ਜਦੋਂ ਇੰਦਰਾ ਗਾਂਧੀ ਨੇ ਆਪਣੀ ਗ੍ਰਿਫ਼ਤਾਰੀ ਖ਼ਿਲਾਫ਼ ਜਹਾਜ਼ ਅਗਵਾ ਕਰਨ ਵਾਲੇ ਪਾਂਡੇ ਭਰਾਵਾਂ ਨੂੰ ਵਿਧਾਇਕ ਬਣਵਾਇਆ

ਤਸਵੀਰ ਸਰੋਤ, Getty Images
- ਲੇਖਕ, ਰੇਹਾਨ ਫਜ਼ਲ
- ਰੋਲ, ਬੀਬੀਸੀ ਹਿੰਦੀ
ਇੰਦਰਾ ਗਾਂਧੀ ਨੇ 1977 ਦੀਆਂ ਚੋਣਾਂ ਹਾਰਨ ਤੋਂ ਡੇਢ ਸਾਲ ਬਾਅਦ ਕਰਨਾਟਕ ਦੇ ਚਿਕਮਗਲੂਰ ਤੋਂ ਲੋਕ ਸਭਾ ਚੋਣ ਲੜੀ ਸੀ। ਇਲਾਕੇ ਵਿੱਚ ਵੋਟਾਂ ਵਾਲੇ ਦਿਨ ਤੇਜ਼ ਮੀਂਹ ਪਿਆ ਸੀ।
ਇਸ ਦੇ ਬਾਵਜੂਦ ਲਗਭਗ ਤਿੰਨ-ਚੌਥਾਈ ਵੋਟਰ ਆਪਣੀ ਵੋਟ ਪਾਉਣ ਪਹੁੰਚੇ ਸਨ। ਵੋਟਿੰਗ ਵਾਲੇ ਦਿਨ ਹੀ ਇੰਦਰਾ ਗਾਂਧੀ ਦਿੱਲੀ ਪਰਤ ਆਏ ਸਨ।
ਇਸ ਤੋਂ ਦੋ ਦਿਨਾਂ ਬਾਅਦ ਇੰਦਰਾ ਗਾਂਧੀ ਵਿਰੋਧੀ ਧਿਰ ਦੇ ਨੇਤਾ ਵਜੋਂ ਸੋਵੀਅਤ ਸੰਘ ਦੇ ਕੌਮੀ ਦਿਵਸ ਸਮਾਰੋਹ ਵਿੱਚ ਹਿੱਸਾ ਲੈਣ ਲਈ ਸੋਵੀਅਤ ਦੂਤਾਵਾਸ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਲੋਕ ਸਭਾ ਦੀ ਜ਼ਿਮਨੀ ਚੋਣ 70 ਹਜ਼ਾਰ ਵੋਟਾਂ ਨਾਲ ਜਿੱਤਣ ਦੀ ਖ਼ਬਰ ਮਿਲੀ।
ਸਮਾਰੋਹ ਦੌਰਾਨ ਸੋਵੀਅਤ ਰਾਜਦੂਤ ਨੇ ਇੰਦਰਾ ਦੀ ਜਿੱਤ ਦੀ ਖੁਸ਼ੀ ਵਿੱਚ ਜਾਮ ਚੁੱਕਿਆ।

ਇੰਦਰਾ ਗਾਂਧੀ ਨੇ ਚਾਰ ਦਿਨਾਂ ਬਾਅਦ ਲੰਡਨ ਰਵਾਨਾ ਹੋਣਾ ਸੀ। ਉਨ੍ਹਾਂ ਨਾਲ ਸੋਨੀਆ ਗਾਂਧੀ ਵੀ ਲੰਡਨ ਗਏ ਸਨ। ਦਿੱਲੀ ਵਾਪਸ ਪਰਤਣ ਤੋਂ ਪਹਿਲਾਂ ਇੰਦਰਾ ਅਤੇ ਸੋਨੀਆ ਲੰਡਨ ਦੀ ਮਸ਼ਹੂਰ ਆਕਸਫੋਰਡ ਸਟਰੀਟ 'ਤੇ ਰਾਹੁਲ ਅਤੇ ਪ੍ਰਿਅੰਕਾ ਲਈ ਖਰੀਦਦਾਰੀ ਕਰਨ ਲਈ ਗਏ ਸਨ।
ਉਨ੍ਹਾਂ ਨੂੰ ਭਾਵੇਂ ਅੰਦਾਜ਼ਾ ਨਹੀਂ ਹੋਵੇਗਾ ਕਿ ਦਿੱਲੀ ਵਿਚ ਉਨ੍ਹਾਂ ਨੂੰ ਸੰਸਦ ਵਿਚੋਂ ਲੰਬਿਤ ਕਰਨ ਅਤੇ ਗ੍ਰਿਫ਼ਤਾਰ ਕਰਨ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ।
ਸੰਸਦ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੇ ਇੰਦਰਾ ਨੂੰ ਪ੍ਰਧਾਨ ਮੰਤਰੀ ਹੁੰਦਿਆਂ ਮਾਰੂਤੀ ਕੇਸ ਦੀ ਜਾਂਚ ਕਰ ਰਹੇ ਸਨਅਤ ਮੰਤਰਾਲੇ ਦੇ ਚਾਰ ਅਧਿਕਾਰੀਆਂ ਨੂੰ ਪ੍ਰੇਸ਼ਾਨ ਕਰਨ ਦੇ ਮਾਮਲੇ ਵਿੱਚ ਦੋਸ਼ੀ ਪਾਇਆ ਸੀ।
