ਕੈਨੇਡਾ ਦੇ ਟੋਰਾਂਟੋ ਵਿੱਚ ਲੈਂਡਿੰਗ ਦੌਰਾਨ ਜਹਾਜ਼ ਪਲਟਿਆ, 'ਕੁਝ ਲੋਕ ਲਟਕੇ ਹੋਏ ਸਨ ਅਤੇ ਉਨ੍ਹਾਂ ਨੂੰ ਮਦਦ ਦੀ ਲੋੜ ਸੀ'

ਕੈਨੇਡਾ ਦੇ ਟੋਰਾਂਟੋ ਦੇ ਪੀਅਰਸਨ ਕੌਮਾਂਤਰੀ ਹਵਾਈ ਅੱਡੇ 'ਤੇ ਇੱਕ ਜਹਾਜ਼ ਸਥਾਨਕ ਸਮੇਂ ਮੁਤਾਬਕ ਦੁਪਿਹਰ ਕਰੀਬ 14:45 ਵਜੇ ਲੈਂਡਿੰਗ ਸਮੇਂ ਹਾਦਸਾਗ੍ਰਤ ਹੋ ਗਿਆ।

ਯੂਐੱਸ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (ਐੱਫ਼ਏਏ) ਮੁਤਾਬਕ ਇਹ ਡੈਲਟਾ ਏਅਰਲਾਈਨਜ਼ ਦੀ ਫਲਾਈਟ 4819 ਸੀ।

ਮਿਨੇਸੋਟਾ ਤੋਂ ਡੈਲਟਾ ਤੱਕ ਜਾਣ ਵਾਲੀ ਇਸ ਫ਼ਲਾਈਟ ਵਿੱਚ 80 ਲੋਕ ਸਵਾਰ ਸਨ ਜਿਨ੍ਹਾਂ ਨੂੰ ਬਾਹਰ ਕੱਢ ਲਿਆ ਗਿਆ ਹੈ।

ਸਥਾਨਕ ਪੈਰਾਮੈਡਿਕਸ ਸੇਵਾਵਾਂ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਹਾਦਸੇ ਵਿੱਚ ਕੁੱਲ 18 ਯਾਤਰੀ ਜ਼ਖਮੀ ਹੋਏ ਹਨ ਜਿਨ੍ਹਾਂ ਵਿੱਚੋਂ ਇੱਕ ਬੱਚੇ ਸਣੇ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਪੱਸ਼ਟ ਤੌਰ 'ਤੇ ਨਹੀਂ ਪਤਾ ਕਿ ਕਿੰਨੇ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ।

ਆਨਲਾਈਨ ਕੁਝ ਵੀਡੀਓਜ਼ ਮੌਜੂਦ ਹਨ ਜਿਨ੍ਹਾਂ ਵਿੱਚ ਅੱਗ ਬੁਝਾਉਣ ਲਈ ਵਰਤੇ ਜਾਣ ਵਾਲੇ ਇੱਕ ਜਹਾਜ਼ ਨੂੰ ਹਾਦਸਾਗ੍ਰਸਤ ਵਾਹਨ ਤੋਂ ਲੋਕਾਂ ਨੂੰ ਬਾਹਰ ਕੱਢਦੇ ਦੇਖਿਆ ਜਾ ਸਕਦਾ ਹੈ।

ਕੁਝ ਵੀਡੀਓਜ਼ ਵਿੱਚ ਜਹਾਜ਼ ਦੇ ਲੈਂਡਿੰਗ ਸਮੇਂ ਪਲਟਣ ਦੇ ਦ੍ਰਿਸ਼ ਵੀ ਦੇਖੇ ਜਾ ਸਕਦੇ ਹਨ।

ਜਹਾਜ਼ ਵਿੱਚ ਕਰੀਬ 22 ਕੈਨੇਡੀਅਨ ਵਾਸੀ ਸਵਾਰ ਸਨ ਅਤੇ ਬਾਕੀ ਲੋਕ ਹੋਰ ਦੇਸ਼ਾਂ ਨਾਲ ਸਬੰਧਿਤ ਸਨ।

‘ਰਨਵੇਅ ਗਿੱਲਾ ਨਹੀਂ ਸੀ’

