ਇਮਰਾਨ ਖ਼ਾਨ ਦੇ ਜਦੋਂ ਔਰਤਾਂ ਦੇ ਕੱਪੜਿਆਂ ਅਤੇ ਈਸਾ ਮਸੀਹ ਬਾਰੇ ਦਿੱਤੇ ਬਿਆਨਾਂ 'ਤੇ ਵਿਵਾਦ ਹੋ ਗਿਆ ਸੀ - ਇਮਰਾਨ ਨਾਲ ਜੁੜੇ 5 ਵਿਵਾਦ

ਤਸਵੀਰ ਸਰੋਤ, AFP via Getty Images
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸੁਰੱਖਿਆ ਅਤੇ ਸਿਹਤ ਨੂੰ ਲੈ ਕੇ ਚਰਚਾ ਛਿੜੀ ਹੋਈ ਹੈ।
ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਮਰਾਨ ਖ਼ਾਨ ਨੂੰ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਤੋਂ ਸ਼ਿਫ਼ਟ ਕੀਤਾ ਗਿਆ ਹੈ ਅਤੇ ਖ਼ਾਨ ਦੀ ਸਿਹਤ ਬਾਰੇ ਉਨ੍ਹਾਂ ਦੇ ਪਰਿਵਾਰ ਨੂੰ ਵੀ ਕੋਈ ਜਾਣਕਾਰੀ ਨਹੀਂ ਹੈ।
ਇਹ ਚਰਚਾਵਾਂ ਇਸ ਲਈ ਵੀ ਛਿੜੀਆਂ ਕਿਉਂਕਿ ਇਮਰਾਨ ਖ਼ਾਨ ਦੀਆਂ ਭੈਣਾਂ ਨੇ ਇਲਜ਼ਾਮ ਲਾਏ ਹਨ ਕਿ ਉਨ੍ਹਾਂ ਨੂੰ ਜੇਲ੍ਹ ਵਿੱਚ ਮਿਲਣ ਨਹੀਂ ਦਿੱਤਾ ਜਾ ਰਿਹਾ ਹੈ।
ਇਮਰਾਨ ਖ਼ਾਨ ਦੇ ਪੁੱਤਰ ਕਾਸਿਮ ਖ਼ਾਨ ਨੇ ਵੀ ਦਾਅਵਾ ਕੀਤਾ ਕਿ ਮੁਲਾਕਾਤ ਰੋਕੀ ਗਈ ਹੈ। ਉਨ੍ਹਾਂ ਕਿਹਾ, "ਨਾ ਕੋਈ ਫ਼ੋਨ ਕਾਲ, ਨਾ ਕੋਈ ਮੁਲਾਕਾਤ ਅਤੇ ਨਾ ਹੀ ਉਨ੍ਹਾਂ ਦੇ ਜੀਵਤ ਹੋਣ ਦਾ ਕੋਈ ਸਬੂਤ। ਮੇਰਾ ਅਤੇ ਮੇਰੇ ਭਰਾ ਦਾ ਪਿਤਾ ਨਾਲ ਕੋਈ ਸੰਪਰਕ ਨਹੀਂ ਹੋਇਆ ਹੈ।"
ਕਾਸਿਮ ਖ਼ਾਨ ਨੇ ਉਨ੍ਹਾਂ ਦੀ ਰਿਹਾਈ ਅਤੇ ਉਨ੍ਹਾਂ ਦੇ ਜੀਵਤ ਹੋਣ ਦਾ ਸਬੂਤ ਦਿੱਤੇ ਜਾਣ ਦੀ ਮੰਗ ਕੀਤੀ ਹੈ।
ਦੂਜੇ ਪਾਸੇ ਅਦਿਆਲਾ ਜੇਲ੍ਹ ਪ੍ਰਸ਼ਾਸਨ ਨੇ ਕਿਹਾ ਹੈ ਕਿ ਇਮਰਾਨ ਖ਼ਾਨ ਸਿਹਤਮੰਦ ਹਨ।
