You’re viewing a text-only version of this website that uses less data. View the main version of the website including all images and videos.
ਤਰਨਤਾਰਨ ਫ਼ਰਜ਼ੀ ਪੁਲਿਸ ਮੁਕਾਬਲਾ ਕੇਸ: 'ਜ਼ਮੀਨ ਵਿਕ ਗਈ ਅਤੇ ਮਾਂ ਤੁਰ ਗਈ, 30 ਸਾਲ ਬਾਅਦ ਨਿਆਂ ਕਾਹਦਾ
- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
ਮੁਹਾਲੀ ਦੀ ਸੀਬੀਆਈ ਅਦਾਲਤ ਨੇ ਇੱਕ ਫ਼ਰਜ਼ੀ ਪੁਲਿਸ ਮੁਕਾਬਲੇ ਦੇ ਮਾਮਲੇ 'ਚ ਪੰਜਾਬ ਪੁਲਿਸ ਦੇ ਇੱਕ ਤਤਕਾਲੀ ਸਬ-ਇੰਸਪੈਕਟਰ ਅਤੇ ਏਐਸਆਈ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਇਸ ਤੋਂ ਇਲਾਵਾ ਅਦਾਲਤ ਨੇ ਦੋਸ਼ੀਆਂ ਨੂੰ 1-1 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ।
ਦੋਸ਼ੀ ਕਰਾਰ ਦਿੱਤੇ ਗਏ ਸਾਬਕਾ ਪੁਲਿਸ ਅਧਿਕਾਰੀਆਂ ਦੇ ਨਾਮ ਸ਼ਮਸ਼ੇਰ ਸਿੰਘ (ਤਤਕਾਲੀ ਸਬ ਇੰਸਪੈਕਟਰ) ਅਤੇ ਜਗਤਾਰ ਸਿੰਘ (ਤਤਕਾਲੀ ਏਐਸਆਈ) ਹਨ।
ਕੀ ਹੈ ਪੂਰਾ ਮਾਮਲਾ ?
ਇਲਜ਼ਾਮ ਸੀ ਕਿ ਤਰਨਤਾਰਨ ਦੀ ਥਾਣਾ ਸਦਰ ਪੁਲਿਸ ਨੇ ਹਰਬੰਸ ਸਿੰਘ ਵਾਸੀ ਪਿੰਡ ਉਬੋਕੇ ਦਾ ਫ਼ਰਜ਼ੀ ਮੁਕਾਬਲਾ ਕੀਤਾ ਗਿਆ ਸੀ।
ਉਸ ਦੌਰਾਨ ਪੁਲਿਸ ਨੇ ਹਰਬੰਸ ਦੇ ਨਾਲ ਇੱਕ ਅਣਪਛਾਤੇ ਵਿਅਕਤੀ ਨੂੰ ਵੀ ਮਾਰ ਮੁਕਾਇਆ ਸੀ।
ਇਹ ਮਾਮਲਾ ਸਾਲ 1993 ਦਾ ਹੈ।
ਦੋਵਾਂ ਪੁਲਿਸ ਵਾਲਿਆਂ ਨੂੰ ਅਦਾਲਤ ਵੱਲੋਂ ਪਿਛਲੇ ਦਿਨੀਂ ਦੋਸ਼ੀ ਕਰਾਰ ਦਿੱਤਾ ਗਿਆ ਸੀ ਅਤੇ ਸੋਮਵਾਰ ਨੂੰ ਇਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ।
ਕੇਸ ਦੀ ਸੁਣਵਾਈ ਦੌਰਾਨ ਦੋ ਹੋਰ ਸਾਬਕਾ ਪੁਲਿਸ ਕਰਮੀਆਂ ਪੂਰਨ ਸਿੰਘ (ਤਤਕਾਲੀ ਐਸਐਚਓ) ਅਤੇ ਜਾਗੀਰ ਸਿੰਘ (ਤਤਕਾਲੀ ਏਐਸਆਈ) ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।