ਟੋਰਾਂਟੋ ਪੀਅਰਸਨ ਫ਼ਾਇਰ ਚੀਫ਼ ਟੌਡ ਏਟਕੇਨ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਘਟਨਾ ਦੇ ਸਥਾਨ 'ਤੇ ਪਹੁੰਚਣ ਤੋਂ ਫ਼ੌਰਨ ਬਾਅਦ ਅੱਗ 'ਤੇ ਕਾਬੂ ਪਾ ਲਿਆ ਸੀ।

ਉਹ ਕਿਹਾ ਕਿ ਐਮਰਜੈਂਸੀ ਸੇਵਾਵਾਂ ਦੀ ਮਦਦ ਨਾਲ ਕੁਝ ਯਾਤਰੀ ਪਹਿਲਾਂ ਹੀ ਬਾਹਰ ਕੱਢ ਰਹੇ ਸਨ।

ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਇੱਕ ਡਰਾਈ ਰਨਵੇ ਸੀ ਅਤੇ ਇੱਥੇ ਕੋਈ ਕ੍ਰਾਸ-ਵਿੰਡ (ਉਲਟ ਦਿਸ਼ਾ ਵਿੱਚ ਚਲਦੀ ਹਵਾ) ਵਾਲੇ ਹਾਲਾਤ ਨਹੀਂ ਸਨ।

ਲੋਕਾਂ ਦਾ ਬਚ ਜਾਣਾ ਕਰਿਸ਼ਮੇ ਤੋਂ ਘੱਟ ਨਹੀਂ

ਮਾਹਰਾਂ ਦਾ ਕਹਿਣਾ ਹੈ ਕਿ ਇਸ ਹਾਦਸੇ ਵਿੱਚ ਲੋਕਾਂ ਦਾ ਬਚਣਾ ਇੱਕ ਕਰਿਸ਼ਮਾ ਹੈ।

ਐੱਫ਼ਏਏ ਲਾਇਸੰਸਸ਼ੁਦਾ ਵਪਾਰਕ ਪਾਇਲਟ ਅਤੇ ਹਵਾਬਾਜ਼ੀ ਮਾਹਰ ਡੈਨ ਰੋਨਾਨ ਦਾ ਕਹਿਣਾ ਹੈ,"ਇਸ ਕਰੈਸ਼ ਵਿੱਚ ਇੰਨਾ ਬਚਾ ਹੋਣਾ ਅਸਲ ਵਿੱਚ ਕਮਾਲ ਦੀ ਗੱਲ ਹੈ।"

"ਇਹ ਜਹਾਜ਼ ਰਨਵੇਅ ਨਾਲ ਟਕਰਾ ਗਿਆ ਅਤੇ ਫ਼ਿਰ ਰਨਵੇ ਤੋਂ ਕਈ ਫੁੱਟ ਹੇਠਾਂ ਖਿਸਕ ਗਿਆ ਅਤੇ ਇਸ ਤੋਂ ਬਾਅਦ ਪਲਟ ਗਿਆ। ਇਸ ਹਾਦਸੇ ਵਿੱਚ ਮੁਕੰਮਲ ਤੌਰ 'ਤੇ ਬਚਾਅ ਹੋ ਜਾਣਾ ਅਸਲ ਵਿੱਚ ਹੈਰਾਨੀਜਨਕ ਹੈ।"

