ਇੱਕ ਸਾਲ ਤੱਕ ਪੁਲਿਸ ਵਾਲੀ ਬਣ ਕੇ ਰਹੀ, ਭਾਸ਼ਣ ਵੀ ਦਿੰਦੀ ਰਹੀ, ਫਿਰ ਕਿਵੇਂ 'ਲਾੜੇ' ਨੇ ਲਗਵਾਈ ਹੱਥਕੜੀ

    • ਲੇਖਕ, ਅਮਰੇਂਦਰ ਯਰਲਾਗੱਡਾ
    • ਰੋਲ, ਬੀਬੀਸੀ ਪੱਤਰਕਾਰ

“ਔਰਤਾਂ ਕੁਝ ਹਾਸਲ ਕਰਨ ਲਈ ਬਾਹਰ ਨਿਕਲਦੀਆਂ ਹਨ...” ਇਹ ਵਾਕ ਹਨ ਉਸ ਮਹਿਲਾ ਦੇ ਇੱਕ ਭਾਸ਼ਣ ਦੇ ਜੋ ਇੱਕ ਸਾਲ ਤੱਕ ਨਕਲੀ ਪੁਲਿਸ ਮੁਲਾਜ਼ਮ ਬਣਕੇ ਘੁੰਮਦੀ ਰਹੀ।

ਕੁਝ ਦਿਨ ਪਹਿਲਾਂ ਮਾਲਵਿਕਾ ਨਾਮ ਦੀ ਔਰਤ ਨੂੰ ਹੈਦਰਾਬਾਦ ਦੇ ਸਿਕੰਦਰਾਬਾਦ ਰੇਲਵੇ ਪੁਲਿਸ ਨੇ ਗ੍ਰਿਫ਼ਤਾਰ ਕੀਤਾ।

ਮਾਲਵਿਕਾ ਆਪਣੇ ਆਪ ਨੂੰ ਰੇਲਵੇ ਪੁਲਿਸ ਦੀ ਮੁਲਾਜ਼ਮ ਦੱਸ ਕੇ ਇੱਕ ਸਾਲ ਤੋਂ ਵੀ ਵੱਧ ਸਮੇਂ ਤੱਕ ਲੋਕਾਂ ਨੂੰ ਧੋਖਾ ਦੇ ਰਹੀ ਸੀ।

ਮਾਲਵਿਕਾ ਤੇਲੰਗਾਨਾ ਦੇ ਨਲਗੋਂਡਾ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਪੂਰੇ ਸਾਲ ਉਹ ਹਰ ਥਾਂ ਪੁਲਿਸ ਦੀ ਵਰਦੀ ਵਿੱਚ ਜਾਂਦੀ ਸੀ ਅਤੇ ਇੱਕ ਪੁਲਿਸ ਮੁਲਾਜ਼ਮ ਦੇ ਵਾਂਗ ਵਿਹਾਰ ਕਰਦੀ ਸੀ

ਉਹ ਰੇਲਵੇ ਵਿੱਚ ਚੈਕਿੰਗ ਕਰਦੀ ਸੀ, ਰਿਸ਼ਤੇਦਾਰਾਂ ਦੇ ਘਰ ਅਤੇ ਮੰਦਿਰਾਂ ਤੋਂ ਇਲਾਵਾ ਸਮਾਗਮਾਂ ਵਿੱਚ ਵੀ ਪੁਲਿਸ ਦੀ ਵਰਦੀ ਪਾ ਕੇ ਸਾਰਿਆਂ ਦੇ ਸਾਹਮਣਾ ਦਿਖਾਵਾ ਕਰਦੀ ਸੀ।

ਪਰ ਜਦੋਂ ਮਾਲਵਿਕਾ ਨੇ ਆਪਣੇ ਵਿਆਹ ਦੇ ਸਮਾਗਮ ਵਿੱਚ ਵੀ ਪੁਲਿਸ ਦੀ ਵਰਦੀ ਪਾਈ ਤਾਂ ਮਾਲਵਿਕਾ ਦੇ ਹੋਣ ਵਾਲੇ ਘਰਵਾਲੇ ਨੂੰ ਸ਼ੱਕ ਹੋ ਗਿਆ ਅਤੇ ਉਸ ਦਾ ਭੇਤ ਸਾਰਿਆਂ ਦੇ ਸਾਹਮਣੇ ਖੁੱਲ੍ਹ ਗਿਆ।

