You’re viewing a text-only version of this website that uses less data. View the main version of the website including all images and videos.
ਭਾਰਤ 'ਚ ਹਵਾਈ ਜਹਾਜ਼ਾਂ ਨੂੰ ਮਿਲ ਰਹੀਆਂ ਧਮਕੀਆਂ ਨੇ ਕਿਵੇਂ ਫ਼ਿਕਰਾਂ ਵਧਾਈਆਂ, ਪ੍ਰਸ਼ਾਸਨ ਅੱਗੇ ਕੀ ਚੁਣੌਤੀਆਂ
- ਲੇਖਕ, ਸੌਤਿਕ ਬਿਸਵਾਸ
- ਰੋਲ, ਬੀਬੀਸੀ ਪੱਤਰਕਾਰ
ਭਾਰਤੀ ਏਅਰਲਾਈਨਜ਼ ਨੂੰ ਮਿਲ ਰਹੀਆਂ ਫਰਜ਼ੀ ਧਮਕੀਆਂ ਵਿੱਚ ਵਾਧੇ ਕਾਰਨ ਉਡਾਣਾਂ ਦੇ ਪ੍ਰੋਗਰਾਮਾਂ ਨੂੰ ਖਾਸਾ ਨੁਕਸਾਨ ਝੱਲਣਾ ਪੈ ਰਿਹਾ ਹੈ, ਕਿਤੇ ਜਹਾਜ਼ਾਂ ਦੇ ਰੂਟ ਬਦਲੇ ਜਾ ਰਹੇ ਅਤੇ ਕਿਤੇ ਵਿਆਪਕ ਰੁਕਾਵਟਾਂ ਕਾਰਨ ਬਣ ਰਹੀਆਂ ਹਨ।
ਪਿਛਲੇ ਹਫ਼ਤੇ ਹੋਈ ਇੱਕ ਐਮਰਜੈਂਸੀ ਲੈਂਡਿੰਗ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਦੇਖਿਆ ਗਿਆ।
ਇਸ ਪੋਸਟ ਵਿੱਚ ਦੇਖਿਆ ਜਾ ਸਕਦਾ ਹੈ ਕਿ ਏਅਰ ਇੰਡੀਆ ਦਾ ਇੱਕ ਜਹਾਜ਼ ਕੈਨੇਡਾ ਦੇ ਇੱਕ ਦੂਰ-ਦੁਰਾਡੇ ਸ਼ਹਿਰ ਇਕਾਲੁਇਟ ਦੀ ਠੰਢੀ ਹਵਾ ਵਿੱਚ ਲੈਂਡ ਹੋਇਆ ਅਤੇ ਯਾਤਰੀ ਜਹਾਜ਼ ਦੀ ਬਰਫੀਲੀ ਪੌੜੀ ਤੋਂ ਹੇਠਾਂ ਉਤਰ ਰਹੇ ਸਨ।
ਬੋਇੰਗ 777 ਵਿੱਚ 211 ਯਾਤਰੀ ਸਵਾਰ ਸਨ, ਇਹ ਜਹਾਜ਼ ਮੁੰਬਈ ਤੋਂ ਸ਼ਿਕਾਗੋ ਜਾ ਰਿਹਾ ਸੀ ਪਰ ਬੰਬ ਦੀ ਧਮਕੀ ਵਿਚਾਲੇ 15 ਅਕਤੂਬਰ ਨੂੰ ਜਹਾਜ਼ ਦਾ ਰੂਟ ਬਦਲਣਾ ਪਿਆ।
