'ਤਸੀਹੇ ਦੇ ਰਹੇ ਹਨ', ਅਫ਼ਵਾਹਾਂ ਵਿਚਾਲੇ ਜੇਲ੍ਹ ਵਿੱਚ ਇਮਰਾਨ ਖ਼ਾਨ ਨੂੰ ਮਿਲ ਕੇ ਆਈ ਉਨ੍ਹਾਂ ਦੀ ਭੈਣ ਨੇ ਸਿਹਤ ਬਾਰੇ ਕੀ ਦੱਸਿਆ

ਇਮਰਾਨ ਖ਼ਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਜੇਲ੍ਹ ਵਿੱਚ ਬੰਦ ਹਨ
    • ਲੇਖਕ, ਉਮਰ ਦਰਾਜ਼ ਨੰਗਿਆਣਾ ਅਤੇ ਫ਼ੁਰਕਾਨ ਇਲਾਹੀ
    • ਰੋਲ, ਬੀਬੀਸੀ ਪੱਤਰਕਾਰ

ਮੰਗਲਵਾਰ ਨੂੰ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਵੱਲੋਂ ਇਸਲਾਮਾਬਾਦ ਹਾਈ ਕੋਰਟ ਅਤੇ ਅਡਿਆਲਾ ਜੇਲ੍ਹ ਦੇ ਬਾਹਰ ਕੀਤੇ ਗਏ ਵਿਰੋਧ ਮੁ਼ਜ਼ਾਹਰੇ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਭੈਣ ਉਜ਼ਮਾ ਖ਼ਾਨ ਨੂੰ ਆਪਣੇ ਭਰਾ ਨਾਲ ਮਿਲਣ ਦੀ ਇਜਾਜ਼ਤ ਦੇ ਦਿੱਤੀ ਗਈ।

ਮੁਲਾਕਾਤ ਉਸ ਵੇਲੇ ਹੋਈ ਜਦੋਂ ਇਮਰਾਨ ਖ਼ਾਨ ਬਾਰੇ ਵੱਖ-ਵੱਖ ਅਫ਼ਵਾਹਾਂ ਚੱਲ ਰਹੀਆਂ ਸਨ।

ਪੀਟੀਆਈ ਦੇ ਇੱਕ ਬੁਲਾਰੇ ਅਤੇ ਅਡਿਆਲਾ ਜੇਲ੍ਹ ਦੇ ਇੱਕ ਅਧਿਕਾਰੀ ਨੇ ਬੀਬੀਸੀ ਉਰਦੂ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਜ਼ਮਾ ਖ਼ਾਨ ਨੂੰ ਇਮਰਾਨ ਖ਼ਾਨ ਨੂੰ ਮਿਲਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।

ਮੰਗਲਵਾਰ ਨੂੰ ਜਦੋਂ ਇਮਰਾਨ ਖ਼ਾਨ ਦੀਆਂ ਤਿੰਨ ਭੈਣਾਂ, ਅਲੀਮਾ ਖਾਨਮ, ਨੌਰੀਨ ਨਿਆਜ਼ੀ ਅਤੇ ਉਜ਼ਮਾ ਖ਼ਾਨ, ਅਡਿਆਲਾ ਜੇਲ੍ਹ ਦੇ ਬਾਹਰ ਮੁਲਾਕਾਤ ਲਈ ਪਹੁੰਚੀਆਂ ਤਾਂ ਉੱਥੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਰਾਹ ਵਿੱਚ ਰੋਕ ਲਿਆ।

ਹਾਲਾਂਕਿ, ਕੁਝ ਸਮੇਂ ਬਾਅਦ, ਜੇਲ੍ਹ ਅਧਿਕਾਰੀਆਂ ਨੇ ਇਮਰਾਨ ਖ਼ਾਨ ਦੀਆਂ ਭੈਣਾਂ ਕੋਲ ਇੱਕ ਅਧਿਕਾਰੀ ਭੇਜਿਆ ਅਤੇ ਸੁਨੇਹਾ ਦਿੱਤਾ ਕਿ ਮੁਲਾਕਾਤ ਲਈ ਉਜ਼ਮਾ ਖ਼ਾਨ ਦੇ ਨਾਮ 'ਤੇ ਸਹਿਮਤੀ ਹੋ ਗਈ।

ਮੁਲਾਕਾਤ ਵਿੱਚ ਕੀ ਗੱਲਬਾਤ ਹੋਈ?

