ਅਮਰੀਕਾ ’ਚ ਗ੍ਰੀਨ ਕਾਰਡ ਹੋਲਡਰ ਅਤੇ ਬ੍ਰੇਨ ਟਿਊਮਰ ਦੇ ਮਰੀਜ਼ ਪੰਜਾਬੀ ਨੂੰ ਹਿਰਾਸਤ 'ਚ ਲਏ ਜਾਣ ਦਾ ਕੀ ਹੈ ਮਾਮਲਾ

    • ਲੇਖਕ, ਗੁਰਜੋਤ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਨਵਾਂਸ਼ਹਿਰ ਦੇ ਪਿੰਡ ਬੀਰੋਵਾਲ ਨਾਲ ਸਬੰਧ ਰੱਖਦੇ 48 ਸਾਲਾ ਪਰਮਜੀਤ ਸਿੰਘ ਅਕਸਰ ਅਮਰੀਕਾ ਤੋਂ ਆਪਣੇ ਪਿੰਡ ਜਾਂਦੇ ਰਹਿੰਦੇ ਸਨ, ਉਨ੍ਹਾਂ ਕੋਲ ਅਮਰੀਕਾ ਦਾ ਗ੍ਰੀਨ ਕਾਰਡ ਹੈ।

30 ਜੁਲਾਈ ਨੂੰ ਜਦੋਂ ਉਹ ਭਾਰਤ ਤੋਂ ਵਾਪਸ ਅਮਰੀਕਾ ਆਏ ਤਾਂ ਉਨ੍ਹਾਂ ਨੂੰ ਸ਼ਿਕਾਗੋ ਦੇ ਓ ਹੈਅਰ ਏਅਰਪੋਰਟ ਉੱਤੇ ਇਮੀਗ੍ਰੇਸ਼ਨ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ।

30 ਸਾਲ ਤੋਂ ਅਮਰੀਕਾ ਵਿੱਚ ਰਹਿ ਰਹੇ ਪਰਮਜੀਤ ਸਿੰਘ ਬੀਤੇ 2 ਮਹੀਨਿਆਂ ਤੋਂ ਕੈਦ ਹਨ ਅਤੇ ਅਮਰੀਕਾ ਤੋਂ ਬਾਹਰ ਕੱਢੇ ਜਾਣ ਦੇ ਖ਼ਤਰੇ ਦਾ ਸਾਹਮਣਾ ਕਰ ਰਹੇ ਹਨ।

ਅਮਰੀਕਾ ਦੇ ਇੰਡਿਆਨਾ ਸੂਬੇ ਦੇ ਫੋਰਟ ਵੇਨ ਵਿੱਚ ਰਹਿੰਦੇ ਪਰਿਵਾਰ ਮੁਤਾਬਕ ਪਰਮਜੀਤ ਸਿੰਘ ਨੇ ਅਕਤੂਬਰ ਵਿੱਚ ਬ੍ਰੇਨ ਟਿਊਮਰ ਦੀ ਦੂਜੀ ਸਰਜਰੀ ਕਰਵਾਉਣੀ ਸੀ, ਉਨ੍ਹਾਂ ਨੂੰ ਦਿਲ ਸਬੰਧੀ ਦਿੱਕਤਾਂ ਹਨ ਅਤੇ ਉਨ੍ਹਾਂ ਦੀ ਨਿਗ੍ਹਾ ਵੀ ਲਗਾਤਾਰ ਘਟਦੀ ਜਾ ਰਹੀ ਹੈ।

ਪਰਮਜੀਤ ਸਿੰਘ ਦੇ ਵਕੀਲ ਅਤੇ ਪਰਿਵਾਰ ਦਾ ਕਹਿਣਾ ਹੈ ਕਿ ਕੈਨਟਕੀ ਕਾਉਂਟੀ ਜੇਲ੍ਹ ਵਿੱਚ ਕੈਦ ਪਰਮਜੀਤ ਸਿੰਘ ਨੂੰ ਲੋੜੀਂਦੀ ਮੈਡੀਕਲ ਸਹਾਇਤਾ ਨਹੀਂ ਮਿਲ ਰਹੀ ਅਤੇ ਉਨ੍ਹਾਂ ਦੀ ਸਰੀਰਕ ਹਾਲਤ ਖ਼ਰਾਬ ਹੁੰਦੀ ਜਾ ਰਹੀ ਹੈ।