ਰੋਨਾਨ ਨੇ ਫਲਾਈਟ ਅਟੈਂਡੈਂਟਸ ਵੱਲੋਂ ਨਿਭਾਈ ਗਈ ਭੂਮਿਕਾ ਦਾ ਵੀ ਜ਼ਿਕਰ ਕੀਤਾ, "ਉਹ ਉੱਤੇ ਸਾਨੂੰ ਖਾਣ-ਪੀਣ ਨੂੰ ਦੇਣ ਲਈ ਜਾਂ ਸਾਡੇ ਆਰਾਮ ਦਾ ਧਿਆਨ ਰੱਖਣ ਲਈ ਨਹੀਂ ਹਨ, ਬਲਕਿ ਉਹ ਉੱਥੇ ਐਮਰਜੈਂਸੀ ਸਥਿਤੀ ਵਿੱਚ ਸਾਨੂੰ ਸੁਰੱਖਿਅਤ ਢੰਗ ਨਾਲ ਜਹਾਜ਼ ਤੋਂ ਉਤਾਰਨ ਲਈ ਮੌਜੂਦ ਹਨ।"

ਉਨ੍ਹਾਂ ਕਿਹਾ ਕਿ ਚਾਲਕ ਦਲ ਨੇ 'ਅਸਲ ਵਿੱਚ ਕਮਾਲ ਦਾ ਕੰਮ' ਕੀਤਾ ਹੈ।

ਰੋਨਾਨ ਨੇ ਕਿਹਾ ਕਿ ਯਾਤਰੀਆਂ ਅਤੇ ਚਾਲਕ ਦਲ ਦੀ ਸੁਰੱਖਿਆ ਦਾ ਕਾਰਨ ਬੋਰਡ 'ਤੇ ਸੀਟਾਂ ਬਣਾਉਣ ਲਈ ਮੰਨਿਆ ਜਾ ਸਕਦਾ ਹੈ। ਇਨ੍ਹਾਂ ਨੂੰ 16 ਜੀ ਕਿਹਾ ਜਾਂਦਾ ਹੈ ਅਤੇ ਮੁਸ਼ਕਿਲ ਸਮੇਂ ਵਿੱਚ ਇਹ ਮਦਦਗਾਰ ਸਾਬਤ ਹੋ ਸਕਦੀਆਂ ਹਨ।

ਚਸ਼ਮਦੀਦਾਂ ਨੇ ਕੀ ਕਿਹਾ

"ਸਾਡਾ ਜਹਾਜ਼ ਕਰੈਸ਼ ਹੋ ਗਿਆ। ਇਹ ਬਿਲਕੁਲ ਉਲਟਾ ਹੋ ਗਿਆ ਹੈ।"

ਇਹ ਸ਼ਬਦ ਜੌਨ ਨੈਲਸਨ ਦੇ ਹਨ। ਨੈਲਸਨ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ 'ਤੇ ਉਤਰਨ ਸਮੇਂ ਕ੍ਰੈਸ਼ ਹੋ ਕੇ ਪਲਟਣ ਵਾਲੇ ਡੈਲਟਾ ਏਅਰ ਲਾਈਨਜ਼ ਜਹਾਜ਼ ਵਿੱਚ ਸਵਾਰ ਸੀ।

ਨੈਲਸਨ ਨੇ ਕਰੈਸ਼ ਤੋਂ ਤੁਰੰਤ ਬਾਅਦ ਫ਼ੇਸਬੁੱਕ 'ਤੇ ਪੋਸਟ ਕੀਤੀ ਇੱਕ ਵੀਡੀਓ ਵਿੱਚ ਕਿਹਾ,"ਜ਼ਿਆਦਾਤਰ ਲੋਕ ਠੀਕ ਲੱਗ ਰਹੇ ਹਨ।ਅਸੀਂ ਸਾਰੇ ਜਹਾਜ਼ ਤੋਂ ਉਤਰ ਰਹੇ ਹਾਂ।"

ਉਨ੍ਹਾਂ ਨੇ ਬਾਅਦ ਵਿੱਚ ਸੀਐੱਨਐੱਨ ਨੂੰ ਦੱਸਿਆ ਕਿ ਲੈਂਡਿੰਗ ਤੋਂ ਪਹਿਲਾਂ ਕੁਝ ਵੀ ਅਸਾਧਾਰਨ ਹੋਣ ਦਾ ਕੋਈ ਸੰਕੇਤ ਨਹੀਂ ਸੀ।

