‘ਗ੍ਰਿਫ਼ਤਾਰ ਹੋਏ, ਗੋਲੀ ਚਲਾਈ ਤੇ ਮੁਕਾਬਲਾ ਹੋਇਆ’, 3 ਜ਼ਿਲ੍ਹਿਆਂ ’ਚ 3 ਪੁਲਿਸ ਮੁਕਾਬਲੇ ਪਰ ਕਹਾਣੀ ਇੱਕੋ

    • ਲੇਖਕ, ਗਗਨਦੀਪ ਸਿੰਘ ਜੱਸੋਵਾਲ
    • ਰੋਲ, ਬੀਬੀਸੀ ਪੱਤਰਕਾਰ

ਤਰੀਕ: 13 ਦਸੰਬਰ

ਥਾਂ: ਪੀਰ ਮੁਛੱਲਾ, ਜ਼ੀਰਕਪੁਰ, ਮੋਹਾਲੀ

ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਸੋਨੂੰ ਖੱਤਰੀ ਗੈਂਗ ਨਾਲ ਸਬੰਧਤ ਕਥਿਤ ਗੈਂਗਸਟਰ ਕਰਨਜੀਤ ਸਿੰਘ ਉਰਫ਼ ਜੱਸਾ ਹੱਪੋਵਾਲ ਨੂੰ ਪੁਲਿਸ ਮੁਕਾਬਲੇ ਦੌਰਾਨ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ।

ਪੁਲਿਸ ਮੁਤਾਬਕ ਉਸ ਨੂੰ ਇੱਥੇ ਉਸ ਵਲੋਂ ਲੁਕਾਏ ਗਏ ਹਥਿਆਰ ਬਰਾਮਦ ਕਰਨ ਲਈ ਲਿਆਂਦਾ ਗਿਆ ਸੀ।

ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਗੋਲੀ ਚਲਾਈ ਤੇ ਫਿਰ ਜ਼ਖਮੀ ਹਾਲਤ ਵਿੱਚ ਗ੍ਰਿਫ਼ਤਾਰ ਕਰ ਲਿਆ

ਏਜੀਟੀਐਫ ਦੇ ਸਹਾਇਕ ਜਨਰਲ ਪੁਲਿਸ ਸੰਦੀਪ ਗੋਇਲ ਨੇ ਦੱਸਿਆ ਸੀ, ‘‘ਜਦੋਂ ਅਸੀਂ ਹਥਿਆਰ ਬਰਾਮਦ ਕਰਨ ਲਈ ਜੱਸਾ ਹੈਪੋਵਾਲ ਨੂੰ ਲੈ ਕੇ ਗਏ ਤਾਂ ਉਸ ਨੇ ਪੁਲਿਸ ਹਿਰਾਸਤ ਵਿਚੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਗੋਲੀ ਚਲਾ ਦਿੱਤੀ ਅਤੇ ਉਸਦੇ ਲੱਕ ਤੋਂ ਹੇਠਾਂ ਗੋਲੀ ਲੱਗੀ।’’

ਗੋਇਲ ਮੁਤਾਬਕ ਜੱਸਾ ਘੱਟੋ-ਘੱਟ ਛੇ ਕਤਲ ਕੇਸਾਂ ਵਿੱਚ ਲੋੜੀਂਦਾ ਸੀ ਜਦੋਂ ਕਿ ਉਸਨੇ ਅਕਤੂਬਰ ਮਹੀਨੇ 2023 ਦੌਰਾਨ ਤਿੰਨ ਦਿਨਾਂ ਵਿੱਚ ਘੱਟੋ-ਘੱਟ ਤਿੰਨ ਕਤਲ ਕੀਤੇ ਸਨ।

