You’re viewing a text-only version of this website that uses less data. View the main version of the website including all images and videos.
ਗਾਜ਼ਾ ਵਿੱਚ ਜੰਗਬੰਦੀ ਸਮਝੌਤੇ ਅਤੇ 20 ਬੰਧਕਾਂ ਦੀ ਰਿਹਾਈ ਬਾਰੇ ਹੁਣ ਤੱਕ ਕੀ-ਕੀ ਪਤਾ ਹੈ?
- ਲੇਖਕ, ਟੌਮ ਬੇਨੇਟ
- ਰੋਲ, ਬੀਬੀਸੀ ਪੱਤਰਕਾਰ, ਯੇਰੂਸ਼ਲਮ
ਹਮਾਸ ਨੇ ਗਾਜ਼ਾ ਵਿੱਚ ਰੱਖੇ ਇਜ਼ਰਾਈਲੀ ਬੰਧਕਾਂ ਨੂੰ ਫ਼ਲਸਤੀਨੀ ਕੈਦੀਆਂ ਅਤੇ ਬੰਦੀਆਂ ਨੂੰ ਰਿਹਾਅ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਡੌਨਲ਼ਡ ਟਰੰਪ ਦੀ ਗਾਜ਼ਾ ਸ਼ਾਂਤੀ ਯੋਜਨਾ ਦੇ ਪਹਿਲੇ ਪੜਾਅ ਦਾ ਹਿੱਸਾ ਹੈ।
ਸਮਝੌਤੇ ਦੇ ਤਹਿਤ ਪਿਛਲੇ ਸ਼ੁੱਕਰਵਾਰ ਨੂੰ ਜੰਗਬੰਦੀ ਲਾਗੂ ਹੋਈ ਸੀ ਅਤੇ ਹਫ਼ਤੇ ਦੇ ਅੰਤ ਵਿੱਚ ਗਾਜ਼ਾ ਨੂੰ ਰਾਹਤ ਸਮੱਗਰੀ ਦੀ ਸਪਲਾਈ ਵਿੱਚ ਵਾਧਾ ਹੋਇਆ ਹੈ।
ਪਹਿਲੇ ਪੜਾਅ ਦੇ ਪੂਰਾ ਹੋਣ ਤੋਂ ਬਾਅਦ, ਹੋਰ ਗੱਲਬਾਤ ਸ਼ੁਰੂ ਹੋਣ ਦੀ ਉਮੀਦ ਹੈ।
ਹੁਣ ਤੱਕ ਜਨਤਕ ਤੌਰ 'ਤੇ ਇਹੀ ਜਾਣਕਾਰੀ ਉਪਲਬਧ ਹੈ।
ਸ਼ੁੱਕਰਵਾਰ ਨੂੰ ਲਾਗੂ ਹੋਏ ਜੰਗਬੰਦੀ ਸਮਝੌਤੇ ਦੇ ਤਹਿਤ ਹਮਾਸ ਨੂੰ 48 ਇਜ਼ਰਾਈਲੀ ਅਤੇ ਵਿਦੇਸ਼ੀ ਬੰਧਕਾਂ ਨੂੰ ਰਿਹਾਅ ਕਰਨਾ ਹੈ, ਜਿਨ੍ਹਾਂ ਨੂੰ ਉਨ੍ਹਾਂ ਨੇ ਦੋ ਸਾਲ ਜੰਗ ਤੋਂ ਬਾਅਦ ਵੀ ਗਾਜ਼ਾ ਵਿੱਚ ਰੱਖਿਆ ਹੋਇਆ ਸੀ। ਇਨ੍ਹਾਂ ਵਿੱਚੋਂ ਸਿਰਫ਼ 20 ਦੇ ਜ਼ਿੰਦਾ ਹੋਣ ਦੀ ਪੁਸ਼ਟੀ ਹੋਈ ਹੈ।
