ਅਮਰੀਕਾ ਤੋਂ ਬਾਅਦ ਯੂਰਪ ਅਤੇ ਆਸਟ੍ਰੇਲੀਆ ਵਿੱਚ ਭਾਰਤੀਆਂ ਦਾ ਵਿਰੋਧ ਕਿਉਂ ਵੱਧ ਰਿਹਾ ਹੈ

    • ਲੇਖਕ, ਜ਼ੁਬੈਰ ਅਹਿਮਦ
    • ਰੋਲ, ਬੀਬੀਸੀ ਹਿੰਦੀ ਲਈ, ਲੰਦਨ ਤੋਂ

23 ਸਤੰਬਰ ਨੂੰ ਵੱਖ-ਵੱਖ ਪਲੇਟਫਾਰਮਾਂ ਤੋਂ ਦੋ ਆਗੂਆਂ ਦੇ ਭਾਸ਼ਣ ਚਰਚਾ ਦਾ ਵਿਸ਼ਾ ਬਣ ਗਏ।

ਬ੍ਰਿਟੇਨ ਵਿੱਚ ਲਿਬਰਲ ਡੈਮੋਕਰੇਟਸ ਦੇ ਮੁਖੀ ਐਡ ਡੇਵੀ ਨੇ ਸੱਜੇ-ਪੱਖੀ ਆਗੂਆਂ ਦੀ ਸਖ਼ਤ ਆਲੋਚਨਾ ਕੀਤੀ ਅਤੇ ਉਨ੍ਹਾਂ ਨੂੰ "ਡਾਰਕ ਫੋਰਸ" ਦੱਸਿਆ।

ਉਨ੍ਹਾਂ ਦਾ ਇਸ਼ਾਰਾ ਨਿਗੇਲ ਫ਼ਰਾਜ਼, ਟੌਮੀ ਰੌਬਿਨਸਨ ਅਤੇ ਅਰਬਪਤੀ ਐਲੋਨ ਮਸਕ ਵੱਲ ਸੀ, ਜੋ ਲਗਾਤਾਰ ਪਰਵਾਸੀਆਂ ਵਿਰੁੱਧ ਮੁਹਿੰਮ ਚਲਾ ਰਹੇ ਹਨ।

ਦੂਜੇ ਪਾਸੇ, ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਨ ਕਰਦੇ ਹੋਏ ਡੌਨਲਡ ਟਰੰਪ ਨੇ ਇੱਕ ਉਲਟ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਖੁੱਲ੍ਹੀਆਂ ਸਰਹੱਦਾਂ ਨੇ ਯੂਰਪ ਨੂੰ ਸੰਕਟ ਵਿੱਚ ਪਾ ਦਿੱਤਾ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ "ਇਹ ਦੇਸ਼ ਤਬਾਹ ਹੋ ਰਹੇ ਹਨ।"

ਦੋਵਾਂ ਆਗੂਆਂ ਦੇ ਬਿਆਨਾਂ ਨੇ ਇੱਕ ਵਾਰ ਫਿਰ ਉਦਾਰਵਾਦ ਬਨਾਮ ਰਾਸ਼ਟਰਵਾਦ ਦੀ ਬਹਿਸ ਨੂੰ ਤੇਜ਼ ਕਰ ਦਿੱਤਾ।

ਈਡੀ ਡੇਵੀ ਨੇ ਕਿਹਾ ਕਿ ਫ਼ਰਾਜ਼, ਮਸਕ ਅਤੇ ਟਰੰਪ ਬ੍ਰਿਟੇਨ ਨੂੰ "ਟਰੰਪ ਦਾ ਅਮਰੀਕਾ" ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਇਨ੍ਹਾਂ ਆਗੂਆਂ ਨੇ ਸੋਸ਼ਲ ਮੀਡੀਆ ਨੂੰ ਨਫ਼ਰਤ ਫੈਲਾਉਣ ਦਾ ਅੱਡਾ ਬਣਾ ਦਿੱਤਾ ਹੈ।

ਇਸ ਦੌਰਾਨ, ਟਰੰਪ ਨੇ ਲੰਡਨ ਦੇ ਮੁਸਲਿਮ ਮੇਅਰ ਸਾਦਿਕ ਖਾਨ 'ਤੇ ਸਿੱਧਾ ਹਮਲਾ ਬੋਲਦਿਆਂ ਇਲਜ਼ਾਮ ਲਗਾਇਆ ਕਿ ਖਾਨ ਸ਼ਰੀਆ ਕਾਨੂੰਨ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਮੇਅਰ ਖਾਨ ਦੇ ਦਫਤਰ ਨੇ ਤੁਰੰਤ ਇਨ੍ਹਾਂ ਇਲਜ਼ਾਮਾਂ ਨੂੰ ਖਾਰਜ ਕਰਦਿਆਂ ਕਿਹਾ ਇਹ "ਪੱਖਪਾਤੀ ਅਤੇ ਨਫ਼ਰਤ ਭਰਿਆ" ਹੈ।

ਇਨ੍ਹਾਂ ਬਿਆਨਾਂ ਨੇ ਇੱਕ ਵਾਰ ਫਿਰ ਦਿਖਾ ਦਿੱਤਾ ਕਿ ਪਰਵਾਸ ਨੂੰ ਲੈ ਕੇ ਦੁਨੀਆਂ ਭਰ ਦੇ ਲੋਕਤੰਤਰ ਵੰਡੇ ਹੋਏ ਹਨ। ਯੂਰਪ ਦੀਆਂ ਸੜਕਾਂ 'ਤੇ ਇਹ ਵੰਡ ਸਭ ਤੋਂ ਸਪਸ਼ਟ ਤੌਰ 'ਤੇ ਦਿਖਾਈ ਦਿੰਦੀ ਹੈ।

ਸੜਕਾਂ 'ਤੇ ਡਰ

ਦੋ ਹਫ਼ਤੇ ਪਹਿਲਾਂ ਲੰਦਨ ਵਿੱਚ ਇੱਕ ਪਰਵਾਸੀ ਵਿਰੋਧੀ ਵਿਰੋਧ ਪ੍ਰਦਰਸ਼ਨ ਹੋਇਆ। ਇੱਕ ਔਰਤ ਦਾ ਵੀਡੀਓ ਵਾਇਰਲ ਹੋਇਆ, ਜੋ ਡਰ ਕੇ ਭੱਜ ਰਹੀ ਸੀ।

