ਯੂਕੇ ਵਿੱਚ ਪਰਵਾਸੀ ਕਾਮਿਆਂ ਲਈ ਉੱਚ ਪੱਧਰੀ ਅੰਗਰੇਜ਼ੀ ਹੋਵੇਗੀ ਜ਼ਰੂਰੀ, ਹੋਰ ਕਿਹੜੇ ਨਵੇਂ ਨਿਯਮ ਸਖ਼ਤ ਹੋਏ

    • ਲੇਖਕ, ਯੂਆਨ ਓ ਬਾਇਰਨ ਮਲੀਗਨ
    • ਰੋਲ, ਬੀਬੀਸੀ ਪੱਤਰਕਾਰ

ਯੂਕੇ ਵਿੱਚ ਆਉਣ ਵਾਲੇ ਕੁਝ ਪਰਵਾਸੀਆਂ ਨੂੰ ਸਰਕਾਰ ਵੱਲੋਂ ਲਿਆਂਦੇ ਜਾਣ ਵਾਲੇ ਸਖ਼ਤ ਨਵੇਂ ਨਿਯਮਾਂ ਦੇ ਤਹਿਤ ਏ-ਲੈਵਲ ਪੱਧਰ ਤੱਕ ਅੰਗਰੇਜ਼ੀ ਬੋਲਣ ਦੀ ਲੋੜ ਹੋਵੇਗੀ।

ਇਹ ਬਦਲਾਅ 8 ਜਨਵਰੀ, 2026 ਤੋਂ ਲਾਗੂ ਹੋਣਗੇ, ਜੋ ਕੁਝ ਗ੍ਰੈਜੂਏਟਸ ਅਤੇ ਉਨ੍ਹਾਂ ਲੋਕਾਂ ਨੂੰ ਪ੍ਰਭਾਵਿਤ ਕਰਨਗੇ ਜੋ ਸਕਿਲਡ ਵਰਕਰ ਜਾਂ ਸਕੇਲ-ਅੱਪ ਵੀਜ਼ਾ ਲਈ ਅਰਜ਼ੀ ਦੇ ਰਹੇ ਹਨ। ਇਹ ਵੀਜ਼ਾ ਉਨ੍ਹਾਂ ਲੋਕਾਂ ਲਈ ਹਨ ਜੋ ਤੇਜ਼ੀ ਨਾਲ ਵਧ ਰਹੇ ਕਾਰੋਬਾਰ ਵਿੱਚ ਕੰਮ ਕਰਦੇ ਹਨ।

ਨਵੇਂ ਨਿਯਮ ਯੂਕੇ ਵਿੱਚ ਪਰਵਾਸ ਦੇ ਪੱਧਰ ਨੂੰ ਘਟਾਉਣ ਦੀਆਂ ਯੋਜਨਾਵਾਂ ਦਾ ਹਿੱਸਾ ਹਨ, ਜਿਨ੍ਹਾਂ ਦੀ ਰੂਪਰੇਖਾ ਮਈ ਵਿੱਚ ਲਿਆਂਦੇ ਇੱਕ ਵ੍ਹਾਈਟ ਪੇਪਰ ਵਿੱਚ ਪੇਸ਼ ਕੀਤੀ ਗਈ ਸੀ।

ਗ੍ਰਹਿ ਸਕੱਤਰ ਸ਼ਬਾਨਾ ਮਹਮੂਦ ਨੇ ਕਿਹਾ, "ਜੇਕਰ ਤੁਸੀਂ ਇਸ ਦੇਸ਼ ਵਿੱਚ ਆਉਂਦੇ ਹੋ, ਤਾਂ ਤੁਹਾਨੂੰ ਸਾਡੀ ਭਾਸ਼ਾ ਸਿੱਖਣੀ ਚਾਹੀਦੀ ਹੈ ਅਤੇ ਆਪਣਾ ਫ਼ਰਜ਼ ਨਿਭਾਉਣਾ ਚਾਹੀਦਾ ਹੈ।"