ਬੀਬੀਸੀ ਵੱਲੋਂ ਇਮੀਗ੍ਰੇਸ਼ਨਜ਼ ਐਂਡ ਕਸਟਮਸ ਇਨਫੋਰਸਮੈਂਟ ਨੂੰ ਪਰਮਜੀਤ ਸਿੰਘ ਨੂੰ ਹਿਰਾਸਤ ਵਿੱਚ ਲਏ ਜਾਣ ਅਤੇ ਉਨ੍ਹਾਂ ਨੂੰ ਮੈਡੀਕਲ ਸਹਾਇਤਾ ਬਾਰੇ ਸਵਾਲ ਈਮੇਲ ਕੀਤੇ ਗਏ ਹਨ ਪਰ ਫਿਲਹਾਲ ਕੋਈ ਜਵਾਬ ਨਹੀਂ ਮਿਲਿਆ।

73 ਸਾਲਾ ਹਰਜੀਤ ਕੌਰ ਨੂੰ ਅਮਰੀਕਾ ਤੋਂ ਡਿਪੋਰਟ ਕੀਤੇ ਜਾਣ ਦੇ ਮਾਮਲੇ ਵਿੱਚ ਕੀਤੀ ਇੱਕ ਈਮੇਲ ਦੇ ਜਵਾਬ ਵਿੱਚ ਆਈਸੀਈ ਨੇ ਬੀਬੀਸੀ ਨੂੰ ਕਿਹਾ ਸੀ, "ਆਈਸੀਈ ਦੀ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਹਰੇਕ ਸ਼ਖ਼ਸ ਨੂੰ ਮੈਡੀਕਲ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਇਨ੍ਹਾਂ ਵਿੱਚ ਐਮਰਜੈਂਸੀ ਅਤੇ ਫੁੱਲ ਹੈਲਥ ਅਸੈਸਮੈਂਟ ਵੀ ਸ਼ਾਮਲ ਹੈ।"

ਪਰਮਜੀਤ 1994 ਵਿੱਚ ਗਏ ਸਨ ਅਮਰੀਕਾ

ਪਰਮਜੀਤ ਸਿੰਘ ਅਤੇ ਉਨ੍ਹਾਂ ਦੇ ਭਰਾਵਾਂ ਨੂੰ ਉਨ੍ਹਾਂ ਦੇ ਪਿਤਾ ਵੱਲੋਂ 1994 ਵਿੱਚ ਅਮਰੀਕਾ ਬੁਲਾਇਆ ਗਿਆ ਸੀ, ਇੱਥੇ ਉਨ੍ਹਾਂ ਦੇ ਪਰਿਵਾਰ ਦੇ ਗੈਸ ਸਟੇਸ਼ਨਜ਼ ਦੀ ਚੇਨ ਤੇ ਹੋਰ ਵਪਾਰ ਹਨ। ਉਨ੍ਹਾਂ ਦੇ ਵਪਾਰਕ ਅਦਾਰਿਆਂ ਤੋਂ 300 ਤੋਂ 400 ਦੇ ਕਰੀਬ ਲੋਕ ਰੁਜ਼ਗਾਰ ਹਾਸਲ ਕਰਦੇ ਹਨ।

ਅਮਰੀਕਾ ਆਉਣ ਤੋਂ ਕੁਝ ਮਹੀਨਿਆਂ ਬਾਅਦ ਹੀ ਪਰਮਜੀਤ ਸਿੰਘ ਨੂੰ ਗ੍ਰੀਨ ਕਾਰਡ ਮਿਲ ਗਿਆ ਸੀ। ਉਨ੍ਹਾਂ ਦਾ ਇੱਕ 16 ਸਾਲ ਦਾ ਪੁੱਤਰ ਹੈ ਅਤੇ 14 ਸਾਲਾਂ ਦੀ ਧੀ ਹੈ।

ਪਰਮਜੀਤ ਸਿੰਘ ਦੀ ਭਤੀਜੀ ਕਿਰਨ ਵਿਰਕ ਨੇ ਬੀਬੀਸੀ ਨਾਲ ਗੱਲ ਕਰਦਿਆਂ ਦੱਸਿਆ, "ਅਸੀਂ ਉਨ੍ਹਾਂ ਨੂੰ ਏਅਰਪੋਰਟ ਤੋਂ ਲੈਣ ਗਏ ਸੀ, ਜਦੋਂ ਸਾਨੂੰ ਉਨ੍ਹਾਂ ਦੇ ਹਿਰਾਸਤ ਵਿੱਚ ਲਏ ਜਾਣ ਬਾਰੇ ਪਤਾ ਲੱਗਾ, ਉਨ੍ਹਾਂ ਨੂੰ ਇੱਕ 25 ਸਾਲ ਪੁਰਾਣੇ ਮਾਮਲੇ ਦੇ ਅਧਾਰ ਉੱਤੇ ਹਿਰਾਸਤ ਵਿੱਚ ਲਿਆ ਗਿਆ ਸੀ।"

