ਇੰਦਰਾ ਗਾਂਧੀ ਤੇ ਫਿਰੋਜ਼ ਦਾ ਵਿਆਹ ‘ਗੈਰ-ਕਾਨੂੰਨੀ’ ਕਿਉਂ ਦੱਸਿਆ ਗਿਆ ਸੀ, ਕੌਣ ਵਿਆਹ 'ਚ ਆਇਆ ਸੀ, ਕੌਣ ਨਹੀਂ ਪਹੁੰਚ ਸਕਿਆ

ਇੰਦਰਾ ਗਾਂਧੀ ਅਤੇ ਫਿਰੋਜ਼ ਦਾ ਵਿਆਹ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇੰਦਰਾ ਗਾਂਧੀ ਅਤੇ ਫਿਰੋਜ਼ ਦੇ ਵਿਆਹ ਦੀ ਇੱਕ ਤਸਵੀਰ
    • ਲੇਖਕ, ਰੇਹਾਨ ਫਜ਼ਲ
    • ਰੋਲ, ਬੀਬੀਸੀ ਹਿੰਦੀ

ਜਵਾਹਰ ਲਾਲ ਨਹਿਰੂ ਦਾ ਮੰਨਣਾ ਸੀ ਕਿ ਫਿਰੋਜ਼ ਉਨ੍ਹਾਂ ਦੀ ਧੀ ਇੰਦਰਾ ਲਈ ਲਾਇਕ ਮੁੰਡਾ ਨਹੀਂ ਸਨ। ਫਿਰੋਜ਼ ਨਾ ਤਾਂ ਹਿੰਦੂ ਸਨ ਅਤੇ ਨਾ ਹੀ ਕਸ਼ਮੀਰੀ, ਪਰ ਇਸ ਨਾਲ ਨਹਿਰੂ ਨੂੰ ਕੋਈ ਫ਼ਰਕ ਨਹੀਂ ਪਿਆ ਕਿਉਂਕਿ ਉਨ੍ਹਾਂ ਦੀਆਂ ਆਪਣੀਆਂ ਭੈਣਾਂ ਵਿਜੇਲਕਸ਼ਮੀ ਅਤੇ ਕ੍ਰਿਸ਼ਨਾ ਦੇ ਪਤੀ ਵੀ ਕਸ਼ਮੀਰੀ ਨਹੀਂ ਸਨ।

ਨਹਿਰੂ ਨੇ ਭੈਣਾਂ ਦੇ ਵਿਆਹ ਦਾ ਬਿਲਕੁਲ ਵੀ ਵਿਰੋਧ ਨਹੀਂ ਕੀਤਾ, ਪਰ ਦੋਵੇਂ ਭੈਣਾਂ ਦੇ ਪਤੀ ਆਕਸਫੋਰਡ ਤੋਂ ਪੜ੍ਹੇ-ਲਿਖੇ ਸਨ ਅਤੇ ਕੁਲੀਨ, ਅਮੀਰ ਪਰਿਵਾਰਾਂ ਤੋਂ ਸਨ। ਰਣਜੀਤ ਪੰਡਿਤ ਇੱਕ ਬੈਰਿਸਟਰ ਵੀ ਸਨ ਅਤੇ ਸੰਸਕ੍ਰਿਤ ਦੇ ਇੱਕ ਮਹਾਨ ਵਿਦਵਾਨ ਵੀ ਸਨ।

ਦੂਜੇ ਪਾਸੇ, ਫਿਰੋਜ਼ ਗਾਂਧੀ ਬਹੁਤ ਹੀ ਸਾਦੇ ਪਿਛੋਕੜ ਤੋਂ ਆਉਂਦੇ ਸਨ। ਉਸ ਕੋਲ ਨਾ ਤਾਂ ਯੂਨੀਵਰਸਿਟੀ ਦੀ ਡਿਗਰੀ ਸੀ, ਨਾ ਹੀ ਕੋਈ ਨੌਕਰੀ ਅਤੇ ਨਾ ਹੀ ਨਿਯਮਤ ਆਮਦਨ ਦਾ ਕੋਈ ਸਾਧਨ।

ਕੈਥਰੀਨ ਫਰੈਂਕ ਇੰਦਰਾ ਗਾਂਧੀ ਦੀ ਜੀਵਨੀ 'ਇੰਦਰਾ, ਦਿ ਲਾਈਫ਼ ਆਫ਼ ਇੰਦਰਾ ਨਹਿਰੂ ਗਾਂਧੀ' ਵਿੱਚ ਲਿਖਦੇ ਹਨ, "ਫਿਰੋਜ਼ ਉੱਚੀ-ਉੱਚੀ ਬੋਲਣ ਵਾਲੇ, ਗਾਲ਼ਾਂ ਕੱਢਣ ਵਾਲੇ ਅਤੇ ਮੂੰਹਫਟ ਵਿਅਕਤੀ ਸਨ। ਉਨ੍ਹਾਂ ਦੇ ਠੀਕ ਉਲਟ, ਨਹਿਰੂ ਬਹੁਤ ਹੀ ਸੱਭਿਅਕ ਅਤੇ ਨਾਪ-ਤੋਲ ਕੇ ਬੋਲਣ ਵਾਲੇ ਵਿਅਕਤੀ ਸਨ।"