ਮਹਮੂਦ ਨੇ ਕਿਹਾ, "ਇਸ ਦੇਸ਼ ਨੇ ਉਨ੍ਹਾਂ ਲੋਕਾਂ ਦਾ ਹਮੇਸ਼ਾ ਸਵਾਗਤ ਕੀਤਾ ਹੈ ਜੋ ਇਸ ਦੇਸ਼ ਵਿੱਚ ਆਉਂਦੇ ਹਨ ਅਤੇ ਯੋਗਦਾਨ ਪਾਉਂਦੇ ਹਨ। ਪਰ ਬਿਨ੍ਹਾਂ ਸਾਡੀ ਭਾਸ਼ਾ ਸਿੱਖੇ, ਸਾਡੇ ਰਾਸ਼ਟਰੀ ਜੀਵਨ ਵਿੱਚ ਯੋਗਦਾਨ ਪਾਉਣ ਵਿੱਚ ਅਸਮਰੱਥ ਪਰਵਾਸੀਆਂ ਦਾ ਇੱਥੇ ਆਉਣਾ ਨਾਮਨਜ਼ੂਰ ਹੈ।"

ਪ੍ਰਕਿਰਿਆ ਕੀ ਹੋਵੇਗੀ

ਹੋਮ ਆਫਿਸ ਵੱਲੋਂ ਮਨਜ਼ੂਰਸ਼ੁਦਾ ਅਧਿਕਾਰੀ ਵਿਅਕਤੀਗਤ ਤੌਰ 'ਤੇ ਬਿਨੈਕਾਰਾਂ ਦੀ ਬੋਲਚਾਲ, ਸੁਣਨ, ਪੜ੍ਹਨ ਅਤੇ ਲਿਖਣ ਦੀ ਜਾਂਚ ਕਰਨਗੇ ਅਤੇ ਉਨ੍ਹਾਂ ਦੇ ਨਤੀਜੇ, ਵੀਜ਼ਾ ਪ੍ਰਕਿਰਿਆ ਦੇ ਹਿੱਸੇ ਵਜੋਂ ਜਾਂਚੇ ਜਾਣਗੇ।

ਸਕਿਲਡ ਵਰਕਰ, ਸਕੇਲ-ਅੱਪ ਅਤੇ ਹਾਈ ਪੋਟੈਂਸ਼ੀਅਲ ਇੰਡੀਵਿਜ਼ੁਅਲ (ਐੱਚਪੀਆਈ) ਵੀਜ਼ੇ ਲਈ ਅਰਜ਼ੀ ਦੇਣ ਵਾਲਿਆਂ ਨੂੰ ਬੀ-2 ਪੱਧਰ ਤੱਕ ਪਹੁੰਚਣ ਦੀ ਲੋੜ ਹੋਵੇਗੀ।

ਇਹ ਮੌਜੂਦਾ ਬੀ-1 ਮਿਆਰ ਤੋਂ ਇੱਕ ਪੱਧਰ ਉੱਪਰ ਹੈ, ਜੋ ਕਿ ਜੀਸੀਐੱਸਈ ਦੇ ਬਰਾਬਰ ਹੈ।

ਯੂਕੇ ਵਿੱਚ ਸਕਿਲਡ ਵਰਕਰ ਵੀਜ਼ਾ 'ਤੇ ਆਉਣ ਲਈ ਪਰਵਾਸੀਆਂ ਨੂੰ ਸਿਰਫ਼ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਨੌਕਰੀ ਮੁਹੱਈਆ ਕਰਵਾਉਣ ਵਾਲੇ ਲਈ ਕੰਮ ਕਰਨਾ ਪਵੇਗਾ।