ਇਹ ਲਗਭਗ ਸਾਰੇ 7 ਅਕਤੂਬਰ, 2023 ਨੂੰ ਇਜ਼ਰਾਈਲ ਦੇ ਦੱਖਣੀ ਖੇਤਰਾਂ 'ਤੇ ਫ਼ਲਸਤੀਨੀ ਸਮੂਹ ਹਮਾਸ ਦੇ ਹਮਲੇ ਦੌਰਾਨ ਅਗਵਾ ਕੀਤੇ ਗਏ 251 ਲੋਕਾਂ ਵਿੱਚ ਸ਼ਾਮਲ ਸਨ।
ਉਸ ਹਮਲੇ ਵਿੱਚ ਲਗਭਗ 1,200 ਲੋਕ ਮਾਰੇ ਗਏ ਸਨ। ਜਵਾਬ ਵਿੱਚ ਇਜ਼ਰਾਈਲ ਨੇ ਗਾਜ਼ਾ ਵਿੱਚ ਇੱਕ "ਫੌਜੀ ਕਾਰਵਾਈ" ਸ਼ੁਰੂ ਕੀਤੀ, ਜਿਸ ਵਿੱਚ ਗਾਜ਼ਾ ਦੇ ਹਮਾਸ-ਸ਼ਾਸਿਤ ਸਿਹਤ ਮੰਤਰਾਲੇ ਦੇ ਅਨੁਸਾਰ, ਹੁਣ ਤੱਕ 67,000 ਤੋਂ ਵੱਧ ਲੋਕ ਮਾਰੇ ਗਏ ਹਨ।
ਰਿਹਾਅ ਕੀਤੇ ਗਏ ਬੰਧਕ ਕੌਣ ਹਨ?
ਸੋਮਵਾਰ ਸਵੇਰੇ, ਹਮਾਸ ਨੇ 20 ਬਚੇ ਹੋਏ ਬੰਧਕਾਂ ਨੂੰ ਦੋ ਸਮੂਹਾਂ ਵਿੱਚ ਅੰਤਰਰਾਸ਼ਟਰੀ ਰੈੱਡ ਕਰਾਸ ਦੀ ਕਮੇਟੀ (ਆਈਸੀਆਰਸੀ) ਨੂੰ ਸੌਂਪ ਦਿੱਤਾ।
ਇਜ਼ਰਾਈਲੀ ਅਧਿਕਾਰੀਆਂ ਦੇ ਅਨੁਸਾਰ, ਪਹਿਲੇ ਸਮੂਹ ਵਿੱਚ ਈਟਨ ਮੋਰ, ਗਾਲੀ ਬਰਮਨ, ਜ਼ਿਵ ਬਰਮਨ, ਓਮਰੀ ਮੀਰਾਨ, ਐਲੋਨ ਓਹਲ, ਗਾਈ ਗਿਲਬੋਆ-ਦਲਾਲ ਅਤੇ ਮਾਟਨ ਐਂਗ੍ਰੇਸਟ ਸ਼ਾਮਲ ਸਨ।
ਦੂਜੇ ਸਮੂਹ ਵਿੱਚ ਬਾਰ ਕੂਪਰਸਟਾਈਨ, ਈਵਯਾਤਰ ਡੇਵਿਡ, ਯੋਸੇਫ ਹੈਮ ਓਹਾਨਾ, ਸੇਗੇਵ ਖ਼ਲਫੋਨ, ਅਵੀਤਾ ਓਰ, ਐਲਕਾਨਾਹ ਬੋਹਬੋਟ, ਮੈਕਸਿਮ ਹਰਕਿਨ, ਨਿਮਰੋਦ ਕੋਹੇਨ, ਮਾਟਨ ਜ਼ੰਗੌਕਰ, ਡੇਵਿਡ ਕੁਨੀਓ, ਈਟਨ ਹੌਰਨ, ਰੋਮ ਬ੍ਰਾਸਲਾਬਸਕੀ ਅਤੇ ਏਰੀਅਲ ਕੁਨੀਓ ਸ਼ਾਮਲ ਸਨ।