ਕੈਥਰੀਨ ਨੇ ਲਿਖਿਆ, "ਦੂਜੇ ਪਿਤਾਵਾਂ ਵਾਂਗ ਹੀ, ਨਹਿਰੂ ਵੀ ਆਪਣੀ ਧੀ ਨੂੰ ਗੁਆਉਣਾ ਨਹੀਂ ਚਾਹੁੰਦੇ ਸਨ। ਇੰਦਰਾ ਦੀ ਮਾੜੀ ਸਿਹਤ ਦਾ ਮੁੱਦਾ ਵੀ ਸੀ। ਉਨ੍ਹਾਂ ਦੀ ਪਤਨੀ ਕਮਲਾ ਨਹਿਰੂ ਨੇ ਵੀ ਮੌਤ ਦੇ ਬਿਸਤਰੇ 'ਤੇ ਪਏ ਹੋਏ, ਇੰਦਰਾ ਅਤੇ ਫਿਰੋਜ਼ ਦੇ ਵਿਆਹ ਬਾਰੇ ਆਪਣੇ ਖਦਸ਼ੇ ਪ੍ਰਗਟ ਕੀਤੇ ਸਨ। ਕਮਲਾ ਦੀਆਂ ਨਜ਼ਰਾਂ ਵਿੱਚ, ਫਿਰੋਜ਼ ਇੱਕ ਅਸਥਿਰ ਅਤੇ ਭਰੋਸੇਮੰਦ ਵਿਅਕਤੀ ਨਹੀਂ ਸਨ।"

ਬੀਬੀਸੀ ਪੰਜਾਬੀ ਵੱਟਸਐਪ ਚੈਨਲ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਦੋਵੇਂ ਭੂਆ ਨੇ ਜਤਾਇਆ ਸਖ਼ਤ ਇਤਰਾਜ਼

ਜਦੋਂ ਇੰਦਰਾ ਨੇ ਆਪਣੀ ਭੂਆ ਕ੍ਰਿਸ਼ਨਾ ਅੱਗੇ ਫਿਰੋਜ਼ ਨਾਲ ਵਿਆਹ ਕਰਨ ਦੀ ਇੱਛਾ ਪ੍ਰਗਟ ਕੀਤੀ, ਤਾਂ ਉਨ੍ਹਾਂ ਨੇ ਉਸਨੂੰ ਥੋੜ੍ਹਾ ਇੰਤਜ਼ਾਰ ਕਰਨ ਅਤੇ ਕੁਝ ਹੋਰ ਮੁੰਡਿਆਂ ਨੂੰ ਮਿਲਣ ਦੀ ਸਲਾਹ ਦਿੱਤੀ।

ਕ੍ਰਿਸ਼ਨਾ ਹਠੀਸਿੰਘ ਆਪਣੀ ਕਿਤਾਬ 'ਵੀ ਨਹਿਰੂਜ਼' ਵਿੱਚ ਲਿਖਦੇ ਹਨ, "ਇਸ 'ਤੇ ਇੰਦਰਾ ਚਿੜ ਕੇ ਬੋਲੇ, 'ਕਿਉਂ? ਤੁਸੀਂ ਤਾਂ ਦਸ ਦਿਨਾਂ 'ਚ ਹੀ ਰਾਜਾ ਭਾਈ ਨਾਲ ਵਿਆਹ ਕਰਨ ਦਾ ਫੈਸਲਾ ਕਰ ਲਿਆ ਸੀ। ਮੈਂ ਤਾਂ ਫਿਰੋਜ਼ ਨੂੰ ਸਾਲਾਂ ਤੋਂ ਜਾਣਦੀ ਹਾਂ। ਮੈਂ ਹੋਰ ਇੰਤਜ਼ਾਰ ਕਿਉਂ ਕਰਾਂ ਅਤੇ ਹੋਰ ਮੁੰਡਿਆਂ ਨੂੰ ਕਿਉਂ ਮਿਲਾਂ?"

ਜਦੋਂ ਇੰਦਰਾ ਨੇ ਇਸ ਬਾਰੇ ਆਪਣੀ ਦੂਜੀ ਭੂਆ ਵਿਜੇਲਕਸ਼ਮੀ ਨਾਲ ਗੱਲ ਕੀਤੀ, ਤਾਂ ਉਨ੍ਹਾਂ ਰਵੱਈਆ ਵੀ ਇੰਦਰਾ ਦੇ ਹੱਕ ਵਿੱਚ ਨਹੀਂ ਸੀ।

ਪੁਪੁਲ ਜੈਕਰ ਇੰਦਰਾ ਦੀ ਜੀਵਨੀ ਵਿੱਚ ਲਿਖਦੇ ਹਨ, "ਨਾਨ (ਵਿਜੈਲਕਸ਼ਮੀ) ਨੇ ਬਿਲਕੁਲ ਮੂੰਹਫਟ ਅੰਦਾਜ਼ 'ਚ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਤੂੰ ਫਿਰੋਜ਼ ਨਾਲ ਪ੍ਰੇਮ ਸਬੰਧ ਬਣਾ ਪਰ ਵਿਆਹ ਬਾਰੇ ਨਾ ਸੋਚ। ਇੰਦਰਾ ਨੇ ਇਸ ਸਲਾਹ ਨੂੰ ਬਹੁਤ ਬੁਰੀ ਤਰ੍ਹਾਂ ਲਿਆ। ਉਨ੍ਹਾਂ ਨੂੰ ਇਹ ਆਪਣਾ ਅਤੇ ਫਿਰੋਜ਼ ਦਾ ਅਪਮਾਨ ਲੱਗਿਆ।"

ਜਵਾਹਰ ਲਾਲ ਨਹਿਰੂ - ਇੰਦਰਾ

ਤਸਵੀਰ ਸਰੋਤ, Keystone/Hulton Archive/Getty Images)

ਤਸਵੀਰ ਕੈਪਸ਼ਨ, ਜਵਾਹਰ ਲਾਲ ਨਹਿਰੂ ਦਾ ਮੰਨਣਾ ਸੀ ਕਿ ਫਿਰੋਜ਼ ਉਨ੍ਹਾਂ ਦੀ ਧੀ ਇੰਦਰਾ ਲਈ ਲਾਇਕ ਮੁੰਡਾ ਨਹੀਂ ਸਨ

