ਕੰਧਾਰ ਕਾਂਡ: ਭਾਰਤੀ ਜਹਾਜ਼ ਨੂੰ ਅਗਵਾ ਕਰਨ ਵਾਲੀ ਘਟਨਾ ਜਿਸ ਉੱਤੇ ਬਣੀ ਵੈੱਬ ਸੀਰੀਜ਼ ’ਤੇ ਵਿਵਾਦ ਖੜ੍ਹਾ ਹੋ ਗਿਆ ਹੈ

ਓਟੀਟੀ ਪਲੇਟਫਾਰਮ ਨੈੱਟਫਲਿਕਸ ’ਤੇ ਰਿਲੀਜ਼ ਵੈੱਬ ਸੀਰੀਜ਼ 'IC 814: ਦਿ ਕੰਧਾਰ ਹਾਈਜੈਕ' ਨਾਲ ਵਿਵਾਦ ਛਿੜ ਗਿਆ ਹੈ ਅਤੇ ਇਸੇ ਵਿਚਾਲੇ ਨੈੱਟਫਲਿਕਸ ਦੇ ਕੰਟੈਂਟ ਹੈੱਡ ਨੂੰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਤਲਬ ਕੀਤਾ ਹੈ।

6 ਐਪੀਸੋਡਾਂ ਵਾਲੀ ਸੀਰੀਜ਼ 1999 ਵਿੱਚ ਕੱਟੜਪੰਥੀਆਂ ਵੱਲੋਂ ਇੱਕ ਇੰਡੀਅਨ ਏਅਰਲਾਈਨਜ਼ ਦਾ ਜਹਾਜ਼ ਅਗਵਾ ਕਰਨ ਦੀ ਅਸਲ ਘਟਨਾ 'ਤੇ ਆਧਾਰਿਤ ਹੈ।

ਖ਼ਬਰ ਏਜੰਸੀ ਮੁਤਾਬਕ, ਸੀਰੀਜ਼ 'ਚ ਕਾਠਮੰਡੂ ਤੋਂ ਜਹਾਜ਼ ਦੇ ਹਾਈਜੈਕਰਾਂ ਨੂੰ ਚੀਫ, ਡਾਕਟਰ, ਬਰਗਰ, ਭੋਲਾ ਅਤੇ ਸ਼ੰਕਰ ਦਾ ਨਾਂ ਦਿੱਤਾ ਗਿਆ ਹੈ।

ਭਾਜਪਾ ਆਗੂ ਰਾਜੀਵ ਚੰਦਰਸ਼ੇਖਰ ਦਾ ਕਹਿਣਾ ਹੈ, "ਮੈਨੂੰ IC-814 ਚੰਗੀ ਤਰ੍ਹਾਂ ਯਾਦ ਹੈ। ਮੈਂ ਉਸ ਦੁਰਘਟਨਾ ਤੋਂ ਬਹੁਤ ਚੰਗੀ ਤਰ੍ਹਾਂ ਜਾਣੂ ਸੀ ਅਤੇ ਉਸ ਤੋਂ ਬਾਅਦ ਵੀ ਮੈਂ ਉਸ ਵਿੱਚ ਸ਼ਾਮਲ ਰਿਹਾ।"

"ਭਾਰਤ ਅਤੇ ਅਸਲ ਵਿੱਚ ਦੱਖਣੀ ਏਸ਼ੀਆ ਵਿੱਚ ਹਰ ਆਦਮੀ ਅਤੇ ਔਰਤ ਜਾਣਦਾ ਹੈ ਕਿ ਕਾਠਮੰਡੂ ਤੋਂ IC-814 ਦਾ ਹਾਈਜੈਕ ਪਾਕਿਸਤਾਨ ਦੀ ਆਈਐੱਸਆਈ ਸਮਰਥਿਤ ਅੱਤਵਾਦੀਆਂ ਵੱਲੋਂ ਕੀਤਾ ਗਿਆ ਸੀ। ਹੁਣ, ਕੋਈ ਵੀ ਇਹ ਨਹੀਂ ਸੋਚਦਾ ਕਿ ਅਗਵਾ ਕਰਨ ਵਾਲੇ ਭਾਰਤ ਦੇ ਕੁਝ ਲੋਕ ਸਨ।"