ਤਰੀਕ : 14 ਦਸੰਬਰ

ਥਾਂ : ਬੁਢਲਾਡਾ, ਮਾਨਸਾ

ਪੰਜਾਬ ਪੁਲਿਸ ਅਤੇ ਕਥਿਤ ਗੈਂਗਸਟਰ ਪਰਮਜੀਤ ਸਿੰਘ ਪੰਮਾ ਵਿਚਾਲੇ ਮੁਕਾਬਲਾ ਹੋਣ ਦੀ ਖ਼ਬਰ ਆਈ।

ਮਾਨਸਾ ਪੁਲਿਸ ਨੇ 14 ਦਸੰਬਰ ਨੂੰ ਪਰਮਜੀਤ ਪੰਮਾ ਨੂੰ ਗ੍ਰਿਫ਼ਤਾਰ ਕੀਤਾ ਸੀ।

ਪੁਲਿਸ ਉਸ ਨੂੰ ਉਸ ਵੱਲੋਂ ਲੁਕਾਏ ਗਏ ਹਥਿਆਰ ਤੇ ਧਮਾਕਾਖੇਜ਼ ਸਮੱਗਰੀ ਦੀ ਬਰਾਮਦੀ ਲਈ ਬੁਢਲਾਡਾ ਲਿਆਈ ਸੀ, ਜਿੱਥੇ ਉਹ ਪੁਲਿਸ ਉੱਤੇ ਫਾਇਰਿੰਗ ਕਰਨ ਵਿੱਚ ਕਾਮਯਾਬ ਹੋ ਗਿਆ ਸੀ।

ਮਾਨਸਾ ਦੇ ਸੀਨੀਅਰ ਕਪਤਾਨ ਪੁਲਿਸ ਨਾਨਕ ਸਿੰਘ ਦਾ ਕਹਿਣਾ ਸੀ, ‘‘ਜਦੋਂ ਪਰਮਜੀਤ ਪੰਮਾ ਨੂੰ ਹਥਿਆਰਾਂ ਦੀ ਬਰਾਮਦਗੀ ਲਈ ਲਿਜਾਇਆ ਗਿਆ ਤਾਂ ਉਸ ਨੇ ਪਹਿਲਾਂ ਤੋਂ ਲੋਡ ਹਥਿਆਰ ਨਾਲ ਪੁਲਿਸ 'ਤੇ ਗੋਲੀਆਂ ਚਲਾ ਦਿੱਤੀਆਂ ਤੇ ਭੱਜਣ ਦੀ ਕੋਸ਼ਿਸ਼ ਕੀਤੀ।”

ਉਨ੍ਹਾਂ ਅੱਗੇ ਕਿਹਾ, “ਮੁਲਾਜ਼ਮਾਂ ਨੇ ਵੀ ਆਤਮ ਰੱਖਿਆ 'ਚ ਗੋਲੀ ਚਲਾਈ ਜੋ ਉਸਦੀ ਲੱਤ ਵਿੱਚ ਲੱਗੀ ਅਤੇ ਪੰਮਾ ਨੂੰ ਕਾਬੂ ਕਰ ਲਿਆ ਗਿਆ।’’

ਮਾਨਸਾ ਪੁਲਿਸ ਨੇ ਦੱਸਿਆ ਕਿ ਪੰਮਾ 2 ਅਪਰਾਧਿਕ ਮਾਮਲਿਆਂ 'ਚ ਲੋੜੀਂਦਾ ਸੀ ਜਦਕਿ ਉਸ 'ਤੇ ਨਸ਼ਿਆਂ, ਕਤਲ ਦੀ ਕੋਸ਼ਿਸ਼ ਅਤੇ ਹੋਰ ਕਈ ਹੋਰ ਮਾਮਲੇ ਦਰਜ ਹਨ।

ਤਰੀਕ : 20 ਦਸੰਬਰ

ਥਾਂ : ਜੰਡਿਆਲਾ ਗੁਰੂ

ਪੁਲਿਸ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਗਏ ਕਥਿਤ ਗੈਂਗਸਟਰ ਅੰਮ੍ਰਿਤਪਾਲ ਸਿੰਘ ਉਰਫ਼ ਅਮਰੀ ਓਮ ਨੂੰ ਜੰਡਿਆਲਾ ਗੁਰੂ ਵਿੱਚ ਉਸ ਵਲੋਂ ਲੁਕਾਈ ਗਈ ਹੈਰੋਇਨ ਬਰਾਮਦ ਕਰਨ ਲੈ ਕੇ ਗਈ ਸੀ।

ਪੁਲਿਸ ਮੁਤਾਬਕ ਉਸ ਨੂੰ ਹੱਥਕੜੀ ਲੱਗੀ ਹੋਈ ਸੀ ਜਦੋਂ ਉਸ ਨੇ ਉਸ ਥਾਂ ’ਤੇ ਦੱਬੇ ਹੋਏ ਪਿਸਤੌਲ ਨਾਲ ਪੁਲਿਸ ਟੀਮ 'ਤੇ ਗੋਲੀਬਾਰੀ ਕੀਤੀ ਅਤੇ ਭੱਜਣ ਦੀ ਕੋਸ਼ਿਸ਼ ਕੀਤੀ ਸੀ।