ਘੱਟੋ-ਘੱਟ 41,700 ਪੌਂਡ (49.17 ਲੱਖ ਰੁਪਏ) ਸਾਲਾਨਾ ਤਨਖ਼ਾਹ ਕਮਾਉਣੀ ਲਾਜ਼ਮੀ ਹੋਵੇਗੀ ਜਾਂ ਫਿਰ ਸਬੰਧਤ ਕੰਮ ਦੀ ਚੱਲਦੀ ਦਰ, ਦੋਵਾਂ 'ਚੋਂ ਜਿਹੜੀ ਵੀ ਵੱਧ ਹੋਵੇ।

ਸਕੇਲ-ਅੱਪ ਵੀਜ਼ਾ ਉਨ੍ਹਾਂ ਪਰਵਾਸੀਆਂ ਲਈ ਖੁੱਲ੍ਹਾ ਹੈ ਜੋ ਯੂਕੇ ਦੇ ਤੇਜ਼ੀ ਨਾਲ ਵਧ ਰਹੇ ਕਾਰੋਬਾਰ ਲਈ ਕੰਮ ਕਰਨ ਆ ਰਹੇ ਹਨ।

ਜੇਕਰ ਪਰਵਾਸੀਆਂ ਨੇ ਪਿਛਲੇ ਪੰਜ ਸਾਲਾਂ ਵਿੱਚ ਕਿਸੇ ਚੋਟੀ ਦੀ ਵਿਸ਼ਵ-ਪੱਧਰੀ ਯੂਨੀਵਰਸਿਟੀ ਤੋਂ ਡਿਗਰੀ ਪ੍ਰਾਪਤ ਕੀਤੀ ਹੈ ਤਾਂ ਉਹ ਹਾਈ ਪੋਟੈਂਸ਼ੀਅਲ ਇੰਡੀਵਿਜ਼ੁਅਲ ਵੀਜ਼ੇ ਲਈ ਅਰਜ਼ੀ ਦੇ ਸਕਦੇ ਹਨ।

ਬ੍ਰਿਟਿਸ਼ ਕਾਉਂਸਲ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਦੇ ਕੋਰਸ ਮੁਹੱਈਆ ਕਰਵਾਉਣ ਵਾਲੀ ਸੰਸਥਾ ਹੈ। ਇਸ ਮੁਤਾਬਕ ਸਿਖਣ ਵਾਲੇ ਜਿਹੜੇ ਬੀ 2 ਲੈਵਲ ਹਾਸਲ ਕਰਦੇ ਹਨ, ਉਹ ਸੰਖੇਪ ਵਿਸ਼ਿਆਂ 'ਤੇ ਗੁੰਝਲਦਾਰ ਭਾਸ਼ਾ ਵਿੱਚ ਲਿਖੇ ਗਏ ਲੇਖਾਂ ਦੇ ਮੁੱਖ ਵਿਚਾਰਾਂ ਨੂੰ ਸਮਝ ਸਕਦੇ ਹਨ।

ਉਹ ਆਪਣੇ ਆਪ ਨੂੰ ਸਹਿਜ ਅਤੇ ਸਪਸ਼ਟਤਾ ਨਾਲ ਪ੍ਰਗਟ ਕਰ ਸਕਦੇ ਹਨ ਅਤੇ ਹੋਰ ਅੰਗਰੇਜ਼ੀ ਬੋਲਣ ਵਾਲਿਆਂ ਨਾਲ ਆਰਾਮ ਨਾਲ ਸੰਚਾਰ ਕਰ ਸਕਦੇ ਹਨ। ਉਹ ਕਈ ਵਿਸ਼ਿਆਂ 'ਤੇ ਸਪੱਸ਼ਟ, ਵਿਸਤ੍ਰਿਤ ਲੇਖ ਵੀ ਲਿਖਣ ਦੀ ਮੁਹਾਰਤ ਰੱਖਦੇ ਹੋਣਗੇ ਅਤੇ ਗੁੰਝਲਦਾਰ ਦ੍ਰਿਸ਼ਟੀਕੋਣ ਦੀ ਵਿਆਖਿਆ ਕਰ ਸਕਣ ਯੋਗ ਹੋਣਗੇ।

