ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀਆਂ ਨੂੰ ਕਦੋਂ 'ਰਾਸ਼ਟਰੀ ਸੁਰੱਖਿਆ ਲਈ ਖ਼ਤਰਾ' ਐਲਾਨਿਆ ਗਿਆ ਸੀ

ਤਸਵੀਰ ਸਰੋਤ, Getty Images
- ਲੇਖਕ, ਅਹਿਮਦ ਏਜਾਜ਼
- ਰੋਲ, ਬੀਬੀਸੀ ਲਈ
ਸ਼ੁੱਕਰਵਾਰ ਨੂੰ ਪਾਕਿਸਤਾਨੀ ਫੌਜ ਦੇ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈਐੱਸਪੀਆਰ) ਦੇ ਡਾਇਰੈਕਟਰ ਜਨਰਲ, ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਸਾਬਕਾ ਪ੍ਰਧਾਨ ਮੰਤਰੀ ਅਤੇ ਵਰਤਮਾਨ ਵਿੱਚ ਜੇਲ੍ਹ ਵਿੱਚ ਬੰਦ ਇਮਰਾਨ ਖ਼ਾਨ ਦੀ ਸਖ਼ਤ ਆਲੋਚਨਾ ਕਰਦੇ ਹੋਏ ਉਨ੍ਹਾਂ ਨੂੰ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਦੱਸਿਆ।
ਆਈਐੱਸਪੀਆਰ ਦੇ ਡਾਇਰੈਕਟਰ ਜਨਰਲ ਦਾ ਲਹਿਜ਼ਾ ਮਾਮਲੇ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ। ਅਹਿਮਦ ਸ਼ਰੀਫ ਚੌਧਰੀ ਨੇ ਕਿਹਾ, "ਉਸ ਵਿਅਕਤੀ (ਇਮਰਾਨ ਖ਼ਾਨ) ਦਾ ਬਿਆਨ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਬਣ ਗਿਆ ਹੈ।"
ਪਾਕਿਸਤਾਨੀ ਫੌਜ ਦੇ ਬੁਲਾਰੇ ਨੇ ਇੱਥੋਂ ਤੱਕ ਕਿਹਾ ਕਿ, "ਇਸ ਆਦਮੀ ਵਿੱਚ ਮਾਨਸਿਕ ਬਿਮਾਰੀ ਦੇ ਸੰਕੇਤ ਨਜ਼ਰ ਆ ਰਹੇ ਹਨ।"
ਸਾਬਕਾ ਪ੍ਰਧਾਨ ਮੰਤਰੀ ਨੂੰ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਦੱਸਣ ਵਾਲੀ ਫੌਜੀ ਬੁਲਾਰੇ ਦੀ ਸਖ਼ਤ ਭਾਸ਼ਾ ਗੰਭੀਰ ਅਤੇ ਅਰਥਪੂਰਨ ਵੀ। ਪਰ ਇਹ ਪਾਕਿਸਤਾਨੀ ਰਾਜਨੀਤਿਕ ਪ੍ਰਣਾਲੀ ਅਤੇ ਇਸ ਦੇ ਇਤਿਹਾਸ ਵਿੱਚ ਕੋਈ ਅਸਾਧਾਰਨ ਘਟਨਾ ਨਹੀਂ ਹੈ।
ਅਸੀਂ ਇਹ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਕਿ ਪਾਕਿਸਤਾਨ ਵਿੱਚ 'ਰਾਸ਼ਟਰੀ ਸੁਰੱਖਿਆ ਖ਼ਤਰਾ' ਜਾਂ 'ਸੁਰੱਖਿਆ ਜੋਖਮ' ਸ਼ਬਦ ਦਾ ਇਤਿਹਾਸ ਕੀ ਹੈ ਅਤੇ ਹੁਣ ਤੱਕ ਇਸ ਤੋਂ ਕੌਣ-ਕੌਣ ਪ੍ਰਭਾਵਿਤ ਹੋਇਆ ਹੈ?
ਇਸ ਦੇ ਨਾਲ ਹੀ ਅਜਿਹੇ 'ਰਾਜਨੀਤਿਕ ਹਥਿਆਰ' ਉਸ ਸਮੇਂ ਦੀ ਰਾਜਨੀਤੀ, ਪ੍ਰਣਾਲੀ ਅਤੇ ਰਾਜ ਲਈ ਕਿਸ ਹੱਦ ਤੱਕ ਘਾਤਕ ਸਾਬਤ ਹੋਏ? ਅਤੇ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਐਲਾਨੇ ਗਏ ਲੋਕ ਬਾਅਦ ਵਿੱਚ "ਦੇਸ਼ ਭਗਤ" ਕਿਵੇਂ ਬਣ ਗਏ?