ਹਰਿਤ ਸਚਦੇਵਾ ਨਾਮ ਦੇ ਯਾਤਰੀ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਕੀਤਾ, "ਅਸੀਂ ਸਵੇਰੇ 5 ਵਜੇ ਤੋਂ 200 ਯਾਤਰੀਆਂ ਦੇ ਨਾਲ ਹਵਾਈ ਅੱਡੇ 'ਤੇ ਫਸੇ ਹੋਏ ਹਾਂ... ਸਾਨੂੰ ਨਹੀਂ ਪਤਾ ਕਿ ਕੀ ਹੋ ਰਿਹਾ ਹੈ ਜਾਂ ਅੱਗੇ ਕੀ ਕਰਨਾ ਚਾਹੀਦਾ ਹੈ... ਅਸੀਂ ਪੂਰੀ ਤਰ੍ਹਾਂ ਫਸੇ ਹੋਏ ਹਾਂ।"
ਉਨ੍ਹਾਂ ਨੇ ਜਿਥੇ ਏਅਰਪੋਰਟ ਦੇ ਕਰਮਚਾਰੀਆਂ ਦੀ ਤਾਰੀਫ ਕੀਤੀ, ਉਥੇ ਹੀ ਏਅਰ ਇੰਡੀਆ ’ਤੇ ਇਲਜ਼ਾਮ ਲਗਾਇਆ ਕਿ ਉਹ ਯਾਤਰੀਆਂ ਨੂੰ ਕੁਝ ਖ਼ਾਸ ਜਾਣਕਾਰੀ ਮੁਹੱਈਆ ਨਹੀਂ ਕਰਵਾ ਰਹੇ।
ਇਸ ਪੋਸਟ ਵਿੱਚ ਸਚਦੇਵਾ ਨੇ ਦੂਰ-ਦੁਰਾਡੇ, ਕਿਸੇ ਅਣਜਾਣ ਥਾਂ ʼਤੇ ਜਹਾਜ਼ ਦੇ ਰੂਟ ਨੂੰ ਬਦਲਣ ʼਤੇ ਯਾਤਰੀਆਂ ਵਿੱਚ ਪੈਦਾ ਹੋਈ ਨਿਰਾਸ਼ਾ ਅਤੇ ਚਿੰਤਾ ਨੂੰ ਵੀ ਦਰਸਾਇਆ।
ਹਾਲਾਂਕਿ, ਕੁਝ ਘੰਟਿਆਂ ਬਾਅਦ ਕੈਨੇਡੀਅਨ ਏਅਰ ਫੋਰਸ ਦੇ ਇੱਕ ਜਹਾਜ਼ ਨੇ ਫਸੇ ਹੋਏ ਯਾਤਰੀਆਂ ਨੂੰ ਸ਼ਿਕਾਗੋ ਪਹੁੰਚਾਇਆ।
ਏਅਰ ਇੰਡੀਆ ਨੇ ਪੁਸ਼ਟੀ ਕੀਤੀ ਕਿ ਜਹਾਜ਼ ਨੂੰ "ਆਨਲਾਈਨ ਮਿਲੀ ਧਮਕੀ" ਕਾਰਨ ਇਕਾਲੁਇਟ ਵਿੱਚ ਉਤਰਨਾ ਪਿਆ।
ਇਸ ਸਾਲ ਭਾਰਤੀ ਏਅਰਲਾਈਨਜ਼ ਨੂੰ ਨਿਸ਼ਾਨਾ ਬਣਾ ਕੇ ਪਹਿਲਾਂ ਮਿਲੀਆਂ ਧਮਕੀਆਂ ਵਾਂਗ ਇਹ ਧਮਕੀ ਵੀ ਝੂਠੀ ਨਿਕਲੀ।
ਪਿਛਲੇ ਹਫ਼ਤੇ ਹੀ ਜੇਕਰ ਦੇਖਿਆ ਜਾਵੇ ਤਾਂ ਅਜਿਹੀਆਂ ਘੱਟੋ-ਘੱਟ 30 ਧਮਕੀਆਂ ਮਿਲੀਆਂ ਹਨ, ਜਿਸ ਕਾਰਨ ਕਈ ਜਹਾਜ਼ਾਂ ਦੇ ਰੂਟ ਬਦਲਣੇ ਪਏ, ਕਈ ਯਾਤਰਾਵਾਂ ਨੂੰ ਰੱਦ ਕਰਨਾ ਪਿਆ ਅਤੇ ਕਈਆਂ ਨੂੰ ਉਡਾਣ ਵਿੱਚ ਦੇਰੀ ਸਹਿਣੀ ਪਈ।