ਇਸ ਤੋਂ ਪਹਿਲਾ ਕਿ ਰਿਪੋਰਟ ਨੂੰ ਸੰਸਦ ਵਿਚ ਪੇਸ਼ ਕੀਤਾ ਜਾਂਦਾ ਜਨਤਾ ਪਾਰਟੀ ਸੰਸਦੀ ਬੋਰਡ ਨੇ ਫੈਸਲਾ ਕਰ ਲਿਆ ਕਿ ਇਸ ਮਾਮਲੇ ਵਿਚ ਇੰਦਰਾ ਗਾਂਧੀ ਦੋਸ਼ੀ ਹਨ ਅਤੇ ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।
ਪਰ ਇਸ ਤੋਂ ਪਹਿਲਾਂ ਕਿ ਇਨ੍ਹਾਂ ਦੋਸ਼ਾਂ ਦੀ ਕਿਸੇ ਅਦਾਲਤ ਵਿੱਚ ਸੁਣਵਾਈ ਹੁੰਦੀ, ਜਨਤਾ ਪਾਰਟੀ ਦੇ ਆਗੂਆਂ ਨੇ ਸਦਨ ਵਿੱਚ ਆਪਣਾ ਬਹੁਮਤ ਵਰਤਦਿਆਂ ਉਨ੍ਹਾਂ ਨੂੰ ਸੰਸਦ ਸੈਸ਼ਨ ਦੇ ਅੰਤ ਤੱਕ ਜੇਲ੍ਹ ਭੇਜਣ ਅਤੇ ਉਨ੍ਹਾਂ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਨ ਦਾ ਫੈਸਲਾ ਕਰ ਲਿਆ।
ਪੁਪੁਲ ਜੈਕਰ ਨੇ ਇੰਦਰਾ ਗਾਂਧੀ ਦੀ ਜੀਵਨੀ ਵਿੱਚ ਲਿਖਿਆ, "ਇੰਦਰਾ ਨੂੰ ਪਤਾ ਸੀ ਕਿ ਸ਼ਾਹ ਕਮਿਸ਼ਨ ਦੀ ਜਾਂਚ, ਗ੍ਰਿਫਤਾਰੀ ਦੀ ਕੋਸ਼ਿਸ਼ ਅਤੇ ਸੀ.ਬੀ.ਆਈ. ਦੀ ਪੁੱਛ-ਗਿੱਛ ਦੀਆਂ ਕੋਸ਼ਿਸ਼ਾਂ ਨਾਕਾਮ ਹੋਣ ਤੋਂ ਬਾਅਦ, ਵਿਸ਼ੇਸ਼ ਅਧਿਕਾਰ ਕਮੇਟੀ ਦੀ ਵਰਤੋਂ ਉਨ੍ਹਾਂ ਦੇ ਸਿਆਸੀ ਭਵਿੱਖ ਨੂੰ ਬਰਬਾਦ ਕਰਨ ਲਈ ਕੀਤੀ ਜਾਵੇਗੀ। ਇਸ ਲਈ ਉਨ੍ਹਾਂ ਨੇ ਫੈਸਲਾ ਕੀਤਾ ਕਿ ਉਹ ਲੋਕ ਸਭਾ ਦੇ ਫਲੋਰ 'ਤੇ ਆਪਣੇ ਉੱਪਰ ਲੱਗੇ ਦੋਸ਼ਾਂ ਦਾ ਜਵਾਬ ਦੇਣਗੇ।
ਲੋਕ ਸਭਾ ਵਿੱਚ ਇੰਦਰਾ ਗਾਂਧੀ ਦਾ ਭਾਸ਼ਣ

ਤਸਵੀਰ ਸਰੋਤ, Getty Images
ਜਿਵੇਂ ਹੀ ਇੰਦਰਾ ਗਾਂਧੀ ਨੇ ਸੰਸਦ ਵਿੱਚ ਬੋਲਣਾ ਸ਼ੁਰੂ ਕੀਤਾ ਤਾਂ ਜਨਤਾ ਪਾਰਟੀ ਦੇ ਸੰਸਦ ਮੈਂਬਰਾਂ ਨੇ ਰੌਲਾ ਪਾ ਕੇ ਉਨ੍ਹਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ।
ਇੰਦਰਾ ਗਾਂਧੀ ਨੇ ਆਪਣੇ ਭਾਸ਼ਣ ਵਿੱਚ ਕਿਹਾ, "ਜਨਤਾ ਪਾਰਟੀ ਸੰਸਦੀ ਬੋਰਡ ਨੇ ਪਹਿਲਾਂ ਹੀ ਮੈਨੂੰ ਇਸ ਮਾਮਲੇ ਵਿੱਚ ਦੋਸ਼ੀ ਮੰਨ ਲਿਆ ਹੈ, ਇਸ ਲਈ ਮੇਰੇ ਲਈ ਆਪਣੇ ਬਚਾਅ ਵਿੱਚ ਕੁਝ ਕਹਿਣ ਦਾ ਕੋਈ ਮਤਲਬ ਨਹੀਂ ਹੈ। ਪਰ ਕੀ ਮੈਨੂੰ ਸਪੱਸ਼ਟ ਤੌਰ 'ਤੇ ਇਹ ਕਹਿਣ ਦਾ ਅਧਿਕਾਰ ਹੈ ਕਿ ਮੈਂ ਸੰਸਦ ਦੇ ਕੋਈ ਵਿਸ਼ੇਸ਼ ਅਧਿਕਾਰ ਦਾ ਉਲੰਘਣਾ ਨਹੀਂ ਕੀਤਾ ਹੈ?
