ਪੈਟੀ ਹਰਸਟ: ਅਮਰੀਕੀ ਅਮੀਰਜ਼ਾਦੀ ਜਿਸ ਨੇ ਆਪਣੇ ਅਗਵਾਕਾਰਾਂ ਨਾਲ ਮਿਲ ਕੇ ਬੈਂਕ ਲੁੱਟੇ ਤੇ ਅਦਾਕਾਰੀ ਵੀ ਕੀਤੀ

“ਉਸ ਨੂੰ 57 ਦਿਨਾਂ ਤੱਕ ਅਲਮਾਰੀ ਵਿੱਚ ਬੰਦ ਰੱਖਿਆ ਗਿਆ, ਮਾਰਿਆ ਗਿਆ, ਬਦਸਲੂਕੀ ਕੀਤੀ ਗਈ।”

“ਉਸ ਨੂੰ ਖੱਬੇ ਪੱਖੀ ਅਗਵਾਕਾਰਾਂ ਨੇ, ਦੋ ਬਦਲ ਦਿੱਤੇ ਜਾਂ ਤਾਂ ਸਾਡੇ ਵਿੱਚ ਰਲ ਜਾਓ ਜਾਂ ਫਿਰ ਲਾਜ਼ਮੀ ਤੌਰ 'ਤੇ ਮਰਨ ਲਈ ਤਿਆਰ ਹੋ ਜਾਓ।”

“ਉਸ ਸਮੇਂ ਪੈਟੀ ਹਰਸਟ ਦੇ ਦਿਮਾਗ਼ ਨੇ ਅਤੇ ਉਸ ਦੇ ਸਰੀਰ ਨੇ ਉਹ ਕੀਤਾ, ਜੋ ਜਿਉਂਦੇ ਬਚੇ ਰਹਿਣ ਲਈ ਜ਼ਰੂਰੀ ਸੀ।”

ਆਖ਼ਰ ਅਗਵਾ ਹੋਣ ਤੋਂ ਦੋ ਮਹੀਨੇ ਬਾਅਦ ਪੈਟੀ ਇੱਕ ਵਾਰ ਫ਼ਿਰ ਸਾਹਮਣੇ ਆਈ। ਜਦੋਂ ਉਹ ਆਪਣੇ ਅਗਵਾਕਾਰਾਂ ਨਾਲ ਇੱਕ ਬੈਂਕ ਲੁੱਟਣ ਪਹੁੰਚੀ ਸੀ।

ਇਹ ਹੈ ਇੱਕ ਵੱਡੇ ਮੀਡੀਆ ਘਰਾਨੇ ਦੀ 19 ਸਾਲਾਂ ਦੀ ਮੁਟਿਆਰ ਧੀ ਦੇ ਅਗਵਾ ਹੋਣ ਅਤੇ ਫਿਰ ਇੱਕ ਬਦਨਾਮ ਮੁਜਰਮ ਬਣ ਜਾਣ ਦੀ ਕਹਾਣੀ ਹੈ।

ਇਹ ਸ਼ਬਦ ਦਸਤਾਵੇਜ਼ੀ ਫਿਲਮ ਨਿਰਮਾਤਾ ਲੈਜ਼ਲੀ ਜਿਰਸਾ ਦੇ ਹਨ, ਜੋ ਉਨ੍ਹਾਂ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਹੇ।

ਪੈਟੀ ਦੇ ਅਗਵਾ ਹੋਣ ਅਤੇ ਫਿਰ ਕਟੱੜਪੰਥੀ ਸਮੂਹ ਨਾਲ ਮਿਲ ਕੇ ਬੈਂਕ ਲੁੱਟਣ ਤੱਕ ਦੇ ਅਰਸੇ ਬਾਰੇ ਇੱਕ ਦਸਤਾਵੇਜ਼ੀ ਫ਼ਿਲਮ ਵੀ ਬਣੀ, ਜੋ ਕਿ ਅਮਰੀਕੀ ਟੈਲੀਵੀਜ਼ਨ ਇਤਿਹਾਸਕ ਦੀਆਂ ਕੁਝ ਸਭ ਚਰਚਿਤ ਸੀਰੀਜ਼ ਵਿੱਚ ਗਿਣੀ ਜਾਂਦੀ ਹੈ।

ਪੈਟੀ ਉੱਪਰ ਬਣੀ ਦਸਤਾਵੇਜ਼ੀ ਫ਼ਿਲਮ "ਗੁਰੀਲਾ: ਦਿ ਟੇਕਿੰਗ ਆਫ਼ ਪੈਟੀ ਹਰਸਟ" ਦੀ ਟੀਮ ਨਾਲ ਬੀਬੀਸੀ ਨੇ ਗੱਲਬਾਤ ਕੀਤੀ। ਲੈਜ਼ਲੀ ਜਿਰਸਾ ਇਸ ਫ਼ਿਲਮ ਦੀ ਨਿਰਮਾਤਾ ਹੈ।

ਫ਼ਿਲਮ ਦੇ ਨਿਰਦੇਸ਼ਕ ਰੋਬਰਟ ਸਟੋਨ ਮੁਤਾਬਕ ਪੈਟੀ ਹਰਸਟ ਕੌਣ ਹੈ? ਕੀ ਉਹ ਉਨ੍ਹਾਂ ਨਾਲ ਰਲ ਗਈ ਹੈ ਜਾਂ ਨਹੀਂ?