ਇਜ਼ਰਾਈਲੀ ਮੀਡੀਆ ਵਿੱਚ ਪ੍ਰਕਾਸ਼ਤ ਜੰਗਬੰਦੀ ਸਮਝੌਤੇ ਦੀ ਇੱਕ ਕਾਪੀ ਦੇ ਅਨੁਸਾਰ, ਸੋਮਵਾਰ ਦੁਪਹਿਰ 2:30 ਵਜੇ (ਭਾਰਤੀ ਸਮੇਂ ਅਨੁਸਾਰ) ਤੱਕ ਸਾਰੇ ਮ੍ਰਿਤਕ ਬੰਧਕਾਂ ਦੀਆਂ ਲਾਸ਼ਾਂ ਵੀ ਸੌਂਪੀਆਂ ਜਾਣੀਆਂ ਸਨ।
ਹਾਲਾਂਕਿ, ਸਮਝੌਤਾ ਇਹ ਵੀ ਸਵੀਕਾਰ ਕਰਦਾ ਹੈ ਕਿ ਹਮਾਸ ਅਤੇ ਹੋਰ ਫ਼ਲਸਤੀਨੀ ਸਮੂਹ ਉਸ ਸਮਾਂ ਸੀਮਾ ਦੇ ਅੰਦਰ ਸਾਰੀਆਂ ਲਾਸ਼ਾਂ ਦਾ ਪਤਾ ਨਹੀਂ ਲਗਾ ਸਕਣਗੇ।
ਇੱਕ ਇਜ਼ਰਾਈਲੀ ਅਧਿਕਾਰੀ ਨੇ ਦੱਸਿਆ ਕਿ ਇੱਕ ਅੰਤਰਰਾਸ਼ਟਰੀ ਟਾਸਕ ਫੋਰਸ ਉਨ੍ਹਾਂ ਲਾਸ਼ਾਂ ਦੀ ਭਾਲ ਸ਼ੁਰੂ ਕਰੇਗੀ ਜੋ ਵਾਪਸ ਨਹੀਂ ਕੀਤੀਆਂ ਜਾ ਸਕਦੀਆਂ।
ਰਿਹਾਅ ਕੀਤੇ ਜਾ ਰਹੇ ਫ਼ਲਸਤੀਨੀ ਕੈਦੀ ਕੌਣ ਹਨ?
ਬੰਧਕਾਂ ਦੀ ਰਿਹਾਈ ਦੇ ਬਦਲੇ ਇਜ਼ਰਾਈਲ ਆਪਣੀਆਂ ਜੇਲ੍ਹਾਂ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ 250 ਫ਼ਲਸਤੀਨੀ ਕੈਦੀਆਂ ਅਤੇ ਗਾਜ਼ਾ ਤੋਂ 1,718 ਬੰਦੀਆਂ ਨੂੰ ਰਿਹਾਅ ਕਰਨ ਲਈ ਸਹਿਮਤ ਹੋ ਗਿਆ ਹੈ, ਜਿਨ੍ਹਾਂ ਵਿੱਚ 15 ਨਾਬਾਲਗ਼ ਵੀ ਸ਼ਾਮਲ ਹਨ।
ਸੋਮਵਾਰ ਸਵੇਰੇ ਹਮਾਸ-ਨਿਯੰਤਰਿਤ ʻਪ੍ਰਿਜ਼ਨਰਸ ਮੀਡੀਆ ਆਫਿਸʼ ਨੇ ਕੈਦੀਆਂ ਅਤੇ ਬੰਦੀਆਂ ਦੀ ਤਾਜ਼ਾ ਸੂਚੀ ਜਾਰੀ ਕੀਤੀ।