"ਇਸ ਲਈ ਉਸ ਫਿਲਮ ਵਿੱਚ ਲੋਕਾਂ ਦੇ ਹਿੰਦੂ ਨਾਮ ਕਿਵੇਂ ਹਨ, ਮੈਨੂੰ ਨਹੀਂ ਪਤਾ। ਪਰ ਮੈਂ ਬਹੁਤ ਖੁਸ਼ ਹਾਂ ਕਿ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਇਸ ਦਾ ਨੋਟਿਸ ਲਿਆ ਹੈ ਅਤੇ ਨੈੱਟਫਲਿਕਸ ਨੂੰ ਸੰਮਨ ਕੀਤਾ ਹੈ।"

ਅਨੁਭਵ ਸਿਨਹਾ ਅਤੇ ਤ੍ਰਿਸ਼ਾਂਤ ਸ਼੍ਰੀਵਾਸਤਵ ਵੱਲੋਂ ਬਣਾਈ ਇਸ ਸੀਰੀਜ਼ ਅਦਾਕਾਰ ਨਸੀਰੂਦੀਨ ਸ਼ਾਹ, ਪੰਕਜ ਕਪੂਰ, ਵਿਜੇ ਵਰਮਾ, ਅਰਵਿੰਦ ਸਵਾਮੀ, ਪੱਤਰਲੇਖਾ ਅਤੇ ਦੀਆ ਮਿਰਜ਼ਾ ਨੇ ਕੰਮ ਕੀਤਾ ਹੈ।

ਆਓ ਇੱਕ ਨਜ਼ਰ ਮਾਰਦੇ ਹਾਂ ਕਿ ਕੰਧਾਰ ਹਾਈਜੈਕ ਕਾਂਡ ਕੀ ਸੀ।

ਕੰਧਾਰ ਹਾਈਜੈਕ ਘਟਨਾ

25 ਸਾਲ ਪਹਿਲਾਂ 24 ਦਸੰਬਰ ਦੀ ਸ਼ਾਮ ਸੀ, ਸ਼ੁੱਕਰਵਾਰ ਦਾ ਦਿਨ ਸੀ ਅਤੇ ਘੜੀ 'ਤੇ ਸਾਢੇ ਚਾਰ ਵੱਜ ਚੁੱਕੇ ਸਨ। ਇੰਡੀਅਨ ਏਅਰਲਾਈਨਜ਼ ਦੀ ਫਲਾਈਟ ਨੰਬਰ IC814 ਕਾਠਮੰਡੂ ਦੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਨਵੀਂ ਦਿੱਲੀ ਲਈ ਰਵਾਨਾ ਹੋਈ।

ਸ਼ਾਮ ਪੰਜ ਵਜੇ ਜਿਵੇਂ ਹੀ ਜਹਾਜ਼ ਭਾਰਤੀ ਹਵਾਈ ਖੇਤਰ ਵਿੱਚ ਦਾਖਲ ਹੁੰਦਾ ਹੈ, ਹਾਈਜੈਕਰ ਹਰਕਤ ਵਿੱਚ ਆ ਜਾਂਦੇ ਹਨ ਅਤੇ ਫਲਾਈਟ ਨੂੰ ਪਾਕਿਸਤਾਨ ਲੈ ਕੇ ਜਾਣ ਦੀ ਮੰਗ ਕਰਦੇ ਹਨ।

ਦੁਨੀਆ ਨੂੰ ਪਤਾ ਲੱਗ ਗਿਆ ਕਿ ਇਹ ਭਾਰਤੀ ਜਹਾਜ਼ ਹਾਈਜੈਕ ਹੋ ਗਿਆ ਹੈ। ਸ਼ਾਮ ਦੇ ਛੇ ਵਜੇ ਜਹਾਜ਼ ਕੁਝ ਦੇਰ ਲਈ ਅੰਮ੍ਰਿਤਸਰ ਰੁਕਦਾ ਹੈ ਅਤੇ ਉਥੋਂ ਲਾਹੌਰ ਲਈ ਰਵਾਨਾ ਹੁੰਦਾ ਹੈ।

