ਨਸ਼ੇ ਦੀ ਖੇਪ ਫੜ੍ਹਨ ਦੀ ਆਸ 'ਚ ਸਨ ਅਧਿਕਾਰੀ ਪਰ ਮਿਲਿਆ ਲੂਣ, ਭਾਰਤ 'ਚ ਬਣੀ ਇੱਕ ਦਵਾਈ ਨੂੰ ਯੂਰਪ 'ਚ ਨਸ਼ੀਲੇ ਪਦਾਰਥ ਵਜੋਂ ਕਿਵੇਂ ਵਰਤ ਰਹੇ ਤਸਕਰ

- ਲੇਖਕ, ਪੌਲ ਰੇਨਿਯਨ ਅਤੇ ਪੌਲ ਗਰਾਂਟ
- ਰੋਲ, ਬੀਬੀਸੀ ਨਿਊਜ਼
ਬੈਲਜੀਅਮ ਦੀ ਰਾਜਧਾਨੀ ਬ੍ਰਸਲਸ ਦੇ ਏਅਰਪੋਰਟ ਉੱਤੇ ਕਸਟਮ ਅਧਿਕਾਰੀ ਉਦੋਂ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਨੇ ਇੱਕ ਕਾਰਗੋ ਦੀ ਤਲਾਸ਼ੀ ਲਈ। ਉਨ੍ਹਾਂ ਨੂੰ ਟਰੱਕ ਦੇ ਪਿਛਲੇ ਹਿੱਸੇ ਵਿੱਚੋ ਇੱਕ ਟਨ ਮੈਡੀਕਲ ਕੈਟਾਮੀਨ ਮਿਲਣ ਦੀ ਉਮੀਦ ਸੀ। ਪਰ ਅਜਿਹਾ ਨਹੀਂ ਹੋਇਆ ਕਿਉਂਕਿ ਉਨ੍ਹਾਂ ਨੂੰ ਲੂਣ ਮਿਲਿਆ।
ਕੈਟਾਮੀਨ ਚਿੱਟਾ ਪਾਊਡਰਨੁਮਾ ਨਸ਼ਾ ਹੈ, ਜਿਸ ਨੂੰ ਦਰਦ ਨਿਵਾਰਕ ਵਜੋਂ ਵਰਤਿਆ ਜਾਂਦਾ ਹੈ। ਮੈਡੀਕਲੀ ਇਸ ਦੀ ਵਰਤੋਂ ਤਣਾਅ ਅਤੇ ਸਰੀਰ ਨੂੰ ਸੁੰਨ ਕਰਨ ਲਈ ਕੀਤੀ ਜਾਂਦੀ ਹੈ।
ਕੈਟਾਮੀਨ ਦੀ ਯੂਰਪੀ ਫਾਰਮਾਸੂਟੀਕਲ ਇੰਡਸਟਰੀ ਵਿੱਚ ਕਾਫੀ ਮੰਗ ਹੈ।
ਯੂਰਪ ਦੇ ਕਈ ਦੇਸ਼ਾਂ ਵਿੱਚ ਘੁੰਮਣ ਵਾਲੀ ਕੈਟਾਮੀਨ ਦੀ ਖੇਪ ਬਾਰੇ ਪੰਜ ਦਿਨ ਪਹਿਲਾਂ ਨੀਦਰਲੈਂਡਜ਼ ਦੇ ਸ਼ਿਪੋਲ ਏਅਰਪੋਰਟ ਉੱਤੇ ਕਸਟਮ ਅਧਿਕਾਰੀਆਂ ਨੂੰ ਪਤਾ ਲੱਗਿਆ। ਇੱਥੋਂ ਇਸ ਖੇਪ ਨੇ ਸੜਕੀ ਰਸਤੇ ਰਾਹੀਂ ਬੈਲਜੀਅਮ ਪਹੁੰਚਣਾ ਸੀ। ਪਰ ਇਸ ਤੋਂ ਬਾਅਦ ਜੋ ਹੋਇਆ ਉਹ ਫਿਲਮੀ ਸੀ।
ਐਮਸਟਰਡੈਮ ਅਤੇ ਬ੍ਰਸਲਸ ਵਿਚਕਾਰ ਇੱਕ ਯਾਤਰਾ ਦੌਰਾਨ, ਕੈਟਾਮੀਨ ਗਾਇਬ ਹੋ ਗਿਆ ਅਤੇ ਇਸਦੀ ਬਜਾਏ ਲੂਣ ਆ ਗਿਆ। ਇਸ ਲਈ ਨਵੇਂ ਜਾਅਲੀ ਦਸਤਾਵੇਜ਼ ਵੀ ਬਣਾਏ ਗਏ ਸਨ।
