ਨਾਇਬ ਤਹਿਸੀਲਦਾਰ ਦੀ ਪ੍ਰੀਖਿਆ ’ਚ ਨਕਲੀ ਪ੍ਰੀਖਿਆਰਥੀਆਂ ਨੇ ਤਕਨੀਕ ਦੇ ਸਹਾਰੇ ਇੰਝ ਨਕਲ ਕਰਵਾਈ

    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਸਰਵਿਸ ਕਮਿਸ਼ਨ (ਪੀਪੀਐੱਸਸੀ) ਵੱਲੋਂ ਨਾਇਬ ਤਹਿਸੀਲਦਾਰਾਂ ਦੀ ਭਰਤੀ ਵਾਸਤੇ ਲਈ ਗਈ ਪ੍ਰੀਖਿਆ ਦੇ ਪੇਪਰ ਲੀਕ ਮਾਮਲੇ ਵਿੱਚ ਪਟਿਆਲਾ ਪੁਲਿਸ ਨੇ ਇੱਕ ਮਹਿਲਾ ਉਮੀਦਵਾਰ ਨੂੰ ਗ੍ਰਿਫ਼ਤਾਰ ਕੀਤਾ ਹੈ।

ਗ੍ਰਿਫ਼ਤਾਰ ਕੀਤੀ ਗਈ ਉਮੀਦਵਾਰ ਦਾ ਨਾਮ ਸੁਨੀਤਾ ਹੈ ਅਤੇ ਉਸ ਦਾ ਨਾਇਬ ਤਹਿਸੀਲਦਾਰ ਪ੍ਰੀਖਿਆ ਵਿੱਚ ਪੰਜਵਾਂ ਰੈਂਕ ਸੀ।

ਨਾਇਬ ਤਹਿਸੀਲਦਾਰ ਪੇਪਰ ਲੀਕ ਮਾਮਲੇ ਵਿੱਚ ਪਟਿਆਲਾ ਪੁਲਿਸ ਹੁਣ ਤੱਕ 11 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਜਿਸ ਵਿੱਚ ਪੇਪਰ ਲੀਕ ਕਰਨ ਵਾਲੇ ਅਤੇ ਪ੍ਰੀਖਿਆ ਦੇਣ ਵਾਲੇ ਉਮੀਦਵਾਰ ਵੀ ਸ਼ਾਮਲ ਹਨ। ਪੂਰੇ ਮਾਮਲੇ ਦੀ ਜਾਂਚ ਪਟਿਆਲਾ ਪੁਲਿਸ ਦੀ ਇੱਕ ਵਿਸ਼ੇਸ਼ ਟੀਮ ਵੱਲੋਂ ਕੀਤੀ ਜਾ ਰਹੀ ਹੈ।

ਕੀ ਹੈ ਨਾਇਬ ਤਹਿਸੀਲਦਾਰ ਭਰਤੀ ਘੁਟਾਲਾ

ਅਸਲ ਵਿੱਚ ਪੰਜਾਬ ਸਰਵਿਸ ਕਮਿਸ਼ਨ ਵੱਲੋਂ 78 ਨਾਇਬ ਤਹਿਸੀਲਦਾਰਾਂ ਦੀ ਭਰਤੀ ਲਈ ਇੱਕ ਇਸ਼ਤਿਹਾਰ ਜਾਰੀ ਕੀਤਾ ਕੀਤਾ ਗਿਆ ਸੀ ਜਿਸ ਦੀ ਪ੍ਰੀਖਿਆ 22 ਮਈ 2022 ਨੂੰ ਹੋਈ ਸੀ।

ਪ੍ਰੀਖਿਆ ਦਾ ਨਤੀਜਾ 8 ਸਤੰਬਰ ਆਇਆ। ਨਤੀਜਾ ਆਊਟ ਹੁੰਦੇ ਸਾਰ ਹੀ ਇਸ ਉੱਤੇ ਵਿਵਾਦ ਸ਼ੁਰੂ ਹੋ ਗਿਆ।

ਵਿਦਿਆਰਥੀਆਂ ਅਤੇ ਰਾਜਨੀਤਿਕ ਪਾਰਟੀਆਂ ਦੇ ਵਿਰੋਧ ਤੋਂ ਬਾਅਦ ਪੰਜਾਬ ਸਰਕਾਰ ਨੇ ਜਦੋਂ ਇਸ ਮਾਮਲੇ ਦੀ ਜਾਂਚ ਕਰਵਾਈ ਤਾਂ ਕਾਫ਼ੀ ਹੈਰਾਨੀਜਨਕ ਤੱਥ ਸਾਹਮਣੇ ਆਏ।