ਮਾਲਵਿਕਾ ਆਪਣੇ ਇੰਸਟਾਗ੍ਰਾਮ ਉੱਤੇ ਵੀ ਵਰਦੀ ਵਿੱਚ ਹੋਰਾਂ ਲੋਕਾਂ ਨਾਲ ਆਪਣੀਆਂ ਤਸਵੀਰਾਂ ਅਤੇ ਰੀਲਸ ਪਾਉਂਦੀ ਸੀ।

ਉਸ ਨੂੰ ਇੱਕ ਸੰਸਥਾ ਵੱਲੋਂ ਮਹਿਲਾ ਦਿਵਸ ਉੱਤੇ ਸਨਮਾਨਿਤ ਵੀ ਕੀਤਾ ਗਿਆ ਸੀ।

ਪਰ ਉਹ ਕਰੀਬ ਇੱਕ ਸਾਲ ਤੱਕ ਖ਼ਾਕੀ ਵਰਦੀ ਪਾ ਕੇ ਆਪਣੇ ਆਪ ਨੂੰ ਮੁਲਾਜ਼ਮ ਦੱਸ ਕੇ ਘੁੰਮਦੀ ਰਹੀ ਪਰ ਉਸ ਦਾ ਭੇਤ ਜ਼ਾਹਰ ਕਿਉਂ ਨਹੀਂ ਹੋਇਆ?

ਅਸਲ ਵਿੱਚ ਕੀ ਹੋਇਆ?

ਇਹ ਔਰਤ ਜਦਾਲਾ ਮਾਲਵਿਕਾ ਨਲਗੋਂਡਾ ਜ਼ਿਲ੍ਹੇ ਦੇ ਨਰਕਟਪੱਲੀ ਦੇ ਜਦਾਲਾ ਯਾਦੈਯਾ ਦੀ ਧੀ ਹੈ।

ਪੁਲਿਸ ਮੁਲਾਜ਼ਮ ਬਣਨਾ ਮਾਲਵਿਕਾ ਦਾ ਬਚਪਨ ਦਾ ਸੁਪਨਾ ਸੀ, ਉਨ੍ਹਾਂ ਦੇ ਮਾਪੇ ਵੀ ਇਹੀ ਚਾਹੁੰਦੇ ਸੀ ਕਿ ਉਹ ਇੱਕ ਪੁਲਿਸ ਮੁਲਾਜ਼ਮ ਬਣਨ।

ਮਾਲਵਿਕਾ ਨੇ ਨਿਜ਼ਾਮ ਕਾਲਜ ਤੋਂ ਐੱਮਐੱਸਸੀ ਦੀ ਪੜ੍ਹਾਈ ਪੂਰੀ ਕੀਤੀ ਸੀ ।

2018 ਵਿੱਚ ਉਨ੍ਹਾਂ ਰੇਲਵੇ ਪੁਲਿਸ (ਆਰਪੀਐੱਫ਼) ਵਿੱਚ ਐੱਸਆਈ(ਸਬ ਇੰਸਪੈਕਟਰ) ਦੇ ਅਹੁਦੇ ਦੇ ਲਈ ਅਰਜ਼ੀ ਦਿੱਤੀ।

ਅੱਖਾਂ ਨਾਲ ਸਬੰਧਤ ਦਿੱਕਤ ਕਾਰਨ ਉਹ ਇਸ ਲਈ ਸਰੀਰਕ ਪ੍ਰੀਖਿਆ ਪਾਸ ਨਹੀਂ ਕਰ ਸਕੇ ਅਤੇ ਲਿਖਤੀ ਪ੍ਰੀਖਿਆ ਵਿੱਚ ਨਹੀਂ ਬੈਠੇ।

ਪਰ ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਦੇ ਲੋਕਾਂ ਨੂੰ ਲੱਗਾ ਕਿ ਮਾਲਵਿਕਾ ਨੇ ਇਹ ਪ੍ਰੀਖਿਆ ਪਾਸ ਕਰ ਲਈ ਹੈ ਅਤੇ ਛੇਤੀ ਹੀ ਉਨ੍ਹਾਂ ਨੂੰ ਨੌਕਰੀ ਮਿਲ ਜਾਵੇਗੀ।