ਇਮਰਾਨ ਖਾਨ ਦੀਆਂ ਭੈਣਾਂ
ਤਸਵੀਰ ਕੈਪਸ਼ਨ, ਇਮਰਾਨ ਖ਼ਾਨ ਦੀਆਂ ਭੈਣਾਂ ਦਾ ਇਲਜ਼ਾਮ ਸੀ ਕਿ ਉਨ੍ਹਾਂ ਨੂੰ ਇਮਰਾਨ ਨਾਲ ਮੁਲਾਕਾਤ ਨਹੀਂ ਕਰ ਦਿੱਤੀ ਜਾ ਰਹੀ।

ਉਜ਼ਮਾ ਖਾਨ ਅਡਿਆਲਾ ਜੇਲ੍ਹ ਵਿੱਚ ਇਮਰਾਨ ਖ਼ਾਨ ਨੂੰ ਮਿਲਣ ਤੋਂ ਬਾਅਦ ਜਦੋਂ ਬਾਹਰ ਆਏ ਤਾਂ ਉਨ੍ਹਾਂ ਨੇ ਪੱਤਰਕਾਰਾਂ ਨੂੰ ਆਪਣੇ ਭਰਾ ਦੇ ਹਾਲਾਤ ਬਾਰੇ ਦੱਸਿਆ।

ਉਜ਼ਮਾ ਖ਼ਾਨ ਨੇ ਕਿਹਾ, "ਉਹ ਬਹੁਤ ਗੁੱਸੇ ਵਿੱਚ ਸਨ ਅਤੇ ਕਹਿ ਰਹੇ ਸਨ ਕਿ ਇਹ ਸਾਨੂੰ ਮਾਨਸਿਕ ਤੌਰ 'ਤੇ ਤਸੀਹੇ ਦੇ ਰਹੇ ਹਨ, ਸਾਰਾ ਦਿਨ ਕਮਰੇ ਵਿੱਚ ਬੰਦ ਰੱਖਦੇ ਹਨ ਥੋੜ੍ਹੇ ਸਮੇਂ ਲਈ ਬਾਹਰ ਜਾਣ ਦੇ ਰਹੇ ਹਨ। ਕਿਸੇ ਨਾਲ ਕੋਈ ਗੱਲ ਕਰਨ ਦੀ ਇਜਾਜ਼ਤ ਨਹੀਂ ਹੈ। ਜੋ ਸਭ ਕੁਝ ਹੋ ਰਿਹਾ ਹੈ, ਉਸ ਲਈ ਆਸਿਮ ਮੁਨੀਰ ਜ਼ਿੰਮੇਵਾਰ ਹਨ।"

ਇਸ ਦੇ ਨਾਲ ਹੀ ਉਜ਼ਮਾ ਖ਼ਾਨ ਨੇ ਦੱਸਿਆ ਕਿ ਉਹ ਸਿਰਫ਼ 20 ਮਿੰਟ ਹੀ ਗੱਲ ਕਰ ਸਕੇ ਅਤੇ ਉਨ੍ਹਾਂ ਕਿਹਾ ਕਿ ਇਮਰਾਨ ਖ਼ਾਨ ਦੀ ਸਿਹਤ ਬਿਲਕੁਲ ਠੀਕ ਹੈ।

ਇਸ ਤੋਂ ਪਹਿਲਾਂ, ਉਨ੍ਹਾਂ ਦੇ ਪਰਿਵਾਰ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਲਗਭਗ ਇੱਕ ਮਹੀਨੇ ਤੋਂ ਸਾਬਕਾ ਪ੍ਰਧਾਨ ਮੰਤਰੀ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਉਨ੍ਹਾਂ ਕਿਹਾ, "ਸਰਕਾਰੀ ਅਧਿਕਾਰੀ ਨਹੀਂ ਚਾਹੁੰਦੇ ਕਿ ਇਮਰਾਨ ਖ਼ਾਨ ਦੇ ਸੁਨੇਹੇ ਜੇਲ੍ਹ ਤੋਂ ਬਾਹਰ ਆਉਣ।"

ਬੀਬੀਸੀ ਨਾਲ ਇੱਕ ਖ਼ਾਸ ਇੰਟਰਵਿਊ ਦੌਰਾਨ ਇਮਰਾਨ ਖ਼ਾਨ ਦੀ ਭੈਣ ਨੌਰੀਨ ਖ਼ਾਨ ਨੇ ਇਹ ਇਲਜ਼ਾਮ ਲਾਇਆ "ਉਹ (ਸਰਕਾਰੀ ਅਧਿਕਾਰੀ) ਸਿਰਫ਼ ਇਸ ਗੱਲ ਤੋਂ ਚਿੰਤਤ ਹਨ ਕਿ ਇਮਰਾਨ ਖ਼ਾਨ ਦੇ ਸ਼ਬਦ ਲੀਕ ਹੋ ਰਹੇ ਹਨ, ਇਸੇ ਲਈ ਉਨ੍ਹਾਂ ਨੇ ਉਨ੍ਹਾਂ ਨਾਲ ਮਿਲਣਾ-ਗਿਲਣਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ।"

ਇਮਰਾਨ ਖਾਨ ਦੀਆਂ ਭੈਣਾਂ ਨੇ ਕਿਹਾ ਸੀ ਪਹਿਲਾਂ ਉਹ ਅਦਾਲਤ ਦੇ ਹੁਕਮਾਂ ਮੁਤਾਬਕ ਹਰ ਮੰਗਲਵਾਰ ਨੂੰ ਆਪਣੇ ਭਰਾ ਨੂੰ ਮਿਲਦੀਆਂ ਸਨ, ਪਰ ਇਮਰਾਨ ਖ਼ਾਨ ਨਾਲ ਉਨ੍ਹਾਂ ਦੀ ਆਖ਼ਰੀ ਮੁਲਾਕਾਤ 4 ਨਵੰਬਰ ਨੂੰ ਹੋਈ ਸੀ।

ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਨਾਲ ਸਬੰਧਤ ਸਾਰੇ ਸੰਸਦ ਮੈਂਬਰਾਂ ਨੇ ਮੰਗਲਵਾਰ ਨੂੰ ਇਸਲਾਮਾਬਾਦ ਹਾਈ ਕੋਰਟ ਅਤੇ ਅਡਿਆਲਾ ਜੇਲ੍ਹ ਦੇ ਬਾਹਰ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਦਾ ਸੱਦਾ ਦਿੱਤਾ ਸੀ, ਹਾਲਾਂਕਿ, ਇਸਲਾਮਾਬਾਦ ਅਤੇ ਰਾਵਲਪਿੰਡੀ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ।

ਇਮਰਾਨ ਖ਼ਾਨ ਦੀ ਦੂਜੀ ਭੈਣ, ਅਲੀਮਾ ਖ਼ਾਨ ਨੇ ਬੀਬੀਸੀ ਨੂੰ ਦੱਸਿਆ ਸੀ ਕਿ 4 ਨਵੰਬਰ ਨੂੰ, ਜੇਲ੍ਹ ਅਧਿਕਾਰੀਆਂ ਨੇ ਨੌਰੀਨ ਖਾਨ ਨੂੰ ਇਮਰਾਨ ਖ਼ਾਨ ਨਾਲ ਮਿਲਣ ਦਾ ਪ੍ਰਬੰਧ ਕੀਤਾ ਸੀ ਅਤੇ "ਉਸ ਤੋਂ ਬਾਅਦ, ਉਨ੍ਹਾਂ ਨੇ ਉਸਨੂੰ ਕਿਸੇ ਨਾਲ ਵੀ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ।"

ਇਮਰਾਨ ਖ਼ਾਨ ਦੀ ਦੀ ਪਤਨੀ ਰਹਿ ਚੁੱਕੇ ਜੇਮਿਮਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਦਾਅਵਾ ਕੀਤਾ ਸੀ ਕਿ ਇਮਰਾਨ ਖ਼ਾਨ ਦੇ ਪੁੱਤਰਾਂ ਸਮੇਤ "ਕਿਸੇ ਨੂੰ ਵੀ ਫੋਨ 'ਤੇ ਗੱਲ ਕਰਨ ਦੀ ਇਜਾਜ਼ਤ ਨਹੀਂ ਹੈ।"

ਉਨ੍ਹਾਂ ਦੇ ਮੁਤਾਬਕ, ਇਮਰਾਨ ਖ਼ਾਨ ਦੇ ਪੁੱਤਰ "ਇੱਕ ਚਿੱਠੀ ਵੀ ਨਹੀਂ ਭੇਜ ਸਕਦੇ।"

ਜੇਮਾਇਮਾ ਦੀ ਪੋਸਟ

ਤਸਵੀਰ ਸਰੋਤ, X/@Jemima_Khan

ਤਸਵੀਰ ਕੈਪਸ਼ਨ, ਇਮਰਾਨ ਖ਼ਾਨ ਦੀ ਪਤਨੀ ਰਹਿ ਚੁੱਕੇ ਜੇਮਾਇਮਾ ਨੇ ਇਹ ਮੁੱਦਾ ਚੁੱਕਿਆ ਸੀ

ਸਾਬਕਾ ਪ੍ਰਧਾਨ ਮੰਤਰੀ ਦੀ ਭੈਣ ਨੌਰੀਨ ਖ਼ਾਨ ਨੇ ਇਹ ਵੀ ਇਲਜ਼ਾਮ ਲਗਾਇਆ ਕਿ "ਪਾਕਿਸਤਾਨੀ ਸਰਕਾਰ ਅਤੇ ਅਸਟੈਬਲਿਸ਼ਮੈਂਟ ਇਮਰਾਨ ਖ਼ਾਨ ਤੋਂ 9 ਮਈ ਦੀ ਜ਼ਿੰਮੇਵਾਰੀ ਕਬੂਲ ਕਰਵਾਉਣਾ ਚਾਹੁੰਦੇ ਹਨ।"

"ਉਹ ਚਾਹੁੰਦੇ ਹਨ ਕਿ ਇਮਰਾਨ ਖ਼ਾਨ ਉਨ੍ਹਾਂ ਤੋਂ ਇਸ ਗੱਲ ਲਈ ਮੁਆਫੀ ਮੰਗਣ ਕਿ ਮੈਂ 9 ਮਈ ਨੂੰ ਕਰਵਾਇਆ, ਮੈਂ ਭੰਨਤੋੜ ਕੀਤੀ, ਮੈਂ ਆਪਣੇ ਲੋਕਾਂ ਨੂੰ ਗੋਲੀ ਮਾਰੀ, ਸ਼ਾਇਦ ਉਹ ਇਹੀ ਉਹ ਚਾਹੁੰਦੇ ਹਨ।"