ਸੂਚੀ ਵਿੱਚ ਇਜ਼ਰਾਈਲੀਆਂ 'ਤੇ ਘਾਤਕ ਹਮਲਿਆਂ ਲਈ ਕਈ ਉਮਰ ਕੈਦ ਦੀ ਸਜ਼ਾ ਕੱਟ ਰਹੇ ਪ੍ਰਮੁੱਖ ਨਾਵਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਇਨ੍ਹਾਂ ਵਿੱਚ ਮਾਰਵਾਨ ਬਰਗ਼ੂਤੀ ਅਤੇ ਅਹਿਮਦ ਸਾਦਾਤ ਸ਼ਾਮਲ ਹਨ, ਜਿਨ੍ਹਾਂ ਦੀ ਰਿਹਾਈ ਦੀ ਮੰਗ ਹਮਾਸ ਨੇ ਕੀਤੀ ਸੀ।
ਇਜ਼ਰਾਈਲੀ ਮੀਡੀਆ ਦੇ ਅਨੁਸਾਰ, ਪਿਛਲੇ ਹਫ਼ਤੇ ਰਿਪੋਰਟਾਂ ਵਿੱਚ ਸੰਕੇਤ ਦਿੱਤਾ ਗਿਆ ਸੀ ਕਿ 250 ਕੈਦੀਆਂ ਵਿੱਚੋਂ ਲਗਭਗ 100 ਨੂੰ ਕਬਜ਼ੇ ਵਾਲੇ ਵੈਸਟ ਬੈਂਕ, 15 ਨੂੰ ਕਬਜ਼ੇ ਵਾਲੇ ਪੂਰਬੀ ਯੇਰੂਸ਼ਲਮ ਵਿੱਚ ਅਤੇ 135 ਨੂੰ ਗਾਜ਼ਾ ਪੱਟੀ ਜਾਂ ਹੋਰ ਕਿਤੇ ਭੇਜਿਆ ਜਾਵੇਗਾ।
ਇਹ ਅਜੇ ਸਪੱਸ਼ਟ ਨਹੀਂ ਹੈ ਕਿ ਜੇਕਰ ਮ੍ਰਿਤਕ ਬੰਧਕਾਂ ਦੀ ਰਿਹਾਈ ਵਿੱਚ ਦੇਰੀ ਹੁੰਦੀ ਹੈ ਤਾਂ ਫ਼ਲਸਤੀਨੀ ਕੈਦੀਆਂ ਦੀ ਰਿਹਾਈ ਵੀ ਟਲ ਸਕਦੀ ਹੈ।
ਟਰੰਪ ਦੀ ਯੋਜਨਾ ਦੇ ਪਹਿਲੇ ਪੜਾਅ 'ਚ ਹੋਰ ਕਿਸ ਗੱਲ 'ਤੇ ਸਹਿਮਤੀ ਬਣੀ?
ਗਾਜ਼ਾ ਵਿੱਚ ਜੰਗਬੰਦੀ ਭਾਰਤੀ ਸਮੇਂ ਅਨੁਸਾਰ ਦੁਪਹਿਰ 2:30 ਵਜੇ ਲਾਗੂ ਹੋਈ। ਇਸ ਤੋਂ ਬਾਅਦ, ਗਾਜ਼ਾ ਨੂੰ ਸਹਾਇਤਾ ਦੀ ਮਾਤਰਾ ਵਿੱਚ ਇਜ਼ਾਫ਼ਾ ਹੋਣ ਲੱਗਾ।
ਇਜ਼ਰਾਈਲੀ ਪ੍ਰਧਾਨ ਮੰਤਰੀ ਦਫ਼ਤਰ ਦੇ ਬੁਲਾਰੇ ਦੇ ਅਨੁਸਾਰ, ਇਜ਼ਰਾਈਲੀ ਫੌਜ ਨੇ ਕਿਹਾ ਕਿ ਉਸ ਦੇ ਸੈਨਿਕ ਸਮਝੌਤੇ ਵਿੱਚ ਤੈਅ ਸਰਹੱਦ ਵੱਲ ਵਾਪਸ ਚਲੇ ਗਏ ਹਨ। ਹੁਣ ਗਾਜ਼ਾ ਦੇ 53 ਫੀਸਦ ਹਿੱਸੇ ʼਤੇ ਫੌਜ ਦਾ ਕਬਜ਼ਾ ਹੈ।