ਉਸ ਦੇ ਪਿੱਛੇ ਲੋਕ ਨਾਅਰੇਬਾਜ਼ੀ ਕਰਦੇ ਅਤੇ ਝੰਡੇ ਲਹਿਰਾਉਂਦੇ ਹੋਏ ਦੇਖੇ ਗਏ ਸਨ। ਇਸ ਵੀਡੀਓ ਨੂੰ ਲੱਖਾਂ ਵਾਰ ਦੇਖਿਆ ਗਿਆ।

ਇਸ ਨਾਲ ਇਹ ਸਪਸ਼ਟ ਹੋ ਗਿਆ ਕਿ ਇਹ ਸਿਰਫ਼ ਇੱਕ ਹੰਗਾਮਾ ਨਹੀਂ ਸੀ, ਸਗੋਂ ਪਰਵਾਸੀਆਂ ਲਈ ਇੱਕ ਸੁਨੇਹਾ ਸੀ - ਉਹ ਕਦੇ ਵੀ ਇੱਥੇ ਪੂਰੀ ਤਰ੍ਹਾਂ ਆਪਣੇ ਨਹੀਂ ਹੋ ਸਕਦੇ।

ਇਸ ਰੈਲੀ ਵਿੱਚ ਲਗਭਗ 150,000 ਲੋਕ ਇਕੱਠੇ ਹੋਏ ਸਨ, ਜਿਸਨੂੰ ਬ੍ਰੈਗਜ਼ਿਟ ਤੋਂ ਬਾਅਦ ਦਾ ਸਭ ਤੋਂ ਵੱਡਾ ਇਕੱਠ ਮੰਨਿਆ ਜਾ ਰਿਹਾ ਹੈ।

ਇਹ ਕੋਈ ਇਕੱਲੀ ਘਟਨਾ ਨਹੀਂ ਸੀ। ਕੁਝ ਦਿਨਾਂ ਬਾਅਦ ਹੇਗ ਵਿੱਚ ਦੰਗਾਕਾਰੀਆਂ ਨੇ ਇੱਕ ਪੁਲਿਸ ਵਾਹਨ ਨੂੰ ਸਾੜ ਦਿੱਤਾ, ਜਿਸ ਨਾਲ ਪੁਲਿਸ ਨੂੰ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ ਕਰਨ ਲਈ ਮਜਬੂਰ ਹੋਣਾ ਪਿਆ।

ਕਈ ਯੂਰਪੀ ਦੇਸ਼ਾਂ ਦੀਆਂ ਸਰਕਾਰਾਂ ਸਰਹੱਦੀ ਜਾਂਚਾਂ ਦੁਬਾਰਾ ਲਾਗੂ ਕਰ ਰਹੀਆਂ ਹਨ ਅਤੇ ਸ਼ਰਨਾਰਥੀਆਂ ਸੰਬੰਧੀ ਸਖ਼ਤ ਕਾਨੂੰਨ ਬਣਾ ਰਹੀਆਂ ਹਨ।

ਸਮੁੰਦਰੀ ਕੰਢੇ 'ਤੇ ਵੀ ਨਜ਼ਰਬੰਦੀ ਦੀਆਂ ਤਿਆਰੀਆਂ ਚੱਲ ਰਹੀਆਂ ਹਨ।

ਹਾਲਾਂਕਿ 2015 ਦੇ ਸੰਕਟ ਤੋਂ ਬਾਅਦ ਪਰਵਾਸ ਵਿੱਚ ਗਿਰਾਵਟ ਆਈ ਹੈ, ਪਰ ਇਸ ਦਾ ਪ੍ਰਭਾਵ ਅੰਕੜਿਆਂ ਨਾਲੋਂ ਡਰ ਵਿੱਚ ਵਧੇਰੇ ਝਲਕਦਾ ਹੈ।

ਪਰਵਾਸੀ ਹੁਣ ਸੱਜੇ-ਪੱਖੀ ਰਾਜਨੀਤੀ ਲਈ ਇੱਕ ਆਸਾਨ ਨਿਸ਼ਾਨਾ ਬਣ ਗਏ ਹਨ।

ਦੁਨੀਆਂ ਭਰ ਵਿੱਚ 32 ਮਿਲੀਅਨ ਤੋਂ ਵੱਧ ਗਿਣਤੀ ਵਾਲੇ ਭਾਰਤੀ ਪਰਵਾਸੀ ਇਨ੍ਹਾਂ ਘਟਨਾਵਾਂ ਤੋਂ ਪਰੇਸ਼ਾਨ ਹਨ। ਬ੍ਰਿਟੇਨ ਵਿੱਚ ਰਹਿਣ ਵਾਲੇ ਭਾਰਤੀਆਂ ਨੇ ਵੀ ਆਪਣੀ ਨਾਰਾਜ਼ਗੀ ਪ੍ਰਗਟਾਈ ਹੈ।

ਫਿਲਮ ਨਿਰਮਾਤਾ ਸ਼੍ਰੀਮੋਈ ਚੱਕਰਵਰਤੀ, ਜੋ 14 ਸਾਲਾਂ ਤੋਂ ਲੰਡਨ ਵਿੱਚ ਰਹਿ ਰਹੇ ਹਨ, ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਪੋਸਟ ਕੀਤਾ।

ਵੀਡੀਓ ਵਿੱਚ ਉਨ੍ਹਾਂ ਕਿਹਾ, "ਇਹ ਨਸਲਭੇਦੀ ਲੋਕਾਂ ਲਈ ਮੇਰਾ ਸੁਨੇਹਾ ਹੈ। ਮੈਂ ਇੱਥੇ ਇੱਕ ਪਰਵਾਸੀ ਹਾਂ, ਮੈਂ ਸਖ਼ਤ ਮਿਹਨਤ ਕੀਤੀ ਹੈ ਅਤੇ ਉੱਚ ਟੈਕਸ ਅਦਾ ਕੀਤੇ ਹਨ। ਪਰ ਹੁਣ ਜੋ ਨਫਰਤ ਫੈਲ ਰਹੀ ਹੈ, ਉਸ ਨੂੰ ਦੇਖ ਕੇ ਦਿਲ ਟੁੱਟ ਗਿਆ ਹੈ ਅਤੇ ਸਦਮੇ 'ਚ ਹਾਂ।''

ਭਾਰਤੀ ਪਰਵਾਸੀ ਬ੍ਰਿਟੇਨ ਦੇ ਸਿਹਤ ਸੇਵਾ ਐਨਐਚਐਸ ਵਿੱਚ ਡਾਕਟਰਾਂ ਅਤੇ ਨਰਸਾਂ ਵਜੋਂ ਕੰਮ ਕਰਦੇ ਹਨ, ਜਰਮਨੀ ਵਿੱਚ ਇੰਜੀਨੀਅਰਾਂ ਹਨ, ਐਮਸਟਰਡਮ ਵਿੱਚ ਰੈਸਟੋਰੈਂਟ ਚਲਾਉਂਦੇ ਹਨ ਅਤੇ ਮਿਲਾਨ ਵਿੱਚ ਦੁਕਾਨਾਂ ਸੰਭਾਲਦੇ ਹਨ।

