ਰੂਸ ਕੋਲ ਕਿੰਨੇ ਤੇ ਕਿਹੜੇ ਪਰਮਾਣੂ ਹਥਿਆਰ ਹਨ ਤੇ ਉਸ ਦੀ ਨੀਤੀ ਹਥਿਆਰਾਂ ਦੀ ਵਰਤੋਂ ਬਾਰੇ ਕੀ ਕਹਿੰਦੀ ਹੈ

    • ਲੇਖਕ, ਦਿ ਵੀਜ਼ੂਅਲ ਜਰਨਲਿਜ਼ਮ
    • ਰੋਲ, ਬੀਬੀਸੀ ਨਿਊਜ਼

ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਜਦੋਂ ਆਪਣੀਆਂ ਰਿਜ਼ਰਵ ਫੌਜੀਆਂ ਨੂੰ ਤਿਆਰ ਰਹਿਣ ਲਈ ਕਿਹਾ ਅਤੇ ਨਾਲ ਹੀ ਇਹ ਵੀ ਕਿਹਾ ਕਿ ਉਹ ਰੂਸੀ ਸਰਹੱਦਾਂ ਨੂੰ ਬਚਾਉਣ ਲਈ ਹਰ ਤਰੀਕੇ ਨੂੰ ਅਪਣਾਉਣਗੇ, ਤਾਂ ਪੂਰੀ ਦੁਨੀਆਂ ਵਿੱਚ ਫਿਕਰ ਦੀ ਲਹਿਰ ਦੌੜ ਗਈ।

ਪਰ ਮਾਹਿਰਾਂ ਅਨੁਸਾਰ ਪਿਛਲੀਆਂ ਚੇਤਾਵਨੀਆਂ ਵਾਂਗ ਹੀ ਇਹ ਐਲਾਨ ਵੀ ਹੋਰ ਦੇਸਾਂ ਲਈ ਇਸ ਗੱਲ ਦੀ ਚੇਤਾਵਨੀ ਹੈ ਕਿ ਯੂਕਰੇਨ ਵਿੱਚ ਦਖ਼ਲ ਨਾ ਦਿੱਤਾ ਜਾਵੇ।

ਪਰਮਾਣੂ ਹਥਿਆਰ ਨੂੰ ਹੋਂਦ ਨੂੰ ਹੁਣ ਤਕਰੀਬਨ 80 ਸਾਲ ਹੋ ਗਏ ਹਨ। ਕਈ ਦੇਸ ਮੰਨਦੇ ਹਨ ਕਿ ਇਨ੍ਹਾਂ ਹਥਿਆਰਾਂ ਤੋਂ ਬਗੈਰ ਉਨ੍ਹਾਂ ਦੇ ਦੇਸ ਦੀ ਸੁਰੱਖਿਆ ਯਕੀਨੀ ਨਹੀਂ ਬਣਾਈ ਜਾ ਸਕਦੀ ਹੈ।

ਰੂਸ ਕੋਲ ਕਿੰਨੇ ਪਰਮਾਣੂ ਹਥਿਆਰ ਹਨ?

ਪਰਮਾਣੂ ਹਥਿਆਰਾਂ ਦੀ ਅਸਲ ਗਿਣਤੀ ਬਾਰੇ ਸਿਰਫ਼ ਅੰਦਾਜ਼ੇ ਹੀ ਲਗਾਏ ਜਾ ਸਕਦੇ ਹਨ। ਫੈਡਰੇਸ਼ਨ ਆਫ ਅਮਰੀਕੀ ਸਾਈਂਨਟਿਸਟਸ ਮੁਤਾਬਕ ਰੂਸ ਕੋਲ 5,977 ਪਰਮਾਣੂ ਹਥਿਆਰ ਹਨ।