ਜੂਨ ਵਿੱਚ ਇੱਕ ਦਿਨ ਵਿੱਚ 41 ਏਅਰਪੋਰਟਾਂ ਨੂੰ ਈਮੇਲ ਰਾਹੀਂ ਬੰਬ ਧਮਾਕਿਆਂ ਦੀਆਂ ਧਮਕੀਆਂ ਮਿਲੀਆਂ ਸਨ, ਜਿਸ ਤੋਂ ਬਾਅਦ ਸੁਰੱਖਿਆ ਵਧਾ ਦਿੱਤੀ ਗਈ।
ਇਸ ਤੋਂ ਪਹਿਲਾਂ ਸਾਲ 2014 ਅਤੇ 2017 ਵਿਚਾਲੇ ਅਧਿਕਾਰੀਆਂ ਨੇ ਹਵਾਈ ਅੱਡਿਆਂ ਉੱਤੇ 120 ਬੰਬ ਧਮਾਕਿਆਂ ਦੀ ਧਮਕੀਆਂ ਨੂੰ ਦਰਜ ਕੀਤਾ।
ਇਨ੍ਹਾਂ ਵਿੱਚੋਂ ਅੱਧੀਆਂ ਧਮਕੀਆਂ ਦੇਸ਼ ਦੇ ਸਭ ਤੋਂ ਵੱਡੇ ਹਵਾਈ ਅੱਡਿਆਂ ਦਿੱਲੀ ਅਤੇ ਮੁੰਬਈ ਨਾਲ ਜੁੜੀਆਂ ਹੋਈਆਂ ਸਨ।
ਇਹ ਹਾਲ ਹੀ ਦੇ ਸਾਲਾਂ ਵਿੱਚ ਅਜਿਹੇ ਹੀ ਖ਼ਤਰਿਆਂ ਨੂੰ ਦਰਸਾਉਂਦਾ ਹੈ ਪਰ ਇਸ ਸਾਲ ਮਿਲੀਆਂ ਧਮਕੀਆਂ ਵਿੱਚ ਵਾਧਾ ਆਸਾਧਰਣ ਹੈ।
ਕੇਂਦਰੀ ਹਵਾਈ ਏਵੀਏਸ਼ਨ ਮੰਤਰੀ ਕਿੰਜਾਰਾਪੂ ਰਾਮ ਮੋਹਨ ਨਾਇਡੂ ਦਾ ਕਹਿਣਾ ਹੈ, "ਹਾਲ ਹੀ ਵਿੱਚ ਏਅਰ ਇੰਡੀਆ ਨੂੰ ਨਿਸ਼ਾਨਾ ਬਣਾ ਕੇ ਮਿਲ ਰਹੀਆਂ ਧਮਕੀਆਂ ਕਾਰਨ ਮੈਂ ਚਿੰਤਾ ਵਿੱਚ ਹਾਂ, ਇਸ ਨਾਲ ਘਰੇਲੂ ਅਤੇ ਕੌਮਾਂਤਰੀ ਉਡਾਣਾਂ ਉੱਤੇ ਕਾਫੀ ਅਸਰ ਪਿਆ ਹੈ।"
"ਅਜਿਹੀਆਂ ਸ਼ਰਾਰਤੀ ਅਤੇ ਗ਼ੈਰ-ਕਾਨੂੰਨੀ ਕਾਰਵਾਈਆਂ ਗੰਭੀਰ ਚਿੰਤਾ ਦਾ ਵਿਸ਼ਾ ਹਨ। ਮੈਂ ਸਾਡੇ ਹਵਾਬਾਜ਼ੀ ਖੇਤਰ ਦੀ ਸੁਰੱਖਿਆ ਅਤੇ ਕਾਰਜਸ਼ੀਲ ਅਖੰਡਤਾ ਨਾਲ ਸਮਝੌਤਾ ਕਰਨ ਦੀਆਂ ਕੋਸ਼ਿਸ਼ਾਂ ਦੀ ਨਿੰਦਾ ਕਰਦਾ ਹਾਂ।"
ਇਹ ਸਭ ਕਿਉਂ ਹੋ ਰਿਹਾ ਹੈ?