ਪਟਿਆਲਾ ਰੇਂਜ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਪੁਲਿਸ ਨੂੰ ਜਾਂਚ ਵਿੱਚ ਪਤਾ ਲੱਗਾ ਕਿ ਨਾਇਬ ਤਹਿਸੀਲਦਾਰ ਲਈ ਹੋਈ ਪ੍ਰੀਖਿਆ ਵਿੱਚ ਹਾਈਟੈੱਕ ਤਰੀਕੇ ਨਾਲ ਨਕਲ ਕਰਵਾਈ ਗਈ ਸੀ।

ਨਕਲ ਕਰਵਾਉਣ ਵਾਲੇ ਗ੍ਰਿਰੋਹ ਨੇ ਇਸ ਦੇ ਲਈ 22 ਲੱਖ ਰੁਪਏ ਪ੍ਰਤੀ ਉਮੀਦਵਾਰ ਸੌਦਾ ਤੈਅ ਕੀਤਾ ਸੀ।

ਹੈਰਾਨੀ ਵਾਲੀ ਗੱਲ ਇਹ ਵੀ ਹੈ ਪੁਲਿਸ ਨੇ ਹੁਣ ਤੱਕ ਜੋ ਉਮੀਦਵਾਰ ਗ੍ਰਿਫ਼ਤਾਰ ਕੀਤੇ ਹਨ ਉਨ੍ਹਾਂ ਵਿਚੋਂ ਦੋ ਦਾ ਰੈਂਕ ਕ੍ਰਮਵਾਰ ਦੂਜਾ ਅਤੇ ਪੰਜਵਾਂ ਹੈ।

ਪਟਿਆਲਾ ਪੁਲਿਸ ਨੇ ਹੁਣ ਤੱਕ ਨਕਲ ਕਰਵਾਉਣ ਵਾਲੇ ਗ੍ਰਿਰੋਹ ਦੇ ਪੰਜ ਮੈਂਬਰ ਜਿੰਨਾ ਵਿੱਚੋਂ ਤਿੰਨ ਪਟਿਆਲਾ ਦੇ ਅਤੇ ਦੋ ਹਰਿਆਣਾ ਸ਼ਾਮਲ ਹਨ, ਨੂੰ ਗ੍ਰਿਫ਼ਤਾਰ ਕੀਤਾ ਹੈ।

ਇਸ ਤੋਂ ਪ੍ਰੀਖਿਆ ਪਾਸ ਕਰਨ ਵਾਲੇ ਪੰਜ ਪ੍ਰੀਖਿਆਰਥੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ।

ਆਈਜੀ ਮੁਖਵਿੰਦਰ ਸਿੰਘ ਛੀਨਾ ਮੁਤਾਬਕ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਨਕਲ ਕਰ ਕੇ ਪ੍ਰੀਖਿਆ ਪਾਸ ਕਰਨ ਵਾਲੇ ਪ੍ਰੀਖਿਆਰਥੀ ਸੰਗਰੂਰ ਅਤੇ ਪਟਿਆਲਾ ਜ਼ਿਲ੍ਹੇ ਨਾਲ ਹੀ ਸਬੰਧਿਤ ਹਨ।