ਪਾਕਿਸਤਾਨ ਸਰਕਾਰ ਦੀ ਇਜਾਜ਼ਤ ਤੋਂ ਬਿਨਾਂ ਇਹ ਜਹਾਜ਼ ਰਾਤ 8:07 'ਤੇ ਲਾਹੌਰ ਲੈਂਡ ਕਰਦਾ ਹੈ।

ਲਾਹੌਰ ਤੋਂ ਦੁਬਈ ਦੇ ਰਸਤਿਓਂ ਹੁੰਦੇ ਹੋਏ ਇੰਡੀਅ ਏਅਰਲਾਈਨਜ਼ ਦਾ ਇਹ ਹਾਈਜੈਕ ਕੀਤਾ ਗਿਆ ਜਹਾਜ਼ ਅਗਲੇ ਦਿਨ ਸਵੇਰੇ 8.30 ਵਜੇ ਅਫ਼ਗਾਨਿਸਤਾਨ ਦੇ ਕੰਧਾਰ ਵਿੱਚ ਉਤਰਿਆ। ਉਸ ਸਮੇਂ ਕੰਧਾਰ ਤਾਲਿਬਾਨ ਦੇ ਅਧੀਨ ਸੀ।

ਜਹਾਜ਼ ਵਿੱਚ 180 ਲੋਕ ਸਵਾਰ ਸਨ

ਜਹਾਜ਼ ਵਿੱਚ ਕੁੱਲ 180 ਲੋਕ ਸਵਾਰ ਸਨ। ਜਹਾਜ਼ ਨੂੰ ਹਾਈਜੈਕ ਕੀਤੇ ਜਾਣ ਦੇ ਕੁਝ ਘੰਟਿਆਂ ਦੇ ਅੰਦਰ, ਕੱਟੜਪੰਥੀਆਂ ਨੇ ਇੱਕ ਯਾਤਰੀ ਰੂਪਨ ਕਤਿਆਲ ਦਾ ਕਤਲ ਕਰ ਦਿੱਤਾ।

25 ਸਾਲਾ ਰੂਪਨ ਕਤਿਆਲ ਨੂੰ ਕੱਟੜਪੰਥੀਆਂ ਨੇ ਚਾਕੂ ਨਾਲ ਕਈ ਵਾਰ ਕੀਤੇ ਸਨ। ਰਾਤ ਦੇ ਪੌਣੇ ਦੋ ਵਜੇ ਜਹਾਜ਼ ਦੁਬਈ ਪਹੁੰਚਿਆ। ਉੱਥੇ ਈਂਧਨ ਭਰਨ ਦੇ ਬਦਲੇ ਕੁਝ ਯਾਤਰੀਆਂ ਨੂੰ ਛੱਡਣ 'ਤੇ ਸਮਝੌਤਾ ਹੋਇਆ ਸੀ।

ਦੁਬਈ 'ਚ 27 ਯਾਤਰੀਆਂ ਨੂੰ ਰਿਹਾਅ ਕੀਤਾ ਗਿਆ, ਜਿਨ੍ਹਾਂ 'ਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸਨ। ਇੱਕ ਦਿਨ ਬਾਅਦ, ਸ਼ੂਗਰ ਤੋਂ ਪੀੜਤ ਵਿਅਕਤੀ ਨੂੰ ਰਿਹਾਅ ਕੀਤਾ ਗਿਆ।

ਕੰਧਾਰ 'ਚ ਪੇਟ ਦੇ ਕੈਂਸਰ ਤੋਂ ਪੀੜਤ ਸਿਮੋਨ ਬਰਾੜ ਨਾਂ ਦੀ ਔਰਤ ਨੂੰ ਕੰਧਾਰ 'ਚ ਇਲਾਜ ਲਈ ਜਹਾਜ਼ ਤੋਂ ਬਾਹਰ ਜਾਣ ਦਿੱਤਾ ਗਿਆ ਅਤੇ ਉਹ ਵੀ ਸਿਰਫ਼ 90 ਮਿੰਟ ਲਈ।

