You’re viewing a text-only version of this website that uses less data. View the main version of the website including all images and videos.
ਜਰਨੈਲ ਸਿੰਘ ਭਿੰਡਰਾਵਾਲੇ ਦੀ ਰਿਹਾਈ ਲਈ ਜਹਾਜ਼ ਅਗਵਾ ਕਰਨ ਵਾਲੇ ਗਜਿੰਦਰ ਸਿੰਘ ਦੀ ਮੌਤ ਹੋਈ, ਕੀ ਰਿਹਾ ਪਿਛੋਕੜ
ਦਲ ਖਾਲਸਾ ਜਥੇਬੰਦੀ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਪਾਰਟੀ ਦੇ ਸਰਪ੍ਰਸਤ ਗਜਿੰਦਰ ਸਿੰਘ ਦੀ ਮੌਤ ਹੋ ਚੁੱਕੀ ਹੈ।
ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਬਿੱਟੂ ਨੇ ਕਿਹਾ ਕਿ ਗਜਿੰਦਰ ਸਿੰਘ ਦੀ ਮੌਤ 3 ਜੁਲਾਈ ਨੂੰ ਹੋ ਗਈ ਸੀ।
ਉਨ੍ਹਾਂ ਨੇ ਕਿਹਾ ਕਿ ਗਜਿੰਦਰ ਸਿੰਘ ਨੇ ਪਿਛਲੇ 43 ਸਾਲ ‘ਜਲਾਵਤਨੀ’ ਵਿੱਚ ਗੁਜ਼ਾਰੇ ਹਨ।
ਦਲ ਖਾਲਸਾ ਸਿੱਖ ਜਥੇਬੰਦੀ ਦਾ ਗਠਨ 1978 ਵਿੱਚ ਹੋਇਆ ਸੀ ਅਤੇ ਇਹ ਵੱਖਰੇ ਸਿੱਖ ਰਾਜ 'ਖਾਲਿਸਤਾਨ' ਦੀ ਪ੍ਰਾਪਤੀ ਆਪਣਾ ਉਦੇਸ਼ ਦੱਸਦੀ ਰਹੀ ਹੈ।
ਗਜਿੰਦਰ ਸਿੰਘ 1981 ਵਿੱਚ ਜਰਨੈਲ ਸਿੰਘ ਭਿੰਡਰਾਵਾਲੇ ਦੀ ਰਿਹਾਈ ਲਈ ਜਹਾਜ਼ ਅਗਵਾ ਕਰਨ ਵਾਲੇ ਦਲ ਖਾਲਸਾ ਦੇ ਪੰਜ ਮੈਂਬਰਾਂ ਵਿੱਚੋਂ ਇੱਕ ਸਨ।
ਕੰਵਰਪਾਲ ਸਿੰਘ ਬਿੱਟੂ ਨੇ ਦੱਸਿਆ ਕਿ ਗਜਿੰਦਰ ਸਿੰਘ ਨੂੰ 3 ਸਾਲ ਪਹਿਲਾਂ ‘ਹਾਰਟ ਅਟੈਕ’ ਆਇਆ ਸੀ ਪਰ ਉਹ ਸਿਹਤਯਾਬ ਹੋ ਗਏ ਸਨ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਗਜਿੰਦਰ ਸਿੰਘ ਨੂੰ 28 ਜੂਨ ਨੂੰ ਫਿਰ ਦਿਲ ਦਾ ਦੌਰਾ ਪਿਆ ਸੀ ਇਸ ਤੋਂ ਬਾਅਦ ਉਨ੍ਹਾਂ ਨੂੰ ਕਿਸੇ ਅਣਦੱਸੀ ਥਾਂ ’ਤੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।