ਮੁੱਖ ਬਿੰਦੂ

  • ਨਾਇਬ ਤਹਿਸੀਲਦਾਰ ਲੱਗਣ ਲਈ ਹਾਈਟੈੱਕ ਤਰੀਕੇ ਨਾਲ ਨਕਲ ਹੋਣ ਦੇ ਇਲਜ਼ਾਮ ਹਨ
  • ਇਹ ਪ੍ਰੀਖਿਆ 22 ਮਈ 2022 ਨੂੰ ਹੋਈ
  • ਪੇਪਰ ਦੇ ਨਤੀਜੇ ਆਉਣ ਮਗਰੋਂ ਹੀ ਇਹ ਪ੍ਰੀਖਿਆ ਵਿਵਾਦਾਂ ਵਿੱਚ ਸੀ।
  • ਪੇਪਰ ਹੱਲ ਕਰਵਾਉਣ ਲਈ ਕਥਿਤ ਤੌਰ ਉੱਤੇ ਅਧਿਆਪਕਾਂ ਦਾ ਵੀ ਸਹਾਰਾ ਲਿਆ ਗਿਆ
  • ਪਟਿਆਲਾ ਪੁਲਿਸ ਹੁਣ ਤੱਕ 11 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ
  • ਇਸ ਵਿੱਚ ਪ੍ਰੀਖਿਆ ਪਾਸ ਕਰਨ ਵਾਲੇ ਪੰਜ ਉਮੀਦਵਾਰ ਗ੍ਰਿਫਤਾਰ ਕੀਤੇ ਗਏ ਹਨ
  • ਨਾਇਬ ਤਹਿਸੀਲਦਾਰ ਦੀਆਂ 78 ਅਸਾਮੀਆਂ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ

ਨਕਲ ਲਈ ਤਕਨੀਕ ਦਾ ਸਹਾਰਾ

ਆਈ ਜੀ ਮੁਖਵਿੰਦਰ ਸਿੰਘ ਛੀਨਾ ਮੁਤਾਬਕ ਨਕਲ ਕਰਵਾਉਣ ਵਾਲੇ ਗਿਰੋਹ ਨੇ ਪੇਪਰ ਤੋਂ ਪਹਿਲਾਂ ਪ੍ਰੀਖਿਆ ਦੇਣ ਵਾਲੇ ਕੁਝ ਵਿਦਿਆਰਥੀਆਂ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਯਕੀਨ ਦਿਵਾਇਆ ਕੀ ਉਹ ਪੇਪਰ ਕਰਵਾਉਣ ਵਿੱਚ ਮਦਦ ਕਰ ਸਕਦੇ ਹਨ।

ਗਿਰੋਹ ਦੇ ਮੈਂਬਰ ਨੇ ਪੇਪਰ ਕਰਵਾਉਣ ਵਾਲੇ 22 ਲੱਖ ਰੁਪਏ ਪ੍ਰਤੀ ਵਿਦਿਆਰਥੀ ਮੰਗ ਕੀਤੀ ਜਿਸ ਵਿਚੋਂ ਹਾਮੀ ਭਰਨ ਵਾਲੇ ਵਿਦਿਆਰਥੀਆਂ ਤੋਂ ਕੁਝ ਪੈਸੇ ਐਡਵਾਂਸ ਅਤੇ ਕੁਝ ਬਾਕੀ ਪੇਪਰ ਤੋਂ ਬਾਅਦ ਲੈਣ ਦੀ ਗੱਲ ਕੀਤੀ ਗਈ।

ਆਈਜੀ ਛੀਨਾ ਮੁਤਾਬਕ ਗਿਰੋਹ ਦਾ ਤਰੀਕਾ ਇਹ ਸੀ ਕਿ ਕੁਝ ਉਮੀਦਵਾਰਾਂ ਨੂੰ ਫਾਰਮ ਭਰਾ ਕੇ ਡੰਮੀ ਕੈਂਡੀਡੈਟ ਵਜੋਂ ਪੇਪਰ ਹਾਲ ਵਿੱਚ ਭੇਜਿਆ ਗਿਆ।

ਡੰਮੀ ਉਮੀਦਵਾਰਾਂ ਦੇ ਕੋਲ ਪਿੰਨ ਕੈਮਰੇ ਸਨ। ਹਰਿਆਣਾ ਦੇ ਵਿੱਚ ਬਕਾਇਦਾ ਗਿਰੋਹ ਦੇ ਮੈਂਬਰ ਨੇ ਇੱਕ ਕੰਟਰੋਲ ਰੂਮ ਬਣਾਇਆ ਹੋਇਆ ਸੀ ਜਿਸ ਵਿੱਚ ਪ੍ਰੋਫੈਸਰ ਅਤੇ ਹੋਰ ਸਿੱਖਿਆ ਮਾਹਿਰਾਂ ਨੂੰ ਬੈਠਾਇਆ ਗਿਆ ਸੀ।