ਅਧਿਕਾਰੀਆਂ ਨੂੰ ਸ਼ੱਕ ਹੈ ਕਿ ਕੈਟਾਮੀਨ ਕਾਲੇ ਬਾਜ਼ਾਰ ਵਿੱਚ ਚਲਾ ਗਿਆ ਹੋ ਸਕਦਾ ਹੈ। ਏਜੰਸੀਆਂ ਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਹੈ ਕਿ ਕੈਟਾਮੀਨ ਕਿੱਥੇ ਗਾਇਬ ਹੋਇਆ। ਕਿਸੇ ਵੀ ਜ਼ਿੰਮੇਵਾਰ ਵਿਅਕਤੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।
ਯੂਰਪ ਵਿੱਚ ਕੈਟਾਮੀਨ ਦਵਾਈ ਦੇ ਰੂਪ ਵਿੱਚ ਆਉਂਦਾ
ਇਹ ਮਾਮਲਾ ਯੂਰਪ ਅਤੇ ਯੂਕੇ ਵਿੱਚ ਕੈਟਾਮੀਨ ਦੀ ਤਸਕਰੀ ਵਿੱਚ ਵਾਧੇ ਨੂੰ ਦਰਸਾਉਂਦਾ ਹੈ ਅਤੇ ਅਪਰਾਧਿਕ ਗਿਰੋਹਾਂ ਵੱਲੋਂ ਵਰਤੇ ਜਾਂਦੇ ਗੁੰਝਲਦਾਰ ਤਰੀਕਿਆਂ ਬਾਰੇ ਦੱਸਦਾ ਹੈ।
ਕੈਟਾਮੀਨ ਨੂੰ ਇੱਕ ਕਾਨੂੰਨੀ ਨਸ਼ੀਲੇ ਪਦਾਰਥ ਵਜੋਂ ਦਰਸਾ ਕੇ ਅਪਰਾਧਿਕ ਗਿਰੋਹ ਇਸ ਨੂੰ ਕਈ ਦੇਸ਼ਾਂ ਦੀਆਂ ਸਰਹੱਦਾਂ ਰਾਹੀਂ ਅੱਗੇ ਪਹੁੰਚਾਉਂਦੇ ਹਨ ਅਤੇ ਅਧਿਕਾਰੀਆਂ ਨੂੰ ਉਲਝਾਉਂਦੇ ਹਨ ਅਤੇ ਇਹ ਫਿਰ ਨਸ਼ੀਲਾ ਪਦਾਰਥ ਗਾਇਬ ਹੋ ਜਾਂਦਾ ਹੈ।
ਫਿਰ ਇਸਨੂੰ ਗੈਰ-ਕਾਨੂੰਨੀ ਤੌਰ 'ਤੇ ਇੱਕ ਹੈਲੋਸੀਨੋਜੈਨੀਕ ਪਦਾਰਥ (ਭਰਮ ਪੈਦਾ ਕਰ ਦੇਣ ਵਾਲਾ ਪਦਾਰਥ) ਵਜੋਂ ਵੇਚਿਆ ਜਾਂਦਾ ਹੈ।
ਨਸ਼ੀਲੇ ਪਦਾਰਥ ਕੈਟਾਮੀਨ ਦੀ ਨਸ਼ੀਲੇ ਪਦਾਰਥ ਵਜੋਂ ਵਰਤੋਂ ਇਸ ਸਭ ਦਾ ਸਾਰ ਹੈ।

ਤਸਵੀਰ ਸਰੋਤ, Getty Images
ਬੈਲਜੀਅਮ ਦੇ ਸੈਂਟਰਲ ਡਾਇਰੈਕਟੋਰੇਟ ਆਫ ਡਰੱਗਜ਼ ਦੇ ਮੁਖੀ ਮਾਰਕ ਵੈਨਕੁਇਲੀ ਨੇ ਕਿਹਾ,"ਇਹ ਸਪਸ਼ਟ ਹੈ ਕਿ ਅਪਰਾਧਿਕ ਗੈਂਗ ਕੈਟਾਮੀਨ ਦੀ ਤਸਕਰੀ ਕਰਨ ਲਈ ਸਾਰੇ ਰੂਟਸ ਦਾ ਇਸਤੇਮਾਲ ਕਰ ਰਹੇ ਹਨ।"
2023 ਵਿੱਚ ਇਸ ਮਾਮਲੇ ਤੋਂ ਬਾਅਦ, ਬੈਲਜੀਅਨ ਜਾਂਚਕਰਤਾਵਾਂ ਨੇ ਕੈਟਾਮੀਨ ਦੀ ਲੂਣ ਨਾਲ ਅਦਲਾ-ਬਦਲੀ ਦੇ ਘੱਟੋ-ਘੱਟ 28 ਮਾਮਲੇ ਦੇਖੇ ਹਨ। ਅੰਦਾਜ਼ਾ ਲਗਾਇਆ ਗਿਆ ਹੈ ਕਿ ਇਨ੍ਹਾਂ ਖੇਪਾਂ ਰਾਹੀਂ ਘੱਟੋ-ਘੱਟ 28 ਟਨ ਕੈਟਾਮੀਨ ਦੀ ਤਸਕਰੀ ਕੀਤੀ ਗਈ ਸੀ।