"ਇਸ ਮੁੱਦੇ 'ਤੇ ਪਹਿਲਾਂ ਹੀ ਦੇਸ਼ ਦੀਆਂ ਕਈ ਅਦਾਲਤਾਂ ਵਿੱਚ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ। ਇਸ ਦੇ ਬਾਵਜੂਦ ਮੈਨੂੰ ਇੱਥੇ ਸਜ਼ਾ ਦੇ ਕੇ ਪੂਰੇ ਮਾਮਲੇ ਨੂੰ ਪ੍ਰੀ-ਜੱਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।"
ਉਨ੍ਹਾਂ ਕਿਹਾ, "ਸਰਕਾਰ ਦੇ ਇਸ ਕਦਮ ਦਾ ਮਕਸਦ ਬਦਲਾ ਲੈਣਾ ਹੈ। ਕਿਸੇ ਵੀ ਲੋਕਤਾਂਤਰਿਕ ਦੇਸ਼ ਦੇ ਇਤਿਹਾਸ ਵਿੱਚ ਕਿਸੇ ਵਿਰੋਧੀ ਪਾਰਟੀ ਦੇ ਨੇਤਾ ਦੀ ਇਸ ਤਰ੍ਹਾਂ ਚਰਿੱਤਰ ਹਰਣ ਦੀ ਕੋਸ਼ਿਸ਼ ਨਹੀਂ ਹੋਈ ਹੈ।"
'ਮੈਂ ਵਾਪਸ ਆਵਾਂਗੀ'

ਤਸਵੀਰ ਸਰੋਤ, Getty Images
ਇੰਦਰਾ ਗਾਂਧੀ ਨੇ ਕਿਹਾ, "ਮੈਂ ਐਮਰਜੈਂਸੀ ਦੀਆਂ ਵਧੀਕੀਆਂ ਲਈ ਪਹਿਲਾਂ ਵੀ ਕਈ ਫੋਰਮਾਂ 'ਤੇ ਮੁਆਫੀ ਮੰਗ ਚੁੱਕੀ ਹਾਂ ਅਤੇ ਇੱਥੇ ਵੀ ਮੈਂ ਦੁਬਾਰਾ ਮੁਆਫੀ ਮੰਗਦੀ ਹਾਂ।"
ਉਨ੍ਹਾਂ ਨੇ ਕਿਹਾ, "ਮੈਂ ਇੱਕ ਆਮ ਇਨਸਾਨ ਹਾਂ ਪਰ ਮੈਂ ਹਮੇਸ਼ਾ ਕੁਝ ਕਦਰਾਂ-ਕੀਮਤਾਂ ਅਤੇ ਟੀਚਿਆਂ ਪ੍ਰਤੀ ਵਫ਼ਾਦਾਰ ਰਹੀ ਹਾਂ। ਤੁਹਾਡੇ ਦੁਆਰਾ ਦਿੱਤੀ ਗਈ ਹਰ ਸਜ਼ਾ ਮੈਨੂੰ ਹੋਰ ਮਜ਼ਬੂਤ ਕਰੇਗੀ। ਮੇਰਾ ਸੂਟਕੇਸ ਪਹਿਲਾਂ ਹੀ ਪੈਕ ਹੈ। ਇਸ ਵਿੱਚ ਸਿਰਫ਼ ਗਰਮ ਕੱਪੜੇ ਰੱਖਣੇ ਹਨ।"
ਭਾਸ਼ਣ ਖਤਮ ਹੁੰਦਿਆਂ ਹੀ ਇੰਦਰਾ ਗਾਂਧੀ ਆਪਣੀ ਜਗ੍ਹਾ ਤੋਂ ਉੱਠੀ ਅਤੇ ਸੰਸਦ ਮੈਂਬਰਾਂ ਵੱਲ ਪਿੱਠ ਕਰਦੇ ਹੋਏ ਸੰਸਦ 'ਚੋਂ ਬਾਹਰ ਨਿਕਲ ਗਏ।
ਸਪੈਨਿਸ਼ ਲੇਖਕ ਹਾਵੀਏ ਮੋਰੋ ਆਪਣੀ ਕਿਤਾਬ 'ਦਿ ਰੈੱਡ ਸਾੜ੍ਹੀ' ਵਿਚ ਲਿਖਦੇ ਹਨ, "ਉਥੋਂ ਉਹ ਇਕ ਵਾਰ ਫਿਰ ਪਲਟ ਕੇ ਮੁੜੀ ਅਤੇ ਸਦਨ ਵੱਲ ਡੂੰਘੀ ਅਤੇ ਲੰਬੀ ਨਜ਼ਰ ਮਾਰੀ ਅਤੇ ਆਪਣੀ ਹਥੇਲੀ ਨੂੰ ਉੱਚਾ ਕਰਦੇ ਹੋਏ ਕਿਹਾ, 'ਮੈਂ ਵਾਪਸ ਆਵਾਂਗੀ।"
ਉਸ ਦਿਨ ਸੋਨੀਆ ਨੇ ਰਾਤ ਦੇ ਖਾਣੇ ਲਈ ਪਾਸਤਾ ਬਣਾਇਆ ਸੀ। ਮਿੱਠੇ ਵਿੱਚ ਅਮਰੂਦ ਦੀ ਕਰੀਮ ਅਤੇ ਇਲਾਹਾਬਾਦ ਦੇ ਮਸ਼ਹੂਰ ਅੰਬ ਦੇ ਪਾਪੜ ਸਨ।
ਅੰਬ ਦਾ ਪਾਪੜ ਉਨ੍ਹਾਂ ਨੂੰ ਹਮੇਸ਼ਾ ਬਚਪਨ ਦੀ ਯਾਦ ਦਿਵਾਉਂਦਾ ਸੀ। ਖਾਣੇ ਤੋਂ ਬਾਅਦ ਉਨ੍ਹਾਂ ਨੇ ਪ੍ਰਿਅੰਕਾ ਨੂੰ ਬੁਲਾਇਆ ਅਤੇ ਕਿਹਾ, 'ਮੇਰੇ ਨਾਲ ਸਕ੍ਰੈਬਲ ਖੇਡੋ।'
ਇੰਦਰਾ ਦੀ ਗ੍ਰਿਫਤਾਰੀ ਦੇ ਵਿਰੋਧ 'ਚ ਜਹਾਜ਼ ਹਾਈਜੈਕ ਕੀਤਾ ਗਿਆ