'ਪਾਕਿਸਤਾਨ ਦੇ ਨਿਰਮਾਣ ਤੋਂ ਬਾਅਦ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਪੈਦਾ ਹੋਇਆ'
ਦੇਸ਼ ਦੀ ਸਥਾਪਨਾ ਤੋਂ ਬਾਅਦ ਪੂਰਾ ਦਹਾਕਾ ਸਿਆਸਤਦਾਨਾਂ ਅਤੇ ਸਿਵਲ ਅਤੇ ਫੌਜੀ ਨੌਕਰਸ਼ਾਹਾਂ ਵਿਚਕਾਰ ਰਾਜਨੀਤਿਕ ਸੰਘਰਸ਼ ਵਿੱਚ ਲੰਘਿਆ।
ਨਤੀਜੇ ਵਜੋਂ, ਸੰਵਿਧਾਨਕ, ਲੋਕਤੰਤਰੀ ਅਤੇ ਰਾਜਨੀਤਿਕ ਸੰਸਥਾਵਾਂ ਵਧ-ਫੁੱਲ ਨਹੀਂ ਸਕੀਆਂ। ਨਤੀਜਾ ਇਹ ਹੋਇਆ ਕਿ ਪ੍ਰਧਾਨ ਮੰਤਰੀ ਬਦਲਦੇ ਰਹੇ, ਸਰਕਾਰਾਂ ਡਿੱਗਦੀਆਂ ਰਹੀਆਂ ਅਤੇ ਆਖ਼ਰਕਾਰ ਅਯੂਬ ਖ਼ਾਨ ਨੇ ਹਾਲਾਤ ਅਤੇ ਘਟਨਾਕ੍ਰਮ ਨੂੰ ਭ੍ਰਿਸ਼ਟ ਦੱਸਦੇ ਹੋਏ ਸੱਤਾ ਖੋਹ ਲਈ।
ਪ੍ਰਧਾਨ ਮੰਤਰੀਆਂ ਦੇ ਅਧਿਕਾਰ ਕਈ ਤਰੀਕਿਆਂ ਨਾਲ ਸੀਮਤ ਸਨ। ਉਸ ਸਮੇਂ ਦੇ ਪ੍ਰਧਾਨ ਮੰਤਰੀ, ਹੁਸੈਨ ਸ਼ਹੀਦ ਸੁਹਰਾਵਰਦੀ, ਜੋ ਪੂਰਬੀ ਅਤੇ ਪੱਛਮੀ ਪਾਕਿਸਤਾਨ ਦੋਵਾਂ ਵਿੱਚ ਇੱਕ ਪ੍ਰਸਿੱਧ ਨੇਤਾ ਸਨ, ਨੂੰ ਸਿਵਲ-ਫੌਜੀ ਨੌਕਰਸ਼ਾਹੀ ਨੇ ਇਸ ਸ਼ਰਤ 'ਤੇ ਸਵੀਕਾਰ ਕਰ ਲਿਆ ਸੀ ਕਿ ਉਹ ਪੱਛਮੀ-ਪੱਖੀ ਵਿਦੇਸ਼ ਨੀਤੀ ਜਾਰੀ ਰੱਖਣਗੇ ਅਤੇ ਫੌਜੀ ਮਾਮਲਿਆਂ ਵਿੱਚ ਦਖ਼ਲ ਨਹੀਂ ਦੇਣਗੇ।
ਕਯੂਮ ਨਿਜ਼ਾਮੀ ਆਪਣੀ ਕਿਤਾਬ, 'ਜਨਰਲਜ਼ ਐਂਡ ਪੋਲੀਟੀਸ਼ੀਅਨਜ਼ ਇਨ ਦਿ ਕੋਰਟ ਆਫ਼ ਹਿਸਟਰੀ' ਵਿੱਚ ਲਿਖਦੇ ਹਨ ਕਿ ਪਾਕਿਸਤਾਨ ਦੇ ਸੰਸਥਾਪਕ, ਮੁਹੰਮਦ ਅਲੀ ਜਿਨਾਹ ਨੂੰ ਫੌਜੀ ਅਧਿਕਾਰੀਆਂ ਬਾਰੇ ਚਿੰਤਾ ਸੀ ਅਤੇ ਇਹ ਉਦੋਂ ਦੇਖਿਆ ਜਦੋਂ ਅਯੂਬ ਖਾਨ ਨੂੰ ਸ਼ਰਨਾਰਥੀਆਂ ਦੇ ਪੁਨਰਵਾਸ ਵਿੱਚ ਸਰਦਾਰ ਅਬਦੁਲ ਰਬ ਨਿਸ਼ਤਾਰ ਦੀ ਸਹਾਇਤਾ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।
ਅਬਦੁਲ ਰਬ ਨਿਸ਼ਤਾਰ ਨੇ ਮੁਹੰਮਦ ਅਲੀ ਜਿਨਾਹ ਨੂੰ ਸੌਂਪੀ ਆਪਣੀ ਰਿਪੋਰਟ ਵਿੱਚ ਕਿਹਾ ਕਿ ਅਯੂਬ ਖ਼ਾਨ ਨੇ ਆਪਣੇ ਫਰਜ਼ਾਂ ਪ੍ਰਤੀ ਪੇਸ਼ੇਵਰ ਰਵੱਈਆ ਨਹੀਂ ਅਪਣਾਇਆ ਸੀ। ਇਸ ਉੱਤੇ ਪਾਕਿਸਤਾਨ ਦੇ ਸੰਸਥਾਪਕ ਨੇ ਇਹ ਸ਼ਬਦ ਕਹੇ ਸਨ: "ਮੈਂ ਇਸ ਫੌਜੀ ਅਫਸਰ ਨੂੰ ਜਾਣਦਾ ਹਾਂ। ਉਨ੍ਹਾਂ ਦੀ ਫੌਜੀ ਮਾਮਲਿਆਂ ਨਾਲੋਂ ਰਾਜਨੀਤੀ ਵਿੱਚ ਦਿਲਚਸਪੀ ਹੈ।"
ਜਨਰਲ ਅਯੂਬ ਨੇ ਸੱਤਾ 'ਤੇ ਕਾਬਜ਼ ਹੋਣ ਤੋਂ ਬਾਅਦ ਆਪਣੇ ਪਹਿਲੇ ਭਾਸ਼ਣ ਵਿੱਚ ਸਿਆਸਤਦਾਨਾਂ ਬਾਰੇ ਖ਼ਾਸ ਤੌਰ 'ਤੇ ਸਖ਼ਤ ਸ਼ਬਦਾਂ ਦੀ ਵਰਤੋਂ ਕੀਤੀ ਸੀ।
ਉਨ੍ਹਾਂ ਨੇ ਕਿਹਾ ਸੀ, "ਮੁਸੀਬਤ ਪੈਦਾ ਕਰਨ ਵਾਲਿਆਂ, ਰਾਜਨੀਤਿਕ ਮੌਕਾਪ੍ਰਸਤਾਂ, ਤਸਕਰਾਂ, ਫੇਰੀਆਂ ਵਾਲਿਆਂ ਅਤੇ ਹੋਰ ਸਮਾਜਿਕ ਕੀੜਿਆਂ, ਸ਼ਾਰਕਾਂ ਅਤੇ ਜੋਕਾਂ ਲਈ ਕੁਝ ਸ਼ਬਦ: ਫੌਜ ਅਤੇ ਲੋਕ ਤੁਹਾਡੀ ਮੌਜੂਦਗੀ ਨਾਲ ਨਫ਼ਰਤ ਕਰਦੇ ਹਨ। ਇਹ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰਨਾ ਅਤੇ ਆਪਣੇ ਤਰੀਕੇ ਬਦਲਣਾ ਆਪਣੇ ਹਿੱਤ ਵਿੱਚ ਹੈ, ਨਹੀਂ ਤਾਂ ਬਦਲਾ ਲੈਣਾ ਯਕੀਨੀ ਅਤੇ ਤੁਰੰਤ ਹੋਵੇਗਾ।"