ਰੇਲਵੇ ਪੁਲਿਸ ਅਫ਼ਸਰ ਐੱਸਪੀ ਸ਼ੇਖ ਸਲੀਮਾ ਨੇ ਬੀਬੀਸੀ ਨੂੰ ਦੱਸਿਆ, “ਉਹ ਸਰੀਰਕ ਪ੍ਰੀਖਿਆ ਵਿੱਚ ਪਾਸ ਨਹੀਂ ਹੋ ਸਕੀ, ਇਸ ਲਈ ਉਸ ਨੇ ਲਿਖ਼ਤੀ ਪ੍ਰੀਖਿਆ ਨਹੀਂ ਦਿੱਤੀ, ਪਰ ਉਸ ਨੇ ਆਪਣੇ ਮਾਪਿਆਂ ਨੂੰ ਦੱਸਿਆ ਸੀ ਕਿ ਉਸ ਨੂੰ ਪਿਛਲੇ ਸਾਲ ਨੌਕਰੀ ਮਿਲ ਗਈ ਸੀ।”

ਉਨ੍ਹਾਂ ਨੇ ਅੱਗੇ ਦੱਸਿਆ, “ਉਹ ਲੋਕਾਂ ਨੂੰ ਕਹਿੰਦੀ ਸੀ ਕਿ ਉਸ ਨੂੰ ਤਕਨੀਕੀ ਦਿੱਕਤਾਂ ਕਰਕੇ ਤਨਖ਼ਾਹ ਨਹੀਂ ਮਿਲ ਰਹੀ ਸੀ ਪਰ ਉਸ ਨੂੰ ਛੇਤੀ ਹੀ ਤਨਖ਼ਾਹ ਮਿਲਣ ਲੱਗ ਜਾਵੇਗੀ।”

ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਮਾਲਵਿਕਾ ਇੱਕ ਸਾਲ ਤੋਂ ਪੁਲਿਸ ਮੁਲਾਜ਼ਮ ਬਣ ਕੇ ਘੁੰਮਦੀ ਰਹੀ।

ਪੁਲਿਸ ਦੇ ਮੁਤਾਬਕ ਉਸ ਨੇ ਰੇਲੇਵੇ ਪੁਲਿਸ ਸਬ ਇੰਸਪੈਕਟਰ ਦੀ ਵਰਦੀ ਕਿਹੋ ਜਿਹੀ ਹੁੰਦੀ ਹੈ ਇਸ ਬਾਰੇ ਜਾਣਕਾਰੀ ਹਾਸਲ ਕੀਤੀ।

ਉਨ੍ਹਾਂ ਨੇ ਹੈਦਰਾਬਾਦ ਦੇ ਐਲਬੀ ਨਗਰ ਤੋਂ ਪੁਲਿਸ ਦੀ ਵਰਦੀ ਸਵਾਈ।

ਉਹ ਦੱਸਦੇ ਹਨ, “ਇਸ ਮਗਰੋਂ ਉਨ੍ਹਾਂ ਨੇ ਆਰਪੀਐੱਫ ਦਾ ਚਿੰਨ੍ਹ, ਵਰਦੀ ਉੱਤੇ ਲੱਗਣ ਵਾਲੇ ਤਾਰੇ, ਮੋਢਿਆਂ ਉੱਤੇ ਲੱਗਣ ਵਾਲੇ ਤਾਰੇ, ਬੈਲਟ ਅਤੇ ਬੂਟ ਸਿਕੰਦਰਾਬਾਦ ਤੋਂ ਖਰੀਦੇ।”

ਪੁਲਿਸ ਨੇ ਦੱਸਿਆ ਕਿ ਇਸ ਮਗਰੋਂ ਉਸ ਨੇ ਇੱਕ ਨਕਲੀ ਆਈਡੀਕਾਰਡ ਬਣਵਾਇਆ ਜਿਸ ਵਿੱਚ ਇਹ ਲਿਖਿਆ ਸੀ ਕਿ ਉਸ ਨੂੰ ਪੁਲਿਸ ਦੀ ਵਿਸਾਖਾ ਡਿਵੀਜ਼ਨ ਵਿੱਚ ਨੌਕਰੀ ਮਿਲ ਗਈ ਹੈ।

ਪੁਲਿਸ ਮੁਤਾਬਕ ਮਾਲਵਿਕਾ ਨਲਗੋਂਡਾ-ਸਿਕੰਦਰਾਬਾਦ ਸੜਕ ਉੱਤੇ ਅੰਡਰਕਵਰ ਸਬ ਇੰਸਪੈਕਟਰ ਬਣਕੇ ਘੁੰਮਦੀ ਰਹੀ।