ਤਸਵੀਰ ਸਰੋਤ, Getty Images
ਅਗਲੇ ਦਿਨ ਇੰਦਰਾ ਨੂੰ ਗ੍ਰਿਫ਼ਤਾਰ ਕਰਕੇ ਤਿਹਾੜ ਜੇਲ੍ਹ ਭੇਜ ਦਿੱਤਾ ਗਿਆ।
ਸਾਗਰਿਕਾ ਘੋਸ਼ ਇੰਦਰਾ ਗਾਂਧੀ ਦੀ ਜੀਵਨੀ 'ਇੰਦਰਾ, ਇੰਡੀਆਜ਼ ਮੋਸਟ ਪਾਵਰਫੁੱਲ ਪ੍ਰਾਈਮ ਮਿਨੀਸਟਰ' ਵਿੱਚ ਲਿਖਦੇ ਹਨ, "ਇੰਦਰਾ ਨੂੰ ਜੇਲ੍ਹ ਭੇਜੇ ਜਾਣ ਦੇ ਵਿਰੋਧ ਵਿੱਚ ਹਜ਼ਾਰਾਂ ਕਾਂਗਰਸੀ ਵਰਕਰਾਂ ਨੇ ਗ੍ਰਿਫਤਾਰੀਆਂ ਦਿੱਤੀਆਂ ਸਨ।"
"ਦੋ ਜਣਿਆਂ ਦੇਵੇਂਦਰ ਅਤੇ ਭੋਲਾਨਾਥ ਪਾਂਡੇ ਨੇ ਇੱਕ ਖਿਡੌਣੇ ਦੀ ਪਿਸਤੌਲ ਅਤੇ ਇੱਕ ਕ੍ਰਿਕਟ ਬਾਲ ਦੀ ਮਦਦ ਨਾਲ ਇੰਡੀਅਨ ਏਅਰਲਾਈਨਜ਼ ਦੇ ਜ਼ਹਾਜ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ। ਉਹ ਜ਼ਬਰਦਸਤੀ ਲਖਨਊ ਤੋਂ ਦਿੱਲੀ ਜਾਣ ਵਾਲੀ ਫਲਾਈਟ ਨੂੰ ਬਨਾਰਸ ਲੈ ਗਏ।"
ਉੱਥੇ ਉਨ੍ਹਾਂ ਨੇ ਇੰਦਰਾ ਗਾਂਧੀ ਨੂੰ ਤੁਰੰਤ ਰਿਹਾਅ ਕਰਨ ਅਤੇ ਸੰਜੈ ਗਾਂਧੀ ਖਿਲਾਫ ਦਰਜ ਸਾਰੇ ਕੇਸ ਵਾਪਸ ਲੈਣ ਦੀ ਮੰਗ ਕੀਤੀ।
ਦੋ ਸਾਲਾਂ ਬਾਅਦ ਇਨ੍ਹਾਂ ਦੋਵਾਂ ਨੂੰ ਉੱਤਰ ਪ੍ਰਦੇਸ਼ ਵਿਧਾਨ ਸਭਾ ਲਈ ਕਾਂਗਰਸ ਦੀ ਟਿਕਟ ਦਿੱਤੀ ਗਈ ਅਤੇ ਉਹ ਚੋਣ ਵੀ ਜਿੱਤ ਗਏ ਸਨ।
ਸਲਾਖਾਂ 'ਤੇ ਕੰਬਲ ਲਗਾਇਆ

ਤਸਵੀਰ ਸਰੋਤ, Getty Images
ਤਿਹਾੜ ਵਿੱਚ ਉਨ੍ਹਾਂ ਨੂੰ ਉਸੇ ਕੋਠੜੀ ਵਿੱਚ ਰੱਖਿਆ ਗਿਆ ਸੀ ਜਿੱਥੇ ਐਮਰਜੈਂਸੀ ਦੌਰਾਨ ਜਾਰਜ ਫਰਨਾਂਡੀਜ਼ ਨੂੰ ਰੱਖਿਆ ਗਿਆ ਸੀ। ਉੱਥੇ ਉਨ੍ਹਾਂ ਦਾ ਦਿਨ ਸਵੇਰੇ ਪੰਜ ਵਜੇ ਸ਼ੁਰੂ ਹੋ ਜਾਂਦਾ ਸੀ।
ਪੁਪੁਲ ਜੈਕਰ ਲਿਖਦੇ ਹਨ, "ਉਹ ਉੱਠਦੇ ਮਗਰੋਂ ਯੋਗਾਸਨ ਅਤੇ ਪ੍ਰਾਣਾਯਾਮ ਕਰਦੇ ਸੀ। ਇਸ ਤੋਂ ਬਾਅਦ ਇੱਕ ਸ਼ਾਮ ਪਹਿਲਾ ਲਿਆਂਦਾ ਗਿਆ ਠੰਡਾ ਦੁੱਧ ਪੀਂਦੇ ਜੋ ਕਿ ਸੋਨੀਆ ਗਾਂਧੀ ਲੈ ਕੇ ਆਉਂਦੇ ਸਨ। ਇਸ ਤੋਂ ਬਾਅਦ ਉਹ ਦੁਬਾਰਾ ਸੌਣ ਲਈ ਚਲੇ ਜਾਂਦੇ ਸਨ।"
"ਜਾਗਣ ਤੋਂ ਬਾਅਦ ਇਸ਼ਨਾਨ ਕਰਦੇ ਅਤੇ ਫਿਰ ਕੁਝ ਦੇਰ ਲਈ ਧਿਆਨ ਕਰਦੇ ਸਨ ਅਤੇ ਕਿਤਾਬ ਪੜ੍ਹਦੇ ਸਨ। ਉਨ੍ਹਾਂ ਨੂੰ ਜੇਲ੍ਹ ਵਿੱਚ ਛੇ ਕਿਤਾਬਾਂ ਲਿਆਉਣ ਦੀ ਇਜਾਜ਼ਤ ਦਿੱਤੀ ਗਈ ਸੀ। ਉਨ੍ਹਾਂ ਦਾ ਖਾਣਾ ਉਨ੍ਹਾਂ ਦੇ ਘਰ ਹੀ ਬਣਾਇਆ ਜਾਂਦਾ ਸੀ, ਜਿਸ ਨੂੰ ਹਰ ਸਵੇਰ ਅਤੇ ਸ਼ਾਮ ਨੂੰ ਸੋਨੀਆ ਗਾਂਧੀ ਖੁਦ ਲਿਆਉਂਦੇ ਸਨ।"