ਪਰਵਾਸੀਆਂ ਦੀ ਗਿਣਤੀ ਘੱਟਣ ਦਾ ਅੰਦਾਜ਼ਾ

ਹੋਮ ਆਫਿਸ ਮੰਤਰੀ ਮਾਈਕ ਟੈਪ ਨੇ ਬੀਤੇ ਦਿਨੀ ਮੰਗਲਵਾਰ ਨੂੰ ਸੰਸਦ 'ਚ ਦੱਸਿਆ ਕਿ ਹੋਰ ਵੀਜ਼ਾ ਰੂਟ ਅਤੇ ਪਰਿਵਾਰ 'ਤੇ ਨਿਰਭਰ ਲੋਕਾਂ ਲਈ ਅੰਗਰੇਜ਼ੀ ਭਾਸ਼ਾ ਦੀਆਂ ਹੋਰ ਲੋੜਾਂ ਨੂੰ ਸਮੇਂ ਅਨੁਸਾਰ ਲਾਗੂ ਕੀਤੇ ਜਾਣ ਦੀ ਉਮੀਦ ਹੈ।

ਪ੍ਰਧਾਨ ਮੰਤਰੀ ਨੇ ਪਹਿਲਾਂ ਕਿਹਾ ਸੀ ਕਿ ਵ੍ਹਾਈਟ ਪੇਪਰ ਵਿੱਚ ਦੱਸੇ ਗਏ ਬਦਲਾਅ ਯੂਕੇ ਦੇ ਇਮੀਗ੍ਰੇਸ਼ਨ ਸਿਸਟਮ ਨੂੰ ਨਿਯੰਤਰਿਤ, ਸਲੈਕਟਿਵ ਅਤੇ ਨਿਰਪੱਖ ਬਣਾਉਣਗੇ।

ਹੋਮ ਆਫਿਸ ਦੇ ਅਨੁਮਾਨਾਂ ਤੋਂ ਪਤਾ ਲੱਗਦਾ ਹੈ ਕਿ ਇਹ ਕਦਮ ਯੂਕੇ ਆਉਣ ਵਾਲੇ ਲੋਕਾਂ ਦੀ ਗਿਣਤੀ ਨੂੰ ਪ੍ਰਤੀ ਸਾਲ 1 ਲੱਖ ਤੱਕ ਘਟਾ ਸਕਦੇ ਹਨ।

ਯੂਕੇ ਵਿੱਚ 2024 ਕੁੱਲ ਸਥਾਈ ਪਰਵਾਸ ਵਿੱਚੋਂ ਕੁੱਲ ਸਥਾਈ ਤੌਰ ਉੱਤੇ ਦੇਸ਼ ਛੱਡ ਕੇ ਜਾਣ ਵਾਲਿਆਂ ਦੀ ਗਿਣਤੀ ਘਟਾਉਣ ਤੋਂ ਬਾਅਦ 431,000 ਰਹਿ ਗਈ ਸੀ, ਜੋ 2023 ਦੇ 906,000 ਦੇ ਰਿਕਾਰਡ ਉੱਚ ਸਤਰ ਦੇ ਮੁਕਾਬਲੇ ਤਕਰੀਬਨ 50 ਫ਼ੀਸਦ ਘੱਟ ਸੀ।

ਯੂਕੇ ਵਿੱਚ ਨੈੱਟ ਮਾਈਗ੍ਰੇਸ਼ਨ, ਜਿਸਦਾ ਅਰਥ ਹੈ ਉਨ੍ਹਾਂ ਲੋਕਾਂ ਦੀ ਕੁੱਲ ਗਿਣਤੀ ਜੋ ਸਥਾਈ ਤੌਰ 'ਤੇ ਆਏ ਵਿੱਚੋਂ ਉਨ੍ਹਾਂ ਲੋਕਾਂ ਦੀ ਗਿਣਤੀ ਘਟਾਉਣਾ ਜੋ ਸਥਾਈ ਤੌਰ ਉੱਤੇ ਦੇਸ਼ ਛੱਡ ਕੇ ਚਲੇ ਗਏ।