ਨੌਰੀਨ ਖ਼ਾਨ ਦੇ ਮੁਤਾਬਕ, "ਇਮਰਾਨ ਖ਼ਾਨ ਨੇ ਉਨ੍ਹਾਂ ਨੂੰ ਸਿਰਫ਼ ਇੱਕ ਹੀ ਜਵਾਬ ਦਿੱਤਾ ਸੀ ਕਿ ਤੁਸੀਂ ਸੀਸੀਟੀਵੀ ਫੁਟੇਜ ਕੱਢ ਲਓ, ਛਾਉਣੀ ਦੇ ਅੰਦਰ ਚੌਕੀਆਂ ਹਨ, ਕੋਈ ਵੀ ਫੌਜ ਦੀਆਂ ਨਜ਼ਰਾਂ ਵਿੱਚ ਆਏ ਬਿਨਾਂ ਜਾਂ ਕੈਮਰਿਆਂ ਵਿੱਚ ਕੈਦ ਹੋਏ ਬਿਨਾਂ ਇੱਥੇ ਦਾਖ਼ਲ ਨਹੀਂ ਹੋ ਸਕਦਾ।"

ਪਿਛਲੇ ਸਾਲ 9 ਮਈ ਦੀ ਘਟਨਾ ਤੋਂ ਪਹਿਲਾਂ, ਜਦੋਂ ਫੌਜ ਦੇ ਬੁਲਾਰੇ ਮੇਜਰ ਜਨਰਲ ਅਹਿਮਦ ਸ਼ਰੀਫ ਚੌਧਰੀ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੀਟੀਆਈ ਨਾਲ ਸੰਭਾਵਤ ਗੱਲਬਾਤ ਬਾਰੇ ਪੁੱਛਿਆ ਗਿਆ ਸੀ, ਤਾਂ ਉਨ੍ਹਾਂ ਨੇ ਜਵਾਬ ਦਿੱਤਾ ਸੀ ਕਿ "ਕੋਈ ਵੀ ਅਜਿਹੇ ਅਰਾਜਕ ਸਮੂਹ ਨਾਲ ਗੱਲ ਨਹੀਂ ਕਰੇਗਾ ਜਿਸਨੇ ਆਪਣੀ ਹੀ ਫੌਜ 'ਤੇ ਹਮਲਾ ਕੀਤਾ ਹੋਵੇ। ਅਜਿਹੇ ਅਰਾਜਕ ਸਮੂਹ ਕੋਲ ਦੇਸ਼ ਕੋਲੋਂ ਮੁਆਫ਼ੀ ਮੰਗਣ ਅਤੇ ਨਫ਼ਰਤ ਛੱਡ ਕੇ ਉਸਾਰੂ ਸਿਆਸਤ ਵਿੱਚ ਹਿੱਸਾ ਲੈਣ ਦਾ ਹੀ ਰਾਹ ਹੈ।"

ਸਰਕਾਰ ਕੀ ਕਹਿੰਦੀ ਹੈ?

ਇਮਰਾਨ ਖ਼ਾਨ ਦੀ ਭੈਣ ਅਲੀਮਾ ਖ਼ਾਨ
ਤਸਵੀਰ ਕੈਪਸ਼ਨ, ਇਮਰਾਨ ਖ਼ਾਨ ਦੀ ਭੈਣ ਅਲੀਮਾ ਖ਼ਾਨ

ਇਮਰਾਨ ਖ਼ਾਨ ਨੂੰ ਆਪਣੇ ਪਰਿਵਾਰ ਨਾਲ ਮਿਲਣ ਦੀ ਇਜਾਜ਼ਤ ਨਾ ਦੇਣਾ ਸਿਰਫ਼ ਇੱਕ ਇਲਜ਼ਾਮ ਨਹੀਂ ਹੈ, ਸਗੋਂ ਸਰਕਾਰੀ ਅੰਕੜੇ ਵੀ ਇਸ ਅਣਐਲਾਨੀ ਪਾਬੰਦੀ ਦੀ ਪੁਸ਼ਟੀ ਕਰਦੇ ਜਾਪਦੇ ਹਨ।

ਸਮਾ ਟੀਵੀ ਦੇ ਇੱਕ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੇ ਰਾਜਨੀਤਿਕ ਮਾਮਲਿਆਂ ਦੇ ਸਲਾਹਕਾਰ ਰਾਣਾ ਸਨਾਉੱਲ੍ਹਾ ਨੇ ਕਿਹਾ ਕਿ "ਅਜਿਹਾ ਕੋਈ ਕਾਨੂੰਨ ਨਹੀਂ ਹੈ ਜੋ ਸਜ਼ਾਯਾਫ਼ਤਾ ਕੈਦੀ ਨੂੰ ਜੇਲ੍ਹ ਵਿੱਚ ਸਰਕਾਰ ਜਾਂ ਰਾਜ ਵਿਰੁੱਧ ਅੰਦੋਲਨ ਕਰਨ ਦੀ ਇਜਾਜ਼ਤ ਦੇਵੇ।"

ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਦੀ ਇਜਾਜ਼ਤ ਨਾ ਦੇਣ ਦਾ ਵਿਰੋਧ ਨਾ ਸਿਰਫ਼ ਪੀਟੀਆਈ ਕਰ ਰਹੀ ਹੈ, ਸਗੋਂ ਮਨੁੱਖੀ ਅਧਿਕਾਰ ਸੰਗਠਨਾਂ ਨੇ ਵੀ ਇਸ 'ਤੇ ਚਿੰਤਾ ਜ਼ਾਹਰ ਕੀਤੀ।

