਪਰ ਇੱਕ ਖੁਫੀਆ ਏਜੰਸੀ ਟ੍ਰੈਕਫਿਨ ਵੀ ਹੈ ਜੋ ਮਨੀ ਲਾਂਡਰਿੰਗ ਵਿੱਚ ਮਾਹਰ ਹੈ।"

"ਇਹ ਗੈਰਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੋਂ ਹੋਣ ਵਾਲੇ ਭਾਰੀ ਮੁਨਾਫ਼ਿਆਂ ਕਾਰਨ, ਖ਼ਾਸ ਤੌਰ 'ਤੇ ਦੱਖਣੀ ਫ਼ਰਾਂਸ ਵਿੱਚ ਮਾਫ਼ੀਆ ਸਰਗਰਮੀਆਂ ਦੇ ਵਾਧੇ - ਜਿਨ੍ਹਾਂ ਵਿੱਚ ਸਰਕਾਰੀ ਅਤੇ ਨਿੱਜੀ ਖੇਤਰਾਂ ਵਿੱਚ ਭ੍ਰਿਸ਼ਟਾਚਾਰ ਵੀ ਸ਼ਾਮਲ ਹੈ - ਨੂੰ ਲੈ ਕੇ ਚਿੰਤਤ ਹੈ।"

ਇਸ ਕੋਰਸ ਦੇ ਹੋਰ ਲੈਕਚਰਾਰਾਂ ਵਿੱਚ ਡੀਜੀਐਸਈ ਦੇ ਇੱਕ ਅਧਿਕਾਰੀ ਵੀ ਸ਼ਾਮਲ ਹਨ ਜੋ ਪਹਿਲਾਂ ਮਾਸਕੋ ਵਿੱਚ ਤਾਇਨਾਤ ਰਹਿ ਚੁੱਕੇ ਹਨ। ਉਨ੍ਹਾਂ ਤੋਂ ਇਲਾਵਾ ਲੀਬੀਆ ਲਈ ਫ਼ਰਾਂਸ ਦੇ ਸਾਬਕਾ ਰਾਜਦੂਤ ਅਤੇ ਟ੍ਰੇਫ਼ਿਨ ਦੇ ਇੱਕ ਸੀਨੀਅਰ ਅਧਿਕਾਰੀ ਵੀ ਹਨ। ਫ਼ਰਾਂਸੀਸੀ ਊਰਜਾ ਜਾਇੰਟ ਈਡੀਐਫ ਦੇ ਸੁਰੱਖਿਆ ਮੁਖੀ ਵੀ ਇੱਕ ਮੋਡਿਊਲ ਚਲਾਉਂਦੇ ਹਨ।

ਇਸ ਡਿਪਲੋਮੇ ਬਾਰੇ ਕਿਹਾ ਜਾਂਦਾ ਹੈ ਕਿ ਇਸ ਵਿੱਚ ਨਿੱਜੀ ਖੇਤਰ ਦੀ ਦਿਲਚਸਪੀ ਲਗਾਤਾਰ ਵਧ ਰਹੀ ਹੈ। ਵੱਡੀਆਂ ਕੰਪਨੀਆਂ, ਖ਼ਾਸ ਕਰਕੇ ਡਿਫ਼ੈਂਸ ਅਤੇ ਏਅਰੋਸਪੇਸ ਖੇਤਰ ਦੀਆਂ ਕੰਪਨੀਆਂ, ਪਰ ਨਾਲ ਹੀ ਫ਼ਰਾਂਸੀਸੀ ਲਗਜ਼ਰੀ ਗੁਡਜ਼ ਕੰਪਨੀਆਂ ਵੀ ਵਿਦਿਆਰਥੀਆਂ ਨੂੰ ਨੌਕਰੀ 'ਤੇ ਰੱਖਣ ਲਈ ਹੋਰ ਜ਼ਿਆਦਾ ਉਤਸੁਕ ਹੋ ਰਹੀਆਂ ਹਨ, ਕਿਉਂਕਿ ਉਹ ਲਗਾਤਾਰ ਸਾਇਬਰ ਸੁਰੱਖਿਆ, ਜਾਸੂਸੀ ਦੇ ਖ਼ਤਰੇ ਅਤੇ ਤਬਾਹੀਕੁਨ ਕਾਰਵਾਈਆਂ ਦਾ ਸਾਹਮਣਾ ਕਰ ਰਹੀਆਂ ਹਨ।