ਨੌਕਰੀਆਂ ਉੱਤੇ ਕੀ ਅਸਰ ਪਵੇਗਾ

ਆਕਸਫੋਰਡ ਯੂਨੀਵਰਸਿਟੀ ਦੇ ਮਾਈਗ੍ਰੇਸ਼ਨ ਆਬਜ਼ਰਵੇਟਰੀ ਦੀ ਡਾਇਰੈਕਟਰ ਡਾਕਟਰ ਮੈਡੇਲੀਨ ਸੰਪਸ਼ਨ ਨੇ ਕਿਹਾ, "ਸਰਕਾਰ ਨੂੰ ਪਰਵਾਸੀਆਂ ਦੁਆਰਾ ਚੰਗੀ ਅੰਗਰੇਜ਼ੀ ਬੋਲਣ ਨੂੰ ਯਕੀਨੀ ਬਣਾਉਣ ਅਤੇ ਮਾਲਕਾਂ ਨੂੰ ਅਜਿਹੇ ਕਰਮਚਾਰੀਆਂ ਦੀ ਭਰਤੀ ਕਰਨ ਦੇ ਸਮਰੱਥ ਕਰਨ ਦੇ ਵਿਚਕਾਰ ਇੱਕ ਸਮਝੌਤਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ਤੋਂ ਆਰਥਿਕ ਲਾਭ ਦੀ ਉਮੀਦ ਕੀਤੀ ਜਾਂਦੀ ਹੈ।"

ਉਨ੍ਹਾਂ ਕਿਹਾ, "ਬਹੁਤ ਸਾਰੀਆਂ ਗ੍ਰੈਜੂਏਟ ਪੱਧਰ ਦੀਆਂ ਨੌਕਰੀਆਂ ਲਈ ਪਹਿਲਾਂ ਹੀ ਏ-ਲੈਵਲ ਮਿਆਰ ਤੋਂ ਉੱਪਰ ਭਾਸ਼ਾ ਮੁਹਾਰਤ ਦੀ ਲੋੜ ਹੁੰਦੀ ਹੈ।"

"ਨਵੀਆਂ ਭਾਸ਼ਾ ਦੀਆਂ ਲੋੜਾਂ ਦਾ ਤਕਨੀਕੀ ਅਤੇ ਮੈਨੂਅਲ ਮੁਹਾਰਤ ਵਾਲੀਆਂ ਅਤੇ ਮੱਧਮ-ਹੁਨਰ ਦੀ ਲੋੜ ਵਾਲੀਆਂ ਨੌਕਰੀਆਂ 'ਤੇ ਵਧੇਰੇ ਪ੍ਰਭਾਵ ਪਏਗਾ, ਇਨ੍ਹਾਂ ਖੇਤਰਾਂ 'ਚ ਨੌਕਰੀ ਦੇਣ ਵਾਲੇ ਕਈ ਵਾਰ ਉੱਚ ਭਾਸ਼ਾ ਦੇ ਗਿਆਨ ਦੀ ਮੰਗ ਨਹੀਂ ਕਰਦੇ।"

ਇਮੀਗ੍ਰੇਸ਼ਨ ਵਕੀਲ ਅਫਸਾਨਾ ਅਖ਼ਤਰ ਨੇ ਬੀਬੀਸੀ ਨਿਊਜ਼ ਨਾਲ ਗੱਲਬਾਤ ਕਰਦੇ ਹੋਏ ਕਿਹਾ, "ਇਹ ਗਲਤ ਹੈ ਕਿ ਪਰਵਾਸੀਆਂ ਨੂੰ ਇੰਨਾ ਉੱਚਾ ਅੰਗਰੇਜ਼ੀ ਮਿਆਰ ਹਾਸਲ ਕਰਨਾ ਪੈ ਰਿਹਾ ਹੈ, ਕਿਉਂਕਿ ਯੂਕੇ ਵਿੱਚ ਵੀ ਕਈ ਲੋਕ ਸ਼ਾਇਦ ਅੰਗਰੇਜ਼ੀ ਏ-ਲੇਵਲ ਪਾਸ ਨਾ ਕਰ ਸਕਣ।"