ਇਨ੍ਹਾਂ ਵਿੱਚ 1500 ਅਜਿਹੇ ਹਥਿਆਰ ਹਨ ਜੋ ਕੁਝ ਵਕਤ ਵਿੱਚ ਬੇਕਾਰ ਹੋ ਜਾਣਗੇ।

ਬਾਕੀ ਬਚੇ 4500 ਹਥਿਆਰਾਂ ਵਿੱਚ ਜ਼ਿਆਦਾਤਰ ਕੂਟਨੀਤਿਕ ਪਰਮਾਣੂ ਹਥਿਆਰ ਹਨ ਜਿਵੇਂ, ਬੈਲਿਸਟਿਕ ਮਿਜ਼ਾਈਲਾਂ, ਰੋਕੇਟ ਜਿੰਨ੍ਹਾਂ ਦੀ ਮਾਰ ਦੂਰ ਤੱਕ ਹੁੰਦੀ ਹੈ। ਇਹੀ ਹਥਿਆਰ ਪਰਮਾਣੂ ਜੰਗ ਨਾਲ ਜੋੜ ਕੇ ਵੇਖੇ ਜਾਂਦੇ ਹਨ।

ਬਾਕੀ ਛੋਟੇ ਹਥਿਆਰ ਹਨ ਜਿਨ੍ਹਾਂ ਦੀ ਵਰਤੋਂ ਜ਼ਮੀਨ 'ਤੇ ਜਾਂ ਸਮੁੰਦਰ ਵਿੱਚ ਜੰਗ ਦੌਰਾਨ ਘੱਟ ਦੂਰੀ 'ਤੇ ਮਾਰ ਕਰਨ ਲਈ ਕੀਤੀ ਜਾਂਦੀ ਹੈ।

ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਇਸ ਦਾ ਇਹ ਮਤਲਬ ਨਹੀਂ ਹੈ ਰੂਸ ਕੋਲ ਹਜ਼ਾਰਾਂ ਪਰਮਾਣੂ ਹਥਿਆਰ ਹਮਲੇ ਲਈ ਤਿਆਰ ਹਨ।

ਮਾਹਰ ਮੰਨਦੇ ਹਨ ਕਿ ਰੂਸ ਨੇ ਕਰੀਬ 1500 ਪਰਮਾਣੂ ਹਥਿਆਰ ਫੌਜੀ ਬੇਸਾਂ ਉੱਤੇ ਜਾਂ ਪਣਡੁੱਬੀਆਂ ਉੱਤੇ ਲਗਾਏ ਹੋਏ ਹਨ।

  • ਵਲਾਦੀਮੀਰ ਪੁਤਿਨ ਦਾ ਕਹਿਣਾ ਹੈ ਕਿ ਉਹ ਦੇਸ ਦੀ ਸਰਹੱਦਾਂ ਨੂੰ ਬਚਾਉਣ ਲਈ ਕੁਝ ਵੀ ਕਰਨਗੇ ਨੇ ਦੁਨੀਆਂ ਨੂੰ ਫਿਕਰਾਂ ਵਿੱਚ ਦਿੱਤਾ ਹੈ।
  • ਰੂਸ ਸਣੇ ਕੁੱਲ 9 ਦੇਸਾਂ ਕੋਲ ਦੁਨੀਆਂ ਵਿੱਚ ਪਰਮਾਣੂ ਹਥਿਆਰ ਹਨ।
  • ਰੂਸ ਦੀ ਨੀਤੀ ਪਰਮਾਣੂ ਹਥਿਆਰਾਂ ਦੇ ਇਸਤੇਮਾਲ ਦੀ ਇਜਾਜ਼ਤ ਕੁਝ ਖ਼ਾਸਾ ਹਾਲਾਤ ਵਿੱਚ ਦਿੰਦੀ ਹੈ।
  • ਹਿਰੋਸ਼ੀਮਾ ਉੱਤੇ ਹੋਏ ਪਰਮਾਣੂ ਹਮਲੇ ਤੋਂ ਕਈ ਗੁਣਾ ਮਾਰੂ ਸਮਰੱਥਾ ਵਾਲੇ ਹਥਿਆਰ ਹੁਣ ਦੇਸਾਂ ਕੋਲ ਹਨ।
  • ਇਜ਼ਰਾਇਲ ਇੱਕ ਅਜਿਹਾ ਦੇਸ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਸ ਕੋਲ ਪਰਮਾਣੂ ਹਥਿਆਰ ਹਨ ਭਾਵੇਂ ਉਸ ਨੇ ਖੁੱਲ੍ਹੇ ਤੌਰ 'ਤੇ ਕਦੇ ਨਹੀਂ ਮੰਨਿਆ