ਇਹ ਵੀ ਪੜ੍ਹੋ:-
ਵਿਦਿਆਰਥੀ ਐਲੈਕਜ਼ੈਂਡਰ ਹਿਊਬਰਟ ਅਤੇ ਵੈਲੇਨਟੀਨਾ ਗੁਇਲੋਟ
ਤਸਵੀਰ ਕੈਪਸ਼ਨ, ਵਿਦਿਆਰਥੀ ਐਲੈਕਜ਼ੈਂਡਰ ਹਿਊਬਰਟ ਅਤੇ ਵੈਲੇਨਟੀਨਾ ਗੁਇਲੋਟ

ਹਾਲ ਹੀ ਵਿੱਚ ਗ੍ਰੈਜੂਏਟ ਹੋਏ ਲੋਕਾਂ ਨੂੰ ਫ਼ਰਾਂਸੀਸੀ ਮੋਬਾਈਲ ਫ਼ੋਨ ਓਪਰੇਟਰ Orange (ਓਰੇਂਜ), ਏਅਰੋਸਪੇਸ ਅਤੇ ਡਿਫ਼ੈਂਸ ਜਾਇੰਟ Thales (ਥਾਲੇਸ), ਅਤੇ LVMH (ਐਲਵੀਐਮਐਚ) ਨੇ ਤੁਰੰਤ ਨੌਕਰੀ 'ਤੇ ਰੱਖ ਲਿਆ ਹੈ - ਇਹ ਕੰਪਨੀ Louis Vuitton (ਲੂਈ ਵਿਤੋਂਅ) ਅਤੇ Dior (ਡਿਓਰ) ਤੋਂ ਲੈ ਕੇ Dom Perignon (ਡੋਮ ਪ੍ਰਿਗਨਨ) ਅਤੇ Krug (ਕਰੂਗ) ਵਰਗੇ ਸ਼ੈਂਪੇਨ ਬ੍ਰਾਂਡਾਂ ਤੱਕ ਦੀ ਮਾਲਕ ਹੈ।

ਇਸ ਸਾਲ ਦੀ ਕਲਾਸ ਵਿੱਚ 28 ਵਿਦਿਆਰਥੀ ਦਾਖਲ ਹੋਏ ਹਨ। ਇਨ੍ਹਾਂ ਵਿੱਚੋਂ ਛੇ ਜਾਸੂਸ ਹਨ। ਤੁਸੀਂ ਪਛਾਣ ਸਕਦੇ ਹੋ ਕਿ ਉਹ ਕੌਣ ਹਨ, ਕਿਉਂਕਿ ਕਲਾਸ ਬ੍ਰੇਕ ਦੌਰਾਨ ਉਹ ਨੌਜਵਾਨ ਵਿਦਿਆਰਥੀਆਂ ਤੋਂ ਦੂਰ, ਇਕੱਠੇ ਖੜ੍ਹੇ ਰਹਿੰਦੇ ਹਨ ਅਤੇ ਜਦੋਂ ਮੈਂ ਉਨ੍ਹਾਂ ਕੋਲ ਗਿਆ ਤਾਂ ਉਹ ਬਹੁਤ ਜ਼ਿਆਦਾ ਖੁਸ਼ ਨਜ਼ਰ ਨਹੀਂ ਆਏ।