ਉਨ੍ਹਾਂ ਨੇ ਕਿਹਾ, "ਇਸ ਨਾਲ ਤਾਂ ਉਨ੍ਹਾਂ ਕੁਸ਼ਲ ਕਰਮਚਾਰੀਆਂ ਲਈ ਵੀ ਰਾਹ ਬੰਦ ਹੋ ਜਾਵੇਗਾ ਜੋ ਯੂਕੇ ਦੀ ਅਰਥਵਿਵਸਥਾ ਵਿੱਚ ਆ ਕੇ ਆਪਣਾ ਯੋਗਦਾਨ ਦੇਣਾ ਚਾਹੁੰਦੇ ਹਨ।"

"ਜੀਸੀਐੱਸਈ ਦਾ ਮਿਆਰ ਕਾਫ਼ੀ ਹੈ ਅਤੇ ਫਿਰ ਜਦੋਂ ਉਹ ਇੱਥੇ ਆ ਕੇ ਰਹਿਣਗੇ, ਇੰਗਲੈਂਡ ਅਤੇ ਮੂਲ ਲੋਕਾਂ ਦੇ ਰਹਿਣ-ਸਹਿਣ ਦੇ ਤਰੀਕੇ ਵਿੱਚ ਘੁਲ-ਮਿਲ ਜਾਣ ਤੋਂ ਬਾਅਦ, ਉਨ੍ਹਾਂ ਦੀ ਅੰਗਰੇਜ਼ੀ ਆਪਣੇ ਆਪ ਹੀ ਬਿਹਤਰ ਹੋ ਜਾਵੇਗੀ।"

ਹੋਰ ਕਿੰਨਾ ਬਦਲਾਵਾਂ ਦੀ ਸੰਭਾਵਨਾ

ਵ੍ਹਾਈਟ ਪੇਪਰ ਵਿੱਚ ਸ਼ਾਮਲ ਹੋਰ ਕਦਮਾਂ ਵਿੱਚ ਕੌਮਾਂਤਰੀ ਵਿਦਿਆਰਥੀਆਂ ਲਈ ਯੂਕੇ ਵਿੱਚ ਗ੍ਰੈਜੂਏਟ ਨੌਕਰੀ ਲੱਭਣ ਦੀ ਮਿਆਦ ਦੋ ਸਾਲਾਂ ਤੋਂ ਘਟਾ ਕੇ 18 ਮਹੀਨੇ ਕਰਨਾ ਸ਼ਾਮਲ ਹੈ, ਜੋ ਜਨਵਰੀ 2027 ਤੋਂ ਲਾਗੂ ਹੋਵੇਗਾ।

ਵਿਦਿਆਰਥੀਆਂ ਨੂੰ ਉੱਚੀਆਂ ਵਿੱਤੀ ਲੋੜਾਂ ਨੂੰ ਵੀ ਪੂਰਾ ਕਰਨਾ ਪਵੇਗਾ, ਜਿਸ ਨੂੰ ਲੰਡਨ ਤੋਂ ਬਾਹਰ ਪ੍ਰਤੀ ਮਹੀਨਾ 1,171 ਪੌਂਡ ਤੱਕ ਵਧਾ ਕੇ ਨੌਂ ਮਹੀਨਿਆਂ ਲਈ ਕੀਤਾ ਗਿਆ ਹੈ।