ਸੋਮਵਾਰ ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ (HRCP) ਨੇ ਇੱਕ ਬਿਆਨ ਵਿੱਚ ਕਿਹਾ ਕਿ "ਇਮਰਾਨ ਖ਼ਾਨ ਨੂੰ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ, ਸਹਿਯੋਗੀਆਂ ਜਾਂ ਕਾਨੂੰਨੀ ਟੀਮ ਨੂੰ ਮਿਲਣ ਦੀ ਇਜਾਜ਼ਤ ਨਾ ਦੇਣ ਦੀਆਂ ਰਿਪੋਰਟਾਂ ਨੂੰ ਸਪੱਸ਼ਟ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਪਰਿਵਾਰ ਅਤੇ ਕਾਨੂੰਨੀ ਸਹਾਇਤਾ ਤੱਕ ਪਹੁੰਚ ਇੱਕ ਬੁਨਿਆਦੀ ਸੁਰੱਖਿਆ ਹੈ।"

ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਇਮਰਾਨ ਖ਼ਾਨ ਦੀ ਖਰਾਬ ਸਿਹਤ ਅਤੇ ਜੇਲ੍ਹ ਵਿੱਚ ਮੌਤ ਬਾਰੇ ਅਫਵਾਹਾਂ ਫੈਲ ਰਹੀਆਂ ਹਨ, ਜਿਨ੍ਹਾਂ ਦਾ ਸਰਕਾਰੀ ਅਧਿਕਾਰੀਆਂ ਨੇ ਖੰਡਨ ਕੀਤਾ ਹੈ।

ਉਜ਼ਮਾ ਖ਼ਾਨ

ਇਮਰਾਨ ਖ਼ਾਨ ਦੀ ਸਿਹਤ ਕਿਹੋ ਜਿਹੀ ਹੈ?

ਇਮਰਾਨ ਖ਼ਾਨ ਬਾਰੇ ਫੈਲ ਰਹੀਆਂ ਅਫਵਾਹਾਂ 'ਤੇ, ਉਨ੍ਹਾਂ ਦੀ ਭੈਣ ਨੌਰੀਨ ਖ਼ਾਨ ਨੇ ਕਿਹਾ "ਮੈਨੂੰ ਨਹੀਂ ਪਤਾ ਕਿ ਇਹ ਖ਼ਬਰ ਕਿਵੇਂ ਫੈਲ ਗਈ।"

ਉਨ੍ਹਾਂ ਦਾ ਇਲਜ਼ਾਮ ਹੈ ਕਿ "ਇਮਰਾਨ ਖ਼ਾਨ ਨੂੰ ਜੇਲ੍ਹ ਵਿੱਚ ਤਸੀਹੇ ਦਿੱਤੇ ਜਾ ਰਹੇ ਹਨ, ਉਨ੍ਹਾਂ ਨੂੰ ਇਕੱਲੇ ਰੱਖਿਆ ਜਾ ਰਿਹਾ ਹੈ ਅਤੇ ਇਹ ਸਭ ਜੇਲ੍ਹ ਨਿਯਮਾਂ ਦੀ ਉਲੰਘਣਾ ਹੈ।"

ਇਮਰਾਨ ਖ਼ਾਨ ਦੀ ਦੂਜੀ ਭੈਣ ਵੀ ਇਹ ਦੱਸਣ ਤੋਂ ਅਸਮਰੱਥ ਹੈ ਕਿ ਇਹ ਅਫਵਾਹਾਂ ਕਿੱਥੋਂ ਫੈਲਣੀਆਂ ਸ਼ੁਰੂ ਹੋਈਆਂ।

ਅਲੀਮਾ ਖਾਨ ਨੇ ਬੀਬੀਸੀ ਉਰਦੂ ਨੂੰ ਦੱਸਿਆ, "ਇਹ ਅਫਵਾਹਾਂ ਕਿੱਥੋਂ ਆਈਆਂ, ਇਹ ਜੇਲ੍ਹ ਦੇ ਅੰਦਰੋਂ ਕਿਵੇਂ ਆਈਆਂ? ਅਫਵਾਹਾਂ ਫੈਲਾਉਣ ਵਾਲੇ ਲੋਕ ਜੇਲ੍ਹ ਸਟਾਫ਼ ਜਾਂ ਅਸਟੈਬਲਿਸ਼ਮੈਂਟ ਵਾਲੇ ਹੀ ਹੋਣਗੇ।"

ਉਨ੍ਹਾਂ ਨੇ ਦਾਅਵਾ ਕੀਤਾ, "ਕਿਸੇ ਨੇ ਸਾਨੂੰ ਦੱਸਿਆ ਕਿ ਉਹ ਇਹ ਦੇਖਣ ਲਈ ਟੈਸਟ ਕਰ ਰਹੇ ਹਨ ਕਿ ਲੋਕ ਕਿਵੇਂ ਪ੍ਰਤੀਕਿਰਿਆ ਕਰਦੇ ਹਨ। ਸਾਨੂੰ ਕੋਈ ਪਤਾ ਨਹੀਂ।"

