'ਮੇਰੀ ਧੀ ਕਹਿੰਦੀ ਹੈ ਪਾਪਾ ਲਿਆ ਕੇ ਦਿਓ, ਅਸੀਂ ਕਿੱਥੋਂ ਲਿਆ ਕੇ ਦਈਏ', ਫਿਰੋਜ਼ਪੁਰ 'ਚ ਨਸ਼ੇ ਨਾਲ ਹੋਈਆਂ ਮੌਤਾਂ ਮਗਰੋਂ ਕਿਸ ਹਾਲ ਵਿੱਚ ਹਨ ਪਰਿਵਾਰ

ਔਰਤਾਂ

ਤਸਵੀਰ ਸਰੋਤ, Kuldeep brar/BBC

ਤਸਵੀਰ ਕੈਪਸ਼ਨ, ਕੁਲਦੀਪ ਕੌਰ ਦਾ ਬੇਟਾ ਅਤੇ ਸੁਨੀਤਾ ਦੇ ਪਤੀ ਦੀ ਮੌਤ ਹੋ ਗਈ ਹੈ
    • ਲੇਖਕ, ਕੁਲਦੀਪ ਬਰਾੜ
    • ਰੋਲ, ਬੀਬੀਸੀ ਸਹਿਯੋਗੀ

"ਮੇਰੀ ਧੀ ਰੋਂਦੀ ਹੈ ਅਤੇ ਕਹਿੰਦੀ ਹੈ ਕਿ ਪਾਪਾ ਲਿਆ ਕੇ ਦਿਓ, ਅਸੀਂ ਕਿੱਥੋਂ ਲਿਆ ਕੇ ਦਈਏ।"

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸੁਨੀਤਾ ਰੋਣ ਲੱਗ ਪੈਂਦੀ ਹੈ। ਸੁਨੀਤਾ 28 ਸਾਲਾ ਸੰਦੀਪ ਸਿੰਘ ਦੀ ਪਤਨੀ ਹੈ, ਜਿਸ ਦੀ ਮੌਤ ਕਥਿਤ ਨਸ਼ਿਆਂ ਕਾਰਨ ਹੋ ਗਈ ਹੈ।

ਸੰਦੀਪ ਹੀ ਨਹੀਂ, ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਲੱਖੋਕੇ ਬਹਿਰਾਮ ਵਿੱਚ ਚਾਰ ਨੌਜਵਾਨਾਂ ਦੀ ਕਥਿਤ ਨਸ਼ੇ ਨਾਲ ਮੌਤ ਹੋ ਗਈ। ਤਿੰਨ ਨੌਜਵਾਨਾਂ ਦੀ ਮੌਤ ਤਾਂ ਇੱਕੋ ਦਿਨ ਹੀ ਹੋਈ ਸੀ।

28 ਸਾਲਾ ਸੰਦੀਪ ਸਿੰਘ ਦੀ ਮੌਤ 1 ਅਕਤੂਬਰ ਨੂੰ ਮੌਤ ਹੋਈ ਸੀ, ਜਦਕਿ ਰਣਦੀਪ ਸਿੰਘ ਉਮਰ 25 ਸਾਲ, ਉਮੈਦ ਸਿੰਘ ਉਮਰ 25 ਸਾਲ, ਰਮਨਦੀਪ ਸਿੰਘ ਉਮਰ 27 ਸਾਲ ਦੀ 3 ਅਕਤੂਬਰ ਨੂੰ ਜਾਨ ਚਲੀ ਗਈ।

ਪਿੰਡ ਵਿੱਚ ਹੋਈਆਂ ਚਾਰ ਮੌਤਾਂ ਮਗਰੋਂ ਲੋਕ ਨਸ਼ੇ ਦੇ ਮੁੱਦੇ ਨੂੰ ਲੈ ਕੇ ਚਿੰਤਾ ਜਤਾ ਰਹੇ ਹਨ।

ਮ੍ਰਿਤਕ ਨੌਜਵਾਨ

ਤਸਵੀਰ ਸਰੋਤ, Kuldeep brar/BBC

ਤਸਵੀਰ ਕੈਪਸ਼ਨ, ਮ੍ਰਿਤਕਾਂ ਦੀ ਉਮਰ 25 ਤੋਂ 28 ਸਾਲਾਂ ਵਿਚਾਲੇ ਦੱਸੀ ਜਾ ਰਹੀ ਹੈ

ਸੁਨੀਤਾ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਬੀਤੇ 8 ਸਾਲਾਂ ਤੋਂ ਨਸ਼ੇ ਕਰ ਰਹੇ ਸਨ ਅਤੇ ਉਨ੍ਹਾਂ ਦੀ ਇੱਕ ਚਾਰ ਸਾਲ ਦੀ ਧੀ ਵੀ ਹੈ।