ਉਨ੍ਹਾਂ ਨੇ ਆਪਣੇ ਕੰਮ ਬਾਰੇ ਕੁਝ ਖਾਸ ਨਹੀਂ ਦੱਸਿਆ। ਉਨ੍ਹਾਂ ਵਿੱਚੋਂ ਇੱਕ ਨੇ ਕਿਹਾ ਕਿ ਇਹ ਕੋਰਸ ਦਫ਼ਤਰੀ ਕੰਮ ਤੋਂ ਫੀਲਡ ਵੱਲ ਤਰੱਕੀ ਲਈ ਇੱਕ ਤੇਜ਼ ਤਰੀਕਾ ਮੰਨਿਆ ਜਾਂਦਾ ਹੈ। ਦੂਜੇ ਨੇ ਕਿਹਾ ਕਿ ਇਸ ਅਕਾਦਮਿਕ ਮਾਹੌਲ ਵਿੱਚ ਰਹਿ ਕੇ ਉਨ੍ਹਾਂ ਨੂੰ ਨਵੇਂ ਵਿਚਾਰ ਮਿਲਦੇ ਹਨ। ਉਨ੍ਹਾਂ ਨੇ ਦਿਨ ਦੀ ਹਾਜ਼ਰੀ ਵਾਲੇ ਫ਼ਾਰਮ 'ਤੇ ਸਿਰਫ਼ ਆਪਣੇ ਪਹਿਲੇ ਨਾਮ ਹੀ ਦਰਜ ਕੀਤੇ।

ਇੱਕ ਨੌਜਵਾਨ ਵਿਦਿਆਰਥੀ, ਐਲੈਕਜ਼ੈਂਡਰ ਹਿਊਬਰਟ (21 ਸਾਲ) ਕਹਿੰਦੇ ਹਨ ਕਿ ਉਹ ਯੂਰਪ ਅਤੇ ਚੀਨ ਦਰਮਿਆਨ ਹੋ ਰਹੇ ਆਰਥਿਕ ਯੁੱਧ ਨੂੰ ਹੋਰ ਡੂੰਘਾਈ ਨਾਲ ਸਮਝਣਾ ਚਾਹੁੰਦੇ ਸਨ। ਉਹ ਮੈਨੂੰ ਦੱਸਦੇ ਹਨ ਕਿ "ਇੰਟੈਲੀਜੈਂਸ ਗੈਦਰਿੰਗ ਨੂੰ ਜੇਮਜ਼ ਬੌਂਡ ਦੇ ਨਜ਼ਰੀਏ ਨਾਲ ਦੇਖਣਾ ਠੀਕ ਨਹੀਂ ਹੈ, ਅਸਲ ਕੰਮ ਖ਼ਤਰੇ ਦਾ ਵਿਸ਼ਲੇਸ਼ਣ ਕਰਨਾ ਅਤੇ ਇਹ ਪਤਾ ਲਗਾਉਣਾ ਹੈ ਕਿ ਉਸਦਾ ਮੁਕਾਬਲਾ ਕਿਵੇਂ ਕੀਤਾ ਜਾਵੇ।"

ਕਲਾਸ ਦੀ ਇੱਕ ਮਹਿਲਾ ਮੈਂਬਰ, ਵੈਲੇਨਟੀਨਾ ਗੁਇਲੋਟ, ਜੋ ਖੁਦ ਵੀ 21 ਸਾਲ ਦੇ ਹੀ ਹਨ, ਕਹਿੰਦੇ ਹਨ ਕਿ ਉਹ ਮਸ਼ਹੂਰ, ਕਾਲਪਨਿਕ ਫ਼ਰਾਂਸੀਸੀ ਟੀਵੀ ਜਾਸੂਸੀ ਡ੍ਰਾਮਾ 'ਲੂ ਬਿਊਰੋ' ਤੋਂ ਪ੍ਰੇਰਿਤ ਸਨ।