“ਇਸ ਮਗਰੋਂ 30 ਜੂਨ ਨੂੰ ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਹੋਇਆ ਸੀ, ਮੇਰੀ ਉਨ੍ਹਾਂ ਨਾਲ ਗੱਲ ਵੀ ਹੋਈ ਸੀ, ਉਨ੍ਹਾਂ ਨੂੰ ਡਾਕਟਰਾਂ ਨੇ ਬਾਈਪਾਸ ਸਰਜਰੀ ਦੀ ਸਲਾਹ ਦਿੱਤੀ ਸੀ, ਪਰ ਗਜਿੰਦਰ ਸਿੰਘ ਨੇ ਇਸ ਲਈ ਮਨ੍ਹਾ ਕਰ ਦਿੱਤਾ ਸੀ।”
ਦਲ ਖਾਲਸਾ ਆਗੂ ਨੇ ਅੱਗੇ ਦੱਸਿਆ, “ਉਨ੍ਹਾਂ ਦੀ ਧੀ ਬਿਕਰਮਜੀਤ ਕੌਰ ਯੂਕੇ ਤੋਂ 4 ਜੁਲਾਈ ਨੂੰ ਉੱਥੇ ਪਹੁੰਚੇ, ਅਤੇ 4 ਜੁਲਾਈ ਦੀ ਸ਼ਾਮ ਨੂੰ ਉਨ੍ਹਾਂ ਦਾ ਗੁਰਦੁਆਰਾ ਨਨਕਾਣਾ ਸਾਹਿਬ ਨੇੜਲੇ ਸ਼ਮਸ਼ਾਨ ਘਾਟ ਵਿੱਚ ਉਨ੍ਹਾਂ ਦਾ ਸਿੱਖ ਰਹੁ-ਰੀਤਾਂ ਅਨੁਸਾਰ ਸਸਕਾਰ ਕੀਤਾ ਗਿਆ।”
ਉਨ੍ਹਾਂ ਨੇ ਦੱਸਿਆ ਕਿ ਇਸ ਮੌਕੇ ਇਸ ਮੌਕੇ ਉਨ੍ਹਾਂ ਨੂੰ ਪਿਆਰ ਕਰਨ ਵਾਲੇ ਹੋਰ ਲੋਕ ਵੀ ਹਾਜ਼ਰ ਸਨ।
ਕੰਵਰਪਾਲ ਸਿੰਘ ਬਿੱਟੂ ਨੇ ਦੱਸਿਆ ਕਿ 1995 ਵਿੱਚ ਪਾਕਿਸਤਾਨ ਵਿੱਚ ਉਨ੍ਹਾਂ ਦੀ 14 ਸਾਲ ਸਜ਼ਾ ਮੁੱਕਣ ਮਗਰੋਂ ਉਨ੍ਹਾਂ ਨੇ ਉੱਥੇ ਹੀ ਰਹਿਣ ਦਾ ਫ਼ੈਸਲਾ ਲਿਆ ਸੀ।
ਉਨ੍ਹਾਂ ਨੇ ਕਿਹਾ ਕਿ ਗਜਿੰਦਰ ਸਿੰਘ ਨੂੰ ਭਾਰਤ ਸਰਕਾਰ ਵੱਲੋਂ ‘ਮੋਸਟ ਵਾਂਟਿਡ ਪਰਸਨਸ ਦੀ ਲਿਸਟ ਵਿੱਚ ਰੱਖਿਆ ਗਿਆ।’
ਉਨ੍ਹਾਂ ਨੇ ਕਿਹਾ ਕਿ ਆਉਂਦੇ ਦਿਨਾਂ ਵਿੱਚ ਗਜਿੰਦਰ ਸਿੰਘ ਦੀ ਯਾਦ ਵਿੱਚ ਸਮਾਗਮ ਵੀ ਕੀਤਾ ਜਾਵੇਗਾ।
ਕੰਵਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਯੂਕੇ ਰਹਿੰਦੇ ਹਨ ਅਤੇ ਗਜਿੰਦਰ ਸਿੰਘ ਦੀ ਪਤਨੀ ਦੀ ਜਰਮਨੀ ਵਿੱਚ ਮੌਤ ਹੋ ਗਈ ਸੀ ਜਦਕਿ ਉਨ੍ਹਾਂ ਦੇ ਦੋ ਭਰਾ ਅਤੇ ਇੱਕ ਭੈਣ ਚੰਡੀਗੜ੍ਹ ਰਹਿੰਦੇ ਹਨ।
ਕੰਵਰਪਾਲ ਸਿੰਘ ਨੇ ਕਿਹਾ ਕਿ ਗਜਿੰਦਰ ਸਿੰਘ ਕਵਿਤਾਵਾਂ ਵੀ ਲਿਖਦੇ ਸਨ।
ਕੰਵਰਪਾਲ ਸਿੰਘ ਨੇ ਕਿਹਾ ਕਿ ਗਜਿੰਦਰ ਸਿੰਘ ਆਪਣੇ ਫੇਸਬੁੱਕ ਅਕਾਊਂਟ ਉੱਤੇ ਕਵਿਤਾਵਾਂ ਅਤੇ ਹੋਰ ਆਪਣੇ ਵਿਚਾਰ ਸਾਂਝੇ ਕਰਦੇ ਰਹੇ ਹਨ, ਇਸੇ ਲਈ ਉਨ੍ਹਾਂ ਦਾ ਫੇਸਬੁੱਕ ਅਕਾਊਂਟ ਵੀ ਕਈ ਵਾਰ ਬਲੌਕ ਕੀਤਾ ਗਿਆ।