ਅੰਮ੍ਰਿਤਸਰ (ਦਿਹਾਤੀ) ਦੇ ਸੀਨੀਅਰ ਪੁਲਿਸ ਕਪਤਾਨ ਸਤਿੰਦਰ ਸਿੰਘ ਨੇ ਦੱਸਿਆ ਸੀ, ‘‘ਮੰਗਲਵਾਰ ਨੂੰ ਪੁੱਛਗਿੱਛ ਦੌਰਾਨ ਅੰਮ੍ਰਿਤਪਾਲ ਨੇ ਖ਼ੁਲਾਸਾ ਕੀਤਾ ਕਿ ਉਸ ਨੇ ਇੱਕ ਥਾਂ 'ਤੇ ਦੋ ਕਿੱਲੋ ਹੈਰੋਇਨ ਲੁਕੋਈ ਹੋਈ ਹੈ। ਅਸੀਂ ਉਸ ਨੂੰ ਨਸ਼ੀਲੇ ਪਦਾਰਥ ਬਰਾਮਦ ਕਰਨ ਲਈ ਮੌਕੇ 'ਤੇ ਲੈ ਗਏ।”

ਸਤਿੰਦਰ ਸਿੰਘ ਨੇ ਕਿਹਾ, “ਜਦੋਂ ਪੁਲਿਸ ਹੈਰੋਇਨ ਬਰਾਮਦ ਕਰ ਰਹੀ ਸੀ, ਅੰਮ੍ਰਿਤਪਾਲ ਨੇ 9 ਐਮਐਮ ਦੀ ਪਿਸਤੌਲ ਕੱਢੀ ਅਤੇ ਗੋਲੀ ਚਲਾ ਦਿੱਤੀ, ਜਿਸ ਨਾਲ ਇੱਕ ਅਧਿਕਾਰੀ ਜ਼ਖਮੀ ਹੋ ਗਿਆ।”

ਉਨ੍ਹਾਂ ਅੱਗੇ ਕਿਹਾ, “ਇੱਕ ਹੋਰ ਅਧਿਕਾਰੀ ਦੀ ਪੱਗ ਵਿੱਚ ਗੋਲੀ ਲੱਗੀ ਪਰ ਉਸਦਾ ਬਚਾਅ ਹੋ ਗਿਆ। ਪੁਲਿਸ ਮੁਲਾਜ਼ਮਾਂ ਨੇ ਸਵੈ-ਰੱਖਿਆ ਵਿੱਚ ਗੋਲੀ ਚਲਾਈ, ਜਿਸ ਵਿੱਚ ਅੰਮ੍ਰਿਤਪਾਲ ਦੀ ਮੌਤ ਹੋ ਗਈ।’’

ਪੁਲਿਸ ਅਧਿਕਾਰੀ ਨੇ ਦੱਸਿਆ ਕਿ 'ਹੈਪੀ ਜੱਟ' ਗਿਰੋਹ ਦਾ ਮੈਂਬਰ ਅੰਮ੍ਰਿਤਪਾਲ ਚਾਰ ਕਤਲ ਅਤੇ ਦੋ ਕਤਲ ਦੀ ਕੋਸ਼ਿਸ਼ ਦੇ ਮਾਮਲਿਆਂ ਵਿੱਚ ਲੋੜੀਂਦਾ ਸੀ।

ਸਾਲ 2023 ਦੇ ਦਸੰਬਰ ਮਹੀਨੇ ਦੇ ਉਕਤ 7 ਦਿਨਾਂ (13 ਦਸਬੰਰ ਤੋਂ 19 ਦਸੰਬਰ) ਦੌਰਾਨ ਉਕਤ ਪੁਲਿਸ ਮੁਕਾਬਲੇ ਪੰਜਾਬ ਦੇ ਤਿੰਨ ਜ਼ਿਲ੍ਹਿਆ ਵਿੱਚ ਹੋਏ, ਇਨ੍ਹਾਂ ਵਿੱਚ ਪੁਲਿਸ ਦੀਆਂ ਵੱਖ-ਵੱਖ ਟੀਮਾਂ ਅਤੇ ਅਧਿਕਾਰੀ ਸ਼ਾਮਲ ਸਨ। ਪਰ ਇਨ੍ਹਾਂ ਪੁਲਿਸ ਮੁਕਾਬਲਿਆਂ ਤੋਂ ਬਾਅਦ ਦੱਸੀ ਗਈ ਕਹਾਣੀ ਦੀ ਬਣਤਰ ਇੱਕੋ ਜਿਹੀ ਹੈ।