ਕੈਥਰੀਨ ਫਰੈਂਕ ਇੰਦਰਾ ਗਾਂਧੀ ਦੀ ਜੀਵਨੀ ਵਿੱਚ ਲਿਖਦੇ ਹਨ, "ਇੰਦਰਾ ਗਾਂਧੀ ਨੂੰ ਸੌਣ ਲਈ ਲੱਕੜ ਦਾ ਬੈੱਡ ਦਿੱਤਾ ਗਿਆ ਸੀ ਪਰ ਉਸ ਉੱਤੇ ਕੋਈ ਗੱਦਾ ਨਹੀਂ ਸੀ। ਖਿੜਕੀਆਂ ਉੱਤੇ ਨਾ ਤਾਂ ਪਰਦੇ ਸਨ ਅਤੇ ਨਾ ਹੀ ਸ਼ੀਸ਼ੇ ਸਨ, ਸਿਰਫ਼ ਸਲਾਖਾਂ ਸਨ।"
"ਦਸੰਬਰ ਦੇ ਮਹੀਨੇ 'ਚ ਰਾਤ ਨੂੰ ਬਹੁਤ ਠੰਡ ਹੋ ਜਾਂਦੀ ਸੀ। ਠੰਡ ਤੋਂ ਬਚਣ ਲਈ ਇੰਦਰਾ ਖਿੜਕੀਆਂ ਦੀਆਂ ਸਲਾਖਾਂ 'ਤੇ ਕੰਬਲ ਲਟਕਾ ਦਿੰਦੇ ਸਨ ਅਤੇ ਖ਼ੁਦ ਰਜਾਈ ਲੈ ਕੇ ਸੌਂ ਜਾਂਦੇ ਸਨ।"
ਚਰਨ ਸਿੰਘ ਨੂੰ ਫੁੱਲਾਂ ਦਾ ਗੁਲਦਸਤਾ ਭੇਜਿਆ

ਤਸਵੀਰ ਸਰੋਤ, Getty Images
ਉਨ੍ਹਾਂ ਨੂੰ ਅਗਲੇ ਦਿਨ ਜੇਲ੍ਹ ਵਾਰਡਨ ਨੇ ਦੱਸਿਆ ਕਿ ਰਾਜੀਵ ਗਾਂਧੀ ਅਤੇ ਸੋਨੀਆ ਉਨ੍ਹਾਂ ਨੂੰ ਮਿਲਣ ਲਈ ਆਏ ਹਨ।
ਉਨ੍ਹਾਂ ਨੂੰ ਇਹ ਦੇਖ ਕੇ ਬੁਰਾ ਲੱਗਾ ਕਿ ਇੰਦਰਾ ਨੂੰ ਇਨ੍ਹਾਂ ਹਾਲਤਾਂ ਵਿਚ ਜੇਲ੍ਹ ਵਿਚ ਰਹਿਣਾ ਪੈ ਰਿਹਾ ਹੈ।
ਇੰਦਰਾ ਨੇ ਉਨ੍ਹਾਂ ਨੂੰ ਆਪਣੇ ਪੋਤੇ-ਪੋਤੀਆਂ ਬਾਰੇ ਪੁੱਛਿਆ।
ਹਾਵਿਏ ਮੋਰੋ ਲਿਖਦੇ ਹਨ, "ਰਾਜੀਵ ਨੇ ਇੰਦਰਾ ਨੂੰ ਕਿਹਾ, 'ਪ੍ਰਿਅੰਕਾ ਤੁਹਾਨੂੰ ਮਿਲਣ ਲਈ ਆਉਣਾ ਚਾਹੁੰਦੀ ਹੈ। ਪ੍ਰਿਅੰਕਾ ਦਾ ਨਾਮ ਸੁਣਦੇ ਹੀ ਇੰਦਰਾ ਦਾ ਚਿਹਰਾ ਚਮਕ ਉੱਠਿਆ।"
"ਉਨ੍ਹਾਂ ਨੇ ਕਿਹਾ, 'ਅਗਲੀ ਵਾਰ 'ਪ੍ਰਿਅੰਕਾ ਨੂੰ ਵੀ ਲੈ ਆਇਓ। ਉਨ੍ਹਾਂ ਲਈ ਇਹ ਦੇਖਣਾ ਚੰਗਾ ਹੋਵੇਗਾ ਕਿ ਜੇਲ੍ਹ ਕਿਸ ਤਰ੍ਹਾਂ ਦੀ ਹੈ। ਨਹਿਰੂ ਪਰਿਵਾਰ ਵਿੱਚ ਸ਼ੁਰੂ ਤੋਂ ਹੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ ਜੇਲ੍ਹ ਜਾਣ ਦੀ ਪਰੰਪਰਾ ਰਹੀ ਹੈ।'
ਅਗਲੀ ਵਾਰ ਜਦੋਂ ਰਾਜੀਵ ਅਤੇ ਸੋਨੀਆ ਉਨ੍ਹਾਂ ਨੂੰ ਮਿਲਣ ਆਏ ਤਾਂ ਉਹ ਪ੍ਰਿਅੰਕਾ ਨੂੰ ਆਪਣੇ ਨਾਲ ਲੈ ਕੇ ਆਏ।
ਚੱਲਦੇ-ਚੱਲਦੇ ਇੰਦਰਾ ਨੇ ਸੋਨੀਆ ਨੂੰ ਬੇਨਤੀ ਕੀਤੀ ਕਿ ਉਹ ਮੇਰੇ ਵਲੋਂ ਚਰਨ ਸਿੰਘ ਨੂੰ ਫੁੱਲਾਂ ਦਾ ਗੁਲਦਸਤਾ ਅਤੇ ਜਨਮ ਦਿਨ ਦਾ ਨੋਟ ਭੇਜੇ।
ਇੰਦਰਾ ਚਰਨ ਸਿੰਘ ਦੇ ਘਰ ਪਹੁੰਚੀ

ਤਸਵੀਰ ਸਰੋਤ, Chaudhary Charan Singh Archives
ਜਨਤਾ ਪਾਰਟੀ ਦੀ ਸਰਕਾਰ ਦਾ ਕਾਰਜਕਾਲ ਖ਼ਤਮ ਹੋਣ ਵਿਚ ਅਜੇ ਤਿੰਨ ਸਾਲ ਬਾਕੀ ਸਨ। ਪਰ ਇੰਦਰਾ ਗਾਂਧੀ ਨੂੰ ਅਹਿਸਾਸ ਹੋ ਗਿਆ ਸੀ ਕਿ ਜਨਤਾ ਪਾਰਟੀ ਦੇ ਸਿਖ਼ਰਲੇ ਨੇਤਾਵਾਂ ਵਿੱਚ ਲੀਡਰਸ਼ਿਪ ਨੂੰ ਲੈ ਕੇ ਭਾਰੀ ਖਿੱਚੋਤਾਣ ਹੈ।