ਹਰ ਕੋਈ ਇਨ੍ਹਾਂ ਸਵਾਲਾਂ ਦੇ ਜਵਾਬ ਜਾਨਣਾ ਚਾਹੁੰਦਾ ਸੀ। ਪੈਟੀ ਹਰਸਟ ਵੱਡੇ ਅਖ਼ਬਾਰਾਂ ਨਿਊ ਯਾਰਕ ਟਾਈਮਜ਼ ਵਗੈਰਾ ਵਿੱਚ ਛਾਈ ਹੋਈ ਸੀ।

ਪੈਟੀ ਦੀ ਕਹਾਣੀ ਇਸ ਤਰ੍ਹਾਂ ਹੈ

ਇਹ ਉਸ ਸਮੇਂ ਦੀ ਗੱਲ ਹੈ ਜਦੋਂ ਵੀਅਤਨਾਮ ਦੀ ਜੰਗ ਤਾਂ ਭਾਵੇਂ ਮੁੱਕ ਗਈ ਸੀ ਪਰ ਅਮਰੀਕਾ ਵਿੱਚ ਘਰੇਲੂ ਬਦਅਮਨੀ ਅਜੇ ਜਾਰੀ ਸੀ। ਮੀਡੀਆ ਵਿੱਚ ਸਾਰੇ ਪਾਸੇ ਵਾਟਰਗੇਟ ਸਕੈਂਡਲ ਦੀ ਚਰਚਾ ਸੀ।

ਦੂਜੇ ਪਾਸੇ ਇੱਕ ਅਮੀਰ ਮੁਟਿਆਰ ਦੇ ਅਗਵਾ ਹੋਣ ਅਤੇ ਫਿਰ ਬਾਗ਼ੀਆਂ ਨਾਲ ਰਲ ਜਾਣ ਬਾਰੇ ਟੈਲੀਵਿਜ਼ਨ ਦੇ ਦਰਸ਼ਕ ਪੂਰੀ ਦਿਲਚਸਪੀ ਨਾਲ ਦੇਖਦੇ-ਸੁਣਦੇ ਸਨ।

1970 ਦੇ ਦਹਾਕੇ ਵਿੱਚ ਉਹ ਅਮਰੀਕੀ ਨੌਜਵਾਨਾਂ ਨੂੰ ਖੱਬੇਪੱਖੀਆਂ ਵੱਲੋਂ ਵਰਗਲਾਏ ਜਾਣ ਅਤੇ ਦੇਸ਼ ਵਿੱਚ ਨੌਜਵਾਨਾਂ ਦੇ ਕੱਟੜਪੰਥੀਕਰਨ ਦਾ ਪ੍ਰਤੀਕ ਬਣ ਕੇ ਉੱਭਰੀ।

ਸਾਲ 1974 ਦੀ 4 ਫਰਵਰੀ ਦੀ ਰਾਤ ਨੌਂ ਵਜੇ ਤੋਂ ਥੋੜ੍ਹੀ ਦੇਰ ਬਾਅਦ, ਬਰਕਲੇ ਵਿਖੇ ਕੈਲੀਫੋਰਨੀਆ ਯੂਨੀਵਰਸਿਟੀ ਦੀ ਇੱਕ 19 ਸਾਲਾ ਅੰਡਰਗ੍ਰੈਜੁਏਟ ਵਿਦਿਆਰਥਣ ਨੂੰ ਖੱਬੇ ਪੱਖੀ ਅਮਰੀਕੀ ਸ਼ਹਿਰੀ ਗੁਰੀਲਿਆਂ ਨੇ ਉਸ ਦੇ ਪਿਤਾ ਦੇ ਘਰੋਂ ਅਗਵਾ ਕਰ ਲਿਆ ਗਿਆ।

ਇਹ ਮੁਟਿਆਰ ਪੈਟੀ ਹਰਸਟ, ਵਿਲੀਅਮ ਰੈਂਡੋਲਫ ਹਰਸਟ ਦੀ ਪੋਤੀ ਸੀ।

ਵਿਲੀਅਮ ਰੈਂਡੋਲ, ਜਿਸ ਦੀ ਜ਼ਿੰਦਗੀ ਉੱਪਰ ਫਿਲਮ ਸਿਟੀਜ਼ਨ ਕੇਨ ਬਣੀ ਸੀ, ਪੈਟੀ ਉਨ੍ਹਾਂ ਦੀ ਵਿਰਾਸਤ ਦੀ ਵਾਰਿਸ ਸੀ।