ਅਜੇ ਨਹਿਰੂ ਪਰਿਵਾਰ ਦੇ ਅੰਦਰ ਇਹ ਚਰਚਾ ਚੱਲ ਹੀ ਰਹੀ ਸੀ ਕਿ ਇਲਾਹਾਬਾਦ ਦੇ ਅਖ਼ਬਾਰ 'ਦਿ ਲੀਡਰ' ਨੇ ਆਪਣੇ ਪਹਿਲੇ ਪੰਨੇ 'ਤੇ ਹੈਡਲਾਈਨ ਲਗਾਈ - 'ਮਿਸ ਇੰਦਰਾ ਨਹਿਰੂਜ਼ ਇੰਗੇਜਮੈਂਟ'।

ਜਦੋਂ ਲੀਡਰ ਨੇ ਇਹ ਖ਼ਬਰ ਦਿੱਤੀ, ਉਸ ਵੇਲੇ ਨਹਿਰੂ ਕਲਕੱਤਾ ਵਿੱਚ ਸਨ। ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੇ ਇੱਕ ਬਿਆਨ ਜਾਰੀ ਕੀਤਾ ਜੋ 'ਬਾਂਬੇ ਕਰੌਨਿਕਲ' ਅਤੇ ਹੋਰ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਹੋਇਆ।

ਨਹਿਰੂ ਨੇ ਕਿਹਾ, "ਮੈਂ ਇੰਦਰਾ ਅਤੇ ਫਿਰੋਜ਼ ਦੇ ਵਿਆਹ ਬਾਰੇ ਪ੍ਰਕਾਸ਼ਿਤ ਖ਼ਬਰਾਂ ਦੀ ਪੁਸ਼ਟੀ ਕਰਦਾ ਹਾਂ। ਮੇਰਾ ਮੰਨਣਾ ਰਿਹਾ ਹੈ ਕਿ ਵਿਆਹ ਬਾਰੇ ਮਾਪੇ ਸਿਰਫ਼ ਸਲਾਹ ਹੀ ਦੇ ਸਕਦੇ ਹਨ ਪਰ ਅੰਤਿਮ ਫੈਸਲਾ ਕੁੜੀ-ਮੁੰਡੇ ਨੇ ਹੀ ਲੈਣਾ ਹੁੰਦਾ ਹੈ। ਜਦੋਂ ਮੈਨੂੰ ਇੰਦਰਾ ਅਤੇ ਫਿਰੋਜ਼ ਦੇ ਇਸ ਫੈਸਲੇ ਬਾਰੇ ਪਤਾ ਲੱਗਾ, ਤਾਂ ਮੈਂ ਇਸਨੂੰ ਪੂਰੇ ਦਿਲ ਨਾਲ ਸਵੀਕਾਰ ਕਰ ਲਿਆ। ਮਹਾਤਮਾ ਗਾਂਧੀ ਨੇ ਵੀ ਉਨ੍ਹਾਂ ਨੂੰ ਆਪਣਾ ਆਸ਼ੀਰਵਾਦ ਦੇ ਦਿੱਤਾ ਹੈ। ਫਿਰੋਜ਼ ਗਾਂਧੀ ਇੱਕ ਨੌਜਵਾਨ ਪਾਰਸੀ ਹਨ ਜੋ ਸਾਲਾਂ ਤੋਂ ਸਾਡੇ ਪਰਿਵਾਰ ਦੇ ਦੋਸਤ ਅਤੇ ਸਾਥੀ ਰਹੇ ਸਨ।"

ਰਾਮਨੌਮੀ ਵਾਲੇ ਦਿਨ ਹੋਇਆ ਵਿਆਹ

ਮਹਾਤਮਾ ਗਾਂਧੀ - ਇੰਦਰਾ ਗਾਂਧੀ

ਤਸਵੀਰ ਸਰੋਤ, Universal History Archive/ Universal Images Group via Getty Images)

ਮਹਾਤਮਾ ਗਾਂਧੀ ਨੇ ਵੀ ਆਪਣੇ ਅਖ਼ਬਾਰ 'ਹਰੀਜਨ' ਵਿੱਚ ਇੱਕ ਲੇਖ ਲਿਖ ਕੇ ਇਸ ਵਿਆਹ ਨੂੰ ਆਪਣਾ ਸਮਰਥਨ ਦੇ ਦਿੱਤਾ। ਪਰ ਗਾਂਧੀ ਦੇ ਸਮਰਥਨ ਦੇ ਬਾਵਜੂਦ ਇਸ ਵਿਆਹ ਪ੍ਰਤੀ ਲੋਕਾਂ ਦਾ ਗੁੱਸਾ ਘੱਟ ਨਹੀਂ ਹੋਇਆ।

ਕੁਝ ਲੋਕਾਂ ਨੂੰ ਲੱਗਿਆ ਕਿ ਇਹ ਵਿਆਹ ਭਾਰਤ ਦੀ ਸਦੀਆਂ ਪੁਰਾਣੀ ਪਰੰਪਰਾ ਨੂੰ ਠੇਸ ਪਹੁੰਚਾ ਰਿਹਾ ਹੈ। ਪਹਿਲੀ ਗੱਲ, ਇਹ ਮਾਪਿਆਂ ਦੁਆਰਾ ਤੈਅ ਕੀਤਾ ਗਿਆ ਵਿਆਹ ਨਹੀਂ ਸੀ ਅਤੇ ਦੂਜੀ ਗੱਲ, ਦੋਵੇਂ ਆਪਣੇ ਧਰਮ ਤੋਂ ਬਾਹਰ ਵਿਆਹ ਕਰ ਰਹੇ ਸਨ।