ਚਰਨ ਸਿੰਘ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਤੋਂ ਬਹੁਤ ਨਾਰਾਜ਼ ਸਨ। ਇੰਦਰਾ ਨੇ ਸੋਚਿਆ ਕਿ ਚਰਨ ਸਿੰਘ ਦੇ ਅਰਮਾਨਾਂ ਨੂੰ ਹੱਲਾਸ਼ੇਰੀ ਦੇ ਕੇ ਉਨ੍ਹਾਂ ਦੇ ਅਤੇ ਮੋਰਾਰਜੀ ਦੇਸਾਈ ਵਿਚਕਾਰ ਪਾੜੇ ਨੂੰ ਵਧਾਇਆ ਜਾ ਸਕਦਾ ਹੈ।
ਸ਼ਾਇਦ ਚਰਨ ਸਿੰਘ ਨੂੰ ਫੁੱਲ ਭੇਟ ਕਰਨ ਪਿੱਛੇ ਇਹੀ ਮਕਸਦ ਸੀ।
ਇੰਦਰਾ ਦੇ ਜੇਲ੍ਹ ਤੋਂ ਬਾਹਰ ਆਉਂਦੇ ਹੀ ਚਰਨ ਸਿੰਘ ਦਾ ਇੱਕ ਪੱਤਰ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਸੀ, ਜਿਸ ਵਿੱਚ ਉਨ੍ਹਾਂ ਨੇ ਆਪਣੇ ਪੋਤੇ ਦੇ ਜਨਮ 'ਤੇ ਘਰ ਆਉਣ ਦਾ ਸੱਦਾ ਦਿੱਤਾ ਗਿਆ ਸੀ।
ਪੁਪੁਲ ਜੈਕਰ ਲਿਖਦੇ ਹਨ, "ਜਦੋਂ ਇੰਦਰਾ ਗਾਂਧੀ ਚਰਨ ਸਿੰਘ ਦੇ ਘਰ ਪਹੁੰਚੀ ਤਾਂ ਚਰਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਨੇ ਆਪਣੇ ਪੋਰਟੀਕੋ ਵਿੱਚ ਇੰਦਰਾ ਦਾ ਸੁਆਗਤ ਕੀਤਾ। ਦਿਲਚਸਪ ਗੱਲ ਇਹ ਸੀ ਕਿ ਉਸ ਸਮਾਗਮ ਵਿੱਚ ਮੋਰਾਰਜੀ ਦੇਸਾਈ ਨੂੰ ਵੀ ਸੱਦਾ ਦਿੱਤਾ ਗਿਆ ਸੀ। ਇੰਦਰਾ ਅਤੇ ਦੇਸਾਈ ਇੱਕ ਹੀ ਸੋਫੇ 'ਤੇ ਬੈਠੇ ਸਨ।"
"ਇਸ ਦੌਰਾਨ ਮੋਰਾਰਜੀ ਦੇਸਾਈ ਪੂਰੀ ਤਰ੍ਹਾਂ ਬੇਚੈਨ ਨਜ਼ਰ ਆਏ। ਉਨ੍ਹਾਂ ਨੇ ਇੰਦਰਾ ਨਾਲ ਇੱਕ ਵੀ ਸ਼ਬਦ ਨਹੀਂ ਬੋਲਿਆ। ਇੰਦਰਾ ਨੇ ਚਰਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਨਾਲ ਬਹੁਤ ਗਰਮਜੋਸ਼ੀ ਨਾਲ ਗੱਲ ਕੀਤੀ। ਉਨ੍ਹਾਂ ਨੇ ਮਠਿਆਈ ਖਾਧੀ ਅਤੇ ਨਵਜੰਮੇ ਬੱਚੇ ਨੂੰ ਆਪਣੀ ਗੋਦ ਵਿੱਚ ਲਿਆ ਅਤੇ ਆਸ਼ੀਰਵਾਦ ਦਿੱਤਾ।"
ਚਰਨ ਸਿੰਘ ਨਾਲ ਇੰਦਰਾ ਗਾਂਧੀ ਦੀ ਨਾਰਾਜ਼ਗੀ

ਤਸਵੀਰ ਸਰੋਤ, Chaudhary Charan Singh Archives
ਜੇਲ੍ਹ ਤੋਂ ਰਿਹਾਅ ਹੋਣ ਤੋਂ ਇਕ ਹਫ਼ਤੇ ਬਾਅਦ ਇੰਦਰਾ ਚਿਕਮਗਲੂਰ ਗਈ।
ਉਨ੍ਹਾਂ ਨੇ ਵੋਟਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਤੁਹਾਡੇ ਫੈਸਲੇ ਨੂੰ ਜਨਤਾ ਸਰਕਾਰ ਨੇ ਗੈਰ-ਕਾਨੂੰਨੀ ਅਤੇ ਜਾਣਬੁੱਝ ਕੇ ਰੱਦ ਕੀਤਾ ਹੈ।
ਇਸ ਦੌਰਾਨ ਇੰਦਰਾ ਗਾਂਧੀ ਨੇ ਮੋਰਾਰਜੀ ਸਰਕਾਰ ਨੂੰ ਡੇਗਣ ਲਈ ਚਰਨ ਸਿੰਘ ਨੂੰ ਆਪਣਾ ਸਮਰਥਨ ਦੇ ਦਿੱਤਾ। ਚਰਨ ਸਿੰਘ ਨੇ 28 ਜੁਲਾਈ 1979 ਨੂੰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ।