ਮਾਹਰਾਂ ਦਾ ਕਹਿਣਾ ਹੈ ਕਿ ਏਅਰਲਾਈਨਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਬੰਬ ਦੀਆਂ ਧਮਕੀਆਂ ਅਕਸਰ ਖ਼ਤਰਨਾਕ ਇਰਾਦੇ, ਧਿਆਨ ਖਿੱਚਣ, ਮਾਨਸਿਕ ਸਿਹਤ ਸਮੱਸਿਆਵਾਂ, ਕਾਰੋਬਾਰੀ ਸੰਚਾਲਨ ਵਿੱਚ ਵਿਘਨ ਪਾਉਣ ਜਾਂ ਮਜ਼ਾਕ ਨਾਲ ਜੁੜੀਆਂ ਹੁੰਦੀਆਂ ਹਨ।
2018 ਵਿੱਚ, ਇੰਡੋਨੇਸ਼ੀਆ ਵਿੱਚ ਹਵਾਈ ਜਹਾਜ਼ ਦੇ ਯਾਤਰੀਆਂ ਦੁਆਰਾ ਬੰਬ ਬਾਰੇ ਮਜ਼ਾਕ ਕਾਰਨ ਉਡਾਣ ਵਿੱਚ ਰੁਕਾਵਟ ਆਈ। ਉੱਡਣ ਵਾਲੇ ਯਾਤਰੀ ਵੀ ਮੁਲਜ਼ਮ ਮੰਨੇ ਗਏ।
ਪਿਛਲੇ ਸਾਲ, ਭਾਰਤ ਦੇ ਬਿਹਾਰ ਵਿੱਚ ਇੱਕ ਨਿਰਾਸ਼ ਯਾਤਰੀ ਨੇ ਹਵਾਈ ਅੱਡੇ 'ਤੇ ਆਪਣਾ ਚੈੱਕ-ਇਨ ਗੁੰਮ ਹੋਣ ਤੋਂ ਬਾਅਦ ਇੱਕ ਬੰਬ ਦੀ ਚੇਤਾਵਨੀ ਦੀ ਕਾਲ ਕਰ ਕੇ ਸਪਾਈਸਜੈੱਟ ਦੀ ਉਡਾਣ ਵਿੱਚ ਦੇਰੀ ਕਰਨ ਦੀ ਕੋਸ਼ਿਸ਼ ਕੀਤੀ।
ਇਹ ਧਮਕੀਆਂ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਹਵਾਬਾਜ਼ੀ ਬਾਜ਼ਾਰ ਵਿੱਚ ਹਲਚਲ ਮਚਾ ਦਿੰਦੀਆਂ ਹਨ।
ਹਵਾਬਾਜ਼ੀ ਮੰਤਰਾਲੇ ਦੇ ਅਨੁਸਾਰ ਪਿਛਲੇ ਸਾਲ ਭਾਰਤ ਵਿੱਚ 15 ਕਰੋੜ ਤੋਂ ਵੱਧ ਯਾਤਰੀਆਂ ਨੇ ਘਰੇਲੂ ਉਡਾਣਾਂ ਵਿੱਚ ਸਫ਼ਰ ਕੀਤਾ। ਦੇਸ਼ ਵਿੱਚ 33 ਕੌਮਾਂਤਰੀ ਹਵਾਈ ਅੱਡਿਆਂ ਸਮੇਤ 150 ਤੋਂ ਵੱਧ ਹਵਾਈ ਅੱਡਿਆਂ ਤੋਂ ਹਰ ਰੋਜ਼ 3,000 ਤੋਂ ਵੱਧ ਉਡਾਣਾਂ ਭਰੀਆਂ ਜਾਂਦੀਆਂ ਹਨ।
ਪਿਛਲੇ ਹਫ਼ਤੇ ਧਮਕੀਆਂ ਸਿਖ਼ਰਾਂ 'ਤੇ ਸਨ ਜਦਕਿ ਭਾਰਤ ਦੀਆਂ ਏਅਰਲਾਈਨਾਂ ਨੇ 14 ਅਕਤੂਬਰ ਇੱਕ ਦਿਨ ਵਿੱਚ ਰਿਕਾਰਡ 4,84,263 ਯਾਤਰੀਆਂ ਨੂੰ ਸਫ਼ਰ ਕਰਵਾਇਆ।