ਉਸ ਨੂੰ ਸਿੰਬੀਓਨੀਜ਼ ਲਿਬਰੇਸ਼ਨ ਆਰਮੀ (ਐੱਸਐੱਲਏ) ਵੱਲੋਂ ਅਗਵਾ ਕੀਤਾ ਗਿਆ ਸੀ, ਜੋ ਕਿ “ਕਾਰਪੋਰੇਟ ਤਾਨਾਸ਼ਾਹੀ" ਦੇ ਤਖ਼ਤਾਪਲਟ ਲਈ ਸਮਰਪਿਤ ਸੀ।

ਉਨ੍ਹਾਂ ਦੀ ਵਿਚਾਰਧਾਰਾ ਵਿੱਚ ਕਈ ਵਾਰ ਬੇਤੁਕੇਪਣ ਦੀ ਹੱਦ ਤੱਕ ਅਤਿਕਥਨੀ ਹੁੰਦੀ ਸੀ।

ਉਹ ਹਰਸਟ ਪਰਿਵਾਰ ਨੂੰ ਇੱਕ ਉੱਚ ਵਰਗੀ ਅੱਤ ਦਾ ਫਾਸ਼ੀਵਾਦੀ ਹਾਕਮ ਪਰਿਵਾਰ" ਦੱਸਦੇ ਸਨ।

ਉਹ ਅਮਰੀਕੀ ਇਤਿਹਾਸ ਦੀ ਸਭ ਤੋਂ ਹਿੰਸਕ ਬਗ਼ਾਵਤ ਖੜ੍ਹੀ ਕਰਨ ਦਾ ਸੁਫ਼ਨਾ ਆਪਣੀਆਂ ਅੱਖਾਂ ਵਿੱਚ ਪਾਲਦੇ ਸਨ।

ਜੈਜ਼ ਸੰਗੀਤ ਵਾਲਾ ਉਨ੍ਹਾਂ ਦਾ ਤਰਾਨਾ ਸੀ ਕਿ ‘ਲੋਕਾਂ ਦੀ ਜ਼ਿੰਦਗੀ ਤੇ ਪਲਣ ਵਾਲੇ ਫਾਸ਼ੀਵਾਦੀ ਕੀੜੇ ਦਾ ਖ਼ਾਤਮਾ’।

ਅਗਵਾ ਦੇ ਕੁਝ ਦਿਨਾਂ ਦੇ ਅੰਦਰ, ਸੈਂਕੜੇ ਪੱਤਰਕਾਰ ਹਰਸਟ ਦੇ ਘਰ ਦੇ ਬਾਹਰ, ਇੱਕ ਸਵੈ-ਸਟਾਇਲ ਪ੍ਰੈਸ ਸਿਟੀ ਵਿੱਚ ਇਕੱਠੇ ਹੋਏ ਸਨ।

ਫ਼ਿਲਮ ਦੇ ਨਿਰਦੇਸ਼ਕ ਰੋਬਰਟ ਸਟੋਨ ਮੁਤਾਬਕ ਇਸ ਦੇ ਗੁਰੀਲੇ ਕਾਰਟੂਨ ਪਾਤਰਾਂ ਵਰਗੇ ਅਤੇ 'ਕ੍ਰਾਂਤੀਕਾਰੀਆਂ' ਦੇ ਜਮੂਰੇ ਸਨ।

ਪੈਟੀ ਦੇ ਅਗਵਾ ਹੋਣ ਦੇ ਕੁਝ ਦਿਨਾਂ ਦੇ ਅੰਦਰ ਹੀ ਹਰਸਟ ਪਰਿਵਾਰ ਦੇ ਘਰ ਦੇ ਬਾਹਰ ਸੈਂਕੜੇ ਪੱਤਰਕਾਰਾਂ ਦਾ ਮੇਲਾ ਲੱਗ ਗਿਆ। ਅਖ਼ਬਾਰਾਂ ਵਿੱਚ ਇਸ ਦੀ ਚਰਚਾ ਹੋਣ ਲੱਗੀ।

ਘਰ ਦੇ ਬਾਹਰੋਂ ਹੀ ਰਿਲੇ ਵੈਨਾਂ ਰਾਹੀਂ ਮਾਮਲੇ ਦੇ ਹਰ ਪਹਿਲੂ ਬਾਰੇ ਵਿਸਥਾਰ ਨਾਲ ਪ੍ਰਸਾਰਣ ਕੀਤਾ ਜਾਣ ਲੱਗਿਆ। ਅਖ਼ਬਾਰਾਂ ਦੇ ਸਫ਼ੇ ਇਸ ਨਾਲ ਭਰੇ ਜਾਣ ਲੱਗੇ।