ਗੌਰਤਲਬ ਹੈ ਕਿ ਅਯੂਬ ਖ਼ਾਨ ਨੇ ਸਿਆਸਤਦਾਨਾਂ ਨੂੰ ਰਾਜਨੀਤੀ ਤੋਂ ਦੂਰ ਰੱਖਣ ਲਈ "ਹੇਬਦੋ" ਕਾਨੂੰਨ ਬਣਾਇਆ ਸੀ। ਇਸ ਕਾਨੂੰਨ ਦੇ ਤਹਿਤ, ਪ੍ਰਮੁੱਖ ਸਿਆਸਤਦਾਨਾਂ ਨੂੰ ਰਾਜਨੀਤੀ ਵਿੱਚ ਹਿੱਸਾ ਲੈਣ ਤੋਂ ਅਯੋਗ ਕਰਾਰ ਦਿੱਤਾ ਗਿਆ ਸੀ। 'ਹੇਬਦੋ' ਕਾਨੂੰਨ ਅਸਲ ਵਿੱਚ ਇੱਕ ਰਾਜਨੀਤਿਕ ਬਦਲਾਦੀ ਭਾਵਨਾ ਨਾਲ ਬਣਿਆ ਗਿਆ ਸੀ, ਜਿਸਦਾ ਸਪਸ਼ਟ ਉਦੇਸ਼ ਜਨਤਾ ਦੀਆਂ ਨਜ਼ਰਾਂ ਵਿੱਚ ਸਿਆਸਤਦਾਨਾਂ ਨੂੰ ਕਮਜ਼ੋਰ ਕਰਨਾ ਸੀ।

ਤਸਵੀਰ ਸਰੋਤ, Getty Images
ਫਾਤਿਮਾ ਜਿਨਾਹ ਅਤੇ ਬੇਨਜ਼ੀਰ
ਪਹਿਲੇ ਮਾਰਸ਼ਲ ਲਾਅ ਦੇ ਲਾਗੂ ਹੋਣ ਤੋਂ ਬਾਅਦ, ਇਹ ਆਮ ਸੱਭਿਆਚਾਰ ਬਣ ਗਿਆ ਜੋ ਸਰਕਾਰ ਵਿਰੋਧੀ ਖੇਮੇ ਵਿੱਚ ਹਨ ਉਨ੍ਹਾਂ ਨੂੰ ਵਿਦੇਸ਼ੀ ਸਾਜ਼ਿਸ਼ਾਂ ਦਾ ਹਿੱਸਾ ਮੰਨਿਆ ਜਾਂਦਾ ਸੀ।
ਜਦੋਂ ਅਯੂਬ ਖ਼ਾਨ ਅਤੇ ਫਾਤਿਮਾ ਜਿਨਾਹ ਵਿਚਕਾਰ ਰਾਸ਼ਟਰਪਤੀ ਚੋਣ ਹੋਈ, ਤਾਂ ਫਾਤਿਮਾ ਜਿਨਾਹ ਨੂੰ "ਦੇਸ਼ਧ੍ਰੋਹੀ" ਤੱਕ ਕਿਹਾ ਗਿਆ। ਉਨ੍ਹਾਂ ਦੇ ਚਰਿੱਤਰ 'ਤੇ ਹਮਲਾ ਕੀਤਾ ਗਿਆ ਅਤੇ ਅਯੂਬ ਖ਼ਾਨ ਅਤੇ ਉਨ੍ਹਾਂ ਦੇ ਸਮਰਥਕਾਂ ਦੁਆਰਾ ਵੰਡੇ ਗਏ ਪੈਂਫਲੇਟਾਂ ਨੇ ਫਾਤਿਮਾ ਜਿਨਾਹ 'ਤੇ ਦੇਸ਼ ਨੂੰ ਤੋੜਨ ਦੀ ਸਾਜ਼ਿਸ਼ ਰਚਣ ਦਾ ਇਲਜ਼ਾਮ ਲਗਾਇਆ।
ਹਾਮਿਦ ਖ਼ਾਨ ਆਪਣੀ ਕਿਤਾਬ, 'ਪਾਕਿਸਤਾਨ ਦਾ ਸੰਵਿਧਾਨਕ ਅਤੇ ਰਾਜਨੀਤਿਕ ਇਤਿਹਾਸ' ਵਿੱਚ ਲਿਖਦੇ ਹਨ, "ਅਯੂਬ ਖ਼ਾਨ ਸਰਕਾਰ ਨੇ ਫਾਤਿਮਾ ਜਿਨਾਹ ਖ਼ਿਲਾਫ਼ ਦੇਸ਼ਧ੍ਰੋਹ ਅਤੇ ਦੇਸ਼ ਵਿਰੋਧੀ ਭਾਵਨਾਵਾਂ ਪੈਦਾ ਕੀਤੀਆਂ।"
ਪਾਕਿਸਤਾਨ ਦੇ ਸੰਵਿਧਾਨ ਦੇ ਨਿਰਮਾਤਾ ਜ਼ੁਲਫਿਕਾਰ ਅਲੀ ਭੁੱਟੋ ਨੂੰ ਫਾਂਸੀ ਦੇ ਦਿੱਤੀ ਗਈ, ਜਦੋਂ ਕਿ ਉਨ੍ਹਾਂ ਦੀ ਧੀ, ਬੇਨਜ਼ੀਰ ਭੁੱਟੋ 'ਤੇ ਵੀ ਦੇਸ਼ਧ੍ਰੋਹ ਦਾ ਇਲਜ਼ਾਮ ਲਗਾਇਆ ਗਿਆ।
ਕਯੂਮ ਨਿਜ਼ਾਮੀ ਆਪਣੀ ਕਿਤਾਬ ਵਿੱਚ ਲਿਖਦੇ ਹਨ ਕਿ "ਭਾਰਤੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਦਸੰਬਰ 1988 ਅਤੇ ਜੁਲਾਈ 1989 ਵਿੱਚ ਪਾਕਿਸਤਾਨ ਦਾ ਦੌਰਾ ਕੀਤਾ ਸੀ। ਰਾਜੀਵ ਅਤੇ ਬੇਨਜ਼ੀਰ ਦੋਵੇਂ ਨੌਜਵਾਨ ਨੇਤਾ ਸਨ। ਉਨ੍ਹਾਂ ਬਾਰੇ ਆਮ ਧਾਰਨਾ ਇਹ ਸੀ ਕਿ ਉਹ ਅਤੀਤ ਦੀਆਂ ਨਫ਼ਰਤਾਂ ਨੂੰ ਭੁੱਲ ਜਾਣਗੇ ਅਤੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰਨਗੇ।"