ਮਾਰਕ ਵੈਨਕੁਇਲੀ ਕਹਿੰਦੇ ਹਨ, "ਬਹੁਤ ਸਾਰੇ ਅਪਰਾਧੀ ਗੈਂਗ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਕੇ ਬਹੁਤ ਪੈਸਾ ਕਮਾਉਂਦੇ ਹਨ। ਹੁਣ ਉਨ੍ਹਾਂ ਨੂੰ ਆਮਦਨ ਦਾ ਇੱਕ ਨਵਾਂ ਸਰੋਤ ਮਿਲ ਗਿਆ ਹੈ: ਕੈਟਾਮੀਨ। ਇਹ ਗਿਰੋਹ ਕੋਕੀਨ ਵਰਗੇ ਹੋਰ ਨਸ਼ਿਆਂ ਦੀ ਬਜਾਏ ਕੈਟਾਮੀਨ ਵੇਚ ਕੇ ਵਧੇਰੇ ਪੈਸਾ ਕਮਾ ਰਹੇ ਹਨ" "
ਯੂਰਪ ਵਿੱਚ ਕੈਟਾਮੀਨ ਦੀ ਵਧਦੀ ਵਰਤੋਂ
2023 ਅਤੇ 2024 ਦੇ ਵਿਚਕਾਰ, ਇਕੱਲੇ ਯੂਰਪ ਵਿੱਚ ਕੈਟਾਮੀਨ ਦੀ ਵਰਤੋਂ 85 ਪ੍ਰਤੀਸ਼ਤ ਵਧੀ ਹੈ। ਇਸ ਖਪਤ ਦਾ ਪਤਾ ਵੀ ਇੱਕ ਵਿਲੱਖਣ ਤਰੀਕੇ ਨਾਲ ਲੱਗਿਆ ਹੈ। ਸੀਵਰੇਜ ਦੀ ਪੜਤਾਲ ਕਰਨ ਤੋਂ ਬਾਅਦ ਇਹ ਡਾਟਾ ਪ੍ਰਾਪਤ ਕੀਤਾ ਗਿਆ ਸੀ।
ਇੱਕ ਗੰਦੇ ਪਾਣੀ ਦੇ ਪ੍ਰਬੰਧਨ ਪਲਾਂਟ ਤੋਂ ਮਨੁੱਖੀ ਮਲ ਦੇ ਨਮੂਨੇ ਲੈ ਕੇ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੀ ਮਾਤਰਾ ਨੂੰ ਮਾਪਿਆ ਗਿਆ ਹੈ।
ਨਵਾਂ ਡਾਟਾ ਦਰਸਾਉਂਦਾ ਹੈ ਕਿ 2023 ਵਿੱਚ ਕੈਟਾਮੀਨ ਦੀ ਵਰਤੋਂ ਕਾਰਨ 53 ਮੌਤਾਂ ਹੋਈਆਂ।
ਇਸ ਵਿੱਚ ਹਾਈ ਪ੍ਰੋਫਾਈਲ ਅਤੇ ਮਸ਼ਹੂਰ ਹਸਤੀਆਂ ਵੀ ਸ਼ਾਮਲ ਹਨ। ਫ੍ਰੈਂਡਜ਼ ਸ਼ੋਅ ਦੇ ਅਦਾਕਾਰ ਮੈਥਿਊ ਪੈਰੀ ਅਤੇ ਡਰੈਗ ਸਟਾਰ 'ਦਿ ਵਿਵੀਅਨ' ਦੀਆਂ ਮੌਤਾਂ ਨੂੰ ਵੀ ਕੈਟਾਮੀਨ ਨਾਲ ਜੋੜ ਕੇ ਦੇਖਿਆ ਗਿਆ ਹੈ।
ਧੁੰਦਲਾਪਣ ਜਾਂ ਨਸ਼ਾ ਕਰਨ ਦੇ ਸਾਧਨ ਵਜੋਂ ਕੈਟਾਮੀਨ ਦੀ ਵਰਤੋਂ ਬੋਧ ਨਾਲ ਸਬੰਧਤ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਬਲੈਡਰ ਨੂੰ ਵੀ ਸਥਾਈ ਤੌਰ 'ਤੇ ਨੁਕਸਾਨ ਪਹੁੰਚ ਸਕਦਾ ਹੈ।