ਇਸ ਬਾਰੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਸਣੇ ਕਈ ਆਗੂਆਂ ਨੇ ਸਵਾਲ ਖੜ੍ਹੇ ਕੀਤੇ।

ਇੱਕ ਮਹੀਨੇ ਵਿੱਚ 11 ਪੁਲਿਸ ਮੁਕਾਬਲੇ

ਪੰਜਾਬ ਵਿੱਚ ਪਿਛਲੇ ਹਫ਼ਤਿਆਂ ਦੌਰਾਨ ਪੁਲਿਸ ਅਤੇ ਕਥਿਤ ਗੈਂਗਸਟਰਾਂ ਵਿਚਾਲੇ ਪੁਲਿਸ ਮੁਕਾਬਲਿਆਂ ਵਿੱਚ ਅਚਾਨਕ ਵਾਧਾ ਹੋਇਆ ਹੈ।

ਪੰਜਾਬ ਪੁਲਿਸ ਦੇ ਬੁਲਾਰੇ ਅਤੇ ਪੁਲਿਸ ਦੇ ਇੰਸਪੈਕਟਰ ਜਨਰਲ ਸੁਖਚੈਨ ਸਿੰਘ ਗਿੱਲ ਨੇ ਮੀਡੀਆ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਬੀਤੇ ਸਾਲ ਦੌਰਾਨ ਸੂਬੇ ਵਿੱਚ 60 ਪੁਲਿਸ ਮੁਕਾਬਲੇ ਹੋਏ ਹਨ। ਜਿਨ੍ਹਾਂ ਦੌਰਾਨ 9 ਗੈਂਗਸਟਰਾਂ ਦੀ ਮੌਤ ਹੋਈ ਅਤੇ 32 ਜਖ਼ਮੀ ਹੋਏ।

ਪੁਲਿਸ ਨੇ 482 ਗੈਂਗਸਟਰਾਂ ਨੂੰ ਕਾਬੂ ਕਰਨ ਅਤੇ 188 ਗਿਰੋਹਾਂ ਦਾ ਪਰਦਾਫਾਸ਼ ਕਰਨ ਦਾ ਵੀ ਦਾਅਵਾ ਕੀਤਾ ਹੈ।

ਬੀਤੇ ਕਰੀਬ ਇਕ ਮਹੀਨੇ ਵਿੱਚ ਹੋਏ 11 ਮੁਕਾਬਲਿਆਂ ਵਿੱਚ ਘੱਟੋ-ਘੱਟ ਚਾਰ ਗੈਂਗਸਟਰ ਮਾਰੇ ਗਏ ਹਨ।

29 ਨਵੰਬਰ ਨੂੰ ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਦੋ ਗੈਂਗਸਟਰਾਂ, ਸੰਜੀਵ ਕੁਮਾਰ ਅਤੇ ਸ਼ੁਭਮ ਨੂੰ ਇੱਕ ਮੁਕਾਬਲੇ ਵਿੱਚ ਮਾਰਨ ਦਾ ਦਾਅਵਾ ਕੀਤਾ, ਜੋ ਕਿ ਲੁਧਿਆਣਾ ਸ਼ਹਿਰ ਵਿੱਚ ਸਨਅਤਕਾਰ, ਸੰਭਵ ਜੈਨ ਦੇ ਅਗਵਾ ਮਾਮਲੇ ਵਿੱਚ ਕਥਿਤ ਤੌਰ 'ਤੇ ਸ਼ਾਮਲ ਸਨ।

ਇਸੇ ਤਰ੍ਹਾਂ ਲੁਧਿਆਣਾ ਸਿਟੀ ਪੁਲਿਸ ਨੇ 13 ਦਸੰਬਰ, 2023 ਨੂੰ ਇੱਕ ਹੋਰ ਗੈਂਗਸਟਰ ਸੁਖਦੇਵ ਨੂੰ ਵੀ ਮਾਰਨ ਦਾ ਵੀ ਦਾਅਵਾ ਕੀਤਾ।

ਪੁਲਿਸ ਮੁਤਾਬਕ ਸੁਖਦੇਵ ਕਥਿਤ ਤੌਰ 'ਤੇ 22 ਤੋਂ ਵੱਧ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ।

