ਕੈਨੇਡਾ ਦੇ ਬਰੈਂਪਟਨ ’ਚ 21 ਸਾਲਾ ਪੰਜਾਬਣ ਦੇ ਕਤਲ ਕੇਸ ’ਚ ਪੁਲਿਸ ਨੇ ਸ਼ੱਕੀ ਮੁਲਜ਼ਮ ਬਾਰੇ ਕੀ ਦੱਸਿਆ

ਕੈਨੇਡਾ ਵਾਸੀ ਪੰਜਾਬੀ ਮੂਲ ਦੀ ਕੁੜੀ ਪਵਨਪ੍ਰੀਤ ਕੌਰ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਸ਼ੱਕੀ ਦੀ ਇੱਕ ਤਸਵੀਰ ਜਾਰੀ ਕੀਤੀ ਹੈ।

21 ਸਾਲਾ ਪਵਨਪ੍ਰੀਤ ਦਾ ਸ਼ਨੀਵਾਰ ਰਾਤ ਨੂੰ ਬਰੈਂਪਟਨ ਇਲਾਕੇ ਵਿੱਚ ਸਥਿਤ ਇੱਕ ਗੈਸ ਸਟੇਸ਼ਨ ’ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। 

ਪੀਲ ਰਿਜ਼ਨਲ ਪੁਲਿਸ ਵਲੋਂ ਜਾਰੀ ਇੱਕ ਪ੍ਰੈਸ ਨੋਟ ਮੁਤਾਬਕ ਸ਼ਨੀਵਾਰ ਰਾਤ 10:40 ਮਿੰਟ ਬ੍ਰਿਟਾਨੀਆ ਰੋਡ ’ਤੇ ਸਥਿਤ ਪੈਟਰੋ ਕੈਨੇਡਾ ਸਟੇਸ਼ਨ ਉੱਤੇ ਪਵਨਪ੍ਰੀਤ ਕੌਰ ਨਾਮ ਦੀ ਇੱਕ ਸਿੱਖ ਕੁੜੀ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ।

ਪੁਲਿਸ ਦਾ ਕਹਿਣਾ ਹੈ ਕਿ ਪਵਨਪ੍ਰੀਤ ਉਸੇ ਗੈਸ ਸਟੇਸ਼ਨ ’ਤੇ ਕੰਮ ਕਰਦੇ ਸਨ ਤੇ ਗੋਲੀਬਾਰੀ ਦੌਰਾਨ ਕਈ ਗੋਲੀਆਂ ਲੱਗਣ ਨਾਲ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਪੀਲ ਰੀਜਨਲ ਪੁਲਿਸ ਦੇ ਬਿਆਨ ਮੁਤਾਬਕ ਪੁਲਿਸ ਨੇ ਲੜਕੀ ਦੀ ਜਾਣ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਗੋਲੀਆਂ ਜ਼ਿਆਦਾ ਲੱਗਣ ਕਾਰਨ ਪੀੜਤਾ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ।

ਸ਼ੱਕੀ ਹਮਲਾਵਰ ਬਾਰੇ ਕੀ-ਕੀ ਪਤਾ

ਪੀਲ ਪੁਲਿਸ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ, “ਸ਼ੱਕੀ ਹਲਮਾਵਾਰ ਇੱਕ ਮਰਦ ਸੀ ਤੇ ਉਹ ਘਟਨਾ ਤੋਂ ਕਰੀਬ ਤਿੰਨ ਘੰਟੇ ਪਹਿਲਾਂ ਕਤਲੇਆਮ ਵਾਲੀ ਥਾਂ ’ਤੇ ਪਹੁੰਚ ਗਿਆ ਸੀ।”

ਪੁਲਿਸ ਨੇ ਦੱਸਿਆ ਕਿ ਸ਼ੱਕੀ ਹਮਲਾਵਰ ਨੇ ਗਾੜ੍ਹੇ ਰੰਗ ਦੀ ਜੈਕੇਟ ਪਹਿਨੀ ਹੋਈ ਸੀ, ਸਿਰ ਹੂਡੀ ਨਾਲ ਢੱਕਿਆ ਹੋਇਆ ਸੀ ਤੇ ਸਫ਼ੇਦ ਰੰਗ ਦੇ ਦਸਤਾਨੇ ਪਹਿਨੇ ਹੋਏ ਸਨ।

ਪੁਲਿਸ ਮੁਤਾਬਕ ਉਸ ਨੇ ਗੋਲੀ ਚਲਾਉਣ ਤੱਕ ਆਪਣਾ ਸਿਰ ਪੂਰੀ ਤਰ੍ਹਾਂ ਢੱਕੀ ਰੱਖਿਆ, ਤੇ ਘਟਨਾ ਮੌਕੇ ਵੀ ਆਪਣੀ ਹੂਡੀ ਨੂੰ ਥੋੜ੍ਹਾ ਹੀ ਉੱਪਰ ਕੀਤਾ ਸੀ ਤਾਂ ਜੋ ਚਿਹਰਾ ਨਜ਼ਰ ਨਾ ਆਵੇ।