ਉਨ੍ਹਾਂ ਕਿਹਾ, "ਇੱਥੇ ਆ ਕੇ ਇਸ ਦੁਨੀਆ ਨੂੰ ਜਾਣਨ ਦਾ ਮੌਕਾ ਮਿਲਿਆ, ਜਿਸ ਬਾਰੇ ਮੈਨੂੰ ਟੀਵੀ ਸੀਰੀਜ਼ ਤੋਂ ਇਲਾਵਾ ਕੁਝ ਨਹੀਂ ਪਤਾ ਸੀ। ਇਹ ਇੱਕ ਸ਼ਾਨਦਾਰ ਅਨੁਭਵ ਰਿਹਾ ਹੈ ਅਤੇ ਹੁਣ ਮੈਂ ਸੁਰੱਖਿਆ ਸੇਵਾਵਾਂ ਵਿੱਚ ਸ਼ਾਮਲ ਹੋਣ ਲਈ ਬਹੁਤ ਉਤਸੁਕ ਹਾਂ।"

ਕਲਾਸ ਦੇ ਲਗਭਗ ਅੱਧੇ ਤੋਂ ਵੱਧ ਵਿਦਿਆਰਥੀ ਮਹਿਲਾਵਾਂ ਹੀ ਹਨ। ਜਾਸੂਸੀ ਵਿੱਚ ਟੈਕਨੋਲੋਜੀ ਦੇ ਮਾਹਰ ਅਤੇ ਲੈਕਚਰਰ ਸੇਬੈਸਟਿਅਨ-ਬੇਸ ਅਹਨੀਵ ਰਾਹੇਨ ਦੇ ਅਨੁਸਾਰ ਇਹ ਹਾਲੀਆ ਵਿਕਾਸ ਹੈ।

ਉਹ ਕਹਿੰਦੇ ਹਨ, "ਜਾਸੂਸੀ ਵਾਲੀ ਜਾਣਕਾਰੀ ਇਕੱਠੀ ਕਰਨ ਵਿੱਚ ਮਹਿਲਾਵਾਂ ਦੀ ਦਿਲਚਸਪੀ ਨਵੀਂ ਹੈ। ਉਹ ਇਸ ਲਈ ਦਿਲਚਸਪੀ ਲੈ ਰਹੀਆਂ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਨਾਲ ਇੱਕ ਬਿਹਤਰ ਦੁਨੀਆ ਬਣੇਗੀ।''

"ਅਤੇ ਜੇ ਇਨ੍ਹਾਂ ਸਾਰੇ ਨੌਜਵਾਨ ਵਿਦਿਆਰਥੀਆਂ ਵਿੱਚ ਕੋਈ ਇੱਕ ਸਾਂਝੀ ਗੱਲ ਹੈ, ਤਾਂ ਉਹ ਇਹ ਹੈ ਕਿ ਉਹ ਬਹੁਤ ਦੇਸ਼ਭਗਤ ਹਨ ਅਤੇ ਇਹ 20 ਸਾਲ ਪਹਿਲਾਂ ਦੇ ਮੁਕਾਬਲੇ ਇੱਕ ਨਵੀਂ ਗੱਲ ਹੈ।"

ਇੱਕ ਕਲਾਸ ਦੀ ਫੋਟੋ ਦੌਰਾਨ ਕੈਮਰੇ ਵੱਲ ਪਿੱਠ ਕਰਕੇ ਖੜ੍ਹੇ ਕੁਝ ਵਿਦਿਆਰਥੀ

ਤਸਵੀਰ ਸਰੋਤ, Sciences Po Saint-Germain

ਤਸਵੀਰ ਕੈਪਸ਼ਨ, ਇੱਕ ਕਲਾਸ ਦੀ ਫੋਟੋ ਦੌਰਾਨ ਕੁਝ ਵਿਦਿਆਰਥੀ ਕੈਮਰੇ ਵੱਲ ਆਪਣੀ ਪਿੱਠ ਕਰਕੇ ਖੜ੍ਹੇ ਹਨ।