ਮਾਲਵਿਕਾ ਨੇ 3 ਜਨਵਰੀ 2019 ਨੂੰ ਨਕਲੀ ਪਛਾਣ ਪੱਤਰ ਬਣਵਾਇਆ ਸੀ, ਜਿਸ ਉੱਤੇ ਲਿਖਿਆ ਸੀ ਮਾਲਵਿਕਾ, ਸਬ ਇੰਸਪੈਕਟਰ।

ਇਹ ਯੂਨੀਕ ਨੰਬਰ ਵਾਲਾ ਆਈਡੀ ਕਾਰਡ ਸੀ, ਇਸ ਦੇ ਪਿੱਛੇ ਉਸ ਦਾ ਬਲੱਡ ਗਰੁੱਪ ਅਤੇ ਘਰ ਦਾ ਪਤਾ ਲਿਖਿਆ ਸੀ।

ਮਹਿਲਾ ਦਿਵਸ ਉੱਤੇ ਸਨਮਾਨ ਵੀ ਹੋਇਆ

ਮਾਲਵਿਕਾ ਨੇ 8 ਮਾਰਚ ਨੂੰ ਨਲਗੋਂਡਾ ਵਿੱਚ ਐੱਮਈਐੱਫ ਸੰਸਥਾ ਵੱਲੋਂ ਕਰਵਾਏ ਗਏ ਮਹਿਲਾ ਦਿਵਸ ਸਮਾਗਮ ਵਿੱਚ ਵੀ ਹਿੱਸਾ ਲਿਆ ਸੀ, ਉਹ ਉਸ ਸਮਾਗਮ ਵਿੱਚ ਪੁਲਿਸ ਦੀ ਵਰਦੀ ਵਿੱਚ ਵੀ ਸ਼ਾਮਲ ਹੋਈ ਸੀ।

ਸੰਸਥਾ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਸੀ।

ਪੁਲਿਸ ਨੂੰ ਪਤਾ ਲੱਗਾ ਸੀ ਕਿ ਮਾਲਵਿਕਾ ਰੇਲਵੇ ਵਿੱਚ ਚੈਕਿੰਗ ਕਰ ਰਹੀ ਸੀ। ਉਹ ਪਾਲਨਾਡੂ ਐਕਸਪ੍ਰੈੱਸ ਰੇਲ ਦੀ ਚੈਕਿੰਗ ਕਰਦੀ ਸੀ।

ਇੱਥੇ ਭਾਸ਼ਣ ਦਿੰਦਿਆਂ ਉਨ੍ਹਾਂ ਨੇ ਕਿਹਾ ਸੀ, "ਇੱਕ ਔਰਤ ਕੁਝ ਹਾਸਲ ਕਰਨ ਲਈ ਘਰ ਛੱਡਦੀ ਹੈ, ਮੇਰੀ ਪਤਨੀ ਇਹ ਕਰੇਗੀ... ਮੇਰੀ ਧੀ ਇਹ ਕਰੇਗੀ... ਭਰੋਸੇ ਨਾਲ ਭੇਜੋ... ਉਹਨਾਂ ਨੂੰ ਆਜ਼ਾਦੀ ਦਿਓ... ਉਹਨਾਂ ਨੂੰ ਸਮਾਜ ਵਿੱਚ ਅੱਗੇ ਵਧਣ ਦਿਓ" ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਦਾ ਵੀਡੀਓ ਵਾਇਰਲ ਹੋ ਰਿਹਾ ਹੈ।

ਕਿਵੇਂ ਬਚਦੀ ਰਹੀ

ਇੱਕ ਸਾਲ ਤੋਂ ਉਹ ਨਕਲੀ ਪੁਲਿਸ ਵਾਲੀ ਬਣ ਕੇ ਚੈਕਿੰਗ ਕਰਦੀ ਰਹੀ ਅਤੇ ਕਿਸੇ ਨੂੰ ਪਤਾ ਕਿਵੇਂ ਨਹੀਂ ਲੱਗਾ ਇਸ ਦੇ ਕਾਰਨ ਬਾਰੇ ਬਾਰੇ ਐੱਸਪੀ ਸਲੀਮਾ ਸ਼ੇਖ ਨੇ ਦੱਸਿਆ।