ਉਹ ਟੈਕਸ ਅਦਾ ਕਰਦੇ ਹਨ, ਆਪਣੇ ਪਰਿਵਾਰ ਪਾਲਦੇ ਹਨ ਅਤੇ ਚੋਣਾਂ ਵਿੱਚ ਵੀ ਹਿੱਸਾ ਲੈਂਦੇ ਹਨ। ਇਸ ਦੇ ਬਾਵਜੂਦ ਉਨ੍ਹਾਂ ਨੂੰ ਅਕਸਰ ਇਸ ਤਾਅਨੇ ਦਾ ਸਾਹਮਣਾ ਕਰਨਾ ਪੈਂਦਾ ਹੈ, "ਤੁਸੀਂ ਸਾਡੇ ਨਹੀਂ ਹੋ''।

ਲੰਡਨ ਦੇ ਰਹਿਣ ਵਾਲੇ 47 ਸਾਲਾ ਬ੍ਰਿਟਿਸ਼ ਨਾਗਰਿਕ ਨੋਰਾ ਹਚਿਸਨ ਪਹਿਲਾਂ ਇੱਕ ਹੈਲਥ ਐਕਜੇਕਿਊਟਿਵ ਸਨ ਪਰ ਹੁਣ ਅਸਥਾਈ ਅਤੇ ਮਾਮੂਲੀ ਨੌਕਰੀਆਂ ਕਰ ਰਹੇ ਹਸਨ। ਉਨ੍ਹਾਂ ਨੂੰ ਭਾਰਤ ਪਸੰਦ ਹੈ ਪਰ ਬ੍ਰਿਟੇਨ ਵਿੱਚ ਵਧਦੀ ਭਾਰਤੀ ਆਬਾਦੀ 'ਤੇ ਇਤਰਾਜ਼ ਹੈ।

ਨੋਰਾ ਦਾ ਇਲਜ਼ਾਮ ਹੈ ਕਿ ਕਈ "ਕਮਜ਼ੋਰ ਹੁਨਰ ਵਾਲੇ" ਭਾਰਤੀ ਯੂਕੇ ਵਿੱਚ ਆ ਰਹੇ ਹਨ।

ਮੀਡੀਆ ਨਾਲ ਗੱਲ ਕਰਦੇ ਹੋਏ ਉਨ੍ਹਾਂ ਕਿਹਾ, "ਸਾਨੂੰ ਤੁਹਾਡੇ ਵਰਗੇ ਲੋਕਾਂ ਨਾਲ ਕੋਈ ਸਮੱਸਿਆ ਨਹੀਂ ਹੈ। ਪਰ ਐਨਐਚਐਸ ਵਿੱਚ ਬਹੁਤ ਸਾਰੇ ਡਾਕਟਰ ਅਤੇ ਨਰਸਾਂ ਹਨ ਜੋ ਅਲਟਰਾਸਾਊਂਡ ਰਿਪੋਰਟਾਂ ਜਾਂ ਡਿਜੀਟਲ ਐਕਸ-ਰੇ ਵੀ ਸਹੀ ਢੰਗ ਨਾਲ ਨਹੀਂ ਪੜ੍ਹ ਸਕਦੇ। ਇੱਥੋਂ ਤੱਕ ਕਿ ਭਾਰਤੀ ਹਸਪਤਾਲ ਵੀ ਅਜਿਹੇ ਲੋਕਾਂ ਨੂੰ ਨੌਕਰੀ 'ਤੇ ਨਹੀਂ ਰੱਖਦੇ।"

ਅਪਰਾਧ ਅਤੇ ਅਕਸ

ਨੋਰਾ ਚਾਹੁੰਦੇ ਹਨ ਕਿ ਸਾਰੇ ਗੈਰ-ਕਾਨੂੰਨੀ ਪਰਵਾਸੀਆਂ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇ।

ਉਹ ਕਹਿੰਦੇ ਹਨ ਕਿ ਬ੍ਰਿਟੇਨ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਇਨ੍ਹਾਂ ਪਰਵਾਸੀਆਂ ਵਿੱਚੋਂ ਬਹੁਤ ਸਾਰੇ ਭਾਰਤੀ ਹਨ, ਜਦਕਿ ਇੱਕ ਮਹੱਤਵਪੂਰਨ ਗਿਣਤੀ ਦੂਜੇ ਦੇਸ਼ਾਂ ਤੋਂ ਵੀ ਆਉਂਦੀ ਹੈ।

ਇਹ ਤਣਾਅ ਏਸੇਕਸ ਵਿੱਚ ਸਭ ਤੋਂ ਵੱਧ ਦਿਖਾਈ ਦਿੰਦਾ ਹੈ। ਇੱਥੋਂ ਦਾ ਬੇਲ ਹੋਟਲ, ਜੋ ਕਦੇ ਇੱਕ ਮਾਮੂਲੀ ਰਿਹਾਇਸ਼ ਸੀ, ਹੁਣ ਮਹੀਨਿਆਂ ਤੋਂ ਵਿਰੋਧ ਪ੍ਰਦਰਸ਼ਨਾਂ ਦਾ ਕੇਂਦਰ ਬਣਿਆ ਹੋਇਆ ਹੈ।

ਇੱਥੇ ਲੋਕ ਲਗਾਤਾਰ ਨਾਅਰੇ ਲਗਾਉਂਦੇ ਹਨ, "ਉਨ੍ਹਾਂ ਨੂੰ ਵਾਪਸ ਭੇਜੋ।"

ਇਹ ਗੁੱਸਾ ਉਦੋਂ ਹੋਰ ਵਧ ਗਿਆ ਜਦੋਂ ਇਥੋਪੀਆਈ ਸ਼ਰਨਾਰਥੀ ਹਦੁਸ਼ ਕੇਬਾਟੂ ਨੂੰ 14 ਸਾਲ ਦੀ ਇੱਕ ਕੁੜੀ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਵਿੱਚ ਬ੍ਰਿਟੇਨ ਪਹੁੰਚਣ ਤੋਂ ਸਿਰਫ਼ ਅੱਠ ਦਿਨ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ।