ਪਿਛਲੇ ਹਫ਼ਤੇ, ਵ੍ਹਾਈਟ ਹਾਊਸ ਨੇ ਇੱਕ ਨਕਸ਼ਾ ਸਾਂਝਾ ਕੀਤਾ ਸੀ। ਉਸ ਤੋਂ ਸੰਕੇਤ ਮਿਲਦਾ ਹੈ ਕਿ ਇਜ਼ਰਾਈਲ ਦੀ ਵਾਪਸੀ ਦੇ ਤਿੰਨ ਪੜਾਵਾਂ ਵਿੱਚੋਂ ਪਹਿਲਾ ਹੈ, ਬਾਕੀ ਪੜਾਅ ਟਰੰਪ ਦੀ ਸ਼ਾਂਤੀ ਯੋਜਨਾ ਦੇ ਅੰਤਿਮ ਪੜਾਵਾਂ ਦੌਰਾਨ ਹੋਣਗੇ।
ਇੱਕ ਸੀਨੀਅਰ ਅਮਰੀਕੀ ਅਧਿਕਾਰੀ ਦੇ ਅਨੁਸਾਰ, ਅਮਰੀਕੀ ਫੌਜ ਦੀ ਨਿਗਰਾਨੀ ਹੇਠ ਲਗਭਗ 200 ਸੈਨਿਕਾਂ ਦੀ ਇੱਕ ਬਹੁ-ਰਾਸ਼ਟਰੀ ਫੋਰਸ ਜੰਗਬੰਦੀ ਦੀ ਨਿਗਰਾਨੀ ਕਰੇਗੀ। ਮੰਨਿਆ ਜਾਂਦਾ ਹੈ ਕਿ ਇਸ ਫੋਰਸ ਵਿੱਚ ਮਿਸਰ, ਕਤਰ, ਤੁਰਕੀ ਅਤੇ ਸੰਯੁਕਤ ਅਰਬ ਅਮੀਰਾਤ ਦੇ ਸੈਨਿਕ ਸ਼ਾਮਲ ਹੋਣਗੇ।
ਅਧਿਕਾਰੀ ਨੇ ਕਿਹਾ ਕਿ ਫੋਰਸ ਦੀ ਭੂਮਿਕਾ ਜੰਗਬੰਦੀ ਦੀ ਨਿਗਰਾਨੀ ਦੇ ਨਾਲ ਨਿਰੀਖਣ ਕਰਨਾ ਅਤੇ "ਇਹ ਯਕੀਨੀ ਬਣਾਉਣਾ ਹੋਵੇਗਾ ਕਿ ਕੋਈ ਉਲੰਘਣਾ ਜਾਂ ਘੁਸਪੈਠ ਨਾ ਹੋਵੇ"।
ਇੱਕ ਹੋਰ ਸੀਨੀਅਰ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਗਾਜ਼ਾ ਦੇ ਅੰਦਰ ਕੋਈ ਵੀ ਅਮਰੀਕੀ ਸੈਨਿਕ ਤੈਨਾਤ ਨਹੀਂ ਕੀਤਾ ਜਾਵੇਗਾ।
ਬਾਅਦ ਦੇ ਪੜਾਵਾਂ ਬਾਰੇ ਕੀ
ਜੇਕਰ ਬੰਧਕ ਅਤੇ ਕੈਦੀਆਂ ਦੀ ਅਦਲਾ-ਬਦਲੀ ਸਫ਼ਲ ਢੰਗ ਨਾਲ ਹੋ ਜਾਂਦੀ ਹੈ, ਤਾਂ ਇਹ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਟਰੰਪ ਦੀ 20-ਨੁਕਾਤੀ ਯੋਜਨਾ ਦੇ ਅੰਤਿਮ ਪੜਾਵਾਂ 'ਤੇ ਗੱਲਬਾਤ ਕੀਤੀ ਹੋਵੇਗੀ।