ਉਨ੍ਹਾਂ ਦਾ ਕਹਿਣਾ ਹੈ, "ਨਸ਼ਾ ਕਰਦਿਆਂ ਨੂੰ ਉਨ੍ਹਾਂ ਨੂੰ 8 ਸਾਲ ਹੋ ਗਏ ਸੀ। ਸੈਂਟਰ ਵਿੱਚ ਭੇਜਿਆ, ਪੁਲਿਸ ਦੇ ਹਵਾਲੇ ਵੀ ਕੀਤਾ ਪਰ ਨਹੀਂ ਹਟੇ। ਪਿੰਡ ʼਚ, ਘਰ-ਘਰ ʼਚ, ਮੈਡੀਕਲ ਸਟੋਰਾਂ ʼਤੇ ਨਸ਼ਾ ਬਹੁਤ ਜ਼ਿਆਦਾ ਮਿਲਦਾ ਹੈ।"

"ਮੇਰੀ ਧੀ ਰੋਂਦੀ ਹੈ ਅਤੇ ਕਹਿੰਦੀ ਹੈ ਕਿ ਪਾਪਾ ਲਿਆ ਕੇ ਦਿਓ, ਅਸੀਂ ਕਿਥੋਂ ਲਿਆ ਕੇ ਦਈਏ। ਬੱਚੇ ਨੂੰ ਸਮਝਾਉਣਾ ਬਹੁਤ ਔਖਾ ਹੈ। ਜਦੋਂ ਰੋਂਦੀ ਹੈ ਤਾਂ ਦੇਖੀ ਨਹੀਂ ਜਾਂਦੀ। ਬੱਸ ਪਾਪਾ-ਪਾਪਾ ਕਹਿੰਦੀ ਹੈ। ਸਰਕਾਰ ਨੇ ਕੁਝ ਨਹੀਂ ਕੀਤਾ। ਆਉਣ ਵਾਲੀ ਪੀੜੀ ਵਾਸਤੇ ਹੀ ਕੁਝ ਕਰਨ ਤਾਂ ਜੋ ਸਾਡੇ ਵਰਗੀਆਂ ਅੱਗੇ ਨਾ ਹੋਣ।"

ਸੁਨੀਤਾ ਦਾ ਕਹਿਣਾ ਉਨ੍ਹਾਂ ਦੇ ਪਤੀ ਸੰਦੀਪ ਸਿੰਘ ਵਾਟਰ ਸਪਲਾਈ ਵਿੱਚ ਸਰਕਾਰੀ ਨੌਕਰੀ ਕਰਦੇ ਸਨ ਅਤੇ ਦੋ ਸਾਲ ਪਹਿਲਾਂ ਨਸ਼ਿਆਂ ਕਰਕੇ ਉਨ੍ਹਾਂ ਨੂੰ ਉੱਥੋਂ ਕੱਢ ਦਿੱਤਾ ਗਿਆ ਸੀ।

ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ, "ਮੇਰੀ ਧੀ ਬਾਰੇ ਸੋਚਿਆ ਜਾਵੇ। ਮੇਰੀ ਮਦਦ ਕੀਤੀ ਜਾਵੇ। ਨਸ਼ਾ ਬੰਦ ਕੀਤਾ ਜਾਵੇ ਤਾਂ ਜੋ ਨਾ ਕਿਸੇ ਦੇ ਭਰਾ ਜਾਣ ਅਤੇ ਨਾ ਕਿਸੇ ਦੇ ਪੁੱਤ ਜਾਵੇ।"