ਦੂਜੇ ਪਾਸੇ ਬੰਧਕ ਸੰਕਟ ਦੌਰਾਨ ਭਾਰਤ ਸਰਕਾਰ ਦੀਆਂ ਮੁਸ਼ਕਲਾਂ ਵੀ ਵਧ ਰਹੀਆਂ ਸਨ। ਮੀਡੀਆ ਦਾ ਦਬਾਅ ਸੀ, ਬੰਧਕ ਯਾਤਰੀਆਂ ਦੇ ਪਰਿਵਾਰ ਵਿਰੋਧ ਕਰ ਰਹੇ ਸਨ ਅਤੇ ਇਸ ਸਭ ਦੇ ਵਿਚਕਾਰ, ਅਗਵਾਕਾਰਾਂ ਨੇ ਆਪਣੇ 36 ਕੱਟੜਪੰਥੀ ਸਾਥੀਆਂ ਦੀ ਰਿਹਾਈ ਦੇ ਨਾਲ-ਨਾਲ 200 ਮਿਲੀਅਨ ਅਮਰੀਕੀ ਡਾਲਰ ਦੀ ਫਿਰੌਤੀ ਦੀ ਮੰਗ ਕੀਤੀ ਸੀ।

ਤਾਲਿਬਾਨ ਦੀ ਭੂਮਿਕਾ

ਅਗਵਾਕਾਰ ਕਸ਼ਮੀਰੀ ਵੱਖਵਾਦੀ ਦੀ ਲਾਸ਼ ਸੌਂਪਣ 'ਤੇ ਅੜੇ ਹੋਏ ਸਨ ਪਰ ਤਾਲਿਬਾਨ ਦੇ ਕਹਿਣ ਤੋਂ ਬਾਅਦ ਉਨ੍ਹਾਂ ਨੇ ਪੈਸੇ ਅਤੇ ਲਾਸ਼ ਦੀ ਮੰਗ ਛੱਡ ਦਿੱਤੀ। ਪਰ ਉਹ ਭਾਰਤੀ ਜੇਲ੍ਹਾਂ ਵਿੱਚ ਬੰਦ ਕੱਟੜਪੰਥੀਆਂ ਦੀ ਰਿਹਾਈ ਦੀ ਮੰਗ ਨੂੰ ਪੂਰਾ ਕਰਨ ਲਈ ਅੜੇ ਰਹੇ।

ਪੇਟ ਦੇ ਕੈਂਸਰ ਦੀ ਮਰੀਜ਼ ਸਿਮੋਨ ਬਰਾੜ ਦੀ ਸਿਹਤ ਜਹਾਜ਼ ਵਿਚ ਵਿਗੜਨ ਲੱਗੀ ਅਤੇ ਤਾਲਿਬਾਨ ਨੇ ਹਾਈਜੈਕਰਾਂ ਨਾਲ ਉਸ ਦੇ ਇਲਾਜ ਬਾਰੇ ਗੱਲ ਕੀਤੀ। ਇਕ ਪਾਸੇ ਤਾਲਿਬਾਨ ਨੇ ਜਹਾਜ਼ ਅਗਵਾ ਕਰਨ ਵਾਲਿਆਂ 'ਤੇ ਦਬਾਅ ਬਣਾਈ ਰੱਖਿਆ ਅਤੇ ਦੂਜੇ ਪਾਸੇ ਭਾਰਤ ਸਰਕਾਰ 'ਤੇ ਛੇਤੀ ਹੱਲ ਲਈ।

ਇੱਕ ਸਮੇਂ ਤਾਂ ਅਜਿਹਾ ਲੱਗ ਰਿਹਾ ਸੀ ਕਿ ਤਾਲਿਬਾਨ ਕੋਈ ਸਖ਼ਤ ਕਾਰਵਾਈ ਕਰ ਸਕਦਾ ਹੈ।

ਪਰ ਬਾਅਦ ਵਿੱਚ ਗ੍ਰਹਿ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਕਿਹਾ, "ਤਾਲਿਬਾਨ ਨੇ ਇਹ ਕਹਿ ਕੇ ਇੱਕ ਸਕਾਰਾਤਮਕ ਰਵੱਈਆ ਦਿਖਾਇਆ ਹੈ ਕਿ ਕੰਧਾਰ ਵਿੱਚ ਕੋਈ ਖੂਨ-ਖਰਾਬਾ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਉਹ ਹਾਈਜੈਕ ਕੀਤੇ ਗਏ ਜਹਾਜ਼ 'ਤੇ ਹਮਲਾ ਕਰ ਦੇਣਗੇ। ਇਸ ਨਾਲ ਹਾਈਜੈਕਰਾਂ ਨੂੰ ਆਪਣੀ ਮੰਗ ਤੋਂ ਪਿੱਛੇ ਹਟਣ ਲਈ ਮਜਬੂਰ ਹੋਣਾ ਪਿਆ।"