ਨੈਸ਼ਨਲ ਕ੍ਰਾਈਮ ਏਜੰਸੀ ਯਾਨੀ ਐੱਨਸੀਏ ਦੇ ਐਡਮ ਥੌਮਸਨ ਮੁਤਾਬਕ ਯੂਕੇ ਦੇ ਸੰਗਠਿਤ ਅਪਰਾਧਿਕ ਸਮੂਹ ਨਵੀਂ ਮਾਰਕਿਟ ਵਿੱਚ ਦਾਖਲ ਹੋ ਰਹੇ ਹਨ।
ਸਵਾਲ ਇਹ ਹੈ ਕਿ ਜੇਕਰ ਕੈਟਾਮੀਨ ਦਾ ਇੰਨੇ ਵੱਡੇ ਪੱਧਰ ਉੱਤੇ ਗਲਤ ਇਸਤੇਮਾਲ ਹੋ ਰਿਹਾ ਹੈ ਅਤੇ ਸਮੱਗਲ ਕੀਤਾ ਜਾ ਰਿਹਾ ਹੈ ਤਾਂ ਸਬੰਧਿਤ ਏਜੰਸੀਆਂ ਇਸ ਨੂੰ ਰੋਕ ਕਿਉਂ ਨਹੀਂ ਰਹੀਆਂ।
ਹਸਪਤਾਲਾਂ ਅਤੇ ਵੈਟਰਨਰੀ ਕਲੀਨਿਕਾਂ ਵਿੱਚ ਅਨੈਸਥੀਸੀਆ (ਬੇਸੁੱਧ ਕਰਨ) ਲਈ ਕੈਟਾਮੀਨ ਨੂੰ ਇੱਕ ਮਹੱਤਵਪੂਰਨ ਵਜੋਂ ਵਰਤਿਆ ਜਾਂਦਾ ਹੈ। ਨਤੀਜੇ ਵਜੋਂ, ਯੂਰਪ ਵਿੱਚ ਕਾਨੂੰਨੀ ਪ੍ਰਣਾਲੀਆਂ ਜਾਂ ਡਾਇਰੈਕਟੋਰੇਟਾਂ ਦੇ ਸਾਹਮਣੇ ਚੁਣੌਤੀ ਬਹੁਤ ਵੱਡੀ ਅਤੇ ਗੁੰਝਲਦਾਰ ਹੋ ਗਈ ਹੈ।
ਭਾਰਤ ਅਤੇ ਯੂਰਪ ਵਿੱਚ ਵਿਕਦੇ ਕੈਟਾਮੀਨ ਦਾ ਕੀ ਹੈ ਸਬੰਧ

ਬੀਬੀਸੀ ਦੇ ਫਾਈਲ ਆਨ 4 ਇਨਵੈਸਟੀਗੇਟਰਜ਼ ਨੇ ਅਧਿਐਨ ਕੀਤਾ ਹੈ ਕਿ ਕਿਵੇਂ ਸੰਗਠਿਤ ਅਪਰਾਧ ਗਿਰੋਹ ਕੈਟਾਮੀਟ ਦੀ ਦੋਹਰੀ ਕਲਾਸੀਫਿਕੇਸ਼ਨ ਦਾ ਫਾਇਦਾ ਚੁੱਕ ਰਹੇ ਹਨ। ਯੂਕੇ ਅਤੇ ਬੈਲਜੀਅਮ ਵਰਗੇ ਦੇਸ਼ਾਂ ਵਿੱਚ, ਕੈਟਾਮੀਨ ਨੂੰ ਨਸ਼ੀਲੇ ਪਦਾਰਥ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ।
ਪਰ ਆਸਟਰੀਆ, ਜਰਮਨੀ ਅਤੇ ਨੀਦਰਲੈਂਡਜ਼ ਵਿੱਚ ਇਸ ਨੂੰ ਦਵਾਈ ਦੀ ਤਰ੍ਹਾਂ ਵਰਤਿਆ ਜਾਂਦਾ ਹੈ, ਭਾਵ ਉੱਥੇ ਦਰਾਮਦ ਅਤੇ ਆਵਾਜਾਈ ਦੌਰਾਨ ਘੱਟ ਜਾਂਚ ਦਾ ਸਾਹਮਣਾ ਕਰਨਾ ਪੈਂਦਾ ਹੈ।
ਐਡਮ ਥੌਮਸਨ ਕਹਿੰਦੇ ਹਨ, "ਇਹ ਸ਼ੁਰੂ ਵਿੱਚ ਉਨ੍ਹਾਂ ਬਾਜ਼ਾਰਾਂ ਲਈ ਤਿਆਰ ਕੀਤਾ ਜਾਂਦਾ ਹੈ ਅਤੇ ਭਾਰਤ ਵਰਗੇ ਦੇਸ਼ਾਂ ਤੋਂ ਨਿਰਯਾਤ ਕੀਤਾ ਜਾਂਦਾ ਹੈ ਪਰ ਫਿਰ ਇਸਨੂੰ ਸੰਗਠਿਤ ਅਪਰਾਧ ਸਮੂਹਾਂ ਦੁਆਰਾ ਗੈਰ-ਕਾਨੂੰਨੀ ਸਪਲਾਈ ਵਿੱਚ ਮੋੜ ਦਿੱਤਾ ਜਾਂਦਾ ਹੈ।"