ਸੁਨੀਤਾ

ਤਸਵੀਰ ਸਰੋਤ, Kuldeep brar/BBC

ਤਸਵੀਰ ਕੈਪਸ਼ਨ, ਸੁਨੀਤਾ ਸਰਕਾਰ ਕੋਲੋਂ ਮਦਦ ਦੀ ਗੁਹਾਰ ਲਗਾ ਰਹੀ ਹੈ

ʻਅਖ਼ੀਰ ਉਹ ਸਾਨੂੰ ਛੱਡ ਗਿਆ ਪਰ ਨਸ਼ਾ ਨਹੀਂ ਛੱਡਿਆʼ

ਉੱਧਰ 27 ਸਾਲਾ ਮ੍ਰਿਤਕ ਰਮਨਦੀਪ ਸਿੰਘ ਦੇ ਮਾਤਾ ਕੁਲਦੀਪ ਕੌਰ ਦਾ ਕਹਿਣਾ ਹੈ ਕਿ ਜਿਹੜਾ ਨਸ਼ਾ ਵੀ ਮਿਲਦਾ ਸੀ ਉਹ ਉਹੀ ਕਰ ਲੈਂਦਾ ਸੀ। "ਸਾਡੇ ਇੱਥੇ ਮੈਡੀਕਲ ਨਸ਼ਾ ਬਹੁਤ ਚੱਲਦਾ ਹੈ। ਚਿੱਟੇ ਦਾ ਨਸ਼ਾ ਵੀ ਘਰ-ਘਰ ਵਿਕ ਰਿਹਾ ਹੈ। ਸਾਡੇ ਪਿੰਡ ਵਿੱਚ ਕੋਈ ਕੰਟ੍ਰੋਲ ਨਹੀਂ ਹੈ।"

ਉਨ੍ਹਾਂ ਨੇ ਅੱਗੇ ਕਿਹਾ, "ਇੱਥੇ ਮੇਰਾ ਬੇਟਾ ਹੀ ਨਹੀਂ ਕਈਆਂ ਮਾਵਾਂ ਦੇ ਪੁੱਤ ਮਰ ਗਏ ਹਨ। ਕਈ ਮਾਵਾਂ ਰੋਂਦੀਆਂ ਫਿਰਦੀਆਂ ਹਨ। ਮੈਂ ਇਕੱਲੀ ਨਹੀਂ ਤੜਫ਼ ਰਹੀ ਬਹੁਤ ਮਾਵਾਂ ਤੜਫ ਰਹੀਆਂ ਹਨ। ਇਸ ʼਤੇ ਕੰਟ੍ਰੋਲ ਹੋਣਾ ਚਾਹੀਦਾ ਹੈ। ਜੋ ਸਾਡੇ ਨਾਲ ਹੋਈ ਹੈ ਉਹ ਕਿਸੇ ਹੋਰ ਨਾਲ ਨਾ ਹੋਵੇ।"

"ਸਰਕਾਰ ਨੇ ਕੁਝ ਕੀਤਾ ਹੁੰਦਾ ਤਾਂ ਸਾਡੇ ਬੱਚੇ ਅੱਜ ਸਾਡੇ ਵਿੱਚ ਹੁੰਦੇ। ਅਸੀਂ ਆਪਣੇ ਬੱਚੇ ਨਾ ਗੁਆਉਂਦੇ। ਸਾਡੇ ਨੇੜਲੇ ਪਿੰਡਾਂ ਵਿੱਚ ਬਹੁਤ ਨਸ਼ਾ ਵਿਕਦਾ ਹੈ। ਮੈਂ ਆਪਣੇ ਬੱਚੇ ਨੂੰ ਬਚਾਉਣ ਲਈ ਆਪਣਾ ਸਾਰਾ ਕੁਝ ਬਰਬਾਦ ਕਰ ਲਿਆ। ਮੈਂ ਬਹੁਤ ਕੋਸ਼ਿਸ਼ ਕੀਤੀ, ਅਖ਼ੀਰ ਉਹ ਸਾਨੂੰ ਛੱਡ ਗਿਆ ਪਰ ਨਸ਼ਾ ਨਹੀਂ ਛੱਡਿਆ।"

ਰੁਜ਼ਗਾਰ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਹੁਣ ਇੱਕੋ ਬੇਟਾ ਬਚਿਆ ਹੈ। ਪਤੀ ਦੀ ਨਿਗਾਹ ਘੱਟ ਹੋਣ ਕਰਕੇ ਉਹ ਵੀ ਕਮਾ ਨਹੀਂ ਸਕਦੇ।