ਵਾਜਪਾਈ ਸਰਕਾਰ

ਹਾਲਾਂਕਿ ਜਹਾਜ਼ 'ਚ ਜ਼ਿਆਦਾਤਰ ਯਾਤਰੀ ਭਾਰਤੀ ਸਨ ਪਰ ਉਨ੍ਹਾਂ ਤੋਂ ਇਲਾਵਾ ਆਸਟ੍ਰੇਲੀਆ, ਬੈਲਜੀਅਮ, ਕੈਨੇਡਾ, ਫਰਾਂਸ, ਇਟਲੀ, ਜਾਪਾਨ, ਸਪੇਨ ਅਤੇ ਅਮਰੀਕਾ ਦੇ ਨਾਗਰਿਕ ਵੀ ਇਸ ਫਲਾਈਟ 'ਚ ਸਫ਼ਰ ਕਰ ਰਹੇ ਸਨ।

ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤਤਕਾਲੀ ਐੱਨਡੀਏ ਸਰਕਾਰ ਨੂੰ ਤਿੰਨ ਕੱਟੜਪੰਥੀਆਂ ਨੂੰ ਕੰਧਾਰ ਲੈ ਕੇ ਗਏ ਅਤੇ ਉੱਥੇ ਰਿਹਾਅ ਕਰਨਾ ਪਿਆ ਸੀ।

31 ਦਸੰਬਰ ਨੂੰ, ਸਰਕਾਰ ਅਤੇ ਅਗਵਾਕਾਰਾਂ ਵਿਚਕਾਰ ਹੋਏ ਸਮਝੌਤੇ ਤੋਂ ਬਾਅਦ, ਦੱਖਣੀ ਅਫ਼ਗਾਨਿਸਤਾਨ ਦੇ ਕੰਧਾਰ ਹਵਾਈ ਅੱਡੇ 'ਤੇ ਰੱਖੇ ਗਏ ਸਾਰੇ 155 ਬੰਧਕਾਂ ਨੂੰ ਰਿਹਾਅ ਕਰ ਦਿੱਤਾ ਗਿਆ ਸੀ।

ਇਹ ਡਰਾਮਾ ਉਦੋਂ ਖ਼ਤਮ ਹੋਇਆ ਜਦੋਂ ਵਾਜਪਾਈ ਸਰਕਾਰ ਨੇ ਭਾਰਤੀ ਜੇਲ੍ਹਾਂ ਵਿੱਚ ਬੰਦ ਕੁਝ ਕੱਟੜਪੰਥੀਆਂ ਨੂੰ ਰਿਹਾਅ ਕਰਨ ਲਈ ਸਹਿਮਤੀ ਦਿੱਤੀ।

ਉਸ ਸਮੇਂ ਦੀ ਅਟਲ ਬਿਹਾਰੀ ਵਾਜਪਾਈ ਸਰਕਾਰ ਦੇ ਵਿਦੇਸ਼ ਮੰਤਰੀ ਜਸਵੰਤ ਸਿੰਘ ਖੁਦ ਤਿੰਨ ਕੱਟੜਪੰਥੀਆਂ ਨੂੰ ਆਪਣੇ ਨਾਲ ਕੰਧਾਰ ਲੈ ਕੇ ਗਏ ਸਨ।

ਰਿਹਾਅ ਕੀਤੇ ਗਏ ਕੱਟੜਪੰਥੀਆਂ ਵਿੱਚ ਜੈਸ਼-ਏ-ਮੁਹੰਮਦ ਦੇ ਮੁਖੀ ਮੌਲਾਨਾ ਮਸੂਦ ਅਜ਼ਹਰ, ਅਹਿਮਦ ਜ਼ਰਗਰ ਅਤੇ ਸ਼ੇਖ ਅਹਿਮਦ ਉਮਰ ਸਈਦ ਸ਼ਾਮਲ ਹਨ।

