ਗੁਰਦਾਸਪੁਰ ਝੂਠਾ ਪੁਲਿਸ ਮੁਕਾਬਲਾ: 30 ਸਾਲਾਂ ਬਾਅਦ ਦਰਜ ਐੱਫ਼ਆਈਆਰ, ਨਿਆਂ ਦੀ ਲੜਾਈ ਦੌਰਾਨ ਵਿਕ ਗਿਆ ਘਰ ਤੇ ਉੱਜੜ ਗਿਆ ਟੱਬਰ

    • ਲੇਖਕ, ਗੁਰਪ੍ਰੀਤ ਚਾਵਲਾ
    • ਰੋਲ, ਬੀਬੀਸੀ ਸਹਿਯੋਗੀ

“ਮੈਂ ਉਸ ਵੇਲੇ ਗਰਭਵਤੀ ਸੀ ਜਦੋਂ ਤਿੰਨ-ਚਾਰ ਲੋਕ ਸਾਡੇ ਪਿੰਡ ਆਏ ਅਤੇ ਮੇਰੇ ਪਤੀ ਨੂੰ ਜ਼ਬਰਦਸਤੀ ਆਪਣੇ ਨਾਲ ਲੈ ਗਏ”

“ਮੇਰੀ ਸੱਸ ਅਤੇ ਸਹੁਰੇ ਨੇ ਉਨ੍ਹਾਂ ਦੀ ਭਾਲ ਲਈ ਕੋਈ ਸਰਕਾਰੀ ਦਫ਼ਤਰ ਨਹੀਂ ਛੱਡਿਆ, ਪਰ ਨਾ ਮੇਰੇ ਪਤੀ ਵਾਪਸ ਆਏ ਤੇ ਨਾਂ ਉਨ੍ਹਾਂ ਦੀ ਲਾਸ਼।”

ਇਹ ਬੋਲ ਦਲਬੀਰ ਕੌਰ ਦੇ ਹਨ।

ਦਲਬੀਰ ਕੌਰ ਦੀ ਉਮਰ 19 ਸਾਲਾਂ ਦੀ ਸੀ, ਜਦੋਂ ਉਨ੍ਹਾਂ ਦੇ 23 ਸਾਲਾ ਪਤੀ ਸੁਖਪਾਲ ਸਿੰਘ ਨੂੰ ਕਥਿਤ ਪੁਲਿਸ ਮੁਕਾਬਲੇ ਵਿੱਚ ਮੁਕਾ ਦਿੱਤਾ ਗਿਆ ਸੀ।

ਦਲਬੀਰ ਕੌਰ ਦੱਸਦੇ ਹਨ ਕਿ ਉਨ੍ਹਾਂ ਦੇ ਪਤੀ ਸੁਖਪਾਲ ਸਿੰਘ ਨੂੰ ਚਾਰ ਵਿਅਕਤੀ, ਜਿਨ੍ਹਾਂ ਵਿੱਚੋਂ ਦੋ ਪੁਲਿਸ ਵਰਦੀ ਵਿੱਚ ਸਨ, ਗੁਰਦਾਸਪੁਰ ‘ਚ ਪੈਂਦੇ ਪਿੰਡ ਕਾਲਾ ਅਫ਼ਗਾਨਾ ਵਿਚਲੇ ਉਨ੍ਹਾਂ ਦੇ ਘਰੋਂ ਆਪਣੇ ਨਾਲ ਲੈ ਗਏ ਸਨ।

ਉਹ ਦੱਸਦੇ ਹਨ, ਉਹ ਸੁਖਪਾਲ ਸਿੰਘ ਨੂੰ ਮਰੂਤੀ ਗੱਡੀ ਵਿੱਚ ਪਾ ਕੇ ਲੈ ਗਏ। ਉਨ੍ਹਾਂ ਨੇ ਕਿਹਾ ਕਿ ਸੁਖਪਾਲ ਸਿੰਘ ਨੂੰ ਪੁਲਿਸ ਅਫ਼ਸਰਾਂ ਨੇ ਬੁਲਾਇਆ ਹੈ।