"ਪਾਕਿਸਤਾਨ ਅਤੇ ਭਾਰਤ ਨੇ ਇੱਕ ਦੂਜੇ ਦੇ ਪਰਮਾਣੂ ਟਿਕਾਣਿਆਂ 'ਤੇ ਹਮਲਾ ਨਾ ਕਰਨ ਦਾ ਸਮਝੌਤਾ ਕੀਤਾ। ਰਾਜੀਵ ਗਾਂਧੀ ਨੇ ਸਿਆਚਿਨ ਗਲੇਸ਼ੀਅਰ ਮੁੱਦੇ 'ਤੇ ਸਕਾਰਾਤਮਕ ਜਵਾਬ ਦਿੱਤਾ। ਖ਼ੁਫ਼ੀਆ ਏਜੰਸੀਆਂ ਨੇ ਦੋਵਾਂ ਨੇਤਾਵਾਂ ਦੀਆਂ ਬੈਠਕਾਂ 'ਤੇ ਨਜ਼ਰ ਰੱਖੀ ਅਤੇ ਸਿੱਟਾ ਕੱਢਿਆ ਕਿ ਰਾਸ਼ਟਰੀ ਸੁਰੱਖਿਆ ਦੇ ਮਾਮਲਿਆਂ ਵਿੱਚ ਬੇਨਜ਼ੀਰ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ।"
ਸਮਾਜਿਕ ਕਾਰਕੁਨ ਅਤੇ ਇਤਿਹਾਸ ਦੇ ਅਧਿਆਪਕ ਅੰਮਾਰ ਅਲੀ ਜਾਨ ਕਹਿੰਦੇ ਹਨ, "ਇਹ ਇੱਕ ਦੁਖਾਂਤ ਹੈ ਕਿ ਕਈ ਵਾਰ ਸਾਰੇ ਬੰਗਾਲੀਆਂ ਨੂੰ ਰਾਸ਼ਟਰੀ ਸੁਰੱਖਿਆ ਮੁੱਦਾ ਐਲਾਨਿਆ ਗਿਆ, ਕਈ ਵਾਰ ਜ਼ੁਲਫਿਕਾਰ ਅਲੀ ਭੁੱਟੋ ਨੂੰ ਫਾਂਸੀ ਦਿੱਤੀ ਗਈ ਤਾਂ ਕਦੇ ਫਾਤਿਮਾ ਜਿਨਾਹ ਅਤੇ ਬੇਨਜ਼ੀਰ ਨੂੰ ਸੁਰੱਖਿਆ ਖ਼ਤਰਾ ਐਲਾਨਿਆ ਗਿਆ।"

ਤਸਵੀਰ ਸਰੋਤ, Getty Images
ਨਵਾਜ਼ ਸ਼ਰੀਫ਼ ਅਤੇ ਇਮਰਾਨ ਖ਼ਾਨ
ਸਾਨੂੰ ਅਕਤੂਬਰ 2020 ਵਿੱਚ ਮੀਆਂ ਨਵਾਜ਼ ਸ਼ਰੀਫ਼ ਦੇ ਉਸ ਭਾਸ਼ਣ ਨੂੰ ਯਾਦ ਰੱਖਣਾ ਚਾਹੀਦਾ ਹੈ ਜੋ ਉਨ੍ਹਾਂ ਨੇ ਵਿਰੋਧੀ ਪਾਰਟੀਆਂ ਦੀ ਪਹਿਲੀ ਮੀਟਿੰਗ ਵਿੱਚ ਵੀਡੀਓ ਲਿੰਕ ਰਾਹੀਂ ਦਿੱਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ "ਦੇਸ਼ ਦੇ ਸੰਵਿਧਾਨ ਨੂੰ ਤੋੜਨ ਵਾਲੇ ਦੇਸ਼ ਭਗਤ ਹਨ ਅਤੇ ਇਸ ਮੀਟਿੰਗ ਵਿੱਚ ਮੌਜੂਦ ਦੇਸ਼ ਦੀ ਰਾਜਨੀਤਿਕ ਲੀਡਰਸ਼ਿਪ ਦੇਸ਼ਧ੍ਰੋਹੀ ਹੈ।"
ਤਤਕਾਲੀ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਸੰਬੋਧਨ ਕਰਦਿਆਂ ਹੋਇਆ ਉਨ੍ਹਾਂ ਨੇ ਕਿਹਾ, "ਜੇ ਤੁਸੀਂ ਨਵਾਜ਼ ਸ਼ਰੀਫ਼ ਨੂੰ ਦੇਸ਼ਧ੍ਰੋਹੀ ਕਹਿਣਾ ਚਾਹੁੰਦੇ ਹੋ, ਤਾਂ ਬਿਲਕੁਲ ਕਹੋ। ਪਰ ਨਵਾਜ਼ ਸ਼ਰੀਫ਼ ਲੋਕਾਂ ਕੋਲੋਂ ਉਨ੍ਹਾਂ ਦੀ ਵੋਟ ਦਾ ਸਤਿਕਾਰ ਕਰਵਾਉਣਗੇ।"
ਅਕਤੂਬਰ ਵਿੱਚ ਲਾਹੌਰ ਵਿੱਚ ਮੀਆਂ ਨਵਾਜ਼ ਸ਼ਰੀਫ਼ ਖ਼ਿਲਾਫ਼ ਦੇਸ਼ਧ੍ਰੋਹ ਅਤੇ ਰਾਜਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਸੀ, ਜਿਸ 'ਤੇ ਉਨ੍ਹਾਂ ਦੀ ਪਾਰਟੀ ਵੱਲੋਂ ਸਖ਼ਤ ਪ੍ਰਤੀਕਿਰਿਆ ਆਈ ਸੀ।
ਇਸੇ ਤਰ੍ਹਾਂ, ਮਾਰਚ 2021 ਵਿੱਚ ਮੀਆਂ ਨਵਾਜ਼ ਸ਼ਰੀਫ਼ ਨੇ ਲੰਡਨ ਤੋਂ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਜਿਸ ਵਿੱਚ ਉਨ੍ਹਾਂ ਨੇ ਕਿਹਾ, "ਪਹਿਲਾਂ, ਤੁਸੀਂ ਕਰਾਚੀ ਦੇ ਉਸ ਹੋਟਲ ਦੇ ਕਮਰੇ ਦਾ ਦਰਵਾਜ਼ਾ ਤੋੜਿਆ ਜਿੱਥੇ ਮਰੀਅਮ ਠਹਿਰੀ ਹੋਈ ਸੀ ਅਤੇ ਹੁਣ ਤੁਸੀਂ ਉਸ ਨੂੰ ਧਮਕੀਆਂ ਦੇ ਰਹੇ ਹੋ।"