ਪਿਛਲੇ ਦੋ ਸਾਲ ਤੋਂ ਵੱਧ ਸਮੇਂ ਤੋਂ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਵਿੱਚ ਬੰਦ ਹਨ। ਇਮਰਾਨ ਖ਼ਾਨ ਨੂੰ 19 ਕਰੋੜ ਪੌਂਡ (ਲਗਭਗ 2 ਹਜ਼ਾਰ ਕਰੋੜ ਰੁਪਏ) ਦੇ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਅਦਾਲਤ ਨੇ ਸਜ਼ਾ ਸੁਣਾਈ ਹੈ।
ਕ੍ਰਿਕਟਰ ਰਹਿੰਦੇ ਹੋਏ ਅਤੇ ਫਿਰ ਰਾਜਨੀਤੀ ਵਿੱਚ ਆਉਣ ਤੋਂ ਬਾਅਦ ਵੀ ਵਿਵਾਦ ਇਮਰਾਨ ਖ਼ਾਨ ਦੇ ਨਾਲ ਪਰਛਾਵੇਂ ਵਾਂਗ ਜੁੜੇ ਰਹੇ।
ਇਮਰਾਨ ਖ਼ਾਨ ਨਾਲ ਜੁੜੀਆਂ ਉਨ੍ਹਾਂ ਪੰਜ ਘਟਨਾਵਾਂ 'ਤੇ ਆਓ ਨਜ਼ਰ ਮਾਰੀਏ ਜੋ ਕਾਫ਼ੀ ਚਰਚਾ ਵਿੱਚ ਰਹੀਆਂ ਅਤੇ ਉਨ੍ਹਾਂ ਨਾਲ ਵਿਵਾਦ ਵੀ ਪੈਦਾ ਹੋਇਆ।
ਜੇਮਿਮਾ ਗੋਲਡਸਮਿਥ ਨਾਲ ਵਿਆਹ

ਤਸਵੀਰ ਸਰੋਤ, AFP via Getty Images
ਸਾਲ 1952 ਵਿੱਚ ਜਨਮੇ ਇਮਰਾਨ ਖ਼ਾਨ ਦੇ ਪਿਤਾ ਇੱਕ ਸਿਵਲ ਇੰਜੀਨੀਅਰ ਸਨ। ਉਨ੍ਹਾਂ ਦੀਆਂ ਚਾਰ ਭੈਣਾਂ ਅਤੇ ਇਮਰਾਨ ਦੀ ਪੜ੍ਹਾਈ-ਲਿਖਾਈ ਲਾਹੌਰ ਵਿੱਚ ਹੋਈ। ਬਾਅਦ ਵਿੱਚ ਉਹ ਆਕਸਫੋਰਡ ਪੜ੍ਹਨ ਚਲੇ ਗਏ।
ਉਹ ਦੋ ਦਹਾਕਿਆਂ ਤੱਕ ਪਾਕਿਸਤਾਨ ਦੀ ਕ੍ਰਿਕਟ ਟੀਮ ਵਿੱਚ ਰਹੇ ਅਤੇ 1992 ਵਿੱਚ ਵਰਲਡ ਕੱਪ ਜਿੱਤਣ ਤੋਂ ਬਾਅਦ ਕ੍ਰਿਕਟ ਤੋਂ ਸੰਨਿਆਸ ਲੈ ਲਿਆ।
1995 ਵਿੱਚ 43 ਸਾਲ ਦੀ ਉਮਰ ਵਿੱਚ ਇਮਰਾਨ ਖ਼ਾਨ ਨੇ 21 ਸਾਲ ਦੀ ਜੇਮਿਮਾ ਗੋਲਡਸਮਿਥ ਨਾਲ ਵਿਆਹ ਕੀਤਾ ਸੀ, ਜਿਨ੍ਹਾਂ ਤੋਂ ਉਨ੍ਹਾਂ ਦੇ ਦੋ ਪੁੱਤਰ ਹਨ। ਜੇਮਿਮਾ ਅਤੇ ਇਮਰਾਨ ਦਾ ਸਾਲ 2004 ਵਿੱਚ ਤਲਾਕ ਹੋ ਗਿਆ ਸੀ।