ਸਹੁੰ ਚੁੱਕਦਿਆਂ ਹੀ ਉਨ੍ਹਾਂ ਨੇ ਇੰਦਰਾ ਗਾਂਧੀ ਨੂੰ ਧੰਨਵਾਦ ਪ੍ਰਗਟਾਉਣ ਲਈ ਫੋਨ ਕੀਤਾ। ਉਨ੍ਹਾਂ ਕਿਹਾ ਕਿ ਉਹ ਮਿਲਣ ਲਈ ਆਉਣਗੇ।
ਪਹਿਲਾਂ ਉਹ ਬੀਜੂ ਪਟਨਾਇਕ ਨੂੰ ਮਿਲਣ ਲਈ ਵਿਲਿੰਗਟਨ ਹਸਪਤਾਲ ਜਾਣਗੇ ਅਤੇ ਉਥੋਂ ਵਾਪਸ ਆਉਂਦੇ ਸਮੇਂ ਇੰਦਰਾ ਗਾਂਧੀ ਦੀ ਰਿਹਾਇਸ਼ 12 ਵਿਲਿੰਗਟਨ ਕ੍ਰੇਸੈਂਟ ਵਿਖੇ ਰੁਕਣਗੇ।
ਸਤਿਆਪਾਲ ਮਲਿਕ ਯਾਦ ਕਰਦੇ ਹਨ, "ਪਰ ਅਖ਼ੀਰਲੇ ਸਮੇਂ ਚਰਨ ਸਿੰਘ ਦੇ ਕਿਸੇ ਰਿਸ਼ਤੇਦਾਰ ਨੇ ਉਨ੍ਹਾਂ ਦੇ ਕੰਨ ਭਰ ਦਿੱਤੇ, ਹੁਣ ਤੁਸੀਂ ਪ੍ਰਧਾਨ ਮੰਤਰੀ ਹੋ। ਤੁਸੀਂ ਉਨ੍ਹਾਂ ਦੇ ਘਰ 'ਤੇ ਕਿਉਂ ਜਾ ਰਹੇ ਹੋ, ਸਗੋਂ ਉਨ੍ਹਾਂ ਨੂੰ ਤੁਹਾਨੂੰ ਮਿਲਣ ਆਉਣਾ ਚਾਹੀਦਾ ਹੈ।"
ਨੀਰਜਾ ਚੌਧਰੀ ਆਪਣੀ ਕਿਤਾਬ 'ਹਾਓ ਪ੍ਰਾਈਮ ਮਿਨਿਸਟਰਸ ਡਿਸਾਈਡ' ਵਿੱਚ ਲਿਖਦੇ ਹਨ, "ਇੰਦਰਾ ਗਾਂਧੀ ਆਪਣੇ ਘਰ ਦੇ ਪੋਰਟੀਕੋ ਵਿੱਚ ਹੱਥਾਂ ਵਿੱਚ ਗੁਲਦਸਤਾ ਲੈ ਕੇ ਚਰਨ ਸਿੰਘ ਦਾ ਇੰਤਜ਼ਾਰ ਕਰ ਰਹੇ ਸਨ। ਉਨ੍ਹਾਂ ਦੇ ਨਾਲ ਕਰੀਬ 25 ਸੀਨੀਅਰ ਕਾਂਗਰਸੀ ਆਗੂ ਵੀ ਖੜ੍ਹੇ ਸਨ।"
"ਇੰਦਰਾ ਗਾਂਧੀ ਨੇ ਦੇਖਿਆ ਕਿ ਚਰਨ ਸਿੰਘ ਦੀਆਂ ਕਾਰਾਂ ਦਾ ਕਾਫਲਾ ਉਨ੍ਹਾਂ ਦੇ ਘਰ ਦੇ ਸਾਹਮਣੇ ਤੋਂ ਬਿਨਾਂ ਮੁੜੇ ਨਿਕਲ ਗਿਆ। ਇੰਦਰਾ ਗਾਂਧੀ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ। ਉਨ੍ਹਾਂ ਗੁਲਦਸਤਾ ਜ਼ਮੀਨ 'ਤੇ ਸੁੱਟਿਆ ਅਤੇ ਘਰ ਦੇ ਅੰਦਰ ਚਲੇ ਗਏ।"
ਸਤਿਆਪਾਲ ਮਲਿਕ ਨੇ ਮੈਨੂੰ ਦੱਸਿਆ ਕਿ ਮੈਂ ਉਸੇ ਸਮੇਂ ਸਮਝ ਗਿਆ ਸੀ ਕਿ ਚਰਨ ਸਿੰਘ ਦੀ ਸਰਕਾਰ ਜ਼ਿਆਦਾ ਦੇਰ ਤੱਕ ਨਹੀਂ ਚੱਲੇਗੀ।
ਚਰਨ ਸਿੰਘ ਨੇ ਬਾਅਦ ਵਿਚ ਇੰਦਰਾ ਗਾਂਧੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦਾ ਜਵਾਬ ਸੀ, 'ਹੁਣ ਨਹੀਂ।'
ਇੰਦਰਾ ਦਾ ਜ਼ੋਰਦਾਰ ਚੋਣ ਪ੍ਰਚਾਰ

ਤਸਵੀਰ ਸਰੋਤ, Getty Images
19 ਅਗਸਤ ਨੂੰ ਇੰਦਰਾ ਗਾਂਧੀ ਨੇ ਚਰਨ ਸਿੰਘ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ ਅਤੇ ਚਰਨ ਸਿੰਘ ਨੂੰ ਇੱਕ ਵਾਰ ਵੀ ਸੰਸਦ ਦਾ ਸਾਹਮਣਾ ਕੀਤੇ ਬਿਨਾਂ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ।