ਮੀਆਂ ਨਵਾਜ਼ ਸ਼ਰੀਫ਼ ਨੇ ਕਿਹਾ, "ਜੇਕਰ ਮਰੀਅਮ ਨੂੰ ਕੋਈ ਨੁਕਸਾਨ ਪਹੁੰਚਦਾ ਹੈ, ਤਾਂ ਇਸ ਲਈ ਇਮਰਾਨ ਖ਼ਾਨ, ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਅਤੇ ਡੀਜੀ ਆਈਐੱਸਆਈ ਜਨਰਲ ਫੈਜ਼ ਹਮੀਦ ਜ਼ਿੰਮੇਵਾਰ ਹੋਣਗੇ।"
ਇਹ ਧਿਆਨ ਦੇਣ ਯੋਗ ਹੈ ਕਿ ਇਹ ਉਹ ਸਮਾਂ ਸੀ ਜਦੋਂ ਮੀਆਂ ਨਵਾਜ਼ ਸ਼ਰੀਫ਼, ਉਨ੍ਹਾਂ ਦੀ ਪਾਰਟੀ ਅਤੇ ਇਸਟੈਬਲਿਸ਼ਮੈਂਟ (ਪਾਕਿਸਤਾਨ ਫੌਜ) ਵਿਚਕਾਰ ਤਣਾਅ ਵਧ ਗਿਆ ਸੀ ਅਤੇ ਇਹ ਕਿਹਾ ਜਾ ਰਿਹਾ ਸੀ ਕਿ ਦੋਵਾਂ ਪਾਰਟੀਆਂ ਲਈ ਪਿੱਛੇ ਮੁੜਨ ਦਾ ਕੋਈ ਮੌਕਾ ਨਹੀਂ ਹੈ।
ਮਈ 2018 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਸੰਸਦ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ "ਦੇਸ਼ ਨੂੰ ਅਜਿੱਤ ਬਣਾਉਣ ਵਾਲੇ ਵਿਅਕਤੀ ਵਿਰੁੱਧ ਦੇਸ਼ਧ੍ਰੋਹ ਦੀ ਗੱਲ ਸਵੀਕਾਰਯੋਗ ਨਹੀਂ ਹੈ।"
ਸ਼ਾਹਿਦ ਖਾਕਾਨ ਅੱਬਾਸੀ ਦੇ ਭਾਸ਼ਣ ਦਾ ਪਿਛੋਕੜ ਇਹ ਸੀ ਕਿ ਮੀਆਂ ਨਵਾਜ਼ ਸ਼ਰੀਫ ਨੇ ਇੱਕ ਅੰਗਰੇਜ਼ੀ ਅਖ਼ਬਾਰ ਨਾਲ ਇੰਟਰਵਿਊ ਵਿੱਚ ਕਿਹਾ ਸੀ, "ਫੌਜੀ ਸੰਗਠਨ ਸਰਗਰਮ ਹਨ। ਉਨ੍ਹਾਂ ਨੂੰ ਨੌਨ-ਸਟੇਟ ਐਕਸਟ੍ਰਸ ਕਿਹਾ ਜਾਂਦਾ ਹੈ। ਕੀ ਅਸੀਂ ਉਨ੍ਹਾਂ ਨੂੰ ਸਰਹੱਦ ਪਾਰ ਕਰਕੇ ਮੁੰਬਈ ਵਿੱਚ 150 ਲੋਕਾਂ ਨੂੰ ਮਾਰਨ ਦੀ ਇਜਾਜ਼ਤ ਦੇ ਸਕਦੇ ਹਾਂ?"
ਜਦੋਂ ਨਵਾਜ਼ ਸ਼ਰੀਫ ਨੂੰ ਦੇਸ਼ਧ੍ਰੋਹੀ ਐਲਾਨਿਆ ਗਿਆ, ਤਾਂ ਉਨ੍ਹਾਂ ਕਿਹਾ, "ਜੇਕਰ ਮੈਂ ਦੇਖਧ੍ਰੋਹੀ ਹਾਂ, ਤਾਂ ਇੱਕ ਰਾਸ਼ਟਰੀ ਕਮਿਸ਼ਨ ਬਣਾਓ।"
ਇਹ ਧਿਆਨ ਦੇਣ ਯੋਗ ਹੈ ਕਿ 2013 ਵਿੱਚ ਜਦੋਂ ਮਿਆਂ ਨਵਾਜ਼ ਸ਼ਰੀਫ ਦੇ ਸੱਤਾ ਸੰਭਾਲੀ ਸੀ, ਉਦੋਂ ਤੋਂ ਲੈ ਕੇ ਉਨ੍ਹਾਂ ਕੋਲੋਂ ਪ੍ਰਧਾਨ ਮੰਤਰੀ ਦਾ ਅਹੁਦਾ ਖੋਹੇ ਜਾਣ ਤੱਕ ਅਤੇ ਬਾਅਦ ਵਿੱਚ 2018 ਦੀਆਂ ਚੋਣਾਂ ਤੱਕ, ਇਸਟੈਬਲਿਸ਼ਮੈਂਟ ਨਾਲ ਉਨ੍ਹਾਂ ਦਾ ਟਕਰਾਅ ਆਪਣੇ ਸਿਖ਼ਰ 'ਤੇ ਸੀ।
ਮੀਆਂ ਨਵਾਜ਼ ਸ਼ਰੀਫ਼ ਅਤੇ ਇਸਟੈਬਲਿਸ਼ਮੈਂਟ ਵਿਚਕਾਰ ਟਕਰਾਅ 1990 ਦੇ ਦਹਾਕੇ ਦੌਰਾਨ ਰੁਕ-ਰੁਕ ਕੇ ਜਾਰੀ ਰਿਹਾ ਅਤੇ 12 ਅਕਤੂਬਰ, 1999 ਨੂੰ ਨਵਾਜ਼ ਸ਼ਰੀਫ ਨੂੰ ਸੱਤਾ ਤੋਂ ਹਟਾਏ ਜਾਣ ਦੇ ਨਾਲ ਖ਼ਤਮ ਹੋਇਆ।