ਕਿਰਨ ਨੇ ਦੱਸਿਆ, "ਇਹ ਮਾਮਲਾ ਇੱਕ ਪੇ-ਫੋਨ ਦੀ ਬਿਨਾ ਪੈਸੇ ਭਰੇ ਵਰਤੋਂ ਕਰਨ ਬਾਰੇ ਸੀ, ਇਸ ਕੇਸ ਵਿੱਚ 10 ਦਿਨਾਂ ਦੀ ਜੇਲ੍ਹ ਹੋਈ ਸੀ ਜਦਕਿ 1.5 ਸਾਲ ਦੀ ਸਜ਼ਾ ਸਸਪੈਂਡ ਕਰ ਦਿੱਤੀ ਗਈ ਸੀ। ਪਰਮਜੀਤ ਸਿੰਘ ਵੱਲੋਂ ਇਹ ਸਜ਼ਾ ਪੂਰੀ ਕਰ ਲਈ ਗਈ ਸੀ ਅਤੇ ਜੁਰਮਾਨਾ ਵੀ ਭਰਿਆ ਗਿਆ ਸੀ।"

"ਸਾਨੂੰ ਨਹੀਂ ਪਤਾ ਕਿ ਇਸ ਮਾਮਲੇ ਨੂੰ ਉਨ੍ਹਾਂ ਨੂੰ ਹਿਰਾਸਤ ਵਿੱਚ ਲਏ ਜਾਣ ਦਾ ਅਧਾਰ ਕਿਵੇਂ ਬਣਾਇਆ ਗਿਆ।"

ਉਨ੍ਹਾਂ ਦੱਸਿਆ ਕਿ ਇਸੇ ਸਾਲ ਹੀ ਪਰਮਜੀਤ ਸਿੰਘ 2 ਵਾਰ ਪਹਿਲਾਂ ਵੀ ਪੰਜਾਬ ਜਾ ਕੇ ਆਏ ਸਨ, ਇਸ ਵਾਰ ਉਹ ਆਪਣੀ ਪਤਨੀ ਅਤੇ ਧੀ ਨੂੰ ਪੰਜਾਬ ਵਿੱਚ ਛੱਡ ਕੇ ਆਏ ਸਨ ਤਾਂ ਜੋ ਅਮਰੀਕਾ ਵਿੱਚ ਹੀ ਜੰਮੀ ਉਨ੍ਹਾਂ ਦੀ ਧੀ ਪੰਜਾਬੀ ਸਿੱਖ ਸਕੇ, ਇਸ ਤੋਂ ਇਲਾਵਾ ਉਹ ਮੈਕਸੀਕੋ ਅਤੇ ਕੈਨੇਡਾ ਵੀ ਜਾ ਕੇ ਆ ਚੁੱਕੇ ਸਨ।

ਪਰਮਜੀਤ ਸਿੰਘ ਨੂੰ ਹਿਰਾਸਤ ਵਿੱਚ ਲਏ ਜਾਣ ਮਗਰੋਂ ਉਨ੍ਹਾਂ ਦੀ ਪਤਨੀ ਲਖਵਿੰਦਰ ਕੌਰ ਅਮਰੀਕਾ ਪਰਤ ਆਏ। ਲਖਵਿੰਦਰ ਕੌਰ ਅਮਰੀਕੀ ਨਾਗਰਿਕ ਹਨ।

ਏਅਰਪੋਰਟ ਵਿੱਚ ਹਿਰਾਸਤ ਵਿੱਚ ਲਏ ਜਾਣ ਦੇ 5 ਦਿਨਾਂ ਬਾਅਦ ਪਰਿਵਾਰ ਨੂੰ ਦੱਸਿਆ ਗਿਆ ਕਿ ਪਰਮਜੀਤ ਸਿੰਘ ਨੂੰ ਕਲੇਅ ਕਾਉਂਟੀ ਡਿਟੈਂਸ਼ਨ ਸੈਂਟਰ ਭੇਜਿਆ ਜਾ ਰਿਹਾ ਹੈ। ਇਸ ਤੋਂ ਬਾਅਦ ਉਨ੍ਹਾਂ ਦੀ ਕੋਰਟ ਦੀ ਤਰੀਕ 25 ਅਗਸਤ ਨੂੰ ਤੈਅ ਹੋਈ ਸੀ।