ਰਾਸ਼ਟਰਪਤੀ ਨੀਲਮ ਸੰਜੀਵ ਰੇਡੀ ਨੇ ਲੋਕ ਸਭਾ ਭੰਗ ਕਰਕੇ ਆਮ ਚੋਣਾਂ ਦਾ ਐਲਾਨ ਕਰ ਦਿੱਤਾ।
ਹਾਵਿਏ ਮੋਰੋ ਲਿਖਦੇ ਹਨ, "ਇੰਦਰਾ ਗਾਂਧੀ ਨੇ ਦੋ ਸੂਟਕੇਸਾਂ ਵਿੱਚ ਅੱਧੀ ਦਰਜਨ ਸੂਤੀ ਸਾੜੀਆਂ, ਦੋ ਥਰਮੋਸ ਬੋਤਲਾਂ, ਇੱਕ ਗਰਮ ਪਾਣੀ ਲਈ ਅਤੇ ਦੂਜੀ ਠੰਡੇ ਦੁੱਧ ਲਈ, ਦੋ ਕੁਸ਼ਨ, ਮੂੰਗਫ਼ਲੀ, ਕੁਝ ਸੁੱਕੇ ਮੇਵੇ ਅਤੇ ਸੂਰਜ ਤੋਂ ਬਚਣ ਲਈ ਇੱਕ ਛੱਤਰੀ ਨਾਲ ਦੇਸ਼ ਵਿੱਚ ਚੋਣ ਪ੍ਰਚਾਰ ਲਈ ਨਿਕਲ ਪਏ।"
"ਉਨ੍ਹਾਂ ਨੇ ਕੁੱਲ 70 ਹਜ਼ਾਰ ਕਿਲੋਮੀਟਰ ਦੀ ਦੂਰੀ ਤੈਅ ਕੀਤੀ ਅਤੇ ਔਸਤਨ ਹਰ ਰੋਜ਼ ਲਗਭਗ 20 ਚੋਣ ਸਭਾਵਾਂ ਨੂੰ ਸੰਬੋਧਨ ਕੀਤਾ।"
ਮੋਰੋ ਨੇ ਅੰਦਾਜ਼ਾ ਲਗਾਇਆ ਕਿ ਭਾਰਤ ਵਿੱਚ ਚਾਰ ਵਿੱਚੋਂ ਇੱਕ ਵੋਟਰ ਨੇ ਉਨ੍ਹਾਂ ਨੂੰ ਸੁਣਿਆ ਜਾਂ ਫਿਰ ਦੇਖਿਆ।
ਇੰਦਰਾ ਨੇ ਪਿਆਜ਼ ਅਤੇ ਆਲੂ ਦੀ ਕੀਮਤਾਂ ਨੂੰ ਚੋਣਾਂ ਦਾ ਮੁੱਖ ਮੁੱਦਾ ਬਣਾਇਆ। ਉਨ੍ਹਾਂ ਦੀ ਚੋਣ ਮੁਹਿੰਮ ਦਾ ਮੁੱਖ ਸੰਦੇਸ਼ ਸੀ, 'ਉਨ੍ਹਾਂ ਨੂੰ ਚੁਣੋ ਜੋ ਸਰਕਾਰ ਚਲਾ ਸਕਦੇ ਹਨ'।
ਇੰਦਰਾ ਗਾਂਧੀ ਦੀ ਪ੍ਰਧਾਨ ਮੰਤਰੀ ਵਜੋਂ ਵਾਪਸੀ

ਤਸਵੀਰ ਸਰੋਤ, Getty Images
6 ਜਨਵਰੀ ਨੂੰ ਵੋਟਾਂ ਦੀ ਗਿਣਤੀ ਦੇ ਪਹਿਲੇ ਘੰਟੇ ਹੀ ਸੰਕੇਤ ਆਉਣ ਲੱਗੇ ਕਿ ਜਿਸ ਔਰਤ ਨੂੰ ਜਨਤਾ ਨੇ 33 ਮਹੀਨਿਆਂ ਪਹਿਲਾਂ 'ਇਤਿਹਾਸ ਦੇ ਕੂੜੇਦਾਨ 'ਚ ਸੁੱਟ ਦਿੱਤਾ ਸੀ', ਉਸੇ ਮਹਿਲਾ ਨੂੰ ਜਨਤਾ ਨੇ ਇਕ ਵਾਰ ਫਿਰ ਪ੍ਰਧਾਨ ਮੰਤਰੀ ਬਣਾਉਣ ਦਾ ਫੈਸਲਾ ਕਰ ਲਿਆ ਹੈ।
ਇੰਦਰਾ ਕਾਂਗਰਸ ਨੂੰ ਕੁੱਲ 353 ਸੀਟਾਂ ਮਿਲੀਆਂ।
ਦੋ ਸਾਲ ਪਹਿਲਾਂ ਸੱਤਾ ਵਿੱਚ ਆਉਣ ਵਾਲੀ ਜਨਤਾ ਪਾਰਟੀ ਸਿਰਫ਼ 31 ਸੀਟਾਂ ਹੀ ਜਿੱਤ ਸਕੀ।
ਉਨ੍ਹਾਂ ਨੇ 14 ਜਨਵਰੀ 1980 ਨੂੰ ਰਾਸ਼ਟਰਪਤੀ ਭਵਨ ਦੇ ਅਸ਼ੋਕਾ ਹਾਲ ਵਿੱਚ ਚੌਥੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ।
ਜਦੋਂ ਇੱਕ ਵਿਦੇਸ਼ੀ ਪੱਤਰਕਾਰ ਨੇ ਉਨ੍ਹਾਂ ਨੂੰ ਪੁੱਛਿਆ ਕਿ ਉਹ ਇੱਕ ਵਾਰ ਫਿਰ ਭਾਰਤ ਦੀ ਨੇਤਾ ਬਣਨ 'ਤੇ ਕਿਵੇਂ ਮਹਿਸੂਸ ਕਰਦੇ ਹਨ, ਤਾਂ ਇੰਦਰਾ ਦਾ ਜਵਾਬ ਸੀ, "ਮੈਂ ਹਮੇਸ਼ਾ ਹੀ ਭਾਰਤ ਦੀ ਨੇਤਾ ਰਹੀ ਹਾਂ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