ਪੁਲਿਸ ਮੁਤਾਬਕ ਚੌਥਾ ਗੈਂਗਸਟਰ, 20 ਦਸੰਬਰ ਨੂੰ ਜੰਡਿਆਲਾ ਗੁਰੂ ਵਿਖੇ ਅਮਰਜੀਤ ਸਿੰਘ ਅਮਰੀ, ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਮਾਰਿਆ ਗਿਆ ਸੀ।

ਬੀਬੀਸੀ ਨਿਊਜ਼ ਪੰਜਾਬੀ ਨੇ ਪੁਲਿਸ ਵਲੋਂ ਦਿੱਤੀ ਅਧਿਕਾਰਤ ਜਾਣਕਾਰੀ ਦੇ ਨਾਲ-ਨਾਲ ਪੁਲਿਸ ਮੁਕਾਬਲਿਆਂ ਬਾਰੇ ਪੁਲਿਸ ਦੇ ਵਿਸ਼ੇਸ਼ ਡਾਇਰੈਕਟਰ ਜਨਰਲ ਅਰਪਿਤ ਸ਼ੁਕਲਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਕਾਲਾਂ ਅਤੇ ਸੰਦੇਸ਼ਾਂ ਦਾ ਜਵਾਬ ਨਹੀਂ ਦਿੱਤਾ।

ਏ- ਸ਼੍ਰੇਣੀ ਦਾ ਕੋਈ ਗੈਂਗਸਟਰ ਸ਼ਾਮਲ ਨਹੀਂ

ਪਿਛਲੇ ਮਹੀਨੇ ਦੌਰਾਨ ਹੋਏ ਇਨ੍ਹਾਂ ਪੁਲਿਸ ਮੁਕਬਾਲਿਆਂ ਬਾਰੇ ਦਿਲਚਸਪ ਗੱਲ ਇਹ ਵੀ ਹੈ ਕਿ ਇਨ੍ਹਾਂ ਵਿੱਚ ਕੋਈ ਵੀ ਏ-ਗੈਂਗਸਟਰ ਸ਼ਾਮਲ ਨਹੀਂ ਹੈ।

ਪੰਜਾਬ ਪੁਲਿਸ ਨੇ ਗੈਂਗਸਟਰਾਂ ਨੂੰ ਸ਼੍ਰੇਣੀਆਂ ਵਿੱਚ ਵੰਡਿਆ ਹੈ, ਏ- ਸ਼੍ਰੇਣੀ ਦੇ ਗੈਂਗਸਟਰ ਜਿਵੇਂ ਕਿ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ, ਅਰਸ਼ ਡੱਲਾ, ਗੋਲਡੀ ਬਰਾੜ ਅਤੇ ਹੋਰ ਜੋ ਅਸਲ ਵਿੱਚ ਗੈਂਗ ਚਲਾ ਰਹੇ ਹਨ ਜਾਂ ਮੁਖੀ ਹਨ।

ਪਿਛਲੇ ਸਾਲ ਮਈ ਵਿੱਚ ਮਸ਼ਹੂਰ ਪੰਜਾਬੀ ਗਾਇਕ, ਸਿੱਧੂ ਮੂਸੇ ਵਾਲਾ ਦਾ ਕਤਲ ਸੰਗਠਿਤ ਅਪਰਾਧ ਦੀ ਸਭ ਤੋਂ ਵੱਡੀ ਮਿਸਾਲ ਸੀ, ਜੋ ਅਜੇ ਵੀ 'ਆਪ' ਸਰਕਾਰ ਨੂੰ ਪ੍ਰੇਸ਼ਾਨੀ ਦਾ ਸਬੱਬ ਬਣ ਰਹੀ ਹੈ।

ਇਸ ਦੌਰਾਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੂਬੇ ਦੀਆਂ ਜੇਲ੍ਹਾਂ ਵੱਲੋਂ ਚਲਾਏ ਜਾ ਰਹੇ ਗੈਂਗਸਟਰਵਾਦ ਅਤੇ ਸੰਗਠਿਤ ਅਪਰਾਧ ਨਾਲ ਨਜਿੱਠਣ ਵਿੱਚ ਨਾਕਾਮ ਰਹਿਣ 'ਤੇ ਪੰਜਾਬ ਸਰਕਾਰ ਨਾਲ ਸਖ਼ਤੀ ਵੀ ਵਰਤੀ ਹੈ।