ਰੂਸ ਦੂਜੇ ਦੇਸਾਂ ਨਾਲ ਤੁਲਨਾ ਵਿੱਚ ਕਿੱਥੇ ਖੜ੍ਹਾ ਹੈ

ਦੁਨੀਆਂ ਵਿੱਚ 9 ਦੇਸਾਂ ਕੋਲ ਪਰਮਾਣੂ ਹਥਿਆਰ ਹਨ। ਉਹ ਹਨ, ਚੀਨ, ਫਰਾਂਸ, ਭਾਰਤ, ਪਾਕਿਸਤਾਨ, ਉੱਤਰੀ ਕੋਰੀਆ, ਰੂਸ, ਅਮਰੀਕਾ ਅਤੇ ਯੂਕੇ।

ਚੀਨ, ਫਰਾਂਸ, ਰੂਸ, ਅਮਰੀਕਾ ਅਤੇ ਯੂਕੇ ਅਜਿਹੇ 191 ਦੇਸਾਂ ਵਿੱਚੋਂ ਹਨ ਜਿਨ੍ਹਾਂ ਨੇ ਪਰਮਾਣੂ ਅਪ੍ਰਸਾਰ ਸਮਝੌਤਾ ( NPT) ਕੀਤਾ ਹੋਇਆ ਹੈ।

ਇਸ ਸਮਝੌਤੇ ਤਹਿਤ ਇਹ ਦੇਸ ਪਰਮਾਣੂ ਹਥਿਆਰਾਂ ਦੇ ਸਟਾਕ ਨੂੰ ਘੱਟ ਕਰਦੇ ਰਹਿਣਗੇ ਤੇ ਇਨ੍ਹਾਂ ਹਥਿਆਰਾਂ ਦਾ ਪੂਰਾ ਖਾਤਮਾ ਕਰਨ ਲਈ ਵਚਨਬਧ ਹਨ।

ਇਸ ਸਮਝੌਤੇ ਕਰਕੇ ਇਨ੍ਹਾਂ ਦੇਸਾਂ ਨੇ ਪਰਮਾਣੂ ਹਥਿਆਰਾਂ ਦੀ ਗਿਣਤੀ ਨੂੰ 70ਵਿਆਂ ਤੇ 80ਵਿਆਂ ਦੇ ਮੁਕਾਬਲੇ ਘੱਟ ਕੀਤਾ ਹੈ।

ਭਾਰਤ, ਪਾਕਿਸਤਾਨ ਤੇ ਇਜ਼ਰਾਇਲ ਨੇ ਐੱਨਪੀਟੀ ਦਾ ਸਮਝੌਤਾ ਨਹੀਂ ਕੀਤਾ ਹੈ। ਉੱਤਰੀ ਕੋਰੀਆ ਇਸ ਸਮਝੌਤੇ ਤੋਂ 2003 ਵਿੱਚ ਵੱਖ ਹੋ ਗਿਆ ਸੀ।

ਇਜ਼ਰਾਇਲ ਇਨ੍ਹਾਂ ਨੌ ਦੇਸਾਂ ਵਿੱਚੋਂ ਇੱਕ ਅਜਿਹਾ ਦੇਸ ਹੈ ਜਿਸ ਨੇ ਕਦੇ ਵੀ ਖੁੱਲ੍ਹੇ ਤੌਰ ਉੱਤੇ ਨਹੀਂ ਮੰਨਿਆ ਹੈ ਕਿ ਉਸ ਕੋਲ ਪਰਮਾਣੂ ਹਥਿਆਰ ਹਨ।

ਭਾਵੇਂ ਇਹ ਪੂਰੇ ਤਰੀਕੇ ਨਾਲ ਮੰਨਿਆ ਜਾਂਦਾ ਹੈ ਕਿ ਇਜ਼ਰਾਇਲ ਕੋਲ ਪਰਮਾਣੂ ਹਥਿਆਰ ਹਨ।

ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਭਾਵੇਂ ਯੂਕਰੇਨ ਉੱਤੇ ਪਰਮਾਣੂ ਹਥਿਆਰ ਰੱਖਣ ਦੇ ਇਲਜ਼ਾਮ ਲਗਾਏ ਹਨ ਪਰ ਯੂਕਰੇਨ ਕੋਲ ਪਰਮਾਣੂ ਹਥਿਆਰ ਨਹੀਂ ਹਨ।

ਇਸ ਦੇ ਨਾਲ ਹੀ ਇਸ ਦਾ ਵੀ ਕੋਈ ਸਬੂਤ ਨਹੀਂ ਹੈ ਕਿ ਯੂਕਰੇਨ ਨੇ ਪਰਮਾਣੂ ਹਥਿਆਰ ਹਾਸਲ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

ਪਰਮਾਣੂ ਹਥਿਆਰ ਕਿੰਨੀ ਤਬਾਹੀ ਮਚਾ ਸਕਦੇ ਹਨ?