ਇਸ ਤੋਂ ਬਾਅਦ 2015 ਵਿੱਚ ਇਮਰਾਨ ਨੇ ਟੀਵੀ ਐਂਕਰ ਰੇਹਮ ਖ਼ਾਨ ਨਾਲ ਦੂਜਾ ਵਿਆਹ ਕੀਤਾ ਸੀ ਜੋ ਸਾਲ ਭਰ ਬਾਅਦ ਹੀ ਖ਼ਤਮ ਹੋ ਗਿਆ।
ਪਾਕਿਸਤਾਨੀ ਜੋੜੇ ਦੀ ਬੇਟੀ ਰੇਹਮ ਖ਼ਾਨ ਦਾ ਜਨਮ ਲੀਬੀਆ ਵਿੱਚ ਹੋਇਆ ਸੀ।
ਰੇਹਮ ਦੀ ਜ਼ਿਆਦਾਤਰ ਪੜ੍ਹਾਈ ਬ੍ਰਿਟੇਨ ਵਿੱਚ ਹੋਈ ਅਤੇ ਉਹ ਪੇਸ਼ੇ ਤੋਂ ਪੱਤਰਕਾਰ ਸਨ। ਸਾਲ 2008 ਵਿੱਚ ਉਹ ਬੀਬੀਸੀ ਨਾਲ ਵੀ ਜੁੜੇ ਸਨ।
2018 ਵਿੱਚ ਰੇਹਮ ਨੇ ਇੱਕ ਕਿਤਾਬ ਲਿਖੀ ਜਿਸ ਵਿੱਚ ਇਮਰਾਨ ਖ਼ਾਨ ਦੀ ਪਾਰਟੀ 'ਤੇ ਕਈ ਇਲਜ਼ਾਮ ਲਗਾਏ ਗਏ ਸਨ।
ਬੁਸ਼ਰਾ ਬੀਬੀ ਨਾਲ ਵਿਆਹ ਅਤੇ ਵਿਵਾਦ

ਤਸਵੀਰ ਸਰੋਤ, AFP via Getty Images
ਪਾਕਿਸਤਾਨ ਦੇ ਪੰਜਾਬ ਸੂਬੇ ਦੇ ਰਸੂਖਦਾਰ ਜ਼ਿਮੀਂਦਾਰ ਪਰਿਵਾਰ ਨਾਲ ਸਬੰਧਤ ਬੁਸ਼ਰਾ ਬੀਬੀ ਦਾ ਵਿਆਹ ਇਮਰਾਨ ਖ਼ਾਨ ਨਾਲ ਸਾਲ 2018 ਵਿੱਚ ਹੋਇਆ ਸੀ। ਇਸ ਨੂੰ ਲੈ ਕੇ ਉਸ ਸਮੇਂ ਰਲੀ-ਮਿਲੀ ਪ੍ਰਤੀਕਿਰਿਆ ਰਹੀ ਸੀ।
ਇਸ ਤੋਂ ਪਹਿਲਾਂ ਉਹ 28 ਸਾਲ ਤੱਕ ਵਿਆਹੁਤਾ ਜੀਵਨ ਬਿਤਾ ਚੁੱਕੀ ਸੀ। ਉਨ੍ਹਾਂ ਦੇ ਸਾਬਕਾ ਪਤੀ ਨੇ ਉਨ੍ਹਾਂ 'ਤੇ ਇਸਲਾਮੀ ਕਾਨੂੰਨਾਂ ਦੀ ਪਾਲਣਾ ਨਾ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਸੀ ਕਿ ਤਲਾਕ ਅਤੇ ਫਿਰ ਤੋਂ ਵਿਆਹ ਕਰਨ ਦੇ ਵਿਚਕਾਰ ਢੁਕਵਾਂ ਸਮਾਂ ਨਹੀਂ ਲਿਆ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਇਸਲਾਮੀ ਕਾਨੂੰਨਾਂ ਦੀ ਉਲੰਘਣਾ ਹੈ।
ਇਸ ਮਾਮਲੇ ਵਿੱਚ ਇਮਰਾਨ ਖ਼ਾਨ ਅਤੇ ਬੁਸ਼ਰਾ ਬੀਬੀ ਨੂੰ ਸਜ਼ਾ ਹੋਈ ਸੀ ਪਰ ਬਾਅਦ ਵਿੱਚ ਬਰੀ ਕਰ ਦਿੱਤਾ ਗਿਆ ਸੀ।