ਦਲਬੀਰ ਕੌਰ ਦੱਸਦੇ ਹਨ ਕਿ ਪੁਲਿਸ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਥੋੜ੍ਹੇ ਦਿਨਾਂ ਦੀ ਪੁੱਛਗਿੱਛ ਤੋਂ ਬਾਅਦ ਵਾਪਿਸ ਭੇਜ ਦਿੱਤਾ ਜਾਵੇਗਾ।

13 ਜੁਲਾਈ 1994 ਨੂੰ ਸ਼ੁਰੂ ਹੋਈ ਦਲਬੀਰ ਕੌਰ ਦੀ ਇਹ ਉਡੀਕ ਹਾਲੇ ਤੱਕ ਜਾਰੀ ਹੈ।

ਪਹਿਲਾਂ ਉਨ੍ਹਾਂ ਨੂੰ ਉਡੀਕ ਸੀ ਕਿ ਉਹ ਆਪਣੇ ਪਤੀ ਨੂੰ ਦੁਬਾਰਾ ਮਿਲਣਗੇ ਤੇ ਹੁਣ ਉਹ ਆਪਣੇ ਪਤੀ ਦੇ ਝੂਠੇ ਮੁਕਾਬਲੇ ਦੇ ਕੇਸ ਵਿੱਚ ਇਨਸਾਫ਼ ਉਡੀਕ ਰਹੇ ਹਨ।

'ਗੁਰਨਾਮ ਸਿੰਘ ਬੰਡਾਲਾ ਦੀ ਥਾਂ ਸੁਖਪਾਲ ਸਿੰਘ ਦਾ ਪੁਲਿਸ ਮੁਕਾਬਲਾ'

ਦਲਬੀਰ ਕੌਰ ਨੇ ਦੱਸਿਆ, “ਇੱਕ ਦਿਨ ਮਾਤਾ ਨੇ ਅਖ਼ਬਾਰ 'ਚ ਨਾਮੀ ਅੱਤਵਾਦੀ ਗੁਰਨਾਮ ਸਿੰਘ ਬੰਡਾਲਾ ਬਾਰੇ ਲੱਗੀ ਖ਼ਬਰ ਪੜ੍ਹੀ। ਇਹ ਖ਼ਬਰ ਬੰਡਾਲਾ ਦੇ ਪੁਲਿਸ ਨਾਲ ਹੋਏ ਕਥਿਤ ਮੁਕਾਬਲੇ ਵਿੱਚ ਹੋਈ ਮੌਤ ਬਾਰੇ ਸੀ।”

ਸੁਖਪਾਲ ਸਿੰਘ ਦੇ ਪਿਤਾ ਜਗੀਰ ਸਿੰਘ ਕਹਿੰਦੇ ਹਨ ਕਿ ਜਦੋਂ ਗੁਰਨਾਮ ਸਿੰਘ ਬੰਡਾਲਾ ਦੀ ਮੌਤ ਦੀ ਖ਼ਬਰ ਆਈ ਤਾਂ ਮੈਂ ਆਪਣੀ ਘਰਵਾਲੀ ਨੂੰ ਕਿਹਾ ਕਿ ਮੈਨੂੰ ਪਤਾ ਲੱਗਾ ਹੈ ਕਿ ਗੁਰਨਾਮ ਦੀ ਥਾਂ ਸੁਖਪਾਲ ਦਾ ਮੁਕਾਬਲਾ ਬਣਿਆ ਹੈ।

"ਸਾਨੂੰ ਸੀ ਕਿ ਇਨਸਾਫ਼ ਮਿਲ ਜਾਵੇਗਾ, ਓਦੋਂ ਮਿਲਿਆ ਨਹੀਂ ਹੁਣ ਦਾ ਪਤਾ ਨਹੀਂ।"

ਦਲਬੀਰ ਕੌਰ ਦੱਸਦੇ ਹਨ, “ਸਾਨੂੰ ਬਾਅਦ ‘ਚ ਪਤਾ ਲੱਗਾ ਕਿ ਬੰਡਾਲਾ ਦੀ ਥਾਂ ਸੁਖਪਾਲ ਸਿੰਘ ਦਾ ਕਥਿਤ ਝੂਠਾ ਮੁਕਾਬਲਾ ਬਣਾਇਆ ਗਿਆ ਸੀ।”