ਪਰਮਾਣੂ ਹਥਿਆਰਾਂ ਨੂੰ ਵੱਧ ਤੋਂ ਵੱਧ ਤਬਾਹੀ ਕਰਨ ਦੇ ਮਕਸਦ ਨਾਲ ਡਿਜ਼ਾਇਨ ਕੀਤਾ ਜਾਂਦਾ ਹੈ।

ਤਬਾਹੀ ਕਿੰਨੀ ਹੋਵੇਗੀ, ਇਹ ਹੇਠ ਲਿਖੀਆਂ ਗੱਲਾਂ ਉੱਤੇ ਨਿਰਭਰ ਕਰਦਾ ਹੈ:

  • ਹਥਿਆਰ ਕਿੰਨਾ ਵੱਡਾ ਹੈ
  • ਧਰਤੀ ਤੋਂ ਕਿੰਨਾ ਉੱਪਰ ਇਹ ਫਟਦਾ ਹੈ
  • ਸਥਾਨਕ ਵਾਤਾਵਰਨ ਕਿਵੇਂ ਦਾ ਹੈ

ਇਹ ਵੀ ਜ਼ਿਕਰਯੋਗ ਹੈ ਕਿ ਛੋਟੇ ਤੋਂ ਛੋਟਾ ਪਰਮਾਣੂ ਹਥਿਆਰ ਵੀ ਜਾਨ-ਮਾਲ ਦੀ ਭਾਰੀ ਤਬਾਹੀ ਕਰਦਾ ਹੈ ਅਤੇ ਜਿਸ ਦਾ ਅਸਰ ਲੰਬੇ ਸਮੇਂ ਤੱਕ ਰਹਿੰਦਾ ਹੈ।

ਦੂਜੀ ਵਿਸ਼ਵ ਜੰਗ ਦੌਰਾਨ ਜਪਾਨ ਦੇ ਹਿਰੋਸ਼ੀਮਾ ਵਿੱਚ ਜਿਸ ਬੰਬ ਨੇ 146,000 ਲੋਕਾਂ ਦੀ ਜਾਨ ਲਈ ਸੀ ਉਹ 15 ਕਿਲੋਟਨ ਦਾ ਸੀ।

ਅੱਜ ਦੇ ਪਰਮਾਣੂ ਹਥਿਆਰ 1000 ਕਿਲੋਟਨ ਤੋਂ ਵੀ ਵੱਧ ਭਾਰ ਦੇ ਹਨ।

ਪਰਮਾਣੂ ਧਮਾਕਾ ਜਿੱਥੇ ਵੀ ਹੁੰਦਾ ਹੈ ਉੱਥੇ ਕਿਸੇ ਦੇ ਬਚਣ ਦੀ ਉਮੀਦ ਬੇਹੱਦ ਘੱਟ ਹੁੰਦੀ ਹੈ।

ਇੱਕ ਜ਼ੋਰਦਾਰ ਬਿਜਲਈ ਚਮਕ ਉੱਠਦੀ ਹੈ, ਇੱਕ ਬਹੁਤ ਹੀ ਵੱਡਾ ਅੱਗ ਦਾ ਗੋਲਾ ਬਣਦਾ ਹੈ ਤੇ ਜ਼ੋਰਦਾਰ ਧਮਾਕਾ ਹੁੰਦੀ ਹੈ।

ਧਮਾਕਾ ਕਈ ਕਿੱਲੋਮੀਟਰ ਦੀ ਹੱਦ ਤੱਕ ਵੱਡੀਆਂ ਇਮਾਰਤਾਂ ਨੂੰ ਤਬਾਹ ਕਰ ਦਿੰਦਾ ਹੈ।

ਵੀਡੀਓ-ਦੇਖੇ ਕਿਹੜੇ ਮੁਲਕ ਕੋਲ ਕਿੰਨੇ ਪਰਮਾਣੂ ਹਥਿਆਰ ਹਨ

'ਪਰਮਾਣੂ ਰੋਕੂ' ਦਾ ਕੀ ਅਰਥ ਹੈ ਅਤੇ ਕੀ ਇਸ ਨੇ ਕੰਮ ਕੀਤਾ ਹੈ?