ਬੁਸ਼ਰਾ ਬੀਬੀ ਸੂਫ਼ੀ ਪੰਥ ਵਿੱਚ ਆਸਥਾ ਰੱਖਦੀ ਹਨ ਅਤੇ ਪਾਰਟੀ ਦੇ ਕਰੀਬੀ ਲੋਕਾਂ ਦਾ ਮੰਨਣਾ ਹੈ ਕਿ ਪਰਦੇ ਦੇ ਪਿੱਛੇ ਇਮਰਾਨ ਖ਼ਾਨ ਨੂੰ ਸਲਾਹ ਦੇਣ ਵਿੱਚ ਉਨ੍ਹਾਂ ਦੀ ਵੱਡੀ ਭੂਮਿਕਾ ਰਹੀ ਹੈ। ਇਮਰਾਨ ਖ਼ਾਨ ਉਨ੍ਹਾਂ ਨੂੰ ਆਧਿਆਤਮਿਕ ਗੁਰੂ ਮੰਨਦੇ ਹਨ।
ਪਰ ਪੀਟੀਆਈ ਦੀ ਰਾਜਨੀਤੀ ਵਿੱਚ ਉਨ੍ਹਾਂ ਦਾ ਜਨਤਕ ਤੌਰ 'ਤੇ ਸ਼ਾਮਲ ਹੋਣਾ ਨਵਾਂ ਅਤੇ ਵਿਵਾਦਤ ਵੀ ਰਿਹਾ ਹੈ। ਕਿਹਾ ਜਾਂਦਾ ਹੈ ਕਿ ਪੀਟੀਆਈ ਦੀ ਰਾਜਨੀਤੀ ਵਿੱਚ ਉਨ੍ਹਾਂ ਦਾ ਦਖ਼ਲ ਬਹੁਤ ਜ਼ਿਆਦਾ ਹੈ, ਖ਼ਾਸਕਰ ਇਮਰਾਨ ਖ਼ਾਨ ਦੇ ਜੇਲ੍ਹ ਜਾਣ ਤੋਂ ਬਾਅਦ ਦਖ਼ਲ ਹੋਰ ਵੱਧ ਗਿਆ ਹੈ।
'ਤਾਲਿਬਾਨ ਖ਼ਾਨ'

ਤਸਵੀਰ ਸਰੋਤ, AFP via Getty Images
ਇਮਰਾਨ ਖ਼ਾਨ ਨੇ 1996 ਵਿੱਚ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਬਣਾਈ।
ਇੱਕ ਰਾਜਨੇਤਾ ਦੇ ਰੂਪ ਵਿੱਚ ਇਮਰਾਨ ਖ਼ਾਨ ਜਨਤਕ ਤੌਰ 'ਤੇ ਉਦਾਰਵਾਦੀ ਸੋਚ ਦਾ ਸਮਰਥਨ ਕਰਦੇ ਸਨ ਪਰ ਨਾਲ ਹੀ ਇਸਲਾਮੀ ਕਦਰਾਂ-ਕੀਮਤਾਂ ਅਤੇ ਪੱਛਮ-ਵਿਰੋਧੀ ਭਾਵਨਾਵਾਂ ਨੂੰ ਵੀ ਜ਼ਾਹਿਰ ਕਰਦੇ ਸਨ।
ਪ੍ਰਧਾਨ ਮੰਤਰੀ ਰਹਿੰਦੇ ਉਨ੍ਹਾਂ ਦੇ ਕਾਰਜਕਾਲ ਵਿੱਚ ਪਾਕਿਸਤਾਨ 'ਚ ਇਸਲਾਮਵਾਦੀ ਉਗਰਵਾਦ ਵਿੱਚ ਕਾਫ਼ੀ ਵਾਧਾ ਹੋਇਆ ਅਤੇ ਧਾਰਮਿਕ ਉਗਰਵਾਦੀਆਂ ਨੇ ਆਪਣੀ ਸਥਿਤੀ ਮਜ਼ਬੂਤ ਕੀਤੀ।
ਉਨ੍ਹਾਂ ਨੂੰ ਤਾਲਿਬਾਨ ਪ੍ਰਤੀ ਹਮਦਰਦੀ ਰੱਖਣ ਲਈ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਅਤੇ ਵਿਰੋਧੀਆਂ ਨੇ ਉਨ੍ਹਾਂ ਨੂੰ "ਤਾਲਿਬਾਨ ਖ਼ਾਨ" ਦਾ ਲੇਬਲ ਵੀ ਦੇ ਦਿੱਤਾ।