ਜਨਰਲ ਪਰਵੇਜ਼ ਮੁਸ਼ੱਰਫ ਦੇ ਸ਼ਾਸਨ ਦੌਰਾਨ, ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੇ ਭਰਾ 'ਤੇ ਜਹਾਜ਼ ਨੂੰ ਅਗਵਾ ਕਰਨ ਦੀ ਸਾਜ਼ਿਸ਼ ਰਚਣ ਦਾ ਮਾਮਲਾ ਦਰਜ ਹੋਇਆ ਸੀ। ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਮੀਆਂ ਨਵਾਜ਼ ਸ਼ਰੀਫ ਦਾ ਇਸਟੈਬਲਿਸ਼ਮੈਂਟ ਨਾਲ ਟਕਰਾ ਹੋਇਆ ਸੀ ਅਤੇ ਉਨ੍ਹਾਂ ਨੂੰ ਇਲਜ਼ਾਮਾਂ ਦਾ ਸਾਹਮਣਾ ਕਰਨਾ ਪਿਆ ਸੀ, ਇਮਰਾਨ ਖਾਨ ਇਸ ਸਮੇਂ ਵੀ ਇਸੇ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰ ਰਹੇ ਹਨ।
ਸ਼ੁੱਕਰਵਾਰ ਨੂੰ ਡੀਜੀ ਆਈਐਸਪੀਆਰ ਦੀ ਪ੍ਰੈਸ ਕਾਨਫਰੰਸ ਨੇ ਇਸ ਸ਼ੱਕ ਨੂੰ ਹੋਰ ਮਜ਼ਬੂਤ ਕੀਤਾ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ, ਉਨ੍ਹਾਂ ਦੀ ਪਾਰਟੀ ਅਤੇ ਇਸਟੈਬਲਿਸ਼ਮੈਂਟ ਵਿਚਕਾਰ ਤਣਾਅ ਇੱਕ ਉਬਲਦੇ ਬਿੰਦੂ 'ਤੇ ਪਹੁੰਚ ਗਿਆ ਹੈ, ਅਤੇ ਪਿੱਛੇ ਮੁੜਨ ਦਾ ਕੋਈ ਮੌਕਾ ਨਹੀਂ ਹੈ।

ਤਸਵੀਰ ਸਰੋਤ, Getty Images
ਇਮਰਾਨ ਖਾਨ ਅਤੇ ਇਸਟੈਬਲਿਸ਼ਮੈਂਟ ਵਿਚਕਾਰ ਤਣਾਅ ਦੀ ਨੀਂਹ 2022 ਵਿੱਚ ਪੀਟੀਆਈ ਸਰਕਾਰ ਦੇ ਪਤਨ ਤੋਂ ਥੋੜ੍ਹੀ ਦੇਰ ਪਹਿਲਾਂ ਰੱਖੀ ਗਈ ਸੀ, ਪਰ ਸਮੇਂ ਦੇ ਨਾਲ ਕੁਝ ਘਟਨਾਵਾਂ ਨੇ ਉਨ੍ਹਾਂ ਦੀ ਤੀਬਰਤਾ ਨੂੰ ਵਧਾ ਦਿੱਤਾ।
ਆਪਣੀ ਸਰਕਾਰ ਦੇ ਆਖ਼ਰੀ ਦਿਨਾਂ ਵਿੱਚ ਇਮਰਾਨ ਖਾਨ ਨੇ ਤਤਕਾਲੀ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੀ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ। ਮੀਰ ਜਾਫ਼ਰ ਅਤੇ ਮੀਰ ਸਾਦਿਕ ਵਰਗੇ ਨਿਰਪੱਖ ਸ਼ਬਦ, ਉਨ੍ਹਾਂ ਦੇ ਪਿੱਛੇ ਲੁਕੇ ਅਰਥਾਂ ਦੇ ਨਾਲ ਉਭਰ ਕੇ ਸਾਹਮਣੇ ਆਏ।
ਜਿਵੇਂ ਹੀ ਇਮਰਾਨ ਖ਼ਾਨ ਨੂੰ ਅਹਿਸਾਸ ਹੋਣ ਲੱਗਾ ਕਿ ਬੇਭਰੋਸਗੀ ਮਤਾ ਸਰਕਾਰ ਦੇ ਪਤਨ ਦਾ ਕਾਰਨ ਬਣ ਸਕਦਾ ਹੈ, ਉਹ ਹੋਰ ਵੀ ਹਮਲਾਵਰ ਹੁੰਦੇ ਗਏ।
ਸਰਕਾਰ ਦੇ ਪਤਨ ਤੋਂ ਬਾਅਦ ਤਣਾਅ ਵਧਦਾ ਰਿਹਾ ਅਤੇ ਫਿਰ 9 ਮਈ ਆ ਗਈ। ਇਹ ਉਹ ਪਲ ਸੀ ਜਦੋਂ ਦੁਵੱਲੇ ਤਣਾਅ ਨੇ ਇੱਕ ਨਵਾਂ ਮੋੜ ਲਿਆ।
ਫਿਰ, ਪੀਟੀਆਈ ਦੀ ਅਸੁਰੱਖਿਆ ਅਤੇ ਅਗਲੇ ਸਾਲ 8 ਫਰਵਰੀ ਦੀਆਂ ਚੋਣਾਂ ਦੇ ਨਤੀਜਿਆਂ ਪ੍ਰਤੀ ਇਸਦੀ ਪ੍ਰਤੀਕਿਰਿਆ ਨੇ ਤਣਾਅ ਨੂੰ ਹੋਰ ਵਧਾ ਦਿੱਤਾ। ਇਸ ਤੋਂ ਇਲਾਵਾ, 26 ਨਵੰਬਰ, 2024 ਦੀ ਘਟਨਾ ਜਿਸ ਨੇ ਅੱਗ ਵਿੱਚ ਘਿਉ ਪਾਉਣ ਦਾ ਕੰਮ ਕੀਤਾ।
ਹਾਲ ਦੇ ਦਿਨਾਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀਆਂ ਭੈਣਾਂ, ਕੁਝ ਪਾਰਟੀਆਂ ਅਤੇ ਖ਼ੈਬਰ ਪਖ਼ਤੂਨਖ਼ਵਾ ਦੇ ਨਵੇਂ ਮੁੱਖ ਮੰਤਰੀ ਵਿਚਾਲੇ ਬੈਠਕਾਂ ਦੇ ਮੁਲਤਵੀ ਹੋਣ ਦੀਆਂ ਖ਼ਬਰਾਂ ਵੀ ਦੁਵੱਲੀ ਤਣਾਅ ਨੂੰ ਉਜਾਗਰ ਕਰਦੀ ਪ੍ਰਤੀਤ ਹੁੰਦੀ ਹੈ।
ਇਸੇ ਸੰਦਰਭ ਵਿੱਚ ਸੋਸ਼ਲ ਨੈਟਵਰਕਿੰਗ ਪਲੇਟਫਾਰਮ ਐਕਸ 'ਤੇ ਸਾਬਕਾ ਪ੍ਰਧਾਨ ਮੰਤਰੀ ਦਾ ਬਿਆਨ ਇੱਕ ਸਿਖ਼ਰ ਵਜੋਂ ਸਾਹਮਣੇ ਆਇਆ।