ਪਰਮਾਣੂ ਹਥਿਆਰਾਂ ਨੂੰ ਵੱਡੀ ਗਿਣਤੀ ਵਿੱਚ ਰੱਖਣ ਦੇ ਹੱਕ ਵਿੱਚ ਕਿਹਾ ਜਾਂਦਾ ਹੈ ਕਿ ਇਹ ਹਥਿਆਰ ਤੁਹਾਡੇ ਦੁਸ਼ਮਣ ਨੂੰ ਪੂਰੇ ਤਰੀਕੇ ਨਾਲ ਖ਼ਤਮ ਕਰ ਦੇਣਗੇ।

ਇਸ ਦੇ ਹਮਲੇ ਦੀ ਮਾਰ ਕਾਰਨ ਦੁਸ਼ਮਣ ਤੁਹਾਡੇ ਉੱਤੇ ਹਮਲਾ ਨਹੀਂ ਕਰ ਸਕਦਾ।

ਭਾਵੇਂ ਹੁਣ ਤੱਕ ਕਈ ਪਰਮਾਣੂ ਪ੍ਰੀਖਣ ਹੋ ਚੁੱਕੇ ਹਨ ਅਤੇ ਲਗਾਤਾਰ ਹਥਿਆਰਾਂ ਦੀ ਸਮਰੱਥਾ ਨੂੰ ਕਈ ਗੁਣਾ ਮਾਰੂ ਬਣਾਇਆ ਜਾ ਚੁੱਕਿਆ ਹੈ।

ਇਸ ਦੇ ਬਾਵਜੂਦ 1945 ਤੋਂ ਬਾਅਦ ਹੁਣ ਤੱਕ ਪਰਮਾਣੂ ਹਥਿਆਰਾਂ ਦਾ ਇਸਤੇਮਾਲ ਕਿਸੇ ਵੀ ਲੜਾਈ ਵਿੱਚ ਨਹੀਂ ਹੋਇਆ ਹੈ।

ਰੂਸ ਦੀ ਨੀਤੀ ਵੀ ਪਰਮਾਣੂ ਹਥਿਆਰਾਂ ਨੂੰ ਹਮਲਾ ਰੋਕਣ ਦੇ ਹਾਲਤ ਵਿੱਚ ਇਸਤੇਮਾਲ ਕਰਨ ਦੀ ਵਕਾਲਤ ਕਰਦੀ ਹੈ।

ਇਸ ਤੋਂ ਇਲਾਵਾ ਉਹ ਹੇਠ ਲਿਖੇ ਇਨ੍ਹਾਂ ਹਾਲਾਤ ਵਿੱਚ ਪਰਮਾਣੂ ਹਥਿਆਰ ਇਸਤੇਮਾਲ ਕਰਨ ਦੀ ਗੱਲ ਕਰਦੀ ਹੈ:

  • ਬੈਲਿਸਟਕ ਮਿਜ਼ਾਇਲ ਜ਼ਰੀਏ ਰੂਸ ਜਾਂ ਉਸ ਦੇ ਸਹਿਯੋਗੀਆਂ ਦੇ ਖੇਤਰ ਵਿੱਚ ਹਮਲਾ ਕਰਨਾ।
  • ਰੂਸ ਅਤੇ ਉਸ ਦੇ ਸਾਥੀਆਂ ਖਿਲਾਫ਼ ਪਰਮਾਣੂ ਹਥਿਆਰਾਂ ਜਾਂ ਹੋਰ ਮਾਰੂ ਹਥਿਆਰਾਂ ਦਾ ਇਸਤੇਮਾਲ ਕਰਨਾ।
  • ਰੂਸੀ ਫੈਡਰੇਸ਼ਨ ਦੇ ਸਰਕਾਰੀ ਜਾਂ ਫੌਜੀ ਬੇਸ ਉੱਤੇ ਹਮਲਾ ਕਰਨਾ ਜਿਸ ਨਾਲ ਰੂਸ ਦੀ ਪਰਮਾਣੂ ਸਮਰੱਥਾ ਪ੍ਰਭਾਵਿਤ ਹੁੰਦੀ ਹੋਵੇ।
  • ਉਦੋਂ ਰਵਾਇਤੀ ਹਥਿਆਰਾਂ ਨਾਲ ਰੂਸੀ ਫੈਡਰੇਸ਼ਨ ਉੱਤੇ ਹਮਲਾ ਕਰਨਾ ਜਦੋਂ ਦੇਸ ਦੀ ਹੋਂਦ ਨੂੰ ਖ਼ਤਰਾ ਹੋਵੇ।