ਰਾਣਾ ਸਨਾਉੱਲ੍ਹਾ

ਹਾਲਾਂਕਿ, ਇਮਰਾਨ ਖਾਨ ਦੀ ਭੈਣ ਨੌਰੀਨ ਖ਼ਾਨ, ਜੋ 4 ਨਵੰਬਰ ਨੂੰ ਉਨ੍ਹਾਂ ਨੂੰ ਮਿਲੀ ਸੀ, ਨੇ ਕਿਹਾ ਕਿ ਉਨ੍ਹਾਂ ਦੇ ਭਰਾ ਦੀ "ਸਿਹਤ ਬਿਲਕੁਲ ਠੀਕ ਸੀ, ਖ਼ੁਰਾਕ ਵੀ ਆਪਣੇ ਹਿਸਾਬ ਨਾਲ ਖਾਂਦੇ ਹਨ, ਐਕਸਰਸਾਈਜ਼ ਕਰਦੇ ਹਨ ਅਤੇ ਆਪਣੇ ਆਪ ਨੂੰ ਮਜ਼ਬੂਤ ਵਿਖਾਉਂਦੇ ਹਨ।"

"ਉੱਥੇ (ਜੇਲ੍ਹ ਵਿੱਚ) ਖਾਣਾ ਇਮਰਾਨ ਖ਼ਾਨ ਦੇ ਕਹੇ ਮੁਤਾਬਕ ਪਕਾਇਆ ਜਾਂਦਾ ਹੈ ਅਤੇ ਇਹ ਉਨ੍ਹਾਂ ਦੇ ਪੈਸਿਆਂ ਨਾਲ ਪਕਾਇਆ ਜਾਂਦਾ ਹੈ।"

ਇਮਰਾਨ ਖ਼ਾਨ ਦੀ ਭੈਣ ਨੌਰੀਨ ਖ਼ਾਨ
ਤਸਵੀਰ ਕੈਪਸ਼ਨ, ਇਮਰਾਨ ਖ਼ਾਨ ਦੀ ਭੈਣ ਨੌਰੀਨ ਖ਼ਾਨ

ਇਮਰਾਨ ਖ਼ਾਨ ਉੱਤੇ ਜੇਲ੍ਹ ਵਿੱਚੋਂ ਕੀ ਕਰਨ ਦੇ ਇਲਜ਼ਾਮ ਲੱਗੇ?

ਪਰਿਵਾਰ ਨੂੰ ਮਿਲਣ ਦੀ ਇਜਾਜ਼ਤ ਨਾ ਦਿੱਤੇ ਜਾਣ ਦੀਆਂ ਖ਼ਬਰਾਂ 'ਤੇ ਜੇਲ੍ਹ ਅਧਿਕਾਰੀਆਂ ਵੱਲੋਂ ਕੋਈ ਸਪੱਸ਼ਟ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ, ਪਰ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੇ ਸਿਆਸੀ ਮਾਮਲਿਆਂ ਦੇ ਸਲਾਹਕਾਰ ਰਾਣਾ ਸਨਾਉੱਲ੍ਹਾ ਨੇ ਇਲਜ਼ਾਮ ਲਗਾਇਆ ਕਿ ਇਮਰਾਨ ਖ਼ਾਨ ਜੇਲ੍ਹ ਵਿੱਚ ਬੈਠ ਕੇ "ਅਰਾਜਕਤਾ ਅਤੇ ਉੱਥਲ ਪੁੱਥਲ-ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ।"

ਉਸਨੇ ਇੱਕ ਸਮਾ ਟੀਵੀ ਪ੍ਰੋਗਰਾਮ ਵਿੱਚ ਮੰਨਿਆ ਕਿ "ਕਾਨੂੰਨ ਇੱਕ ਕੈਦੀ ਨੂੰ ਆਪਣੇ ਪਰਿਵਾਰ ਅਤੇ ਵਕੀਲਾਂ ਨੂੰ ਮਿਲਣ ਦੀ ਇਜਾਜ਼ਤ ਦਿੰਦਾ ਹੈ। ਪਰ ਅਜਿਹਾ ਕੋਈ ਕਾਨੂੰਨ ਨਹੀਂ ਹੈ ਜੋ ਇੱਕ ਸਜ਼ਾਯਾਫ਼ਤਾ ਕੈਦੀ ਨੂੰ ਜੇਲ੍ਹ ਵਿੱਚ ਬੈਠ ਕੇ ਸਰਕਾਰ ਜਾਂ ਰਾਸ਼ਟਰ ਵਿਰੁੱਧ ਅੰਦੋਲਨ ਕਰਨ ਦੀ ਇਜਾਜ਼ਤ ਦੇਵੇ।"

"ਕਿਸੇ ਵੀ ਕਾਨੂੰਨ ਵਿੱਚ ਇਹ ਨਹੀਂ ਲਿਖਿਆ ਹੈ ਕਿ ਕਿਸੇ ਕੈਦੀ ਨੂੰ ਸਰਕਾਰ ਵਿਰੁੱਧ ਅਰਾਜਕਤਾ, ਦੇਸ਼ਧ੍ਰੋਹ, ਅਵਿਵਸਥਾ, ਅੰਦੋਲਨ ਜਾਂ ਅੱਗਜ਼ਨੀ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਉਹ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਮੁਲਾਕਾਤੀਆਂ ਜ਼ਰੀਏ ਮੈਨੇਜ ਕਰੇ।"