ਪੁਲਿਸ ਨੇ ਹਰਬੰਸ ਸਿੰਘ ਨੂੰ ਖਾੜਕੂਆਂ ਦੇ ਨਾਲ ਹੋਏ ਮੁਕਾਬਲੇ ਦੌਰਾਨ ਮ੍ਰਿਤਕ ਕਰਾਰ ਦਿੱਤਾ ਸੀ।
ਪਰ ਅਦਾਲਤ ਵਿੱਚ ਇਹ ਮੁਕਾਬਲਾ ਝੂਠਾ ਸਿੱਧ ਹੋਇਆ ਅਤੇ ਦੋਵਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ।
- ਤੀਹ ਸਾਲ ਬਾਅਦ ਆਇਆ ਮੁਹਾਲੀ ਦੀ ਸੀਬੀਆਈ ਕੋਰਟ ਦਾ ਫ਼ੈਸਲਾ
- ਤਰਨਤਾਰਨ ਦੇ ਹਰਬੰਸ ਸਿੰਘ ਦਾ 1993 ਵਿੱਚ ਹੋਇਆ ਸੀ ਪੁਲਿਸ ਮੁਕਾਬਲਾ
- ਹਰਬੰਸ ਦੀ ਮਾਤਾ ਇਨਸਾਫ਼ ਦਾ ਇੰਤਜ਼ਾਰ ਕਰਦੀ ਇਸ ਦੁਨੀਆ ਤੋਂ ਤਿੰਨ ਸਾਲ ਪਹਿਲਾਂ ਹੋਈ ਰੁਖ਼ਸਤ
- ਕੇਸ ਦੀ ਪੈਰਵੀ ਲਈ ਜ਼ਮੀਨ ਤੱਕ ਪਈ ਵੇਚਣੀ
- ਸੁਪਰੀਮ ਕੋਰਟ ਦੇ ਆਦੇਸ਼ ਉੱਤੇ ਸੀਬੀਆਈ ਨੇ ਕੀਤੀ ਸੀ ਕੇਸ ਦੀ ਪੈਰਵੀ
ਇਨਸਾਫ਼ ਦਾ ਇੰਤਜ਼ਾਰ ਕਰਦੀ ਮਾਂ ਦੁਨੀਆ ਤੋਂ ਰੁਖ਼ਸਤ ਹੋ ਗਈ
ਮ੍ਰਿਤਕ ਹਰਬੰਸ ਸਿੰਘ ਦੇ ਰਿਸ਼ਤੇਦਾਰ ਸੁਰਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਨਸਾਫ਼ ਦਾ ਇੰਤਜ਼ਾਰ ਕਰਦੀ ਹੋਈ ਮ੍ਰਿਤਕ ਦੀ ਮਾਤਾ ਦਾ ਤਿੰਨ ਸਾਲ ਪਹਿਲਾਂ ਦੇਹਾਂਤ ਹੋ ਗਿਆ ਹੈ।
ਉਨ੍ਹਾਂ ਦੱਸਿਆ ਕਿ ਉਹ ਖੁਸ਼ ਹਨ ਕਿ ਅਦਾਲਤ ਨੇ ਫ਼ੈਸਲਾ ਦਿੱਤਾ ਪਰ ਇਸ ਗੱਲ ਤੋਂ ਦੁਖੀ ਵੀ ਹਨ ਕਿ ਇਹ ਇਨਸਾਫ਼ ਕਰੀਬ ਤੀਹ ਸਾਲ ਬਾਅਦ ਮਿਲਿਆ।
ਕੇਸ ਦੀ ਲੜਾਈ 'ਚ ਪਰਿਵਾਰ ਦੀ ਜ਼ਮੀਨ ਤੱਕ ਵਿਕ ਗਈ
ਸੁਰਿੰਦਰ ਸਿੰਘ ਨੇ ਦੱਸਿਆ ਕਿ ਹਰਬੰਸ ਸਿੰਘ ਦੇ ਪਰਿਵਾਰ ਨੇ ਇਹਨਾਂ ਤੀਹ ਸਾਲਾਂ ਦੇ ਵਿੱਚ ਬਹੁਤ ਦਿੱਕਤਾਂ ਦਾ ਸਾਹਮਣਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਹਰਬੰਸ ਸਿੰਘ ਪੜਾਈ ਵਿੱਚ ਹੁਸ਼ਿਆਰ ਸੀ ਅਤੇ ਉਸ ਦਾ ਸਬੰਧ ਜਿੰਮੀਦਾਰ ਪਰਿਵਾਰ ਨਾਲ ਸੀ।