ਖ਼ਬਰ ਏਜੰਸੀ ਏਪੀ ਦੀ ਰਿਪੋਰਟਰ, ਲਿੰਡਾ ਡੂਸ਼ ਨੇ ਮੈਨੂੰ ਦੱਸਿਆ, "ਮੇਰੇ ਸਮੇਤ ਕਈ ਖ਼ਬਰ ਅਦਾਰਿਆਂ ਨੇ ਪੈਟੀ ਦੇ ਮਾਪਿਆਂ ਦੇ ਘਰ ਦੇ ਬਾਹਰ ਦਰਖਤਾਂ 'ਤੇ ਵੀ ਫ਼ੋਨ ਲਗਵਾ ਰੱਖੇ ਸਨ।"

ਘਰ ਦੇ ਬਾਹਰ ਇੱਕ ਤਖ਼ਤੀ ’ਤੇ ਬੇਨਤੀ ਲਿਖੀ ਗਈ ਸੀ, "ਕਿਰਪਾ ਕਰਕੇ ਪੱਤਰਕਾਰਾਂ ਨਾਲ ਗੱਲ ਨਾ ਕਰੋ।"

ਅਮਰੀਕਾ ਦੀ ਗ਼ਰੀਬੀ ਉਜਾਗਰ ਹੋਈ

ਐੱਸਐੱਲਏ ਨੇ ਹਰਸਟ ਪਰਿਵਾਰ ਤੋਂ 'ਸਦਭਾਵਨਾ ਸੰਕੇਤ' ਵਜੋਂ ਕੈਲੀਫੋਰਨੀਆ ਦੇ ਲੱਖਾਂ ਗਰੀਬ ਲੋਕਾਂ ਲਈ ਇੱਕ ਵਿਸ਼ਾਲ ਭੋਜਨ ਪ੍ਰੋਗਰਾਮ ਨੂੰ ਫੰਡ ਦੇਣ ਦੀ ਮੰਗ ਕੀਤੀ।

ਪੈਟੀ ਦੇ ਪਿਤਾ ਨੇ ਅਗਵਾਕਾਰਾਂ ਨਾਲ ਗੱਲਬਾਤ ਬੰਦ ਕਰ ਦਿੱਤੀ।

ਅਸਲ ਵਿੱਚ ਪਰਿਵਾਰ ਅਤੇ ਐੱਸਐੱਲਏ ਵਿਚਕਾਰ ਸਾਰੇ ਸੰਚਾਰ ਮੀਡੀਆ ਰਾਹੀਂ ਹੋ ਰਹੀ ਸੀ। ਰੇਡੀਓ ਸਟੇਸ਼ਨ ਟੇਪ ਕੀਤੇ ਹੋਏ ਸੁਨੇਹੇ ਚਲਾਉਂਦੇ ਸਨ।

ਪੈਟੀ ਦੀ ਜ਼ਿੰਦਗੀ ਹੁਣ ਅਗਵਾਕਾਰਾਂ ਦੇ ਹੱਥ ਵਿੱਚ ਸੀ ਅਤੇ ਉਸ ਕੋਲ ਦੋ ਰਸਤੇ ਸਨ, ਉਨ੍ਹਾਂ ਦੇ ਨਾਲ ਰਲ ਜਾਣਾ ਜਾਂ ਮੌਤ।

ਆਖ਼ਰ ਪੈਟੀ ਉਨ੍ਹਾਂ ਨਾਲ ਰਲ ਗਈ ਤੇ ਉਨ੍ਹਾਂ ਨਾਲ ਬੈਂਕ ਡਕੈਤੀਆਂ ਵੀ ਕੀਤੀਆਂ, ਇਸ ਤੋਂ ਬਾਅਦ ਵਾਪਸੀ ਦਾ ਕੋਈ ਰਾਹ ਨਹੀਂ ਸੀ।

ਭੋਜਨ ਵੰਡਣ ਦੀ ਸ਼ੁਰੂਆਤੀ ਕੋਸ਼ਿਸ਼ ਸਗੋਂ ਪੁੱਠੀ ਪੈ ਗਈ। ਖਾਣਾ ਵੰਡਣ ਜਾ ਰਹੇ ਚੱਲਦੇ ਟਰੱਕਾਂ ਤੋਂ ਮਾਲ ਸੁੱਟਿਆ ਗਿਆ, ਦੰਗੇ ਅਤੇ ਲੁੱਟਮਾਰ ਹੋਈ। ਪੱਤਰਕਾਰ ਜੋ ਉਤਸੁਕਤਾ ਨਾਲ ਤਬਾਹੀ ਦੀ ਫਿਲਮ ਬਣਾ ਰਹੇ। ਉਨ੍ਹਾਂ 'ਤੇ ਹਮਲਾ ਕੀਤਾ ਗਿਆ।