ਕਨਸਲਟੈਂਸੀ ਫਰਮ ਸੀਰੀਅਮ ਦੇ ਰੌਬ ਮੌਰਿਸ ਦੇ ਅਨੁਸਾਰ ਭਾਰਤ ਵਿੱਚ ਸਿਰਫ਼ 700 ਵਪਾਰਕ ਯਾਤਰੀ ਜਹਾਜ਼ ਸੇਵਾ ਵਿੱਚ ਹਨ ਅਤੇ 1,700 ਤੋਂ ਵੱਧ ਜਹਾਜ਼ਾਂ ਦਾ ਆਰਡਰ ਬੈਕਲਾਗ ਵਿੱਚ ਹੈ।
ਮੌਰਿਸ ਕਹਿੰਦੇ ਹਨ, "ਇਹ ਸਭ ਨਿਸ਼ਚਤ ਤੌਰ 'ਤੇ ਭਾਰਤ ਨੂੰ ਅੱਜ ਸਭ ਤੋਂ ਤੇਜ਼ੀ ਨਾਲ ਵਧ ਰਹੇ ਵਪਾਰਕ ਜਹਾਜ਼ਾਂ ਦਾ ਬਜ਼ਾਰ ਬਣਾਏਗਾ।"
ਬਚਾਅ ਦੇ ਉਪਾਅ ਕੀ ਹੁੰਦੇ ਹਨ
ਜੇ ਜਹਾਜ਼ ਹਵਾ ਵਿੱਚ ਹੈ, ਤਾਂ ਇਸ ਨੂੰ ਨਜ਼ਦੀਕੀ ਹਵਾਈ ਅੱਡੇ ਵੱਲ ਮੋੜਨਾ ਚਾਹੀਦਾ ਹੈ, ਜਿਵੇਂ ਕਿ ਏਅਰ ਇੰਡੀਆ ਦੀ ਉਡਾਣ ਜੋ ਪਿਛਲੇ ਹਫ਼ਤੇ ਕੈਨੇਡਾ ਵੱਲ ਮੋੜੀ ਗਈ ਸੀ ਜਾਂ ਸਤੰਬਰ ਵਿੱਚ ਮੁੰਬਈ ਤੋਂ ਫਰੈਂਕਫਰਟ ਜਾਣ ਵਾਲੀ ਵਿਸਤਾਰਾ ਫਲਾਈਟ, ਜਿਸ ਨੂੰ ਤੁਰਕੀ ਵੱਲ ਮੋੜ ਦਿੱਤਾ ਗਿਆ ਸੀ।
ਕੁਝ ਲੜਾਕੂ ਜਹਾਜ਼ਾਂ ਨੂੰ ਇਨ੍ਹਾਂ ਜਹਾਜ਼ਾਂ ਦੀ ਸੁਰੱਖਿਆ ਕਰਨ ਲਈ ਭੇਜਣਾ ਸ਼ਾਮਲ ਹੈ ਜਿਵੇਂ ਕਿ ਪਿਛਲੇ ਹਫ਼ਤੇ ਨਾਰਫੋਕ ਵਿੱਖੇ ਹੀਥਰੋ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਅਤੇ ਸਿੰਗਾਪੁਰ ਜਾਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਨਾਲ ਹੋਇਆ ਸੀ।
ਇੱਕ ਵਾਰ ਜਹਾਜ਼ ਜ਼ਮੀਨ ’ਤੇ ਉਤਰਨ ਉਪੰਰਤ, ਸਾਰੇ ਸਾਮਾਨ ਅਤੇ ਮਾਲ ਅਤੇ ਕੇਟਰਿੰਗ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਂਦੀ ਹੈ। ਇਸ ਪ੍ਰਕਿਰਿਆ ਵਿੱਚ ਕਈ ਘੰਟੇ ਲੱਗ ਜਾਂਦੇ ਹਨ ਅਤੇ ਅਕਸਰ ਉਹੀ ਚਾਲਕ ਦਲ ਡਿਊਟੀ ਘੰਟਿਆਂ ਦੀਆਂ ਸੀਮਾਵਾਂ ਕਾਰਨ ਉਡਾਣ ਨਹੀਂ ਭਰ ਸਕਦਾ। ਨਤੀਜੇ ਵਜੋਂ ਹੋਰ ਚਾਲਕ ਦਲ ਦਾ ਪ੍ਰਬੰਧ ਕਰਨਾ ਪੈਂਦਾ ਹੈ ਜੋ ਹੋਰ ਦੇਰੀ ਕਾਰਨ ਬਣਦਾ ਹੈ।