"ਕੇਸ ਦੀ ਲੜਾਈ ਵਿੱਚ ਪਰਿਵਾਰ ਦੀ ਜ਼ਮੀਨ ਤੱਕ ਵਿਕ ਗਈ ਅਤੇ 22 ਏਕੜ ਵਿੱਚੋਂ ਹੁਣ ਸਿਰਫ਼ ਪੰਜ ਏਕੜ ਬਚੀ ਹੈ।"
ਉਨ੍ਹਾਂ ਦੱਸਿਆ ਕਿ ਉਹ ਪਿੰਡ ਦੀ ਪੰਚਾਇਤ ਦੇ ਨਾਲ ਉਸ ਸਮੇਂ ਹਰਬੰਸ ਸਿੰਘ ਨੂੰ ਖ਼ੁਦ ਪੁਲਿਸ ਅੱਗੇ ਪੇਸ਼ ਕਰਵਾ ਕੇ ਆਏ ਸਨ। ਪਰ ਪੁਲਿਸ ਨੇ ਧੱਕੇਸ਼ਾਹੀ ਕਰਦੇ ਹੋਏ ਪਹਿਲਾਂ ਉਸ ਉੱਤੇ ਤਸ਼ੱਦਦ ਕੀਤਾ ਅਤੇ ਫਿਰ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ।
ਇਹ ਵੀ ਪੜ੍ਹੋ-
"ਕੇਸ ਦੀ ਪੈਰਵੀ ਕਰਨੀ ਵੀ ਸੌਖੀ ਨਹੀਂ ਸੀ"
ਹਰਬੰਸ ਸਿੰਘ ਦੇ ਭਰਾ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਨੂੰ ਪੁਲਿਸ ਨੇ ਬਹੁਤ ਤੰਗ ਕੀਤਾ ਗਿਆ।
ਪਰਿਵਾਰ ਦੀਆਂ ਮਹਿਲਾਵਾਂ ਨੂੰ ਇੰਨਾ ਤੰਗ ਕੀਤਾ ਕਿ ਉਹ ਪਿੰਡ ਛੱਡਣ ਲਈ ਮਜਬੂਰ ਹੋ ਗਏ।
ਉਨ੍ਹਾਂ ਦੱਸਿਆ ਕਿ ਕੇਸ ਦੀ ਪੈਰਵੀ ਕਰਨੀ ਵੀ ਸੌਖੀ ਨਹੀਂ ਸੀ। ਕੇਸ ਸੁਪਰੀਮ ਕੋਰਟ ਤੱਕ ਗਿਆ।
ਉਸ ਤੋਂ ਬਾਅਦ ਸੀਬੀਆਈ ਨੇ ਇਸ ਦੀ ਜਾਂਚ ਕੀਤੀ ਅਤੇ ਇਸ ਨੂੰ ਅੰਜਾਮ ਤੱਕ ਪਹੁੰਚਿਆ।
ਇਸ ਮਾਮਲੇ ਵਿੱਚ ਪਰਮਜੀਤ ਸਿੰਘ ਹੀ ਮੁੱਖ ਸ਼ਿਕਾਇਤ ਕਰਤਾ ਹੈ।
ਪਰਮਜੀਤ ਸਿੰਘ ਮੁਤਾਬਕ, ''ਘਰ ਵਿੱਚ ਸਭ ਤੋਂ ਵੱਡਾ ਹਰਬੰਸ ਸਿੰਘ ਸੀ ਅਤੇ ਉਹ ਹੀ ਖੇਤੀਬਾੜੀ ਸੰਭਾਲਦਾ ਸੀ, ਪਰ ਉਸ ਦੇ ਜਾਣ ਤੋਂ ਬਾਅਦ ਪਰਿਵਾਰ ਪੂਰੀ ਤਰਾਂ ਟੁੱਟ ਗਿਆ ਸੀ।"
ਉਹਨਾਂ ਦੱਸਿਆ ਕਿ ਇਸ ਗੱਲ ਤੋਂ ਖੁਸ਼ ਹਨ ਕਿ ਦੋਸ਼ੀ ਪੁਲਿਸ ਵਾਲਿਆਂ ਨੂੰ ਸਜ਼ਾ ਮਿਲੀ, ਪਰ ਨਾਲ ਹੀ ਉਦਾਸ ਹਨ ਕਿ ਇਹ ਸਜਾ ਤੀਹ ਸਾਲ ਬਾਅਦ ਮਿਲੀ ਅਤੇ ਇਨਸਾਫ਼ ਦਾ ਇੰਤਜ਼ਾਰ ਕਰਦੀ ਹੋਈ ਉਹਨਾਂ ਦੀ ਮਾਤਾ ਇਸ ਦੁਨੀਆ ਵਿੱਚ ਨਹੀਂ ਹੈ।
ਇਹ ਵੀ ਪੜ੍ਹੋ-