ਚਸ਼ਮਦੀਦਾਂ ਨਾਲ ਗੱਲਬਾਤ ਕਰਨ ਅਤੇ ਵੀਡੀਓਜ਼ ਨੂੰ ਦੇਖਣ ਤੋਂ ਬਾਅਦ ਪੁਲਿਸ ਸ਼ੱਕੀ ਵਿਅਕਤੀ ਨੂੰ ਦੀ ਤਸਵੀਰ ਜਾਰੀ ਕਰਨ ਵਿੱਚ ਸਫ਼ਲ ਹੋ ਸਕੀ ਹੈ।

ਸ਼ੱਕੀ ਹਮਲਾਵਰ ਨੂੰ ਉਸ ਇਲਾਕੇ ਵਿੱਚ ਖੜੇ ਹੋ ਕੇ ਸਿਗਰਟ ਪੀਂਦਿਆਂ ਦੇਖਿਆ ਗਿਆ।

ਉਸ ਨੂੰ ਵਾਰਦਾਤ ਤੋਂ ਪਹਿਲਾਂ ਤੇ ਬਾਅਦ ਵਿੱਚ ਕੁਝ ਸੜਕਾਂ ਤੋਂ ਗੁਜਰਦਿਆਂ ਦੇਖਿਆ ਗਿਆ ਸੀ। ਜਿਥੋਂ ਦੀਆਂ ਵੀਡੀਓਜ਼ ਦੀ ਮਦਦ ਨਾਲ ਪੁਲਿਸ ਵਲੋਂ ਸ਼ੱਕੀ ਹਮਲਾਵਰ ਦੀ ਇੱਕ ਤਸਵੀਰ ਵੀ ਜਾਰੀ ਕੀਤੀ ਗਈ ਹੈ।

ਪੁਲਿਸ ਮੁਤਾਬਕ ਹੋ ਸਕਦਾ ਹੈ ਕਿ ਉਹ ਘਟਨਾ ਵਾਲੀ ਥਾਂ ’ਤੇ ਪਹਿਲੀ ਵਾਰ ਹੀ ਆਇਆ ਹੋਵੇ ਪਰ ਇਸ ਬਾਰੇ ਪੁਖ਼ਤਾ ਜਾਣਕਾਰੀ ਨਹੀਂ ਹੈ।

ਹਮਲਾਵਰ ਦੀ ਤਲਾਸ਼ ਜਾਰੀ

ਪੁਲਿਸ ਨੂੰ ਮਿਲੀ ਜਾਣਕਾਰੀ ਮੁਤਬਾਕ ਸ਼ੱਕੀ ਹਮਲਾਵਾਰ ਘਟਨਾ ਬਾਅਦ ਪੈਦਲ ਹੀ ਉਥੋਂ ਭੱਜਿਆ।

ਉਸ ਨੂੰ ਘਟਨਾ ਤੋਂ ਬਾਅਦ ਪੈਦਲ ਹੀ ਗੈਸ ਸਟੇਸ਼ਨ ਤੋਂ ਨਿਕਲਦਿਆਂ ਦੇਖਿਆ ਗਿਆ। ਪੁਲਿਸ ਉਸ ਦੀ ਨੂੰ ਗ੍ਰਿਫ਼ਤਾਰ ਨਾ ਕਰ ਸਕੀ ਤੇ ਉਸ ਦੀ ਤਲਾਸ਼ ਜਾਰੀ ਹੈ।

ਪੁਲਿਸ ਨੇ ਇਸ ਨੂੰ ਟਾਰਗੈਟ ਕਿਲਿੰਗ ਦੀ ਘਟਨਾ ਦੱਸਦਿਆਂ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਵਾਰਦਾਤ ਵਾਲੀ ਥਾਂ ਤੋਂ ਕੋਈ ਹਥਿਆਰ ਬਰਾਮਦ ਨਹੀਂ ਹੋਇਆ ਹੈ।

ਪੁਲਿਸ ਨੇ ਕਿਹਾ ਜੇ ਜਨਤਕ ਸੁਰੱਖਿਆ ਨੂੰ ਕੋਈ ਖ਼ਤਰਾ ਨਹੀਂ ਹੈ ਤੇ ਜਿਸ ਕਿਸੇ ਕੋਲ ਵੀ ਕੋਈ ਜਾਣਕਾਰੀ ਜਾਂ ਵੀਡੀਓ ਫੁੱਟਏਜ਼ ਹੋਵੇ ਉਹ ਜਾਂਚ ਕਰਤਾਵਾਂ ਨਾਲ ਸੰਪਰਕ ਕਰੇ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਸਰੀ ਦੇ ਇੱਕ ਹਾਈ ਸਕੂਲ ਦੀ ਪਾਰਕਿੰਗ ਵਿੱਚ 18 ਸਾਲਾ ਭਾਰਤੀ ਮੂਲ ਦੇ ਮਿਹਕਪ੍ਰੀਤ ਸੇਠੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)