ਪੁਲਿਸ ਨੇ ਦੱਸਿਆ, “ਉਹ ਜਦੋਂ ਵੀ ਕਿਸੇ ਪੁਲਿਸ ਮੁਲਾਜ਼ਮ ਨੂੰ ਆਉਂਦਿਆਂ ਦੇਖਦੀ ਤਾਂ ਉਹ ਜੈਕਟ ਪਾ ਲੈਂਦੀ ਸੀ, ਇਸ ਲਈ ਪੁਲਿਸ ਦੀ ਵਰਦੀ ਵਿੱਚ ਹੋਣ ਦੇ ਬਾਵਜੂਦ ਕੋਈ ਵੀ ਉਸ ਨੂੰ ਪਛਾਣਦਾ ਨਹੀਂ ਸੀ। ਨਾਲ ਹੀ ਕਿਸੇ ਨੂੰ ਨਹੀਂ ਪਤਾ ਸੀ ਕਿ ਉਹ ਕਿਹੜੇ ਰੇਲਵੇ ਸਟੇਸ਼ਨ ਉੱਤੇ ਡਿਊਟੀ ਉੱਤੇ ਸੀ।”

ਉਨ੍ਹਾਂ ਨੇ ਅੱਗੇ ਦੱਸਿਆ ਕਿ ਹੋ ਸਕਦਾ ਹੈ ਕਿ ਉਹ ਕਿਸੇ ਛੋਟੇ ਰੇਲਵੇ ਸਟੇਸ਼ਨ ਉੱਤੇ ਰੁਕ ਰਹੀ ਹੋਵੇ, “ਅਜਿਹੀ ਸੰਭਾਵਨਾ ਸੀ ਕਿ ਵੱਡੇ ਰੇਲਵੇ ਸਟੇਸ਼ਨ ਉੱਤੇ ਅਸਲੀ ਮੁਲਾਜ਼ਮ ਹੋਣਗੇ, ਇਸ ਲਈ ਉਨ੍ਹਾਂ ਨੇ ਛੋਟਾ ਸਟੇਸ਼ਨ ਚੁਣਿਆ ਹੋਵੇਗਾ।”

ਇਸ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਉਨ੍ਹਾਂ ਨੇ ਕਿਸੇ ਨੂੰ ਧੋਖਾ ਦਿੱਤਾ ਹੈ ਜਾਂ ਨਹੀਂ।

ਮਾਲਵਿਕਾ ਜਿੱਥੇ ਵੀ ਜਾਵੇ ਉਹ ਪੁਲਿਸ ਦੀ ਵਰਦੀ ਵਿੱਚ ਜਾਂਦੀ ਸੀ।

ਉਹ ਮੰਦਿਰ ਵਿੱਚ ਪੁਲਿਸ ਦੀ ਵਰਦੀ ਪਾ ਕੇ ਜਾਂਦੀ ਸੀ, ਉੱਥੇ ਉਸ ਲਈ ਖ਼ਾਸ ਪੂਜਾ ਵੀ ਹੋਈ ਸੀ। ਉਹ ਆਪਣੇ ਰਿਸ਼ਤੇਦਾਰਾਂ ਦੇ ਵਿਆਹਾਂ ਵਿੱਚ ਵੀ ਵਰਦੀ ਪਾ ਕੇ ਜਾਂਦੀ ਸੀ।

ਪੁਲਿਸ ਮੁਤਾਬਕ ਉਹ ਅਜਿਹਾ ਵਿਹਾਰ ਕਰਦੀ ਸੀ ਜਿਵੇਂ ਉਸ ਨੂੰ ਬਹੁਤ ਕੰਮ ਹੋਣ ਅਤੇ ਉਹ ਸਿੱਧਾ ਆਪਣੀ ਡਿਊਟੀ ਤੋਂ ਹੀ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਪਹੁੰਚੀ ਹੈ।

ਉਹ ਰੇਲਵੇ ਵਿੱਚ ਚੈਕਿੰਗ ਕਰਨ ਦੇ ਨਾਮ ਉੱਤੇ ਮੁਫ਼ਤ ਵਿੱਚ ਘੁੰਮਦੀ ਸੀ। ਉਹ ਵਰਦੀ ਵਿੱਚ ਰੀਲ ਬਣਾ ਕੇ ਇੰਸਟਾਗ੍ਰਾਮ ਉੱਤੇ ਪੋਸਟ ਕਰਦੀ ਸੀ। ਉਨ੍ਹਾਂ ਨੇ ਇੰਸਟਾਗ੍ਰਾਮ ਉੱਤੇ ਮਸ਼ਹੂਰ ਸ਼ਖ਼ਸੀਅਤਾਂ ਨਾਲ ਆਪਣੀ ਤਸਵੀਰਾਂ ਵੀ ਪਾਈਆਂ ਸਨ।

ਕਿਵੇਂ ਫੜੀ ਗਈ?