ਕੰਵਰਪਾਲ ਸਿੰਘ ਨੇ ਦੱਸਿਆ ਕਿ ਗਜਿੰਦਰ ਸਿੰਘ ਨੇ ਕਿਹਾ ਸੀ ਕਿ ਉਨ੍ਹਾਂ ਦੀਆਂ ਅਸਥੀਆਂ ਵੀ ਪਾਕਿਸਤਾਨ ਵਿੱਚ ਹੀ ਜਲ ਪ੍ਰਵਾਹ ਕੀਤੀਆਂ ਜਾਣ, ਉਨ੍ਹਾਂ ਦੇ ਨਮਿੱਤ ਅਖੰਡ ਪਾਠ ਦੇ ਭੋਗ ਦਾ ਸਮਾਗਮ 8 ਜੁਲਾਈ ਨੂੰ ਨਨਕਾਣਾ ਸਾਹਿਬ ਵਿਖੇ ਹੋਵੇਗਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਦੁੱਖ ਜ਼ਾਹਰ ਕੀਤਾ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਆਪਣੇ ਐਕਸ ਅਕਾਊਂਟ ਉੱਤੇ ਗਜਿੰਦਰ ਸਿੰਘ ਦੀ ਮੌਤ ਉੱਤੇ ਦੁੱਖ ਜ਼ਾਹਰ ਕੀਤਾ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਅਧਿਕਾਰਤ ਬਿਆਨ ਵਿੱਚ ਲਿਖਿਆ, “ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿਚ ਦਲ ਖਾਲਸਾ ਦੀ ਸਥਾਪਨਾ ਕਰਨ ਵਾਲੇ ਮੋਹਰੀ ਪੰਚਾਂ ਵਿੱਚੋਂ ਭਾਈ ਗਜਿੰਦਰ ਸਿੰਘ ਦੇ ਅਕਾਲ ਚਲਾਣੇ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਗਈ।”
“ਇਸ ਸਬੰਧੀ ਪਾਸ ਕੀਤੇ ਗਏ ਮਤੇ ਵਿਚ ਕਿਹਾ ਗਿਆ ਕਿ ਲੰਬਾ ਸਮਾਂ ਜਲਾਵਤਨ ਰਹਿਣ ਵਾਲੇ ਭਾਈ ਗਜਿੰਦਰ ਸਿੰਘ ਦੇ ਸੰਘਰਸ਼ਮਈ ਜੀਵਨ ਅਤੇ ਕੁਰਬਾਨੀ ਲਈ ਸ਼੍ਰੋਮਣੀ ਕਮੇਟੀ ਸਤਿਕਾਰ ਭੇਟ ਕਰਦੀ ਹੈ।”
ਗਜਿੰਦਰ ਸਿੰਘ ਦਾ ਪਿਛੋਕੜ
ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨੇ ਗਜਿੰਦਰ ਸਿੰਘ ਬਾਰੇ ਆਪਣੇ ਬਲੌਗ ਵਿੱਚ ਲਿਖਿਆ ਸੀ ਕਿ ਗਜਿੰਦਰ ਸਿੰਘ ਚੰਡੀਗੜ੍ਹ ਵਿੱਚ ਰਹਿੰਦੇ ਸਨ ਅਤੇ ਸ਼ੁਰੂਆਤੀ ਦਿਨਾਂ 'ਚ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਰਗਰਮ ਮੈਂਬਰ ਸਨ।
ਜਗਤਾਰ ਸਿੰਘ ਨੇ ਲਿਖਿਆ ਕਿ ਇੱਕ ਵਾਰ ਉਨ੍ਹਾਂ ਨੇ ਚੰਡੀਗੜ੍ਹ-ਅੰਬਾਲਾ ਰੋਡ ਉੱਤੇ ਡੇਰਾਬਸੀ ਵਿੱਚ ਹੋਈ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਰੈਲੀ ਦੌਰਾਨ ਨਾਅਰੇਬਾਜ਼ੀ ਕੀਤੀ ਸੀ।