ਪਰ ਕਈ ਨੁਕਤਿਆਂ 'ਤੇ ਸਹਿਮਤੀ ਬਣਾਉਣਾ ਮੁਸ਼ਕਲ ਹੋ ਸਕਦਾ ਹੈ।
ਯੋਜਨਾ ਦੇ ਅਨੁਸਾਰ, ਜੇਕਰ ਦੋਵੇਂ ਧਿਰਾਂ ਇਨ੍ਹਾਂ ਨੁਕਤਿਆਂ 'ਤੇ ਸਹਿਮਤ ਹੁੰਦੀਆਂ ਹਨ, ਤਾਂ ਯੁੱਧ "ਤੁਰੰਤ ਖ਼ਤਮ" ਹੋ ਜਾਵੇਗਾ।
ਯੋਜਨਾ ਦੇ ਅਨੁਸਾਰ, ਗਾਜ਼ਾ ਨੂੰ ਗ਼ੈਰ-ਫੌਜੀ ਬਣਾਇਆ ਜਾਵੇਗਾ ਅਤੇ ਸਾਰੇ "ਫੌਜੀ, ਅੱਤਵਾਦੀ ਅਤੇ ਹਮਲਾਵਰ ਬੁਨਿਆਦੀ ਢਾਂਚੇ" ਨੂੰ ਢਾਹ ਦਿੱਤਾ ਜਾਵੇਗਾ।
ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਗਾਜ਼ਾ ਨੂੰ ਸ਼ੁਰੂ ਵਿੱਚ ਫ਼ਲਸਤੀਨੀ ਟੈਕਨੋਕ੍ਰੇਟਸ ਦੀ ਇੱਕ ਅਸਥਾਈ ਕਮੇਟੀ ਚਲਾਏਗੀ। ਇਸਦੀ ਨਿਗਰਾਨੀ "ਪੀਸ ਬੋਰਡ" (ਸ਼ਾਂਤੀ ਬੋਰਡ) ਕਰੇਗਾ।
ਟਰੰਪ ਇਸ ਪੀਸ ਬੋਰਡ ਦੇ ਚੇਅਰਮੈਨ ਹੋਣਗੇ ਅਤੇ ਇਸ ਵਿੱਚ ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਟੋਨੀ ਬਲੇਅਰ ਵੀ ਸ਼ਾਮਲ ਹੋਣਗੇ।
ਸੁਧਾਰਾਂ ਤੋਂ ਬਾਅਦ, ਗਾਜ਼ਾ ਪੱਟੀ ਦਾ ਸ਼ਾਸਨ ਫ਼ਲਸਤੀਨੀ ਅਥਾਰਟੀ (ਪੀਏ) ਨੂੰ ਸੌਂਪ ਦਿੱਤਾ ਜਾਵੇਗਾ। ਇਹ ਅਥਾਰਟੀ ਪਹਿਲਾਂ ਹੀ ਵੈਸਟ ਬੈਂਕ ਦਾ ਪ੍ਰਸ਼ਾਸਨ ਕਰਦਾ ਹੈ।
ਯੋਜਨਾ ਦੇ ਅਨੁਸਾਰ, ਸਾਲ 2007 ਤੋਂ ਗਾਜ਼ਾ 'ਤੇ ਸ਼ਾਸਨ ਕਰਨ ਵਾਲੇ ਹਮਾਸ ਦੀ ਭਵਿੱਖ ਵਿੱਚ ਗਾਜ਼ਾ ʼਤੇ ਸ਼ਾਸਨ ਵਿੱਚ ਕੋਈ ਸਿੱਧੀ ਜਾਂ ਅਸਿੱਧੀ ਭੂਮਿਕਾ ਨਹੀਂ ਹੋਵੇਗੀ।