ਇਲਾਹਾਬਾਦ ਦੇ ਆਨੰਦ ਭਵਨ ਨੂੰ ਰੋਸ ਪ੍ਰਗਟ ਕਰਨ ਲਈ ਭੇਜੀਆਂ ਜਾਣ ਵਾਲੀਆਂ ਚਿੱਠੀਆਂ ਦਾ ਹੜ੍ਹ ਆ ਗਿਆ ਸੀ। ਕੁਝ ਵਧਾਈਆਂ ਵਾਲੇ ਤਾਰ ਵੀ ਆਏ ਸੀ। ਪ੍ਰੈੱਸ ਵਿੱਚ ਵੀ ਹਰ ਪਾਸੇ ਇਸ ਵਿਆਹ ਦੀ ਚਰਚਾ ਹੋਈ।

ਬਹੁਤ ਸਾਲਾਂ ਬਾਅਦ, ਇੰਦਰਾ ਗਾਂਧੀ ਨੇ ਅਰਨੋਲਡ ਮਾਈਕਲਜ਼ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਯਾਦ ਕੀਤਾ, "ਲੱਗਦਾ ਸੀ ਕਿ ਪੂਰਾ ਭਾਰਤ ਸਾਡੇ ਵਿਆਹ ਦੇ ਵਿਰੁੱਧ ਸੀ।"

ਪੰਡਤਾਂ ਨਾਲ ਸਲਾਹ-ਮਸ਼ਵਰੇ ਮਗਰੋਂ ਬਾਅਦ, ਵਿਆਹ ਲਈ 26 ਮਾਰਚ ਦੀ ਤਾਰੀਖ ਚੁਣੀ ਗਈ। ਉਹ ਦਿਨ ਬਹੁਤ ਸ਼ੁਭ ਸੀ ਕਿਉਂਕਿ ਇਹ ਰਾਮਨੌਮੀ ਦਾ ਦਿਨ ਸੀ।

ਕ੍ਰਿਸ਼ਨਾ ਹਠੀਸਿੰਘ ਲਿਖਦੇ ਹਨ, "ਠੀਕ ਨੌਂ ਵਜੇ ਦੁਲਹਨ ਆਪਣੇ ਕਮਰੇ ਵਿੱਚੋਂ ਬਾਹਰ ਆਈ। ਉਸਨੇ ਆਪਣੇ ਪਿਤਾ ਦੇ ਹੱਥਾਂ ਨਾਲ ਚਰਖੇ 'ਤੇ ਜੇਲ੍ਹ ਵਿੱਚ ਕੱਤੀ ਗਈ ਸੂਤ ਦੀ ਗੁਲਾਬੀ ਰੰਗ ਦੀ ਸਾੜ੍ਹੀ ਪਾਈ ਹੋਈ ਸੀ। ਇਸਦੇ ਬਾਰਡਰ 'ਤੇ ਚਾਂਦੀ ਦੇ ਰੰਗ ਵਾਲੀ ਕਢਾਈ ਕੀਤੀ ਹੋਈ ਸੀ। ਇੰਦਰਾ ਨੇ ਤਾਜ਼ੇ ਫੁੱਲਾਂ ਦਾ ਹਾਰ ਅਤੇ ਕੱਚ ਦੀਆਂ ਚੂੜੀਆਂ ਪਹਿਨੀਆਂ ਹੋਈਆਂ ਸਨ। ਇੰਦਰਾ ਪਹਿਲਾਂ ਕਦੇ ਇੰਨੀ ਸੋਹਣੀ ਨਹੀਂ ਲੱਗੀ ਸੀ। ਉਨ੍ਹਾਂ ਦਾ ਚਿਹਰਾ ਅਜਿਹਾ ਲੱਗ ਰਿਹਾ ਸੀ ਮੰਨੋ ਯੂਨਾਨੀ ਸਿੱਕੇ 'ਤੇ ਉੱਕਰੀ ਹੋਈ ਇੱਕ ਸੁੰਦਰ ਆਕ੍ਰਿਤੀ।"

ਫਿਰੋਜ਼ ਨੇ ਰਵਾਇਤੀ ਚਿੱਟੀ ਖਾਦੀ ਦੀ ਸ਼ੇਰਵਾਨੀ ਅਤੇ ਚੂੜੀਦਾਰ ਪਜਾਮਾ ਪਾਇਆ ਹੋਇਆ ਸੀ।

ਇਹ ਵੀ ਪੜ੍ਹੋ-

ਹਿੰਦੂ ਰੀਤੀ-ਰਿਵਾਜ਼ਾਂ ਅਨੁਸਾਰ ਵਿਆਹ

ਇਹ ਸਮਾਰੋਹ ਆਨੰਦ ਭਵਨ ਦੇ ਬਾਹਰ, ਬਾਗ਼ ਵਿੱਚ ਇੱਕ ਮੰਡਪ ਦੇ ਹੇਠਾਂ ਹੋ ਰਿਹਾ ਸੀ। ਇੰਦਰਾ ਅਤੇ ਫਿਰੋਜ਼ ਇੱਕ ਚਬੂਤਰੇ 'ਤੇ ਅੱਗ ਦੇ ਸਾਹਮਣੇ ਬੈਠੇ ਸਨ। ਨਹਿਰੂ ਦੇ ਇੱਕ ਪਾਸੇ ਇੱਕ ਖਾਲੀ ਆਸਣ ਸੀ ਜੋ ਉਨ੍ਹਾਂ ਦੀ ਸਵਰਗੀ ਪਤਨੀ ਕਮਲਾ ਨਹਿਰੂ ਦੀ ਯਾਦ ਵਿੱਚ ਖਾਲੀ ਰੱਖਿਆ ਗਿਆ ਸੀ।