ਬਾਅਦ ਵਿੱਚ ਅਦਾਲਤ ਨੇ ਉਨ੍ਹਾਂ ਨੂੰ ਇੱਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਹਾਲਾਂਕਿ, ਉਨ੍ਹਾਂ ਨੇ ਦਾਅਵਾ ਕੀਤਾ ਕਿ ਉਹ ਨਿਰਦੋਸ਼ ਅਤੇ ਇੱਕ ਚੰਗੇ ਈਸਾਈ ਹਨ।

ਪਰਵਾਸੀ ਵਿਰੋਧੀ ਸਮੂਹ ਇਸ ਘਟਨਾ ਨੂੰ ਆਪਣੀ ਦਲੀਲ ਦੇ ਆਧਾਰ ਵਜੋਂ ਵਰਤਦੇ ਹਨ।

ਵਰਤਮਾਨ ਵਿੱਚ, ਬ੍ਰਿਟੇਨ ਵਿੱਚ 32,000 ਸ਼ਰਨਾਰਥੀ ਹੋਟਲਾਂ ਵਿੱਚ ਰਹਿ ਰਹੇ ਹਨ। ਇਹ ਗਿਣਤੀ ਪਿਛਲੇ ਸਾਲ 51,000 ਸੀ। ਕਮੀ ਦੇ ਬਾਵਜੂਦ, ਇਹ ਅੰਕੜਾ ਅਜੇ ਵੀ ਸਰਕਾਰ ਦੇ ਵਾਅਦਿਆਂ ਤੋਂ ਵੱਧ ਹੈ।

ਇਹ ਹੋਟਲ, ਜਿਨ੍ਹਾਂ ਦੀਆਂ ਔਨਲਾਈਨ ਫੋਟੋਆਂ ਵਿੱਚ ਚੰਗੇ ਕਮਰੇ ਅਤੇ ਬਾਥਰੂਮ ਨਜ਼ਰ ਆਉਂਦੇ ਹਨ, ਹੁਣ ਸ਼ਰਨਾਰਥੀਆਂ ਲਈ ਪਨਾਹਗਾਹ ਬਣ ਗਏ ਹਨ।

ਇੱਥੇ ਹਫੜਾ-ਦਫੜੀ ਹੈ ਅਤੇ ਬਹੁਤ ਸਾਰੇ ਸ਼ਰਨਾਰਥੀ ਗੈਰ-ਕਾਨੂੰਨੀ ਕਾਮਿਆਂ ਨਾਲ ਰਹਿ ਰਹੇ ਹਨ। ਉਨ੍ਹਾਂ ਵਿੱਚੋਂ ਬਹੁਤ ਸਾਰੇ ਗਿਗ ਇਕੋਨਾਮੀ ਵਿੱਚ ਡਿਲੀਵਰੀ ਵਾਲੇ ਮੁੰਡਿਆਂ ਵਜੋਂ ਕੰਮ ਕਰ ਰਹੇ ਹਨ।

ਕਾਦਿਰ ਇਸ ਸਮੇਂ ਇੱਕ ਹੋਟਲ ਵਿੱਚ ਰਹਿ ਰਹੇ ਸਨ। ਉਹ ਕਹਿੰਦੇ ਹਨ ਕਿ ਉਹ ਬਿਨਾਂ ਕਿਸੇ ਕਾਨੂੰਨ ਨੂੰ ਤੋੜੇ ਕੰਮ ਕਰਨਾ ਚਾਹੁੰਦੇ ਹਨ।

ਇਸ ਦੇ ਉਲਟ, ਕੁਝ ਲੋਕ ਜੋ ਹਫ਼ਤੇ ਵਿੱਚ ਸਿਰਫ਼ 9.95 ਪੌਂਡ ਕਮਾਉਂਦੇ ਹਨ, ਨੂੰ ਪ੍ਰਤੀ ਦਿਨ ਮਜਬੂਰੀ ਵਿੱਚ 20 ਪੌਂਡ ਦੀ ਗੈਰ-ਕਾਨੂੰਨੀ ਸ਼ਿਫਟ ਕਰਨੀ ਪੈਂਦੀ ਹੈ।

ਅਜਿਹਾ ਇਸ ਲਈ ਹੈ ਕਿਉਂਕਿ ਉਹ ਮਨੁੱਖੀ ਤਸਕਰਾਂ ਤੋਂ ਕਰਜ਼ਾ ਲੈ ਕੇ ਇੱਥੇ ਆਉਂਦੇ ਹਨ।

ਅਜਿਹੇ ਸੰਘਰਸ਼ ਦੀਆਂ ਕਹਾਣੀਆਂ ਅਕਸਰ ਖ਼ਬਰਾਂ ਤੋਂ ਗਾਇਬ ਰਹਿੰਦੀਆਂ ਹਨ। ਸਿਰਫ਼ ਕੇਬਾਟੂ ਵਰਗੇ ਮਾਮਲੇ ਹੀ ਸੁਰਖੀਆਂ ਵਿੱਚ ਆਉਂਦੇ ਹਨ, ਜੋ ਇਸ ਧਾਰਨਾ ਨੂੰ ਹੋਰ ਮਜ਼ਬੂਤ ਕਰਦੇ ਹਨ ਕਿ ਪੂਰਾ ਸਿਸਟਮ ਅਸਫਲ ਹੋ ਗਿਆ ਹੈ।

ਵਿਰੋਧ ਦੀਆਂ ਆਵਾਜ਼ਾਂ

ਇਸ ਦਾ ਪ੍ਰਭਾਵ ਬ੍ਰਿਟੇਨ ਤੋਂ ਬਾਹਰ ਵੀ ਮਹਿਸੂਸ ਕੀਤਾ ਜਾ ਰਿਹਾ ਹੈ।

ਆਸਟ੍ਰੇਲੀਆ ਵਿੱਚ, ਭਾਰਤੀ ਮੂਲ ਦੀ ਸੰਸਦ ਮੈਂਬਰ ਮਿਸ਼ੇਲ ਆਨੰਦ-ਰਾਜਾ ਨੇ ਕਿਹਾ, "ਇੱਕ ਪਰਵਾਸੀ ਹੋਣ ਦੇ ਨਾਤੇ ਮੈਨੂੰ ਆਪਣੀ ਹੋਂਦ ਨੂੰ ਵਾਰ-ਵਾਰ ਸਾਬਤ ਕਰਨਾ ਪੈਂਦਾ ਹੈ, ਅਤੇ ਮੈਂ ਬਹੁਤ ਥੱਕ ਗਈ ਹਾਂ।"