ਹਾਲੀਆ ਇਤਿਹਾਸ ਵਿੱਚ ਇੱਕ ਤੋਂ ਬਾਅਦ ਇੱਕ ਦੋ ਸਾਬਕਾ ਪ੍ਰਧਾਨ ਮੰਤਰੀਆਂ ਨੂੰ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਦੱਸਣ ਦਾ ਕੀ ਅਰਥ ਹੈ? ਇਸ ਬਾਰੇ, ਅੰਮਾਰ ਅਲੀ ਜਾਨ ਕਹਿੰਦੇ ਹਨ, "ਦੇਸ਼ਭਗਤੀ, ਦੇਸ਼ਧ੍ਰੋਹ, ਦੇਸ਼ ਵਿਰੋਧੀ, ਭ੍ਰਿਸ਼ਟਾਚਾਰ- ਇਹ ਸਾਰੇ ਸ਼ਬਦ ਪ੍ਰਚਾਰ ਦੇ ਉਦੇਸ਼ਾਂ ਲਈ ਵਰਤੇ ਜਾਂਦੇ ਹਨ।"
"ਇਸ ਤੋਂ ਇਲਾਵਾ, ਇਨ੍ਹਾਂ ਸ਼ਬਦਾਂ ਦਾ ਕੋਈ ਮਹੱਤਵ ਨਹੀਂ ਹੈ, ਸਿਰਫ਼ ਇੱਕ ਫਿਲਮ ਹੈ ਜੋ ਜਨਤਾ ਨੂੰ ਵਾਰ-ਵਾਰ ਦਿਖਾਈ ਜਾਂਦੀ ਹੈ।"

ਤਸਵੀਰ ਸਰੋਤ, Getty Images
'ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਐਲਾਨਣਾ ਸਿਰਫ਼ ਬਿਆਨਬਾਜ਼ੀ ਤੱਕ ਸੀਮਿਤ ਨਹੀਂ ਹੈ'
ਇੱਕ ਹੋਰ ਜਿੱਥੇ ਸਿਆਸੀ ਆਗੂ ਇੱਕ-ਦੂਜੇ 'ਤੇ ਇਸੇ ਤਰ੍ਹਾਂ ਦੇ ਇਲਜ਼ਾਮ ਲਗਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਇਸਟੈਬਲਮਿਸ਼ਮੈਂਟ ਰਾਜਨੀਤਿਕ ਦਲਾਂ ਅਤੇ ਉਨ੍ਹਾਂ ਦੇ ਆਗੂਆਂ 'ਤੇ ਇਲਜ਼ਾਮ ਲਗਾ ਰਿਹਾ ਹੈ ਜਿਨ੍ਹਾਂ ਨੂੰ ਨਾਪਸੰਦ ਕਰਦਾ ਹੈ।
ਹਾਲਾਂਕਿ, ਜਦੋਂ ਫੌਜੀ ਸਥਾਪਨਾ ਇੱਕ ਸਿਆਸਤਦਾਨ, ਖ਼ਾਸ ਕਰਕੇ ਇੱਕ ਸਾਬਕਾ ਪ੍ਰਧਾਨ ਮੰਤਰੀ ਨੂੰ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਐਲਾਨਦੀ ਹੈ, ਤਾਂ ਮਾਮਲਾ ਸਿਰਫ਼ ਰਾਜਨੀਤਿਕ ਬਿਆਨਬਾਜ਼ੀ ਤੱਕ ਸੀਮਿਤ ਨਹੀਂ ਰਹਿੰਦਾ ਹੈ। ਇਸ ਦੇ ਨਤੀਜੇ ਨਿਸ਼ਚਿਤ ਤੌਰ 'ਤੇ ਘਰੇਲੂ ਰਾਜਨੀਤੀ ਅਤੇ ਸਮਾਜ ਨੂੰ ਪ੍ਰਭਆਵਿਤ ਕਰਦੇ ਹਨ, ਕਿਉਂਕਿ ਇਸਟੈਬਲਿਸ਼ਮੈਂਟ ਅਤੇ ਰਾਜਨੀਤਿਕ ਪਾਰਟੀਆਂ ਵਿਚਕਾਰ ਟਕਰਾਅ ਲੰਮਾ ਹੋ ਸਕਦਾ ਹੈ।
ਹਾਲਾਂਕਿ, ਇਹ ਇੱਕ ਅਜੀਬ ਇਤਿਹਾਸ ਹੈ ਕਿ ਦੇਸ਼ਧ੍ਰੋਹ, ਵਿਦੇਸ਼ੀ ਸਾਜ਼ਿਸ਼ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਦੇ ਦੋਸ਼ੀ ਲੋਕਾਂ ਨੂੰ ਬਾਅਦ ਵਿੱਚ 'ਦੇਸ਼ ਭਗਤ' ਐਲਾਨਿਆ ਜਾਂਦਾ ਹੈ। ਹੁਸੈਨ ਸ਼ਹੀਦ ਸੁਹਰਾਵਰਦੀ ਅਤੇ ਮੌਲਾਨਾ ਭਾਸ਼ਾਨੀ ਨੂੰ ਵੀ ਗੱਦਾਰ ਐਲਾਨਿਆ ਗਿਆ ਸੀ।
ਜਦੋਂ ਜ਼ੁਲਫਿਕਾਰ ਅਲੀ ਭੁੱਟੋ 'ਤੇ ਦੇਸ਼ ਨੂੰ ਵੰਡਣ ਦਾ ਇਲਜ਼ਾਮ ਲਗਾਇਆ ਗਿਆ ਸੀ, ਤਾਂ ਗ਼ੁਲਾਮ ਇਸ਼ਾਕ ਖ਼ਾਨ ਦੇ ਰਾਸ਼ਟਰਪਤੀ ਕਾਲ ਦੌਰਾਨ, ਉਨ੍ਹਾਂ ਦੀ ਧੀ ਨੂੰ 'ਸੁਰੱਖਿਆ ਜੋਖ਼ਮ' ਐਲਾਨ ਕੀਤਾ ਗਿਆ ਸੀ।