ਮੀਡੀਆ ਉਨ੍ਹਾਂ ਚਾਲਾਂ ਬਾਰੇ ਜਨਤਕ ਬਹਿਸ ਵਿੱਚ ਰੁੱਝਿਆ ਹੋਇਆ ਸੀ ਜੋ ਇਸਨੇ ਪ੍ਰਚਾਰ ਕਰਨ ਵਿੱਚ ਮਦਦ ਕੀਤੀ, ਕੀ ਭੋਜਨ ਪ੍ਰੋਗਰਾਮ ਨੇ ਅਮਰੀਕਾ ਵਿੱਚ ਗਰੀਬੀ ਦੀ ਪ੍ਰਕਿਰਤੀ ਨੂੰ ਉਜਾਗਰ ਕੀਤਾ।

ਮੀਡੀਆ ਇਸ ਬਾਰੇ ਬਹਿਸ ਕਰਨ ਲੱਗ ਗਿਆ ਕਿ ਭੋਜਨ ਵੰਡਣ ਦੀ ਵਿਉਂਤ ਨੇ ਅਮਰੀਕਾ ਦੀ ਵਿਆਪਕ ਗ਼ਰੀਬੀ ਨੂੰ ਉਘਾੜ ਕੇ ਰੱਖ ਦਿੱਤਾ ਹੈ। ਕੀ ਇਹ "ਬਦਅਮਨੀ ਨੂੰ ਹੱਲਾਸ਼ੇਰੀ" ਸੀ।

ਕੈਲੀਫੋਰਨੀਆ ਦੇ ਤਤਕਾਲੀ ਗਵਰਨਰ, ਰੋਨਾਲਡ ਰੀਗਨ ਦੁਆਰਾ ਵੀ ਅਜਿਹਾ ਹੀ ਦਾਅਵਾ ਕੀਤਾ ਗਿਆ ਸੀ।

ਫਿਰ, 3 ਅਪ੍ਰੈਲ ਨੂੰ, ਪੈਟੀ ਨੇ ਇੱਕ ਹੈਰਾਨੀਜਨਕ ਬਿਆਨ ਦਿੱਤਾ, ਕਿ ਉਹ ਆਪਣੀ ਮਰਜ਼ੀ ਨਾਲ, ਹੁਣ ਐੱਸਐਲਏ ਦੀ ਮੈਂਬਰ ਬਣ ਗਈ ਸੀ, ਅਤੇ ਚੀ ਗਵੇਰਾ ਦੀ ਮਰੀ ਹੋਏ ਪ੍ਰੇਮੀ ਦੇ ਸਨਮਾਨ ਵਿੱਚ ਤਾਨੀਆ ਦਾ ਨਾਮ ਰੱਖ ਰਹੀ ਸੀ।

ਪੈਟੀ ਨੇ ਆਪਣੇ ਮਾਤਾ-ਪਿਤਾ ਦੀ ਆਲੋਚਨਾ ਕੀਤੀ ਅਤੇ ਆਪਣੇ ਮੰਗੇਤਰ ਨੂੰ 'ਇੱਕ ਲਿੰਗਵਾਦੀ, ਉਮਰਵਾਦੀ ਸੂਰ' ਦੱਸਿਆ।

ਟੇਪ ਦੇ ਨਾਲ ਤਾਨੀਆ ਦਾ ਇੱਕ ਪੋਸਟਰ ਸੀ, ਪੂਰੀ ਜੰਗੀ ਵਰਦੀ ਵਿੱਚ, ਉਹ ਇੱਕ ਸਵੈਚਲਿਤ ਹਥਿਆਰ ਨਾਲ ਐੱਸਐੱਲਏ ਦੇ ਨਿਸ਼ਾਨ ਦੇ ਝੰਡੇ ਦੇ ਸਾਹਮਣੇ ਖੜੀ ਸੀ, ਪਿਛਲੇ ਪਰਦੇ ਉੱਪਰ ਇੱਕ ਸੱਤ ਸਿਰਾਂ ਵਾਲੇ ਕੋਬਰਾ ਦਾ ਨਿਸ਼ਾਨ ਸੀ।

ਪੈਟੀ, ਤਾਨੀਆ ਦੇ ਰੂਪ ਵਿੱਚ ਪਹਿਲੀ ਵਾਰ ਉਦੋਂ ਸਾਹਮਣੇ ਆਈ, ਜਦੋਂ ਉਹ ਕੈਮਰੇ 'ਤੇ ਆਪਣੇ ਸਭ ਤੋਂ ਚੰਗੇ ਦੋਸਤ ਦੇ ਪਿਤਾ ਦੀ ਮਾਲਕੀ ਵਾਲੇ ਬੈਂਕ ਨੂੰ ਲੁੱਟਦੇ ਹੋਏ ਫੜੀ ਗਈ ਸੀ।