ਜੇ ਤੁਸੀਂ ਇਸ ਕੋਰਸ ਲਈ ਅਪਲਾਈ ਕਰਨਾ ਚਾਹੁੰਦੇ ਹੋ, ਤਾਂ ਫ਼ਰਾਂਸੀਸੀ ਨਾਗਰਿਕਤਾ ਲਾਜ਼ਮੀ ਸ਼ਰਤ ਹੈ, ਹਾਲਾਂਕਿ ਕੁਝ ਦੋਹਰੀ ਨਾਗਰਿਕਤਾ ਵਾਲੇ ਲੋਕਾਂ ਨੂੰ ਵੀ ਦਾਖਲਾ ਦਿੱਤਾ ਜਾਂਦਾ ਹੈ।

ਫਿਰ ਵੀ ਪ੍ਰੋਫੈਸਰ ਕਰੇਟੀਈ ਕਹਿੰਦੇ ਹਨ ਕਿ ਉਨ੍ਹਾਂ ਨੂੰ ਸਾਵਧਾਨ ਰਹਿਣਾ ਪੈਂਦਾ ਹੈ।

ਉਨ੍ਹਾਂ ਕਿਹਾ, "ਮੈਨੂੰ ਨਿਯਮਤ ਤੌਰ 'ਤੇ ਬਹੁਤ ਆਕਰਸ਼ਕ ਇਜ਼ਰਾਈਲੀ ਅਤੇ ਰੂਸੀ ਮਹਿਲਾਵਾਂ ਵੱਲੋਂ ਸ਼ਾਨਦਾਰ ਸੀਵੀ ਨਾਲ ਅਰਜ਼ੀਆਂ ਮਿਲਦੀਆਂ ਹਨ। ਦੱਸਣ ਵਾਲੀ ਗੱਲ ਨਹੀਂ ਕਿ ਉਨ੍ਹਾਂ ਨੂੰ ਤੁਰੰਤ ਰੱਦ ਕਰ ਦਿੱਤਾ ਜਾਂਦਾ ਹੈ।"

ਕਲਾਸ ਦੀ ਇਕ ਹਾਲੀਆ ਗਰੁੱਪ ਫ਼ੋਟੋ ਵਿੱਚ ਤੁਸੀਂ ਤੁਰੰਤ ਦੱਸ ਸਕਦੇ ਹੋ ਕਿ ਜਾਸੂਸ ਕੌਣ ਹਨ - ਕੈਮਰੇ ਵੱਲ ਉਨ੍ਹਾਂ ਦੀ ਪਿੱਠ ਸੀ।

ਜਦਕਿ ਜਿਨ੍ਹਾਂ ਸਾਰੇ ਵਿਦਿਆਰਥੀਆਂ ਅਤੇ ਪੇਸ਼ਾਵਰ ਜਾਸੂਸਾਂ ਨਾਲ ਮੈਂ ਮੁਲਾਕਾਤ ਕੀਤੀ, ਉਹ ਸਭ ਫਿੱਟ ਅਤੇ ਐਥਲੀਟ ਹਨ, ਪ੍ਰੋਫੈਸਰ ਕਰੇਟੀਈ ਜੇਮਜ਼ ਬੌਂਡ ਵਰਗੇ ਐਡਵੈਂਚਰ ਦੇ ਮਿਥ ਨੂੰ ਵੀ ਦੂਰ ਕਰਨਾ ਚਾਹੁੰਦੇ ਹਨ।

ਉਹ ਕਹਿੰਦੇ ਹਨ, "ਬਹੁਤ ਘੱਟ ਨਵੇਂ ਭਰਤੀ ਹੋਏ ਮੈਂਬਰ ਫ਼ੀਲਡ ਵਿੱਚ ਜਾਣਗੇ। ਜ਼ਿਆਦਾਤਰ ਫ਼ਰਾਂਸੀਸੀ ਇੰਟੈਲੀਜੈਂਸ ਏਜੰਸੀਆਂ ਦੀਆਂ ਨੌਕਰੀਆਂ ਡੈਸਕ ਜੌਬ ਹੁੰਦੀਆਂ ਹਨ।"

ਇਹ ਵੀ ਪੜ੍ਹੋ:-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)