ਸੱਦੇ ਗਏ ਮਹਿਮਾਨ ਵਰਾਂਡੇ ਵਿੱਚ ਕੁਰਸੀਆਂ ਅਤੇ ਕਾਲੀਨਾਂ 'ਤੇ ਬੈਠੇ ਸਨ। ਆਨੰਦ ਭਵਨ ਦੇ ਬਾਹਰ ਹਜ਼ਾਰਾਂ ਬਿਨ ਬੁਲਾਏ ਲੋਕਾਂ ਦੀ ਭੀੜ ਇਸ ਦ੍ਰਿਸ਼ ਨੂੰ ਦੇਖ ਰਹੀ ਸੀ।

ਇਸ ਭੀੜ ਵਿੱਚ ਅਮਰੀਕੀ ਫੈਸ਼ਨ ਮੈਗਜ਼ੀਨ ਦੇ ਫੋਟੋਗ੍ਰਾਫਰ ਨੌਰਵਨ ਹੇਨ ਵੀ ਸ਼ਾਮਲ ਸਨ। ਉਸ ਜ਼ਮਾਨੇ 'ਚ ਉਹ ਸਥਾਨਕ ਈਵਿੰਗ ਕ੍ਰਿਸ਼ਚੀਅਨ ਕਾਲਜ ਵਿੱਚ ਪੜ੍ਹ ਰਹੇ ਸਨ ਅਤੇ ਆਪਣੇ 8 ਐਮਐਮ ਦੇ ਮੂਵੀ ਕੈਮਰੇ ਨਾਲ ਇਸ ਦ੍ਰਿਸ਼ ਨੂੰ ਫਿਲਮਾਉਣ ਦੀ ਕੋਸ਼ਿਸ਼ ਕਰ ਰਹੇ ਸਨ।

ਕੈਥਰੀਨ ਫਰੈਂਕ ਲਿਖਦੇ ਹਨ, "ਇੰਦਰਾ ਅਤੇ ਫਿਰੋਜ਼ ਦਾ ਵਿਆਹ ਨਾ ਤਾਂ ਰਵਾਇਤੀ ਸੀ ਅਤੇ ਨਾ ਹੀ ਕਾਨੂੰਨੀ। ਉਸ ਸਮੇਂ ਦੇ ਬ੍ਰਿਟਿਸ਼ ਕਾਨੂੰਨ ਅਨੁਸਾਰ, ਦੋ ਵੱਖ-ਵੱਖ ਧਰਮਾਂ ਦੇ ਲੋਕ ਸਿਰਫ਼ ਤਾਂ ਹੀ ਵਿਆਹ ਕਰ ਸਕਦੇ ਸਨ ਜੇਕਰ ਉਹ ਆਪਣਾ ਧਰਮ ਤਿਆਗ ਦੇਣ। ਸੱਤ ਸਾਲ ਪਹਿਲਾਂ, ਇੰਦਰਾ ਦੇ ਚਚੇਰੇ ਭਰਾ ਬੀਕੇ ਨਹਿਰੂ ਨੇ ਵੀ ਲਗਭਗ ਇਸੇ ਅੰਦਾਜ਼ 'ਚ ਇੱਕ ਹੰਗੇਰੀਅਨ ਯਹੂਦੀ ਕੁੜੀ ਫ਼ੋਰੀ ਨਾਲ ਵਿਆਹ ਕੀਤਾ ਸੀ।"

ਬੀਕੇ ਨਹਿਰੂ ਦੇ ਵਿਆਹ ਸਮੇਂ ਵੀ ਮਹਾਤਮਾ ਗਾਂਧੀ ਦੀ ਸਲਾਹ ਲਈ ਗਈ ਸੀ। ਉਨ੍ਹਾਂ ਦੀ ਸਲਾਹ 'ਤੇ, ਦੋਵਾਂ ਦਾ ਵਿਆਹ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਹੋਇਆ, ਪਰ ਉਸ ਵਿਆਹ ਨੂੰ ਨਾ ਤਾਂ ਹਿੰਦੂ ਕਾਨੂੰਨ ਅਤੇ ਨਾ ਹੀ ਬ੍ਰਿਟਿਸ਼ ਕਾਨੂੰਨ ਦੁਆਰਾ ਮਾਨਤਾ ਪ੍ਰਾਪਤ ਸੀ।

ਸਾਲਾਂ ਬਾਅਦ ਜਦੋਂ ਇੰਦਰਾ ਦੀ ਇੱਕ ਹੋਰ ਜੀਵਨੀ ਲੇਖਕ, ਉਮਾ ਵਾਸੂਦੇਵ ਨੇ ਇੰਦਰਾ ਗਾਂਧੀ ਨੂੰ ਇਸ ਬਾਰੇ ਸਵਾਲ ਕੀਤਾ, ਤਾਂ ਉਨ੍ਹਾਂ ਦਾ ਜਵਾਬ ਸੀ, 'ਮੈਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਇਹ ਵਿਆਹ ਕਾਨੂੰਨੀ ਸੀ ਜਾਂ ਗੈਰ-ਕਾਨੂੰਨੀ।''