2020 ਵਿੱਚ ਉਦੋਂ ਵੀ ਭਾਰੀ ਵਿਵਾਦ ਪੈਦਾ ਹੋ ਗਿਆ ਜਦੋਂ ਉਨ੍ਹਾਂ ਨੇ ਓਸਾਮਾ ਬਿਨ ਲਾਦੇਨ ਨੂੰ 'ਸ਼ਹੀਦ' ਦੱਸਿਆ ਸੀ।
'ਛੋਟੇ ਕੱਪੜਿਆਂ' ਵਾਲੇ ਬਿਆਨ 'ਤੇ ਵਿਵਾਦ

ਤਸਵੀਰ ਸਰੋਤ, AFP via Getty Images
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਹਿੰਦੇ ਹੋਏ ਇਮਰਾਨ ਖ਼ਾਨ ਨੇ ਸਾਲ 2021 ਵਿੱਚ 'ਐਚਬੀਓ ਐਕਸੀਓਸ' ਨੂੰ ਇੱਕ ਇੰਟਰਵਿਊ ਦਿੱਤਾ ਸੀ।
ਇੰਟਰਵਿਊ ਕਰ ਰਹੇ ਜੋਨਾਥਨ ਸਵਾਨ ਨੇ ਇਮਰਾਨ ਖ਼ਾਨ ਤੋਂ ਪਾਕਿਸਤਾਨ ਵਿੱਚ ਬਲਾਤਕਾਰ ਪੀੜਤਾ ਨੂੰ ਹੀ ਕਸੂਰਵਾਰ ਠਹਿਰਾਉਣ ਦੇ ਚਲਨ ਬਾਰੇ ਵੀ ਸਵਾਲ ਪੁੱਛਿਆ।
ਇਸ 'ਤੇ ਇਮਰਾਨ ਖ਼ਾਨ ਨੇ ਜਵਾਬ ਦਿੱਤਾ ਕਿ "ਜੇ ਕੋਈ ਔਰਤ ਬਹੁਤ ਘੱਟ ਕੱਪੜੇ ਪਹਿਨਦੀ ਹੈ ਤਾਂ ਇਸ ਦਾ ਅਸਰ ਮਰਦ 'ਤੇ ਪਵੇਗਾ।"
ਇਸ ਬਿਆਨ 'ਤੇ ਕਾਫ਼ੀ ਵਿਵਾਦ ਹੋਇਆ ਅਤੇ ਵਿਰੋਧੀ ਨੇਤਾਵਾਂ, ਪੱਤਰਕਾਰਾਂ ਅਤੇ ਆਮ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਆਲੋਚਨਾ ਕੀਤੀ।
ਇਸ ਤੋਂ ਕੁਝ ਮਹੀਨੇ ਪਹਿਲਾਂ ਇਮਰਾਨ ਖ਼ਾਨ ਨੇ ਪਾਕਿਸਤਾਨ ਵਿੱਚ ਜਿਨਸੀ ਹਿੰਸਾ ਵਿੱਚ ਵਾਧੇ ਲਈ ਅਸ਼ਲੀਲਤਾ ਨੂੰ ਜ਼ਿੰਮੇਵਾਰ ਠਹਿਰਾਇਆ ਸੀ।
ਸਾਲ 4 ਅਪ੍ਰੈਲ 2021 ਨੂੰ ਉਨ੍ਹਾਂ ਨੇ ਇੱਕ ਟੈਲੀਥੌਨ ਦੌਰਾਨ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਸੀ, "ਅੱਜ ਜਿਸ ਸਮਾਜ ਵਿੱਚ ਫ਼ਹਸ਼ (ਅਸ਼ਲੀਲਤਾ) ਵਧਦੀ ਹੈ, ਉੱਥੇ ਕੁਝ ਤਾਂ ਇਸਦਾ ਅਸਰ ਹੋਵੇਗਾ ਨਾ।"