ਇਸ ਦੌਰਾਨ ਪਰਿਵਾਰ ਵੱਲੋਂ ਕਈ ਪਟੀਸ਼ਨਾਂ ਅਤੇ ਈਮੇਲਾਂ ਕੀਤੀਆਂ ਗਈਆਂ ਪਰ ਇਸ ਦਾ ਕੋਈ ਨਤੀਜਾ ਨਹੀਂ ਨਿਕਲਿਆ।

'ਬੌਂਡ ਉੱਤੇ ਆਈਸੀਈ ਵੱਲੋਂ ਲਿਆ ਗਿਆ ਸਟੇਅ'

ਪਰਮਜੀਤ ਸਿੰਘ ਦੇ ਇਮੀਗ੍ਰੇਸ਼ਨ ਵਕੀਲ ਲੂਈ ਐਂਜਲਸ ਨੇ ਦੱਸਿਆ ਕਿ ਪਰਮਜੀਤ ਸਿੰਘ ਨੂੰ ਇੱਕ ਇਮੀਗ੍ਰੇਸ਼ਨ ਜੱਜ ਵੱਲੋਂ 10 ਹਜ਼ਾਰ ਡਾਲਰ ਦੇ ਬੌਂਡ ਉੱਤੇ ਰਿਹਾਅ ਕਰਨ ਲਈ ਮਨਜ਼ੂਰੀ ਦੇ ਦਿੱਤੀ ਗਈ ਸੀ ਪਰ ਆਈਸੀਈ ਵੱਲੋਂ ਇਸ ਉੱਤੇ ਸਟੇਅ ਲੈ ਲਿਆ ਗਿਆ ਸੀ।

"ਫਿਲਹਾਲ ਅਸੀਂ ਉਨ੍ਹਾਂ ਨੂੰ ਹਿਰਾਸਤ ਵਿੱਚ ਲਏ ਜਾਣ ਵਿਰੁੱਧ ਅਰਜ਼ੀ ਪਾਉਣ ਦੀ ਤਿਆਰੀ ਕਰ ਰਹੇ ਹਾਂ ਤਾਂ ਜੋ ਫੈਡਰਲ ਜੱਜ ਉਨ੍ਹਾਂ ਨੂੰ ਬੌਂਡ ਭਰਨ ਦੀ ਸ਼ਰਤ ਉੱਤੇ ਰਿਹਾਅ ਕਰਨ ਬਾਰੇ ਮੁੜ ਵਿਚਾਰ ਕਰਨ।"

ਉਨ੍ਹਾਂ ਦੱਸਿਆ, "ਸਰਕਾਰ ਇਹ ਸਾਬਤ ਨਹੀਂ ਕਰ ਸਕੀ ਹੈ ਕਿ ਉਨ੍ਹਾਂ ਨੂੰ ਕਿਉਂ ਹਿਰਾਸਤ ਵਿੱਚ ਲਿਆ ਜਾਣਾ ਚਾਹੀਦਾ ਸੀ ਅਤੇ ਅਸੀਂ ਉਨ੍ਹਾਂ ਨੂੰ ਮੁਲਕ ਤੋਂ ਬਾਹਰ ਕੱਢਣ ਦੀ ਪ੍ਰਕਿਰਿਆ ਉੱਤੇ ਵੀ ਰੋਕ ਲਾਉਣ ਲਈ ਕਾਨੂੰਨੀ ਕਦਮ ਚੁੱਕ ਰਹੇ ਹਾਂ।"

ਉਨ੍ਹਾਂ ਦੱਸਿਆ, "ਪਰਮਜੀਤ ਸਿੰਘ ਨੂੰ ਆਪਣੀ ਸਿਹਤ ਦੇ ਮੁਤਾਬਕ ਲੋੜੀਂਦੀ ਮੈਡੀਕਲ ਸਹਾਇਤਾ ਨਹੀਂ ਮਿਲ ਰਹੀ ਉਨ੍ਹਾਂ ਦੇ ਸਿਰਫ਼ ਚੈਕਅੱਪ ਹੋ ਰਹੇ ਹਨ।"