ਹਾਲਾਂਕਿ, ਰਾਣਾ ਸਨਾਉੱਲ੍ਹਾ ਨੂੰ ਇਹ ਵੀ ਨਹੀਂ ਪਤਾ ਕਿ ਇਮਰਾਨ ਖ਼ਾਨ ਦੀਆਂ ਮੁਲਾਕਾਤਾਂ 'ਤੇ ਪਾਬੰਦੀ ਕਿਸਨੇ ਲਗਾਈ ਸੀ। ਉਨ੍ਹਾਂ ਕਿਹਾ, "ਇਹ ਪਾਬੰਦੀ ਜੇਲ੍ਹ ਅਧਿਕਾਰੀਆਂ ਨੇ ਲਗਾਈ ਹੋਵੇਗੀ।"

ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਇਹ ਪਾਬੰਦੀ ਪੰਜਾਬ ਸਰਕਾਰ ਵੱਲੋਂ ਲਗਾਈ ਗਈ ਸੀ, ਤਾਂ ਉਨ੍ਹਾਂ ਜਵਾਬ ਦਿੱਤਾ, "ਮੈਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ।"

ਅਡਿਆਲਾ ਪੁਲਿਸ ਚੌਂਕੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਡਿਆਲਾ ਪੁਲਿਸ ਚੌਂਕੀ

ਪਰ ਇਮਰਾਨ ਖ਼ਾਨ ਦੀ ਭੈਣ ਨੌਰੀਨ ਖ਼ਾਨ ਦਾ ਕਹਿਣਾ ਹੈ ਉਨ੍ਹਾਂ ਅਤੇ ਇਮਰਾਨ ਦੇ ਵਿਚਾਲੇ ਸਿਰਫ਼ ਆਮ ਗੱਲਾਂ ਹੁੰਦੀਆਂ ਹਨ ਕਿ "ਕੀ ਹੋ ਰਿਹਾ ਹੈ, ਕੀ ਹੋਵੇਗਾ" ਅਤੇ ਅਖ਼ੀਰ ਵਿੱਚ ਇਮਰਾਨ ਉਨ੍ਹਾਂ ਨੂੰ ਦੱਸਦੇ ਹਨ ਕਿ ਬਾਹਰ ਜਾ ਕੇ ਕੀ ਕਹਿਣਾ ਹੈ।"

"ਉਨ੍ਹਾਂ ਨੂੰ ਸਿਰਫ਼ ਇਸ ਗੱਲ ਦੀ ਚਿੰਤਾ ਹੈ ਕਿ ਇਮਰਾਨ ਖ਼ਾਨ ਦੀਆਂ ਗੱਲਾਂ ਬਾਹਰ ਆ ਕੇ ਦੱਸੀਆਂ ਜਾਂਦੀਆਂ ਹਨ, ਇਸੇ ਕਰਕੇ ਉਨ੍ਹਾਂ ਦੀਆਂ ਮੁਲਾਕਾਤਾਂ ਖ਼ਤਮ ਕਰ ਦਿੱਤੀਆਂ ਹਨ।"

ਉਨ੍ਹਾਂ ਦਾਅਵਾ ਕੀਤਾ ਕਿ ਇਮਰਾਨ ਖਾਨ ਦਾ "ਟੀਵੀ ਬੰਦ ਹੈ, ਅਖ਼ਬਾਰ ਬੰਦ ਹੈ। ਜੇਲ੍ਹ ਦੇ ਨਿਯਮਾਂ ਅਨੁਸਾਰ, ਤੁਸੀਂ ਕਿਸੇ ਵੀ ਕੈਦੀ ਨੂੰ ਚਾਰ ਦਿਨਾਂ ਤੋਂ ਵੱਧ ਇਕੱਲੇ ਕੈਦ ਵਿੱਚ ਨਹੀਂ ਰੱਖ ਸਕਦੇ।"

ਉਨ੍ਹਾਂ ਅੱਗੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਕੋਈ ਵਾਧੂ ਸਹੂਲਤਾਂ ਨਹੀਂ ਮੰਗ ਰਹੇ, ਪਰ "ਉਹ ਸਿਰਫ਼ ਕਿਤਾਬਾਂ ਅਤੇ ਆਪਣੇ ਬੱਚਿਆਂ ਨਾਲ ਗੱਲ ਕਰਨ ਲਈ ਕਹਿੰਦੇ ਹਨ।"

ਰਾਣਾ ਸਨਾਉੱਲ੍ਹਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਾਕਿਸਤਾਨ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੇ ਸਿਆਸੀ ਮਾਮਲਿਆਂ ਦੇ ਸਲਾਹਕਾਰ ਰਾਣਾ ਸਨਾਉੱਲ੍ਹਾ

ਦੇਸ਼ ਦੇ ਕਾਨੂੰਨਾਂ ਅਤੇ ਜੇਲ੍ਹ ਮੈਨੂਅਲ ਵਿੱਚ ਕੀ ਲਿਖਿਆ ਹੈ?