ਜਨਤਾ ਇਹ ਦੇਖ ਸੁਣ ਕੇ ਹੈਰਾਨ ਅਤੇ ਅਵਾਕ ਰਹਿ ਗਈ, ਪ੍ਰੈੱਸ ਨੇ ਇਸ ਨੂੰ ਪੂਰਾ ਮਸਾਲਾ ਲਗਾ ਕੇ ਨਸ਼ਰ ਕੀਤਾ।

ਬਾਅਦ ਵਿੱਚ ਐੱਸਐੱਲਏ ਟੀਮ ਸੈਨ ਫ੍ਰਾਂਸਿਸਕੋ ਤੋਂ ਲਾਸ ਏਂਜਲਸ ਵੱਲ ਜਾ ਰਹੀ ਸੀ ਜਦੋਂ ਲਾਸਏਂਜਲ ਪੁਲਿਸ ਨਾਲ ਭਿਆਨਕ ਮੁੱਠਭੇੜ ਹੋਈ ਅਤੇ ਗੋਲੀਬਾਰੀ ਤੋਂ ਬਾਅਦ ਲੱਗੀ ਅੱਗ ਵਿੱਚ ਐੱਸਐੱਲਏ ਦੇ ਛੇ ਮੈਂਬਰਾਂ ਦੀ ਮੌਤ ਹੋ ਗਈ।

ਮਿੰਨੀ-ਕੈਮ ਨਾਮਕ ਇੱਕ ਨਵੀਂ ਤਕਨੀਕ ਜੋ ਅਜੇ ਪਰਖ ਅਧੀਨ ਸੀ ਦੀ, ਵਰਤੋਂ ਕਰਦੇ ਹੋਏ, ਪੂਰੀ ਗੋਲੀਬਾਰੀ ਦਾ ਕੌਮੀ ਟੈਲੀਵਿਜ਼ਨ 'ਤੇ ਸਿੱਧਾ ਪ੍ਰਸਾਰਣ ਕੀਤਾ ਗਿਆ ਸੀ। ਇਸ ਨਾਲ ਪੱਤਰਕਾਰ ਤੁਰੇ ਜਾਂਦੇ ਵੀ ਤੁਰੰਤ ਰਿਪੋਰਟ ਕਰ ਸਕਦੇ ਸਨ।

ਨਾ ਤਾਂ ਦਰਸ਼ਕ ਅਤੇ ਨਾ ਹੀ ਪੁਲਿਸ ਨੂੰ ਕੋਈ ਭਿਣਕ ਸੀ ਕਿ ਤਾਨੀਆ ਉੱਥੇ ਨਹੀਂ ਸੀ, ਜੋ ਡਿਜ਼ਨੀਲੈਂਡ ਦੇ ਨੇੜੇ ਇੱਕ ਮੋਟਲ ਦੇ ਕਮਰੇ ਤੋਂ ਕਾਰਵਾਈ ਦਾ ਸਿੱਧਾ ਪ੍ਰਸਾਰਣ ਦੇਖ ਰਹੀ ਸੀ।

ਤਿੰਨ ਹਫ਼ਤਿਆਂ ਬਾਅਦ, ਤਾਨੀਆ ਨੇ ਆਪਣਾ ਬਿਆਨ ਜਾਰੀ ਕੀਤਾ, ਜਿਸ ਵਿੱਚ ਉਸ ਨੇ 'ਫਾਸੀਵਾਦੀ ਸੂਰ ਮੀਡੀਆ' ਦਾ ਮਜ਼ਾਕ ਉਡਾਇਆ ਅਤੇ ਆਪਣੇ ਮਾਰੇ ਗਏ ਸਾਥੀਆਂ ਲਈ ਇੱਕ ਸ਼ਰਧਾਂਜਲੀ ਗੀਤ ਪੇਸ਼ ਕੀਤਾ।

ਉਸ ਨੇ ਇੱਕ ਸਾਥੀ ਪੈਟਰੀਸ਼ੀਆ ਸੋਲਟਿਸਿਕ, ਜਿਸ ਨੂੰ ਜ਼ੋਆ ਵੀ ਕਿਹਾ ਜਾਂਦਾ ਸੀ, ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਕਿਵੇਂ ‘ਇੱਕ ਸੰਪੂਰਨ ਪਿਆਰ ਮੌਤ ਮਗਰੋਂ ਉਸ ਦੀਆਂ ਪੱਥਰਾਅ ਚੁੱਕੀਆਂ ਠੰਡੀਆਂ ਅੱਖਾਂ ਵਿੱਚੋਂ ਝਲਕ ਰਿਹਾ ਸੀ।’

ਕੇਜੋ ਬਾਰੇ ਪੈਟੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਕੇਜੋ ਉਸ ਦੇ "ਸੰਪਰਕ ਵਿੱਚ ਆਏ ਸਭ ਤੋਂ ਸੋਹਣੇ ਬੰਦਿਆਂ ਵਿੱਚੋਂ ਇੱਕ ਸੀ ਅਤੇ ਕੇਜੋ ਦਾ ਲੋਕਾਂ ਨਾਲ ਅਥਾਹ ਪਿਆਰ ਸੀ"