ਮਾਰਚ ਦੇ ਪਹਿਲੇ ਹਫ਼ਤੇ ਵਿੱਚ ਮਾਲਵਿਕਾ ਦੀ ਨਾਰਕੇ ਟਪੱਲੀ ਦੇ ਰਹਿਣ ਵਾਲੇ ਇੱਕ ਨੌਜਵਾਨ ਨਾਲ ਮੰਗਣੀ ਹੋ ਗਈ। ਹੋਣ ਵਾਲਾ ਲਾੜਾ ਆਈਟੀ ਸੈਕਟਰ ਵਿੱਚ ਕੰਮ ਕਰਦਾ ਸੀ।

ਜਦੋਂ ਮਾਲਵਿਕਾ ਆਪਣੀ ਮੰਗਣੀ ਉੱਤੇ ਵੀ ਪੁਲਿਸ ਦੀ ਵਰਦੀ ਪਾ ਕੇ ਪਹੁੰਚ ਗਈ ਤਾਂ ਇਸ ਨਾਲ ਉਨ੍ਹਾਂ ਦੇ ਹੋਣ ਵਾਲੇ ਪਤੀ ਨੂੰ ਸ਼ੱਕ ਹੋ ਗਿਆ।

ਜਿਸ ਮਗਰੋਂ ਪੂਰਾ ਮਾਮਲਾ ਸਾਹਮਣੇ ਆਇਆ।

ਬੀਬੀਸੀ ਨਾਲ ਗੱਲ ਕਰਦਿਆਂ ਐੱਸਪੀ ਸਲੀਮਾ ਸ਼ੇਖ ਨੇ ਦੱਸਿਆ, “ਇਸ ਤੋਂ ਬਾਅਦ, ਪੁਲਿਸ ਨੇ ਰੇਲਵੇ ਪੁਲਿਸ ਕੋਲੋਂ ਜਾਣਕਾਰੀ ਹਾਸਲ ਕੀਤੀ ਕਿ ਮਾਲਵਿਕਾ ਨਾਮ ਦੀ ਕੋਈ ਮਹਿਲਾ ਉਨ੍ਹਾਂ ਦੀ ਮੁਲਾਜ਼ਮ ਹੈ।”

ਇਸ ਮਗਰੋਂ ਪਤਾ ਲੱਗਾ ਕਿ ਇਸ ਨਾਮ ਦੀ ਕੋਈ ਮਹਿਲਾ ਮੁਲਾਜ਼ਮ ਨਹੀਂ ਹੈ।

ਉਨ੍ਹਾਂ ਨੇ ਅੱਗੇ ਦੱਸਿਆ, “ਪੁਲਿਸ ਦੀ ਸਪੈਸ਼ਲ ਬਰਾਂਚ ਨੇ 10 ਦਿਨਾਂ ਤੱਕ ਮਾਲਵਿਕਾ ਉੱਤੇ ਨਜ਼ਰ ਰੱਖੀ, ਇਸ ਬਾਰੇ ਗੁਪਤ ਜਾਣਕਾਰੀ ਆਰਪੀਐੱਫ ਦੇ ਡੀਜੀਪੀ ਨੂੰ ਦਿੱਤੀ ਗਈ ਜਿਸ ਮਗਰੋਂ ਸਿਕੰਦਰਾਬਾਦ ਦੀ ਜੀਆਰਪੀ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।”

ਪੁਲਿਸ ਨੇ 19 ਮਾਰਚ ਨੂੰ ਉਸ ਨੂੰ ਉਦੋਂ ਗ੍ਰਿਫ਼ਤਾਰ ਕੀਤਾ ਜਦੋਂ ਉਹ ਉਹ ਨਲਗੋਂਡਾ ਰੇਲਵੇ ਸਟੇਸ਼ਨ ਉੱਤੇ ਚੈਕਿੰਗ ਦੀ ਤਿਆਰੀ ਕਰ ਰਹੀ ਸੀ।

ਮਾਲਵਿਕਾ ਉੱਤੇ ਭਾਰਤੀ ਦੰਡਾਵਲੀ ਦੀ ਧਾਰਾ 170, 419, ਅਤੇ 420 ਦੇ ਤਹਿਤ ਪਰਚਾ ਦਰਜ ਕੀਤਾ ਗਿਆ ਹੈ।