ਇੱਕ ਸੁਤੰਤਰ ਹਵਾਬਾਜ਼ੀ ਮਾਹਰ ਸਿਧਾਰਥ ਕਪੂਰ ਕਹਿੰਦੇ ਹਨ, “ਇਸ ਸਭ ਦੇ ਲਾਗਤ ਅਤੇ ਨੈੱਟਵਰਕ ਉਤੇ ਮਾੜੇ ਪ੍ਰਭਾਵ ਹਨ। ਦੇਰੀ ਨਾਲ ਉਡਾਣ ਭਰਨ ਵਾਲਾ ਜਾਂ ਮੋੜਿਆ ਜਹਾਜ਼ ਕਾਫੀ ਖਰਚਾ ਵਧਾਉਂਦਾ ਹੈ, ਜ਼ਮੀਨ ’ਤੇ ਖੜ੍ਹੇ ਜਹਾਜ਼ ਪੈਸੇ ਗੁਆਉਣ ਵਾਲੀ ਸੰਪਤੀ ਬਣ ਜਾਂਦੇ ਹਨ। ਦੇਰੀ ਉਡਾਣ ਰੱਦ ਕਰਨ ਦਾ ਕਾਰਨ ਬਣਦੀ ਹੈ ਅਤੇ ਸਮਾਂ-ਸਾਰਣੀ ਸੰਤੁਲਨ ਤੋਂ ਬਾਹਰ ਹੋ ਜਾਂਦੀ ਹੈ।"
ਅਣਜਾਣ ਅਕਾਊਂਟਸ ਤੋਂ ਸੋਸ਼ਲ ਮੀਡੀਆ 'ਤੇ ਬੰਬ ਦੀਆਂ ਧਮਕੀਆਂ ਵਿੱਚ ਵਾਧੇ ਨੇ ਅਪਰਾਧੀਆਂ ਦੀ ਪਛਾਣ ਕਰਨ ਦੀਆਂ ਕੋਸ਼ਿਸ਼ਾਂ ਨੂੰ ਗੁੰਝਲਦਾਰ ਬਣਾਇਆ ਹੈ, ਖ਼ਾਸ ਕਰਕੇ ਜਦੋਂ ਈਮੇਲਾਂ ਸਿੱਧੀਆਂ ਏਅਰਲਾਈਨਾਂ ਨੂੰ ਭੇਜੀਆਂ ਜਾਂਦੀਆਂ ਹਨ।
ਇਰਾਦੇ ਅਸਪੱਸ਼ਟ ਰਹਿੰਦੇ ਹਨ, ਜਿਵੇਂ ਕਿ ਕੀ ਧਮਕੀਆਂ ਇਕੱਲੇ ਵਿਅਕਤੀ ਜਾਂ ਫਿਰ ਕਿਸੇ ਸਮੂਹ ਤੋਂ ਆਉਂਦੀਆਂ ਹਨ ਜਾਂ ਸਿਰਫ਼ ਨਕਲ ਦੀਆਂ ਕਾਰਵਾਈਆਂ ਹਨ।
ਧਮਕੀਆਂ ਦੇਣ ਵਾਲਿਆਂ ਬਾਰੇ ਪਤਾ ਕਰਨਾ ਚੁਣੌਤੀ
ਪਿਛਲੇ ਹਫ਼ਤੇ, ਭਾਰਤੀ ਅਧਿਕਾਰੀਆਂ ਨੇ ਅਜਿਹੀਆਂ ਧਮਕੀਆਂ ਜਾਰੀ ਕਰਨ ਲਈ ਇੱਕ ਸੋਸ਼ਲ ਮੀਡੀਆ ਅਕਾਊਂਟਸ ਬਣਾਉਣ ਵਾਲੇ ਇੱਕ 17 ਸਾਲਾ ਸਕੂਲ ਛੱਡ ਚੁੱਕੇ ਨਾਬਾਲਗ਼ ਨੂੰ ਗ੍ਰਿਫ਼ਤਾਰ ਕੀਤਾ ਸੀ।
ਉਸ ਦਾ ਮਕਸਦ ਅਸਪਸ਼ਟ ਸੀ, ਪਰ ਮੰਨਿਆ ਜਾਂਦਾ ਹੈ ਕਿ ਉਸ ਨੇ ਚਾਰ ਉਡਾਣਾਂ ਨੂੰ ਨਿਸ਼ਾਨਾ ਬਣਾਇਆ, ਜਿਨ੍ਹਾਂ ਵਿੱਚੋ ਤਿੰਨ ਕੌਮਾਂਤਰੀ ਉਡਾਣਾਂ ਸਨ।