ਹਮਾਸ ਦੇ ਮੈਂਬਰ ʼਸ਼ਾਂਤਮਈ ਸਹਿ-ਹੋਂਦ ਲਈ ਵਚਨਬੱਧʼ ਹੋਣਗੇ ਤਾਂ ਉਨ੍ਹਾਂ ਨੂੰ ਮੁਆਫ਼ ਕਰ ਦਿੱਤਾ ਜਾਵੇਗਾ। ਉਨ੍ਹਾਂ ਨੂੰ ਕਿਸੇ ਹੋਰ ਦੇਸ਼ ਵਿੱਚ ਸੁਰੱਖਿਅਤ ਜਾਣ ਦੀ ਆਗਿਆ ਵੀ ਦਿੱਤੀ ਜਾ ਸਕਦੀ ਹੈ।
ਸੁਰੱਖਿਅਤ ਰਸਤੇ ਦੀ ਵੀ ਇਜਾਜ਼ਤ ਦਿੱਤੀ ਜਾ ਸਕਦੀ ਹੈ।
ਕਿਸੇ ਵੀ ਫ਼ਲਸਤੀਨੀ ਨੂੰ ਗਾਜ਼ਾ ਛੱਡਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ ਅਤੇ ਜੋ ਲੋਕ ਜਾਣਾ ਚਾਹੁੰਦੇ ਹਨ ਉਹ ਵਾਪਸ ਜਾਣ ਲਈ ਸੁਤੰਤਰ ਹੋਣਗੇ।
ਮਾਹਰਾਂ ਦਾ ਇੱਕ ਪੈਨਲ ʼਗਾਜ਼ਾ ਦੇ ਪੁਨਰ ਨਿਰਮਾਣ ਲਈ ਟਰੰਪ ਦੀ ਆਰਥਿਕ ਵਿਕਾਸ ਯੋਜਨਾʼ ਤਿਆਰ ਕਰੇਗਾ।
ਰੁਕਾਵਟਾਂ ਕੀ ਹਨ?
ਸਮਝੌਤੇ ਦੇ ਬਾਅਦ ਦੇ ਪੜਾਵਾਂ 'ਤੇ ਗੱਲਬਾਤ ਦੌਰਾਨ ਕਈ ਵਿਵਾਦ ਦੇ ਕਈ ਬਿੰਦੂ ਹੋ ਸਕਦੇ ਹਨ।
ਹਮਾਸ ਨੇ ਪਹਿਲਾਂ ਹਥਿਆਰ ਸੁੱਟਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਉਹ ਅਜਿਹਾ ਤਾਂ ਹੀ ਕਰੇਗਾ ਜੇਕਰ ਇੱਕ ਸੁਤੰਤਰ ਫ਼ਲਸਤੀਨੀ ਦੇਸ਼ ਦੀ ਸਥਾਪਨਾ ਹੋਵੇਗੀ।
ਪਿਛਲੇ ਹਫ਼ਤੇ ਯੋਜਨਾ ਪ੍ਰਤੀ ਸਮੂਹ ਦੇ ਸ਼ੁਰੂਆਤੀ ਜਵਾਬ ਵਿੱਚ ਹਥਿਆਰਾਂ ਦੇ ਪੂਰਨ ਤਿਆਗ ਦਾ ਕੋਈ ਜ਼ਿਕਰ ਨਹੀਂ ਕੀਤਾ। ਇਸ ਨਾਲ ਇਹ ਅੰਦਾਜ਼ਾ ਲਗਾਇਆ ਗਿਆ ਕਿ ਹਮਾਸ ਦੇ ਰਵੱਈਏ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ।