ਆਪਣੇ ਹੀ ਅਗਵਾਕਾਰ ਬਾਰੇ ਪੈਟੀ ਹਰਸਟ ਦੇ ਅਜਿਹੇ ਸੋਗ ’ਤੇ ਅਮਰੀਕੀ ਸਮਾਜ ਹੈਰਾਨ ਰਹਿ ਗਿਆ।

ਤਾਨੀਆ ਅਤੇ ਉਸ ਦੇ ਬਾਕੀ ਬਚੇ ਸਾਥੀਆਂ ਨੇ ਅਗਲਾ ਸਾਲ ਐੱਫਬੀਆਈ ਅਤੇ ਨਿਡਰ ਪੱਤਰਕਾਰਾਂ ਤੋਂ ਬਚਦੇ ਹੋਏ, ਦੇਸ਼ ਘੁੰਮਦਿਆਂ ਬਿਤਾਇਆ।

ਆਖ਼ਰ 18 ਸਤੰਬਰ 1975 ਨੂੰ, ਪੈਟੀ ਹਰਸਟ ਨੂੰ ਸੈਨ ਫਰਾਂਸਿਸਕੋ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ।

ਉਸ ਉੱਪਰ ਹਿਬਰਨੀਆ ਬੈਂਕ ਡਕੈਤੀ ਲਈ ਮੁਕੱਦਮਾ ਚਲਾਇਆ ਗਿਆ ਸੀ। ਐੱਸਐਲਏ ਸਮੂਹ ਦੀ ਉਹ ਇੱਕਲੌਤੀ ਮੈਂਬਰ ਸੀ, ਜਿਸ ਉੱਪਰ ਇਹ ਕੇਸ ਚਲਾਇਆ ਜਾ ਸਕਿਆ।

ਸਦੀ ਦੀ ਸਭ ਤੋਂ ਚਰਚਿਤ ਸੁਣਵਾਈ

ਪ੍ਰੈਸ ਨੇ ਇਸ ਨੂੰ 'ਸਦੀ ਦਾ ਮੁਕੱਦਮਾ' ਕਿਹਾ, ਅਤੇ ਸਰਕਾਰੀ ਪੱਖ ਨੇ ਪੈਟੀ ਨੂੰ "ਇੱਕ ਮਕਸਦ ਦੀ ਭਾਲ ਵਿੱਚ ਇੱਕ ਬਾਗੀ" ਵਜੋਂ ਕਹਿੰਦੇ ਹੋਏ ਮੀਡੀਆ ਨੂੰ ਬਿਆਨ ਦਿੱਤੇ।

ਲੋਕਾਂ ਵਿੱਚ ਪੈਟੀ ਹਰਸਟ ਬਾਰੇ ਖ਼ਬਰਾਂ ਲਈ ਭੁੱਖ ਇੰਨੀ ਜ਼ਿਆਦਾ ਸੀ ਕਿ ਸੈਨ ਫਰਾਂਸਿਸਕੋ ਦੇ ਇੱਕ ਅਖਬਾਰ ਦੇ ਸੰਪਾਦਕ ਨੇ ਅਖ਼ਬਾਰ ਦੀ ਸਰਕੂਲੇਸ਼ਨ ਨੂੰ ਵਧਾਉਣ ਲਈ ਐੱਸਐੱਲਏ ਨਾਲ ਇੱਕ ਮਨਘੜਤ ਇੰਟਰਵਿਊ ਤਿਆਰ ਕੀਤੀ।

ਹਰਸਟ ਪਰਿਵਾਰ ਅਤੇ ਐੱਸਐੱਲਏ ਦੋਵਾਂ ਨੇ ਮਹਿਸੂਸ ਕੀਤਾ ਕਿ ਮੀਡੀਆ ਦੀ ਕਵਰੇਜ ਵਿੱਚ ਸੰਪਾਦਕੀ ਸੂਝ ਦੀ ਘਾਟ ਸੀ, ਪਰ ਇਨ੍ਹਾਂ ਖ਼ਬਰਾਂ ਦਾ ਪ੍ਰਭਾਵ ਬਹੁਤ ਜ਼ਿਆਦਾ ਸੀ।

1974 ਅਤੇ 1976 ਦੌਰਾਨ ਪੈਟੀ ਦੀ ਤਸਵੀਰ ਸੱਤ ਮੌਕਿਆਂ 'ਤੇ ਨਿਊਜ਼ਵੀਕ ਮੈਗਜ਼ੀਨ ਦੇ ਕਵਰ 'ਤੇ ਦਿਖਾਈ ਦਿੱਤੀ।