ਰੂਸ ਵੱਲੋਂ ਪਰਮਾਣੂ ਹਮਲੇ ਦੀ ਸੰਭਾਵਨਾ ਬੇਹੱਦ ਘੱਟ ਹੈ

ਗੌਰਡਰ ਕੋਰੇਰਾ, ਸੁਰੱਖਿਆ ਮਾਮਲਿਆਂ ਦੇ ਪੱਤਰਕਾਰ

ਯੂਕਰੇਨ-ਰੂਸ ਦੀ ਜੰਗ ਉੱਤੇ ਪਰਮਾਣੂ ਹਥਿਆਰਾਂ ਦਾ ਪਰਛਾਵਾਂ ਲੜਾਈ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਬਣਿਆ ਹੋਇਆ ਹੈ।

ਵਲਾਦੀਮੀਰ ਪੁਤਿਨ ਨੇ ਅਜਿਹੀ ਗੱਲ ਉਦੋਂ ਕੀਤੀ ਹੈ ਜਦੋਂ ਉਹ ਬੈਕਫੁਟ ਉੱਤੇ ਰਹੇ ਹਨ।

ਇਸ ਤੋਂ ਪਹਿਲਾਂ ਉਨ੍ਹਾਂ ਨੇ ਉਦੋਂ ਵੀ ਇਹ ਗੱਲ ਕੀਤੀ ਸੀ ਜਦੋਂ ਫਰਵਰੀ ਵਿੱਚ ਉਨ੍ਹਾਂ ਦਾ ਯੂਕਰੇਨ ਦੀ ਸਰਕਾਰ ਦਾ ਛੇਤੀ ਨਾਲ ਤਖ਼ਤਾਪਲਟ ਕਰਨ ਦਾ ਪਲਾਨ ਫੇਲ੍ਹ ਹੋ ਗਿਆ ਸੀ।

ਹੁਣ ਜਦੋਂ ਫੌਜੀਆਂ ਨੂੰ ਵਾਪਸ ਬੁਲਾਉਣ ਦੇ ਹਾਲਾਤ ਬਣੇ ਤਾਂ ਉਦੋਂ ਵੀ ਅਜਿਹੀ ਗੱਲ ਕੀਤੀ ਗਈ ਹੈ।

ਪੁਤਿਨ ਦੀ ਉਮੀਦ ਹੁਣ ਇਸੇ ਗੱਲ ਉੱਤੇ ਕਾਇਮ ਹੈ ਕਿ ਇਨ੍ਹਾਂ ਹਥਿਆਰਾਂ ਦੀ ਮਾਰੂ ਸਮਰੱਥਾ ਵਿਰੋਧੀਆਂ ਨੂੰ ਡਰਾ ਸਕੇ।

ਇਸ ਦੇ ਨਾਲ ਹੀ ਵਿਰੋਧੀ ਇਹ ਸੋਚਣ ਨੂੰ ਮਜਬੂਰ ਹੋਣ ਕਿ ਉਹ ਇਸ ਸੰਘਰਸ਼ ਨੂੰ ਕਿੰਨਾ ਅੱਗੇ ਲੈ ਕੇ ਜਾਣਾ ਚਾਹੁੰਦੇ ਹਨ।