ਦਸੰਬਰ ਵਿੱਚ ਹਾਈ ਕੋਰਟ ਨੇ ਮਾਰਚ 2023 ਵਿੱਚ ਹੋਈ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਜਦੋਂ ਉਹ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਸੀ, ਮਾਮਲੇ ਵਿਚ ਐਫਆਈਆਰ ਦਰਜ ਕਰਕੇ ਦੀ ਜਾਂਚ ਕਰਨ ਦਾ ਵੀ ਹੁਕਮ ਦਿੱਤਾ ਹੈ।

ਇਸੇ ਤਰ੍ਹਾਂ ਗੈਂਗਸਟਰਾਂ ਅਰਸ਼ ਡੱਲਾ ਦੇ ਕਥਿਤ ਹਮਲਾਵਰਾਂ ਵੱਲੋਂ ਦਿਨ ਦਿਹਾੜੇ ਬਠਿੰਡਾ ਦੇ ਵਪਾਰੀ ਮੇਲਾ ਸਿੰਘ ਦੀ ਸਨਸਨੀਖੇਜ਼ ਹੱਤਿਆ ਨੇ ਸੂਬੇ ਅਤੇ ਸਰਕਾਰ ਨੂੰ ਵੀ ਹਿਲਾ ਕੇ ਰੱਖ ਦਿੱਤਾ ਸੀ।

ਪਿਛਲੇ ਕੁਝ ਦਿਨਾਂ ਦੌਰਾਨ ਹੋਏ ਮੁਕਾਬਲੇ

  • 29 ਨਵੰਬਰ - ਲੁਧਿਆਣਾ ਸਿਟੀ ਪੁਲਿਸ ਨੇ ਦੋ ਕਥਿਤ ਗੈਂਗਸਟਰਾਂ, ਸੰਜੀਵ ਕੁਮਾਰ ਅਤੇ ਸ਼ੁਭਮ ਨੂੰ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ, ਜੋ ਕਿ ਇੱਕ ਅਗਵਾ ਮਾਮਲੇ ਵਿੱਚ ਲੋੜੀਂਦੇ ਸਨ। ਮੁਕਾਬਲੇ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਿਆ।
  • 13 ਦਸੰਬਰ - ਜ਼ੀਰਾਪੁਰ ਵਿੱਚ ਕਥਿਤ ਗੈਂਗਸਟਰ ਜੱਸਾ ਹੈਪੋਵਾਲ 'ਤੇ ਏਜੀਟੀਐਫ ਨੇ ਗੋਲੀ ਚਲਾ ਦਿੱਤੀ ਸੀ ਜਦੋਂ ਉਹ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਉਸ ਨੂੰ ਲੱਤ ਵਿੱਚ ਗੋਲੀ ਲੱਗੀ ਸੀ।
  • 13 ਦਸੰਬਰ - ਲੁਧਿਆਣਾ ਸਿਟੀ ਪੁਲਿਸ ਵਲੋਂ ਕੀਤੇ ਐਨਕਾਊਂਟਰ ਵਿੱਚ ਇੱਕ ਹੋਰ ਕਥਿਤ ਗੈਂਗਸਟਰ ਸੁਖਦੇਵ ਮੌਤ ਹੋ ਗਈ ਸੀ ਜੋ 22 ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ। ਇਸ ਦੌਰਾਨ ਏਐਸਆਈ ਦਲਜੀਤ ਸਿੰਘ ਵੀ ਜ਼ਖ਼ਮੀ ਹੋ ਗਿਆ।
  • 14 ਦਸੰਬਰ - ਗੈਂਗਸਟਰ ਪਰਮਜੀਤ ਸਿੰਘ ਪੰਮਾ ਨੂੰ ਮਾਨਸਾ ਪੁਲਿਸ ਨਾਲ ਹੋਏ ਮੁਕਾਬਲੇ ਵਿੱਚ ਗੋਲੀ ਲੱਗੀ।
  • 16 ਦਸੰਬਰ - ਮੋਹਾਲੀ ਪੁਲਿਸ ਨਾਲ ਗੋਲੀਬਾਰੀ ਦੌਰਾਨ ਦੋ ਦੋਸ਼ੀ ਕਰਮਜੀਤ ਸਿੰਘ ਅਤੇ ਪਰਮਬੀਰ ਸਿੰਘ ਨੂੰ ਗੋਲੀਆਂ ਲੱਗੀਆਂ।
  • 16 ਦਸੰਬਰ - ਪਟਿਆਲਾ ਪੁਲਿਸ ਨਾਲ ਹੋਏ ਮੁਕਾਬਲੇ ਵਿੱਚ ਮਲਕੀਤ ਚਿਤਾ ਨੂੰ ਗੋਲੀ ਲੱਗੀ।
  • 17 ਦਸੰਬਰ - ਮੋਗਾ ਪੁਲਿਸ ਸਾਹਮਣੇ ਤਿੰਨ ਦੋਸ਼ੀਆਂ ਨੇ ਐਨਕਾਊਂਟਰ ਤੋਂ ਬਾਅਦ ਆਤਮ ਸਮਰਪਣ ਕਰ ਦਿੱਤਾ।
  • 20 ਦਸੰਬਰ - ਗੈਂਗਸਟਰ ਅਮਰਜੀਤ ਸਿੰਘ ਅੰਮ੍ਰਿਤਸਰ ਦਿਹਾਤੀ ਪੁਲਿਸ ਨਾਲ ਮੁਕਾਬਲੇ ਵਿੱਚ ਮੌਤ ਹੋ ਗਈ ।