ਕਾਫੀ ਜਾਣਕਾਰੀ ਰੱਖਣ ਵਾਲੇ ਤਸਕਰਾਂ ਨੇ ਇਸ ਨੂੰ ਭਾਰਤ ਤੋਂ ਜਰਮਨੀ , ਨੀਦਰਲੈਂਡਜ਼ ਅਤੇ ਬੈਲਜੀਅਮ ਰਾਹੀਂ, ਫਿਰ ਯੂਕੇ ਭੇਜਣ ਲਈ ਪਸੰਦੀਦਾ ਰੂਟ ਤਿਆਰ ਕਰ ਲਿਆ ਹੈ। ਭਾਰਤ ਵਿੱਚ ਇਹ ਕਾਨੂੰਨੀ ਤੌਰ 'ਤੇ ਦਵਾਈ ਦੇ ਤੌਰ 'ਤੇ ਤਿਆਰ ਕੀਤਾ ਜਾਂਦਾ ਹੈ।
ਬ੍ਰਸਲਸ ਹਵਾਈ ਅੱਡੇ 'ਤੇ ਗਾਇਬ ਹੋਈ ਖੇਪ ਦੇ ਮਾਮਲੇ ਵਿੱਚ, ਨਸ਼ੀਲੇ ਪਦਾਰਥਾਂ ਨੂੰ ਅਸਲ ਵਿੱਚ ਭਾਰਤ ਤੋਂ ਆਸਟਰੀਆ ਭੇਜਿਆ ਗਿਆ ਸੀ। ਫਿਰ ਇਸਨੂੰ ਨੀਦਰਲੈਂਡਜ਼ ਲਿਜਾਣ ਤੋਂ ਪਹਿਲਾਂ ਜਰਮਨੀ ਲਿਜਾਇਆ ਗਿਆ, ਜਿੱਥੇ ਇਸ ਨੂੰ ਦੁਬਾਰਾ ਉਤਾਰਿਆ ਗਿਆ ਅਤੇ ਬੈਲਜੀਅਮ ਦੀ ਸੜਕ ਯਾਤਰਾ ਲਈ ਤਿਆਰ ਕੀਤਾ ਗਿਆ। ਇਸ ਦੌਰਾਨ ਇਸ ਨੂੰ ਕਾਨੂੰਨੀ ਤੌਰ 'ਤੇ ਭੇਜਿਆ ਜਾ ਰਿਹਾ ਸੀ।
ਪਰ ਕਿਤੇ ਅਖੀਰ ਵਿੱਚ ਇਸ ਨੂੰ ਲੂਣ ਨਾਲ ਬਦਲਿਆ ਗਿਆ ਅਤੇ ਅਜਿਹਾ ਮੰਨਿਆ ਗਿਆ ਕਿ ਕੈਟਾਮੀਨ ਨੂੰ ਕਾਲਾ ਬਾਜ਼ਾਰੀ ਲਈ ਭੇਜ ਦਿੱਤਾ ਗਿਆ।
ਇੱਕ ਹੋਰ ਮਾਮਲੇ ਵਿੱਚ ਏਂਟਬਰਪ ਦੇ ਬੈਲਜੀਅਨ ਬੰਦਰਗਾਹ 'ਤੇ ਪਹੁੰਚੇ ਇੱਕ ਕੰਟੇਨਰ ਵਿੱਚ ਖੰਡ ਮਿਲੀ ਸੀ, ਜਿਸ ਦੀ ਪੁਸ਼ਟੀ ਕੈਟਾਮੀਨ ਹੋਣ ਦੇ ਰੂਪ ਵਿੱਚ ਕੀਤੀ ਗਈ ਸੀ।
ਅਪਰਾਧਿਕ ਸਮੂਹ ਵੀ ਫਰਜ਼ੀ ਕੰਪਨੀਆਂ ਬਣਾ ਕੇ ਕਾਨੂੰਨੀ ਸਪਲਾਈ ਚੇਨਾਂ ਦਾ ਫਾਇਦਾ ਚੁੱਕ ਰਹੇ ਹਨ ਅਤੇ ਜਾਇਜ਼ ਵਰਤੋਂ ਦੀ ਆੜ ਵਿੱਚ ਕੈਟਾਮੀਨ ਆਯਾਤ ਕਰ ਰਹੇ ਹਨ ਤਾਂ ਜੋ ਯੂਰਪ ਵਿੱਚ ਪਹੁੰਚਦੇ ਹੀ ਇਸ ਨੂੰ ਗੈਰ-ਕਾਨੂੰਨੀ ਬਾਜ਼ਾਰਾਂ ਵਿੱਚ ਭੇਜ ਦਿੱਤਾ ਜਾਵੇ।
ਯੂਰਪੀ ਦੇਸ਼ਾਂ ਲਈ ਕੈਟਾਮੀਨ ਦੀ ਤਸਕਰੀ ਵੱਡੀ ਚੁਣੌਤੀ

ਤਸਵੀਰ ਸਰੋਤ, Getty Images