ਪਰ ਇਹ ਕਿੰਨਾ ਅਜੀਬ ਇਤਿਹਾਸ ਹੈ ਕਿ ਜਿਨ੍ਹਾਂ 'ਤੇ ਦੇਸ਼ਧ੍ਰੋਹ, ਵਿਦੇਸ਼ੀ ਸਾਜ਼ਿਸ਼ ਅਤੇ ਦੇਸ਼ ਵਿਰੋਧੀ ਦੇ ਹੋਣ ਦੇ ਇਲਜ਼ਾਮ ਲੱਗੇ ਉਨ੍ਹਾਂ ਨੂੰ ਬਾਅਦ ਵਿੱਚ 'ਦੇਸ਼ ਭਗਤ' ਕਰਾਰ ਦਿੱਤਾ ਗਿਆ। ਹੁਸੈਨ ਸ਼ਹੀਦ ਸੁਹਰਾਵਰਦੀ ਅਤੇ ਮੌਲਾਨਾ ਭਾਸ਼ਾਨੀ ਨੂੰ ਵੀ ਦੇਸ਼ਧ੍ਰੋਹੀ ਐਲਾਨਿਆ ਗਿਆ ਸੀ।
ਜਦੋਂ ਜ਼ੁਲਫਿਕਾਰ ਅਲੀ ਭੁੱਟੋ 'ਤੇ ਦੇਸ਼ ਨੂੰ ਵੰਡਣ ਦਾ ਇਲਜ਼ਾਮ ਲਗਾਇਆ ਗਿਆ ਸੀ, ਤਾਂ ਗ਼ੁਲਾਮ ਇਸ਼ਾਕ ਖ਼ਾਨ ਦੇ ਰਾਸ਼ਟਰਪਤੀ ਕਾਲ ਦੌਰਾਨ ਉਨ੍ਹਾਂ ਦੀ ਧੀ ਨੂੰ 'ਸੁਰੱਖਿਆ ਜੋਖ਼ਮ' ਐਲਾਨਿਆ ਗਿਆ ਸੀ।
ਮੀਆਂ ਨਵਾਜ਼ ਸ਼ਰੀਫ਼ ਨੂੰ ਵੀ ਦੇਸ਼ ਦਾ ਦੁਸ਼ਮਣ ਐਲਾਨਿਆ ਗਿਆ ਸੀ ਅਤੇ ਹੁਣ ਇਮਰਾਨ ਖ਼ਾਨ ਨੂੰ ਸੁਰੱਖਿਆ ਲਈ ਖ਼ਤਰਾ ਐਲਾਨਿਆ ਗਿਆ ਹੈ।
ਸਵਾਲ ਇਹ ਹੈ ਕਿ ਜਦੋਂ ਸਿਆਸਤਦਾਨ ਇੱਕ ਦੂਜੇ 'ਤੇ ਇਲਜ਼ਾਮ ਲਗਾਉਂਦੇ ਹਨ, ਤਾਂ ਉਹ ਅਸਲ ਵਿੱਚ ਇੱਕ-ਦੂਜੇ ਦੀ ਰਾਜਨੀਤੀ ਦੀ ਆਲੋਚਨਾ ਕਰ ਰਹੇ ਹੁੰਦੇ ਹਨ।
ਪਰ ਸੱਤਾਧਾਰੀ ਸੰਸਥਾ, ਜੋ ਆਪਣੇ ਆਪ ਨੂੰ ਗ਼ੈਰ-ਰਾਜਨੀਤਿਕ ਕਹਿੰਦੀ ਹੈ ਅਤੇ ਹਾਲ ਹੀ ਵਿੱਚ ਪ੍ਰੈੱਸ ਕਾਨਫਰੰਸਾਂ ਵਿੱਚ ਵਾਰ-ਵਾਰ ਇਹ ਕਹਿ ਚੁੱਕੀ ਹੈ ਕਿ ਫੌਜ ਨੂੰ ਰਾਜਨੀਤੀ ਤੋਂ ਬਾਹਰ ਰੱਖਿਆ ਜਾਣਾ ਚਾਹੀਦਾ ਹੈ, ਸਿਆਸਤਦਾਨਾਂ 'ਤੇ ਅਜਿਹੇ ਇਲਜ਼ਾਮ ਕਿਉਂ ਲਗਾ ਰਹੀ ਹੈ?
ਅੰਮਾਰ ਅਲੀ ਜਾਨ ਕਹਿੰਦੇ ਹਨ, "ਸਾਡੀ ਇੱਕ ਬਦਕਿਸਮਤੀ ਇਹ ਹੈ ਕਿ ਡੀਜੀ ਆਈਐੱਸਪੀਆਰ ਨੂੰ ਇਹ ਤੈਅ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ ਕਿ ਕੌਣ ਸੁਰੱਖਿਆ ਲਈ ਖ਼ਤਰਾ ਹੈ ਅਤੇ ਕੌਣ ਨਹੀਂ।"
"ਜਦੋਂ ਅਸੀਂ ਰਾਜ ਅਤੇ ਦੇਸ਼ ਭਗਤੀ ਬਾਰੇ ਗੱਲ ਕਰਦੇ ਹਾਂ, ਤਾਂ ਕਿਸੇ ਇੱਕ ਸੰਸਥਾ ਜਾਂ ਵਿਭਾਗ ਨੂੰ ਇਹ ਫ਼ੈਸਲਾ ਲੈਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ। ਅਸੀਂ ਸਾਰੇ ਪਾਕਿਸਤਾਨੀ ਹਾਂ ਅਤੇ ਜੇਕਰ ਲੋਕ ਕਿਸੇ ਨੂੰ ਵੋਟ ਦਿੰਦੇ ਹਨ, ਜਾਂ ਉਨ੍ਹਾਂ ਦਾ ਸਮਰਥਨ ਕਰਦੇ ਹਨ, ਜਾਂ ਉਨ੍ਹਾਂ ਦਾ ਵਿਰੋਧ ਕਰਦੇ ਹਨ, ਤਾਂ ਇਹ ਲੋਕਾਂ ਦਾ ਅਧਿਕਾਰ ਹੈ।"
ਉਨ੍ਹਾਂ ਦੇ ਅਨੁਸਾਰ, ਦਿਲਚਸਪ ਗੱਲ ਇਹ ਹੈ ਕਿ ਸਥਾਪਤੀ ਨੇ ਸਾਰੇ ਸਿਆਸਤਦਾਨਾਂ ਨੂੰ ਵਰਤਿਆ ਹੈ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਐਲਾਨ ਦਿੱਤਾ ਹੈ ਅਤੇ ਇਮਰਾਨ ਖ਼ਾਨ ਨਾਲ ਵੀ ਇਹੀ ਹੋਇਆ ਹੈ।
"ਜੇ ਉਹ ਇੰਨੇ ਖ਼ਤਰਨਾਕ ਅਤੇ ਦੁਸ਼ਟ ਸਨ ਤਾਂ ਤੁਸੀਂ ਉਨ੍ਹਾਂ ਦਾ ਸਮਰਥਨ ਕਿਉਂ ਕੀਤਾ? ਤੁਸੀਂ ਉਨ੍ਹਾਂ ਨੂੰ ਸਰਕਾਰ ਵਿੱਚ ਕਿਉਂ ਲਿਆਂਦਾ?"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