ਦੋ 90ਵਿਆਂ ਦੇ ਮਾਮਲੇ ਵੀ ਚਰਚਾ ਵਿੱਚ

ਹੈਰਾਨੀ ਦੀ ਗੱਲ ਹੈ ਕਿ ਦਸੰਬਰ ਮਹੀਨੇ ਵਿੱਚ ਹੀ ਪੰਜਾਬ ਪੁਲਿਸ ਵੱਲੋਂ ਕੀਤੇ ਗਏ 1990 ਦੇ ਦਹਾਕੇ ਦੇ ਦੋ ਪੁਰਾਣੇ ਵੀ ਚਰਚਾ ਵਿੱਚ ਆਏ ਅਤੇ ਉਹਨਾਂ ਉੱਤੇ ਸਵਾਲ ਉਠੇ ।

ਪਹਿਲੇ ਮਾਮਲੇ ਵਿੱਚ ਮੁਅੱਤਲ ਇੰਸਪੈਕਟਰ ਜਨਰਲ ਪੁਲਿਸ ਪਰਮਰਾਜ ਸਿੰਘ ਉਮਰਾਨੰਗਲ ਵਿਰੁੱਧ 1994 ਵਿੱਚ ਗੁਰਦਾਸਪੁਰ ਦੇ ਸੁਖਪਾਲ ਸਿੰਘ ਦੇ ਕਥਿਤ ਝੂਠੇ ਮੁਕਾਬਲੇ ਵਿੱਚ ਕੇਸ ਦਰਜ ਕੀਤਾ ਗਿਆ ਹੈ।

ਇਸੇ ਤਰ੍ਹਾਂ ਇੱਕ ਹੋਰ ਮਾਮਲੇ ਵਿੱਚ ਪੰਜਾਬ ਪੁਲਿਸ ਵਲੋਂ ਕੀਤੇ ਦਾਅਵੇ ਕਿ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਪੁਲਿਸ ਅਤੇ ਖਾੜਕੂਆਂ ਵਿਚਕਾਰ ਹੋਏ ਮੁਕਾਬਲੇ ਦੌਰਾਨ ਫਰਾਰ ਹੋ ਗਏ ਸਨ, ਨੂੰ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ, ਬੀਪੀ ਤਿਵਾੜੀ ਦੀ ਰਿਪੋਰਟ ਨੇ ਰੱਦ ਕਰ ਦਿੱਤਾ।

ਇਹ ਰਿਪੋਰਟ 20 ਦਸੰਬਰ ਨੂੰ ਜਨਤਕ ਹੋਈ ਸੀ।

ਪੁਲਿਸ ਮੁਕਾਬਲਿਆਂ ਬਾਰੇ ਮੁੱਖ ਮੰਤਰੀ ਨੇ ਕੀ ਕਿਹਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੀਡੀਆ ਨੇ ਪੰਜਾਬ ਵਿੱਚ ਲਗਾਤਾਰ ਹੋ ਰਹੇ ਪੁਲਿਸ ਮੁਕਾਬਿਲਆਂ ਬਾਰੇ ਉਨ੍ਹਾਂ ਦੇ ਹੁਸ਼ਿਆਰਪੁਰ ਦੌਰੇ ਦੌਰਾਨ 14 ਦਸੰਬਰ ਨੂੰ ਸਵਾਲ ਕੀਤਾ।