29 ਸਤੰਬਰ,1981 ਨੂੰ ਗਜਿੰਦਰ ਸਿੰਘ ਨੇ ਦਲ ਖਾਲਸਾ ਦੇ ਆਪਣੇ 4 ਹੋਰ ਸਾਥੀਆਂ ਨਾਲ ਮਿਲਕੇ ਭਾਰਤੀ ਹਵਾਈ ਜਹਾਜ਼ ਨੂੰ ਅਗਵਾ ਕਰ ਲਿਆ ਸੀ।
ਦਲ ਖਾਲਸਾ ਦੇ ਦਾਅਵੇ ਮੁਤਾਬਕ ਗਜਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਇਹ ਵਾਰਦਾਤ ਦਮਦਮੀ ਟਕਸਾਲ ਦੇ ਤਤਕਾਲੀ ਮੁਖੀ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਪੰਜਾਬ ਪੁਲਿਸ ਦੀ ਹਿਰਾਸਤ ਵਿੱਚੋਂ ਰਿਹਾਅ ਕਰਵਾਉਣ ਅਤੇ ਖਾਲਿਸਤਾਨ ਲਹਿਰ ਨੂੰ ਕੌਮਾਂਤਰੀ ਪੱਧਰ ਉੱਤੇ ਉਭਾਰਨ ਲਈ ਅੰਜਾਮ ਦਿੱਤੀ ਸੀ।
ਉਦੋਂ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ 20 ਸਤੰਬਰ 1981 ਨੂੰ ਮੀਡੀਆ ਅਦਾਰੇ ਹਿੰਦ ਸਮਾਚਾਰ ਗਰੁੱਪ ਦੇ ਮਾਲਕ ਲਾਲ ਜਗਤ ਨਰਾਇਣ ਦੇ ਕਤਲ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਦਲ ਖਾਲਸਾ ਮੁਤਾਬਕ ਗਜਿੰਦਰ ਸਿੰਘ ਨਾਲ ਜਹਾਜ਼ ਅਗਵਾ ਕਰਨ ਵਾਲੇ ਦੂਜੇ ਵਿਅਕਤੀਆਂ ਵਿੱਚ ਸਤਿਨਾਮ ਸਿੰਘ, ਤੇਜਇੰਦਰਪਾਲ ਸਿੰਘ, ਜਸਬੀਰ ਸਿੰਘ, ਕਰਨ ਸਿੰਘ ਸ਼ਾਮਲ ਸਨ।
ਉਹ ਅਗਵਾ ਕਰਕੇ ਇਸ ਨੂੰ ਪਾਕਿਸਤਾਨ ਲੈ ਗਏ ਸਨ, ਜਿੱਥੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਇਨ੍ਹਾਂ ਨੂੰ ਇੱਥੇ 14 ਸਾਲ ਕੈਦ ਦੀ ਸਜ਼ਾ ਹੋਈ ਸੀ ਅਤੇ ਇਨ੍ਹਾਂ ਪੰਜਾਂ ਨੇ ਪੂਰੀ ਕੈਦ ਕੱਟੀ ਅਤੇ ਨਵੰਬਰ 1994 ਵਿੱਚ ਰਿਹਾਅ ਹੋਏ ਸਨ।
ਸਤਿਨਾਮ ਸਿੰਘ ਅਤੇ ਤੇਜਇੰਦਰਪਾਲ ਸਿੰਘ ਦੋਵੇਂ 1999 ਵਿੱਚ ਕ੍ਰਮਵਾਰ ਅਮਰੀਕਾ ਅਤੇ ਕੈਨੇਡਾ ਤੋਂ ਡਿਪੋਰਟ ਕੀਤੇ ਜਾਣ ਤੋਂ ਬਾਅਦ ਭਾਰਤ ਆ ਗਏ ਸਨ।
ਜਸਬੀਰ ਸਿੰਘ ਅਤੇ ਕਰਨ ਸਿੰਘ ਦੋਵੇਂ ਸਵਿੱਟਜਰਲੈਂਡ ਚਲੇ ਗਏ ਸਨ, ਜਿੱਥੇ ਉਨ੍ਹਾਂ ਨੂੰ ਸਿਆਸੀ ਸ਼ਰਨ ਮਿਲੀ ਸੀ।