“ਮੇਰੀ ਸੱਸ ਅਤੇ ਸਹੁਰੇ ਨੇ ਅਦਾਲਤਾਂ ਤੱਕ ਪਹੁੰਚ ਕੀਤੀ, ਚੰਡੀਗੜ੍ਹ ਤੱਕ ਚੱਕਰ ਲਾਏ, ਮੇਰੀ ਸੱਸ ਗੁਰਭਜਨ ਕੌਰ ਆਪਣੇ ਪੁੱਤ ਦੀ ਮੌਤ ਦਾ ਸਦਮਾ ਨਾ ਸਹਾਰਦਿਆਂ ਸੰਸਾਰ ਤੋਂ ਚਲੇ ਗਏ।”

ਉਨ੍ਹਾਂ ਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਉਨ੍ਹਾਂ ਦਾ ਪਰਿਵਾਰ ਸੁਖਪਾਲ ਸਿੰਘ ਦੀਆਂ ਅੰਤਿਮ ਰਸਮਾਂ ਵੀ ਨਹੀਂ ਕਰ ਸਕਿਆ।

ਦਲਬੀਰ ਕੌਰ ਦੀ ਧੀ ਦਾ ਵਿਆਹ ਹੋ ਚੁੱਕਾ ਹੈ, ਜਦਕਿ ਉਨ੍ਹਾਂ ਦੇ ਪੁੱਤਰ ਦੀ 16 ਸਾਲ ਦੀ ਉਮਰ ਵਿੱਚ ਇੱਕ ਹਾਦਸੇ ਵਿੱਚ ਮੌਤ ਹੋ ਗਈ।

ਦਲਬੀਰ ਕੌਰ ਨੇ ਦੱਸਿਆ, "ਮੇਰਾ ਪੁੱਤ ਘਰ ਦੇ ਹਾਲਾਤਾਂ ਕਾਰਨ ਬਿਮਾਰ ਰਹਿਣ ਲੱਗ ਪਿਆ ਸੀ, ਤੰਗੀ ਕਾਰਨ ਮੈਂ ਉਸਦਾ ਇਲਾਜ ਵੀ ਨਹੀਂ ਕਰਵਾ ਸਕੀ ਸੀ।"

ਮਾਂ ਗੁਰਬਚਨ ਕੌਰ ਦਾ ਸੰਘਰਸ਼

ਦਲਬੀਰ ਕੌਰ ਨੇ ਦੱਸਿਆ ਕਿ ਸੁਖਪਾਲ ਸਿੰਘ ਦੇ ਮਾਪਿਆਂ ਨੇ ਆਪਣੇ ਜਵਾਨ ਪੁੱਤ ਨੂੰ ਲੱਭਣ ਦੇ ਲੱਖ ਹੀਲੇ ਕੀਤੇ, ਪਰ ਉਸਦਾ ਕੋਈ ਥਹੁ ਪਤਾ ਨਹੀਂ ਲੱਗਾ।

ਦਲਬੀਰ ਕੌਰ ਨੇ ਦੱਸਿਆ ਕਿ ਸੁਖਪਾਲ ਸਿੰਘ ਦੀ ਮਾਤਾ ਗੁਰਭਜਨ ਕੌਰ ਨੇ ਕਈ ਸਾਲ ਆਪਣੇ ਪੁੱਤ ਦੀ ਭਾਲ ਲਈ ਚਾਰਾਜੋਈ ਕੀਤੀ ਪਰ ਪੁੱਤ ਦੇ ਲਾਪਤਾ ਹੋਣ ਦੇ ਸਦਮੇ ਦੇ ਚਲਦਿਆਂ ਉਨ੍ਹਾਂ ਦੀ ਸਿਹਤ ਕਾਫ਼ੀ ਵਿਗੜ ਗਈ ਸੀ ਅਤੇ ਉਨ੍ਹਾਂ ਦੀ ਮੌਤ ਹੋ ਗਈ ਸੀ।