ਦੂਜੇ ਪਾਸੇ ਆਪਣੇ ਦੇਸ ਵਿੱਚ ਰੂਸੀ ਜਨਤਾ ਵੀ ਰਿਜ਼ਰਵ ਫੌਜੀਆਂ ਨੂੰ ਤਿਆਰ ਰਹਿਣ ਦੇ ਹੁਕਮ ਅਤੇ ਪੁਤਿਨ ਦੇ ਖੁਦ ਦੇ ਇਸ ਦਾਅਵੇ ਬਾਰੇ ਫਿਕਰਮੰਦ ਹੈ ਕਿ ਨਾਟੋ ਰੂਸ ਨੂੰ ਧਮਕਾ ਰਿਹਾ ਹੈ।

ਪਰਮਾਣੂ ਹਥਿਆਰਾਂ ਬਾਰੇ ਗੱਲ ਕਰਨ ਪਿੱਛੇ ਮਕਸਦ ਇਸ ਵਿਚਾਰ ਨੂੰ ਦ੍ਰਿੜਤਾ ਦੇਣਾ ਹੈ ਕਿ ਇਨ੍ਹਾਂ ਮੁਸ਼ਕਿਲ ਹਾਲਾਤ ਵਿੱਚ ਵੀ ਮੁਲਕ ਖੁਦ ਨੂੰ ਬਚਾਉਣ ਦੇ ਕਾਬਿਲ ਹੈ।

ਰੂਸ ਦੇ ਫੌਜੀ ਕਾਇਦੇ ਕਾਨੂੰਨ ਕਹਿੰਦੇ ਹਨ ਕਿ ਪਰਮਾਣੂ ਹਥਿਆਰਾਂ ਦਾ ਇਸਤੇਮਾਲ ਉਦੋਂ ਹੀ ਕੀਤਾ ਜਾਵੇ ਜਦੋਂ ਰੂਸ ਖ਼ਤਰੇ ਵਿੱਚ ਹੋਵੇ।

ਪੁਤਿਨ ਦੀ ਕੋਸ਼ਿਸ਼ ਹੈ ਕਿ ਉਹ ਇਹ ਦਿਖਾਉਣ ਦੀ ਕੋਸ਼ਿਸ਼ ਕਰਨ ਕਿ ਉਹ ਇਨ੍ਹਾਂ ਹਥਿਆਰਾਂ ਦੇ ਇਸੇਤਮਾਲ ਦੀ ਗੱਲ ਸਿਰਫ਼ ਇਨ੍ਹਾਂ ਹਾਲਾਤ ਵਿੱਚ ਕਰਨ ਦੀ ਗੱਲ ਕਰ ਰਹੇ ਹਨ ਜਦੋਂ ਉਨ੍ਹਾਂ ਦੇ ਕਹੇ ਅਨੁਸਾਰ ਮੁਲਕ ਨੂੰ ਪੱਛਮ ਤੋਂ ਖ਼ਤਰਾ ਹੈ।

ਇਹ ਸਭ ਕੁਝ ਦੱਸਦਾ ਹੈ ਕਿ ਪਰਮਾਣੂ ਹਥਿਆਰਾਂ ਦਾ ਇਸਤੇਮਾਲ ਹਕੀਕਤ ਤੋਂ ਕਾਫੀ ਦੂਰ ਹੈ।

ਭਾਵੇਂ ਹਥਿਆਰਾਂ ਦੀ ਵਰਤੋਂ ਦੀ ਸੰਭਾਵਨਾ ਨੂੰ ਖਾਰਿਜ ਨਹੀਂ ਕੀਤਾ ਜਾ ਸਕਦਾ ਹੈ। ਖਾਸਕਰ ਉਦੋਂ ਜਦੋਂ ਪੁਤਿਨ ਨੂੰ ਲਗ ਰਿਹਾ ਹੈ ਕਿ ਦੇਸ ਦੀ ਸੁਰੱਖਿਆ ਨੂੰ ਖ਼ਤਰਾ ਹੈ।

ਇਸ ਵਿਚਾਲੇ ਪੱਛਮ ਦੇਸ ਰੂਸ ਉੱਤੇ ਕਰੀਬ ਨਾਲ ਨਜ਼ਰ ਰੱਖਣਗੇ ਤੇ ਆਪਣੀ ਨੀਤੀ ਉੱਤੇ ਧਿਆਨ ਦੇਣਗੇ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)