ਉਸ ਦੀ ਸਵਾਈ ਹੋਈ ਵਰਦੀ, ਆਰਪੀਐੱਫ ਦਾ ਲੋਗੋ, ਮੋਢਿਆਂ ਉੱਤੇ ਲੱਗਣ ਵਾਲੇ ਤਾਰੇ, ਨਾਂ ਵਾਲੀ ਪਲੇਟ, ਬੂਟ ਵੀ ਜ਼ਬਤ ਕਰ ਲਏ ਗਏ, ਉਸ ਦਾ ਆਈਕਾਰਡ ਵੀ ਜ਼ਬਤ ਕਰ ਲਿਆ ਗਿਆ।

ਸਲੀਮਾ ਅੱਗੇ ਦੱਸਦੇ ਹਨ, “ਉਸ ਵਿੱਚ ਬਹੁਤ ਆਤਮ ਵਿਸ਼ਵਾਸ ਸੀ, ਉਸ ਦੀ ਬੋਲਬਾਣੀ ਜਾਂ ਰੰਗ ਢੰਗ ਪੁਲਿਸ ਮੁਲਾਜ਼ਮ ਵਰਗੇ ਨਹੀਂ ਸਨ, ਰੇਲਵੇ ਪੁਲਿਸ ਵਿੱਚ 10 ਲੱਖ ਮੁਲਾਜ਼ਮ ਹਨ।”

ਨਕਲੀ ਮੁਲਾਜ਼ਮ ਫੜੇ ਜਾਣ ਵਾਲੇ ਮਾਮਲੇ

ਪਹਿਲਾਂ ਵੀ ਕਈ ਫਰਜ਼ੀ ਪੁਲਿਸ ਅਫਸਰ ਫੜੇ ਜਾ ਚੁੱਕੇ ਹਨ।

ਪਿਛਲੇ ਸਾਲ ਖਮਾਮ ਦੀ ਪੁਲਿਸ ਨੇ ਕਿਰਨ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਨੇ ਜੰਗਲਾਤ ਵਿਭਾਗ ਦਾ ਅਧਿਕਾਰੀ ਹੋਣ ਦਾ ਝਾਂਸਾ ਦੇ ਕੇ ਫਰਜ਼ੀ ਪਛਾਣ ਪੱਤਰ ਬਣਾ ਕੇ ਠੱਗੀ ਮਾਰੀ ਸੀ।

2022 ਵਿੱਚ, ਵਿਸ਼ਾਖਾਪਟਨਮ ਤੋਂ ਕੋਵਵੀਰੇਡੀ ਸ਼੍ਰੀਨਿਵਾਸ ਰਾਓ ਨਾਮ ਦੇ ਇੱਕ ਵਿਅਕਤੀ ਨੂੰ ਦਿੱਲੀ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।

ਵਨਸਥਲੀਪੁਰਮ, ਹੈਦਰਾਬਾਦ ਤੋਂ ਅਟਿਲੀ ਪ੍ਰਵੀਨ ਨਾਮ ਦੇ ਇੱਕ ਵਿਅਕਤੀ ਨੂੰ 2023 ਵਿੱਚ ਮੁੱਖ ਮੰਤਰੀ ਦਫ਼ਤਰ ਵਿੱਚ ਇੱਕ ਅਧਿਕਾਰੀ ਹੋਣ ਦਾ ਦਾਅਵਾ ਕਰਦੇ ਹੋਏ ਗ੍ਰਿਫਤਾਰ ਕੀਤਾ ਗਿਆ ਸੀ।

ਐੱਮਐੱਸੀ ਦੀ ਡਿਗਰੀ ਵਾਲੀ ਕੁੜੀ ਨੂੰ ਭਲਾ ਨਕਲੀ ਪੁਲਿਸ ਅਧਿਕਾਰੀ ਕਿਉਂ ਬਣਨਾ ਪਿਆ? ਇਹ ਸੋਚ ਕੇ ਰੇਲਵੇ ਪੁਲਿਸ ਵੀ ਹੈਰਾਨ ਰਹਿ ਗਈ।

ਜੇਕਰ ਤੁਹਾਨੂੰ ਅਜਿਹੇ ਵਿਅਕਤੀ 'ਤੇ ਸ਼ੱਕ ਹੈ, ਤਾਂ ਤੁਰੰਤ ਆਈਡੀ ਜਾਂਚ ਨਾਲ ਜਾਣਕਾਰੀ ਮਿਲ ਸਕਦੀ ਹੈ।

ਵਿਹਾਰ ਅਤੇ ਭਾਸ਼ਾ ਨੂੰ ਸਮਝਣ ਦੀ ਕੋਸ਼ਿਸ਼ ਕਰੋ...