ਕੈਦੀ ਦੇ ਹੱਕਾਂ ਦੇ ਲਈ ਕੰਮ ਕਰਨ ਵਾਲੇ ਮਾਹਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਅਤੇ ਜੇਲ੍ਹ ਦੇ ਕਾਨੂੰਨਾਂ ਤਹਿਤ ਅਧਿਕਾਰੀਆਂ ਅਤੇ ਕੈਦੀਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਅਤੇ ਲੀਗਲ ਟੀਮ ਨਾਲ ਮਿਲਣ ਦੀ ਮਨਜ਼ੂਰੀ ਦੇਣਾ ਜ਼ਰੂਰੀ ਹੈ।

ਸੁਸਾਇਟੀ ਫਾਰ ਹਿਊਮਨ ਰਾਈਟਸ ਐਂਡ ਪ੍ਰਿਜ਼ਨਰਜ਼ ਏਡ (ਸ਼ਾਰਪ) ਦੇ ਮੁੱਖ ਕਾਰਜਕਾਰੀ ਮੁਹੰਮਦ ਮੁਦੱਸਰ ਜਾਵੇਦ ਨੇ ਬੀਬੀਸੀ ਉਰਦੂ ਨੂੰ ਦੱਸਿਆ, "ਜੇਲ੍ਹ ਮੈਨੂਅਲ ਦੇ ਮੁਤਾਬਕ ਭਾਵੇਂ ਉਹ ਸਿਆਸੀ ਕੈਦੀ ਹੋਵੇ ਜਾਂ ਆਮ ਕੈਦੀ, ਉਨ੍ਹਾਂ ਦੀਆਂ ਮੁਲਾਕਾਤਾਂ ਹਰ ਹਫ਼ਤੇ ਹੋਣੀਆਂ ਚਾਹੀਦੀਆਂ ਹਨ ਅਤੇ ਇਹ ਨਿਯਮ ਲਾਗੂ ਹਨ।"

"ਪਰਿਵਾਰ ਨੂੰ ਕੈਦੀ ਨੂੰ ਮਿਲਣ ਦਾ ਹੱਕ ਹੈ ਅਤੇ ਕੈਦੀ ਆਪਣੇ ਵਕੀਲਾਂ ਜਾਂ ਕਾਨੂੰਨੀ ਸਲਾਹਕਾਰ ਨੂੰ ਮਿਲ ਸਕਦਾ ਹੈ।"

ਇਮਰਾਨ ਖ਼ਾਨ ਦੀਆਂ ਭੈਣਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਮਰਾਨ ਖ਼ਾਨ ਦੀਆਂ ਭੈਣਾਂ

ਮੁਹੰਮਦ ਮੁਦੱਸਰ ਜਾਵੇਦ ਕਹਿੰਦੇ ਹਨ ਕਿ "ਕੈਦੀਆਂ ਨਾਲ ਮਿਲਣ ਤੋਂ ਰੋਕਣ ਦਾ ਹੱਕ ਕਿਸੇ ਕੋਲ ਨਹੀਂ ਹੈ।"

ਹਾਲਾਂਕਿ, ਉਨ੍ਹਾਂ ਸਪੱਸ਼ਟ ਕੀਤਾ ਕਿ "ਆਈਜੀ ਜੇਲ੍ਹ ਸੁਰੱਖਿਆ ਜਾਂ ਸੁਰੱਖਿਆ ਕਾਰਨਾਂ ਕਰਕੇ ਅਜਿਹੀ ਕਾਰਵਾਈ ਜ਼ਰੂਰ ਕਰ ਸਕਦਾ ਹੈ, ਪਰ ਇਹ ਅਜੇ ਵੀ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਹਰ ਦੂਜੇ ਦਿਨ ਕੈਦੀਆਂ ਨੂੰ ਮਿਲਣ ਦਾ ਪ੍ਰਬੰਧ ਕਰੇ ਅਤੇ ਉਨ੍ਹਾਂ ਨੂੰ ਸਹੂਲਤਾਂ ਦੇਵੇ।"

ਇਮਰਾਨ ਖ਼ਾਨ ਦੀਆਂ ਭੈਣਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਭਰਾ ਨੂੰ ਪਰਿਵਾਰ ਨਾਲ ਮਿਲਣ ਦੀ ਇਜਾਜ਼ਤ ਨਾ ਦੇ ਕੇ 'ਪ੍ਰੇਸ਼ਾਨ' ਕੀਤਾ ਜਾ ਰਿਹਾ ਹੈ।

ਨੌਰੀਨ ਖ਼ਾਨ ਨੇ ਚੇਤਾਵਨੀ ਦਿੱਤੀ, "ਜੇਕਰ ਉਨ੍ਹਾਂ ਨੇ ਕਦੇ ਇਮਰਾਨ ਖ਼ਾਨ ਨਾਲ ਕੁਝ ਕੀਤਾ ਤਾਂ ਉਹ ਯਾਦ ਰੱਖਣ ਕਿ ਉਹ ਨਾ ਪਾਕਿਸਤਾਨ ਵਿੱਚ ਰਹਿਣ ਦੇ ਕਾਬਿਲ ਹੋਣਗੇ ਅਤੇ ਨਾ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)