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਨੂੰ ਛੇਤੀ ਰਿਹਾਅ ਕਰ ਦਿੱਤਾ ਜਾਵੇਗਾ ਅਤੇ ਕੇਸ ਖ਼ਤਮ ਕਰ ਦਿੱਤਾ ਜਾਵੇਗਾ।

ਕਿਰਨ ਨੇ ਦੱਸਿਆ ਕਿ 29 ਸਤੰਬਰ ਨੂੰ ਉਨ੍ਹਾਂ ਦੀ ਕੋਰਟ ਦੀ ਤਰੀਕ ਸੀ ਪਰ ਹੁਣ ਅਗਲੀ ਤਰੀਕ 14 ਅਕਤੂਬਰ ਦੀ ਦੇ ਦਿੱਤੀ ਗਈ ਹੈ।

ਪਰਮਜੀਤ ਸਿੰਘ ਦੀ ਸਿਹਤ ਨੂੰ ਲੈ ਕੇ ਪਰਿਵਾਰ ਚਿੰਤਤ

ਪਰਿਵਾਰ ਵੱਲੋਂ ਇੰਡੀਆਨਾ ਦੇ ਕਾਂਗਰਸ ਮੈਂਬਰ, ਸੈਨੇਟਰ ਅਤੇ ਹੋਰ ਨੁਮਾਇੰਦਿਆਂ ਨੂੰ ਪਰਮਜੀਤ ਸਿੰਘ ਦੇ ਮਾਮਲੇ ਵਿੱਚ ਮਦਦ ਲਈ ਅਪੀਲ ਕੀਤੀ ਗਈ ਹੈ।

ਕਿਰਨ ਨੇ ਦੱਸਿਆ ਕਿ ਕੈਂਟਕੀ ਕਾਉਂਟੀ ਵਿੱਚ ਸ਼ਿਫਟ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦੀ ਪਰਮਜੀਤ ਸਿੰਘ ਨਾਲ ਗੱਲ ਮੁਸ਼ਕਲ ਨਾਲ ਹੀ ਹੁੰਦੀ ਹੈ।

ਉਨ੍ਹਾਂ ਨੇ ਦੱਸਿਆ ਕਿ 2021 ਵਿੱਚ ਪਰਮਜੀਤ ਸਿੰਘ ਦੀ ਬ੍ਰੇਨ ਟਿਊਮਰ ਦੀ ਸਰਜਰੀ ਹੋਈ ਸੀ, ਇਸ ਮਗਰੋਂ ਉਨ੍ਹਾਂ ਦੀ ਹਰ 6 ਮਹੀਨੇ ਬਾਅਦ ਐੱਮਆਰਆਈ ਹੁੰਦੀ ਹੈ ਅਤੇ ਹਰੇਕ ਮਹੀਨੇ ਉਨ੍ਹਾਂ ਦੀਆਂ ਅੱਖਾਂ ਦਾ ਪ੍ਰੈਸ਼ਰ ਚੈੱਕ ਹੁੰਦਾ ਹੈ।

ਪਰਮਜੀਤ ਸਿੰਘ ਨੂੰ ਏਓਟਿਕ ਹਾਰਟ ਵਾਲਵ ਨਾਮ ਦੀ ਬਿਮਾਰੀ ਵੀ ਹੈ।

ਕਿਰਨ ਨੇ ਦੱਸਿਆ ਕਿ ਪਰਮਜੀਤ ਸਿੰਘ ਜੇਲ੍ਹ ਵਿੱਚ ਪਰੇਸ਼ਾਨੀ ਭਰਿਆ ਸਮਾਂ ਲੰਘਾ ਰਹੇ ਹਨ ਅਤੇ ਪਰਿਵਾਰ ਨੂੰ ਉਨ੍ਹਾਂ ਦੀ ਸਿਹਤ ਬਾਰੇ ਹਰ ਪਲ ਚਿੰਤਾ ਰਹਿੰਦੀ ਹੈ।

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਇਮੀਗ੍ਰੇਸ਼ਨ ਅਤੇ ਕਸਟਮਸ ਇਨਫੋਰਸਮੈਂਟ ਵੱਲੋਂ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਫੜਨ ਲਈ ਛਾਪੇ ਮਾਰੇ ਜਾ ਰਹੇ ਹਨ ਅਤੇ ਹਿਰਾਸਤ ਵਿੱਚ ਲੈ ਕੇ ਡਿਪੋਰਟ ਕੀਤਾ ਜਾ ਰਿਹਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)