ਭਾਰਤੀ ਮੂਲ ਦੇ ਲੋਕਾਂ ਨੂੰ ਆਇਰਲੈਂਡ ਵਿੱਚ ਹਾਲ ਹੀ ਵਿੱਚ ਹੋਏ ਹਮਲਿਆਂ ਵਿੱਚ ਨਿਸ਼ਾਨਾ ਬਣਾਇਆ ਗਿਆ ਹੈ, ਉਹੀ ਦੇਸ਼ ਜਿਸ ਨੇ ਦੋ ਵਾਰ ਭਾਰਤੀ ਮੂਲ ਦੇ ਵਿਅਕਤੀ ਨੂੰ ਪ੍ਰਧਾਨ ਮੰਤਰੀ ਚੁਣਿਆ ਹੈ।

ਆਸਟ੍ਰੇਲੀਆ ਵਿੱਚ, ਪੌਲੀਨ ਹੈਨਸਨ, ਜੋ ਕਦੇ ਭਾਰਤੀ ਪਰਵਾਸੀਆਂ ਦੀ ਪ੍ਰਸ਼ੰਸਾ ਕਰਦੇ ਸਨ, ਹੁਣ ਉਨ੍ਹਾਂ ਦੀ ਗਿਣਤੀ ਘਟਾਉਣ ਦੀ ਮੰਗ ਕਰਨ ਵਾਲੇ ਸਮੂਹਾਂ ਨਾਲ ਖੜ੍ਹੇ ਹਨ।

ਡੈਨਮਾਰਕ ਵਿੱਚ ਰਹਿਣ ਵਾਲੇ ਲੇਖਕ ਤਬਿਸ਼ ਖੈਰ ਨੇ ਕਿਹਾ, "ਸਮੱਸਿਆ ਪਰਵਾਸੀਆਂ ਜਾਂ ਮਜ਼ਦੂਰਾਂ ਵਿੱਚ ਨਹੀਂ ਹੈ। ਅਸਲ ਸਮੱਸਿਆ ਅਰਬਾਂ ਡਾਲਰ ਦੇ ਬਾਹਰ ਜਾਣ ਦੀ ਹੈ ਅਤੇ ਇਹ ਹਰ ਦੇਸ਼ ਦੇ ਕਾਮਿਆਂ ਨੂੰ ਪ੍ਰਭਾਵਿਤ ਕਰਦੀ ਹੈ। ਇਸਨੂੰ 1980 ਦੇ ਦਹਾਕੇ ਵਿੱਚ ਹੱਲ ਕਰਨ ਦੀ ਬਜਾਏ ਉਤਸ਼ਾਹਿਤ ਕੀਤਾ ਗਿਆ।"

ਭਾਰਤੀਆਂ ਨੂੰ ਨਿਸ਼ਾਨਾ ਕਿਉਂ ਬਣਾਇਆ ਜਾਂਦਾ ਹੈ?

ਦਰਅਸਲ, ਭਾਰਤੀ ਪਰਵਾਸੀ ਵਿੱਦਿਅਕ ਅਤੇ ਪੇਸ਼ੇਵਰ ਤਰੱਕੀ ਵਿੱਚ ਸਭ ਤੋਂ ਅੱਗੇ ਹਨ। ਸੰਯੁਕਤ ਰਾਜ ਅਮਰੀਕਾ ਵਿੱਚ ਉਨ੍ਹਾਂ ਦੀ ਔਸਤ ਆਮਦਨ ਕਿਸੇ ਵੀ ਹੋਰ ਭਾਈਚਾਰੇ ਨਾਲੋਂ ਵੱਧ ਹੈ।

ਬ੍ਰਿਟੇਨ ਵਿੱਚ ਭਾਰਤੀ ਮੂਲ ਦਾ ਇੱਕ ਵਿਅਕਤੀ ਪ੍ਰਧਾਨ ਮੰਤਰੀ ਬਣਿਆ ਅਤੇ ਕੈਨੇਡਾ ਵਿੱਚ ਭਾਰਤੀ ਡਾਕਟਰਾਂ, ਵਕੀਲਾਂ ਅਤੇ ਕਾਰੋਬਾਰੀਆਂ ਦੀ ਵੱਡੀ ਗਿਣਤੀ ਹੈ।

ਚੰਗੇ ਸਮੇਂ ਦੌਰਾਨ ਉਨ੍ਹਾਂ ਦੀ ਵਿਆਪਕ ਤੌਰ 'ਤੇ ਪ੍ਰਸ਼ੰਸਾ ਕੀਤੀ ਜਾਂਦੀ ਹੈ, ਪਰ ਜਦੋਂ ਸਮਾਂ ਔਖਾ ਹੁੰਦਾ ਹੈ ਤਾਂ ਉਨ੍ਹਾਂ ਵਿਰੁੱਧ ਈਰਖਾ ਅਤੇ ਨਾਰਾਜ਼ਗੀ ਵਧ ਜਾਂਦੀ ਹੈ। ਅਤੇ ਇਹ ਕੋਈ ਨਵੀਂ ਗੱਲ ਨਹੀਂ ਹੈ।

ਭਾਰਤੀਆਂ ਦੀ ਮੌਜੂਦਗੀ ਅਕਸਰ ਤਣਾਅ ਨੂੰ ਵਧਾਉਂਦੀ ਹੈ।

ਟ੍ਰੈਫਲਗਰ ਸਕੁਏਅਰ ਅਤੇ ਟਾਈਮਜ਼ ਸਕੁਏਅਰ ਉਨ੍ਹਾਂ ਦੇ ਤਿਉਹਾਰਾਂ ਲਈ ਸਜਾਏ ਜਾਂਦੇ ਹਨ। ਉਨ੍ਹਾਂ ਦਾ ਭੋਜਨ ਹਰ ਹਾਈ ਸਟ੍ਰੀਟ 'ਤੇ ਆਸਾਨੀ ਨਾਲ ਮਿਲ ਜਾਂਦਾ ਹੈ। ਬਾਲੀਵੁੱਡ ਅਤੇ ਕ੍ਰਿਕਟ ਸਟਾਰ ਦੁਨੀਆਂ ਭਰ ਵਿੱਚ ਮਸ਼ਹੂਰ ਹਨ।

ਚੰਗੇ ਸਮੇਂ ਵਿੱਚ ਉਨ੍ਹਾਂ ਨੂੰ ਸਫਲਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਪਰ ਮੁਸ਼ਕਲ ਸਮੇਂ ਵਿੱਚ ਉਹੀ ਵਿਵਾਦ ਦਾ ਕਾਰਣ ਬਣ ਜਾਂਦੇ ਹਨ।