ਫਿਰੋਜ਼ ਨੇ ਪਵਿੱਤਰ ਫ਼ਾਰਸੀ ਧਾਗਾ ਪਹਿਨਿਆ

ਵਿਆਹ ਦੀ ਪੂਰੀ ਰਸਮ ਦੋ ਘੰਟੇ ਚੱਲੀ। ਇਸ ਦੌਰਾਨ, ਪੰਡਿਤ ਲਗਾਤਾਰ ਚਾਂਦੀ ਦੇ ਚਮਚੇ ਨਾਲ ਅੱਗ ਵਿੱਚ ਦੇਸੀ ਘਿਓ ਪਾਉਂਦੇ ਰਹੇ। ਪਹਿਲਾਂ, ਇੰਦਰਾ ਵਰਾਂਡੇ ਵਿੱਚ ਜਵਾਹਰ ਲਾਲ ਨਹਿਰੂ ਦੇ ਕੋਲ ਬੈਠੇ ਸਨ। ਫਿਰ ਉਹ ਦੂਜੇ ਪਾਸੇ ਜਾ ਕੇ ਫਿਰੋਜ਼ ਗਾਂਧੀ ਦੇ ਕੋਲ ਬੈਠ ਗਏ।

ਫਿਰੋਜ਼ ਨੇ ਇੰਦਰਾ ਨੂੰ ਕੁਝ ਕੱਪੜੇ ਤੋਹਫ਼ੇ ਵਜੋਂ ਦਿੱਤੇ। ਇੰਦਰਾ ਨੇ ਆਪਣੇ ਹੱਥਾਂ ਨਾਲ ਫਿਰੋਜ਼ ਨੂੰ ਕੁਝ ਖੁਆਇਆ।

ਇੰਦਰਾ ਗਾਂਧੀ ਅਤੇ ਫਿਰੋਜ਼ ਦਾ ਵਿਆਹ

ਇੰਦਰਾ ਦੀ ਭਤੀਜੀ ਨਯਨਤਾਰਾ ਸਹਿਗਲ ਆਪਣੀ ਕਿਤਾਬ 'ਪ੍ਰਿਜ਼ਨ ਅਤੇ ਚਾਕਲੇਟ ਕੇਕ' ਵਿੱਚ ਲਿਖਦੇ ਹਨ, "ਇਸ ਤੋਂ ਬਾਅਦ, ਉਨ੍ਹਾਂ ਦੋਵਾਂ ਦੇ ਗੁੱਟ ਫੁੱਲਾਂ ਨਾਲ ਬੰਨ੍ਹ ਦਿੱਤੇ ਗਏ। ਪੰਡਿਤ ਨੇ ਘਿਓ ਪਾ ਕੇ ਅੱਗ ਦੀ ਲਾਟ ਨੂੰ ਹੋਰ ਤੇਜ਼ ਕਰ ਦਿੱਤਾ। ਇਸ ਤੋਂ ਬਾਅਦ, ਇੰਦਰਾ ਅਤੇ ਫਿਰੋਜ਼ ਨੇ ਖੜ੍ਹੇ ਹੋ ਕੇ ਅੱਗ ਦੇ ਚਾਰੇ ਪਾਸੇ ਸੱਤ ਫ਼ੇਰੇ ਲੈ ਕੇ ਸਪਤਪਦੀ ਦੀ ਰਸਮ ਪੂਰੀ ਕੀਤੀ। ਇਸ ਮਗਰੋਂ ਉੱਥੇ ਮੌਜੂਦ ਲੋਕਾਂ ਨੇ ਉਨ੍ਹਾਂ 'ਤੇ ਫੁੱਲਾਂ ਦੀ ਵਰਖਾ ਕੀਤੀ।"

ਬਰਟਿਲ ਫ਼ਾਕ, ਫਿਰੋਜ਼ ਗਾਂਧੀ ਦੀ ਜੀਵਨੀ 'ਫਿਰੋਜ਼ ਦਿ ਫਾਰਗੋਟੇਨ ਗਾਂਧੀ' ਵਿੱਚ ਲਿਖਦੇ ਹਨ, "ਜਦੋਂ ਫਿਰੋਜ਼ ਆਪਣੇ ਵਿਆਹ ਦੇ ਕੱਪੜੇ ਪਹਿਨ ਰਹੇ ਸਨ, ਰੱਤੀਮਾਈ ਗਾਂਧੀ ਨੇ ਉਨ੍ਹਾਂ ਨੂੰ ਖਾਸ ਤੌਰ 'ਤੇ ਕਿਹਾ ਕਿ ਉਹ ਆਪਣੀ ਸ਼ੇਰਵਾਨੀ ਦੇ ਹੇਠਾਂ ਪਾਰਸੀ ਪਵਿੱਤਰ ਧਾਗਾ ਪਹਿਨ ਲੈਣ। ਉਸ ਦਿਨ ਫਿਰੋਜ਼ ਇੰਦਰਾ ਨਾਲੋਂ ਵੀ ਜ਼ਿਆਦਾ ਗੋਰੇ ਲੱਗ ਰਹੇ ਸਨ।''

ਸਮਾਗਮ ਵਿੱਚ ਪਾਰਸੀ ਭਾਈਚਾਰੇ ਦੇ ਬਹੁਤ ਸਾਰੇ ਲੋਕ ਸ਼ਾਮਲ ਹੋਏ ਸਨ। ਇਨ੍ਹਾਂ ਵਿੱਚ ਉਹ ਲੋਕ ਵੀ ਸ਼ਾਮਲ ਸਨ ਜੋ ਆਨੰਦ ਭਵਨ ਦੇ ਬਾਹਰ ਪ੍ਰਦਰਸ਼ਨ ਕਰਕੇ ਇਸ ਵਿਆਹ ਦਾ ਵਿਰੋਧ ਕਰਨਾ ਚਾਹੁੰਦੇ ਸਨ। ਪਰ ਜਵਾਹਰ ਲਾਲ ਨਹਿਰੂ ਨੇ ਰੱਤੀਮਾਈ ਗਾਂਧੀ ਨੂੰ ਬੇਨਤੀ ਕੀਤੀ ਸੀ ਕਿ ਉਹ ਉਨ੍ਹਾਂ ਨੂੰ ਅਜਿਹਾ ਨਾ ਕਰਨ ਲਈ ਮਨਾ ਲੈਣ।