ਬੈਲਜੀਅਮ ਅਤੇ ਡੱਚ ਪੁਲਿਸ ਨੇ ਬੀਬੀਸੀ ਨੂੰ ਦੱਸਿਆ ਕਿ ਜਿੰਨੇ ਜ਼ਿਆਦਾ ਦੇਸ਼ਾਂ ਅਤੇ ਅਧਿਕਾਰ ਖੇਤਰਾਂ ਤੋਂ ਇਹ ਲੰਘਦਾ ਹੈ, ਉਸ ਦੀ ਜਾਂਚ ਕਰਨਾ ਉਨਾ ਹੀ ਮੁਸ਼ਕਲ ਹੁੰਦਾ ਹੈ, ਜਿਸ ਦੇ ਲਈ ਲਾਅ ਇਨਫੋਰਸਮੈਂਟ ਏਜੰਸੀਆਂ ਵਿਚਾਲੇ ਸੰਪਰਕ ਦੀ ਜ਼ਰੂਰਤ ਹੁੰਦੀ ਹੈ। ਇਸ ਨਾਲ ਇਹ ਪਤਾ ਲਗਾਉਣ ਵਿੱਚ ਵੀ ਮਦਦ ਮਿਲਦੀ ਹੈ ਕਿ ਸਾਹਮਣੇ ਵਾਲੀ ਕਾਨੂੰਨੀ ਲਾਇਸੈਂਸ ਪ੍ਰਾਪਤ ਕੰਪਨੀ, ਜੋ ਆਯਾਤ ਕਰਦੀ ਹੈ, ਉਹ ਕਿੱਥੇ ਸਥਿਤ ਹੈ।
ਡੱਚ ਪੁਲਿਸ ਦੇ ਡਰੱਗ ਮਾਹਰ ਚੀਫ ਇੰਸਪੈਕਟਰ ਪੀਟਰ ਜੈਨਸਨ ਨੇ ਕਿਹਾ, "ਉਹ (ਅਪਰਾਧੀ) ਕਈ ਤਰ੍ਹਾਂ ਦੇ ਕਦਮ ਚੁੱਕਣਗੇ, ਵੱਖ-ਵੱਖ ਦੇਸ਼ਾਂ ਵਿੱਚ ਕੰਪਨੀਆਂ ਬਣਾਉਣਗੇ। ਇਸ ਲਈ ਜੇ ਸਾਨੂੰ ਕੈਟਾਮੀਨ ਦੀ ਕੋਈ ਵੱਡੀ ਮਾਤਰਾ ਮਿਲਦੀ ਹੈ ਤਾਂ ਸਾਡੇ ਲਈ ਪਿੱਛੇ ਹਟਣਾ ਮੁਸ਼ਕਲ ਹੈ।"
ਯੂਰਪ ਵਿੱਚ ਜਰਮਨੀ ਸਭ ਤੋਂ ਵੱਧ ਕੈਟਾਮੀਨ ਆਯਾਤ ਕਰਦਾ ਹੈ। ਇਸ ਦਾ ਦਵਾਈ ਉਦਯੋਗ ਬਹੁਤ ਵੱਡਾ ਹੈ। ਇਸ ਕਰਕੇ ਵੱਡੀਆਂ ਖੇਪਾਂ ਤੋਂ ਸ਼ੱਕ ਪੈਦਾ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ।
ਵੈਨਕੁਇਲੀ ਕਹਿੰਦੇ ਹਨ ਕਿ ਇਕੱਲੇ 2023 ਵਿੱਚ ਭਾਰਤ ਤੋਂ 100 ਟਨ ਕੈਟਾਮੀਨ ਆਯਾਤ ਕੀਤਾ ਗਿਆ, ਜੋ ਮੈਡੀਕਲ ਤੇ ਪਸ਼ੂ ਸਿਹਤ ਦੀ ਵਰਤੋਂ ਲਈ ਲੋੜੀਂਦਾ ਮਾਤਰਾ ਤੋਂ ਕਿਤੇ ਵੱਧ ਹੈ।
ਉਨ੍ਹਾਂ ਨੇ ਸਾਨੂੰ ਦੱਸਿਆ, "ਕਾਨੂੰਨੀ ਉਦੇਸ਼ਾਂ ਲਈ ਸਿਰਫ 20 ਤੋਂ 25 ਫੀਸਦ ਜ਼ਰੂਰਤ ਹੁੰਦੀ ਹੈ, ਇਸ ਤੋਂ ਵੱਧ ਨਹੀਂ। ਇੱਥੇ ਟਨ ਤੋਂ ਵੱਧ ਟਨ ਹਨ, ਜੋ ਅਪਰਾਧਿਕ ਰਾਹਾਂ ਵਿੱਚ ਗਾਇਬ ਹੋ ਗਿਆ।"
ਯੂਰਪੀ ਪੁਲਿਸ ਬਲਾਂ ਦਾ ਕਹਿਣਾ ਹੈ ਕਿ ਉਹ ਇਸ ਸਮੱਸਿਆ ਨਾਲ ਨਜਿੱਠਣ ਲਈ ਭਾਰਤੀ ਅਧਿਕਾਰੀਆਂ ਦੇ ਨਾਲ ਸੰਪਰਕ ਸਥਾਪਤ ਕਰਨ ਦੀ ਯੋਜਨਾ ਬਣਾ ਰਹੇ ਹਨ ਅਤੇ ਜਰਮਨੀ ਦੇ ਫੈਡਰਲ ਕ੍ਰਿਮੀਨਲ ਪੁਲਿਸ ਆਫਿਸ ਨੇ ਸਾਨੂੰ ਦੱਸਿਆ ਕਿ ਉਹ ਕੈਟਾਮੀਨ ਵਰਗੇ ਪਦਾਰਥਾਂ ਦੀ ਨਿਗਰਾਨੀ ਕਰ ਰਿਹਾ ਹੈ।