ਇੱਕ ਵਿਸ਼ਲੇਸ਼ਕ ਨੇ ਕਿਹਾ, "ਜੋ ਪ੍ਰਤੀਕ ਮੇਲ-ਜੋਲ ਦੇ ਹੁੰਦੇ ਹਨ, ਉਹ ਤਣਾਅ ਦੇ ਸਮੇਂ ਅਲਗਾਵ ਦੀ ਯਾਦ ਦਿਵਾਉਣ ਲੱਗ ਪੈਂਦੇ ਹਨ।"

ਟਰੰਪ ਦਾ ਨਵਾਂ ਅਮਰੀਕਾ

ਯੂਰਪ ਵਿੱਚ, ਸੜਕਾਂ 'ਤੇ ਨਫ਼ਰਤ ਦਿਖਾਈ ਦਿੰਦੀ ਹੈ, ਪਰ ਅਮਰੀਕਾ ਵਿੱਚ ਇਹ ਇਸ ਦੇ ਆਗੂਆਂ ਦੀਆਂ ਨੀਤੀਆਂ ਅਤੇ ਭਾਸ਼ਣਾਂ ਵਿੱਚ ਝਲਕਦੀ ਹੈ।

ਲੋਵੀ ਇੰਸਟੀਚਿਊਟ ਦੇ ਇੱਕ ਭਾਰਤੀ ਟਿੱਪਣੀਕਾਰ ਨੇ ਕਿਹਾ ਕਿ ਟਰੰਪ ਦੀ ਵਾਪਸੀ ਨੇ "ਅਮਰੀਕਾ ਵਿੱਚ ਭਾਰਤੀਆਂ ਵਿਰੁੱਧ ਨਸਲਵਾਦ ਦੀ ਇੱਕ ਨਵੀਂ ਲਹਿਰ ਸ਼ੁਰੂ ਕਰ ਦਿੱਤੀ ਹੈ।"

ਭਾਰਤੀ ਮੂਲ ਦੇ ਅਧਿਕਾਰੀਆਂ 'ਤੇ ਹਮਲਾ ਹੋਇਆ ਹੈ। ਇੱਥੋਂ ਤੱਕ ਕਿ ਉਪ ਰਾਸ਼ਟਰਪਤੀ ਉਮੀਦਵਾਰ ਦੀ ਭਾਰਤੀ ਮੂਲ ਦੀ ਪਤਨੀ ਵੀ ਔਨਲਾਈਨ ਨਸਲਵਾਦੀ ਹਮਲਿਆਂ ਦਾ ਨਿਸ਼ਾਨਾ ਬਣੇ ਹਨ।

ਟਰੰਪ ਨੇ ਹਾਲ ਹੀ ਵਿੱਚ ਐਚ-1ਬੀ ਵੀਜ਼ਾ ਫੀਸ ਨੂੰ 1,500 ਡਾਲਰ ਤੋਂ ਵਧਾ ਕੇ 100,000 ਡਾਲਰ (ਲਗਭਗ 88 ਲੱਖ ਰੁਪਏ) ਕਰਨ ਦਾ ਐਲਾਨ ਕੀਤਾ ਹੈ।

ਇਹ ਭਾਰਤ ਲਈ ਇੱਕ ਵੱਡਾ ਝਟਕਾ ਹੈ, ਕਿਉਂਕਿ 70 ਪ੍ਰਤੀਸ਼ਤ ਐਚ-1ਬੀ ਵੀਜ਼ਾ ਧਾਰਕ ਭਾਰਤ ਤੋਂ ਹੀ ਹਨ। ਛੋਟੀਆਂ ਅਮਰੀਕੀ ਕੰਪਨੀਆਂ ਅਤੇ ਸਟਾਰਟਅੱਪ ਇੰਨੀ ਉੱਚੀ ਫੀਸ ਨਹੀਂ ਦੇ ਸਕਣਗੇ।

ਮਾਹਰਾਂ ਦਾ ਕਹਿਣਾ ਹੈ ਕਿ ਵਿਦੇਸ਼ੀ ਕੰਪਨੀਆਂ ਹੁਣ ਭਾਰਤ ਤੋਂ ਕਰਮਚਾਰੀਆਂ ਨੂੰ ਨੌਕਰੀ 'ਤੇ ਰੱਖਣ ਤੋਂ ਬਚਣਗੀਆਂ।

ਇਸ ਦੇ ਨਤੀਜੇ ਵਜੋਂ ਭਾਰਤੀ ਇੰਜੀਨੀਅਰ ਅਤੇ ਆਈਟੀ ਪੇਸ਼ੇਵਰ ਜਾਂ ਤਾਂ ਭਾਰਤ ਵਿੱਚ ਰਹਿਣਗੇ ਜਾਂ ਦੂਜੇ ਦੇਸ਼ਾਂ ਵਿੱਚ ਰੁਜ਼ਗਾਰ ਦੀ ਭਾਲ ਕਰਨਗੇ।

ਅਸਲੀਅਤ ਇਹ ਹੈ ਕਿ ਅਮਰੀਕਾ ਨੂੰ ਭਾਰਤੀ ਅਤੇ ਚੀਨੀ ਵਿਦਿਆਰਥੀਆਂ ਦੀ ਲੋੜ ਹੈ।

ਅਮਰੀਕੀ ਵਿਦਿਆਰਥੀ ਇੰਜੀਨੀਅਰਿੰਗ ਦੀ ਚੋਣ ਘੱਟ ਕਰਦੇ ਹਨ ਜਦਕਿ ਭਾਰਤੀ ਅਤੇ ਚੀਨੀ ਵਿਦਿਆਰਥੀ ਅਮਰੀਕੀ ਲੈਬਾਂ ਵਿੱਚ ਕੰਮ ਕਰਦੇ ਹਨ, ਜਿਨ੍ਹਾਂ ਤੋਂ ਹੀ ਸਿਲੀਕਾਨ ਵੈਲੀ ਚੱਲਦੀ ਹੈ। ਇਸ ਲਈ, ਅਜਿਹੇ ਉਪਾਅ ਅਮਰੀਕਾ ਨੂੰ ਕਮਜ਼ੋਰ ਕਰਦੇ ਹਨ।

ਪਰ ਵਿਰੋਧ ਪ੍ਰਦਰਸ਼ਨ ਲਗਾਤਾਰ ਵਧ ਰਹੇ ਹਨ। ਹਾਲ ਹੀ ਵਿੱਚ ਇੱਕ ਸਥਾਨਕ ਨੌਜਵਾਨ ਨੇ ਸੱਜੇ-ਪੱਖੀ ਲੇਖਕ ਚਾਰਲੀ ਕਿਰਕ ਦਾ ਕਤਲ ਕਰ ਦਿੱਤਾ।