ਉਨ੍ਹਾਂ ਦੱਸਿਆ ਕਿ ਤਿੰਨ ਦਿਨ ਉਡੀਕਣ ਤੋਂ ਬਾਅਦ ਉਨ੍ਹਾਂ ਦੀ ਮਾਤਾ ਫਤਿਹਗੜ੍ਹ ਚੂੜੀਆਂ ਵਿਖੇ ਆਪਣੇ ਪੁੱਤ ਦੀ ਭਾਲ ਲਈ ਗਏ।

"ਪੁਲਿਸ ਵਾਲਿਆਂ ਨੇ ਮਾਤਾ ਜੀ ਨੂੰ ਕਿਹਾ ਕਿ ਤੁਹਾਡਾ ਮੁੰਡਾ ਹੁਣ ਕਦੇ ਨਹੀਂ ਵਾਪਸ ਆਵੇਗਾ।"

ਦਲਬੀਰ ਕੌਰ ਨੇ ਇਹ ਵੀ ਦਾਅਵਾ ਕੀਤਾ ਕਿ ਸੁਖਪਾਲ ਸਿੰਘ ਦੀ ਮਾਤਾ ਨੂੰ ਪੁਲਿਸ ਨੇ ਚਾਰ ਦਿਨ ਹਿਰਾਸਤ ਵਿੱਚ ਰੱਖਿਆ ਅਤੇ ‘ਇੰਟੈਰੋਗੇਟ’ ਕੀਤਾ।

"ਤਿੰਨ ਦਿਨ ਰੁਕਣ ਮਗਰੋਂ ਮਾਤਾ ਜੀ ਬਟਾਲੇ ਗਏ ਉੱਥੇ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਰੱਖ ਕੇ ਇੰਟੈਰੋਗੇਟ ਕੀਤਾ।"

ਉਨ੍ਹਾਂ ਦੱਸਿਆ ਕਿ ਫਿਰ ਪਿੰਡ ਵਾਲੇ ਜਾ ਕੇ ਮਾਤਾ ਜੀ ਨੂੰ ਛੁਡਾ ਕੇ ਲਿਆਏ।

ਦਲਬੀਰ ਕੌਰ ਦੱਸਦੇ ਹਨ, “ਬਹੁਤ ਦੇਰ ਬਾਅਦ ਮਾਤਾ ਜੀ ਨੂੰ ਪਤਾ ਲੱਗਾ ਕਿ ਗੁਰਨਾਮ ਸਿੰਘ ਬੰਡਾਲਾ ਜਿਉਂਦਾ ਹੈ ਅਤੇ ਜੇਲ੍ਹ ਵਿੱਚ ਹੈ, ਮਾਤਾ ਉਸ ਨੂੰ ਜੇਲ੍ਹ ਮਿਲਣ ਲਈ ਵੀ ਗਈ।”

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸੱਸ ਗੁਰਬਚਨ ਕੌਰ ਅਵਤਾਰ ਸਿੰਘ ਤਾਰੀ ਨਾਂਅ ਦੇ ਵਿਅਕਤੀ ਕੋਲ ਵੀ ਗਏ। ਇਹ ਸੁਖਪਾਲ ਸਿੰਘ ਨੂੰ ਘਰੋਂ ਲੈ ਕੇ ਜਾਣ ਵਾਲੇ ਵਿਅਕਤੀਆਂ ਵਿੱਚੋਂ ਇੱਕ ਸੀ।

ਐਫਆਈਆਰ ਵਿੱਚ ਦਰਜ ਬਿਆਨਾਂ ਮੁਤਾਬਕ ਅਵਤਾਰ ਸਿੰਘ ਤਾਰੀ ਪੁਲਿਸ ਕੈਟ ਵਜੋਂ ਕੰਮ ਕਰ ਰਿਹਾ ਸੀ। ਇਸ ਵਿੱਚ ਸੁਖਵਿੰਦਰ ਸਿੰਘ ਨਾਂਅ ਦੇ ਪੁਲਿਸ ਕੈਟ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ।