ਆਈਪੀਐੱਸ ਅਧਿਕਾਰੀ ਵੀਸੀ ਸੱਜਾਨਰ ਨੇ ਕਿਹਾ ਕਿ ਵਿਹਾਰ ਅਤੇ ਕੱਪੜੇ ਤੁਹਾਨੂੰ ਫਰਜ਼ੀ ਅਫਸਰਾਂ ਦੀ ਪਛਾਣ ਕਰਨ ਦਾ ਮੌਕਾ ਦੇ ਸਕਦੇ ਹਨ।

'ਇਹੋ ਜਿਹੇ ਅਫਸਰਾਂ ਦਾ ਵਿਹਾਰ ਤੇ ਕੱਪੜੇ ਦੇਖੋ'

ਨਕਲੀ ਮੁਲਾਜ਼ਮਾਂ ਦੇ ਵਿਹਾਰ ਵਿੱਚ ਜ਼ਰੂਰ ਕੋਈ ਅੰਤਰ ਹੋਵੇਗਾ। ਇਸ ਦਾ ਅੰਦਾਜ਼ਾ ਬਹੁਤ ਜ਼ਿਆਦਾ ਬੋਲਣ ਜਾਂ ਬਿਨਾਂ ਕਿਸੇ ਕਾਰਨ ਦੇ ਅਚਾਨਕ ਵਿਸ਼ਿਆਂ 'ਤੇ ਚਰਚਾ ਕਰਨ ਨਾਲ ਲਗਾਇਆ ਜਾ ਸਕਦਾ ਹੈ।

ਸੱਜਾਨਰ ਨੇ ਇਹ ਵੀ ਕਿਹਾ ਕਿ ਜ਼ਿਆਦਾਤਰ ਮਾਮਲਿਆਂ ਵਿੱਚ ਅਜਿਹੇ ਵਿਅਕਤੀ ਦੀ ਪਛਾਣ ਉਨ੍ਹਾਂ ਦੇ ਪਹਿਰਾਵੇ ਤੋਂ ਹੀ ਕੀਤੀ ਜਾ ਸਕਦੀ ਹੈ।

ਉਨ੍ਹਾਂ ਕਿਹਾ ਕਿ ਨਕਲੀ ਮੁਲਾਜ਼ਮਾਂ ਖ਼ਿਲਾਫ਼ ਤਿੰਨ ਧਾਰਾਵਾਂ ਤਹਿਤ ਅਪਰਾਧ ਦਰਜ ਕੀਤਾ ਜਾ ਸਕਦਾ ਹੈ।

ਧਾਰਾ 419, 420 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਧਾਰਾ 419 ਤਹਿਤ ਦੋਸ਼ੀ ਪਾਏ ਜਾਣ 'ਤੇ ਤਿੰਨ ਸਾਲ ਦੀ ਕੈਦ, ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।

ਧਾਰਾ 420 ਦੇ ਤਹਿਤ ਅਪਰਾਧ ਦੀ ਸਜ਼ਾ ਸੱਤ ਸਾਲ ਤੱਕ ਦੀ ਕੈਦ, ਜਾਂ ਜੁਰਮਾਨਾ, ਜਾਂ ਦੋਵੇਂ ਹੋ ਸਕਦੇ ਹਨ।

ਇਹ ਧਾਰਾ 170 ਦੇ ਤਹਿਤ ਗੈਰ-ਜ਼ਮਾਨਤੀ ਅਪਰਾਧ ਵੀ ਹੈ। ਇਸ ਤਹਿਤ ਦੋ ਸਾਲ ਤੱਕ ਦੀ ਕੈਦ ਦੀ ਕਾਨੂੰਨ ਹੈ।

ਸੱਜਾਨਰ ਨੇ ਕਿਹਾ ਕਿ ਨੌਜਵਾਨਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਇੱਕ ਵਾਰ ਕੇਸ ਦਰਜ ਹੋਣ ਤੋਂ ਬਾਅਦ ਦੁਬਾਰਾ ਸਰਕਾਰੀ ਨੌਕਰੀ ਲੈਣ ਦੀ ਕੋਈ ਯੋਗਤਾ ਨਹੀਂ ਹੈ।

(ਬੀਬੀਸੀ ਪੰਜਾਬੀ ਨਾਲ FACEBOOK,INSTAGRAM, TWITTER ਅਤੇ YouTube 'ਤੇ ਜੁੜੋ।)