ਇਸ ਘਟਨਾ ਤੋਂ ਪਹਿਲਾਂ ਚਾਰਲੀ ਕਿਰਕ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਸੀ, "ਅਮਰੀਕਾ ਨੂੰ ਭਾਰਤੀਆਂ ਨੂੰ ਹੋਰ ਵੀਜ਼ਾ ਨਹੀਂ ਦੇਣਾ ਚਾਹੀਦਾ। ਭਾਰਤੀਆਂ ਨੇ ਅਮਰੀਕੀ ਕਾਮਿਆਂ ਨੂੰ ਸਭ ਤੋਂ ਵਧ ਉਜਾੜਿਆ ਹੈ। ਹੁਣ ਬਹੁਤ ਹੋ ਗਿਆ, ਅਸੀਂ ਭਰ ਚੁੱਕੇ ਹਾਂ।''

ਯੋਗਦਾਨ ਅਤੇ ਦਾਗ

ਭਾਰਤੀ ਪਰਵਾਸੀਆਂ ਨੂੰ ਪੂਰੀ ਤਰ੍ਹਾਂ ਬੇਦਾਗ ਕਹਿਣਾ ਸਹੀ ਨਹੀਂ ਹੋਵੇਗਾ। ਵੀਜ਼ਾ ਧੋਖਾਧੜੀ, ਸ਼ੋਸ਼ਣ ਅਤੇ ਪਾਲੀਟਿਕਲ ਓਵਰਰੀਚ ਵਰਗੀਆਂ ਕਮੀਆਂ ਮੌਜੂਦ ਹਨ।

ਪਰ ਇਸ ਆਧਾਰ 'ਤੇ ਕਰੋੜਾਂ ਲੋਕਾਂ ਸਬੰਧੀ ਨਿਰਣਾ ਕਰਨਾ ਸਹੀ ਨਹੀਂ ਹੈ। ਭਾਰਤੀਆਂ ਨੇ ਆਪਣੀ ਜੀਵਨ ਸ਼ੈਲੀ ਅਤੇ ਕੰਮ ਰਾਹੀਂ ਬਹੁਤ ਸਾਰੇ ਦੇਸ਼ਾਂ ਨੂੰ ਬਹੁਤ ਬਦਲ ਦਿੱਤਾ ਹੈ।

ਬ੍ਰਿਟੇਨ ਵਿੱਚ ਰਿਸ਼ੀ ਸੁਨਕ ਅਤੇ ਸੰਯੁਕਤ ਰਾਜ ਵਿੱਚ ਕਮਲਾ ਹੈਰਿਸ, ਨੋਬਲ ਅਤੇ ਬੁੱਕਰ ਪੁਰਸਕਾਰ ਜੇਤੂ ਲੇਖਕ, ਹਸਪਤਾਲ ਅਤੇ ਆਈਟੀ ਕੰਪਨੀਆਂ ਤੱਕ - ਉਨ੍ਹਾਂ ਦੇ ਯੋਗਦਾਨ ਹਰ ਜਗ੍ਹਾ ਸਪਸ਼ਟ ਹਨ।

ਡੈਨਮਾਰਕ ਵਿੱਚ ਰਹਿਣ ਵਾਲੇ ਲੇਖਕ ਤਬਿਸ਼ ਖੈਰ ਨੇ ਕਿਹਾ, "ਪੱਛਮ ਅਤੇ ਬਾਕੀ ਵਿਕਾਸਸ਼ੀਲ ਸੰਸਾਰ ਵਿਚਕਾਰ ਇੱਕ ਕੰਧ ਖੜ੍ਹੀ ਹੋ ਰਹੀ ਹੈ। ਭਾਰਤ ਨੂੰ ਪੱਛਮ 'ਤੇ ਭਰੋਸਾ ਨਹੀਂ ਕਰਨਾ ਚਾਹੀਦਾ। ਉਸ ਨੂੰ ਦੂਜੇ ਦੇਸ਼ਾਂ ਨਾਲ ਮਿਲ ਕੇ ਕੰਮ ਕਰਨਾ ਪਵੇਗਾ। ਅਸੀਂ ਪੱਛਮ ਦਾ ਨਹੀਂ ਬਲਕਿ 'ਬਾਕੀ ਦੁਨੀਆਂ' ਦਾ ਹਿੱਸਾ ਹਾਂ ਅਤੇ ਭਾਰਤ ਉੱਥੇ ਅਗਵਾਈ ਕਰ ਸਕਦਾ ਹੈ।"

ਔਖੀ ਹੁੰਦੀ ਰਾਹ

ਭਾਰਤੀ ਪਰਵਾਸੀਆਂ ਲਈ ਸਥਿਤੀ ਹੋਰ ਵੀ ਮੁਸ਼ਕਲ ਹੁੰਦੀ ਜਾ ਰਹੀ ਹੈ।

ਯੂਰਪ ਵਿੱਚ ਰੈਲੀਆਂ ਨਸਲਵਾਦ ਦਾ ਰੂਪ ਲੈ ਰਹੀਆਂ ਹਨ। ਆਸਟ੍ਰੇਲੀਆ ਵਿੱਚ ਆਗੂ ਪਰਵਾਸੀਆਂ ਬਾਰੇ ਹੁਣ ਵਿਰੋਧੀ ਗੱਲਾਂ ਕਰ ਰਹੇ ਹਨ।

ਅਮਰੀਕਾ ਵਿੱਚ ਵੀਜ਼ਾ ਫੀਸ ਬਹੁਤ ਵਧਾਈ ਜਾ ਚੁੱਕੀ ਹੈ। ਭਾਰਤੀਆਂ ਦੀ ਰਾਜਨੀਤਿਕ ਸ਼ਕਤੀ ਦੇ ਬਾਵਜੂਦ ਭਾਰਤ ਨਾਲ ਕੈਨੇਡਾ ਦੇ ਤਣਾਅ ਅਸੁਰੱਖਿਆ ਨੂੰ ਹੋਰ ਵਧਾ ਰਹੇ ਹਨ।

ਭਾਰਤ 'ਚ ਬੈਠ ਕੇ ਦੇਖਣ 'ਚ ਭਾਵੇਂ ਹੀ ਅਜਿਹਾ ਲੱਗਦਾ ਹੈ ਕਿ ਪਰਵਾਸੀ ਐਸ਼ੋ-ਆਰਾਮ ਦੀ ਜ਼ਿੰਦਗੀ ਜੀ ਰਹੇ ਹਨ, ਪਰ ਸੱਚਾਈ ਇਹ ਹੈ ਕਿ ਇਸ ਦੇ ਪਿੱਛੇ ਡਰ ਅਤੇ ਅਸੁਰੱਖਿਆ ਵੀ ਹੈ।