"ਅਸੀਂ ਆਪਣੇ ਪਾਸੇ ਤੋਂ ਖਿਸਕ ਗਏ, ਫਿਰ ਸਾਡੀ ਪਿੱਠ ਭਾਰ ਪਲਟ ਗਏ। ਜਹਾਜ਼ ਦੇ ਖੱਬੇ ਪਾਸੇ ਇੱਕ ਵੱਡਾ ਅੱਗ ਦਾ ਗੋਲਾ ਸੀ ਨਜ਼ਰ ਆ ਰਿਹਾ ਸੀ।"

ਯਾਤਰੀ ਆਪਣੀਆਂ ਸੀਟਾਂ 'ਤੇ ਉਲਟੇ ਲਟਕੇ ਹੋਏ ਸਨ।

ਪੀਟਰ ਕੋਕੋਵ, ਵੀ ਜਹਾਜ਼ ਵਿੱਚ ਸਵਾਰ ਸਨ। ਉਨ੍ਹਾਂ ਨੇ ਸੀਐੱਨਐੱਨ ਨੂੰ ਦੱਸਿਆ,"ਅਸੀਂ ਚਮਗਿੱਦੜਾਂ ਵਾਂਗ ਉਲਟੇ ਲਟਕ ਰਹੇ ਸੀ।"

ਨੈਲਸਨ ਨੇ ਕਿਹਾ ਕਿ ਉਹ ਬੈਲਟ ਲਾ ਕੇ ਹੇਠਾਂ ਵੱਲ ਹੋ ਸਕੇ। ਆਪਣੇ ਆਪ ਨੂੰ ਜ਼ਮੀਨ 'ਤੇ ਧੱਕਣ ਦੇ ਯੋਗ ਉਨ੍ਹਾਂ ਦੱਸਿਆ, "ਕੁਝ ਲੋਕ ਲਟਕ ਰਹੇ ਸਨ ਅਤੇ ਉਨ੍ਹਾਂ ਨੂੰ ਮਦਦ ਦੀ ਲੋੜ ਸੀ। ਕੁਝ ਲੋਕ ਅਜਿਹੇ ਵੀ ਸਨ ਜੋ ਜਹਾਜ਼ ਵਿੱਚੋਂ ਉਤਰ ਸਕਦੇ ਸਨ।"

ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਵੀਡੀਓ ਫੁਟੇਜ 'ਚ ਲੋਕ ਉਲਟੇ ਹੋਏ ਜਹਾਜ਼ 'ਚੋਂ ਬਾਹਰ ਨਿਕਲਦੇ ਦਿਖਾਈ ਦੇ ਰਹੇ ਹਨ।

ਯਾਤਰੀਆਂ ਨੂੰ ਹਵਾਈ ਅੱਡੇ ਦੇ ਕਰਮਚਾਰੀਆਂ ਨੂੰ ਜਹਾਜ਼ ਦੇ ਦਰਵਾਜ਼ਿਆਂ ਤੋਂ ਬਾਹਰ ਨਿਕਲਣ ਵਿੱਚ ਮਦਦ ਕਰਦੇ ਦੇਖਿਆ ਗਿਆ।