ਜੌਨ ਲੈਸਟਰ, ਜਿਸਨੇ ਹਰਸਟ ਪਰਿਵਾਰ ਦੇ ਬੁਲਾਰੇ ਬਣਨ ਤੋਂ ਪਹਿਲਾਂ ਇੱਕ ਰਿਪੋਰਟਰ ਦੇ ਰੂਪ ਵਿੱਚ ਇਸ ਕਹਾਣੀ ਦੀ ਰਿਪੋਰਟਿੰਗ ਕੀਤੀ ਸੀ।

ਉਸ ਨੇ ਮੈਨੂੰ ਦੱਸਿਆ ਕਿ ਪ੍ਰੈਸ 'ਐੱਸਐੱਲਏ ਲਈ ਗੋਦ ਦੇ ਕੁੱਤੇ' ਵਰਗੀ ਸੀ। ਮੀਡੀਆ ਉਨ੍ਹਾਂ ਦੇ ਹਰੇਕ ਬਿਆਨ ਦੀ ਬਿਨਾਂ ਸੋਚੇ-ਸਮਝੇ ਹੀ ਖੰਭਾਂ ਦੀ ਡਾਰ ਬਣਾ ਦਿੰਦੇ ਸਨ। ਪੈਟੀ ਦੀ ਮਾਂ ਨੇ ਇੱਕ ਮੌਕੇ ’ਤੇ ਪ੍ਰੈਸ ਨੂੰ 'ਗਿੱਝ' ਕਿਹਾ ਸੀ।

ਐੱਸਐੱਲਏ ਨੇ ਪੈਟੀ ਦੇ ਦਾਦਾ ਦੀ ਸ਼ੁਰੂ ਕੀਤੀ ਸਨਸਨੀਖੇਜ਼ ਪੱਤਰਕਾਰੀ ਦੇ ਸੱਭਿਆਚਾਰ ਦੀ ਵਰਤੋਂ ਆਪਣੇ ਮੰਤਵ ਸਿੱਧੀ ਲਈ ਕੀਤੀ, ਜਦੋਂ ਮੀਡੀਆ ਇੱਕ ਤਤਕਾਲ ਖ਼ਬਰਾਂ ਦਾ ਤਮਾਸ਼ਾ ਬਣਾ ਰਿਹਾ ਸੀ।

ਚੌਵੀ ਘੰਟੇ ਦੀਆਂ ਖ਼ਬਰਾਂ ਦੇ ਯੁੱਗ ਦੀ ਜਦੋਂ ਸ਼ੁਰੂਆਤ ਹੋ ਰਹੀ ਸੀ, ਉਸ ਦੌਰ ਵਿੱਚ ਪੈਟੀ ਦੇ ਅਗਵਾਕਾਰ ਜੀਵੇ ਅਤੇ ਮੀਡੀਆ ਦੀ ਰੌਸ਼ਨੀ ਵਿੱਚ ਖ਼ਤਮ ਹੋ ਗਏ।

ਰਿਹਾਈ ਤੋਂ ਥੋੜ੍ਹੀ ਦੇਰ ਬਾਅਦ ਪੈਟੀ ਨੇ ਆਪਣੇ ਸਾਬਕਾ ਬਾਡੀਗਾਰਡ ਬਰਨਾਰਡ ਸ਼ਾਅ ਨਾਲ ਵਿਆਹ ਕਰਵਾ ਲਿਆ।

ਉਸ ਨੇ (ਐਲਵਿਨ ਮਾਸਕੋ ਦੇ ਨਾਲ) 1974 ਤੋਂ 1979 ਦੌਰਾਨ ਉਸ ਦੀ ਜ਼ਿੰਦਗੀ ਕਿਵੇਂ ਲੰਘੀ ਇਸ ਬਾਰੇ ਇੱਕ ਕਿਤਾਬ 'ਏਵਰੀ ਸੀਕਰੇਟ ਥਿੰਗ' ਸਾਲ 1982 ਵਿੱਚ ਲਿਖੀ।

ਹਰਸਟ ਨੇ ਕਦੇ-ਕਦਾਈਂ ਜੌਨ ਵਾਟਰਜ਼ ਦੀਆਂ ਕਈ ਫ਼ਿਲਮਾਂ ਵਿੱਚ ਵੀ ਕੰਮ ਕੀਤਾ।

ਇਨ੍ਹਾਂ ਵਿੱਚੋ ਵਰਨਣਯੋਗ ਹਨ- ਕ੍ਰਾਈ-ਬੇਬੀ (1990) ਅਤੇ ਸੇਸਿਲ ਬੀ. ਡੀਮੇਂਟੇਡ (2000) ਸ਼ਾਮਲ ਹਨ।

ਇਹ ਲੇਖ ਬੈਂਜਾਮਿਨ ਰਾਮ ਮੇਜ਼ਬਾਨ, Presenter, Captive Media: The Story of Patty Hearst ਦੇ ਬੀਬੀਸੀ ਲਈ ਲਿਖੇ ਲੇਖ ਉੱਪਰ ਅਧਾਰਿਤ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)