ਉਂਝ ਤਾਂ ਇੱਥੇ ਆਪਣੇਪਣ ਦੀ ਭਾਵਨਾ ਡੂੰਘੀ ਜਾਪਦੀ ਹੈ, ਪਰ ਇਹ ਬਹੁਤ ਨਾਜ਼ੁਕ ਹੁੰਦਾ ਹੈ ਅਤੇ ਅਚਾਨਕ ਬਦਲ ਸਕਦਾ ਹੈ।

ਵਿਸ਼ਵਵਿਆਪੀ ਸਵਾਲ

ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਮੇਜ਼ਬਾਨ ਦੇਸ਼ ਇਮਾਨਦਾਰੀ ਨਾਲ ਪਰਵਾਸ 'ਤੇ ਬਹਿਸ ਕਰ ਸਕਣਗੇ?

ਕੀ ਉਹ ਪੂਰੇ ਭਾਈਚਾਰੇ ਨੂੰ ਦੋਸ਼ ਦੇਣ ਤੋਂ ਪਰਹੇਜ਼ ਕਰਨਗੇ? ਅਤੇ ਕੀ ਉਹ ਉਨ੍ਹਾਂ ਦੀ ਰੱਖਿਆ ਕਰਨਗੇ ਜੋ ਉਨ੍ਹਾਂ ਦੇ ਹੀ ਹਸਪਤਾਲ, ਯੂਨੀਵਰਸਿਟੀਆਂ ਅਤੇ ਤਕਨਾਲੋਜੀ ਖੇਤਰ ਚਲਾਉਂਦੇ ਹਨ?

ਦੁਨੀਆਂ ਵਿੱਚ ਪਰਵਾਸੀਆਂ ਦਾ ਸਭ ਤੋਂ ਵੱਡਾ ਦੇਸ਼ ਭਾਰਤ ਕੀ ਆਪਣੀ ਆਵਾਜ਼ ਉਠਾ ਸਕੇਗਾ? ਇਹ ਸਿਰਫ਼ ਨਫ਼ਰਤ ਨਾਲ ਜੁੜੇ ਅਪਰਾਧਾਂ ਤੋਂ ਬਾਅਦ ਸਹਾਇਤਾ ਦੇਣ ਨਾਲ ਨਹੀਂ, ਸਗੋਂ ਵਿਸ਼ਵਵਿਆਪੀ ਬਹਿਸਾਂ ਵਿੱਚ ਖੁੱਲ੍ਹ ਕੇ ਅਤੇ ਹਿੰਮਤ ਨਾਲ ਹਿੱਸਾ ਲੈ ਕੇ ਸੰਭਵ ਹੋਵੇਗਾ।

ਕੁਝ ਭਾਰਤੀਆਂ ਦਾ ਮੰਨਣਾ ਹੈ ਕਿ ਪਰਵਾਸੀ ਭਾਈਚਾਰੇ ਨੂੰ ਵੀ ਆਤਮ-ਨਿਰੀਖਣ ਕਰਨਾ ਚਾਹੀਦਾ ਹੈ, ਕਿਉਂਕਿ ਸਫਲਤਾ ਨਾਲ ਪਛਾਣ ਮਿਲਦੀ ਹੈ ਅਤੇ ਪਛਾਣ ਨਾਲ ਸਵਾਲ ਉੱਠਦੇ ਹਨ।

ਇਹ ਭਾਰਤੀ ਕਹਿੰਦੇ ਹਨ ਕਿ ਭਾਰਤ ਸਰਕਾਰ ਪਰਵਾਸੀਆਂ ਨੂੰ ਸ਼ਕਤੀ ਅਤੇ ਪ੍ਰਭਾਵ ਲਈ ਤਾਂ ਅੱਗੇ ਕਰਦੀ ਹੈ, ਪਰ ਉਨ੍ਹਾਂ ਨੀਤੀਆਂ ਅਤੇ ਨਕਾਰਾਤਮਕ ਰਵੱਈਏ ਵਿਰੁੱਧ ਨਹੀਂ ਬੋਲਦੀ ਜੋ ਉਨ੍ਹਾਂ ਨੂੰ ਸਿੱਧੇ ਤੌਰ 'ਤੇ ਪ੍ਰਭਾਵਿਤ ਕਰਦੇ ਹਨ।

ਭਾਰਤੀ ਪਰਵਾਸੀਆਂ ਦਾ ਜੀਵਨ ਮੁਸ਼ਕਲ ਹੁੰਦਾ ਜਾ ਰਿਹਾ ਹੈ।

ਆਸਟ੍ਰੇਲੀਆ, ਇੰਗਲੈਂਡ, ਜਰਮਨੀ, ਕੈਨੇਡਾ, ਸਿਲੀਕਾਨ ਵੈਲੀ ਅਤੇ ਸਿਡਨੀ... ਹਰ ਜਗ੍ਹਾ ਹਾਲਾਤ ਬਦਲ ਰਹੇ ਹਨ। ਹੁਣ, ਇਹ ਸਿਰਫ਼ ਸਫਲਤਾ ਦੀ ਕਹਾਣੀ ਨਹੀਂ ਹੈ, ਸਗੋਂ ਜਿਉਣ ਅਤੇ ਸਨਮਾਨ ਬਚਾਉਣ ਦੀ ਲੜਾਈ ਵੀ ਹੈ।

ਭਾਰਤ ਦੇ ਸਾਹਮਣੇ ਵੱਡਾ ਸਵਾਲ ਇਹ ਹੈ ਕਿ - ਕੀ ਇਹ ਆਪਣੇ ਪਰਵਾਸੀਆਂ ਨੂੰ ਨਫ਼ਰਤ ਤੋਂ ਬਚਾਉਣ ਲਈ ਆਵਾਜ਼ ਚੁੱਕੇਗਾ?

ਜਾਂ ਫਿਰ ਇਹ ਚੁੱਪ-ਚਾਪ ਦੇਖਦਾ ਰਹੇਗਾ ਕਿ ਉਨ੍ਹਾਂ ਦੁਆਰਾ ਬਣਾਈ ਦੁਨੀਆਂ ਦਿਨੋ-ਦਿਨ ਹੋਰ ਅਸੁਰੱਖਿਅਤ ਹੁੰਦੀ ਜਾ ਰਹੀ ਹੈ?

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)