ਤਕਨੀਕੀ, ਕਲਾ ਅਤੇ ਅਕਾਦਮਿਕ ਖੇਤਰਾਂ ਵਿੱਚ ਉੱਤਮ ਪ੍ਰਦਰਸ਼ਨ ਕਰਨ ਵਾਲਿਆਂ ਲਈ ਗਲੋਬਲ ਟੈਲੇਂਟ ਵੀਜ਼ਾ ਦਾ ਵਿਸਥਾਰ ਕੀਤਾ ਗਿਆ ਹੈ, ਤਾਂ ਜੋ ਹੋਰ ਮਾਣ-ਸਨਮਾਨ ਵਾਲੇ ਪੁਰਸਕਾਰ ਜੇਤੂਆਂ ਨੂੰ ਵੀ ਸ਼ਾਮਲ ਕੀਤਾ ਜਾ ਸਕੇ।

ਵ੍ਹਾਈਟ ਪੇਪਰ ਵਿੱਚ ਹੋਰ ਯੋਜਨਾਵਾਂ ਸ਼ਾਮਲ ਹਨ, ਜਿਨ੍ਹਾਂ ਵਿੱਚ ਆਈਐੱਸਸੀ (ਇਮੀਗ੍ਰੇਸ਼ਨ ਸਕਿੱਲ ਚਾਰਜ), ਜੋ ਕਿ ਯੂਕੇ ਰੁਜ਼ਗਾਰਦਾਤਾ ਅਥਾਰਟੀ ਨੂੰ ਖ਼ਾਸ ਵੀਜ਼ਿਆਂ 'ਤੇ ਵਿਦੇਸ਼ੀ ਕਰਮਚਾਰੀਆਂ ਨੂੰ ਸਪਾਂਸਰ ਕਰਨ ਸਮੇਂ ਦੇਣਾ ਹੁੰਦਾ ਹੈ ਉਸਨੂੰ ਵੀ ਵਧਾ ਦਿੱਤਾ ਗਿਆ ਹੈ।

ਛੋਟੀਆਂ ਸੰਸਥਾਵਾਂ ਜਾਂ ਚੈਰਿਟੀ ਲਈ ਇਹ 480 ਪੌਂਡ (56,624 ਰੁਪਏ) ਪ੍ਰਤੀ ਵਿਅਕਤੀ ਪ੍ਰਤੀ ਸਾਲ ਅਤੇ ਮੱਧਮ ਅਤੇ ਵੱਡੀਆਂ ਸੰਸਥਾਵਾਂ ਲਈ 1,320 ਪੌਂਡ (1.55 ਲੱਖ ਰੁਪਏ) ਕਰ ਦਿੱਤਾ ਗਿਆ ਹੈ। ਇਹ ਪਹਿਲਾਂ ਕ੍ਰਮਵਾਰ ਪੌਂਡ 364 ਅਤੇ 1,000 ਪੌਂਡ ਸੀ।

ਸਰਕਾਰ ਦੇ ਉੱਚ-ਕੁਸ਼ਲ ਲੋਕਾਂ ਨੂੰ ਦੇਸ਼ ਵੱਲ ਆਕਰਸ਼ਿਤ ਕਰਨ ਦੇ ਯਤਨਾਂ ਦੇ ਹਿੱਸੇ ਵਜੋਂ, ਐੱਚਪੀਆਈ (ਹਾਈ ਪੋਟੈਂਸ਼ੀਅਲ ਇੰਡੀਵਿਜੁਅਲ) ਮਾਰਗ ਦਾ ਵੀ ਵਿਸਥਾਰ ਕੀਤਾ ਹੈ।

ਇਸ ਵੀਜ਼ੇ 'ਤੇ ਪਰਵਾਸੀਆਂ ਦੀ ਗਿਣਤੀ 2,000 ਤੋਂ ਵਧਾ ਕੇ 4,000 ਕਰਨ ਦੀ ਉਮੀਦ ਹੈ, ਪਰ ਹਰ ਸਾਲ 8,000 ਅਰਜ਼ੀਆਂ ਦੀ ਇੱਕ ਸੀਮਾ (ਕੈਪ) ਹੋਵੇਗੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)