ਮੁੱਖ ਮੰਤਰੀ ਨੇ ਕਿਹਾ, “ਜੇ ਤੁਸੀਂ ਇੱਕ ਚੌਂਕ ‘ਤੇ ਲੁੱਟ ਜਾਂ ਖੋਹ ਕਰਦੇ ਹੋ ਤਾਂ ਤੁਸੀਂ ਦੂਜੇ ਚੌਂਕ ਤੱਕ ਪਹੁੰਚੋਗੇ ਜਾਂ ਨਹੀਂ, ਇਸ ਦੀ ਗਾਰੰਟੀ ਤਾਂ ਰੱਬ ਹੀ ਲੈ ਸਕਦਾ”।

ਉਨ੍ਹਾਂ ਅੱਗੇ ਕਿਹਾ, “ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜੇਕਰ ਕੋਈ (ਗੈਂਗਸਟਰ) ਜਬਰੀ ਵਸੂਲੀ ਲਈ ਫੋਨ ਕਰਦਾ ਹੈ ਜਾਂ ਕਿਸੇ ਤੇ ਗੋਲੀਬਾਰੀ ਕਰਦਾ ਹੈ।”

ਉਨ੍ਹਾਂ ਕਿਹਾ, “ਅਸੀਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਾਂਗੇ ਤੇ ਉਹਨਾਂ ਤੇ ਕਾਨੂੰਨੀ ਕਾਰਵਾਈ ਹੋਵੇਗੀ।”

ਉਨ੍ਹਾਂ ਕਿਹਾ ਕਿ ਜੇਕਰ ਉਹ (ਅਪਰਾਧੀ) ਪੁਲਿਸ 'ਤੇ ਗੋਲੀ ਚਲਾਉਣਗੇ ਤਾਂ ਪੁਲਿਸ ਨੂੰ ਸਵੈ-ਰੱਖਿਆ ਲਈ ਗੋਲੀ ਚਲਾਉਣੀ ਪਵੇਗੀ।

14 ਦਸੰਬਰ ਨੂੰ ਲੁਧਿਆਣਾ ਵਿਖੇ ਹੋਏ ਪੁਲਿਸ ਮੁਕਾਬਲੇ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਵਿੱਚ ਆਈ.ਜੀ.ਪੀ. ਸੁਖਚੈਨ ਸਿੰਘ ਗਿੱਲ ਨੇ ਵੀ ਲਗਭਗ ਭਗਵੰਤ ਮਾਨ ਵਾਲੇ ਹੀ ਸ਼ਬਦ ਦੁਹਰਾਏ।

ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਸੂਬੇ ਵਿੱਚੋਂ ਗੈਂਗਸਟਰਾਂ, ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਤਸਕਰਾਂ ਦੇ ਖਾਤਮੇ ਲਈ ਸੁਹਿਰਦ ਯਤਨ ਕਰ ਰਹੀ ਹੈ ਅਤੇ ਕਿਸੇ ਨੂੰ ਵੀ ਇਸ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਸੂਬੇ ਵਿੱਚ ਸਖ਼ਤ ਮਿਹਨਤ ਨਾਲ ਕਾਇਮ ਕੀਤੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਨਹੀਂ ਕਰਨ ਦਿੱਤਾ ਜਾਵੇਗਾ।

ਉਨ੍ਹਾਂ ਦਾਅਵਾ ਕੀਤਾ ਕਿ ਇਸ ਦੌਰਾਨ 6 ਅਪ੍ਰੈਲ, 2022 ਨੂੰ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਦੇ ਗਠਨ ਤੋਂ ਲੈ ਕੇ, ਪੰਜਾਬ ਪੁਲਿਸ ਦੀਆਂ ਫੀਲਡ ਯੂਨਿਟਾਂ ਦੇ ਨਾਲ ਸਪੈਸ਼ਲ ਫੋਰਸ ਨੇ 906 ਗੈਂਗਸਟਰਾਂ/ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਤੇ 293 ਗੈਂਗਸਟਰਾਂ/ਅਪਰਾਧੀਆਂ ਦਾ ਪਰਦਾਫਾਸ਼ ਕੀਤਾ ਹੈ।

ਪੁਲਿਸ ਅਨੁਸਾਰ 9 ਗੈਂਗਸਟਰਾਂ ਪੁਲਿਸ ਨਾਲ ਮੁਕਾਬਲੇ ਵਿੱਚ ਮਾਰੇ ਗਏ ਅਤੇ 921 ਹਥਿਆਰ, ਅਪਰਾਧਿਕ ਗਤੀਵਿਧੀਆਂ 'ਚ ਵਰਤੇ ਗਏ 197 ਵਾਹਨ ਬਰਾਮਦ ਕੀਤੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)