ਇਹ ਵੀ ਕਿਹਾ ਗਿਆ ਹੈ ਕਿ ਉਹ "ਕੌਮੀ ਅਤੇ ਕੌਮਾਂਤਰੀ ਅਥਾਰਿਟੀਜ਼, ਸੰਗਠਨਾਂ ਅਤੇ ਸੰਸਥਾਵਾਂ ਦੇ ਨਾਲ ਨੇੜਲੇ ਸੰਪਰਕ ਵਿੱਚ ਹੈ ਤਾਂਕਿ ਅੱਗੇ ਦੇ ਘਟਨਾਕ੍ਰਮ ਅਤੇ ਨਵੇਂ ਰੁਝਾਨਾਂ ਦਾ ਪਹਿਲਾਂ ਤੋਂ ਅਨੁਮਾਨ ਲਗਾਇਆ ਜਾ ਸਕੇ ਅਤੇ ਉਨ੍ਹਾਂ 'ਤੇ ਪ੍ਰਤੀਕਿਰਿਆ ਦਿੱਤੀ ਜਾਵੇ।"
ਕੈਟਾਮੀਨ ਦੀ ਵਿਕਰੀ ਕਿਉਂ ਵਧੀ

ਤਸਵੀਰ ਸਰੋਤ, Getty Images
ਤਸਕਰੀ ਨੈੱਟਵਰਕ ਨੂੰ ਇੰਗਲੈਂਡ ਅਤੇ ਵੈਲਸ ਵਿੱਚ ਬਹੁਤ ਲਾਭ ਮਿਲ ਰਿਹਾ ਹੈ, ਜਿੱਥੇ ਸਰਕਾਰੀ ਅੰਕੜਿਆਂ ਦੇ ਅਨੁਸਾਰ ਮਾਰਚ 2024 ਦੇ ਸਮਾਪਤੀ ਸਾਲ ਵਿੱਚ 16-59 ਸਾਲ ਦੀ ਉਮਰ ਵਾਲੇ 269,000 ਲੋਕ ਕੈਟਾਮੀਨ ਦੀ ਵਰਤੋਂ ਕਰਦੇ ਪਾਏ ਗਏ ਹਨ। 16-24 ਸਾਲ ਦੀ ਉਮਰ ਦੇ ਨੌਜਵਾਨਾਂ ਵਿੱਚ 2013 ਤੋਂ ਕੈਟਾਮੀਨ ਦੀ ਵਰਤੋਂ ਵਿੱਚ 231 ਫੀਸਦ ਵਾਧਾ ਹੋਇਆ ਹੈ।
ਐੱਨਸੀਏ ਦੇ ਐਡਮ ਥੌਮਸਨ ਨੇ ਦੱਸਿਆ, "ਕੈਟਾਮੀਨ ਕੁਝ ਹੋਰ ਗੈਰ-ਕਾਨੂੰਨੀ ਦਵਾਈਆਂ ਦੇ ਮੁਕਾਬਲੇ ਵਿੱਚ ਸਸਤਾ ਹੈ। ਇਹ ਸੜਕਾਂ 'ਤੇ ਲਗਭਗ 20 ਪੌਂਡ (2300 ਰੁਪਏ) ਪ੍ਰਤੀ ਗ੍ਰਾਮ ਵਿਕਦਾ ਹੈ, ਜਦਕਿ ਕੋਕੀਨ 60 ਤੋਂ 100 ਪੌਂਡ ਵਿਚਾਲੇ ਵਿਕਦੀ ਹੈ।"
ਐੱਨਸੀਏ ਦਾ ਮੰਨਣਾ ਹੈ ਕਿ ਇਸ ਦਵਾਈ ਦੀ ਤਸਕਰੀ ਦੋ ਮੁੱਖ ਮਾਰਗਾਂ ਰਾਹੀਂ ਬ੍ਰਿਟੇਨ ਵਿੱਚ ਕੀਤੀ ਜਾ ਰਹੀ ਹੈ। ਇੱਕ ਡਾਕ ਰਾਹੀਂ ਭੇਜੇ ਜਾਣ ਵਾਲੇ ਛੋਟੇ ਪਾਰਸਲਾਂ ਵਿੱਚ ਲੁਕੋ ਕੇ ਜਾਂ ਫੇਰੀ ਅਤੇ ਚੈਨਲ ਟਨਲ ਦੇ ਮਾਧਿਅਮ ਰਾਹੀਂ ਆਉਣ ਵਾਲੇ ਵਾਹਨਾਂ ਅਤੇ ਵੈਨਾਂ ਵਿੱਚ ਲੁਕੋ ਕੇ।