ਇਸ ਵਿਆਹ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਨੈਸ਼ਨਲ ਹੈਰਾਲਡ ਦੇ ਸੰਪਾਦਕ ਰਾਮਾਰਾਓ ਵੀ ਸਨ। ਉਹ ਹੱਥਾਂ ਵਿੱਚ ਪੈਂਸਿਲ ਅਤੇ ਨੋਟਬੁੱਕ ਲੈ ਕੇ ਇਸ ਵਿਆਹ ਵਿੱਚ ਸ਼ਾਮਲ ਹੋਏ ਸੀ ਤਾਂ ਕਿ ਉਹ ਆਪਣੇ ਅਖ਼ਬਾਰ ਵਿੱਚ ਇਸ ਦੀ ਰਿਪੋਰਟਿੰਗ ਵੀ ਕਰ ਸਕੀਏ।

ਵਿਆਹ ਵਿੱਚ ਸ਼ਾਮਲ ਹੋਏ ਕਈ ਵੱਡੇ ਕਾਂਗਰਸੀ ਆਗੂ

ਮਹਾਤਮਾ ਗਾਂਧੀ

ਤਸਵੀਰ ਸਰੋਤ, Photo by Central Press/Getty Images

ਤਸਵੀਰ ਕੈਪਸ਼ਨ, ਮਹਾਤਮਾ ਗਾਂਧੀ ਇੰਦਰਾ ਗਾਂਧੀ ਦੇ ਵਿਆਹ ਵਿੱਚ ਸ਼ਾਮਲ ਨਹੀਂ ਹੋ ਸਕੇ ਸਨ।

ਸ਼ਾਮ ਨੂੰ ਆਨੰਦ ਭਵਨ ਦੇ ਬਾਗ਼ ਵਿੱਚ ਆਯੋਜਿਤ ਭੋਜ ਵਿੱਚ ਰੋਟੀ ਅਤੇ ਹਰੀਆਂ ਸਬਜ਼ੀਆਂ ਦਾ ਸਾਦਾ ਭੋਜਨ ਪਰੋਸਿਆ ਗਿਆ ਸੀ। ਵਿਆਹ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਸਰੋਜਨੀ ਨਾਇਡੂ, ਉਨ੍ਹਾਂ ਦੀ ਧੀ ਪਦਮਜਾ ਨਾਇਡੂ ਅਤੇ ਮਸ਼ਹੂਰ ਵਿਗਿਆਨੀ ਮੈਰੀ ਕਿਊਰੀ ਦੀ ਧੀ ਈਵ ਕਿਊਰੀ ਵੀ ਸ਼ਾਮਲ ਸਨ।

ਪੁਪੁਲ ਜੈਕਰ ਲਿਖਦੇ ਹਨ, "ਆਮ ਤੌਰ 'ਤੇ ਭਾਰਤੀ ਵਿਆਹਾਂ ਵਿੱਚ ਕੁੜੀਆਂ ਆਪਣੇ ਘਰੋਂ ਵਿਦਾ ਹੁੰਦੇ ਸਮੇਂ ਰੋਂਦੀਆਂ ਹਨ। ਪਰ ਇੰਦਰਾ ਗਾਂਧੀ ਬਿਲਕੁਲ ਨਹੀਂ ਰੋ ਰਹੇ ਸਨ। ਜਵਾਹਰ ਲਾਲ ਨਹਿਰੂ ਦੀਆਂ ਅੱਖਾਂ ਜ਼ਰੂਰ ਨਮ ਸਨ।''

''ਬਹੁਤ ਸਾਰੇ ਮਹੱਤਵਪੂਰਨ ਵਿਅਕਤੀ ਇਸ ਵਿਆਹ ਵਿੱਚ ਨਹੀਂ ਆ ਸਕੇ ਸਨ। ਮਹਾਤਮਾ ਗਾਂਧੀ ਵੀ ਇਸ ਵਿਆਹ ਵਿੱਚ ਨਹੀਂ ਆ ਸਕੇ ਸਨ ਕਿਉਂਕਿ ਉਹ 26 ਮਾਰਚ ਨੂੰ ਬ੍ਰਿਟੇਨ ਤੋਂ ਆਏ ਸਰ ਸਟੈਫਰਡ ਕ੍ਰਿਪਸ ਨੂੰ ਮਿਲਣ ਲਈ ਦਿੱਲੀ ਲਈ ਰਵਾਨਾ ਹੋ ਚੁੱਕੇ ਸਨ।

ਵਿਆਹ ਵਾਲੇ ਦਿਨ ਕ੍ਰਿਪਸ ਉੱਥੇ ਮੌਜੂਦ ਨਹੀਂ ਸਨ ਪਰ ਵਿਆਹ ਤੋਂ ਬਾਅਦ ਉਹ ਵਿਸ਼ੇਸ਼ ਤੌਰ 'ਤੇ ਨਵ-ਵਿਆਹੇ ਜੋੜੇ ਨੂੰ ਵਧਾਈ ਦੇਣ ਲਈ ਇਲਾਹਾਬਾਦ ਪਹੁੰਚੇ ਸਨ।"