ਉਨ੍ਹਾਂ ਕਿਹਾ, "ਸਾਡੇ ਦੀਨ ਵਿੱਚ ਕਿਉਂ ਮਨ੍ਹਾ ਕੀਤਾ ਗਿਆ ਹੈ? ਇਹ ਸਾਰਾ ਜੋ ਪਰਦੇ ਦਾ ਕਾਂਸੈਪਟ ਹੈ, ਇਹ ਕੀ ਹੈ? ਕਿ ਮੁਸ਼ਰੇ ਵਿੱਚ ਲਾਲਚ (ਟੈਂਪਟੇਸ਼ਨ) ਨਾ ਪੈਦਾ ਹੋਵੇ। ਹਰ ਇਨਸਾਨ ਵਿੱਚ ਇੱਛਾ ਸ਼ਕਤੀ ਨਹੀਂ ਹੁੰਦੀ। ਇਹੀ ਕਾਰਨ ਹੈ ਕਿ ਸਾਡੇ ਧਰਮ ਵਿੱਚ ਆਪਣੇ ਸਰੀਰ ਨੂੰ ਢਕਣ 'ਤੇ ਜ਼ੋਰ ਦਿੱਤਾ ਜਾਂਦਾ ਹੈ ਅਤੇ ਸ਼ਰਮ ਕਾਇਮ ਰੱਖੀ ਜਾਂਦੀ ਹੈ ਤਾਂ ਜੋ ਸਮਾਜ ਲਾਲਚ ਨੂੰ ਕਾਬੂ ਵਿੱਚ ਰੱਖੇ। ਸਾਰਿਆਂ ਕੋਲ ਖ਼ੁਦ ਨੂੰ ਕੰਟਰੋਲ ਕਰਨ ਦੀ ਤਾਕਤ ਨਹੀਂ ਹੁੰਦੀ।"
ਉਸ ਸਮੇਂ ਦੇਸ਼ ਦੇ ਕਈ ਸਮਾਜਿਕ ਕਾਰਕੁਨਾਂ ਅਤੇ ਪੱਤਰਕਾਰਾਂ ਨੇ ਇਮਰਾਨ ਖ਼ਾਨ ਦੇ ਇਨ੍ਹਾਂ ਵਿਚਾਰਾਂ ਨੂੰ ਔਰਤਾਂ ਪ੍ਰਤੀ ਪ੍ਰਚਲਿਤ ਰੂੜੀਵਾਦੀ ਧਾਰਨਾਵਾਂ ਨਾਲ ਪ੍ਰੇਰਿਤ ਦੱਸਿਆ।
ਈਸਾ ਮਸੀਹ ਬਾਰੇ ਬਿਆਨ
ਇਮਰਾਨ ਖ਼ਾਨ ਨੇ 2018 ਵਿੱਚ ਇਹ ਕਹਿ ਕੇ ਇੱਕ ਹੋਰ ਵਿਵਾਦ ਪੈਦਾ ਕਰ ਦਿੱਤਾ ਸੀ ਕਿ ਈਸਾ ਮਸੀਹ ਦਾ ਇਤਿਹਾਸ ਵਿੱਚ ਕੋਈ ਵਜੂਦ ਨਹੀਂ ਹੈ।
ਇਮਰਾਨ ਖ਼ਾਨ ਨੇ ਇੱਕ ਕਾਨਫਰੰਸ ਵਿੱਚ ਕਿਹਾ ਸੀ ਕਿ "ਬਾਕੀ ਪੈਗੰਬਰ ਅੱਲ੍ਹਾ ਵੱਲੋਂ ਆਏ ਸਨ ਪਰ ਇਤਿਹਾਸ ਵਿੱਚ ਉਨ੍ਹਾਂ ਦਾ ਜ਼ਿਕਰ ਹੀ ਨਹੀਂ ਹੈ। ਬਹੁਤ ਘੱਟ ਜ਼ਿਕਰ ਹੈ। ਹਜ਼ਰਤ ਮੂਸਾ ਦਾ ਤਾਂ ਹੈ ਪਰ ਹਜ਼ਰਤ ਈਸਾ ਦਾ ਇਤਿਹਾਸ ਵਿੱਚ ਜ਼ਿਕਰ ਨਹੀਂ ਹੈ।"
ਇਸ ਤੋਂ ਬਾਅਦ ਪਾਕਿਸਤਾਨ ਵਿੱਚ ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੀ ਸਖ਼ਤ ਆਲੋਚਨਾ ਸ਼ੁਰੂ ਹੋ ਗਈ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