ਰਨਵੇਅ 'ਤੇ ਜਹਾਜ਼ ਦੇ ਪਲਟਣ ਦੇ ਬਾਵਜੂਦ, ਡਾਇਨ ਪੇਰੀ ਨੇ ਕਿਹਾ ਕਿ ਉਸ ਨੂੰ ਹਾਦਸੇ ਬਾਰੇ ਉਦੋਂ ਪਤਾ ਲੱਗਾ ਜਦੋਂ ਉਸ ਦੇ ਪਰਿਵਾਰ ਨੇ ਉਸ ਨੂੰ ਫ਼ੋਨ ਕੀਤਾ ਜਦੋਂ ਉਹ ਆਪਣਾ ਸਾਮਾਨ ਚੈੱਕ ਕਰਨ ਲਈ ਲਾਈਨ ਵਿੱਚ ਸੀ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਇਹ ਦੁੱਖ ਵਾਲੀ ਗੱਲ ਸੀ ਕਿ ਅਸੀਂ ਹਵਾਈ ਅੱਡੇ 'ਤੇ ਸੀ ਅਤੇ ਸਾਨੂੰ ਨਹੀਂ ਪਤਾ ਸੀ ਕਿ ਬਾਹਰ ਕੋਈ ਹਾਦਸਾ ਹੋਇਆ ਹੈ।"

ਕਰੈਸ਼ ਹੋਣ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕੇ ਹਨ। ਦੋ ਰਨਵੇਅ ਜਾਂਚ ਲਈ ਬੰਦ ਕਰ ਦਿੱਤੇ ਗਏ ਹਨ।

ਨੈਲਸਨ ਅਜੇ ਵੀ ਤਣਾਅ, ਘਬਰਾਹਟ ਅਤੇ ਕਾਂਬਾ ਮਹਿਸੂਸ ਕਰ ਰਹੇ ਹਨ।

ਉਨ੍ਹਾਂ ਕਿਹਾ,"ਇਹ ਹੈਰਾਨੀਜਨਕ ਹੈ ਕਿ ਅਸੀਂ ਅਜੇ ਵੀ ਇੱਥੇ ਹਾਂ."

26 ਉਡਾਣਾਂ ਦੀ ਲੈਂਡਿੰਗ ਬਦਲੀ

ਫਲਾਈਟ ਟਰੈਕਰ ਸਾਈਟ ਮੁਤਾਬਕ ਤਕਰੀਬਨ 26 ਉਡਾਣਾਂ ਨੂੰ ਕਿਸੇ ਹੋਰ ਹਵਾਈ ਅੱਡੇ ਉੱਤੇ ਲੈਂਡ ਕਰਨ ਲਈ ਕਿਹਾ ਗਿਆ ਹੈ।

ਫਲਾਈਟ ਰਡਾਰ 24 ਨੇ ਐਕਸ 'ਤੇ ਜਾਣਕਾਰੀ ਦਿੱਤੀ ਹੈ ਕਿ ਟੋਰਾਂਟੋ ਪੀਅਰਸਨ ਏਅਰਪੋਰਟ ਤੋਂ ਤਕਰੀਬਨ 26 ਫਲਾਈਟਾਂ ਨੂੰ ਡਾਇਵਰਟ ਕੀਤਾ ਗਿਆ ਹੈ।

11 ਉਡਾਣਾਂ ਹੁਣ ਮਾਂਟਰੀਅਲ ਹਵਾਈ ਅੱਡੇ ਉੱਤੇ ਉਤਰਣਗੀਆਂ ਅਤੇ ਓਟਵਾ ਹਵਾਈ ਅੱਡੇ 'ਤੇ 9 ਉਡਾਣਾਂ ਲੈਂਡ ਕਰਨਗੀਆਂ।

ਮਾਂਟਰੀਅਲ ਦੇ ਹਵਾਈ ਅੱਡੇ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੇ ਕੁਝ ਉਡਾਣਾਂ ਮੋੜੀਆਂ ਹਨ।

ਪਰ ਹੁਣ ਸਥਿਤੀ ਪੂਰੀ ਤਰ੍ਹਾਂ ਕਾਬੂ ਹੈ ਅਤੇ ਪੀਅਰਸਨ ਹਵਾਈ ਅੱਡੇ ਉੱਤੇ ਵੀ ਉਡਾਣਾਂ ਮੁੜ ਸ਼ੁਰੂ ਹੋ ਗਈਆਂ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)