ਅਵਤਾਰ ਸਿੰਘ ਪਹਿਲਾਂ ਹੀ ਸੁਖਪਾਲ ਸਿੰਘ ਨੂੰ ਜਾਣਦਾ ਸੀ।

ਉਨ੍ਹਾਂ ਨੇ ਗੁਰਨਾਮ ਸਿੰਘ ਬੰਡਾਲਾ ਦੀ ਥਾਂ ਸੁਖਪਾਲ ਸਿੰਘ ਨੂੰ ਦਾ ਕਥਿਤ ਝੂਠਾ ਮੁਕਾਬਲਾ ਦਿਖਾ ਕੇ 5 ਲੱਖ ਦੀ ਇਨਾਮੀ ਰਕਮ ਹਾਸਲ ਕਰ ਲਈ ਸੀ।

ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਅਵਤਾਰ ਸਿੰਘ ਨੂੰ ਦਸੰਬਰ 2022 ਵਿੱਚ "ਪ੍ਰੋਕਲੇਂਮਡ ਓਫੈਂਡਰ' ਐਲਾਨਿਆ ਗਿਆ ਸੀ।

26 ਸਾਲਾਂ ਬਾਅਦ ਹੋਇਆ ਪਰਚਾ

1994 ਵਿੱਚ ਹੋਏ ਇਸ ਕਥਿਤ ਫਰਜ਼ੀ ਮੁਕਾਬਲੇ ਦੇ ਕੇਸ ਪੰਜਾਬ ਹਰਿਆਣਾ ਹਾਈਕੋਰਟ ਦੇ ਹੁਕਮਾਂ 'ਤੇ ਬਣੀ ਇੱਕ ਵਿਸ਼ੇਸ਼ ਜਾਂਚ ਟੀਮ ਦੀ ਜਾਂਚ ਵਿੱਚ ਇਹ ਸਾਹਮਣੇ ਆਇਆ ਕਿ ਇਹ ਮੁਕਾਬਲਾ ਝੂਠਾ ਸੀ।

ਇਸ ਮਾਮਲੇ ਵਿੱਚ ਇੱਕ ਨਵਾਂ ਅਪਰਾਧਕ ਕੇਸ ਦਰਜ ਕੀਤਾ ਗਿਆ ਹੈ।

ਸਬੂਤਾਂ ਨਾਲ ਛੇੜਛਾੜ ਦੇ ਮਾਮਲੇ ਵਿੱਚ ਕੀਤੀ ਗਈ ਇਸ ਐੱਫਆਈਆਰ ਵਿੱਚ ਸਾਬਕਾ ਆਈ ਜੀ ਪੰਜਾਬ ਪੁਲਿਸ ਪਰਮਰਾਜ ਸਿੰਘ ਉਮਰਾਨੰਗਲ ਦਾ ਵੀ ਨਾਂਅ ਦਰਜ ਹੈ।

ਇਹ ਐੱਫਆਈਆਰ 21 ਅਕਤੂਬਰ 2023 ਨੂੰ ਰੂਪਨਗਰ ਵਿੱਚ ਹੋਈ।

ਇਸ ਵਿੱਚ ਪਰਮਰਾਜ ਸਿੰਘ ਉਮਰਾਨੰਗਲ(ਉਸ ਵੇਲੇ ਡਿਪਟੀ ਸੁਪਰੀਟੈਂਡੈਂਟ ਆਫ ਪੁਲਿਸ, ਜਸਪਾਲ ਸਿੰਘ(ਏਐੱਸਆਈ) ਅਤੇ ਗੁਰਦੇਵ ਸਿੰਘ ਨੂੰ ਮੁਲਜ਼ਮ ਬਣਾਇਆ ਗਿਆ ਹੈ।ਗੁਰਦੇਵ ਸਿੰਘ ਦੀ ਮੌਤ ਹੋ ਗਈ ਹੈ।

ਪਰਮਰਾਜ ਸਿੰਘ ਉਮਰਾਨੰਗਲ 2015 ਬਰਗਾੜੀ ਗੋਲੀਕਾਂਡ ਕੇਸ ਵਿੱਚ ਮੁਅੱਤਲ ਚੱਲ ਰਹੇ ਹਨ।

2007 ਤੋਂ ਪੀੜਤ ਪਰਿਵਾਰ ਦਾ ਕੇਸ ਲੜ ਰਹੇ ਐਡਵੋਕੇਟ ਪਰਦੀਪ ਵਿਰਕ ਨੇ ਦੱਸਿਆ ਕਿ ਪਰਿਵਾਰ ਨੇ 2013 ਵਿੱਚ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਪਾਈ ਸੀ।