ਪੇਪਰ ਸ਼ੁਰੂ ਹੋਣ ਸਾਰ ਹੀ ਡੰਮੀ ਉਮੀਦਵਾਰਾਂ ਨੇ ਪ੍ਰੀਖਿਆ ਹਾਲ ਵਿਚੋਂ ਕੈਮਰੇ ਦੀ ਮਦਦ ਸਾਰਾ ਪੇਪਰ ਕੰਟਰੋਲ ਰੂਮ ਵਿੱਚ ਪਹੁੰਚ ਦਿੱਤਾ ਜਿੱਥੇ ਕੁਝ ਹੀ ਦੇਰ ਵਿੱਚ ਮਾਹਿਰਾਂ ਨੇ ਪੇਪਰ ਹੱਲ ਕਰ ਦਿੱਤਾ।

ਜਿੰਨਾ ਉਮੀਦਵਾਰਾਂ ਨਾਲ ਗਿਰੋਹ ਦੇ ਮੈਂਬਰਾਂ ਦੀ ਡੀਲ ਹੋ ਚੁੱਕੀ ਸੀ ਉਨ੍ਹਾਂ ਨੂੰ ਪਹਿਲਾਂ ਹੀ ਇਨ੍ਹਾਂ ਨੇ ਜੀਐੱਸਐੱਮ (ਗਲੋਬਲ ਸਿਸਟਮ ਆਫ਼ ਮੋਬਾਈਲ ਕਮਨੀਕੇਸ਼ਨ) ਤਕਨੀਕ ਨਾਲ ਲੈੱਸ ਕਰ ਕੇ ਪ੍ਰੀਖਿਆ ਕੇਂਦਰ ਵਿੱਚ ਭੇਜਿਆ ਸੀ।

ਪ੍ਰੀਖਿਆ ਹਾਲ ਦੇ ਬਾਹਰ ਬੈਠੇ ਕੇ ਜੀਸੀਐੱਮ ਤਕਨੀਕ ਦੇ ਰਾਹੀਂ ਪ੍ਰੀਖਿਆਰਥੀਆਂ ਨੂੰ ਪੇਪਰ ਹੱਲ ਕਰਵਾਇਆ ਗਿਆ।

ਆਈਜੀ ਛੀਨਾ ਮੁਤਾਬਕ ਪ੍ਰੀਖਿਆ ਕਰਵਾਉਣ ਵਾਲੇ ਗਿਰੋਹ ਦੇ ਮੈਂਬਰਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ ਅਤੇ ਇਹਨਾਂ ਕੋਲੋਂ 11 ਜੀਐੱਸਐੱਮ ਉਪਕਰਨ, 7 ਮਿੰਨੀ ਬਲੂਟੁੱਥ ਈਅਰਬਡ, 12 ਮੋਬਾਈਲ ਫ਼ੋਨ, ਸਿੰਮ ਅਤੇ 1 ਲੈਪਟਾਪ ਅਤੇ 2 ਪੈੱਨ ਡਰਾਈਵ ਬਰਾਮਦ ਕੀਤੇ ਹਨ।

ਪਟਿਆਲਾ ਪੁਲਿਸ ਦਾ ਦਾਅਵਾ ਹੈ ਕਿ ਇਹਨਾਂ ਸਾਰੇ ਉਪਕਰਨਾਂ ਦਾ ਇਸਤੇਮਾਲ ਪ੍ਰੀਖਿਆ ਦੌਰਾਨ ਕੀਤਾ ਗਿਆ ਸੀ। ਪਟਿਆਲਾ ਪੁਲਿਸ ਪ੍ਰੀਖਿਆ ਵਿੱਚ ਹੋਈ ਧਾਂਦਲੀ ਦੇ ਸਬੰਧ ਵਿੱਚ ਪੰਜਾਬ ਪਬਲਿਕ ਕਮਿਸ਼ਨ ਨੂੰ ਸੂਚਿਤ ਕਰਵਾ ਦਿੱਤਾ ਹੈ।

ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਉਤੇ ਪੁਲਿਸ ਦੀ ਅੱਖ

ਪਟਿਆਲਾ ਪੁਲਿਸ ਨੇ ਨਾਇਬ ਤਹਿਸੀਲਦਾਰ ਪੇਪਰ ਲੀਕ ਮਾਮਲੇ ਵਿੱਚ ਹੁਣ ਤੱਕ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਇੰਨਾ ਵਿੱਚ 6 ਪੇਪਰ ਲੀਕ ਕਰਵਾਉਣ ਅਤੇ ਪੰਜ ਉਮੀਦਵਾਰ ਸ਼ਾਮਲ ਹਨ।

ਪਟਿਆਲਾ ਪੁਲਿਸ ਨੇ ਨਾਇਬ ਤਹਿਸੀਲਦਾਰ ਦੀ ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰਾਂ ਤੋਂ ਪੁਛਗਿੱਛ ਕੀਤੀ ਜਾ ਰਹੀ ਹੈ।

ਹੁਣ ਤੱਕ ਪੁਲਿਸ ਬਲਰਾਜ ਸਿੰਘ (ਰੈਂਕ 2) ,ਬਲਦੀਪ ਸਿੰਘ (ਰੈਂਕ 4) ਲਵਪ੍ਰੀਤ ਸਿੰਘ (ਰੈਂਕ 12) ਵਰਿੰਦਰਪਾਲ ਸਿੰਘ ਚੌਧਰੀ( ਰੈਂਕ 21) ਅਤੇ ਸੁਨੀਤਾ (5ਵਾਂ ਰੈਂਕ) ਸ਼ਾਮਲ ਹੈ।

ਪਟਿਆਲਾ ਪੁਲਿਸ ਦੇ ਡੀਐੱਸਪੀ (ਸਿਟੀ -1) ਸੰਜੀਵ ਸਿੰਗਲਾ ਨੇ ਬੀਬੀਸੀ ਨੂੰ ਦੱਸਿਆ ਕਿ ਸੁਨੀਤਾ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ ਜਿੱਥੇ ਉਸ ਨੇ ਆਪਣਾ ਜੁਰਮ ਕਬਲ ਕਰ ਲਿਆ ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਫ਼ਿਲਹਾਲ ਪਟਿਆਲਾ ਪੁਲਿਸ ਨੇ ਸੁਨੀਤਾ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਦੋ ਦਿਨ ਦੇ ਪੁਲਿਸ ਰਿਮਾਂਡ ਉੱਤੇ ਲੈ ਲਿਆ ਹੈ।

ਪੇਪਰ ਲੀਕ ਮਾਮਲੇ ਨੂੰ ਰਾਜਨੀਤਿਕ ਰੰਗਤ

ਪੇਪਰ ਲੀਕ ਮਾਮਲਾ ਪੰਜਾਬ ਵਿੱਚ ਰਾਜਨੀਤਿਕ ਰੰਗਤ ਵੀ ਲੈ ਚੁੱਕਾ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕਰ ਚੁੱਕੇ ਹਨ।

ਬਿਕਰਮ ਮਜੀਠੀਆ ਦਾ ਕਹਿਣਾ ਹੈ ਕਿ ਨਾਇਬ ਤਹਿਸੀਲਦਾਰ ਲਈ 19 ਜਨਰਲ ਕੈਟਾਗਰੀ ਦੇ ਉਮੀਦਵਾਰਾਂ ਦੀ ਚੋਣ ਹੋਈ ਹੈ ਜਿਸ ਵਿੱਚੋਂ 11 ਮੁੱਖ ਮੰਤਰੀ ਦੇ ਇਲਾਕੇ ਨਾਲ ਸਬੰਧਿਤ ਹਨ।

ਦੂਜੇ ਪਾਸੇ ਕਾਂਗਰਸ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਇਸ ਧਾਂਦਲੀ ਵਿੱਚ ਪੰਜਾਬ ਸਰਵਿਸ ਕਮਿਸ਼ਨ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ।

ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਨਾਇਬ ਤਹਿਸੀਲਦਾਰਾਂ ਦੀ ਭਰਤੀ ਰੱਦ ਕਰ ਕੇ ਨਵੇਂ ਸਿਰੇ ਤੋਂ ਭਰਤੀ ਕੀਤੀ ਜਾਵੇ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)