ਹਾਲਾਂਕਿ, ਇਜ਼ਰਾਈਲ ਨੇ ਟਰੰਪ ਦੀ ਯੋਜਨਾ ਨਾਲ ਪੂਰੀ ਤਰ੍ਹਾਂ ਸਹਿਮਤ ਹੋ ਗਿਆ ਹੈ, ਫਿਰ ਵੀ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਯੁੱਧ ਤੋਂ ਬਾਅਦ ਗਾਜ਼ਾ ਵਿੱਚ ਫ਼ਲਸਤੀਨੀ ਅਥਾਰਟੀ (ਪੀਏ) ਦੀ ਸ਼ਮੂਲੀਅਤ ਦਾ ਵਿਰੋਧ ਪ੍ਰਗਟ ਕੀਤਾ ਹੈ।
ਹਮਾਸ ਨੇ ਇਹ ਵੀ ਕਿਹਾ ਹੈ ਕਿ ਉਹ ਭਵਿੱਖ ਵਿੱਚ ʼਇੱਕ ਸੰਯੁਕਤ ਫ਼ਲਸਤੀਨੀ ਅੰਦੋਲਨʼ ਦੇ ਹਿੱਸੇ ਵਜੋਂ ਗਾਜ਼ਾ ਵਿੱਚ ਕੁਝ ਭੂਮਿਕਾ ਨਿਭਾਉਣ ਦੀ ਉਮੀਦ ਕਰਦਾ ਹੈ।
ਇੱਕ ਹੋਰ ਕੰਡਿਆਲਾ ਮੁੱਦਾ ਇਜ਼ਰਾਈਲੀ ਫੌਜਾਂ ਦੀ ਵਾਪਸੀ ਦੀ ਹੱਦ ਹੈ।
ਇਜ਼ਰਾਈਲ ਦਾ ਕਹਿਣਾ ਹੈ ਕਿ ਉਸ ਦੀ ਫੌਜ ਵਰਤਮਾਨ ਵਿੱਚ ਗਾਜ਼ਾ ਪੱਟੀ ਦੇ 53 ਫੀਸਦ ਹਿੱਸੇ ʼਤੇ ਉਸ ਦਾ ਕੰਟ੍ਰੋਲ ਕਾਇਮ ਰੱਖਣਗੀਆਂ। ਵ੍ਹਾਈਟ ਹਾਊਸ ਦੀ ਯੋਜਨਾ ਦੇ ਅਗਲੇ ਪੜਾਅ ਵਿੱਚ ਫੌਜਾਂ ਹੋਰ ਪਿੱਛੇ ਹੋ ਜਾਣਗੀਆਂ।
ਅੰਤ ਵਿੱਚ, ਇਜ਼ਰਾਈਲੀ ਫੌਜਾਂ ਗਾਜ਼ਾ ਸਰਹੱਦ ਦੇ ਨੇੜੇ ਰਹਿਣਗੀਆਂ ਅਤੇ ʼਜਦੋਂ ਤੱਕ ਗਾਜ਼ਾ ਕਿਸੇ ਵੀ ਉਭਰ ਰਹੇ ਅੱਤਵਾਦੀ ਖ਼ਤਰੇ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੋ ਜਾਂਦਾʼ ਉੱਥੇ ਹੀ ਰਹਿਣਗੀਆਂ।
ਸਮਝੌਤੇ ਦੀ ਸ਼ਬਦਾਵਲੀ ਅਸਪਸ਼ਟ ਹੈ ਅਤੇ ਇਜ਼ਰਾਈਲੀ ਫੌਜਾਂ ਦੀ ਪੂਰੀ ਵਾਪਸੀ ਲਈ ਕੋਈ ਸਪੱਸ਼ਟ ਸਮਾਂ-ਸੀਮਾ ਨਹੀਂ ਦਿੱਤੀ ਗਈ ਹੈ। ਹਮਾਸ ਸਮਝਦਾਰੀ ਨਾਲ ਇਸ ਬਾਰੇ ਸਪੱਸ਼ਟਤਾ ਚਾਹੁੰਦਾ ਹੈ।