ਯੂਕੇ ਵਿੱਚ ਆਉਣ ਵਾਲੇ ਸੈਂਕੜੇ-ਹਜ਼ਾਰਾਂ ਪਾਰਸਲਾਂ ਵਿੱਚੋਂ ਬਹੁਤ ਘੱਟ ਫੜੇ ਜਾਂਦੇ ਹਨ। ਥੌਮਸਨ ਨੇ ਉਦਾਹਰਣ ਦਿੰਦਿਆਂ ਕਿਹਾ ਕਿ "ਸੂਈ ਨੂੰ ਘਾਹ ਦੇ ਢੇਰ ਵਿੱਚ ਲੁਕਾਉਣਾ ਬਹੁਤ ਅਸਾਨ ਹੈ।"
ਵੈਨਕੁਇਨੀ ਦੇ ਅਨੁਸਾਰ ਬੈਲਜੀਅਮ ਵਿੱਚ ਕੁਝ ਅਪਰਾਧਿਕ ਸਮੂਹ ਕਾਰ ਜਾਂ ਟਰੱਕਾਂ ਰਾਹੀਂ ਫਰਾਂਸ ਤੋਂ ਯੂਕੇ ਭੇਜਣ ਤੋਂ ਪਹਿਲਾਂ ਕੈਟਾਮੀਨ ਨੂੰ ਸਟੋਰ ਕਰਨ ਦੇ ਲਈ ਏਅਰਬੀਐੱਨਬੀਐੱਸ ਦੀ ਵਰਤੋਂ ਕਰ ਰਹੇ ਹਨ।
ਇੱਕ ਮਾਮਲੇ ਵਿੱਚ ਕਿਸੇ ਨੇ ਸ਼ੱਕੀ ਲੋਕਾਂ ਦੇ ਇੱਕ ਸਮੂਹ ਦੀ ਰਿਪੋਰਟ ਕੀਤੀ ਸੀ, ਜੋ ਆਈਕੇਈਏ ਦੇ ਡੱਬਿਆਂ ਨੂੰ ਵੈਨ ਵਿੱਚ ਲਿਜਾ ਰਹੇ ਸੀ। ਵਾਹਨ ਨੂੰ ਕਿਰਾਏ 'ਤੇ ਲਿਆ ਗਿਆ ਸੀ, ਜਿਸਦਾ ਮਤਲਬ ਸੀ ਕਿ ਅਧਿਕਾਰੀ ਬੈਲਜੀਅਮ ਦੇ ਸਟੈਡੇਨ ਵਿੱਚ ਇੱਕ ਏਅਰਬੀਐੱਨਬੀ ਤੱਕ ਇਸ ਦੀਆਂ ਪਿਛਲੀਆਂ ਗਤੀਵਿਧੀਆਂ ਨੂੰ ਟਰੈਕ ਕਰ ਰਹੇ ਸੀ।
ਉੱਥੇ, ਉਨ੍ਹਾਂ ਨੂੰ ਇੱਕ ਗੈਰਾਜ ਵਿੱਚ 480 ਕਿਲੋਗ੍ਰਾਮ ਕੈਟਾਮੀਨ, 117 ਕਿਲੋਗ੍ਰਾਮ ਕੋਕੀਨ ਅਤੇ 63 ਕਿਲੋਗ੍ਰਾਮ ਹੈਰੋਇਨ ਮਿਲੀ।
ਅੱਠ ਬ੍ਰਿਟਿਸ਼ ਨਾਗਰਿਕਾਂ ਨੂੰ ਇਸ ਕੇਸ ਨਾਲ ਜੋੜਿਆ ਗਿਆ ਅਤੇ ਉਨ੍ਹਾਂ 'ਤੇ ਮੁਕੱਦਮਾ ਚਲਾਇਆ ਗਿਆ।
ਜਿਵੇਂ ਕਿ ਕੈਟਾਮੀਨ ਦੀ ਵਰਤੋਂ ਲਗਾਤਾਰ ਵੱਧ ਰਹੀ ਹੈ ਅਤੇ ਤਸਕਰੀ ਦੇ ਨਵੇਂ-ਨਵੇਂ ਤਰੀਕੇ ਅਪਣਾਏ ਜਾ ਰਹੇ ਹਨ ਤਾਂ ਇਸ ਨਾਲ ਨਜਿੱਠਣ ਲਈ ਯੂਰਪ ਭਰ ਦੇ ਅਧਿਕਾਰੀ ਵੱਧ ਤੋਂ ਵੱਧ ਕੌਮਾਂਤਰੀ ਸਹਿਯੋਗ ਮੰਗ ਰਹੇ ਹਨ।
ਥੌਮਸਨ ਨੇ ਚੇਤਾਵਨੀ ਦਿੰਦੇ ਹੋਏ ਕਿਹਾ, "ਇਹ ਦੁਨੀਆਂ ਭਰ ਦੀਆਂ ਏਜੰਸੀਆਂ ਅਤੇ ਦੇਸ਼ਾਂ ਦੀ ਜ਼ਿੰਮੇਦਾਰੀ ਹੈ ਕਿ ਉਹ ਇਸ ਬਾਰੇ ਸੋਚਣ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