ਸੁਰੱਖਿਆ ਦੀ ਗਾਰੰਟੀ

ਇਸ ਤੋਂ ਪਹਿਲਾਂ ਜਿਵੇਂ ਹੀ ਭਾਰਤ ਸਰਕਾਰ ਅਤੇ ਕੱਟੜਪੰਥੀਆਂ ਵਿਚਾਲੇ ਸਮਝੌਤਾ ਹੋਇਆ, ਤਾਲਿਬਾਨ ਨੇ ਉਨ੍ਹਾਂ ਨੂੰ ਦਸ ਘੰਟਿਆਂ ਦੇ ਅੰਦਰ ਅਫ਼ਗਾਨਿਸਤਾਨ ਛੱਡਣ ਦਾ ਅਲਟੀਮੇਟਮ ਦਿੱਤਾ ਸੀ।

ਸ਼ਰਤਾਂ ਮੰਨਣ ਤੋਂ ਬਾਅਦ ਕੱਟੜਪੰਥੀ ਹਥਿਆਰਾਂ ਸਮੇਤ ਹਵਾਈ ਜਹਾਜ਼ ਤੋਂ ਉਤਰ ਗਏ ਅਤੇ ਹਵਾਈ ਅੱਡੇ 'ਤੇ ਇੰਤਜ਼ਾਰ ਕਰ ਰਹੇ ਵਾਹਨਾਂ 'ਚ ਉੱਥੋਂ ਤੁਰ ਪਏ।

ਦੱਸਿਆ ਜਾਂਦਾ ਹੈ ਕਿ ਇੰਡੀਅਨ ਏਅਰਲਾਈਨਜ਼ ਦੇ ਜਹਾਜ਼ ਨੂੰ ਹਾਈਜੈਕ ਕਰਨ ਵਾਲੇ ਕੱਟੜਪੰਥੀਆਂ ਨੇ ਆਪਣੀ ਸੁਰੱਖਿਆ ਦੀ ਗਾਰੰਟੀ ਵਜੋਂ ਇੱਕ ਤਾਲਿਬਾਨ ਅਧਿਕਾਰੀ ਨੂੰ ਵੀ ਆਪਣੀ ਹਿਰਾਸਤ ਵਿੱਚ ਰੱਖਿਆ ਹੋਇਆ ਸੀ।

ਕੁਝ ਯਾਤਰੀਆਂ ਨੇ ਦੱਸਿਆ ਕਿ ਅਗਵਾਕਾਰਾਂ ਨੇ ਬੰਧਕ ਸੰਕਟ ਦੌਰਾਨ ਆਪਣੇ ਹੀ ਸਮੂਹ ਦੇ ਇੱਕ ਮੈਂਬਰ ਦਾ ਕਤਲ ਕਰ ਦਿੱਤਾ ਸੀ। ਹਾਲਾਂਕਿ ਕਿਸੇ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ।

ਠੀਕ ਅੱਠ ਦਿਨਾਂ ਬਾਅਦ, ਸਾਲ ਦੇ ਆਖ਼ਰੀ ਦਿਨ ਯਾਨੀ 31 ਦਸੰਬਰ ਨੂੰ, ਸਰਕਾਰ ਨੇ ਸਮਝੌਤੇ ਦਾ ਐਲਾਨ ਕੀਤਾ।

ਪ੍ਰਧਾਨ ਮੰਤਰੀ ਵਾਜਪਾਈ ਨੇ ਨਵੇਂ ਸਾਲ ਦੀ ਪੂਰਵ ਸੰਧਿਆ 'ਤੇ ਰਾਸ਼ਟਰ ਨੂੰ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਅਗਵਾਕਾਰਾਂ ਦੀਆਂ ਮੰਗਾਂ ਨੂੰ ਘੱਟ ਕਰਨ 'ਚ ਕਾਫੀ ਹੱਦ ਤੱਕ ਸਫ਼ਲ ਰਹੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)