ਨਤੀਜੇ ਵਜੋਂ ਦੋ ਦੇਰੀ ਨਾਲ ਉੱਡੀਆਂ, ਇੱਕ ਨੂੰ ਮੋੜਨਾ ਪਿਆ ਅਤੇ ਇੱਕ ਰੱਦ ਹੋਈ। ਆਈਪੀ ਐਡਰੈੱਸ ਨੂੰ ਟਰੇਸ ਕਰਨ ਤੋਂ ਬਾਅਦ ਜਾਂਚਕਰਤਾਵਾਂ ਨੇ ਪਤਾ ਲਗਾਇਆ ਕਿ ਕੁਝ ਲੰਡਨ ਅਤੇ ਜਰਮਨੀ ਤੋਂ ਆਈਆਂ ਹੋ ਸਕਦੀਆਂ ਹਨ।
ਸਪੱਸ਼ਟ ਤੌਰ 'ਤੇ ਧਮਕੀਆਂ ਦੇਣ ਵਾਲਿਆਂ ਦਾ ਪਤਾ ਲਗਾਉਣਾ ਇੱਕ ਬੜੀ ਮਹੱਤਵਪੂਰਨ ਚੁਣੌਤੀ ਹੈ।
ਹਾਲਾਂਕਿ ਭਾਰਤੀ ਕਾਨੂੰਨ ਤਹਿਤ ਹਵਾਈ ਅੱਡੇ ਦੀ ਸੁਰੱਖਿਆ ਜਾਂ ਸੇਵਾ ਵਿੱਚ ਵਿਘਨ ਪਾਉਣ ਲਈ ਧਮਕੀਆਂ ਲਈ ਉਮਰ ਕੈਦ ਦੀ ਸਜ਼ਾ ਦੀ ਤਜਵੀਜ਼ ਹੈ।
ਇਹ ਸਜ਼ਾ ਧੋਖਾਧੜੀ ਵਾਲੀਆਂ ਕਾਲਾਂ ਲਈ ਬਹੁਤ ਸਖ਼ਤ ਹੈ ਅਤੇ ਸੰਭਾਵਿਤ ਤੌਰ 'ਤੇ ਕਾਨੂੰਨੀ ਜਾਂਚ ਦਾ ਸਾਹਮਣਾ ਨਹੀਂ ਕਰੇਗੀ। ਰਿਪੋਰਟਾਂ ਸੁਝਾਅ ਦਿੰਦੀਆਂ ਹਨ ਕਿ ਸਰਕਾਰ ਅਪਰਾਧੀਆਂ ਨੂੰ ਨੋ-ਫਲਾਈ ਸੂਚੀ 'ਤੇ ਰੱਖਣ ਅਤੇ ਨਵੇਂ ਕਾਨੂੰਨ ਪੇਸ਼ ਕਰਨ 'ਤੇ ਵਿਚਾਰ ਕਰ ਰਹੀ ਹੈ, ਜਿਸ ਨਾਲ ਪੰਜ ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ।
ਆਖ਼ਰਕਾਰ, ਅਜਿਹੀਆਂ ਧਮਕੀਆਂ ਯਾਤਰੀਆਂ ਲਈ ਗੰਭੀਰ ਚਿੰਤਾ ਦਾ ਕਾਰਨ ਬਣ ਸਕਦੀਆਂ ਹਨ।
ਇੱਕ ਹਵਾਬਾਜ਼ੀ ਸਲਾਹਕਾਰ ਨੇ ਨਾਮ ਨਾ ਛਾਪਣ ਦੀ ਸ਼ਰਤ ʼਤੇ ਦੱਸਿਆ, "ਮੇਰੀ ਮਾਸੀ ਨੇ ਇਹ ਪੁੱਛਣ ਲਈ ਫ਼ੋਨ ਕੀਤਾ ਕਿ ਕੀ ਉਨ੍ਹਾਂ ਨੂੰ ਇਨ੍ਹਾਂ ਧਮਕੀਆਂ ਵਿਚਾਲੇ ਆਪਣੀ ਬੁੱਕ ਕੀਤੀ ਫਲਾਈਟ ਲੈ ਲੈਣੀ ਚਾਹੀਦੀ ਹੈ ਜਾਂ ਟਰੇਨ ਵਿੱਚ ਜਾਵਾਂ?"
"ਮੈਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਹਵਾਈ ਸਫ਼ਰ ਹੀ ਕਰੋ।"
ਇਹ ਧਮਕੀਆਂ ਸਹਿਮ ਦਾ ਮਾਹੌਲ ਪੈਦਾ ਕਰ ਰਹੀਆਂ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