ਜਿਸ ਤੋਂ ਬਾਅਦ ਇੱਕ ਐੱਸਆਈਟੀ ਉਸ ਵੇਲੇ ਬਣੀ ਸੀ ਜਿਸ ਵੇਲੇ ਸੁਮੇਧ ਸੈਣੀ ਪੰਜਾਬ ਦੇ ਪੁਲਿਸ ਮੁਖੀ ਸਨ।

ਮੌਜੂਦਾ ਐੱਸਆਈਟੀ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ 2019 ਵਿੱਚ ਬਣਾਈ ਗਈ ਸੀ।

ਉਨ੍ਹਾਂ ਦੱਸਿਆ ਕਿ ਜਾਂਚ ਤੋਂ ਬਾਅਦ ਇਸ ਮਾਮਲੇ ਵਿੱਚ ਚਲਾਨ ਪੇਸ਼ ਹੋਵੇਗਾ, ਜਿਸ ਤੋਂ ਬਾਅਦ ਅੱਗੇ ਦੀ ਪ੍ਰਕਿਰਿਆ ਚੱਲੇਗੀ।

ਉਨ੍ਹਾਂ ਕਿਹਾ ਕਿ ਜੇਕਰ ਮਾਮਲੇ ਵਿੱਚ ਨਾਮਜ਼ਦ ਲੋਕ ਜ਼ਮਾਨਤ ਲਈ ਅਰਜ਼ੀ ਪਾਉਣਗੇ ਤਾਂ ਉਹ ਉਨ੍ਹਾਂ ਦਾ ਅਦਾਲਤ ਵਿੱਚ ਵਿਰੋਧ ਕਰਨਗੇ।

ਉਨ੍ਹਾਂ ਕਿਹਾ, "ਐੱਫਆਈਆਰ ਤੱਕ ਪਹੁੰਚਣ ਦਾ ਸਫ਼ਰ ਕਾਫ਼ੀ ਲੰਬਾ ਸੀ ਅਤੇ ਹੋਰ ਲੰਬੀ ਲੜਾਈ ਬਾਕੀ ਹੈ।"

'ਇਨਸਾਫ਼ ਹਾਲੇ ਬਾਕੀ ਹੈ'

ਦਹਾਕਿਆਂ ਲੰਬੀ ਕਾਨੂੰਨੀ ਚਾਰਾਜੋਈ ਦੇ ਚਲਦਿਆਂ ਦਲਬੀਰ ਕੌਰ ਦੇ ਪਰਿਵਾਰ ਦੀ ਕਾਲਾ ਅਫ਼ਗਾਨਾ ਪਿੰਡ ਵਿਚਲੀ ਜ਼ਮੀਨ ਅਤੇ ਘਰ ਤੱਕ ਵਿਕ ਗਏ।

ਦਲਬੀਰ ਕੌਰ ਆਪਣੇ ਮਾਪਿਆਂ ਨਾਲ ਰਹਿੰਦੇ ਹਨ। ਉਹ ਕਹਿੰਦੇ ਹਨ, “ਮੈਨੂੰ ਕਈ ਤਰ੍ਹਾਂ ਦੇ ਡਰਾਵੇ ਵੀ ਦਿੱਤੇ ਗਏ ਪਰ ਮੈਂ ਆਪਣਾ ਸੰਘਰਸ਼ ਜਾਰੀ ਰੱਖਿਆ।”

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਮੁਲਜ਼ਮ ਪੁਲਿਸ ਅਧਿਕਾਰੀਆਂ ਦੇ ਖ਼ਿਲਾਫ਼ ਐੱਫਆਈਆਰ ਦਰਜ ਹੋਈ ਹੈ, ਪਰ ਇਨਸਾਫ਼ ਹਾਲੇ ਬਾਕੀ ਹੈ।"

“ਮੇਰਾ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਜ਼ਿੰਮੇਵਾਰ ਵਿਅਕਤੀਆਂ ਨੂੰ ਢੁੱਕਵੀਂ ਸਜ਼ਾ ਨਹੀ ਮਿਲਦੀ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)