ਉਨ੍ਹਾਂ ਨੇ ਕਿਹਾ, "ਜਾਂਦਾ-ਜਾਂਦਾ ਸਾਨੂੰ ਮਾਰ ਕੇ ਸੁੱਟ ਗਿਆ, ਸਾਡੀ ਕੰਮ ਕਰਨ ਵਾਲੀ ਹਿੰਮਤ ਵੀ ਖ਼ਤਮ ਕਰ ਗਿਆ। ਕੋਈ ਰੁਜ਼ਗਾਰ ਨਹੀਂ ਹੈ, ਸਾਨੂੰ ਕੁਝ ਨਜ਼ਰ ਨਹੀਂ ਆਉਂਦਾ। ਸਰਕਾਰ ਨਸ਼ਾ ਬੰਦ ਕਰ ਦੇਵੇ। ਬੱਚੇ ਬਚ ਜਾਣ।"

ਕੁਲਦੀਪ ਕੌਰ

ਤਸਵੀਰ ਸਰੋਤ, Kuldeep brar/BBC

ਤਸਵੀਰ ਕੈਪਸ਼ਨ, ਰਮਨਦੀਪ ਦੇ ਮਾਤਾ ਕੁਲਦੀਪ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਪੁੱਤਰ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ

ਰਣਦੀਪ ਸਿੰਘ ਦੇ ਪਿਤਾ ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੇਟਾ ਪਿਛਲੇ 7-8 ਸਾਲ ਤੋਂ ਨਸ਼ਾ ਕਰਦਾ ਸੀ। ਹਾਲਾਂਕਿ, ਉਸ ਨੇ ਨਸ਼ਾ ਛੱਡਣ ਦਾ ਮਨ ਵੀ ਬਣਾ ਲਿਆ ਸੀ ਪਰ ਉਹ ਨਸ਼ੇ ਵਿੱਚੋਂ ਨਿਕਲ ਨਹੀਂ ਸਕਿਆ।

ਉਨ੍ਹਾਂ ਨੇ ਦੱਸਿਆ, "ਰੱਬ ਜਾਣੇ ਚਿੱਟਾ ਪੀਤਾ ਜਾਂ ਨਸ਼ੇ ਦਾ ਟੀਕਾ ਲਗਾਇਆ। ਬਾਹਰੋਂ ਹੱਸਦਾ-ਖੇਡਦਾ ਆਇਆ ਸੀ, ਘਰੇ ਆ ਕੇ ਠੰਢ ਲੱਗੀ ਤੇ ਬੁਖ਼ਾਰ ਚੜ੍ਹ ਗਿਆ। ਉਸ ਤੋਂ ਘੰਟੇ ਡੇਢ ਘੰਟੇ ਬਾਅਦ ਮੌਤ ਹੋ ਗਈ ਸੀ।"

"ਸਾਨੂੰ ਤਾਂ ਪਤਾ ਨਹੀਂ ਕੀ ਨਸ਼ਾ ਕਰਦੇ ਹਨ। ਕਹਿੰਦੇ ਹਨ ਮੈਡੀਕਲ ਸਟੋਰਾਂ ਤੋਂ ਕੋਈ ਗੋਲੀ ਮਿਲਦੀ ਹੈ, ਜਿਸ ਨੂੰ ਪੀਸ ਕੇ ਉਸ ਦਾ ਟੀਕਾ ਲਗਾਉਂਦੇ ਹਨ। ਜਿਸ ਮਗਰੋਂ ਕਹਿੰਦੇ ਹਨ ਕਿ 5-6 ਮਹੀਨੇ ਬੰਦੇ ਕੋਲ ਮੋਹਲਤ ਹੁੰਦੀ ਹੈ ਤੇ ਫਿਰ ਉਸ ਦਾ ਅੰਤ ਹੀ ਹੁੰਦਾ ਹੈ।"

ਸੁਖਦੇਵ ਸਿੰਘ

ਤਸਵੀਰ ਸਰੋਤ, Kuldeep brar/BBC

ਤਸਵੀਰ ਕੈਪਸ਼ਨ, ਰਣਦੀਪ ਸਿੰਘ ਦੇ ਪਿਤਾ ਦਾ ਕਹਿਣਾ ਹੈ ਕਿ ਰਣਦੀਪ ਨੇ ਨਸ਼ੇ ਛੱਡਣ ਦਾ ਮਨ ਬਣਾਇਆ ਸੀ ਪਰ ਛੱਡਿਆ ਨਾ ਗਿਆ
ਇਹ ਵੀ ਪੜ੍ਹੋ-