ਕਾਂਗਰਸ ਪ੍ਰਧਾਨ ਮੌਲਾਨਾ ਆਜ਼ਾਦ ਵੀ ਵਿਆਹ ਵਿੱਚ ਸ਼ਾਮਲ ਨਹੀਂ ਹੋ ਸਕੇ ਸਨ ਕਿਉਂਕਿ ਉਨ੍ਹਾਂ ਦੀ ਟ੍ਰੇਨ ਲੇਟ ਹੋ ਗਈ ਸੀ ਪਰ ਉਹ ਸ਼ਾਮ ਨੂੰ ਆਯੋਜਿਤ ਭੋਜ ਵਿੱਚ ਜ਼ਰੂਰ ਸ਼ਾਮਲ ਹੋਏ ਸਨ।

ਇੰਦਰਾ ਦੇ ਵਿਆਹ ਵਾਲੇ ਦਿਨ ਵੀ ਸਿਆਸੀ ਗਤੀਵਿਧੀਆਂ ਰੋਕੀਆਂ ਨਹੀਂ ਗਈਆਂ ਸਨ। ਭੋਜ ਤੋਂ ਠੀਕ ਪਹਿਲਾਂ ਆਨੰਦ ਭਵਨ ਦੇ ਡਰਾਇੰਗ ਰੂਮ ਵਿੱਚ ਕ੍ਰਿਪਸ ਮਿਸ਼ਨ 'ਤੇ ਆਪਣਾ ਰੁਖ ਤੈਅ ਕਰਨ ਲਈ ਕਾਂਗਰਸ ਦੀ ਸਿਖਰਲੀ ਲੀਡਰਸ਼ਿਪ ਦੀ ਬੈਠਕ ਹੋਈ ਸੀ।

ਦੋ ਦਿਨ ਬਾਅਦ, ਜਵਾਹਰ ਲਾਲ ਨਹਿਰੂ ਸਹਿਤ ਕਾਂਗਰਸ ਦੇ ਸਾਰੇ ਸਿਖਰਲੇ ਆਗੂ ਡਾਕਟਰ ਰਾਜੇਂਦਰ ਪ੍ਰਸਾਦ, ਆਚਾਰਿਆ ਕ੍ਰਿਪਲਾਨੀ, ਭੂਲਾ ਭਾਈ ਦੇਸਾਈ ਅਤੇ ਸਈਅਦ ਮਹਿਮੂਦ ਇਲਾਹਾਬਾਦ ਤੋਂ ਦਿੱਲੀ ਲਈ ਰਵਾਨਾ ਹੋਏ।

ਕਸ਼ਮੀਰ ਵਿੱਚ ਹਨੀਮੂਨ

ਇੰਦਰਾ ਗਾਂਧੀ

ਤਸਵੀਰ ਸਰੋਤ, Getty Images

ਵਿਆਹ ਤੋਂ ਤੁਰੰਤ ਬਾਅਦ, ਇੰਦਰਾ ਅਤੇ ਫਿਰੋਜ਼ 5 ਫੋਰਟ ਰੋਡ 'ਤੇ ਕਿਰਾਏ ਦੇ ਘਰ ਵਿੱਚ ਸ਼ਿਫਟ ਹੋ ਗਏ ਸਨ। ਉਸ ਸਮੇਂ ਫਿਰੋਜ਼ ਕੋਲ ਕੋਈ ਨੌਕਰੀ ਨਹੀਂ ਸੀ ਪਰ ਉਹ ਅਖ਼ਬਾਰਾਂ ਵਿੱਚ ਲੇਖ ਲਿਖ ਕੇ ਕੁਝ ਪੈਸੇ ਕਮਾ ਲੈਂਦੇ ਸਨ।

ਉਹ ਕੁਝ ਬੀਮਾ ਪਾਲਿਸੀਆਂ ਵੀ ਵੇਚਦੇ ਸਨ, ਜਿਸ ਨਾਲ ਉਨ੍ਹਾਂ ਨੂੰ ਕੁਝ ਵਾਧੂ ਆਮਦਨ ਹੋ ਜਾਂਦੀ ਸੀ। ਵਿਆਹ ਤੋਂ ਦੋ ਦਿਨ ਬਾਅਦ, ਫਿਰੋਜ਼ ਦੇ ਮਾਤਾ ਰੱਤੀਮਾਈ ਗਾਂਧੀ ਨੇ ਜਾਰਜ ਟਾਊਨ ਸਥਿਤ ਆਪਣੇ ਘਰ 'ਤੇ ਇੱਕ ਹਾਈ-ਟੀ ਪਾਰਟੀ ਦਾ ਆਯੋਜਨ ਕੀਤਾ ਸੀ, ਜਿਸ ਵਿੱਚ ਇਲਾਹਾਬਾਦ ਦੇ ਕੁਲੀਨ ਲੋਕ ਸ਼ਾਮਲ ਹੋਏ ਸਨ।

ਦੋ ਮਹੀਨੇ ਬਾਅਦ, ਇੰਦਰਾ ਅਤੇ ਫਿਰੋਜ਼ ਆਪਣੇ ਹਨੀਮੂਨ ਲਈ ਕਸ਼ਮੀਰ ਰਵਾਨਾ ਹੋਏ।

ਉੱਥੋਂ ਇੰਦਰਾ ਨੇ ਨਹਿਰੂ ਨੂੰ ਇੱਕ ਤਾਰ ਭੇਜਿਆ।

'ਕਾਸ਼ ਹਮ ਆਪਕੋ ਯਹਾਂ ਕੀ ਠੰਢੀ ਹਵਾ ਭੇਜ ਸਕਤੇ!'

ਨਹਿਰੂ ਦਾ ਤੁਰੰਤ ਜਵਾਬ ਆਇਆ,

'ਸ਼ੁਕਰੀਆ, ਪਰ ਤੁਹਮਾਰੇ ਪਾਸ ਵਹਾਂ ਆਮ ਨਹੀਂ ਹੈਂ!'

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)