ਸਰਕਾਰ ਦੀ ਮੁਹਿੰਮ ਬਾਰੇ ਗੱਲ ਕਰਦਿਆਂ ਸੁਖਦੇਵ ਸਿੰਘ ਆਖਦੇ ਹਨ, "ਜੇਕਰ ਨਸ਼ਾ ਖ਼ਤਮ ਹੋਇਆ ਹੁੰਦਾ ਤਾਂ ਮੇਰਾ ਪੁੱਤ ਮੇਰੇ ਕੋਲ ਹੁੰਦਾ। ਪਰ ਅਜਿਹਾ ਨਹੀਂ ਪੰਜਾਬ ਦੀ ਜਵਾਨੀ ਸ਼ਮਸ਼ਾਨ ਵੱਲ ਤੁਰੀ ਜਾ ਰਹੀ ਹੈ। ਮੈਂ ਆਪਣੇ ਮੋਢਿਆਂ 'ਤੇ ਧਰ ਕੇ, ਆਪਣੇ ਹੱਥੀਂ ਸਸਕਾਰ ਕੀਤੇ ਹਨ ਪਰ ਮੈਨੂੰ ਨਹੀਂ ਪਤਾ ਸੀ ਕਿ ਮੈਂ ਇਸ ਤਰ੍ਹਾਂ ਧੋਖਾ ਖਾ ਜਾਣਾ ਤੇ ਆਪਣੇ ਪੁੱਤ ਦਾ ਸਿਵਾ ਆਪ ਬਾਲਣਾ ਪੈਣਾ।"

"ਸਰਕਾਰ ਨੇ ਕੁਝ ਕੀਤਾ ਹੁੰਦਾ ਤਾਂ ਸਾਡੇ ਪਿੰਡ 7-8 ਮੈਡੀਕਲ ਸਟੋਰ ਕਿਉਂ ਖੁੱਲ੍ਹਦੇ। ਸਾਡਾ ਪਿੰਡ ਕੋਈ ਵੱਡਾ ਤਾਂ ਹੈ ਨਹੀਂ ਅਤੇ ਨਾ ਹੀ ਕੋਈ ਇੰਨਾ ਵੱਡਾ ਇੱਥੇ ਹਸਪਤਾਲ ਜਿੱਥੇ ਇਨ੍ਹਾਂ ਦੀ ਲੋੜ ਹੋਵੇ। ਮੈਡੀਕਲ ਸਟੋਰ ਤੋਂ ਗੋਲੀਆਂ-ਕੈਪਸੂਲ ਮਿਲ ਜਾਂਦੇ ਹਨ ਅਤੇ ਮੁੰਡੇ ਖਾਈ ਜਾਂਦੇ ਹਨ ਤੇ ਸ਼ਮਸ਼ਾਨ ਵੱਲ ਤੁਰੇ ਜਾਂਦੇ ਹਨ।"

"ਪਿੰਡ ਦੇ ਪੁੱਲ਼ ʼਤੇ ਹੀ ਤੁਹਾਨੂੰ ਕਈ ਮੁੰਡੇ ਮਿਲ ਜਾਣਗੇ, ਜਿਨ੍ਹਾਂ ਨੇ ਗੁੱਟਾਂ ʼਤੇ ਪੱਟੀਆਂ ਬੰਨੀਆਂ ਹਨ, ਕਈਆਂ ਦੇ ਹੱਥ-ਪੈਰ ਝੜੇ ਹੋਏ ਹਨ। ਇੱਥੋਂ ਤੱਕ ਕਿ ਕਈਆਂ ਦੇ ਕੀੜੇ ਵੀ ਪਏ ਹਨ। ਸਾਡੇ ਪਿੰਡ ਵਿੱਚ ਨਸ਼ਿਆਂ ਦਾ ਬਹੁਤ ਬੁਰਾ ਹਾਲ ਹੈ।"

ਬਲਵਿੰਦਰ ਸਿੰਘ

ਤਸਵੀਰ ਸਰੋਤ, Kuldeep brar/BBC

ਤਸਵੀਰ ਕੈਪਸ਼ਨ, ਬਲਵਿੰਦਰ ਸਿੰਘ ਪਿੰਡ ਲੱਖੋਕੇ ਬਹਿਰਾਮ ਦੇ ਮੌਜੂਦਾ ਸਰਪੰਚ ਹਨ

'ਸਰਕਾਰ ਨਸ਼ੇ ਉੱਤੇ ਨਕੇਲ ਕੱਸੇ'

ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਨੌਜਵਾਨ ਨਸ਼ੇ ਦੇ ਆਦੀ ਸਨ।

ਉਨ੍ਹਾਂ ਨੇ ਦੱਸਿਆ, "ਇਹ ਪੁਰਾਣੇ ਹੀ ਨਸ਼ਾ ਕਰ ਰਹੇ ਸਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਨੇ 12ਵੀਂ ਕੀਤੀ ਹੋਈ ਸੀ। ਇਨ੍ਹਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਛੱਡ ਕੇ ਆਉਂਦੇ ਸੀ ਤੇ ਫਿਰ ਵਾਪਸ ਆ ਜਾਂਦੇ ਸਨ। ਸ਼ਾਇਦ ਸਰਕਾਰੀ ਗੋਲੀ ਹੀ ਲਿਆ ਕੇ ਉਸ ਨੂੰ ਘੋਲ ਕੇ ਟੀਕਾ ਲਗਾ ਲੈਂਦੇ ਸੀ।"

ਉਨ੍ਹਾਂ ਨੇ ਦੱਸਿਆ ਕਿ ਪੁਲਿਸ ਕਾਰਵਾਈ ਕੀਤੀ ਜਾਂਦੀ ਹੈ ਪਰ ਹੋ ਸਕਦਾ ਹੈ ਇਹ ਹੋਰ ਕਿਤਿਓਂ ਲੈ ਆਉਂਦੇ। ਉਨ੍ਹਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ, "ਨਸ਼ਾ ਜੇਕਰ ਕਿਤੇ ਵੀ ਵਿਕ ਰਿਹਾ ਹੈ ਤਾਂ ਉਸ ਨੂੰ ਕੰਟ੍ਰੋਲ ਕੀਤਾ ਜਾਵੇ। ਜਿਸ ਤਰ੍ਹਾਂ ਸਾਡੇ ਪਿੰਡ ਵਿੱਚ ਮੌਤਾਂ ਹੋਈਆਂ ਹਨ ਸਾਨੂੰ ਇਹ ਨਹੀਂ ਲੱਗਦਾ ਕਿ ਨਸ਼ਾ ਖ਼ਤਮ ਹੋਇਆ ਹੈ।"

ਪਿੰਡ ਦੀ ਸਾਬਕਾ ਸਰਪੰਚ ਸੁਖਚੈਨ ਕੌਰ ਦਾ ਕਹਿਣਾ ਹੈ, "ਸਾਡੇ ਪਿੰਡ ਵਿੱਚ ਹੋਈਆਂ ਮੌਤਾਂ ਦਾ ਕਾਰਨ ਨਸ਼ਾ ਹੈ। ਪਿੰਡ ਵਿੱਚ ਮੈਡੀਕਲ ਸਟੋਰਾਂ ਤੋਂ ਇਲਾਵਾ ਘਰ-ਘਰ ਵਿੱਚ ਵੀ ਨਸ਼ਾ ਵਿਕਦਾ ਹੈ। ਦਸ ਸਾਲਾਂ ਤੋਂ ਲੈ ਕੇ 25 ਸਾਲ ਤੱਕ ਦੇ ਨੌਜਵਾਨ ਨਸ਼ਾ ਕਰਦੇ ਹਨ।"

ਨਸ਼ਾ

ਪੁਲਿਸ ਦਾ ਕੀ ਕਹਿਣਾ ਹੈ

ਗੁਰੂਹਰਸਹਾਏ ਦੇ ਡੀਐੱਸਪੀ ਰਾਜਬੀਰ ਸਿੰਘ ਨੇ ਇਸ ਘਟਨਾ ਬਾਰੇ ਬੋਲਦਿਆਂ ਉਨ੍ਹਾਂ ਨੇ ਕਿਹਾ, "ਉਨ੍ਹਾਂ ਬਾਰੇ ਪਤਾ ਲੱਗਾ ਹੈ ਕਿ ਉਹ ਕਾਫੀ ਪੁਰਾਣੇ ਨਸ਼ਾ ਲੈ ਰਹੇ ਹਨ। ਹੁਣ ਇੱਕ ਕਾਰਨ ਇਹ ਵੀ ਹੈ ਕਿ ਸਰਕਾਰ ਵੱਲੋਂ ਗੋਲੀਆਂ ਦਿੱਤੀਆਂ ਜਾਂਦੀਆਂ ਹਨ ਕਿ ਮੂੰਹ ਵਿੱਚ ਜ਼ੁਬਾਨ ਹੇਠਾਂ ਰੱਖ ਉਸ ਦਾ ਸੇਵਨ ਕਰੋ ਤੇ ਬਚੇ ਰਹੋ।"

"ਪਰ ਪਤ ਲੱਗਾ ਹੈ ਕਿ ਜਿਹੜੇ ਨਸ਼ੇੜੀ ਲੋਕ ਹਨ, ਉਹ ਉਸ ਗੋਲੀ ਨੂੰ ਪੀਸ ਕੇ ਪਾਣੀ ਵਿੱਚ ਘੋਲ ਕੇ ਉਸ ਦਾ ਟੀਕਾ ਲਗਾ ਲੈਂਦੇ ਹਨ, ਜਿਸ ਕਰਕੇ ਇਨ੍ਹਾਂ ਦੀ ਮੌਤ ਹੋ ਜਾਂਦੀ ਹੈ। ਉਨ੍ਹਾਂ ਵਿੱਚ ਕਈ ਬਿਮਾਰ ਵੀ ਸਨ, ਤਾਂ ਉਹ ਇਨ੍ਹਾਂ ਦੀ ਮੌਤ ਦਾ ਕਾਰਨ ਬਣੀ।"

ਰਾਜਬੀਰ ਸਿੰਘ

ਤਸਵੀਰ ਸਰੋਤ, Kuldeep brar/BBC

ਤਸਵੀਰ ਕੈਪਸ਼ਨ, ਗੁਰੂਹਰਸਹਾਏ ਦੇ ਡੀਐੱਸਪੀ ਰਾਜਬੀਰ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਮੁਹਿੰਮ ਜਾਰੀ ਹੈ

ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਸਰਕਾਰ ਵੱਲੋਂ ਮੁਹਿੰਮ ʻਯੁੱਧ ਨਸ਼ਿਆ ਵਿਰੁੱਧʼ ਜਾਰੀ ਹੈ। ਇਸ ਦੇ ਤਹਿਤ ਸੀਨੀਅਰ ਅਧਿਕਾਰੀਆਂ ਵੱਲੋਂ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਪੰਜਾਬ ਵਿੱਚ ਨਸ਼ੇ ਨੂੰ ਜੜ੍ਹ ਤੋਂ ਖ਼ਤਮ ਕਰਨਾ ਹੈ।

ਉਨ੍ਹਾਂ ਨੇ ਦੱਸਿਆ, "ਡਰੱਗ ਸਮਗਲਰ, ਪੈਡਲਰਜ਼ ਦੀਆਂ ਲਿਸਟਾਂ ਬਣੀਆਂ ਹੋਈਆਂ ਹਨ। ਅਸੀਂ ਉਨ੍ਹਾਂ ਉੱਤੇ ਛਾਪੇਮਾਰੀ ਕਰਕੇ ਜੋ ਵੀ ਰਿਕਵਰੀ ਹੁੰਦੀ ਹੈ ਉਸ ਦੇ ਆਧਾਰ ʼਤੇ ਕਾਨੂੰਨ ਮੁਤਾਬਕ ਵੱਧ ਤੋਂ ਵੱਧ ਐੱਫਆਈਆਰ ਦਰਜ ਕੀਤੀਆਂ ਜਾ ਰਹੀਆਂ ਹਨ।"

"ਐੱਨਡੀਪੀਐੱਸ ਦੇ ਤਹਿਤ ਵੀ ਵੱਧ ਤੋਂ ਵੱਧ ਬਰਾਮਦਗੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਕਿਸੇ ਕੈਮਿਸਟ ਸਟੋਰ ਉੱਤੇ ਨਜਾਇਜ਼ ਨਸ਼ੇ ਦੀਆਂ ਦਵਾਈਆਂ, ਸਰਿੰਜਾਂ ਜਾਂ ਸੂਈਆਂ ਵੇਚਣ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਉੱਥੇ ਵੀ ਅਸੀਂ ਕਾਨੂੰਨ ਤਹਿਤ ਡਰੱਗ ਇੰਸਪੈਕਟਰ ਨੂੰ ਨਾਲ ਲੈ ਕੇ ਰੇਡ ਕਰ ਰਹੇ ਹਾਂ ਤੇ ਕਈ ਦੁਕਾਨਾਂ ਵੀ ਸੀਲ ਕੀਤੀਆਂ ਜਾ ਚੁੱਕੀਆਂ ਹਨ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)